Skip to content

Skip to table of contents

ਯਹੋਵਾਹ ਦਾ ਸ਼ੁਕਰ ਕਰਦੇ ਰਹੋ

ਯਹੋਵਾਹ ਦਾ ਸ਼ੁਕਰ ਕਰਦੇ ਰਹੋ

ਯਹੋਵਾਹ ਦਾ ਸ਼ੁਕਰ ਕਰਦੇ ਰਹੋ

“ਹੇ ਪਰਮੇਸ਼ੁਰ, ਤੇਰੇ ਵਿਚਾਰ ਮੇਰੇ ਲਈ ਕੇਡੇ ਬਹੁਮੁੱਲੇ ਹਨ, ਉਨ੍ਹਾਂ ਦਾ ਜੋੜ ਕੇਡਾ ਵੱਡਾ ਹੈ!”—ਜ਼ਬੂਰਾਂ ਦੀ ਪੋਥੀ 139:17.

1, 2. ਸਾਨੂੰ ਪਰਮੇਸ਼ੁਰ ਦਾ ਬਚਨ ਕਿਉਂ ਪੜ੍ਹਨਾ ਚਾਹੀਦਾ ਹੈ ਤੇ ਦਾਊਦ ਨੇ ਇਸ ਬਾਰੇ ਕੀ ਕਿਹਾ ਸੀ?

ਜਦ ਯਰੂਸ਼ਲਮ ਵਿਚ ਯਹੋਵਾਹ ਦੀ ਹੈਕਲ ਦੀ ਮੁਰੰਮਤ ਕੀਤੀ ਜਾ ਰਹੀ ਸੀ, ਤਾਂ ਪ੍ਰਧਾਨ ਜਾਜਕ ਹਿਲਕੀਯਾਹ ਨੂੰ “ਯਹੋਵਾਹ ਦੀ ਬਿਵਸਥਾ ਦੀ ਪੋਥੀ” ਲੱਭੀ “ਜਿਹੜੀ ਮੂਸਾ ਦੇ ਰਾਹੀਂ ਦਿੱਤੀ ਗਈ ਸੀ।” ਇਹ ਸ਼ਾਇਦ ਉਹੀ ਪੋਥੀ ਸੀ ਜੋ 800 ਸਾਲ ਪਹਿਲਾਂ ਮੂਸਾ ਨੇ ਆਪ ਲਿਖੀ ਸੀ! ਇਹ ਵਾਕਈ ਇਕ ਅਨਮੋਲ ਖ਼ਜ਼ਾਨਾ ਸੀ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਰੱਬ ਦਾ ਭੈ ਰੱਖਣ ਵਾਲੇ ਪਾਤਸ਼ਾਹ ਯੋਸੀਯਾਹ ਨੂੰ ਕਿੱਦਾਂ ਲੱਗਾ ਹੋਣਾ ਜਦ ਉਹ ਪੋਥੀ ਉਸ ਨੂੰ ਦਿਖਾਈ ਗਈ? ਉਸ ਨੂੰ ਇੰਨੀ ਖ਼ੁਸ਼ੀ ਹੋਈ ਕਿ ਉਸ ਨੇ ਸ਼ਾਫ਼ਾਨ ਲਿਖਾਰੀ ਨੂੰ ਉਸੇ ਵਕਤ ਇਹ ਪੋਥੀ ਪੜ੍ਹ ਕੇ ਸੁਣਾਉਣ ਲਈ ਕਿਹਾ।—2 ਇਤਹਾਸ 34:14-18.

2 ਅੱਜ ਤਕਰੀਬਨ ਸਾਰੇ ਲੋਕ ਆਪਣੀ ਭਾਸ਼ਾ ਵਿਚ ਪਰਮੇਸ਼ੁਰ ਦਾ ਬਚਨ ਪੜ੍ਹ ਸਕਦੇ ਹਨ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਇਸ ਦੀ ਅਹਿਮੀਅਤ ਘੱਟ ਗਈ ਹੈ? ਬਿਲਕੁਲ ਨਹੀਂ! ਜ਼ਰਾ ਸੋਚੋ ਕਿ ਇਸ ਵਿਚ ਅਸੀਂ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਵਿਚਾਰ ਪੜ੍ਹ ਸਕਦੇ ਹਾਂ ਜੋ ਸਾਡੇ ਫ਼ਾਇਦੇ ਲਈ ਲਿਖੇ ਗਏ ਹਨ। (2 ਤਿਮੋਥਿਉਸ 3:16) ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਦੱਸਿਆ ਕਿ ਉਹ ਪਰਮੇਸ਼ੁਰ ਦੇ ਬਚਨ ਬਾਰੇ ਕਿਵੇਂ ਮਹਿਸੂਸ ਕਰਦਾ ਸੀ: “ਹੇ ਪਰਮੇਸ਼ੁਰ, ਤੇਰੇ ਵਿਚਾਰ ਮੇਰੇ ਲਈ ਕੇਡੇ ਬਹੁਮੁੱਲੇ ਹਨ, ਉਨ੍ਹਾਂ ਦਾ ਜੋੜ ਕੇਡਾ ਵੱਡਾ ਹੈ!”—ਜ਼ਬੂਰਾਂ ਦੀ ਪੋਥੀ 139:17.

3. ਸਾਨੂੰ ਕਿਵੇਂ ਪਤਾ ਹੈ ਕਿ ਦਾਊਦ ਯਹੋਵਾਹ ਦੇ ਪ੍ਰਬੰਧਾਂ ਦੀ ਕਦਰ ਕਰਦਾ ਸੀ?

3 ਦਾਊਦ ਦੇ ਦਿਲ ਵਿਚ ਯਹੋਵਾਹ, ਉਸ ਦੇ ਬਚਨ ਅਤੇ ਉਸ ਦੀ ਭਗਤੀ ਕਰਨ ਦੇ ਪ੍ਰਬੰਧ ਲਈ ਬਹੁਤ ਸ਼ਰਧਾ ਸੀ। ਉਸ ਦੁਆਰਾ ਲਿਖੇ ਕਈ ਜ਼ਬੂਰਾਂ ਤੋਂ ਪਤਾ ਲੱਗਦਾ ਹੈ ਕਿ ਉਹ ਇਨ੍ਹਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ। ਮਿਸਾਲ ਲਈ, ਜ਼ਬੂਰ 27:4 ਵਿਚ ਉਸ ਨੇ ਲਿਖਿਆ: “ਮੈਂ ਯਹੋਵਾਹ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਭਾਲਾਂਗਾ, ਕਿ ਮੈਂ ਜੀਉਣ ਭਰ ਯਹੋਵਾਹ ਦੇ ਘਰ ਵੱਸਾਂ, ਤਾਂ ਜੋ ਮੈਂ ਯਹੋਵਾਹ ਦੀ ਮਨੋਹਰਤਾ ਨੂੰ ਤੱਕਾਂ, ਅਤੇ ਉਹ ਦੀ ਹੈਕਲ ਵਿੱਚ ਧਿਆਨ ਕਰਾਂ।” ਇਬਰਾਨੀ ਭਾਸ਼ਾ ਵਿਚ “ਧਿਆਨ ਕਰਾਂ” ਦਾ ਮਤਲਬ ਹੈ ਕਿਸੇ ਚੀਜ਼ ਦੀ ਕਦਰ ਕਰਨੀ, ਉਸ ਉੱਤੇ ਸੋਚ-ਵਿਚਾਰ ਕਰਨਾ, ਉਸ ਨੂੰ ਦੇਖ ਕੇ ਖ਼ੁਸ਼ ਹੋਣਾ ਅਤੇ ਉਸ ਦੀ ਤਾਰੀਫ਼ ਕਰਨੀ। ਦਾਊਦ ਯਹੋਵਾਹ ਲਈ ਬਹੁਤ ਸ਼ਰਧਾ ਰੱਖਦਾ ਸੀ ਤੇ ਉਹ ਉਸ ਦੇ ਪ੍ਰਬੰਧਾਂ ਦੀ ਬਹੁਤ ਕਦਰ ਕਰਦਾ ਸੀ। ਇਸੇ ਲਈ ਪਰਮੇਸ਼ੁਰ ਦੀਆਂ ਗੱਲਾਂ ਬਾਰੇ ਸਿੱਖ ਕੇ ਉਹ ਬਹੁਤ ਖ਼ੁਸ਼ ਹੁੰਦਾ ਸੀ। ਸਾਨੂੰ ਵੀ ਉਸ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ।—ਜ਼ਬੂਰਾਂ ਦੀ ਪੋਥੀ 19:7-11.

ਬਾਈਬਲ ਦੇ ਗਿਆਨ ਲਈ ਸ਼ੁਕਰਗੁਜ਼ਾਰ

4. ਯਿਸੂ ਕਿਸ ਗੱਲ ਕਰਕੇ “ਪਵਿੱਤ੍ਰ ਆਤਮਾ ਵਿੱਚ ਬਹੁਤ ਮਗਨ” ਹੋਇਆ ਸੀ?

4 ਪਰਮੇਸ਼ੁਰ ਦੇ ਬਚਨ ਨੂੰ ਸਮਝਣ ਦੀ ਯੋਗਤਾ ਸਾਡੀ ਅਕਲ ਜਾਂ ਦੁਨਿਆਵੀ ਵਿਦਿਆ ਉੱਤੇ ਨਿਰਭਰ ਨਹੀਂ ਕਰਦੀ ਹੈ, ਜੋ ਚੀਜ਼ਾਂ ਸਾਡੇ ਵਿਚ ਹੰਕਾਰ ਪੈਦਾ ਕਰ ਸਕਦੀਆਂ ਹਨ। ਇਸ ਦੀ ਬਜਾਇ ਯਹੋਵਾਹ ਆਪ ਉਨ੍ਹਾਂ ਨਿਮਰ ਤੇ ਨੇਕਦਿਲ ਲੋਕਾਂ ਨੂੰ ਗਿਆਨ ਬਖ਼ਸ਼ਦਾ ਹੈ ਜਿਹੜੇ “ਆਪਣੀ ਆਤਮਕ ਲੋੜ ਨੂੰ ਜਾਣਦੇ ਹਨ।” (ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ; 1 ਯੂਹੰਨਾ 5:20) ਜਦ ਯਿਸੂ ਨੇ ਇਸ ਗੱਲ ਉੱਤੇ ਵਿਚਾਰ ਕੀਤਾ ਕਿ ਕਈ ਭੁੱਲਣਹਾਰ ਇਨਸਾਨਾਂ ਦੇ ਨਾਂ ਸਵਰਗ ਵਿਚ ਲਿਖੇ ਹੋਏ ਹਨ, ਤਾਂ “ਉਹ ਪਵਿੱਤ੍ਰ ਆਤਮਾ ਵਿੱਚ ਬਹੁਤ ਮਗਨ ਹੋ ਕੇ ਬੋਲਿਆ, ਹੇ ਪਿਤਾ, ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰਾ ਧੰਨਵਾਦ ਕਰਦਾ ਹਾਂ ਜੋ ਤੈਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਲੁਕਾਇਆ ਅਰ ਉਨ੍ਹਾਂ ਨੂੰ ਇਆਣਿਆਂ ਉੱਤੇ ਪਰਗਟ ਕੀਤਾ।”—ਲੂਕਾ 10:17-21.

5. ਯਿਸੂ ਦੇ ਚੇਲਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸੱਚਾਈਆਂ ਦੀ ਕਦਰ ਕਿਉਂ ਕਰਨੀ ਚਾਹੀਦੀ ਸੀ?

5 ਉੱਪਰ ਦੱਸੀ ਪ੍ਰਾਰਥਨਾ ਕਰਨ ਤੋਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਵੱਲ ਮੁੜ ਕੇ ਕਿਹਾ: “ਧੰਨ ਓਹ ਅੱਖੀਆਂ ਜਿਹੜੀਆਂ ਇਹ ਵੇਖਦੀਆਂ ਹਨ ਜੋ ਤੁਸੀਂ ਵੇਖਦੇ ਹੋ। ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਬਹੁਤਿਆਂ ਨਬੀਆਂ ਅਤੇ ਪਾਤਸ਼ਾਹਾਂ ਨੇ ਚਾਹ ਕੀਤੀ ਭਈ ਜੋ ਕੁਝ ਤੁਸੀਂ ਵੇਖਦੇ ਹੋ ਸੋ ਵੇਖਣ ਪਰ ਨਾ ਵੇਖਿਆ ਅਤੇ ਜੋ ਕੁਝ ਤੁਸੀਂ ਸੁਣਦੇ ਹੋ ਸੋ ਸੁਣਨ ਪਰ ਨਾ ਸੁਣਿਆ।” ਜੀ ਹਾਂ, ਯਿਸੂ ਨੇ ਆਪਣੇ ਵਫ਼ਾਦਾਰ ਚੇਲਿਆਂ ਨੂੰ ਇਹ ਤਾਕੀਦ ਕੀਤੀ ਕਿ ਉਹ ਪਰਮੇਸ਼ੁਰ ਦੇ ਰਾਜ ਸੰਬੰਧੀ ਇਨ੍ਹਾਂ ਬਹੁਮੁੱਲੀਆਂ ਗੱਲਾਂ ਦੀ ਹਮੇਸ਼ਾ ਕਦਰ ਕਰਦੇ ਰਹਿਣ। ਇਹ ਸੱਚਾਈਆਂ ਪਰਮੇਸ਼ੁਰ ਦੇ ਪੁਰਾਣੇ ਜ਼ਮਾਨੇ ਦੇ ਸੇਵਕਾਂ ਨੂੰ ਨਹੀਂ ਦੱਸੀਆਂ ਗਈਆਂ ਸਨ ਅਤੇ ਇਹ ਯਿਸੂ ਦੇ ਜ਼ਮਾਨੇ ਦੇ “ਗਿਆਨੀਆਂ ਅਤੇ ਬੁੱਧਵਾਨਾਂ” ਤੋਂ ਵੀ ਗੁਪਤ ਰੱਖੀਆਂ ਗਈਆਂ ਸਨ!—ਲੂਕਾ 10:23, 24.

6, 7. (ੳ) ਅੱਜ ਸਾਡੇ ਕੋਲ ਸ਼ੁਕਰਗੁਜ਼ਾਰ ਹੋਣ ਦੇ ਕਿਹੜੇ ਕਾਰਨ ਹਨ? (ਅ) ਯਹੋਵਾਹ ਦੇ ਭਗਤਾਂ ਅਤੇ ਹੋਰਨਾਂ ਧਰਮਾਂ ਦੇ ਲੋਕਾਂ ਵਿਚ ਕਿਹੜਾ ਫ਼ਰਕ ਦੇਖਿਆ ਜਾ ਸਕਦਾ ਹੈ?

6 ਅੱਜ ਸਾਡੇ ਕੋਲ ਸ਼ੁਕਰਗੁਜ਼ਾਰ ਹੋਣ ਦੇ ਹੋਰ ਜ਼ਿਆਦਾ ਕਾਰਨ ਹਨ ਕਿਉਂਕਿ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਆਪਣੇ ਬਚਨ ਦੀ ਹੋਰ ਡੂੰਘੀ ਸਮਝ ਬਖ਼ਸ਼ੀ ਹੈ। (ਮੱਤੀ 24:45; ਦਾਨੀਏਲ 12:10) ਅੰਤ ਦੇ ਸਮੇਂ ਬਾਰੇ ਦਾਨੀਏਲ ਨਬੀ ਨੇ ਲਿਖਿਆ: “ਬਥੇਰੇ ਏੱਧਰ ਉੱਧਰ ਭੱਜਣਗੇ ਅਤੇ ਵਿੱਦਿਆ ਵਧੇਗੀ।” (ਦਾਨੀਏਲ 12:4) ਜੀ ਹਾਂ, ਅੱਜ ਪਰਮੇਸ਼ੁਰ ਦੇ ਸੇਵਕਾਂ ਨੂੰ ਰੂਹਾਨੀ ਖ਼ੁਰਾਕ ਦੀ ਕੋਈ ਕਮੀ ਨਹੀਂ ਹੈ ਅਤੇ ਉਹ ਬਾਈਬਲ ਦੀਆਂ ਡੂੰਘੀਆਂ ਗੱਲਾਂ ਸਮਝ ਰਹੇ ਹਨ।

7 ਪਰਮੇਸ਼ੁਰ ਦੇ ਲੋਕਾਂ ਅਤੇ ਹੋਰਨਾਂ ਧਰਮਾਂ ਦੇ ਲੋਕਾਂ ਦੀ ਹਾਲਤ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ! ਕਿਉਂ? ਯਹੋਵਾਹ ਦੇ ਭਗਤ ਬਾਈਬਲ ਦੀ ਸੱਚਾਈ ਜਾਣਨ ਦੇ ਕਾਰਨ ਖ਼ੁਸ਼ਹਾਲ ਹਨ, ਪਰ ਬਾਕੀ ਦੇ ਲੋਕ ਵੱਡੀ ਬਾਬੁਲ ਦੀਆਂ ਸਿੱਖਿਆਵਾਂ ਕਾਰਨ ਉਲਝਣ ਵਿਚ ਪਏ ਹਨ। ਨਤੀਜੇ ਵਜੋਂ ਕਈ ਨੇਕਦਿਲ ਲੋਕ ਧਰਮ ਦੇ ਨਾਂ ਤੇ ਕੀਤੇ ਜਾ ਰਹੇ ਘਿਣਾਉਣੇ ਕੰਮਾਂ ਤੋਂ ਮੂੰਹ ਮੋੜ ਕੇ ਯਹੋਵਾਹ ਦੀ ਭਗਤੀ ਕਰਨ ਲੱਗ ਪਏ ਹਨ। ਇਹ ਲੋਕ ਵੱਡੀ ਬਾਬੁਲ “ਦਿਆਂ ਪਾਪਾਂ ਦੇ ਭਾਗੀ” ਨਹੀਂ ਬਣਨਾ ਚਾਹੁੰਦੇ ਤੇ ਨਾ ਹੀ “ਉਹ ਦੀਆਂ ਬਵਾਂ ਵਿੱਚ ਸਾਂਝੀ” ਹੋਣਾ ਚਾਹੁੰਦੇ ਹਨ। ਯਹੋਵਾਹ ਅਤੇ ਉਸ ਦੇ ਭਗਤ ਅਜਿਹੇ ਨੇਕਦਿਲ ਲੋਕਾਂ ਨੂੰ ਮਸੀਹੀ ਕਲੀਸਿਯਾ ਵਿਚ ਆਉਣ ਦਾ ਸੱਦਾ ਦੇ ਰਹੇ ਹਨ।—ਪਰਕਾਸ਼ ਦੀ ਪੋਥੀ 18:2-4; 22:17.

ਸ਼ੁਕਰਗੁਜ਼ਾਰ ਲੋਕ ਪਰਮੇਸ਼ੁਰ ਵੱਲ ਮੁੜ ਰਹੇ ਹਨ

8, 9. ਹੱਜਈ 2:7 ਦੀ ਭਵਿੱਖਬਾਣੀ ਅੱਜ ਕਿਵੇਂ ਪੂਰੀ ਹੋ ਰਹੀ ਹੈ?

8 ਯਹੋਵਾਹ ਨੇ ਆਪਣੀ ਰੂਹਾਨੀ ਹੈਕਲ ਬਾਰੇ ਭਵਿੱਖਬਾਣੀ ਕੀਤੀ ਸੀ ਕਿ “ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰੀਆਂ ਕੌਮਾਂ ਦੇ ਪਦਾਰਥ ਆਉਣਗੇ ਸੋ ਮੈਂ ਏਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ।” (ਹੱਜਈ 2:7) ਇਹ ਭਵਿੱਖਬਾਣੀ ਪਹਿਲਾਂ ਹੱਜਈ ਦੇ ਜ਼ਮਾਨੇ ਵਿਚ ਪੂਰੀ ਹੋਈ ਸੀ ਜਦ ਪਰਮੇਸ਼ੁਰ ਦੇ ਕੁਝ ਲੋਕ ਉਸ ਦੀ ਹੈਕਲ ਬਣਾਉਣ ਲਈ ਯਰੂਸ਼ਲਮ ਨੂੰ ਵਾਪਸ ਆਏ ਸਨ। ਅੱਜ ਇਹ ਭਵਿੱਖਬਾਣੀ ਯਹੋਵਾਹ ਦੀ ਰੂਹਾਨੀ ਹੈਕਲ ਦੇ ਸੰਬੰਧ ਵਿਚ ਪੂਰੀ ਹੋ ਰਹੀ ਹੈ ਜੋ ਕਿ ਯਹੋਵਾਹ ਦੀ ਭਗਤੀ ਕਰਨ ਦਾ ਪ੍ਰਬੰਧ ਹੈ।

9 ਕਈ ਲੱਖ ਲੋਕ ਇਸ ਰੂਹਾਨੀ ਹੈਕਲ ਵਿਚ ਆ ਕੇ “ਆਤਮਾ ਅਰ ਸਚਿਆਈ ਨਾਲ” ਪਰਮੇਸ਼ੁਰ ਦੀ ਭਗਤੀ ਕਰ ਰਹੇ ਹਨ। (ਯੂਹੰਨਾ 4:23, 24) ਹਰ ਸਾਲ “ਸਾਰੀਆਂ ਕੌਮਾਂ ਦੇ ਪਦਾਰਥ” ਯਾਨੀ ਲੱਖਾਂ ਦੀ ਗਿਣਤੀ ਵਿਚ ਹੋਰ ਨੇਕਦਿਲ ਲੋਕ ਯਹੋਵਾਹ ਵੱਲ ਮੁੜ ਰਹੇ ਹਨ। 2006 ਦੇ ਸੇਵਾ ਸਾਲ ਲਈ ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਦੀ ਰਿਪੋਰਟ ਦਿਖਾਉਂਦੀ ਹੈ ਕਿ 2,48,327 ਲੋਕਾਂ ਨੇ ਆਪਣਾ ਜੀਵਨ ਯਹੋਵਾਹ ਨੂੰ ਅਰਪਣ ਕਰ ਕੇ ਬਪਤਿਸਮਾ ਲਿਆ। ਇਸ ਦਾ ਮਤਲਬ ਹੈ ਕਿ ਔਸਤਨ 680 ਲੋਕ ਹਰ ਰੋਜ਼ ਯਹੋਵਾਹ ਵੱਲ ਮੁੜ ਰਹੇ ਹਨ! ਉਹ ਸੱਚਾਈ ਨਾਲ ਪਿਆਰ ਕਰ ਕੇ ਅਤੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰ ਕੇ ਸਬੂਤ ਦਿੰਦੇ ਹਨ ਕਿ ਯਹੋਵਾਹ ਨੇ ਹੀ ਉਨ੍ਹਾਂ ਨੂੰ ਆਪਣੇ ਵੱਲ ਖਿੱਚਿਆ ਹੈ।—ਯੂਹੰਨਾ 6:44, 65.

10, 11. ਮਿਸਾਲ ਦੇ ਕੇ ਸਮਝਾਓ ਕਿ ਲੋਕ ਸੱਚਾਈ ਵੱਲ ਕਿਉਂ ਖਿੱਚੇ ਜਾਂਦੇ ਹਨ।

10 ਇਨ੍ਹਾਂ ਵਿੱਚੋਂ ਕਈ ਨੇਕਦਿਲ ਲੋਕ ਸੱਚਾਈ ਵੱਲ ਇਸ ਲਈ ਖਿੱਚੇ ਗਏ ਸਨ ਕਿਉਂਕਿ ਉਨ੍ਹਾਂ ਨੇ “ਧਰਮੀ ਅਰ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ” ਫ਼ਰਕ ਦੇਖਿਆ। (ਮਲਾਕੀ 3:18) ਵੇਨ ਤੇ ਵਰਜੀਨੀਆ ਦੀ ਮਿਸਾਲ ਲੈ ਲਓ। ਪ੍ਰੋਟੈਸਟੈਂਟ ਚਰਚ ਦੇ ਮੈਂਬਰ ਹੋਣ ਦੇ ਬਾਵਜੂਦ ਇਸ ਪਤੀ-ਪਤਨੀ ਕੋਲ ਜ਼ਿੰਦਗੀ ਬਾਰੇ ਬਹੁਤ ਸਾਰੇ ਸਵਾਲ ਸਨ। ਉਨ੍ਹਾਂ ਨੂੰ ਲੜਾਈਆਂ ਨਾਲ ਨਫ਼ਰਤ ਸੀ ਜਿਸ ਕਰਕੇ ਉਹ ਬਹੁਤ ਪਰੇਸ਼ਾਨ ਹੋਏ ਜਦ ਉਨ੍ਹਾਂ ਨੇ ਪਾਦਰੀਆਂ ਨੂੰ ਫ਼ੌਜਾਂ ਤੇ ਹਥਿਆਰਾਂ ਨੂੰ ਅਸੀਸ ਦਿੰਦੇ ਹੋਏ ਦੇਖਿਆ। ਭਾਵੇਂ ਵਰਜੀਨੀਆ ਨੇ ਕਈ ਸਾਲਾਂ ਤਕ ਸੰਡੇ ਸਕੂਲ ਵਿਚ ਬੱਚਿਆਂ ਨੂੰ ਸਿੱਖਿਆ ਦਿੱਤੀ ਸੀ, ਪਰ ਸਮੇਂ ਦੇ ਬੀਤਣ ਨਾਲ ਇਸ ਜੋੜੇ ਨੂੰ ਲੱਗਾ ਕਿ ਚਰਚ ਦੇ ਮੈਂਬਰਾਂ ਨੂੰ ਉਨ੍ਹਾਂ ਵਿਚ ਕੋਈ ਦਿਲਚਸਪੀ ਨਹੀਂ ਸੀ। ਉਨ੍ਹਾਂ ਨੇ ਕਿਹਾ: “ਕੋਈ ਸਾਨੂੰ ਮਿਲਣ ਨਹੀਂ ਆਉਂਦਾ ਸੀ ਤੇ ਨਾ ਹੀ ਕਿਸੇ ਨੂੰ ਸਾਡੀ ਕੋਈ ਪਰਵਾਹ ਸੀ। ਚਰਚ ਨੂੰ ਸਿਰਫ਼ ਸਾਡੇ ਤੋਂ ਪੈਸਾ ਚਾਹੀਦਾ ਸੀ। ਅਸੀਂ ਕਸ਼ਮਕਸ਼ ਵਿਚ ਪਏ ਹੋਏ ਸੀ।” ਉਨ੍ਹਾਂ ਦਾ ਭਰਮ ਉਦੋਂ ਪੂਰੀ ਤਰ੍ਹਾਂ ਟੁੱਟ ਗਿਆ ਜਦੋਂ ਉਨ੍ਹਾਂ ਦੇ ਚਰਚ ਨੇ ਸਮਲਿੰਗੀ ਸੰਬੰਧਾਂ ਨੂੰ ਸਹੀ ਕਰਾਰ ਦਿੱਤਾ।

11 ਇਸ ਸਮੇਂ ਦੌਰਾਨ ਵੇਨ ਤੇ ਵਰਜੀਨੀਆ ਦੀ ਦੋਹਤੀ ਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਧੀ ਵੀ ਯਹੋਵਾਹ ਦੀਆਂ ਗਵਾਹਾਂ ਬਣ ਗਈਆਂ। ਪਹਿਲਾਂ-ਪਹਿਲਾਂ ਤਾਂ ਉਨ੍ਹਾਂ ਨੇ ਇਸ ਗੱਲ ਦਾ ਗੁੱਸਾ ਕੀਤਾ, ਪਰ ਬਾਅਦ ਵਿਚ ਉਹ ਵੀ ਬਾਈਬਲ ਸਟੱਡੀ ਕਰਨ ਲੱਗ ਪਏ। ਵੇਨ ਨੇ ਕਿਹਾ: “ਤਿੰਨਾਂ ਮਹੀਨਿਆਂ ਵਿਚ ਅਸੀਂ ਬਾਈਬਲ ਬਾਰੇ ਇੰਨਾ ਕੁਝ ਸਿੱਖਿਆ ਜਿੰਨਾ ਕਿ ਅਸੀਂ ਪਿੱਛਲੇ 70 ਸਾਲਾਂ ਵਿਚ ਨਹੀਂ ਸਿੱਖਿਆ! ਸਾਨੂੰ ਪਤਾ ਹੀ ਨਹੀਂ ਸੀ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ ਤੇ ਨਾ ਹੀ ਸਾਨੂੰ ਉਸ ਦੇ ਰਾਜ ਅਤੇ ਧਰਤੀ ਦੇ ਸ਼ਾਨਦਾਰ ਭਵਿੱਖ ਬਾਰੇ ਕੁਝ ਪਤਾ ਸੀ।” ਥੋੜ੍ਹੇ ਹੀ ਚਿਰ ਵਿਚ ਇਹ ਪਤੀ-ਪਤਨੀ ਸਭਾਵਾਂ ਵਿਚ ਆਉਣ ਅਤੇ ਪ੍ਰਚਾਰ ਕਰਨ ਲੱਗ ਪਏ। ਵਰਜੀਨੀਆ ਨੇ ਕਿਹਾ ਕਿ “ਅਸੀਂ ਸਾਰਿਆਂ ਨੂੰ ਸੱਚਾਈ ਬਾਰੇ ਦੱਸਣਾ ਚਾਹੁੰਦੇ ਹਾਂ।” ਜਦ ਇਨ੍ਹਾਂ ਨੇ 2005 ਵਿਚ ਬਪਤਿਸਮਾ ਲਿਆ, ਤਾਂ ਦੋਹਾਂ ਦੀ ਉਮਰ 80 ਸਾਲਾਂ ਤੋਂ ਜ਼ਿਆਦਾ ਸੀ। ਉਨ੍ਹਾਂ ਨੇ ਕਿਹਾ: “ਸਾਨੂੰ ਇਕ ਵਧੀਆ ਮਸੀਹੀ ਪਰਿਵਾਰ ਮਿਲ ਗਿਆ ਹੈ ਜਿਸ ਦੇ ਮੈਂਬਰ ਇਕ-ਦੂਸਰੇ ਦੀ ਪਰਵਾਹ ਕਰਦੇ ਹਨ।”

ਖ਼ੁਸ਼ ਹੋਵੋ ਕਿ ਅਸੀਂ ‘ਹਰੇਕ ਭਲੇ ਕੰਮ ਲਈ ਤਿਆਰ ਕੀਤੇ ਗਏ ਹਾਂ’

12. ਯਹੋਵਾਹ ਹਮੇਸ਼ਾ ਆਪਣੇ ਲੋਕਾਂ ਦੀ ਮਦਦ ਕਿਵੇਂ ਕਰਦਾ ਹੈ ਤੇ ਸਾਨੂੰ ਕੀ ਕਰਨ ਦੀ ਲੋੜ ਹੈ?

12 ਯਹੋਵਾਹ ਹਮੇਸ਼ਾ ਆਪਣੇ ਲੋਕਾਂ ਦੀ ਮਦਦ ਕਰਦਾ ਹੈ ਤਾਂਕਿ ਉਹ ਉਸ ਦੀ ਮਰਜ਼ੀ ਪੂਰੀ ਕਰ ਸਕਣ। ਮਿਸਾਲ ਲਈ, ਉਸ ਨੇ ਨੂਹ ਨੂੰ ਸਾਫ਼-ਸਾਫ਼ ਦੱਸਿਆ ਸੀ ਕਿ ਕਿਸ਼ਤੀ ਕਿਵੇਂ ਬਣਾਉਣੀ ਸੀ। ਇਹ ਬਹੁਤ ਜ਼ਰੂਰੀ ਸੀ ਕਿ ਪਹਿਲੀ ਕੋਸ਼ਿਸ਼ ਵਿਚ ਹੀ ਕਿਸ਼ਤੀ ਬਿਲਕੁਲ ਸਹੀ ਬਣਾਈ ਜਾਵੇ ਤੇ ਇਸੇ ਤਰ੍ਹਾਂ ਹੋਇਆ। ਕਿਉਂ? ਕਿਉਂਕਿ ਨੂਹ ਨੇ “ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਤਿਵੇਂ ਉਸ ਨੇ ਕੀਤਾ।” (ਉਤਪਤ 6:14-22) ਅੱਜ ਵੀ ਯਹੋਵਾਹ ਆਪਣੇ ਲੋਕਾਂ ਨੂੰ ਉਸ ਦੀ ਮਰਜ਼ੀ ਪੂਰੀ ਕਰਨ ਲਈ ਤਿਆਰ ਕਰਦਾ ਹੈ। ਸਾਡਾ ਮੁੱਖ ਕੰਮ ਹੈ ਕਿ ਅਸੀਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰੀਏ ਅਤੇ ਯਿਸੂ ਦੇ ਚੇਲੇ ਬਣਨ ਵਿਚ ਲੋਕਾਂ ਦੀ ਮਦਦ ਕਰੀਏ। ਨੂਹ ਵਾਂਗ ਅਸੀਂ ਯਹੋਵਾਹ ਦਾ ਕਹਿਣਾ ਮੰਨ ਕੇ ਸਫ਼ਲ ਹੋ ਸਕਦੇ ਹਾਂ। ਸਾਨੂੰ ਤਿਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਯਹੋਵਾਹ ਆਪਣੇ ਬਚਨ ਅਤੇ ਆਪਣੀ ਸੰਸਥਾ ਰਾਹੀਂ ਸਾਨੂੰ ਕਹਿੰਦਾ ਹੈ।—ਮੱਤੀ 24:14; 28:19, 20.

13. ਯਹੋਵਾਹ ਸਾਨੂੰ ਸਿਖਲਾਈ ਕਿਵੇਂ ਦਿੰਦਾ ਹੈ?

13 ਇਹ ਕੰਮ ਕਰਨ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਦਾ “ਜਥਾਰਥ ਵਖਿਆਣ” ਕਰਨਾ ਸਿੱਖਣ ਦੀ ਲੋੜ ਹੈ ਕਿਉਂਕਿ ਇਹ ਬਚਨ “ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।” (2 ਤਿਮੋਥਿਉਸ 2:15; 3:16, 17) ਪਹਿਲੀ ਸਦੀ ਵਾਂਗ ਯਹੋਵਾਹ ਅੱਜ ਵੀ ਕਲੀਸਿਯਾ ਰਾਹੀਂ ਸਾਨੂੰ ਸਿਖਲਾਈ ਦਿੰਦਾ ਹੈ। ਅੱਜ ਸੰਸਾਰ ਭਰ ਵਿਚ 99,770 ਕਲੀਸਿਯਾਵਾਂ ਹਨ ਜਿਨ੍ਹਾਂ ਵਿਚ ਹਰ ਹਫ਼ਤੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਲੱਗਦਾ ਹੈ ਅਤੇ ਸੇਵਾ ਸਭਾ ਚਲਾਈ ਜਾਂਦੀ ਹੈ। ਕੀ ਤੁਸੀਂ ਇਨ੍ਹਾਂ ਸਭਾਵਾਂ ਨੂੰ ਜ਼ਰੂਰੀ ਸਮਝਦੇ ਹੋਏ ਬਾਕਾਇਦਾ ਇਨ੍ਹਾਂ ਵਿਚ ਆਉਂਦੇ ਹੋ ਤੇ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ?—ਇਬਰਾਨੀਆਂ 10:24, 25.

14. ਯਹੋਵਾਹ ਦੇ ਲੋਕ ਕਿਵੇਂ ਦਿਖਾਉਂਦੇ ਹਨ ਕਿ ਉਹ ਯਹੋਵਾਹ ਦੀ ਸੇਵਾ ਕਰਨ ਦੇ ਸਨਮਾਨ ਦੀ ਬਹੁਤ ਕਦਰ ਕਰਦੇ ਹਨ? (ਸਫ਼ੇ 27-30 ਉੱਤੇ ਦਿੱਤੇ ਚਾਰਟ ਤੇ ਵੀ ਟਿੱਪਣੀਆਂ ਕਰੋ।)

14 ਦੁਨੀਆਂ ਵਿਚ ਪਰਮੇਸ਼ੁਰ ਦੇ ਲੱਖਾਂ ਲੋਕ ਇਸ ਸਿਖਲਾਈ ਦੀ ਕਦਰ ਕਰਦੇ ਹੋਏ ਪ੍ਰਚਾਰ ਕਰਨ ਵਿਚ ਆਪਣੀ ਪੂਰੀ ਵਾਹ ਲਾ ਰਹੇ ਹਨ। ਮਿਸਾਲ ਲਈ, 2006 ਦੇ ਸੇਵਾ ਸਾਲ ਦੌਰਾਨ 67,41,444 ਪ੍ਰਚਾਰਕਾਂ ਨੇ ਵੱਖ-ਵੱਖ ਤਰੀਕਿਆਂ ਨਾਲ 1,33,39,66,199 ਘੰਟੇ ਪ੍ਰਚਾਰ ਕੀਤਾ ਸੀ ਅਤੇ 62,86,618 ਬਾਈਬਲ ਸਟੱਡੀਆਂ ਕਰਾਈਆਂ ਸਨ। ਸੰਸਾਰ ਭਰ ਦੀ ਰਿਪੋਰਟ ਵਿੱਚੋਂ ਇਹ ਤਾਂ ਸਿਰਫ਼ ਕੁਝ ਹੀ ਗੱਲਾਂ ਹਨ ਜਿਨ੍ਹਾਂ ਤੋਂ ਸਾਨੂੰ ਖ਼ੁਸ਼ੀ ਮਿਲਦੀ ਹੈ। ਤੁਸੀਂ ਇਸ ਰਿਪੋਰਟ ਵੱਲ ਧਿਆਨ ਨਾਲ ਦੇਖ ਕੇ ਹੌਸਲਾ ਪਾ ਸਕਦੇ ਹੋ, ਠੀਕ ਜਿਵੇਂ ਪਹਿਲੀ ਸਦੀ ਵਿਚ ਭਰਾਵਾਂ ਨੂੰ ਪ੍ਰਚਾਰ ਦੇ ਕੰਮ ਵਿਚ ਹੋ ਰਹੀ ਤਰੱਕੀ ਦੀਆਂ ਰਿਪੋਰਟਾਂ ਤੋਂ ਹੌਸਲਾ ਮਿਲਿਆ ਹੋਵੇਗਾ।—ਰਸੂਲਾਂ ਦੇ ਕਰਤੱਬ 1:15; 2:5-11, 41, 47; 4:4; 6:7.

15. ਯਹੋਵਾਹ ਦੀ ਸੇਵਾ ਜੀ-ਜਾਨ ਨਾਲ ਕਰਨ ਵਾਲਿਆਂ ਨੂੰ ਹੌਸਲਾ ਕਿਉਂ ਨਹੀਂ ਹਾਰਨਾ ਚਾਹੀਦਾ?

15 ਯਹੋਵਾਹ ਦੇ ਸੇਵਕ ਇਸ ਲਈ ਧੰਨਵਾਦੀ ਹਨ ਕਿ ਉਹ ਯਹੋਵਾਹ ਨੂੰ ਜਾਣਦੇ ਹਨ ਅਤੇ ਉਸ ਬਾਰੇ ਦੂਸਰਿਆਂ ਨੂੰ ਗਵਾਹੀ ਦੇ ਸਕਦੇ ਹਨ ਜਿਸ ਕਰਕੇ ਹਰ ਸਾਲ ਯਹੋਵਾਹ ਦੇ ਨਾਂ ਦੀ ਬਹੁਤ ਵਡਿਆਈ ਹੁੰਦੀ ਹੈ। (ਯਸਾਯਾਹ 43:10) ਇਹ ਸੱਚ ਹੈ ਕਿ ਕੁਝ ਭੈਣ-ਭਰਾ ਬਜ਼ੁਰਗ, ਕਮਜ਼ੋਰ ਜਾਂ ਬੀਮਾਰ ਹੋਣ ਕਰਕੇ ਬਹੁਤੀ ਸੇਵਾ ਨਹੀਂ ਕਰ ਪਾਉਂਦੇ ਹਨ। ਉਨ੍ਹਾਂ ਦੀ ਸੇਵਾ ਦੀ ਤੁਲਨਾ ਉਸ ਕੰਗਾਲ ਵਿਧਵਾ ਦੇ ਦੋ ਸਿੱਕਿਆਂ ਨਾਲ ਕੀਤੀ ਜਾ ਸਕਦੀ ਹੈ ਜਿਸ ਨੂੰ ਯਿਸੂ ਨੇ ਹੈਕਲ ਵਿਚ ਦੇਖਿਆ ਸੀ। ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਯਹੋਵਾਹ ਅਤੇ ਉਸ ਦਾ ਪੁੱਤਰ ਉਨ੍ਹਾਂ ਸਾਰਿਆਂ ਤੋਂ ਖ਼ੁਸ਼ ਹੁੰਦੇ ਹਨ ਜੋ ਜੀ-ਜਾਨ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਹਨ।—ਲੂਕਾ 21:1-4; ਗਲਾਤੀਆਂ 6:4.

16. ਪਿੱਛਲੇ ਦਹਾਕਿਆਂ ਦੌਰਾਨ ਯਹੋਵਾਹ ਨੇ ਸਾਨੂੰ ਕਿਹੜੀਆਂ ਪੁਸਤਕਾਂ ਦਿੱਤੀਆਂ ਹਨ?

16 ਯਹੋਵਾਹ ਆਪਣੀ ਸੰਸਥਾ ਰਾਹੀਂ ਸਾਨੂੰ ਪ੍ਰਚਾਰ ਕਰਨ ਲਈ ਸਿਖਲਾਈ ਹੀ ਨਹੀਂ ਦਿੰਦਾ, ਸਗੋਂ ਸਾਨੂੰ ਵਧੀਆ ਪੁਸਤਕਾਂ ਵੀ ਦਿੰਦਾ ਹੈ ਤਾਂਕਿ ਅਸੀਂ ਦੂਸਰਿਆਂ ਨੂੰ ਚੰਗੀ ਤਰ੍ਹਾਂ ਸਿਖਾ ਸਕੀਏ। ਪਿੱਛਲੇ ਦਹਾਕਿਆਂ ਦੌਰਾਨ ਸਾਨੂੰ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ, ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਅਤੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀਆਂ ਪੁਸਤਕਾਂ ਮਿਲੀਆਂ ਹਨ। ਜਿਹੜੇ ਭੈਣ-ਭਰਾ ਇਨ੍ਹਾਂ ਦੀ ਕਦਰ ਕਰਦੇ ਹਨ ਉਹ ਇਨ੍ਹਾਂ ਨੂੰ ਪ੍ਰਚਾਰ ਦੇ ਕੰਮ ਵਿਚ ਵਰਤਦੇ ਹਨ।

ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ ਪੁਸਤਕ ਇਸਤੇਮਾਲ ਕਰੋ

17, 18. (ੳ) ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਵਿੱਚੋਂ ਤੁਸੀਂ ਲੋਕਾਂ ਨੂੰ ਕੀ ਦਿਖਾਉਣਾ ਪਸੰਦ ਕਰਦੇ ਹੋ? (ਅ) ਇਕ ਸਰਕਟ ਨਿਗਾਹਬਾਨ ਨੇ ਇਸ ਨਵੀਂ ਪੁਸਤਕ ਬਾਰੇ ਕੀ ਕਿਹਾ ਸੀ?

17ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਵਿਚ 19 ਅਧਿਆਇ ਹਨ। ਕਿਤਾਬ ਦੇ ਅਖ਼ੀਰਲੇ ਸਫ਼ਿਆਂ ਤੇ ਕਈ ਵਿਸ਼ਿਆਂ ਬਾਰੇ ਹੋਰ ਜਾਣਕਾਰੀ ਦਿੱਤੀ ਗਈ ਹੈ। ਇਹ ਕਿਤਾਬ ਸੌਖੀ ਤਰ੍ਹਾਂ ਲਿਖੀ ਗਈ ਹੈ ਜਿਸ ਕਰਕੇ ਪ੍ਰਚਾਰ ਦੇ ਕੰਮ ਵਿਚ ਇਹ ਇਕ ਵੱਡੀ ਬਰਕਤ ਸਾਬਤ ਹੋ ਰਹੀ ਹੈ। ਮਿਸਾਲ ਲਈ, 12ਵੇਂ ਅਧਿਆਇ ਦਾ ਵਿਸ਼ਾ ਹੈ: “ਆਪਣੇ ਕੰਮਾਂ ਰਾਹੀਂ ਯਹੋਵਾਹ ਨੂੰ ਖ਼ੁਸ਼ ਕਰੋ।” ਇਸ ਵਿਚ ਸਮਝਾਇਆ ਗਿਆ ਹੈ ਕਿ ਬਾਈਬਲ ਦੇ ਵਿਦਿਆਰਥੀ ਪਰਮੇਸ਼ੁਰ ਨਾਲ ਦੋਸਤੀ ਕਿਵੇਂ ਕਰ ਸਕਦੇ ਹਨ। ਇਹ ਗੱਲ ਸ਼ਾਇਦ ਉਨ੍ਹਾਂ ਦੇ ਮੰਨ ਵਿਚ ਕਦੀ ਆਈ ਵੀ ਨਾ ਹੋਵੇ। (ਯਾਕੂਬ 2:23) ਲੋਕ ਇਸ ਨਵੀਂ ਪੁਸਤਕ ਬਾਰੇ ਕੀ ਸੋਚਦੇ ਹਨ?

18 ਆਸਟ੍ਰੇਲੀਆ ਵਿਚ ਇਕ ਸਰਕਟ ਨਿਗਾਹਬਾਨ ਕਹਿੰਦਾ ਹੈ ਕਿ ਇਸ ਨਵੀਂ ਪੁਸਤਕ ਨਾਲ “ਅਸੀਂ ਸੌਖਿਆਂ ਹੀ ਲੋਕਾਂ ਨਾਲ ਗੱਲਬਾਤ ਸ਼ੁਰੂ ਕਰ ਸਕਦੇ ਹਾਂ।” ਉਹ ਅੱਗੇ ਕਹਿੰਦਾ ਹੈ ਕਿ “ਇਹ ਪੁਸਤਕ ਵਰਤਣੀ ਇੰਨੀ ਸੌਖੀ ਹੈ ਕਿ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਪ੍ਰਚਾਰ ਕਰਨ ਵਿਚ ਬਹੁਤ ਖ਼ੁਸ਼ੀ ਮਿਲ ਰਹੀ ਹੈ। ਇਸੇ ਲਈ ਕੁਝ ਇਸ ਪੁਸਤਕ ਦੇ ਰੰਗ ਅਤੇ ਖੂਬੀਆਂ ਨੂੰ ਦੇਖ ਕੇ ਇਸ ਨੂੰ ਸੋਨੇ ਦਾ ਟੁਕੜਾ ਕਹਿ ਰਹੇ ਹਨ!”

19–21. ਕੁਝ ਤਜਰਬੇ ਦੱਸੋ ਜੋ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਦੀਆਂ ਖੂਬੀਆਂ ਨੂੰ ਉਜਾਗਰ ਕਰਦੇ ਹਨ।

19 ਗੀਆਨਾ ਵਿਚ ਇਕ ਤੀਵੀਂ ਨੇ ਇਕ ਪਾਇਨੀਅਰ ਭਰਾ ਨੂੰ ਕਿਹਾ ਕਿ “ਜ਼ਰੂਰ ਰੱਬ ਨੇ ਹੀ ਤੁਹਾਨੂੰ ਭੇਜਿਆ ਹੈ।” ਇਸ ਤੀਵੀਂ ਦੇ ਦੋ ਛੋਟੇ ਬੱਚਿਆਂ ਦਾ ਬਾਪ ਉਨ੍ਹਾਂ ਨੂੰ ਛੱਡ ਕੇ ਚਲਿਆ ਗਿਆ ਸੀ। ਭਰਾ ਨੇ ਇਸ ਪੁਸਤਕ ਦਾ ਪਹਿਲਾ ਅਧਿਆਇ ਖੋਲ੍ਹਿਆ ਤੇ “ਰੱਬ ਸਾਡੇ ਦੁੱਖ ਵਿਚ ਦੁਖੀ ਹੁੰਦਾ ਹੈ” ਸਿਰਲੇਖ ਹੇਠ 11ਵਾਂ ਪੈਰਾ ਪੜ੍ਹਿਆ। ਉਸ ਨੇ ਕਿਹਾ: “ਮੈਂ ਇਸ ਤੀਵੀਂ ਦੀ ਦੁਕਾਨ ਵਿਚ ਸੀ ਤੇ ਇਨ੍ਹਾਂ ਗੱਲਾਂ ਨੇ ਉਸ ਦੇ ਦਿਲ ਤੇ ਇੰਨਾ ਡੂੰਘਾ ਅਸਰ ਪਾਇਆ ਕਿ ਉਹ ਦੁਕਾਨ ਦੇ ਪਿੱਛੇ ਜਾ ਕੇ ਰੋਣ ਲੱਗ ਪਈ।” ਇਹ ਤੀਵੀਂ ਇਕ ਹੋਰ ਭੈਣ ਨਾਲ ਬਾਈਬਲ ਦਾ ਅਧਿਐਨ ਕਰਨ ਲਈ ਰਾਜ਼ੀ ਹੋ ਗਈ ਅਤੇ ਹੁਣ ਚੰਗੀ ਤਰੱਕੀ ਕਰ ਰਹੀ ਹੈ।

20 ਹੋਸੇ ਸਪੇਨ ਵਿਚ ਰਹਿੰਦਾ ਹੈ। ਜਦੋਂ ਉਸ ਦੀ ਪਤਨੀ ਇਕ ਕਾਰ ਹਾਦਸੇ ਵਿਚ ਮਾਰੀ ਗਈ, ਤਾਂ ਉਸ ਨੇ ਆਪਣੇ ਗਮ ਨੂੰ ਭੁਲਾਉਣ ਲਈ ਨਸ਼ਿਆਂ ਦਾ ਸਹਾਰਾ ਲਿਆ। ਹੋਸੇ ਨੂੰ ਇੱਕੋ ਸਵਾਲ ਖਾਈ ਜਾ ਰਿਹਾ ਸੀ ਕਿ “ਪਰਮੇਸ਼ੁਰ ਨੇ ਮੇਰੀ ਪਤਨੀ ਨੂੰ ਕਿਉਂ ਮਰਨ ਦਿੱਤਾ?” ਉਹ ਮਾਨਸਿਕ ਤੌਰ ਤੇ ਇੰਨਾ ਬੀਮਾਰ ਹੋ ਗਿਆ ਕਿ ਉਸ ਨੂੰ ਡਾਕਟਰਾਂ ਦੀ ਮਦਦ ਲੈਣੀ ਪਈ। ਪਰ ਉਹ ਵੀ ਉਸ ਦੇ ਸਵਾਲ ਦਾ ਜਵਾਬ ਨਾ ਦੇ ਸਕੇ। ਇਕ ਦਿਨ ਹੋਸੇ ਫਰਾਂਚੈਸਕ ਨੂੰ ਮਿਲਿਆ ਜੋ ਉਸੇ ਕੰਪਨੀ ਵਿਚ ਕੰਮ ਕਰਦਾ ਸੀ ਜਿੱਥੇ ਹੋਸੇ ਕੰਮ ਕਰਦਾ ਸੀ। ਫਰਾਂਚੈਸਕ ਨੇ ਹੋਸੇ ਨਾਲ ਬੈਠ ਕੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਵਿੱਚੋਂ 11ਵਾਂ ਅਧਿਆਇ ਪੜ੍ਹਿਆ ਜਿਸ ਦਾ ਵਿਸ਼ਾ ਹੈ: “ਰੱਬ ਨੇ ਹਾਲੇ ਤਕ ਦੁੱਖਾਂ ਦਾ ਅੰਤ ਕਿਉਂ ਨਹੀਂ ਕੀਤਾ?” ਬਾਈਬਲ ਦੀਆਂ ਗੱਲਾਂ ਅਤੇ ਟੀਚਰ ਤੇ ਜ਼ਿੱਦੀ ਮੁੰਡੇ ਦੀ ਮਿਸਾਲ ਹੋਸੇ ਨੂੰ ਬਹੁਤ ਪਸੰਦ ਆਈ। ਉਹ ਦਿਲ ਲਾ ਕੇ ਬਾਈਬਲ ਦੀ ਸਟੱਡੀ ਕਰਨ ਲੱਗ ਪਿਆ, ਇਕ ਸਰਕਟ ਸੰਮੇਲਨ ਵਿਚ ਵੀ ਗਿਆ ਅਤੇ ਹੁਣ ਕਿੰਗਡਮ ਹਾਲ ਵਿਚ ਸਭਾਵਾਂ ਵਿਚ ਜਾਂਦਾ ਹੈ।

21 ਰੋਮਾਨ ਪੋਲੈਂਡ ਵਿਚ 40 ਸਾਲਾਂ ਦਾ ਬਿਜ਼ਨਿਸਮੈਨ ਹੈ। ਉਹ ਸ਼ੁਰੂ ਤੋਂ ਹੀ ਬਾਈਬਲ ਨੂੰ ਬਹੁਤ ਮੰਨਦਾ ਸੀ। ਪਰ ਆਪਣੇ ਕੰਮ ਵਿਚ ਰੁੱਝੇ ਹੋਣ ਕਰਕੇ ਉਸ ਨੇ ਬਾਈਬਲ ਦੀ ਸਟੱਡੀ ਕਰਨ ਵਿਚ ਬਹੁਤੀ ਤਰੱਕੀ ਨਹੀਂ ਕੀਤੀ। ਫਿਰ ਵੀ ਉਹ ਇਕ ਜ਼ਿਲ੍ਹਾ ਸੰਮੇਲਨ ਵਿਚ ਗਿਆ ਜਿੱਥੇ ਉਸ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਮਿਲੀ। ਇਸ ਤੋਂ ਬਾਅਦ ਉਸ ਨੇ ਕਾਫ਼ੀ ਤਰੱਕੀ ਕੀਤੀ। ਉਸ ਨੇ ਕਿਹਾ: “ਇਸ ਪੁਸਤਕ ਨਾਲ ਬਾਈਬਲ ਦੀਆਂ ਸਾਰੀਆਂ ਬੁਨਿਆਦੀ ਸਿੱਖਿਆਵਾਂ ਮੈਨੂੰ ਸਮਝ ਆ ਗਈਆਂ। ਹੁਣ ਬਾਈਬਲ ਮੇਰੇ ਲਈ ਕੋਈ ਬੁਜਾਰਤ ਨਹੀਂ ਰਹੀ।” ਰੋਮਾਨ ਹੁਣ ਬਾਕਾਇਦਾ ਬਾਈਬਲ ਦਾ ਅਧਿਐਨ ਕਰਦਾ ਹੈ ਅਤੇ ਸੋਹਣੀ ਤਰੱਕੀ ਕਰ ਰਿਹਾ ਹੈ।

ਪਰਮੇਸ਼ੁਰ ਦਾ ਸ਼ੁਕਰ ਕਰਦੇ ਰਹੋ

22, 23. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਆਪਣੀ ਉਮੀਦ ਲਈ ਪਰਮੇਸ਼ੁਰ ਦੇ ਬਹੁਤ ਸ਼ੁਕਰਗੁਜ਼ਾਰ ਹਾਂ?

22 “ਸਾਡਾ ਛੁਟਕਾਰਾ ਨੇੜੇ ਹੈ!” ਨਾਮਕ ਸੰਮੇਲਨਾਂ ਵਿਚ ਦੱਸਿਆ ਗਿਆ ਸੀ ਕਿ ਯਹੋਵਾਹ ਦੇ ਭਗਤ ਉਹ “ਸਦੀਪਕ ਨਿਸਤਾਰਾ” ਪਾਉਣ ਲਈ ਉਤਾਵਲੇ ਹਨ ਜੋ ਪਰਮੇਸ਼ੁਰ ਨੇ ਯਿਸੂ ਮਸੀਹ ਦੇ ਬਲੀਦਾਨ ਦੇ ਆਧਾਰ ਤੇ ਉਨ੍ਹਾਂ ਨੂੰ ਦੇਣ ਦਾ ਵਾਅਦਾ ਕੀਤਾ ਹੈ। ਪਰਮੇਸ਼ੁਰ ਦਾ ਸ਼ੁਕਰ ਕਰਨ ਦਾ ਇਸ ਤੋਂ ਹੋਰ ਬਿਹਤਰ ਤਰੀਕਾ ਕੋਈ ਨਹੀਂ ਕਿ ਅਸੀਂ ਆਪਣੇ ‘ਅੰਤਹਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੀਏ ਭਈ ਜੀਉਂਦੇ ਪਰਮੇਸ਼ੁਰ ਦੀ ਉਪਾਸਨਾ ਕਰੀਏ।’—ਇਬਰਾਨੀਆਂ 9:12, 14.

23 ਇਹ ਕਮਾਲ ਦੀ ਗੱਲ ਹੈ ਕਿ ਅੱਜ ਦੇ ਜ਼ਮਾਨੇ ਵਿਚ ਜਦ ਲੋਕ ਇੰਨੇ ਖ਼ੁਦਗਰਜ਼ ਹਨ, ਯਹੋਵਾਹ ਦੇ 60 ਲੱਖ ਤੋਂ ਜ਼ਿਆਦਾ ਗਵਾਹ ਵਫ਼ਾਦਾਰੀ ਨਾਲ ਉਸ ਦੇ ਰਾਜ ਦਾ ਪ੍ਰਚਾਰ ਕਰ ਰਹੇ ਹਨ। ਇਸ ਤੋਂ ਇਹ ਵੀ ਸਬੂਤ ਮਿਲਦਾ ਹੈ ਕਿ ਯਹੋਵਾਹ ਦੇ ਸੇਵਕ ਉਸ ਦੀ ਸੇਵਾ ਕਰਨ ਦੇ ਆਪਣੇ ਸਨਮਾਨ ਦੀ ਬਹੁਤ ਕਦਰ ਕਰਦੇ ਹਨ ਅਤੇ ਉਹ ਜਾਣਦੇ ਹਨ ਕਿ ‘ਪ੍ਰਭੁ ਵਿੱਚ ਉਨ੍ਹਾਂ ਦੀ ਮਿਹਨਤ ਥੋਥੀ ਨਹੀਂ ਹੈ।’ ਤਾਂ ਫਿਰ, ਆਓ ਆਪਾਂ ਪਰਮੇਸ਼ੁਰ ਦੀ ਭਲਾਈ ਦੀ ਕਦਰ ਕਰਦੇ ਰਹੀਏ!—1 ਕੁਰਿੰਥੀਆਂ 15:58; ਜ਼ਬੂਰਾਂ ਦੀ ਪੋਥੀ 110:3.

ਤੁਸੀਂ ਕੀ ਜਵਾਬ ਦਿਓਗੇ?

• ਜ਼ਬੂਰਾਂ ਦਾ ਲਿਖਾਰੀ ਸਾਨੂੰ ਪਰਮੇਸ਼ੁਰ ਤੇ ਉਸ ਦੇ ਪ੍ਰਬੰਧਾਂ ਦੀ ਕਦਰ ਕਰਨ ਬਾਰੇ ਕੀ ਸਿਖਾਉਂਦਾ ਹੈ?

ਹੱਜਈ 2:7 ਦੀ ਭਵਿੱਖਬਾਣੀ ਅੱਜ ਕਿਵੇਂ ਪੂਰੀ ਹੋ ਰਹੀ ਹੈ?

• ਯਹੋਵਾਹ ਨੇ ਆਪਣੇ ਲੋਕਾਂ ਨੂੰ ਉਸ ਦੀ ਸੇਵਾ ਕਰਨ ਲਈ ਤਿਆਰ ਕਿਵੇਂ ਕੀਤਾ ਹੈ?

• ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਪਰਮੇਸ਼ੁਰ ਦੀ ਭਲਾਈ ਦੀ ਕਦਰ ਕਰਦੇ ਹੋ?

[ਸਵਾਲ]

[ਸਫ਼ੇ 27-30 ਉੱਤੇ ਚਾਰਟ]

ਯਹੋਵਾਹ ਦੇ ਗਵਾਹਾਂ ਦੀ ਵਿਸ਼ਵ-ਵਿਆਪੀ 2007 ਸੇਵਾ ਸਾਲ ਰਿਪੋਰਟ

(ਰਸਾਲਾ ਦੇਖੋ)

[ਸਫ਼ਾ 25 ਉੱਤੇ ਤਸਵੀਰਾਂ]

ਯਹੋਵਾਹ ਸਾਨੂੰ ਉਸ ਦੀ ਮਰਜ਼ੀ ਪੂਰੀ ਕਰਨ ਲਈ ਤਿਆਰ ਕਰਦਾ ਹੈ