Skip to content

Skip to table of contents

ਬੱਚਿਆਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

ਬੱਚਿਆਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

ਬੱਚਿਆਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

“ਤੂੰ ਕਦ ਬੱਚਿਆਂ ਵਰਗੀਆਂ ਹਰਕਤਾਂ ਤੋਂ ਬਾਜ਼ ਆਵੇਂਗਾ?” ਜੇ ਕੋਈ ਸਾਨੂੰ ਇਸ ਤਰ੍ਹਾਂ ਕਹੇ, ਤਾਂ ਅਸੀਂ ਸ਼ਾਇਦ ਗੁੱਸਾ ਕਰੀਏ। ਭਾਵੇਂ ਬੱਚੇ ਬਹੁਤ ਪਿਆਰੇ ਲੱਗਦੇ ਹਨ, ਪਰ ਉਨ੍ਹਾਂ ਕੋਲ ਸਿਆਣਿਆਂ ਵਾਂਗ ਜ਼ਿੰਦਗੀ ਦਾ ਇੰਨਾ ਤਜਰਬਾ ਅਤੇ ਇੰਨੀ ਸਮਝ ਨਹੀਂ ਹੁੰਦੀ।—ਅੱਯੂਬ 12:12.

ਫਿਰ ਵੀ ਇਕ ਵਾਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਤੁਸੀਂ ਨਾ ਮੁੜੋ ਅਤੇ ਛੋਟਿਆਂ ਬਾਲਕਾਂ ਵਾਂਙੁ ਨਾ ਬਣੋ ਤਾਂ ਸੁਰਗ ਦੇ ਰਾਜ ਵਿੱਚ ਕਦੀ ਨਾ ਵੜੋਗੇ।” (ਮੱਤੀ 18:3) ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਵੱਡਿਆਂ ਨੂੰ ਬੱਚਿਆਂ ਵਰਗੇ ਗੁਣ ਪੈਦਾ ਕਰਨੇ ਚਾਹੀਦੇ ਹਨ। ਤਾਂ ਫਿਰ, ਬੱਚਿਆਂ ਵਿਚ ਕਿਹੜੇ ਚੰਗੇ ਗੁਣ ਹੁੰਦੇ ਹਨ ਜਿਨ੍ਹਾਂ ਦੀ ਅਸੀਂ ਰੀਸ ਕਰ ਸਕਦੇ ਹਾਂ?

ਬੱਚਿਆਂ ਵਾਂਗ ਨਿਮਰ ਬਣੋ

ਧਿਆਨ ਦਿਓ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਉੱਪਰ ਜ਼ਿਕਰ ਕੀਤੇ ਸ਼ਬਦ ਕਿਉਂ ਕਹੇ ਸਨ। ਲੰਬੇ ਸਫ਼ਰ ਤੋਂ ਬਾਅਦ ਕਫ਼ਰਨਾਹੂਮ ਵਿਚ ਪਹੁੰਚ ਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ: “ਤੁਸੀਂ ਰਾਹ ਵਿੱਚ ਕੀ ਗੱਲਾਂ ਬਾਤਾਂ ਕਰਦੇ ਸਾਓ?” ਸ਼ਰਮ ਦੇ ਮਾਰੇ ਚੇਲਿਆਂ ਨੇ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਉਹ ਆਪਸ ਵਿਚ ਇਸ ਗੱਲ ਤੇ ਝਗੜ ਰਹੇ ਸਨ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਸੀ। ਅਖ਼ੀਰ ਵਿਚ ਉਨ੍ਹਾਂ ਨੇ ਹਿੰਮਤ ਕਰ ਕੇ ਯਿਸੂ ਨੂੰ ਪੁੱਛਿਆ: “ਸੁਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਵੱਡਾ ਕੌਣ ਹੈ?”—ਮਰਕੁਸ 9:33, 34; ਮੱਤੀ 18:1.

ਸ਼ਾਇਦ ਸਾਨੂੰ ਇਹ ਬਹੁਤ ਅਜੀਬ ਲੱਗੇ ਕਿ ਯਿਸੂ ਨਾਲ ਤਿੰਨ ਸਾਲ ਬਿਤਾ ਕੇ ਵੀ ਉਸ ਦੇ ਚੇਲੇ ਇਸ ਗੱਲ ਤੇ ਝਗੜ ਰਹੇ ਸਨ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਸੀ। ਲੇਕਿਨ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਸਭ ਯਹੂਦੀ ਧਰਮ ਵਿਚ ਜੰਮੇ-ਪਲੇ ਸਨ। ਯਹੂਦੀ ਲੋਕ ਉੱਚੀ ਪਦਵੀ ਹਾਸਲ ਕਰਨ ਅਤੇ ਤਾਕਤਵਰ ਬਣਨ ਉੱਤੇ ਬਹੁਤ ਜ਼ੋਰ ਦਿੰਦੇ ਸਨ। ਜ਼ਾਹਰ ਹੈ ਕਿ ਚੇਲਿਆਂ ਦੇ ਇਸ ਪਿਛੋਕੜ ਦਾ ਅਤੇ ਉਨ੍ਹਾਂ ਦੀ ਨਾਮੁਕੰਮਲਤਾ ਦਾ ਉਨ੍ਹਾਂ ਦੀ ਸੋਚਣੀ ਉੱਤੇ ਕਾਫ਼ੀ ਅਸਰ ਸੀ।

ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਬਿਠਾ ਕੇ ਕਿਹਾ: “ਜੇ ਕੋਈ ਪਹਿਲਾ ਹੋਣਾ ਚਾਹੇ ਤਾਂ ਉਹ ਸਭਨਾਂ ਤੋਂ ਪਿੱਛਲਾ ਅਤੇ ਸਭਨਾਂ ਦਾ ਟਹਿਲੂਆ ਹੋਵੇ।” (ਮਰਕੁਸ 9:35) ਇਹ ਸੁਣ ਕੇ ਸ਼ਾਇਦ ਯਿਸੂ ਦੇ ਚੇਲੇ ਹੈਰਾਨ ਹੋਏ ਹੋਣ। ਮਹਾਨਤਾ ਬਾਰੇ ਯਿਸੂ ਦੇ ਵਿਚਾਰ ਯਹੂਦੀ ਲੋਕਾਂ ਦੇ ਖ਼ਿਆਲਾਂ ਤੋਂ ਇਕ ਦਮ ਉਲਟ ਸਨ। ਫਿਰ ਯਿਸੂ ਨੇ ਇਕ ਛੋਟੇ ਬੱਚੇ ਨੂੰ ਆਪਣੇ ਕੋਲ ਸੱਦ ਕੇ ਉਸ ਨੂੰ ਪਿਆਰ ਨਾਲ ਆਪਣੀ ਗੋਦ ਵਿਚ ਬਿਠਾਇਆ ਅਤੇ ਚੇਲਿਆਂ ਨੂੰ ਕਿਹਾ: “ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਤੁਸੀਂ ਨਾ ਮੁੜੋ ਅਤੇ ਛੋਟਿਆਂ ਬਾਲਕਾਂ ਵਾਂਙੁ ਨਾ ਬਣੋ ਤਾਂ ਸੁਰਗ ਦੇ ਰਾਜ ਵਿੱਚ ਕਦੀ ਨਾ ਵੜੋਗੇ। ਉਪਰੰਤ ਜੋ ਕੋਈ ਆਪਣੇ ਆਪ ਨੂੰ ਇਸ ਬਾਲਕ ਵਾਂਙੁ ਛੋਟਾ ਜਾਣੇ ਸੋਈ ਸੁਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਵੱਡਾ ਹੈ।”—ਮੱਤੀ 18:3, 4.

ਯਿਸੂ ਨੇ ਨਿਮਰਤਾ ਦਾ ਕਿੰਨਾ ਵਧੀਆ ਸਬਕ ਸਿਖਾਇਆ! ਜ਼ਰਾ ਕਲਪਨਾ ਕਰੋ, ਯਿਸੂ ਦੇ ਚੇਲੇ ਇਕ ਛੋਟੇ ਜਿਹੇ ਬੱਚੇ ਦੇ ਆਲੇ-ਦੁਆਲੇ ਖੜ੍ਹੇ ਸਨ। ਸਾਰਿਆਂ ਦੀਆਂ ਨਜ਼ਰਾਂ ਬੱਚੇ ਨੂੰ ਟਿਕਟਿਕੀ ਲਾ ਕੇ ਦੇਖਦੀਆਂ ਸਨ। ਉਸ ਮਾਸੂਮ ਬੱਚੇ ਨੂੰ ਉਨ੍ਹਾਂ ਤੇ ਕਿੰਨਾ ਭਰੋਸਾ ਸੀ! ਉਸ ਦੇ ਦਿਲ ਵਿਚ ਕਿਸੇ ਪ੍ਰਤੀ ਖਾਰ ਤੇ ਨਫ਼ਰਤ ਨਹੀਂ ਸੀ! ਉਹ ਨੂੰ ਕਿਸੇ ਗੱਲ ਦਾ ਹੰਕਾਰ ਨਹੀਂ ਸੀ! ਜੀ ਹਾਂ, ਉਹ ਬੱਚਾ ਨਿਮਰਤਾ ਦੀ ਜੀਉਂਦੀ-ਜਾਗਦੀ ਮਿਸਾਲ ਸੀ।

ਯਿਸੂ ਦੀ ਗੱਲ ਬਿਲਕੁਲ ਸਾਫ਼ ਸੀ। ਜੇ ਅਸੀਂ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਹੋਣਾ ਚਾਹੁੰਦੇ ਹਾਂ, ਤਾਂ ਸਾਨੂੰ ਇਕ ਬੱਚੇ ਵਾਂਗ ਨਿਮਰ ਹੋਣ ਦੀ ਲੋੜ ਹੈ। ਯਹੋਵਾਹ ਦੇ ਪਰਿਵਾਰ ਵਿਚ ਘਮੰਡੀ ਇਨਸਾਨਾਂ ਜਾਂ ਮੁਕਾਬਲਾ ਕਰਨ ਵਾਲਿਆਂ ਲਈ ਕੋਈ ਜਗ੍ਹਾ ਨਹੀਂ। (ਗਲਾਤੀਆਂ 5:26) ਦਰਅਸਲ, ਮਨੁੱਖੀ ਇਤਿਹਾਸ ਦੇ ਸ਼ੁਰੂ ਵਿਚ ਅਜਿਹੇ ਔਗੁਣਾਂ ਕਾਰਨ ਸ਼ਤਾਨ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ ਸੀ। ਇਸੇ ਲਈ ਯਹੋਵਾਹ ਇਨ੍ਹਾਂ ਔਗੁਣਾਂ ਤੋਂ ਇੰਨੀ ਨਫ਼ਰਤ ਕਰਦਾ ਹੈ!—ਕਹਾਉਤਾਂ 8:13.

ਸੱਚੇ ਮਸੀਹੀ ਦੂਸਰਿਆਂ ਉੱਤੇ ਹੁਕਮ ਚਲਾਉਣ ਦੀ ਬਜਾਇ ਇਕ-ਦੂਜੇ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੋਈ ਕੰਮ ਚਾਹੇ ਜਿੰਨਾ ਮਰਜ਼ੀ ਮਾਮੂਲੀ ਕਿਉਂ ਨਾ ਹੋਵੇ, ਫਿਰ ਵੀ ਅਸੀਂ ਨਿਮਰਤਾ ਨਾਲ ਦੂਸਰਿਆਂ ਦਾ ਭਲਾ ਕਰਨਾ ਚਾਹੁੰਦੇ ਹਾਂ। ਇਸ ਤਰ੍ਹਾਂ ਨਿਮਰਤਾ ਨਾਲ ਕੀਤੀ ਸੇਵਾ ਦਾ ਮੇਵਾ ਸਾਨੂੰ ਜ਼ਰੂਰ ਮਿਲੇਗਾ। ਯਿਸੂ ਨੇ ਕਿਹਾ ਸੀ: “ਜੋ ਕੋਈ ਮੇਰੇ ਨਾਮ ਕਰਕੇ ਅਜਿਹਿਆਂ ਬਾਲਕਾਂ ਵਿੱਚੋਂ ਇੱਕ ਨੂੰ ਕਬੂਲ ਕਰੇ ਸੋ ਮੈਨੂੰ ਕਬੂਲ ਕਰਦਾ ਹੈ ਅਤੇ ਜੋ ਕੋਈ ਮੈਨੂੰ ਕਬੂਲ ਕਰੇ ਸੋ ਮੈਨੂੰ ਨਹੀਂ ਸਗੋਂ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ।” (ਮਰਕੁਸ 9:37) ਇਕ ਬੱਚੇ ਵਾਂਗ ਦਇਆ ਅਤੇ ਨਿਮਰਤਾ ਵਰਗੇ ਗੁਣ ਪੈਦਾ ਕਰਨ ਨਾਲ ਵਿਸ਼ਵ ਦੇ ਮਾਲਕ ਅਤੇ ਉਸ ਦੇ ਪੁੱਤਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ। (ਯੂਹੰਨਾ 17:20, 21; 1 ਪਤਰਸ 5:5) ਦੂਸਰਿਆਂ ਦਾ ਭਲਾ ਕਰ ਕੇ ਸਾਨੂੰ ਖ਼ੁਸ਼ੀ ਵੀ ਬਹੁਤ ਮਿਲਦੀ ਹੈ। (ਰਸੂਲਾਂ ਦੇ ਕਰਤੱਬ 20:35) ਇਸ ਦੇ ਨਾਲ-ਨਾਲ ਅਸੀਂ ਪਰਮੇਸ਼ੁਰ ਦੇ ਲੋਕਾਂ ਵਿਚ ਸ਼ਾਂਤੀ ਅਤੇ ਏਕਤਾ ਵਧਾਉਣ ਵਿਚ ਯੋਗਦਾਨ ਪਾਉਂਦੇ ਹਾਂ।—ਅਫ਼ਸੀਆਂ 4:1-3.

ਸਿੱਖਣ ਲਈ ਤਿਆਰ ਰਹੋ ਤੇ ਭਰੋਸਾ ਕਰੋ

ਬੱਚਿਆਂ ਤੋਂ ਵੱਡੇ ਇਕ ਹੋਰ ਵੀ ਸਬਕ ਸਿੱਖ ਸਕਦੇ ਹਨ ਜਿਸ ਬਾਰੇ ਯਿਸੂ ਨੇ ਕਿਹਾ: “ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੋ ਕੋਈ ਪਰਮੇਸ਼ੁਰ ਦੇ ਰਾਜ ਨੂੰ ਛੋਟੇ ਬਾਲਕ ਦੀ ਨਿਆਈਂ ਕਬੂਲ ਨਾ ਕਰੇ ਉਹ ਉਸ ਵਿੱਚ ਕਦੇ ਨਾ ਵੜੇਗਾ।” (ਮਰਕੁਸ 10:15) ਹਾਂ, ਬੱਚੇ ਸਿਰਫ਼ ਨਿਮਰ ਹੀ ਨਹੀਂ, ਉਹ ਸਿੱਖਣ ਲਈ ਵੀ ਤਿਆਰ ਹੁੰਦੇ ਹਨ। ਇਕ ਮਾਂ ਦੱਸਦੀ ਹੈ: “ਬੱਚੇ ਬਹੁਤ ਹੀ ਜਲਦੀ ਗੱਲਾਂ ਸਿੱਖ ਲੈਂਦੇ ਹਨ।”

ਤਾਂ ਫਿਰ, ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਹੋਣ ਲਈ ਸਾਨੂੰ ਰਾਜ ਦਾ ਸੰਦੇਸ਼ ਕਬੂਲ ਕਰ ਕੇ ਉਸ ਉੱਤੇ ਚੱਲਣ ਦੀ ਲੋੜ ਹੈ। (1 ਥੱਸਲੁਨੀਕੀਆਂ 2:13) ਨਵਿਆਂ ਜੰਮਿਆਂ ਬੱਚਿਆਂ ਵਾਂਗ ਸਾਨੂੰ ‘ਖਾਲਸ ਦੁੱਧ ਦੀ ਲੋਚ ਕਰਨੀ ਚਾਹੀਦੀ ਹੈ ਭਈ ਅਸੀਂ ਓਸ ਨਾਲ ਮੁਕਤੀ ਲਈ ਵਧਦੇ ਜਾਈਏ।’ (1 ਪਤਰਸ 2:2) ਪਰ ਉਦੋਂ ਕੀ ਜਦੋਂ ਬਾਈਬਲ ਦੀ ਕੋਈ ਸਿੱਖਿਆ ਸਾਨੂੰ ਔਖੀ ਲੱਗੇ? ਬੱਚਿਆਂ ਦੀ ਦੇਖ-ਭਾਲ ਕਰਨ ਵਾਲੀ ਇਕ ਔਰਤ ਦੱਸਦੀ ਹੈ: “ਬੱਚੇ ਬੇਝਿਜਕ ਹੋ ਕੇ ਸਵਾਲ ਪੁੱਛਦੇ ਰਹਿੰਦੇ ਹਨ ਜਿਨ੍ਹਾਂ ਚਿਰ ਉਨ੍ਹਾਂ ਨੂੰ ਜਵਾਬ ਨਹੀਂ ਮਿਲਦੇ।” ਸਾਨੂੰ ਵੀ ਇਸ ਤਰ੍ਹਾਂ ਸਵਾਲ ਪੁੱਛਦੇ ਰਹਿਣਾ ਚਾਹੀਦਾ ਹੈ। ਸਾਨੂੰ ਅਧਿਐਨ ਕਰਦੇ ਰਹਿਣਾ ਚਾਹੀਦਾ ਹੈ। ਤਜਰਬੇਕਾਰ ਮਸੀਹੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਅਤੇ ਯਹੋਵਾਹ ਤੋਂ ਬੁੱਧ ਮੰਗਣੀ ਚਾਹੀਦੀ ਹੈ। (ਯਾਕੂਬ 1:5) ਬਿਨਾਂ ਸ਼ੱਕ, ਯਹੋਵਾਹ ਸਾਡੀ ਪ੍ਰਾਰਥਨਾ ਸੁਣ ਕੇ ਸਾਡੇ ਹਰ ਸਵਾਲ ਦਾ ਜਵਾਬ ਦੇਵੇਗਾ।—ਮੱਤੀ 7:7-11.

ਕੁਝ ਲੋਕ ਸ਼ਾਇਦ ਪੁੱਛਣ: ‘ਕੀ ਨਿਮਰ ਲੋਕਾਂ ਨੂੰ ਆਸਾਨੀ ਨਾਲ ਕੁਰਾਹੇ ਨਹੀਂ ਪਾਇਆ ਜਾ ਸਕਦਾ?’ ਜੇ ਉਨ੍ਹਾਂ ਨੂੰ ਭਰੋਸੇਯੋਗ ਸੋਮੇ ਤੋਂ ਨਿਰਦੇਸ਼ਨ ਮਿਲੇ, ਤਾਂ ਉਹ ਕੁਰਾਹੇ ਨਹੀਂ ਪੈਣਗੇ। ਮਿਸਾਲ ਲਈ, ਬੱਚੇ ਸੁਭਾਵਕ ਤੌਰ ਤੇ ਨਿਰਦੇਸ਼ਨ ਲਈ ਆਪਣੇ ਮਾਪਿਆਂ ਕੋਲ ਜਾਂਦੇ ਹਨ। ਇਕ ਪਿਤਾ ਦਾ ਕਹਿਣਾ ਹੈ: “ਮਾਪੇ ਆਪਣੇ ਬੱਚਿਆਂ ਦੀ ਰਾਖੀ ਕਰ ਕੇ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰ ਕੇ ਦਿਖਾਉਂਦੇ ਹਨ ਕਿ ਬੱਚੇ ਉਨ੍ਹਾਂ ਤੇ ਭਰੋਸਾ ਰੱਖ ਸਕਦੇ ਹਨ।” ਯਕੀਨਨ ਸਾਡੇ ਕੋਲ ਵੀ ਆਪਣੇ ਸਵਰਗੀ ਪਿਤਾ ਯਹੋਵਾਹ ਉੱਤੇ ਭਰੋਸਾ ਰੱਖਣ ਦੇ ਅਜਿਹੇ ਬਹੁਤ ਸਾਰੇ ਕਾਰਨ ਹਨ। (ਯਾਕੂਬ 1:17; 1 ਯੂਹੰਨਾ 4:9, 10) ਯਹੋਵਾਹ ਆਪਣੇ ਬਚਨ ਵਿਚ ਸਾਨੂੰ ਭਰੋਸੇਯੋਗ ਸੇਧ ਦਿੰਦਾ ਹੈ। ਉਸ ਦੀ ਪਵਿੱਤਰ ਆਤਮਾ ਅਤੇ ਸੰਗਠਨ ਤੋਂ ਸਾਨੂੰ ਦਿਲਾਸਾ ਅਤੇ ਮਦਦ ਮਿਲਦੀ ਹੈ। (ਮੱਤੀ 24:45-47; ਯੂਹੰਨਾ 14:26) ਜੇ ਅਸੀਂ ਇਨ੍ਹਾਂ ਪ੍ਰਬੰਧਾਂ ਦਾ ਪੂਰਾ-ਪੂਰਾ ਫ਼ਾਇਦਾ ਉਠਾਈਏ, ਤਾਂ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਰਹੇਗਾ।—ਜ਼ਬੂਰਾਂ ਦੀ ਪੋਥੀ 91:1-16.

ਪਰਮੇਸ਼ੁਰ ਉੱਤੇ ਭਰੋਸਾ ਰੱਖਣ ਨਾਲ ਸਾਨੂੰ ਮਨ ਦੀ ਸ਼ਾਂਤੀ ਵੀ ਮਿਲਦੀ ਹੈ। ਬਾਈਬਲ ਦੇ ਇਕ ਵਿਦਵਾਨ ਨੇ ਕਿਹਾ: “ਜਦ ਅਸੀਂ ਬੱਚੇ ਹੁੰਦੇ ਹਾਂ, ਤਾਂ ਮਾਨੋ ਅਸੀਂ ਇਕ ਲੰਬੇ ਸਫ਼ਰ ਤੇ ਚੱਲ ਰਹੇ ਹੁੰਦੇ ਹਾਂ। ਅਸੀਂ ਨਾ ਹੀ ਇਸ ਸਫ਼ਰ ਦਾ ਕਿਰਾਇਆ ਦੇ ਸਕਦੇ ਹਾਂ ਅਤੇ ਨਾ ਹੀ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਆਪਣੀ ਮੰਜ਼ਲ ਤਕ ਕਿੱਦਾਂ ਪਹੁੰਚਣਾ ਹੈ। ਲੇਕਿਨ ਫਿਰ ਵੀ ਸਾਨੂੰ ਪੂਰਾ ਭਰੋਸਾ ਹੁੰਦਾ ਹੈ ਕਿ ਸਾਡੇ ਮਾਪੇ ਸਾਨੂੰ ਸਹੀ-ਸਲਾਮਤ ਮੰਜ਼ਲ ਤਕ ਪਹੁੰਚਾ ਦੇਣਗੇ।” ਕੀ ਅਸੀਂ ਜ਼ਿੰਦਗੀ ਦਾ ਸਫ਼ਰ ਤੈਅ ਕਰਦੇ ਹੋਏ ਯਹੋਵਾਹ ਉੱਤੇ ਅਜਿਹਾ ਪੱਕਾ ਭਰੋਸਾ ਰੱਖਦੇ ਹਾਂ?—ਯਸਾਯਾਹ 41:10.

ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖਣ ਨਾਲ ਸਾਨੂੰ ਅਜਿਹੇ ਰਵੱਈਏ ਅਤੇ ਚਾਲ-ਚੱਲਣ ਤੋਂ ਦੂਰ ਰਹਿਣ ਵਿਚ ਮਦਦ ਮਿਲਦੀ ਹੈ ਜਿਸ ਕਾਰਨ ਸਾਡੀ ਨਿਹਚਾ ਕਮਜ਼ੋਰ ਹੋ ਸਕਦੀ ਹੈ। ਨਾਲੇ ਸਾਨੂੰ ਯਿਸੂ ਦੇ ਸ਼ਬਦਾਂ ਵਿਚ ਪੱਕਾ ਯਕੀਨ ਹੋ ਜਾਂਦਾ ਹੈ ਕਿ ਸਾਡਾ ਸਵਰਗੀ ਪਿਤਾ ਸਾਡੇ ਕੰਮਾਂ ਨੂੰ ਜਾਣਦਾ ਹੈ ਅਤੇ ਜੇ ਅਸੀਂ ਉਸ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲਾ ਦਰਜਾ ਦੇਈਏ, ਤਾਂ ਉਹ ਸਾਡੀ ਜ਼ਰੂਰ ਦੇਖ-ਭਾਲ ਕਰੇਗਾ। ਇਹ ਗੱਲ ਮੰਨ ਵਿਚ ਰੱਖਦੇ ਹੋਏ ਅਸੀਂ ਧਨ-ਦੌਲਤ ਦਾ ਲਾਲਚ ਨਹੀਂ ਕਰਾਂਗੇ ਅਤੇ ਯਹੋਵਾਹ ਦੀ ਭਗਤੀ ਨੂੰ ਪਹਿਲ ਦੇਵਾਂਗੇ।—ਮੱਤੀ 6:19-34.

“ਬੁਰਿਆਈ ਵਿੱਚ ਨਿਆਣੇ ਬਣੋ”

ਬੱਚੇ ਭਾਵੇਂ ਨਾਮੁਕੰਮਲ ਹੁੰਦੇ ਹਨ, ਫਿਰ ਵੀ ਉਨ੍ਹਾਂ ਦਾ ਦਿਲ ਅਤੇ ਮਨ ਸਾਫ਼ ਹੁੰਦਾ ਹੈ। ਇਸ ਲਈ ਬਾਈਬਲ ਮਸੀਹੀਆਂ ਨੂੰ ਤਾਕੀਦ ਕਰਦੀ ਹੈ: “ਬੁਰਿਆਈ ਵਿੱਚ ਨਿਆਣੇ ਬਣੋ।”—1 ਕੁਰਿੰਥੀਆਂ 14:20.

ਪੰਜ ਸਾਲਾਂ ਦੀ ਮੋਨੀਕ ਦੀ ਉਦਾਹਰਣ ਤੇ ਗੌਰ ਕਰੋ। ਮੋਨੀਕ ਨੇ ਆਪਣੀ ਮਾਂ ਨੂੰ ਕਿਹਾ: “ਮੇਰੀ ਨਵੀਂ ਸਹੇਲੀ ਸੇਰਾਹ ਦੇ ਵਾਲ ਵੀ ਮੇਰੇ ਵਾਂਗ ਕੁੰਡਲ ਹਨ।” ਮੋਨੀਕ ਨੇ ਇਸ ਗੱਲ ਦਾ ਜ਼ਿਕਰ ਤਕ ਨਹੀਂ ਕੀਤਾ ਕਿ ਸੇਰਾਹ ਦਾ ਰੰਗ-ਰੂਪ ਅਤੇ ਜਾਤ-ਪਾਤ ਉਸ ਤੋਂ ਵੱਖਰੀ ਸੀ। ਇਕ ਮਾਂ ਦੱਸਦੀ ਹੈ: “ਬੱਚੇ ਕਾਲੇ-ਗੋਰੇ ਦਾ ਭੇਦ ਨਹੀਂ ਕਰਦੇ। ਉਹ ਜਾਤ-ਪਾਤ ਦਾ ਫ਼ਰਕ ਨਹੀਂ ਕਰਦੇ।” ਇਸ ਮਾਮਲੇ ਵਿਚ ਬੱਚੇ ਵਧੀਆ ਤਰੀਕੇ ਨਾਲ ਸਾਡੇ ਨਿਰਪੱਖ ਪਰਮੇਸ਼ੁਰ ਦੀ ਰੀਸ ਕਰਦੇ ਹਨ ਜੋ ਸਾਰੀਆਂ ਕੌਮਾਂ ਦੇ ਲੋਕਾਂ ਨਾਲ ਪਿਆਰ ਕਰਦਾ ਹੈ।—ਰਸੂਲਾਂ ਦੇ ਕਰਤੱਬ 10:34, 35.

ਬੱਚੇ ਇਕ-ਦੂਜੇ ਨੂੰ ਮਾਫ਼ ਕਰਨ ਲਈ ਵੀ ਤਿਆਰ ਹੁੰਦੇ ਹਨ। ਇਕ ਪਿਤਾ ਦੱਸਦਾ ਹੈ: “ਜਦ ਸਾਡੇ ਲੜਕੇ ਜੈਕ ਅਤੇ ਲੇਵੀ ਆਪਸ ਵਿਚ ਲੜ ਪੈਂਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਇਕ-ਦੂਜੇ ਤੋਂ ਮਾਫ਼ੀ ਮੰਗਣ ਲਈ ਕਹਿੰਦੇ ਹਾਂ। ਉਹ ਮੂੰਹ ਵੱਟ ਕੇ ਬੈਠੇ ਨਹੀਂ ਰਹਿੰਦੇ, ਸਗੋਂ ਝੱਟ ਹੀ ਸੁਲ੍ਹਾ ਕਰ ਕੇ ਫਿਰ ਤੋਂ ਪਿਆਰ ਨਾਲ ਖੇਡਣ ਲੱਗ ਪੈਂਦੇ ਹਨ। ਬੱਚੇ ਪੁਰਾਣੀਆਂ ਗੱਲਾਂ ਨੂੰ ਲੈ ਕੇ ਬੈਠੇ ਨਹੀਂ ਰਹਿੰਦੇ ਤੇ ਨਾ ਹੀ ਉਹ ਮਾਫ਼ ਕਰਨ ਤੋਂ ਪਹਿਲਾਂ ਆਪਣੀਆਂ ਸ਼ਰਤਾਂ ਮੰਨਵਾਉਂਦੇ ਹਨ। ਉਹ ਸਭ ਕੁਝ ਭੁੱਲ ਕੇ ਫਿਰ ਤੋਂ ਦੋਸਤ ਬਣ ਜਾਂਦੇ ਹਨ।” ਵੱਡਿਆਂ ਲਈ ਕਿੰਨੀ ਵਧੀਆ ਉਦਾਹਰਣ!—ਕੁਲੁੱਸੀਆਂ 3:13.

ਇਸ ਤੋਂ ਇਲਾਵਾ, ਬੱਚੇ ਆਸਾਨੀ ਨਾਲ ਮੰਨ ਜਾਂਦੇ ਹਨ ਕਿ ਰੱਬ ਹੈ। (ਇਬਰਾਨੀਆਂ 11:6) ਉਹ ਬੜੀ ਦਲੇਰੀ ਨਾਲ ਲੋਕਾਂ ਨੂੰ ਯਹੋਵਾਹ ਬਾਰੇ ਗਵਾਹੀ ਦਿੰਦੇ ਹਨ। (2 ਰਾਜਿਆਂ 5:2, 3) ਬੱਚਿਆਂ ਦੀਆਂ ਸਾਧਾਰਣ ਜਿਹੇ ਸ਼ਬਦਾਂ ਵਿਚ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਲੋਕਾਂ ਦੇ ਪੱਥਰ ਦਿਲਾਂ ਨੂੰ ਵੀ ਮੋਮ ਵਾਂਗ ਪਿਘਲਾ ਦਿੰਦੀਆਂ ਹਨ। ਉਹ ਪਰਤਾਵਿਆਂ ਦਾ ਬੜੀ ਹਿੰਮਤ ਨਾਲ ਸਾਮ੍ਹਣਾ ਕਰਦੇ ਹਨ। ਬੱਚੇ ਵਾਕਈ ਅਨਮੋਲ ਹਨ!—ਜ਼ਬੂਰਾਂ ਦੀ ਪੋਥੀ 127:3, 4.

ਬੱਚਿਆਂ ਵਰਗੇ ਸੋਹਣੇ ਗੁਣ ਪੈਦਾ ਕਰੋ

ਤੁਸੀਂ ਸ਼ਾਇਦ ਪੁੱਛੋ: ‘ਕੀ ਵੱਡੇ ਵਾਕਈ ਆਪਣੇ ਵਿਚ ਬੱਚਿਆਂ ਵਰਗੇ ਸੋਹਣੇ ਗੁਣ ਪੈਦਾ ਕਰ ਸਕਦੇ ਹਨ?’ ਜਦ ਯਿਸੂ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਤੁਸੀਂ ‘ਛੋਟਿਆਂ ਬਾਲਕਾਂ ਵਾਂਙੁ ਬਣੋ,’ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਜ਼ਰੂਰ ਉਨ੍ਹਾਂ ਦੀ ਰੀਸ ਕਰ ਸਕਦੇ ਹਾਂ।—ਮੱਤੀ 18:3.

ਮਿਸਾਲ ਲਈ, ਚਿੱਤਰਕਾਰਾਂ ਦੀ ਇਕ ਟੀਮ ਇਕ ਪੁਰਾਣੀ ਕੀਮਤੀ ਤਸਵੀਰ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਹ ਹੌਲੀ-ਹੌਲੀ ਤਸਵੀਰ ਉੱਤੇ ਜੰਮੀ ਹੋਈ ਧੂੜ-ਮਿੱਟੀ ਸਾਫ਼ ਕਰਦੇ ਹਨ। ਚਿੱਤਰਕਾਰਾਂ ਦੇ ਧੀਰਜ ਨਾਲ ਜਤਨ ਕਰਨ ਤੋਂ ਬਾਅਦ ਇਕ ਬਹੁਤ ਹੀ ਸੁੰਦਰ ਤੇ ਰੰਗਦਾਰ ਤਸਵੀਰ ਉੱਭਰ ਕੇ ਸਾਮ੍ਹਣੇ ਆਉਂਦੀ ਹੈ। ਇਸੇ ਤਰ੍ਹਾਂ, ਜੇ ਅਸੀਂ ਧੀਰਜ ਨਾਲ ਕੋਸ਼ਿਸ਼ ਕਰਦੇ ਰਹੀਏ, ਤਾਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਅਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਦੀ ਮਦਦ ਨਾਲ ਅਸੀਂ ਵੀ ਆਪਣੇ ਵਿਚ ਬੱਚਿਆਂ ਵਰਗੇ ਸੋਹਣੇ ਗੁਣ ਪੈਦਾ ਕਰ ਸਕਾਂਗੇ ਜੋ ਦੂਜਿਆਂ ਨੂੰ ਸਾਫ਼ ਨਜ਼ਰ ਆਉਣਗੇ।—ਅਫ਼ਸੀਆਂ 5:1.

[ਸਫ਼ਾ 9 ਉੱਤੇ ਤਸਵੀਰ]

ਬੱਚੇ ਕੁਦਰਤੀ ਤੌਰ ਤੇ ਨਿਮਰ ਹੁੰਦੇ ਹਨ

[ਸਫ਼ਾ 10 ਉੱਤੇ ਤਸਵੀਰ]

ਬੱਚੇ ਜਾਤ-ਪਾਤ ਦਾ ਫ਼ਰਕ ਨਹੀਂ ਕਰਦੇ ਅਤੇ ਉਹ ਜਲਦੀ ਦੂਸਰਿਆਂ ਨੂੰ ਦਿਲੋਂ ਮਾਫ਼ ਕਰ ਦਿੰਦੇ ਹਨ