Skip to content

Skip to table of contents

ਯਹੋਵਾਹ ਸਾਡੀ ਕਦਰ ਕਰਦਾ ਹੈ

ਯਹੋਵਾਹ ਸਾਡੀ ਕਦਰ ਕਰਦਾ ਹੈ

ਯਹੋਵਾਹ ਸਾਡੀ ਕਦਰ ਕਰਦਾ ਹੈ

“ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।”—ਇਬਰਾਨੀਆਂ 6:10.

1. ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਰੂਥ ਦੀ ਕਦਰ ਸੀ?

ਯਹੋਵਾਹ ਉਨ੍ਹਾਂ ਦੀ ਮਿਹਨਤ ਦੀ ਕਦਰ ਕਰਦਾ ਹੈ ਜੋ ਤਨ-ਮਨ ਲਾ ਕੇ ਉਸ ਦੀ ਮਰਜ਼ੀ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉਹ ਉਨ੍ਹਾਂ ਦੀ ਮਿਹਨਤ ਦਾ ਫਲ ਦਿੰਦਾ ਹੈ। (ਇਬਰਾਨੀਆਂ 11:6) ਬੋਅਜ਼ ਨਾਂ ਦਾ ਆਦਮੀ ਯਹੋਵਾਹ ਬਾਰੇ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ। ਇਹ ਅਸੀਂ ਕਿਵੇਂ ਜਾਣਦੇ ਹਾਂ? ਕਿਉਂਕਿ ਜਦ ਮੋਆਬਣ ਰੂਥ ਨੇ ਪਿਆਰ ਨਾਲ ਆਪਣੀ ਸੱਸ ਦੀ ਦੇਖ-ਭਾਲ ਕੀਤੀ ਸੀ, ਤਦ ਬੋਅਜ਼ ਨੇ ਉਸ ਨੂੰ ਕਿਹਾ: ‘ਯਹੋਵਾਹ ਤੇਰੇ ਕੰਮ ਦਾ ਵੱਟਾ ਦੇਵੇ ਸਗੋਂ ਯਹੋਵਾਹ ਵੱਲੋਂ ਤੈਨੂੰ ਪੂਰਾ ਵੱਟਾ ਦਿੱਤਾ ਜਾਵੇ।’ (ਰੂਥ 2:12) ਕੀ ਪਰਮੇਸ਼ੁਰ ਨੇ ਰੂਥ ਦੀ ਝੋਲੀ ਬਰਕਤਾਂ ਨਾਲ ਭਰੀ? ਹਾਂ! ਉਹ ਬੋਅਜ਼ ਦੀ ਪਤਨੀ ਬਣੀ ਅਤੇ ਰਾਜਾ ਦਾਊਦ ਅਤੇ ਯਿਸੂ ਮਸੀਹ ਦੀ ਵੱਡੀ-ਵਡੇਰੀ ਬਣੀ। (ਰੂਥ 4:13, 17; ਮੱਤੀ 1:5, 6, 16) ਇਸ ਤੋਂ ਇਲਾਵਾ ਉਸ ਦੀ ਕਹਾਣੀ ਬਾਈਬਲ ਵਿਚ ਲਿਖੀ ਗਈ। ਬਾਈਬਲ ਵਿੱਚੋਂ ਇਹ ਤਾਂ ਸਿਰਫ਼ ਇਕ ਮਿਸਾਲ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਭਗਤਾਂ ਦੀ ਕਦਰ ਕਰਦਾ ਹੈ।

2, 3. (ੳ) ਇਹ ਮਾਅਰਕੇ ਦੀ ਗੱਲ ਕਿਉਂ ਹੈ ਕਿ ਯਹੋਵਾਹ ਸਾਡੀ ਇੰਨੀ ਕਦਰ ਕਰਦਾ ਹੈ? (ਅ) ਮਿਸਾਲ ਦੇ ਕੇ ਸਮਝਾਓ ਕਿ ਯਹੋਵਾਹ ਸਾਡੀ ਸੇਵਾ ਤੋਂ ਖ਼ੁਸ਼ ਕਿਉਂ ਹੁੰਦਾ ਹੈ।

2 ਯਹੋਵਾਹ ਦੀ ਨਜ਼ਰ ਵਿਚ ਇਹ ਅਨਿਆਂ ਹੋਵੇਗਾ ਜੇ ਉਹ ਸਾਡੀ ਸੇਵਾ ਦੀ ਕਦਰ ਨਾ ਕਰੇ। ਇਬਰਾਨੀਆਂ 6:10 ਵਿਚ ਲਿਖਿਆ ਹੈ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ ਭਈ ਤੁਸਾਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਭੀ ਹੋ।” ਇਹ ਮਾਅਰਕੇ ਦੀ ਗੱਲ ਹੈ ਕਿ ਪਰਮੇਸ਼ੁਰ ਪਾਪੀ ਇਨਸਾਨਾਂ ਦੀ ਕਦਰ ਕਰਦਾ ਹੈ ਜੋ ਅਕਸਰ ਗ਼ਲਤੀਆਂ ਕਰਦੇ ਹਨ।—ਰੋਮੀਆਂ 3:23.

3 ਸਾਨੂੰ ਸ਼ਾਇਦ ਲੱਗੇ ਕਿ ਭੁੱਲਣਹਾਰ ਹੋਣ ਕਰਕੇ ਜੋ ਵੀ ਅਸੀਂ ਯਹੋਵਾਹ ਦੀ ਸੇਵਾ ਵਿਚ ਕਰਦੇ ਹਾਂ, ਉਹ ਕੁਝ ਵੀ ਨਹੀਂ, ਯਹੋਵਾਹ ਦੀ ਬਰਕਤ ਦੇ ਲਾਇਕ ਵੀ ਨਹੀਂ। ਪਰ ਯਹੋਵਾਹ ਸਾਨੂੰ ਚੰਗੀ ਤਰ੍ਹਾਂ ਸਮਝਦਾ ਹੈ। ਸਾਡੇ ਹਾਲਾਤਾਂ ਤੋਂ ਵਾਕਫ਼ ਹੋਣ ਤੋਂ ਇਲਾਵਾ ਉਸ ਨੂੰ ਇਹ ਵੀ ਪਤਾ ਹੈ ਕਿ ਅਸੀਂ ਕੋਈ ਕੰਮ ਕਿਉਂ ਕਰਦੇ ਹਾਂ। ਜਦ ਅਸੀਂ ਜੀ-ਜਾਨ ਨਾਲ ਉਸ ਦੀ ਸੇਵਾ ਕਰਦੇ ਹਾਂ, ਤਾਂ ਉਹ ਖ਼ੁਸ਼ ਹੁੰਦਾ ਹੈ। (ਮੱਤੀ 22:37) ਫ਼ਰਜ਼ ਕਰੋ ਕਿ ਇਕ ਮਾਂ ਮੇਜ਼ ਉੱਤੇ ਇਕ ਸਸਤੀ ਜਿਹੀ ਮਾਲਾ ਪਈ ਦੇਖਦੀ ਹੈ। ਉਹ ਉਸ ਦੀ ਕੀਮਤ ਜਾਣਦੀ ਹੋਈ ਉਸ ਨੂੰ ਇਕ ਪਾਸੇ ਸੁੱਟ ਸਕਦੀ ਹੈ। ਲੇਕਿਨ ਉਸ ਮਾਲਾ ਦੇ ਨਾਲ ਇਕ ਛੋਟੀ ਚਿੱਠੀ ਵੀ ਹੈ ਜਿਸ ਨੂੰ ਪੜ੍ਹ ਕੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਬੱਚੀ ਨੇ ਇਹ ਮਾਲਾ ਆਪਣੇ ਪੈਸੇ ਜੋੜ-ਜੋੜ ਕੇ ਉਸ ਲਈ ਖ਼ਰੀਦੀ ਹੈ। ਮਾਂ ਦੀਆਂ ਨਜ਼ਰਾਂ ਵਿਚ ਹੁਣ ਉਹੀ ਮਾਲਾ ਅਨਮੋਲ ਬਣ ਜਾਂਦੀ ਹੈ। ਉਹ ਆਪਣੀ ਬੱਚੀ ਨੂੰ ਗਲੇ ਲਾ ਕੇ ਉਸ ਦਾ ਧੰਨਵਾਦ ਕਰਦੀ ਹੈ।

4, 5. ਦੂਸਰਿਆਂ ਦੀ ਕਦਰ ਕਰਨ ਵਿਚ ਯਿਸੂ ਨੇ ਆਪਣੇ ਪਿਤਾ ਦੀ ਰੀਸ ਕਿਵੇਂ ਕੀਤੀ?

4 ਜਦੋਂ ਅਸੀਂ ਆਪਣੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਤਨ-ਮਨ ਲਾ ਕੇ ਯਹੋਵਾਹ ਦੀ ਸੇਵਾ ਕਰਦੇ ਹਾਂ, ਤਾਂ ਉਹ ਸਾਡੀ ਬਹੁਤ ਕਦਰ ਕਰਦਾ ਹੈ, ਚਾਹੇ ਅਸੀਂ ਬਹੁਤਾ ਕਰੀਏ ਜਾਂ ਥੋੜ੍ਹਾ। ਯਿਸੂ ਵੀ ਆਪਣੇ ਪਿਤਾ ਯਹੋਵਾਹ ਵਾਂਗ ਦੂਸਰਿਆਂ ਦੀ ਕਦਰ ਕਰਦਾ ਸੀ। ਯਾਦ ਕਰੋ ਕਿ ਬਾਈਬਲ ਵਿਚ ਇਕ ਗ਼ਰੀਬ ਵਿਧਵਾ ਬਾਰੇ ਕੀ ਲਿਖਿਆ ਹੈ। ਯਿਸੂ ਨੇ “ਅੱਖੀਆਂ ਚੁੱਕ ਕੇ ਧਨਵਾਨਾਂ ਨੂੰ ਆਪਣੇ ਚੰਦੇ ਖ਼ਜ਼ਾਨੇ ਵਿੱਚ ਪਾਉਂਦਿਆਂ ਡਿੱਠਾ। ਅਰ ਉਸ ਨੇ ਇੱਕ ਕੰਗਾਲ ਵਿਧਵਾ ਨੂੰ ਦੋ ਦਮੜੀਆਂ ਉੱਥੇ ਪਾਉਂਦਿਆਂ ਵੇਖਿਆ। ਤਾਂ ਓਸ ਨੇ ਆਖਿਆ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਇਸ ਕੰਗਾਲ ਵਿਧਵਾ ਨੇ ਉਨ੍ਹਾਂ ਸਭਨਾਂ ਨਾਲੋਂ ਬਹੁਤਾ ਪਾ ਦਿੱਤਾ ਹੈ। ਕਿਉਂ ਜੋ ਉਨ੍ਹਾਂ ਸਭਨਾਂ ਨੇ ਆਪਣੇ ਵਾਫ਼ਰ ਮਾਲ ਤੋਂ ਕੁਝ ਦਾਨ ਪਾਇਆ ਪਰ ਇਹ ਨੇ ਆਪਣੀ ਥੁੜ ਵਿੱਚੋਂ ਸਾਰੀ ਪੂੰਜੀ ਜੋ ਇਹ ਦੀ ਸੀ ਪਾ ਦਿੱਤੀ।”—ਲੂਕਾ 21:1-4.

5 ਯਿਸੂ ਜਾਣਦਾ ਸੀ ਕਿ ਉਹ ਤੀਵੀਂ ਵਿਧਵਾ ਹੋਣ ਦੇ ਨਾਲ-ਨਾਲ ਗ਼ਰੀਬ ਵੀ ਸੀ। ਇਸ ਲਈ ਯਿਸੂ ਨੇ ਉਸ ਦੇ ਦਾਨ ਦੀ ਹੋਰ ਵੀ ਕਦਰ ਕੀਤੀ। ਇਸ ਗੱਲ ਵਿਚ ਉਹ ਯਹੋਵਾਹ ਦੀ ਰੀਸ ਕਰ ਰਿਹਾ ਸੀ। (ਯੂਹੰਨਾ 14:9) ਕੀ ਸਾਨੂੰ ਇਸ ਤੋਂ ਹੌਸਲਾ ਨਹੀਂ ਮਿਲਦਾ ਕਿ ਸਾਡੇ ਹਾਲਾਤ ਜੋ ਵੀ ਹੋਣ, ਅਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਦੀ ਮਿਹਰ ਪਾ ਸਕਦੇ ਹਾਂ?

ਯਹੋਵਾਹ ਨੇ ਅਬਦ-ਮਲਕ ਨੂੰ ਬਰਕਤ ਦਿੱਤੀ

6, 7. ਯਹੋਵਾਹ ਨੇ ਅਬਦ-ਮਲਕ ਨੂੰ ਚੰਗਾ ਕਿਉਂ ਸਮਝਿਆ ਸੀ ਤੇ ਉਸ ਨੇ ਉਹ ਨੂੰ ਕਿਹੜੀ ਬਰਕਤ ਦਿੱਤੀ?

6 ਬਾਈਬਲ ਵਿਚ ਇਹ ਗੱਲ ਵਾਰ-ਵਾਰ ਦੁਹਰਾਈ ਗਈ ਹੈ ਕਿ ਯਹੋਵਾਹ ਆਪਣੇ ਭਗਤਾਂ ਦਾ ਫਲਦਾਤਾ ਹੈ। ਯਿਰਮਿਯਾਹ ਨਬੀ ਦੇ ਜ਼ਮਾਨੇ ਵਿਚ ਰਹਿਣ ਵਾਲੇ ਅਬਦ-ਮਲਕ ਨਾਂ ਦੇ ਇਥੋਪੀਆਈ ਬੰਦੇ ਦੀ ਹੀ ਮਿਸਾਲ ਲੈ ਲਓ ਜੋ ਯਹੂਦਾਹ ਦੇਸ਼ ਦੇ ਪਾਤਸ਼ਾਹ ਸਿਦਕੀਯਾਹ ਦੇ ਮਹਿਲ ਵਿਚ ਕੰਮ ਕਰਦਾ ਸੀ। ਯਹੂਦਾਹ ਦੇ ਸਰਦਾਰਾਂ ਨੇ ਯਿਰਮਿਯਾਹ ਨਬੀ ਉੱਤੇ ਦੇਸ਼-ਧਰੋਹੀ ਹੋਣ ਦਾ ਝੂਠਾ ਇਲਜ਼ਾਮ ਲਾ ਕੇ ਉਸ ਨੂੰ ਇਕ ਟੋਏ ਵਿਚ ਸੁੱਟ ਦਿੱਤਾ ਸੀ ਤਾਂਕਿ ਉਹ ਭੁੱਖਾ-ਪਿਆਸਾ ਉੱਥੇ ਮਰ ਜਾਵੇ। (ਯਿਰਮਿਯਾਹ 38:1-7) ਅਬਦ-ਮਲਕ ਜਾਣਦਾ ਸੀ ਕਿ ਸਰਦਾਰਾਂ ਨੇ ਯਿਰਮਿਯਾਹ ਦੇ ਸੰਦੇਸ਼ ਤੋਂ ਚਿੜ ਕੇ ਉਸ ਨਾਲ ਇਸ ਤਰ੍ਹਾਂ ਕੀਤਾ ਸੀ। ਇਸ ਲਈ ਅਬਦ-ਮਲਕ ਆਪਣੀ ਜਾਨ ਦਾਅ ਤੇ ਲਾ ਕੇ ਪਾਤਸ਼ਾਹ ਨਾਲ ਗੱਲ ਕਰਨ ਗਿਆ। ਹਿੰਮਤ ਨਾਲ ਉਸ ਨੇ ਪਾਤਸ਼ਾਹ ਨੂੰ ਕਿਹਾ: “ਹੇ ਪਾਤਸ਼ਾਹ, ਮੇਰੇ ਮਾਲਕ, ਇਨ੍ਹਾਂ ਮਨੁੱਖਾਂ ਨੇ ਸਭ ਕੁਝ ਜੋ ਇਨ੍ਹਾਂ ਨੇ ਯਿਰਮਿਯਾਹ ਨਬੀ ਨਾਲ ਕੀਤਾ ਹੈ ਸੋ ਬੁਰਾ ਕੀਤਾ ਹੈ ਜਦੋਂ ਇਨ੍ਹਾਂ ਨੇ ਉਹ ਨੂੰ ਭੋਹਰੇ ਵਿੱਚ ਪਾ ਦਿੱਤਾ ਹੈ। ਉੱਥੇ ਉਹ ਕਾਲ ਨਾਲ ਮਰ ਜਾਵੇਗਾ ਕਿਉਂ ਜੋ ਸ਼ਹਿਰ ਵਿੱਚ ਹੋਰ ਰੋਟੀ ਹੈ ਨਹੀਂ।” ਪਾਤਸ਼ਾਹ ਦੇ ਹੁਕਮ ਅਨੁਸਾਰ ਅਬਦ-ਮਲਕ ਨੇ ਆਪਣੇ ਨਾਲ 30 ਬੰਦੇ ਲੈ ਕੇ ਪਰਮੇਸ਼ੁਰ ਦੇ ਨਬੀ ਨੂੰ ਬਚਾਇਆ।—ਯਿਰਮਿਯਾਹ 38:8-13.

7 ਯਹੋਵਾਹ ਨੇ ਦੇਖਿਆ ਕਿ ਅਬਦ-ਮਲਕ ਨੂੰ ਉਸ ਉੱਤੇ ਪੱਕੀ ਨਿਹਚਾ ਸੀ, ਜਿਸ ਕਰਕੇ ਉਹ ਸਹੀ ਕੰਮ ਕਰਨ ਦੀ ਹਿੰਮਤ ਰੱਖ ਰਿਹਾ ਸੀ। ਇਸ ਲਈ ਯਹੋਵਾਹ ਨੇ ਯਿਰਮਿਯਾਹ ਰਾਹੀਂ ਅਬਦ-ਮਲਕ ਨੂੰ ਕਿਹਾ: ‘ਮੇਰੀਆਂ ਗੱਲਾਂ ਏਸ ਸ਼ਹਿਰ ਦੇ ਵਿਖੇ ਬੁਰਿਆਈ ਲਈ ਹੋਣਗੀਆਂ ਪਰ ਭਲਿਆਈ ਲਈ ਨਹੀਂ ਅਤੇ ਉਸ ਦਿਨ ਮੈਂ ਤੈਨੂੰ ਛੱਡ ਦਿਆਂਗਾ ਅਤੇ ਤੂੰ ਓਹਨਾਂ ਮਨੁੱਖਾਂ ਦੇ ਹੱਥ ਵਿੱਚ ਨਾ ਦਿੱਤਾ ਜਾਵੇਂਗਾ ਜਿਨ੍ਹਾਂ ਦੇ ਅੱਗੋਂ ਤੂੰ ਭੈ ਖਾਂਦਾ ਹੈਂ। ਮੈਂ ਤੈਨੂੰ ਜ਼ਰੂਰ ਛੁਡਾਵਾਂਗਾ ਅਤੇ ਤੇਰੀ ਜਾਨ ਤੇਰੇ ਲਈ ਲੁੱਟ ਦਾ ਮਾਲ ਹੋਵੇਗੀ ਕਿਉਂ ਜੋ ਤੈਂ ਮੇਰੇ ਉੱਤੇ ਭਰੋਸਾ ਰੱਖਿਆ।’ (ਯਿਰਮਿਯਾਹ 39:16-18) ਜੀ ਹਾਂ, ਯਹੋਵਾਹ ਨੇ ਯਹੂਦਾਹ ਦੇ ਦੁਸ਼ਟ ਸਰਦਾਰਾਂ ਦੇ ਹੱਥੋਂ ਯਿਰਮਿਯਾਹ ਦੇ ਨਾਲ-ਨਾਲ ਅਬਦ-ਮਲਕ ਨੂੰ ਵੀ ਬਚਾਇਆ। ਬਾਅਦ ਵਿਚ ਜਦ ਬਾਬਲੀਆਂ ਨੇ ਯਰੂਸ਼ਲਮ ਨੂੰ ਤਬਾਹ ਕੀਤਾ, ਤਾਂ ਯਹੋਵਾਹ ਨੇ ਫਿਰ ਇਨ੍ਹਾਂ ਦੋਹਾਂ ਦੀ ਜਾਨ ਬਚਾਈ। ਜ਼ਬੂਰ 97:10 ਵਿਚ ਲਿਖਿਆ ਹੈ ਕਿ ਯਹੋਵਾਹ “ਆਪਣੇ ਸੰਤਾਂ ਦੀਆਂ ਜਾਨਾਂ ਦੀ ਰੱਖਿਆ ਕਰਦਾ ਹੈ, ਉਹ ਉਨ੍ਹਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਉਂਦਾ ਹੈ।”

“ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇਗਾ”

8, 9. ਜਿਵੇਂ ਯਿਸੂ ਦੀ ਮਿਸਾਲ ਤੋਂ ਪਤਾ ਲੱਗਦਾ ਹੈ, ਯਹੋਵਾਹ ਪ੍ਰਾਰਥਨਾ ਦੇ ਸੰਬੰਧ ਵਿਚ ਕੀ ਚਾਹੁੰਦਾ ਹੈ?

8 ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦੀ ਵੀ ਕਦਰ ਕਰਦਾ ਹੈ। ਸਾਨੂੰ ਇਹ ਕਿਵੇਂ ਪਤਾ ਹੈ? ਆਓ ਆਪਾਂ ਦੇਖੀਏ ਕਿ ਬਾਈਬਲ ਪ੍ਰਾਰਥਨਾ ਬਾਰੇ ਕੀ ਕਹਿੰਦੀ ਹੈ। “ਸਚਿਆਰਾਂ ਦੀ ਪ੍ਰਾਰਥਨਾ ਤੋਂ [ਪਰਮੇਸ਼ੁਰ] ਪਰਸੰਨ ਹੁੰਦਾ ਹੈ।” (ਕਹਾਉਤਾਂ 15:8) ਯਿਸੂ ਦੇ ਜ਼ਮਾਨੇ ਵਿਚ ਕਈ ਧਾਰਮਿਕ ਆਗੂ ਸਾਰਿਆਂ ਦੇ ਸਾਮ੍ਹਣੇ ਪ੍ਰਾਰਥਨਾ ਕਰਦੇ ਸਨ। ਕਿਉਂ? ਇਸ ਲਈ ਨਹੀਂ ਕਿ ਉਹ ਦਿਲੋਂ ਪਰਮੇਸ਼ੁਰ ਦੀ ਭਗਤੀ ਕਰਦੇ ਸਨ, ਪਰ ਇਸ ਲਈ ਕਿ ਉਹ ਬੰਦਿਆਂ ਦੀ ਵਾਹ-ਵਾਹ ਸੁਣਨੀ ਚਾਹੁੰਦੇ ਸਨ। ਯਿਸੂ ਨੇ ਕਿਹਾ: “ਓਹ ਆਪਣਾ ਫਲ ਪਾ ਚੁੱਕੇ।” ਫਿਰ ਉਸ ਨੇ ਅੱਗੇ ਕਿਹਾ: “ਜਾਂ ਤੂੰ ਪ੍ਰਾਰਥਨਾ ਕਰੇਂ ਤਾਂ ਆਪਣੀ ਕੋਠੜੀ ਵਿੱਚ ਵੜ ਅਤੇ ਆਪਣਾ ਬੂਹਾ ਭੇੜ ਕੇ ਆਪਣੇ ਪਿਤਾ ਤੋਂ ਜਿਹੜਾ ਗੁਪਤ ਹੈ ਪ੍ਰਾਰਥਨਾ ਕਰ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇਗਾ।”—ਮੱਤੀ 6:5, 6.

9 ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਦੂਸਰਿਆਂ ਦੇ ਸਾਮ੍ਹਣੇ ਪ੍ਰਾਰਥਨਾ ਕਰਨੀ ਗ਼ਲਤ ਹੈ। ਸਮੇਂ-ਸਮੇਂ ਤੇ ਉਸ ਨੇ ਖ਼ੁਦ ਦੂਸਰਿਆਂ ਦੇ ਸਾਮ੍ਹਣੇ ਪ੍ਰਾਰਥਨਾ ਕੀਤੀ ਸੀ। (ਲੂਕਾ 9:16) ਯਹੋਵਾਹ ਇਹੀ ਚਾਹੁੰਦਾ ਹੈ ਕਿ ਅਸੀਂ ਦਿਲ ਖੋਲ੍ਹ ਕੇ ਉਸ ਨੂੰ ਪ੍ਰਾਰਥਨਾ ਕਰੀਏ, ਨਾ ਕਿ ਦੂਸਰਿਆਂ ਦੀ ਵਡਿਆਈ ਪਾਉਣ ਲਈ। ਸਾਡੀਆਂ ਪ੍ਰਾਰਥਨਾਵਾਂ ਦਿਖਾਉਂਦੀਆਂ ਹਨ ਕਿ ਅਸੀਂ ਪਰਮੇਸ਼ੁਰ ਨੂੰ ਕਿੰਨਾ ਕੁ ਪਿਆਰ ਕਰਦੇ ਹਾਂ ਤੇ ਉਸ ਉੱਤੇ ਕਿੰਨਾ ਕੁ ਭਰੋਸਾ ਰੱਖਦੇ ਹਾਂ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯਿਸੂ ਕਈ ਵਾਰ ਬਾਕੀਆਂ ਤੋਂ ਅਲੱਗ ਹੋ ਕੇ ਪ੍ਰਾਰਥਨਾ ਕਰਨ ਦੇ ਮੌਕੇ ਭਾਲਦਾ ਸੀ। ਇਕ ਵਾਰ “ਵੱਡੇ ਤੜਕੇ ਕੁਝ ਰਾਤ ਰਹਿੰਦਿਆਂ” ਹੀ ਉਹ ਇਕ ਸ਼ਾਂਤ ਥਾਂ ਤੇ ਪ੍ਰਾਰਥਨਾ ਕਰਨ ਗਿਆ। ਇਕ ਹੋਰ ਮੌਕੇ ਤੇ ਉਹ “ਪ੍ਰਾਰਥਨਾ ਕਰਨ ਲਈ ਨਿਰਾਲੇ ਵਿੱਚ ਪਹਾੜ ਤੇ ਚੜ੍ਹ ਗਿਆ।” ਆਪਣੇ 12 ਰਸੂਲ ਚੁਣਨ ਤੋਂ ਪਹਿਲਾਂ ਯਿਸੂ ਨੇ ਸਾਰੀ ਰਾਤ ਪ੍ਰਾਰਥਨਾ ਕਰਦਿਆਂ ਗੁਜ਼ਾਰੀ।—ਮਰਕੁਸ 1:35; ਮੱਤੀ 14:23; ਲੂਕਾ 6:12, 13.

10. ਜਦ ਅਸੀਂ ਤਹਿ ਦਿਲੋਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਕਿਸ ਗੱਲ ਦਾ ਯਕੀਨ ਰੱਖ ਸਕਦੇ ਹਾਂ?

10 ਜ਼ਰਾ ਸੋਚੋ ਕਿ ਯਹੋਵਾਹ ਨੇ ਆਪਣੇ ਪੁੱਤਰ ਦੀਆਂ ਪ੍ਰਾਰਥਨਾਵਾਂ ਨੂੰ ਕਿੰਨੇ ਧਿਆਨ ਨਾਲ ਸੁਣਿਆ ਹੋਵੇਗਾ। ਕਈ ਵਾਰ ਤਾਂ ਯਿਸੂ ਨੇ “ਬਹੁਤ ਢਾਹਾਂ ਮਾਰ ਮਾਰ ਕੇ ਅਤੇ ਅੰਝੂ ਕੇਰ ਕੇਰ ਕੇ . . . ਬੇਨਤੀਆਂ ਅਤੇ ਮਿੰਨਤਾਂ ਕੀਤੀਆਂ ਅਤੇ ਪਰਮੇਸ਼ੁਰ ਦਾ ਭੈ ਰੱਖਣ ਦੇ ਕਾਰਨ ਉਹ ਦੀ ਸੁਣੀ ਗਈ।” (ਇਬਰਾਨੀਆਂ 5:7; ਲੂਕਾ 22:41-44) ਜਦ ਅਸੀਂ ਯਿਸੂ ਵਾਂਗ ਤਹਿ ਦਿਲੋਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਨੂੰ ਵੀ ਧਿਆਨ ਨਾਲ ਸੁਣਦਾ ਹੈ। ਵਾਕਈ ‘ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਸਚਿਆਈ ਨਾਲ ਪੁਕਾਰਦੇ ਹਨ।’—ਜ਼ਬੂਰਾਂ ਦੀ ਪੋਥੀ 145:18.

11. ਯਹੋਵਾਹ ਉਨ੍ਹਾਂ ਕੰਮਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜੋ ਅਸੀਂ ਦੂਸਰਿਆਂ ਦੀਆਂ ਨਜ਼ਰਾਂ ਤੋਂ ਓਹਲੇ ਹੁੰਦੇ ਹੋਏ ਕਰਦੇ ਹਾਂ?

11 ਜੇ ਯਹੋਵਾਹ ਦਿਲ ਵਿਚ ਕੀਤੀਆਂ ਗਈਆਂ ਸਾਡੀਆਂ ਪ੍ਰਾਰਥਨਾਵਾਂ ਦੀ ਕਦਰ ਕਰਦਾ ਹੈ, ਤਾਂ ਉਸ ਨੂੰ ਕਿੰਨਾ ਚੰਗਾ ਲੱਗਦਾ ਹੋਵੇਗਾ ਜਦ ਅਸੀਂ ਦੂਸਰਿਆਂ ਦੀਆਂ ਅੱਖਾਂ ਤੋਂ ਓਹਲੇ ਉਸ ਦੇ ਆਖੇ ਵੀ ਲੱਗਦੇ ਹਾਂ! ਜੀ ਹਾਂ, ਯਹੋਵਾਹ ਜਾਣਦਾ ਹੈ ਕਿ ਅਸੀਂ ਇਕੱਲੇ ਹੁੰਦੇ ਹੋਏ ਕੀ-ਕੀ ਕਰਦੇ ਹਾਂ। (1 ਪਤਰਸ 3:12) ਜੇ ਅਸੀਂ ਦੂਸਰਿਆਂ ਦੀਆਂ ਨਜ਼ਰਾਂ ਤੋਂ ਓਹਲੇ ਹੁੰਦੇ ਹੋਏ ਵੀ ਯਹੋਵਾਹ ਪ੍ਰਤੀ ਵਫ਼ਾਦਾਰ ਤੇ ਉਸ ਦੇ ਕਹਿਣੇ ਵਿਚ ਰਹੀਏ, ਤਾਂ ਇਸ ਤੋਂ ਸਬੂਤ ਮਿਲਦਾ ਹੈ ਕਿ ਅਸੀਂ “ਪੱਕੇ ਮਨ ਨਾਲ” ਯਹੋਵਾਹ ਦੀ ਸੇਵਾ ਕਰ ਰਹੇ ਹਾਂ। (1 ਇਤਹਾਸ 28:9) ਸਾਡਾ ਸ਼ੁੱਧ ਚਾਲ-ਚਲਣ ਦੇਖ ਕੇ ਯਹੋਵਾਹ ਦਾ ਜੀ ਕਿੰਨਾ ਖ਼ੁਸ਼ ਹੁੰਦਾ ਹੋਣਾ!—ਕਹਾਉਤਾਂ 27:11; 1 ਯੂਹੰਨਾ 3:22.

12, 13. ਨਥਾਨਿਏਲ ਵਾਂਗ ਅਸੀਂ ਆਪਣਾ ਦਿਲ ਅਤੇ ਮਨ ਸਾਫ਼ ਕਿਸ ਤਰ੍ਹਾਂ ਰੱਖ ਸਕਦੇ ਹਾਂ?

12 ਇਸ ਕਰਕੇ ਅਸੀਂ ਲੁਕ ਕੇ ਅਜਿਹਾ ਕੋਈ ਕੰਮ ਨਹੀਂ ਕਰਾਂਗੇ ਜੋ ਸਾਡੇ ਦਿਲ ਅਤੇ ਮਨ ਨੂੰ ਮੈਲਾ ਕਰ ਦੇਵੇ। ਮਿਸਾਲ ਲਈ, ਅਸੀਂ ਲੁਕ-ਛਿਪ ਕੇ ਅਸ਼ਲੀਲ ਤਸਵੀਰਾਂ ਜਾਂ ਹਿੰਸਾ ਭਰੀਆਂ ਫ਼ਿਲਮਾਂ ਨਹੀਂ ਦੇਖਾਂਗੇ। ਇਹ ਸੱਚ ਹੈ ਕਿ ਕੁਝ ਪਾਪ ਇਨਸਾਨਾਂ ਤੋਂ ਲੁਕਾਏ ਜਾ ਸਕਦੇ ਹਨ, ਪਰ ਸਾਨੂੰ ਪਤਾ ਹੈ ਕਿ “ਜਿਹ ਨੂੰ ਅਸਾਂ ਲੇਖਾ ਦੇਣਾ ਹੈ ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁਲ੍ਹੀਆਂ ਪਈਆਂ ਹਨ।” (ਇਬਰਾਨੀਆਂ 4:13; ਲੂਕਾ 8:17) ਜੇ ਅਸੀਂ ਉਨ੍ਹਾਂ ਕੰਮਾਂ ਤੋਂ ਦੂਰ ਰਹੀਏ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਗ਼ਲਤ ਹਨ, ਤਾਂ ਸਾਡੀ ਜ਼ਮੀਰ ਸਾਫ਼ ਹੋਵੇਗੀ ਤੇ ਸਾਨੂੰ ਇਹ ਜਾਣ ਕੇ ਖ਼ੁਸ਼ੀ ਮਿਲੇਗੀ ਕਿ ਅਸੀਂ ਯਹੋਵਾਹ ਨੂੰ ਖ਼ੁਸ਼ ਕੀਤਾ ਹੈ। ਜੀ ਹਾਂ, ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਉਸ ਇਨਸਾਨ ਨੂੰ ਬਹੁਤ ਪਸੰਦ ਕਰਦਾ ਹੈ “ਜਿਹੜਾ ਸਿੱਧੀ ਚਾਲ ਚੱਲਦਾ, ਨੇਕੀ ਕਰਦਾ, ਅਤੇ ਮਨੋਂ ਸੱਚ ਬੋਲਦਾ ਹੈ।”—ਜ਼ਬੂਰਾਂ ਦੀ ਪੋਥੀ 15:1, 2.

13 ਪਰ ਬੁਰਾਈ ਵਿਚ ਡੁੱਬੀ ਦੁਨੀਆਂ ਵਿਚ ਰਹਿੰਦੇ ਹੋਏ ਅਸੀਂ ਆਪਣੇ ਦਿਲ ਅਤੇ ਮਨ ਨੂੰ ਸਾਫ਼ ਕਿਸ ਤਰ੍ਹਾਂ ਰੱਖ ਸਕਦੇ ਹਾਂ? (ਕਹਾਉਤਾਂ 4:23; ਅਫ਼ਸੀਆਂ 2:2) ਯਹੋਵਾਹ ਨੇ ਸਾਡੀ ਮਦਦ ਕਰਨ ਲਈ ਬਹੁਤ ਸਾਰੇ ਇੰਤਜ਼ਾਮ ਕੀਤੇ ਹਨ ਅਤੇ ਸਾਨੂੰ ਇਨ੍ਹਾਂ ਸਾਰਿਆਂ ਦਾ ਪੂਰਾ ਫ਼ਾਇਦਾ ਉਠਾਉਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਸਾਨੂੰ ਬੁਰਾਈ ਤੋਂ ਮੂੰਹ ਮੋੜ ਕੇ ਨੇਕੀ ਦਾ ਪਿੱਛਾ ਕਰਨਾ ਚਾਹੀਦਾ ਹੈ। ਜੇ ਸਾਡੇ ਮਨ ਵਿਚ ਗ਼ਲਤ ਇੱਛਾਵਾਂ ਪੈਦਾ ਹੋਣ, ਤਾਂ ਸਾਨੂੰ ਇਨ੍ਹਾਂ ਨੂੰ ਇਕਦਮ ਦਬਾ ਦੇਣਾ ਚਾਹੀਦਾ ਹੈ ਤਾਂਕਿ ਅਸੀਂ ਪਾਪ ਨਾ ਕਰ ਬੈਠੀਏ। (ਯਾਕੂਬ 1:14, 15) ਜ਼ਰਾ ਸੋਚੋ ਕਿ ਤੁਸੀਂ ਕਿੰਨੇ ਖ਼ੁਸ਼ ਹੋਵੋਗੇ ਜੇ ਯਿਸੂ ਤੁਹਾਡੇ ਬਾਰੇ ਵੀ ਉਹੋ ਗੱਲ ਕਹੇ ਜੋ ਉਸ ਨੇ ਨਥਾਨਿਏਲ ਬਾਰੇ ਕਹੀ ਸੀ: “ਵੇਖੋ ਸੱਚਾ [ਬੰਦਾ] ਜਿਹ ਦੇ ਵਿੱਚ ਛੱਲ ਨਹੀਂ ਹੈ।” (ਯੂਹੰਨਾ 1:47) ਨਥਾਨਿਏਲ ਉਰਫ਼ ਬਰਥੁਲਮਈ ਨੂੰ ਬਾਅਦ ਵਿਚ ਯਿਸੂ ਦਾ ਰਸੂਲ ਬਣਨ ਦਾ ਸਨਮਾਨ ਪ੍ਰਾਪਤ ਹੋਇਆ।—ਮਰਕੁਸ 3:16-19.

“ਦਿਆਲੂ ਅਤੇ ਮਾਤਬਰ ਪਰਧਾਨ ਜਾਜਕ”

14. ਮਰਿਯਮ ਨੇ ਜੋ ਕੀਤਾ ਉਸ ਬਾਰੇ ਦੂਸਰਿਆਂ ਨੇ ਕੀ ਕਿਹਾ, ਪਰ ਯਿਸੂ ਦਾ ਕੀ ਵਿਚਾਰ ਸੀ?

14 ਯਿਸੂ “ਅਲੱਖ ਪਰਮੇਸ਼ੁਰ ਦਾ ਰੂਪ” ਹੈ, ਮਤਲਬ ਕਿ ਉਹ ਹਮੇਸ਼ਾ ਆਪਣੇ ਪਿਤਾ ਯਹੋਵਾਹ ਦੀ ਰੀਸ ਕਰਦਾ ਹੈ। (ਕੁਲੁੱਸੀਆਂ 1:15) ਯਹੋਵਾਹ ਵਾਂਗ ਉਹ ਵੀ ਉਨ੍ਹਾਂ ਦੀ ਕਦਰ ਕਰਦਾ ਹੈ ਜੋ ਪੂਰੇ ਦਿਲ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਮਿਸਾਲ ਲਈ, ਆਪਣੀ ਜਾਨ ਕੁਰਬਾਨ ਕਰਨ ਤੋਂ ਪੰਜ ਦਿਨ ਪਹਿਲਾਂ ਯਿਸੂ ਤੇ ਉਸ ਦੇ ਕੁਝ ਚੇਲੇ ਬੈਤਅਨੀਆ ਵਿਚ ਸ਼ਮਊਨ ਦੇ ਘਰ ਗਏ। ਉੱਥੇ ਲਾਜ਼ਰ ਤੇ ਮਾਰਥਾ ਦੀ ਭੈਣ ਮਰਿਯਮ ਨੇ “ਅੱਧ ਸੇਰ ਮਹਿੰਗ ਮੁੱਲਾ ਜਟਾ ਮਾਸੀ ਦਾ ਖਰਾ ਅਤਰ” ਯਿਸੂ ਦੇ ਚਰਨਾਂ ਅਤੇ ਸਿਰ ਤੇ ਪਾਇਆ। (ਯੂਹੰਨਾ 12:3) ਕਈਆਂ ਨੇ ਕਿਹਾ: “ਇਹ ਨੁਕਸਾਨ ਕਾਹ ਨੂੰ ਹੋਇਆ?” ਪਰ ਯਿਸੂ ਨੇ ਇਸ ਤਰ੍ਹਾਂ ਨਹੀਂ ਸੋਚਿਆ। ਉਸ ਨੇ ਮਰਿਯਮ ਦੀ ਦਰਿਆ-ਦਿਲੀ ਦੀ ਦਾਦ ਦਿੱਤੀ ਅਤੇ ਕਿਹਾ ਕਿ ਮਰਿਯਮ ਨੇ ਇਹ ਉਸ ਦੀ ਮੌਤ ਅਤੇ ਦਫ਼ਨਾਏ ਜਾਣ ਦੀ ਤਿਆਰੀ ਲਈ ਕੀਤਾ ਸੀ। ਯਿਸੂ ਨੇ ਮਰਿਯਮ ਨੂੰ ਝਿੜਕਣ ਦੀ ਬਜਾਇ ਉਸ ਦਾ ਮਾਣ ਕੀਤਾ। “ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਹੋਵੇਗਾ ਉੱਥੇ ਇਹ ਵੀ ਜੋ ਉਹ ਨੇ ਕੀਤਾ ਹੈ ਉਹ ਦੀ ਯਾਦਗਾਰੀ ਲਈ ਕਿਹਾ ਜਾਵੇਗਾ।”—ਮੱਤੀ 26:6-13.

15, 16. ਇਸ ਤੋਂ ਸਾਨੂੰ ਕੀ ਲਾਭ ਹੁੰਦਾ ਹੈ ਕਿ ਯਿਸੂ ਨੇ ਇਨਸਾਨ ਬਣ ਕੇ ਪਰਮੇਸ਼ੁਰ ਦੀ ਸੇਵਾ ਕੀਤੀ ਸੀ?

15 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਡਾ ਆਗੂ ਯਿਸੂ ਸਾਡੀ ਇੰਨੀ ਕਦਰ ਕਰਦਾ ਹੈ! ਧਰਤੀ ਉੱਤੇ ਇਨਸਾਨ ਬਣ ਕੇ ਅਤੇ ਭੁੱਲਣਹਾਰ ਇਨਸਾਨਾਂ ਵਿਚਕਾਰ ਜੀ ਕੇ ਯਿਸੂ ਇਕ ਹਮਦਰਦ ਪ੍ਰਧਾਨ ਜਾਜਕ ਅਤੇ ਰਾਜਾ ਬਣ ਸਕਿਆ—ਪਹਿਲਾਂ ਮਸਹ ਕੀਤੇ ਹੋਏ ਮਸੀਹੀਆਂ ਦਾ ਤੇ ਫਿਰ ਬਾਕੀ ਮਨੁੱਖਜਾਤੀ ਦਾ।—ਕੁਲੁੱਸੀਆਂ 1:13; ਇਬਰਾਨੀਆਂ 7:26; ਪਰਕਾਸ਼ ਦੀ ਪੋਥੀ 11:15.

16 ਧਰਤੀ ਉੱਤੇ ਆਉਣ ਤੋਂ ਪਹਿਲਾਂ ਹੀ ਯਿਸੂ ਨੂੰ ਇਨਸਾਨਾਂ ਨਾਲ ਮੋਹ ਸੀ। (ਕਹਾਉਤਾਂ 8:31) ਇਨਸਾਨ ਬਣ ਕੇ ਉਹ ਹੋਰ ਚੰਗੀ ਤਰ੍ਹਾਂ ਸਮਝ ਸਕਿਆ ਕਿ ਪਰਮੇਸ਼ੁਰ ਦੀ ਸੇਵਾ ਕਰਦੇ ਹੋਏ ਸਾਨੂੰ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਪੌਲੁਸ ਰਸੂਲ ਨੇ ਲਿਖਿਆ ਕਿ ਯਿਸੂ “ਸਭਨੀਂ ਗੱਲੀਂ ਆਪਣੇ ਭਾਈਆਂ ਵਰਗਾ [ਬਣਿਆ] ਤਾਂ ਜੋ ਉਹ . . . ਲੋਕਾਂ ਦੇ ਪਾਪਾਂ ਦਾ ਪਰਾਸਚਿਤ ਕਰਨ ਨੂੰ ਦਿਆਲੂ ਅਤੇ ਮਾਤਬਰ ਪਰਧਾਨ ਜਾਜਕ ਹੋਵੇ। ਕਿਉਂਕਿ ਜਦੋਂ ਉਸ ਨੇ ਆਪ ਹੀ ਪਰਤਾਵੇ ਵਿੱਚ ਪੈ ਕੇ ਦੁਖ ਝੱਲਿਆ ਤਾਂ ਉਹ ਓਹਨਾਂ ਦੀ ਜਿਹੜੇ ਪਰਤਾਵੇ ਵਿੱਚ ਪੈਂਦੇ ਹਨ ਸਹਾਇਤਾ ਕਰ ਸੱਕਦਾ ਹੈ।” ਯਿਸੂ “ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ” ਹੈ ਕਿਉਂਕਿ ਉਹ “ਸਾਰੀਆਂ ਗੱਲਾਂ ਵਿੱਚ ਸਾਡੇ ਵਾਂਙੁ ਪਰਤਾਇਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ।”—ਇਬਰਾਨੀਆਂ 2:17, 18; 4:15, 16.

17, 18. (ੳ) ਏਸ਼ੀਆ ਮਾਈਨਰ ਦੀਆਂ ਸੱਤ ਕਲੀਸਿਯਾਵਾਂ ਨੂੰ ਲਿਖੀਆਂ ਚਿੱਠੀਆਂ ਤੋਂ ਸਾਨੂੰ ਯਿਸੂ ਬਾਰੇ ਕੀ ਪਤਾ ਲੱਗਦਾ ਹੈ? (ਅ) ਮਸਹ ਕੀਤੇ ਹੋਏ ਮਸੀਹੀ ਕਿਸ ਕੰਮ ਲਈ ਤਿਆਰ ਕੀਤੇ ਜਾ ਰਹੇ ਸਨ?

17 ਯਿਸੂ ਦੇ ਜੀ ਉਠਾਏ ਜਾਣ ਤੋਂ ਬਾਅਦ ਇਹ ਗੱਲ ਦੇਖੀ ਜਾ ਸਕਦੀ ਸੀ ਕਿ ਉਹ ਆਪਣੇ ਚੇਲਿਆਂ ਦੇ ਦੁੱਖਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਦਾ ਸੀ। ਧਿਆਨ ਦਿਓ ਕਿ ਉਸ ਨੇ ਯੂਹੰਨਾ ਰਸੂਲ ਨੂੰ ਏਸ਼ੀਆ ਮਾਈਨਰ ਦੀਆਂ ਸੱਤ ਕਲੀਸਿਯਾਵਾਂ ਨੂੰ ਕੀ ਲਿਖਣ ਲਈ ਕਿਹਾ ਸੀ। ਸਮੁਰਨੇ ਦੀ ਕਲੀਸਿਯਾ ਨੂੰ ਯਿਸੂ ਨੇ ਕਿਹਾ: ‘ਮੈਂ ਤੁਹਾਡੀ ਬਿਪਤਾ ਅਤੇ ਗਰੀਬੀ ਨੂੰ ਜਾਣਦਾ ਹਾਂ।’ ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ‘ਮੈਂ ਤੁਹਾਡੀ ਹਰ ਮੁਸ਼ਕਲ ਨੂੰ ਸਮਝਦਾ ਹਾਂ; ਮੈਨੂੰ ਪਤਾ ਹੈ ਕਿ ਤੁਹਾਡੇ ਤੇ ਕੀ ਬੀਤ ਰਹੀ ਹੈ।’ ਮੌਤ ਤਕ ਆਪ ਦੁੱਖ ਸਹਿਣ ਕਰਕੇ ਉਹ ਹਮਦਰਦੀ ਤੇ ਪੂਰੇ ਵਿਸ਼ਵਾਸ ਨਾਲ ਕਲੀਸਿਯਾ ਨੂੰ ਕਹਿ ਸਕਿਆ: ‘ਮਰਨ ਤੋੜੀ ਵਫ਼ਾਦਾਰ ਰਹੋ ਤਾਂ ਮੈਂ ਤੁਹਾਨੂੰ ਜੀਵਨ ਦਾ ਮੁਕਟ ਦਿਆਂਗਾ।’—ਪਰਕਾਸ਼ ਦੀ ਪੋਥੀ 2:8-10.

18 ਸੱਤ ਕਲੀਸਿਯਾਵਾਂ ਨੂੰ ਲਿਖੀਆਂ ਇਨ੍ਹਾਂ ਚਿੱਠੀਆਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਆਪਣੇ ਚੇਲਿਆਂ ਦੀਆਂ ਮੁਸ਼ਕਲਾਂ ਸਮਝਦਾ ਸੀ ਅਤੇ ਉਸ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਵਫ਼ਾਦਾਰੀ ਦਾ ਵੱਡਾ ਮੁੱਲ ਸੀ। (ਪਰਕਾਸ਼ ਦੀ ਪੋਥੀ 2:1–3:22) ਯਾਦ ਰੱਖੋ ਕਿ ਯਿਸੂ ਉਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨਾਲ ਗੱਲ ਕਰ ਰਿਹਾ ਸੀ ਜੋ ਉਸ ਨਾਲ ਸਵਰਗ ਵਿਚ ਰਾਜ ਕਰਨ ਦੀ ਉਮੀਦ ਰੱਖਦੇ ਸਨ। ਯਿਸੂ ਵਾਂਗ ਉਨ੍ਹਾਂ ਨੂੰ ਵੀ ਤਿਆਰ ਕੀਤਾ ਜਾ ਰਿਹਾ ਸੀ ਤਾਂਕਿ ਉਹ ਜਾਜਕਾਂ ਅਤੇ ਰਾਜਿਆਂ ਦੇ ਤੌਰ ਤੇ ਪਿਆਰ ਨਾਲ ਪਾਪੀ ਇਨਸਾਨਾਂ ਦੀ ਮਦਦ ਕਰ ਸਕਣਗੇ।—ਪਰਕਾਸ਼ ਦੀ ਪੋਥੀ 5:9, 10; 22:1-5.

19, 20. “ਵੱਡੀ ਭੀੜ” ਯਹੋਵਾਹ ਅਤੇ ਉਸ ਦੇ ਪੁੱਤਰ ਨੂੰ ਆਪਣੀ ਸ਼ੁਕਰਗੁਜ਼ਾਰੀ ਦਾ ਸਬੂਤ ਕਿਵੇਂ ਦੇ ਰਹੀ ਹੈ?

19 ਆਪਣੇ ਮਸਹ ਕੀਤੇ ਹੋਏ ਚੇਲਿਆਂ ਦੇ ਨਾਲ-ਨਾਲ ਯਿਸੂ ਆਪਣੀਆਂ ਵਫ਼ਾਦਾਰ ‘ਹੋਰ ਭੇਡਾਂ’ ਨਾਲ ਵੀ ਪਿਆਰ ਕਰਦਾ ਹੈ ਜਿਨ੍ਹਾਂ ਦੀ ਗਿਣਤੀ ਹੁਣ ਲੱਖਾਂ ਵਿਚ ਹੈ। ਉਹ ਹਰੇਕ ਕੌਮ ਵਿੱਚੋਂ ਨਿਕਲੇ ਲੋਕਾਂ ਦੀ ਉਸ “ਵੱਡੀ ਭੀੜ” ਦਾ ਹਿੱਸਾ ਹਨ ਜੋ ਆਉਣ ਵਾਲੀ “ਵੱਡੀ ਬਿਪਤਾ” ਵਿੱਚੋਂ ਬਚ ਨਿਕਲੇਗੀ। (ਯੂਹੰਨਾ 10:16; ਪਰਕਾਸ਼ ਦੀ ਪੋਥੀ 7:9, 14) ਇਹ ਲੋਕ ਯਿਸੂ ਦੇ ਬਲੀਦਾਨ ਵਾਸਤੇ ਅਤੇ ਹਮੇਸ਼ਾ ਲਈ ਜੀਣ ਦੀ ਉਮੀਦ ਵਾਸਤੇ ਸ਼ੁਕਰਗੁਜ਼ਾਰ ਹਨ ਜਿਸ ਕਰਕੇ ਉਹ ਯਿਸੂ ਕੋਲ ਆਉਂਦੇ ਹਨ। ਉਹ ਆਪਣੀ ਸ਼ੁਕਰਗੁਜ਼ਾਰੀ ਦਾ ਸਬੂਤ ਕਿਵੇਂ ਦਿੰਦੇ ਹਨ? ਉਹ “ਰਾਤ ਦਿਨ [ਪਰਮੇਸ਼ੁਰ] ਦੀ ਉਪਾਸਨਾ ਕਰਦੇ ਹਨ।”—ਪਰਕਾਸ਼ ਦੀ ਪੋਥੀ 7:15-17.

20 2006 ਦੇ ਸੇਵਾ ਸਾਲ ਲਈ ਯਹੋਵਾਹ ਦੇ ਗਵਾਹਾਂ ਦੀ ਰਿਪੋਰਟ ਸਫ਼ੇ 27-30 ਉੱਤੇ ਦਿੱਤੀ ਗਈ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਵੱਡੀ ਭੀੜ ਧਰਤੀ ਤੇ ਬਾਕੀ ਰਹਿੰਦੇ ਮਸਹ ਕੀਤੇ ਹੋਏ ਮਸੀਹੀਆਂ ਨਾਲ ਮਿਲ ਕੇ ਸੱਚ-ਮੁੱਚ “ਰਾਤ ਦਿਨ” ਯਹੋਵਾਹ ਦੀ ਸੇਵਾ ਕਰ ਰਹੀ ਹੈ। ਦਰਅਸਲ ਸਾਲ 2006 ਦੌਰਾਨ ਉਨ੍ਹਾਂ ਸਾਰਿਆਂ ਨੇ 1,33,39,66,199 ਘੰਟੇ ਪ੍ਰਚਾਰ ਕੀਤਾ ਜੋ 1,50,000 ਤੋਂ ਜ਼ਿਆਦਾ ਸਾਲਾਂ ਦੇ ਬਰਾਬਰ ਹੈ!

ਸ਼ੁਕਰ ਕਰਦੇ ਰਹੋ!

21, 22. (ੳ) ਅੱਜ ਦੀ ਦੁਨੀਆਂ ਵਿਚ ਰਹਿੰਦੇ ਹੋਏ ਸਾਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ? (ਅ) ਅਗਲੇ ਲੇਖ ਵਿਚ ਅਸੀਂ ਕਿਸ ਬਾਰੇ ਗੱਲ ਕਰਾਂਗੇ?

21 ਯਹੋਵਾਹ ਅਤੇ ਉਸ ਦੇ ਪੁੱਤਰ ਨੇ ਦਿਖਾਇਆ ਹੈ ਕਿ ਉਹ ਪਾਪੀ ਇਨਸਾਨਾਂ ਦੀ ਬਹੁਤ ਕਦਰ ਕਰਦੇ ਹਨ। ਪਰ ਦੁੱਖ ਦੀ ਗੱਲ ਹੈ ਕਿ ਜ਼ਿਆਦਾਤਰ ਲੋਕ ਪਰਮੇਸ਼ੁਰ ਬਾਰੇ ਸੋਚਣ ਦੀ ਬਜਾਇ ਆਪਣੇ ਹੀ ਕੰਮਾਂ ਵਿਚ ਪਏ ਹੋਏ ਹਨ। “ਅੰਤ ਦਿਆਂ ਦਿਨਾਂ” ਵਿਚ ਰਹਿਣ ਵਾਲੇ ਲੋਕਾਂ ਬਾਰੇ ਪੌਲੁਸ ਨੇ ਲਿਖਿਆ: “ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, . . . ਨਾਸ਼ੁਕਰੇ” ਹੋਣਗੇ। (2 ਤਿਮੋਥਿਉਸ 3:1-5) ਅਜਿਹੇ ਲੋਕ ਯਹੋਵਾਹ ਦੇ ਗਵਾਹਾਂ ਤੋਂ ਕਿੰਨੇ ਵੱਖਰੇ ਹਨ! ਅਸੀਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰ ਕੇ, ਉਸ ਦਾ ਕਹਿਣਾ ਮੰਨ ਕੇ ਅਤੇ ਜੀ-ਜਾਨ ਨਾਲ ਉਸ ਦੀ ਭਗਤੀ ਕਰ ਕੇ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਬਹੁਤ ਧੰਨਵਾਦੀ ਹਾਂ!—ਜ਼ਬੂਰਾਂ ਦੀ ਪੋਥੀ 62:8; ਮਰਕੁਸ 12:30; 1 ਯੂਹੰਨਾ 5:3.

22 ਅਗਲੇ ਲੇਖ ਵਿਚ ਅਸੀਂ ਯਹੋਵਾਹ ਦੇ ਉਨ੍ਹਾਂ ਕੁਝ ਪ੍ਰਬੰਧਾਂ ਬਾਰੇ ਗੱਲ ਕਰਾਂਗੇ ਜੋ ਉਸ ਨੇ ਪਿਆਰ ਨਾਲ ਸਾਡੇ ਲਈ ਕੀਤੇ ਹਨ। ਆਓ ਆਪਾਂ ਇਨ੍ਹਾਂ ‘ਚੰਗੇ ਦਾਨਾਂ’ ਦੀ ਹਮੇਸ਼ਾ ਕਦਰ ਕਰਦੇ ਰਹੀਏ।—ਯਾਕੂਬ 1:17.

ਤੁਸੀਂ ਕੀ ਜਵਾਬ ਦਿਓਗੇ?

• ਯਹੋਵਾਹ ਨੇ ਕਿਵੇਂ ਦਿਖਾਇਆ ਹੈ ਕਿ ਉਹ ਆਪਣੇ ਭਗਤਾਂ ਦੀ ਕਦਰ ਕਰਦਾ ਹੈ?

• ਦੂਸਰਿਆਂ ਦੀਆਂ ਨਜ਼ਰਾਂ ਤੋਂ ਓਹਲੇ ਹੁੰਦੇ ਹੋਏ ਵੀ ਅਸੀਂ ਯਹੋਵਾਹ ਦੇ ਦਿਲ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹਾਂ?

• ਯਿਸੂ ਨੇ ਕਿਨ੍ਹਾਂ ਤਰੀਕਿਆਂ ਨਾਲ ਦਿਖਾਇਆ ਕਿ ਉਹ ਦੂਸਰਿਆਂ ਨੂੰ ਸਮਝਦਾ ਸੀ?

• ਇਨਸਾਨ ਦੀ ਜ਼ਿੰਦਗੀ ਜੀ ਕੇ ਯਿਸੂ ਇਕ ਦਇਆਵਾਨ ਤੇ ਹਮਦਰਦ ਰਾਜਾ ਕਿਵੇਂ ਬਣ ਸਕਿਆ?

[ਸਵਾਲ]

[ਸਫ਼ਾ 17 ਉੱਤੇ ਤਸਵੀਰ]

ਜਿਵੇਂ ਇਕ ਮਾਂ ਬੱਚੀ ਤੋਂ ਮਿਲੇ ਤੋਹਫ਼ੇ ਦੀ ਕਦਰ ਕਰਦੀ ਹੈ, ਤਿਵੇਂ ਯਹੋਵਾਹ ਜੀ-ਜਾਨ ਨਾਲ ਕੀਤੀ ਸਾਡੀ ਸੇਵਾ ਦੀ ਕਦਰ ਕਰਦਾ ਹੈ