ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਪਰਕਾਸ਼ ਦੀ ਪੋਥੀ 16:14, 16 ਵਿਚ ਜ਼ਿਕਰ ਕੀਤਾ ਗਿਆ ਹਰਮਗਿੱਦੋਨ ਵਿਖੇ ਹੋਣ ਵਾਲਾ ‘ਪਰਮੇਸ਼ੁਰ ਸਰਬ ਸ਼ਕਤੀਮਾਨ ਦਾ ਜੁੱਧ’ ਕੀ ਹੈ ਤੇ ਇਸ ਵਿਚ ਕੌਣ ਜਿੱਤੇਗਾ ਤੇ ਕੌਣ ਹਾਰੇਗਾ?
ਹਰਮਗਿੱਦੋਨ ਦੀ ਇਹ ਵਿਸ਼ਵ-ਵਿਆਪੀ ਲੜਾਈ ਭਵਿੱਖ ਵਿਚ ਹੋਵੇਗੀ। ਇਸ ਵਿਚ ਯਹੋਵਾਹ ਦਾ ਰਾਜਾ ਯਿਸੂ ਮਸੀਹ ਪਰਮੇਸ਼ੁਰ ਦੇ ਸਾਰੇ ਦੁਸ਼ਮਣਾਂ ਨੂੰ ਖ਼ਤਮ ਕਰ ਦੇਵੇਗਾ। ਬਾਈਬਲ ਦੱਸਦੀ ਹੈ ਕਿ ਇਹ ਦੁਸ਼ਮਣ ‘ਸਾਰੇ ਜਗਤ ਦੇ ਰਾਜੇ’ ਹਨ ਅਤੇ ਇਨ੍ਹਾਂ ਨੂੰ ਸ਼ਤਾਨ ਦੇ ਦੂਤ ਪਰਮੇਸ਼ੁਰ ਦੇ ਖ਼ਿਲਾਫ਼ ਲੜਨ ਲਈ ਉਕਸਾਉਣਗੇ। ਸ਼ਤਾਨ ਤੇ ਉਸ ਦੇ ਦੂਤ “ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦੇ ਜੁੱਧ” ਲਈ ‘ਉਸ ਥਾਂ ਓਹਨਾਂ [ਰਾਜਿਆਂ] ਨੂੰ ਇਕੱਠਿਆਂ ਕਰਨਗੇ ਜਿਹੜਾ ਇਬਰਾਨੀ ਭਾਖਿਆ ਵਿੱਚ ਹਰਮਗਿੱਦੋਨ ਕਰਕੇ ਸਦਾਉਂਦਾ ਹੈ।’—ਪਰਕਾਸ਼ ਦੀ ਪੋਥੀ 16:14, 16.
ਇਹ ਯੁੱਧ ਕਿਸੇ ਅਸਲੀ ਜਗ੍ਹਾ ਵਿਚ ਨਹੀਂ ਲੜਿਆ ਜਾਵੇਗਾ। ਸ਼ਬਦ ਹਰਮਗਿੱਦੋਨ ਦਾ ਮਤਲਬ ਹੈ “ਮਗਿੱਦੋ ਦਾ ਪਹਾੜ” ਤੇ ਕੁਝ ਬਾਈਬਲਾਂ ਵਿਚ ਇਸ ਦਾ ਤਰਜਮਾ “ਆਰਮਾਗੇਡਨ” ਕੀਤਾ ਗਿਆ ਹੈ। (ਪਰਕਾਸ਼ ਦੀ ਪੋਥੀ 16:16) ਪਹਿਲੀ ਗੱਲ ਇਹ ਹੈ ਕਿ ਮਗਿੱਦੋ ਨਾਂ ਦਾ ਕੋਈ ਪਹਾੜ ਹੈ ਹੀ ਨਹੀਂ। ਦੂਜੀ ਗੱਲ, “ਧਰਤੀ ਦੇ ਰਾਜੇ ਅਤੇ ਉਨ੍ਹਾਂ ਦੀਆਂ ਫੌਜਾਂ” ਇਕ ਜਗ੍ਹਾ ਇਕੱਠੀਆਂ ਕੀਤੀਆਂ ਹੀ ਨਹੀਂ ਜਾ ਸਕਦੀਆਂ। (ਪਰਕਾਸ਼ ਦੀ ਪੋਥੀ 19:19) ਦਰਅਸਲ ਸ਼ਬਦ “ਥਾਂ” ਉਸ ਸਥਿਤੀ ਨੂੰ ਦਰਸਾਉਂਦਾ ਹੈ ਜਿਸ ਵਿਚ ਸੰਸਾਰ ਦੇ ਰਾਜਨੀਤਿਕ ਹਾਕਮ ਤੇ ਉਨ੍ਹਾਂ ਦੇ ਹਿਮਾਇਤੀ ਮਿਲ ਕੇ ਯਹੋਵਾਹ ਅਤੇ ‘ਸੁਰਗ ਦੀਆਂ ਫੌਜਾਂ’ ਦੇ ਵਿਰੁੱਧ ਲੜਨਗੇ ਜਿਨ੍ਹਾਂ ਦਾ ਸੈਨਾਪਤੀ “ਰਾਜਿਆਂ ਦਾ ਰਾਜਾ ਅਤੇ ਪ੍ਰਭੁਆਂ ਦਾ ਪ੍ਰਭੁ” ਯਿਸੂ ਮਸੀਹ ਹੈ।—ਪਰਕਾਸ਼ ਦੀ ਪੋਥੀ 19:14, 16.
ਇਹ ਗੱਲ ਧਿਆਨ ਦੇਣ ਯੋਗ ਹੈ ਕਿ ਸ਼ਬਦ “ਹਰਮਗਿੱਦੋਨ” ਇਸਰਾਏਲ ਦੇ ਪ੍ਰਾਚੀਨ ਮਗਿੱਦੋ ਨਾਂ ਦੇ ਸ਼ਹਿਰ ਨਾਲ ਸੰਬੰਧ ਰੱਖਦਾ ਹੈ। ਇਹ ਸ਼ਹਿਰ ਕਰਮਲ ਪਰਬਤ ਦੇ ਪੂਰਬ ਵੱਲ ਸਥਿਤ ਸੀ ਅਤੇ ਵਪਾਰੀ ਤੇ ਸੈਨਿਕ ਇਸ ਸ਼ਹਿਰ ਦੇ ਵਿੱਚੋਂ ਹੋ ਕੇ ਲੰਘਦੇ ਸਨ। ਇੱਥੇ ਲੜੇ ਗਏ ਕਈ ਯੁੱਧਾਂ ਵਿਚ ਇਕ ਧਿਰ ਹਮੇਸ਼ਾ ਪੂਰੀ ਤਰ੍ਹਾਂ ਜਿੱਤੀ। ਮਿਸਾਲ ਲਈ, ਇਸਰਾਏਲ ਦੇ ਨਿਆਂਕਾਰ ਬਾਰਾਕ ਨੇ “ਮਗਿੱਦੋ ਦੇ ਪਾਣੀਆਂ ਕੋਲ” ਸੈਨਾਪਤੀ ਸੀਸਰਾ ਦੀ ਸ਼ਕਤੀਸ਼ਾਲੀ ਕਨਾਨੀ ਫ਼ੌਜ ਨੂੰ ਮਾਰ-ਮੁਕਾਇਆ। (ਨਿਆਈਆਂ 4:12-24; 5:19, 20) ਉਸੇ ਇਲਾਕੇ ਤੋਂ ਨਿਆਂਕਾਰ ਗਿਦਾਊਨ ਨੇ ਮਿਦਯਾਨੀ ਫ਼ੌਜ ਨੂੰ ਭਜਾ ਦਿੱਤਾ ਸੀ। (ਨਿਆਈਆਂ 7:1-22) ਬਾਈਬਲ ਮਗਿੱਦੋ ਸ਼ਹਿਰ ਨਾਲ ਪਰਮੇਸ਼ੁਰ ਦੇ ਯੁੱਧ ਦਾ ਸੰਬੰਧ ਜੋੜ ਕੇ ਸਾਨੂੰ ਯਕੀਨ ਦਿਵਾਉਂਦੀ ਹੈ ਕਿ ਪਰਮੇਸ਼ੁਰ ਆਪਣੇ ਪੁੱਤਰ ਦੇ ਜ਼ਰੀਏ ਆਪਣੇ ਸਾਰੇ ਦੁਸ਼ਮਣਾਂ ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰੇਗਾ।
ਇਸ ਦਾ ਕੀ ਨਤੀਜਾ ਨਿਕਲੇਗਾ? ਹਰਮਗਿੱਦੋਨ ਦੇ ਯੁੱਧ ਵਿਚ ਸੰਸਾਰ ਵਿੱਚੋਂ ਭ੍ਰਿਸ਼ਟਾਚਾਰ ਤੇ ਦੁਸ਼ਟਤਾ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ ਜਿਸ ਤੋਂ ਬਾਅਦ ਮਨੁੱਖਜਾਤੀ ਦੇ ਸੁਨਹਿਰੇ ਯੁੱਗ ਦਾ ਆਰੰਭ ਹੋਵੇਗਾ। (ਪਰਕਾਸ਼ ਦੀ ਪੋਥੀ 21:1-4) ਪਰਮੇਸ਼ੁਰ ਦੇ ਰਾਜ ਅਧੀਨ ਧਰਤੀ ਨੂੰ ਬਹੁਤ ਹੀ ਸੋਹਣਾ ਬਣਾ ਦਿੱਤਾ ਜਾਵੇਗਾ ਜਿਸ ਵਿਚ ਧਰਮੀ ਲੋਕ ਸੁੱਖ-ਚੈਨ ਨਾਲ ਸਦਾ ਲਈ ਵੱਸਣਗੇ।—ਜ਼ਬੂਰਾਂ ਦੀ ਪੋਥੀ 37:29.