Skip to content

Skip to table of contents

ਯਿਸੂ ਦੇ ਚੇਲੇ ਬਣਾਉਣ ਦਾ ਕੰਮ ਕਰ ਕੇ ਮਿਲਦੀ ਹੈ ਬੇਅੰਤ ਖ਼ੁਸ਼ੀ

ਯਿਸੂ ਦੇ ਚੇਲੇ ਬਣਾਉਣ ਦਾ ਕੰਮ ਕਰ ਕੇ ਮਿਲਦੀ ਹੈ ਬੇਅੰਤ ਖ਼ੁਸ਼ੀ

ਜੀਵਨੀ

ਯਿਸੂ ਦੇ ਚੇਲੇ ਬਣਾਉਣ ਦਾ ਕੰਮ ਕਰ ਕੇ ਮਿਲਦੀ ਹੈ ਬੇਅੰਤ ਖ਼ੁਸ਼ੀ

ਪੈਮਲਾ ਮੋਜ਼ਲੀ ਦੀ ਜ਼ਬਾਨੀ

1941 ਵਿਚ ਜਰਮਨ ਫ਼ੌਜਾਂ ਨੇ ਇੰਗਲੈਂਡ ਉੱਤੇ ਧਾਵਾ ਬੋਲ ਕੇ ਬੰਬ ਵਰਸਾਉਣੇ ਸ਼ੁਰੂ ਕਰ ਦਿੱਤੇ। ਅਸੀਂ ਉਸ ਵੇਲੇ ਬ੍ਰਿਸਟਲ ਵਿਚ ਰਹਿੰਦੇ ਹੁੰਦੇ ਸਾਂ। ਉਨ੍ਹੀਂ ਦਿਨੀਂ ਮੇਰੇ ਮਾਤਾ ਜੀ ਮੈਨੂੰ ਲੈਸਟਰ ਨਾਂ ਦੇ ਸ਼ਹਿਰ ਵਿਚ ਹੋਏ ਯਹੋਵਾਹ ਦੇ ਗਵਾਹਾਂ ਦੇ ਇਕ ਸੰਮੇਲਨ ਵਿਚ ਆਪਣੇ ਨਾਲ ਲੈ ਕੇ ਗਏ। ਉੱਥੇ ਅਸੀਂ ਭਰਾ ਜੋਸਫ਼ ਰਦਰਫ਼ਰਡ ਦਾ ਬੱਚਿਆਂ ਬਾਰੇ ਇਕ ਖ਼ਾਸ ਭਾਸ਼ਣ ਸੁਣਿਆ। ਉਸ ਸੰਮੇਲਨ ਵਿਚ ਮੈਂ ਅਤੇ ਮੇਰੇ ਮਾਤਾ ਜੀ ਨੇ ਬਪਤਿਸਮਾ ਲਿਆ। ਕਿੰਨੀਆਂ ਖ਼ੁਸ਼ ਸਨ ਉਹ ਭੈਣਾਂ ਜਿਨ੍ਹਾਂ ਨੇ ਸਾਡੀ ਪਰਮੇਸ਼ੁਰ ਦੇ ਨਜ਼ਦੀਕ ਆਉਣ ਵਿਚ ਮਦਦ ਕੀਤੀ ਸੀ! ਉਸ ਵੇਲੇ ਮੈਂ ਨਹੀਂ ਜਾਣਦੀ ਸੀ ਕਿ ਯਿਸੂ ਮਸੀਹ ਦੇ ਚੇਲੇ ਬਣਾ ਕੇ ਕਿੰਨੀ ਖ਼ੁਸ਼ੀ ਮਿਲਦੀ ਹੈ!

ਅਸੀਂ 1940 ਵਿਚ ਹੀ ਯਿਸੂ ਦੇ ਚੇਲੇ ਬਣਨ ਦਾ ਫ਼ੈਸਲਾ ਕੀਤਾ ਸੀ। ਮੈਨੂੰ ਸਤੰਬਰ 1939 ਦਾ ਉਹ ਭਿਆਨਕ ਦਿਨ ਯਾਦ ਹੈ ਜਦੋਂ ਦੂਜਾ ਮਹਾਂ ਯੁੱਧ ਸ਼ੁਰੂ ਹੋਇਆ ਸੀ। ਮਾਤਾ ਜੀ ਰੋ-ਰੋ ਕੇ ਪੁੱਛ ਰਹੇ ਸਨ ਕਿ “ਦੁਨੀਆਂ ਵਿਚ ਇੰਨੀ ਅੱਤ ਕਿਉਂ ਮਚੀ ਹੋਈ ਹੈ?” ਮੇਰੇ ਮਾਤਾ-ਪਿਤਾ ਪਹਿਲੇ ਮਹਾਂ ਯੁੱਧ ਦੌਰਾਨ ਮਿਲਟਰੀ ਸੇਵਾ ਕਰ ਚੁੱਕੇ ਸਨ ਤੇ ਉਨ੍ਹਾਂ ਨੂੰ ਬਹੁਤ ਦਹਿਸ਼ਤ ਭਰੀਆਂ ਘਟਨਾਵਾਂ ਯਾਦ ਸਨ। ਮਾਤਾ ਜੀ ਨੇ ਬ੍ਰਿਸਟਲ ਸ਼ਹਿਰ ਦੇ ਇਕ ਪਾਦਰੀ ਨੂੰ ਇਹ ਸਵਾਲ ਪੁੱਛਿਆ। ਉਸ ਨੇ ਬਸ ਇੰਨਾ ਹੀ ਕਿਹਾ: “ਲੜਾਈਆਂ ਹਮੇਸ਼ਾ ਹੁੰਦੀਆਂ ਰਹੀਆਂ ਹਨ ਤੇ ਹਮੇਸ਼ਾ ਹੁੰਦੀਆਂ ਰਹਿਣਗੀਆਂ।”

ਪਰ ਕੁਝ ਦਿਨਾਂ ਬਾਅਦ ਸਾਡੇ ਘਰ ਇਕ ਬਜ਼ੁਰਗ ਔਰਤ ਆਈ ਜੋ ਯਹੋਵਾਹ ਦੀ ਗਵਾਹ ਸੀ। ਮਾਤਾ ਜੀ ਨੇ ਉਸ ਨੂੰ ਉਹੀ ਸਵਾਲ ਪੁੱਛਿਆ: “ਦੁਨੀਆਂ ਵਿਚ ਇੰਨੀ ਅੱਤ ਕਿਉਂ ਮਚੀ ਹੋਈ ਹੈ?” ਉਸ ਔਰਤ ਨੇ ਸਮਝਾਇਆ ਕਿ ਲੜਾਈਆਂ ਇਸ ਦੁਸ਼ਟ ਸੰਸਾਰ ਦੇ ਅੰਤਲੇ ਦਿਨਾਂ ਦੀਆਂ ਨਿਸ਼ਾਨੀਆਂ ਸਨ। (ਮੱਤੀ 24:3-14) ਥੋੜ੍ਹੀ ਦੇਰ ਬਾਅਦ ਉਸ ਦੀ ਧੀ ਸਾਡੇ ਨਾਲ ਬਾਈਬਲ ਸਟੱਡੀ ਕਰਨ ਲੱਗ ਪਈ। ਸੰਮੇਲਨ ਵਿਚ ਸਾਨੂੰ ਬਪਤਿਸਮਾ ਲੈਂਦੀਆਂ ਦੇਖ ਕੇ ਉਹ ਬਹੁਤ ਖ਼ੁਸ਼ ਹੋਈਆਂ। ਚੇਲੇ ਬਣਾ ਕੇ ਲੋਕ ਇੰਨੇ ਖ਼ੁਸ਼ ਕਿਉਂ ਹੁੰਦੇ ਹਨ? ਇਸ ਸਵਾਲ ਦਾ ਜਵਾਬ ਮੈਨੂੰ ਬਾਅਦ ਵਿਚ ਮਿਲਿਆ। ਆਓ ਮੈਂ ਤੁਹਾਨੂੰ ਕੁਝ ਗੱਲਾਂ ਦੱਸਾਂ ਜੋ ਮੈਂ 65 ਸਾਲ ਚੇਲੇ ਬਣਾਉਣ ਦਾ ਕੰਮ ਕਰ ਕੇ ਸਿੱਖੀਆਂ।

ਸਿੱਖਿਆ ਦੇਣ ਦਾ ਮਜ਼ਾ

ਮੈਂ ਬ੍ਰਿਸਟਲ ਵਿਚ 11 ਸਾਲ ਦੀ ਉਮਰ ਤੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਇਕ ਭਰਾ ਨੇ ਮੈਨੂੰ ਫੋਨੋਗ੍ਰਾਫ ਤੇ ਇਕ ਟੈਸਟੀਮਨੀ ਕਾਰਡ ਦੇ ਕੇ ਕਿਹਾ: “ਤੂੰ ਸੜਕ ਦੇ ਉਸ ਪਾਸੇ ਦੇ ਸਾਰੇ ਘਰਾਂ ਵਿਚ ਜਾ ਕੇ ਪ੍ਰਚਾਰ ਕਰ।” ਭਾਵੇਂ ਮੈਂ ਡਰੀ ਹੋਈ ਸੀ, ਫਿਰ ਵੀ ਮੈਂ ਇਕੱਲੀ ਤੁਰ ਪਈ। ਮੈਂ ਘਰ ਵਾਲਿਆਂ ਨੂੰ ਪਹਿਲਾਂ ਫੋਨੋਗ੍ਰਾਫ ਉੱਤੇ ਇਕ ਬਾਈਬਲ ਭਾਸ਼ਣ ਸੁਣਾਇਆ ਤੇ ਫਿਰ ਉਨ੍ਹਾਂ ਨੂੰ ਟੈਸਟੀਮਨੀ ਕਾਰਡ ਪੜ੍ਹਨ ਲਈ ਦਿੱਤਾ ਜਿਸ ਵਿਚ ਬਾਈਬਲ ਸਾਹਿੱਤ ਦੀ ਪੇਸ਼ਕਸ਼ ਕੀਤੀ ਗਈ ਸੀ।

1950 ਦੇ ਦਹਾਕੇ ਦੇ ਸ਼ੁਰੂ ਵਿਚ, ਘਰ-ਘਰ ਪ੍ਰਚਾਰ ਕਰਦਿਆਂ ਲੋਕਾਂ ਨੂੰ ਬਾਈਬਲ ਵਿੱਚੋਂ ਹਵਾਲੇ ਪੜ੍ਹ ਕੇ ਸੁਣਾਉਣ ਉੱਤੇ ਜ਼ੋਰ ਦਿੱਤਾ ਗਿਆ ਸੀ। ਪਹਿਲਾਂ-ਪਹਿਲ ਆਪਣੇ ਸ਼ਰਮਾਕਲ ਸੁਭਾਅ ਕਾਰਨ ਮੇਰੇ ਲਈ ਅਜਨਬੀ ਲੋਕਾਂ ਨਾਲ ਗੱਲ ਕਰਨੀ ਤੇ ਉਨ੍ਹਾਂ ਨੂੰ ਬਾਈਬਲ ਵਿੱਚੋਂ ਹਵਾਲੇ ਸਮਝਾਉਣੇ ਮੁਸ਼ਕਲ ਸਨ। ਪਰ ਫਿਰ ਹੌਲੀ-ਹੌਲੀ ਮੇਰਾ ਹੌਸਲਾ ਵਧਦਾ ਗਿਆ ਤੇ ਮੈਨੂੰ ਪ੍ਰਚਾਰ ਕਰਨ ਵਿਚ ਮਜ਼ਾ ਆਉਣ ਲੱਗਾ। ਕੁਝ ਲੋਕ ਸਾਨੂੰ ਸਿਰਫ਼ ਪੁਸਤਕਾਂ ਵੇਚਣ ਵਾਲੇ ਹੀ ਸਮਝਦੇ ਸਨ, ਪਰ ਜਦੋਂ ਅਸੀਂ ਉਨ੍ਹਾਂ ਨੂੰ ਬਾਈਬਲ ਵਿੱਚੋਂ ਹਵਾਲੇ ਪੜ੍ਹ ਕੇ ਸਮਝਾਉਣੇ ਸ਼ੁਰੂ ਕੀਤੇ, ਤਾਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਅਸਲ ਵਿਚ ਅਸੀਂ ਪਰਮੇਸ਼ੁਰ ਦੇ ਬਚਨ ਦੇ ਸਿੱਖਿਅਕ ਹਾਂ। ਮੈਨੂੰ ਸਿੱਖਿਆ ਦੇਣ ਵਿਚ ਇੰਨਾ ਮਜ਼ਾ ਆਇਆ ਕਿ ਮੈਂ ਮਨ ਬਣਾ ਲਿਆ ਕਿ ਮੈਂ ਇਹ ਕੰਮ ਜ਼ਿਆਦਾ ਤੋਂ ਜ਼ਿਆਦਾ ਕਰਾਂਗੀ। ਸੋ ਸਤੰਬਰ 1955 ਵਿਚ ਮੈਂ ਪਾਇਨੀਅਰ ਸੇਵਾ ਸ਼ੁਰੂ ਕਰ ਦਿੱਤੀ।

ਮਿਹਨਤ ਦਾ ਫਲ

ਪਹਿਲੀ ਗੱਲ ਮੈਂ ਇਹ ਸਿੱਖੀ ਕਿ ਪ੍ਰਚਾਰ ਵਿਚ ਲੱਗੇ ਰਹਿਣ ਨਾਲ ਹੀ ਮਿਹਨਤ ਦਾ ਫਲ ਮਿਲਦਾ ਹੈ। ਇਕ ਵਾਰ ਮੈਂ ਵਾਏਲੇਟ ਮੌਰੀਸ ਨਾਂ ਦੀ ਔਰਤ ਨੂੰ ਇਕ ਪਹਿਰਾਬੁਰਜ ਰਸਾਲਾ ਦਿੱਤਾ। ਜਦੋਂ ਮੈਂ ਵਾਪਸ ਉਸ ਨੂੰ ਮਿਲਣ ਲਈ ਗਈ, ਤਾਂ ਉਸ ਨੇ ਦਰਵਾਜ਼ੇ ਤੇ ਖੜ੍ਹੀ ਨੇ ਬੜੇ ਧਿਆਨ ਨਾਲ ਬਾਈਬਲ ਦੀਆਂ ਗੱਲਾਂ ਸੁਣੀਆਂ। ਜਦੋਂ ਵੀ ਮੈਂ ਉਸ ਦੇ ਘਰ ਗਈ, ਉਸ ਨੇ ਬੜੀ ਦਿਲਚਸਪੀ ਨਾਲ ਗੱਲ ਸੁਣੀ। ਪਰ ਜਦੋਂ ਮੈਂ ਉਸ ਨਾਲ ਬਾਈਬਲ ਸਟੱਡੀ ਦੀ ਪੇਸ਼ਕਸ਼ ਕੀਤੀ, ਤਾਂ ਉਸ ਨੇ ਜਵਾਬ ਦਿੱਤਾ: “ਅਜੇ ਨਹੀਂ, ਨਿਆਣੇ ਵੱਡੇ ਹੋ ਜਾਣ ਮੈਂ ਫਿਰ ਸਟੱਡੀ ਕਰਾਂਗੀ।” ਮੈਂ ਇਹ ਗੱਲ ਸੁਣ ਕੇ ਬਹੁਤ ਨਿਰਾਸ਼ ਹੋਈ! ਬਾਈਬਲ ਕਹਿੰਦੀ ਹੈ ਕਿ “ਇੱਥੇ ਭਾਲ ਕਰਨ ਦਾ ਸਮਾਂ ਹੈ, ਅਤੇ ਨੁਕਸਾਨ ਨੂੰ ਕਬੂਲਣ ਦਾ ਸਮਾਂ ਹੈ।” (ਉਪਦੇਸ਼ਕ ਦੀ ਪੋਥੀ 3:6, ਈਜ਼ੀ ਟੂ ਰੀਡ ਵਰਯਨ) ਮੈਂ ਫ਼ੈਸਲਾ ਕੀਤਾ ਕਿ ਮੈਂ ਹਾਰ ਮੰਨ ਕੇ ਨੁਕਸਾਨ ਨਹੀਂ ਕਬੂਲਾਂਗੀ।

ਇਕ ਮਹੀਨੇ ਬਾਅਦ ਮੈਂ ਵਾਪਸ ਜਾ ਕੇ ਵਾਏਲੇਟ ਨਾਲ ਬਾਈਬਲ ਵਿੱਚੋਂ ਹੋਰ ਹਵਾਲਿਆਂ ਦੀ ਚਰਚਾ ਕੀਤੀ। ਕੁਝ ਸਮੇਂ ਬਾਅਦ ਉਹ ਹਰ ਹਫ਼ਤੇ ਆਪਣੇ ਦਰ ਤੇ ਖੜ੍ਹ ਕੇ ਬਾਈਬਲ ਸਟੱਡੀ ਕਰਨ ਲੱਗ ਪਈ ਸੀ। ਫਿਰ ਇਕ ਦਿਨ ਉਸ ਨੇ ਕਿਹਾ: “ਤੂੰ ਅੰਦਰ ਹੀ ਕਿਉਂ ਨਹੀਂ ਆ ਜਾਂਦੀ?” ਵਾਏਲੇਟ ਮੇਰੀ ਕਿੰਨੀ ਪਿਆਰੀ ਮਸੀਹੀ ਭੈਣ ਤੇ ਸਹੇਲੀ ਬਣ ਗਈ! ਵਾਏਲੇਟ ਬਪਤਿਸਮਾ ਲੈ ਕੇ ਯਹੋਵਾਹ ਦੀ ਗਵਾਹ ਬਣ ਗਈ।

ਇਕ ਦਿਨ ਵਾਏਲੇਟ ਨੂੰ ਬਹੁਤ ਸਦਮਾ ਪਹੁੰਚਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਨੇ ਬਿਨਾਂ ਪੁੱਛੇ-ਦੱਸੇ ਘਰ ਵੇਚ ਦਿੱਤਾ ਸੀ ਤੇ ਉਸ ਨੂੰ ਛੱਡ ਕੇ ਚਲਾ ਗਿਆ ਸੀ। ਪਰ ਇਕ ਭਰਾ ਦੀ ਮਿਹਨਤ ਸਦਕਾ ਉਸੇ ਦਿਨ ਦੁਪਹਿਰ ਨੂੰ ਉਸ ਦੇ ਰਹਿਣ ਲਈ ਇਕ ਹੋਰ ਘਰ ਦਾ ਪ੍ਰਬੰਧ ਹੋ ਗਿਆ। ਯਹੋਵਾਹ ਦਾ ਸ਼ੁਕਰੀਆ ਅਦਾ ਕਰਦਿਆਂ ਉਸ ਨੇ ਫ਼ੈਸਲਾ ਕੀਤਾ ਕਿ ਉਹ ਆਪਣੀ ਸਾਰੀ ਜ਼ਿੰਦਗੀ ਪਾਇਨੀਅਰ ਸੇਵਾ ਕਰੇਗੀ। ਜਦੋਂ ਮੈਂ ਦੇਖਿਆ ਕਿ ਯਹੋਵਾਹ ਲਈ ਉਸ ਵਿਚ ਕਿੰਨੀ ਸ਼ਰਧਾ ਹੈ, ਤਾਂ ਮੈਨੂੰ ਅਹਿਸਾਸ ਹੋਇਆ ਕਿ ਚੇਲੇ ਬਣਾ ਕੇ ਕਿਉਂ ਇੰਨੀ ਖ਼ੁਸ਼ੀ ਹੁੰਦੀ ਹੈ। ਸੋ ਮੈਂ ਆਪਣੀ ਸਾਰੀ ਜ਼ਿੰਦਗੀ ਲੋਕਾਂ ਨੂੰ ਯਿਸੂ ਦੇ ਚੇਲੇ ਬਣਾਉਣ ਵਿਚ ਲਗਾਉਣ ਦਾ ਫ਼ੈਸਲਾ ਕੀਤਾ!

1957 ਵਿਚ ਮੈਨੂੰ ਤੇ ਮੈਰੀ ਰੋਬਿਨਸਨ ਨੂੰ ਸਕਾਟਲੈਂਡ, ਗਲਾਸਗੋ ਦੇ ਰਦਰਗਲੈਨ ਉਦਯੋਗਿਕ ਇਲਾਕੇ ਵਿਚ ਪਾਇਨੀਅਰੀ ਕਰਨ ਲਈ ਭੇਜਿਆ ਗਿਆ। ਇਸ ਇਲਾਕੇ ਵਿਚ ਧੁੰਦ ਪੈਂਦੀ ਹੈ, ਠੰਢੀ ਹਵਾ ਵਗਦੀ ਹੈ, ਮੀਂਹ ਤੇ ਬਰਫ਼ ਪੈਂਦੀ ਹੈ, ਫਿਰ ਵੀ ਅਸੀਂ ਡੱਟ ਕੇ ਪ੍ਰਚਾਰ ਕਰਦੀਆਂ ਰਹੀਆਂ। ਇਕ ਦਿਨ ਮੈਨੂੰ ਜਸੀ ਨਾਂ ਦੀ ਔਰਤ ਮਿਲੀ। ਮੈਂ ਉਸ ਦੇ ਨਾਲ ਬਾਈਬਲ ਸਟੱਡੀ ਕਰਨਾ ਬਹੁਤ ਪਸੰਦ ਕਰਦੀ ਸੀ। ਉਸ ਦਾ ਪਤੀ ਵੌਲੀ ਇਕ ਕਮਿਊਨਿਸਟ ਸੀ ਤੇ ਮੇਰੇ ਤੋਂ ਪਰੇ-ਪਰੇ ਹੀ ਰਹਿੰਦਾ ਸੀ। ਜਦੋਂ ਉਸ ਨੂੰ ਬਾਈਬਲ ਸਟੱਡੀ ਕਰ ਕੇ ਪਤਾ ਚੱਲਿਆ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਸਾਰਿਆਂ ਲਈ ਸੁਖ-ਸ਼ਾਂਤੀ ਲਿਆਵੇਗਾ, ਉਹ ਬਹੁਤ ਹੀ ਖ਼ੁਸ਼ ਹੋਇਆ। ਕੁਝ ਸਮੇਂ ਬਾਅਦ ਉਹ ਦੋਵੇਂ ਆਪ ਵੀ ਚੇਲੇ ਬਣਾਉਣ ਦੇ ਕੰਮ ਵਿਚ ਜੁੱਟ ਗਏ।

ਦੂਜਿਆਂ ਬਾਰੇ ਝੱਟ ਫ਼ੈਸਲਾ ਨਾ ਕਰੋ

ਸਾਨੂੰ ਬਾਅਦ ਵਿਚ ਸਕਾਟਲੈਂਡ ਦੇ ਪੇਜ਼ਲੀ ਕਸਬੇ ਵਿਚ ਭੇਜਿਆ ਗਿਆ। ਇਕ ਦਿਨ ਪ੍ਰਚਾਰ ਕਰਦਿਆਂ ਮੈਂ ਇਕ ਘਰ ਦਾ ਦਰਵਾਜ਼ਾ ਖੜਕਾਇਆ। ਮੈਨੂੰ ਦੇਖ ਕੇ ਔਰਤ ਨੇ ਥਾੜ ਕਰ ਕੇ ਦਰਵਾਜ਼ਾ ਬੰਦ ਕਰ ਦਿੱਤਾ। ਪਰ ਮਾਫ਼ੀ ਮੰਗਣ ਲਈ ਉਹ ਜਲਦੀ ਹੀ ਬਾਹਰ ਆਣ ਕੇ ਮੈਨੂੰ ਲੱਭਣ ਲੱਗ ਪਈ। ਅਗਲੇ ਹਫ਼ਤੇ ਜਦੋਂ ਮੈਂ ਉਸ ਇਲਾਕੇ ਵਿਚ ਵਾਪਸ ਗਈ, ਤਾਂ ਉਸ ਨੇ ਕਿਹਾ: “ਤੇਰੇ ਜਾਣ ਤੋਂ ਬਾਅਦ ਮੈਨੂੰ ਲੱਗਾ ਕਿ ਮੈਂ ਰੱਬ ਤੋਂ ਦਰਵਾਜ਼ਾ ਭੇੜ ਦਿੱਤਾ ਸੀ। ਮੈਂ ਤੈਨੂੰ ਇਸ ਲਈ ਲੱਭ ਰਹੀ ਸੀ।” ਉਸ ਦਾ ਨਾਂ ਸੀ ਪਰਲ। ਉਸ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਤੇ ਸਹੇਲੀਆਂ ਤੋਂ ਇੰਨੀ ਨਿਰਾਸ਼ ਹੋ ਚੁੱਕੀ ਸੀ ਕਿ ਉਸ ਨੇ ਰੱਬ ਨੂੰ ਇਕ ਪੱਕੀ ਸਹੇਲੀ ਲਈ ਪ੍ਰਾਰਥਨਾ ਕੀਤੀ। “ਫਿਰ ਤੂੰ ਉਸ ਵੇਲੇ ਮੇਰੇ ਦਰ ਤੇ ਆਈ, ਹੁਣ ਮੈਨੂੰ ਯਕੀਨ ਹੋ ਗਿਆ ਕਿ ਤੂੰ ਹੀਂ ਉਹ ਸਹੇਲੀ ਏਂ,” ਉਸ ਨੇ ਕਿਹਾ।

ਪਰਲ ਨਾਲ ਦੋਸਤੀ ਨਿਭਾਉਣੀ ਸੌਖੀ ਨਹੀਂ ਸੀ। ਉਹ ਇਕ ਸਿੱਧੀ ਢਲਾਣ ਵਾਲੀ ਪਹਾੜੀ ਤੇ ਰਹਿੰਦੀ ਸੀ ਤੇ ਮੈਨੂੰ ਉੱਥੇ ਪੈਦਲ ਜਾਣਾ ਪੈਂਦਾ ਸੀ। ਮੈਂ ਉਸ ਨੂੰ ਜਦੋਂ ਪਹਿਲੀ ਵਾਰ ਮੀਟਿੰਗ ਤੇ ਲੈ ਜਾਣ ਲਈ ਉਸ ਦੇ ਘਰ ਗਈ, ਤਾਂ ਉਦੋਂ ਤੇਜ਼ ਹਵਾ ਅਤੇ ਜੋਰਦਾਰ ਮੀਂਹ ਕਰਕੇ ਮੇਰੇ ਪੈਰ ਜ਼ਮੀਨ ਤੋਂ ਉਖੜ ਰਹੇ ਸਨ। ਉਸ ਵੇਲੇ ਮੇਰੀ ਛਤਰੀ ਟੁੱਟ ਗਈ ਤੇ ਮੈਂ ਇਹ ਰਾਹ ਵਿਚ ਹੀ ਸੁੱਟ ਦਿੱਤੀ। ਪਹਿਲੀ ਮੁਲਾਕਾਤ ਤੋਂ ਛੇ ਮਹੀਨੇ ਬਾਅਦ ਪਰਲ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ।

ਕੁਝ ਸਮੇਂ ਬਾਅਦ ਉਸ ਦੇ ਪਤੀ ਨੇ ਵੀ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਤੇ ਫਿਰ ਇਕ ਦਿਨ ਮੈਂ ਉਸ ਨੂੰ ਆਪਣੇ ਨਾਲ ਘਰ-ਘਰ ਪ੍ਰਚਾਰ ਕਰਨ ਲੈ ਗਈ। ਉਸ ਦਿਨ ਵੀ ਮੀਂਹ ਪੈ ਰਿਹਾ ਸੀ। ਉਸ ਨੇ ਮੈਨੂੰ ਕਿਹਾ: “ਤੂੰ ਚਿੰਤਾ ਨਾ ਕਰ, ਜੇ ਮੈਂ ਫੁੱਟਬਾਲ ਦੇਖਣ ਲਈ ਮੀਂਹ ਵਿਚ ਘੰਟਿਆ ਬੱਧੀ ਖੜ੍ਹਾ ਰਹਿ ਸਕਦਾ ਹਾਂ, ਤਾਂ ਕੀ ਮੈਂ ਯਹੋਵਾਹ ਲਈ ਮੀਂਹ ਵਿਚ ਇੰਨਾ ਵੀ ਨਹੀਂ ਕਰ ਸਕਦਾ?” ਮੈਂ ਦੇਖਿਆ ਹੈ ਕਿ ਸਕਾਟਲੈਂਡ ਦੇ ਲੋਕ ਬੜੇ ਸਿਰੜ ਵਾਲੇ ਲੋਕ ਹਨ।

ਕਈ ਸਾਲਾਂ ਬਾਅਦ ਸਕਾਟਲੈਂਡ ਵਾਪਸ ਆ ਕੇ ਮੈਂ ਦੇਖਿਆ ਕਿ ਜਿਨ੍ਹਾਂ ਨਾਲ ਮੈਂ ਸਟੱਡੀ ਕੀਤੀ ਸੀ, ਉਨ੍ਹਾਂ ਦੀ ਨਿਹਚਾ ਅਜੇ ਵੀ ਮਜ਼ਬੂਤ ਹੈ! ਜੀ ਹਾਂ, ਚੇਲੇ ਬਣਾ ਕੇ ਸੱਚ-ਮੁੱਚ ਖ਼ੁਸ਼ੀ ਮਿਲਦੀ ਹੈ! (1 ਥੱਸਲੁਨੀਕੀਆਂ 2:17-20) ਸਕਾਟਲੈਂਡ ਵਿਚ ਅੱਠ ਸਾਲ ਪਾਇਨੀਅਰੀ ਕਰਨ ਤੋਂ ਬਾਅਦ, 1966 ਵਿਚ ਮੈਨੂੰ ਮਿਸ਼ਨਰੀ ਸਿਖਲਾਈ ਲਈ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਜਾਣ ਦਾ ਸੱਦਾ ਆਇਆ।

ਮੇਰੀ ਵਿਦੇਸ਼ ਸੇਵਾ

ਮੈਨੂੰ ਬੋਲੀਵੀਆ ਦੇ ਸੈਂਟਾ ਕਰੂਜ਼ ਨਾਂ ਦੇ ਸ਼ਹਿਰ ਵਿਚ ਭੇਜਿਆ ਗਿਆ ਜਿੱਥੇ ਕਲੀਸਿਯਾ ਵਿਚ 50 ਕੁ ਭੈਣ-ਭਰਾ ਸਨ। ਇਹ ਸ਼ਹਿਰ ਦੇਖ ਕੇ ਮੈਨੂੰ ਹਾਲੀਵੁਡ ਫਿਲਮਾਂ ਵਿਚ ਦਿਖਾਇਆ ਜਾਂਦਾ ਅਮਰੀਕਾ ਦਾ ਹੁੱਲੜਬਾਜ਼ ਪੱਛਮੀ ਇਲਾਕਾ ਯਾਦ ਆਇਆ। ਜਦ ਮੈਂ ਆਪਣੀ ਮਿਸ਼ਨਰੀ ਸੇਵਾ ਬਾਰੇ ਸੋਚਦੀ ਹਾਂ, ਤਾਂ ਮੈਨੂੰ ਲੱਗਦਾ ਕਿ ਇਹ ਸਾਧਾਰਣ ਹੀ ਰਹੀ ਹੈ ਕਿਉਂਕਿ ਨਾ ਤਾਂ ਕਿਸੇ ਮਗਰਮੱਛ ਨੇ ਮੇਰੇ ਤੇ ਹਮਲਾ ਕੀਤਾ, ਨਾ ਖ਼ਰੂਦੀ ਟੋਲੀਆਂ ਨੇ, ਨਾ ਮੈਂ ਕਿਸੇ ਰੇਗਿਸਤਾਨ ਵਿਚ ਗੁਆਚੀ ਤੇ ਨਾ ਹੀ ਸਮੁੰਦਰ ਵਿਚ ਮੇਰੀ ਬੇੜੀ ਡੁੱਬੀ। ਪਰ ਮੇਰੇ ਲਈ ਚੇਲੇ ਬਣਾਉਣ ਦਾ ਕੰਮ ਹੀ ਸਭ ਤੋਂ ਮਜ਼ੇਦਾਰ ਸੀ।

ਸੈਂਟਾ ਕਰੂਜ਼ ਸ਼ਹਿਰ ਵਿਚ ਜਿਸ ਪਹਿਲੀ ਔਰਤ ਨਾਲ ਮੈਂ ਬਾਈਬਲ ਸਟੱਡੀ ਕੀਤੀ, ਉਸ ਦਾ ਨਾਂ ਅਨਟੋਨੀਆ ਸੀ। ਮੇਰੇ ਲਈ ਸਪੇਨੀ ਭਾਸ਼ਾ ਵਿਚ ਸਿਖਾਉਣਾ ਬੜਾ ਔਖਾ ਸੀ। ਇਕ ਵਾਰ ਅਨਟੋਨੀਆ ਦੇ ਛੋਟੇ ਮੁੰਡੇ ਨੇ ਆਪਣੀ ਮੰਮੀ ਨੂੰ ਕਿਹਾ: “ਕੀ ਆਂਟੀ ਜੀ ਸਾਨੂੰ ਹਸਾਉਣ ਲਈ ਜਾਣ-ਬੁੱਝ ਕੇ ਗ਼ਲਤ-ਮਲਤ ਬੋਲਦੇ ਹਨ?” ਅਨਟੋਨੀਆ ਤੇ ਉਸ ਦੀ ਧੀ ਯੋਲੈਂਡਾ ਦੋਵੇਂ ਗਵਾਹ ਬਣ ਗਈਆਂ। ਯੋਲੈਂਡਾ ਦਾ ਇਕ ਦੋਸਤ ਡੀਟੋ ਵਕਾਲਤ ਦੀ ਪੜ੍ਹਾਈ ਕਰਦਾ ਸੀ। ਉਹ ਵੀ ਬਾਈਬਲ ਸਟੱਡੀ ਸ਼ੁਰੂ ਕਰ ਕੇ ਮੀਟਿੰਗਾਂ ਵਿਚ ਆਉਣ ਲੱਗ ਪਿਆ। ਉਸ ਨੂੰ ਸਟੱਡੀ ਕਰਾਉਂਦਿਆਂ ਮੈਂ ਇਹ ਸਿੱਖਿਆ ਕਿ ਕਈ ਵਾਰ ਲੋਕਾਂ ਨੂੰ ਥੋੜ੍ਹੀ-ਬਹੁਤੀ ਹੱਲਾਸ਼ੇਰੀ ਦੇਣ ਦੀ ਵੀ ਲੋੜ ਹੁੰਦੀ ਹੈ।

ਜਦੋਂ ਡੀਟੋ ਬਾਈਬਲ ਸਟੱਡੀ ਕਰਨ ਬਾਰੇ ਅਣਗਹਿਲੀ ਕਰਨ ਲੱਗ ਪਿਆ, ਤਾਂ ਮੈਂ ਉਸ ਨੂੰ ਕਿਹਾ: “ਡੀਟੋ, ਯਹੋਵਾਹ ਤੈਨੂੰ ਮਜਬੂਰ ਨਹੀਂ ਕਰਦਾ ਕਿ ਤੂੰ ਉਸ ਦੇ ਰਾਜ ਦਾ ਸਮਰਥਨ ਕਰੇਂ। ਤੈਨੂੰ ਖ਼ੁਦ ਫ਼ੈਸਲਾ ਕਰਨਾ ਪਵੇਗਾ ਕਿ ਤੂੰ ਕਰੇਂਗਾ।” ਜਦੋਂ ਉਸ ਨੇ ਪਰਮੇਸ਼ੁਰ ਦੀ ਸੇਵਾ ਕਰਨ ਦੀ ਇੱਛਾ ਜ਼ਾਹਰ ਕੀਤੀ, ਤਾਂ ਮੈਂ ਜਵਾਬ ਦਿੱਤਾ: “ਤੇਰੇ ਘਰ ਇਕ ਇਨਕਲਾਬੀ ਲੀਡਰ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਕੀ ਕੋਈ ਆਉਂਦਾ-ਜਾਂਦਾ ਬੰਦਾ ਇਨ੍ਹਾਂ ਨੂੰ ਦੇਖ ਕੇ ਇਹ ਸੋਚੇਗਾ ਕਿ ਤੂੰ ਪਰਮੇਸ਼ੁਰ ਦੇ ਰਾਜ ਦਾ ਸਮਰਥਕ ਹੈਂ?” ਬਸ ਉਸ ਨੂੰ ਇੰਨੀ ਕੁ ਹੱਲਾਸ਼ੇਰੀ ਦੀ ਲੋੜ ਸੀ।

ਦੋ ਹਫ਼ਤਿਆਂ ਬਾਅਦ ਕਾਲਜ ਵਿਚ ਦੰਗੇ ਹੋ ਗਏ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਪੁਲਸ ਵਿਚਕਾਰ ਗੋਲੀਬਾਰੀ ਹੋਈ। ਡੀਟੋ ਨੇ ਆਪਣੇ ਦੋਸਤਾਂ ਨੂੰ ਉੱਥੋਂ ਨੱਠ ਜਾਣ ਲਈ ਕਿਹਾ। ਉਨ੍ਹਾਂ ਵਿੱਚੋਂ ਇਕ ਨੇ ਜਵਾਬ ਦਿੱਤਾ ਕਿ “ਬਿਲਕੁਲ ਨਹੀਂ! ਕਿਉਂਕਿ ਅਸੀਂ ਇਸੇ ਦਿਨ ਦੀ ਤਾਂ ਉਡੀਕ ਕਰ ਰਹੇ ਸਾਂ।” ਉਹ ਬੰਦੂਕ ਲੈ ਕੇ ਯੂਨੀਵਰਸਿਟੀ ਦੀ ਛੱਤ ਉੱਤੇ ਚੜ੍ਹ ਗਿਆ। ਉਸ ਦਿਨ ਡੀਟੋ ਦੇ ਅੱਠ ਦੋਸਤ ਮੌਤ ਦੇ ਸ਼ਿਕਾਰ ਹੋਏ ਜਿਨ੍ਹਾਂ ਵਿੱਚੋਂ ਇਕ ਇਹ ਵੀ ਸੀ। ਕੀ ਤੁਸੀਂ ਮੇਰੀ ਖ਼ੁਸ਼ੀ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਡੀਟੋ ਇਨ੍ਹਾਂ ਦੰਗਿਆਂ ਦਾ ਸ਼ਿਕਾਰ ਨਹੀਂ ਹੋਇਆ ਕਿਉਂਕਿ ਉਸ ਨੇ ਸੱਚਾ ਮਸੀਹੀ ਬਣਨ ਦਾ ਫ਼ੈਸਲਾ ਕੀਤਾ ਸੀ?

ਯਹੋਵਾਹ ਦੀ ਆਤਮਾ ਦੀ ਮਦਦ

ਇਕ ਦਿਨ ਪ੍ਰਚਾਰ ਕਰਦਿਆਂ ਮੈਂ ਇਕ ਘਰ ਇਹ ਸੋਚ ਕੇ ਛੱਡ ਦਿੱਤਾ ਕਿ ਪਹਿਲਾਂ ਹੀ ਕੋਈ ਭੈਣ-ਭਰਾ ਉੱਥੇ ਜਾ ਚੁੱਕਾ ਸੀ। ਪਰ ਇਕ ਔਰਤ ਨੇ ਮੈਨੂੰ ਉਸ ਘਰੋਂ ਆਵਾਜ਼ ਮਾਰੀ। ਉਸ ਦਾ ਨਾਂ ਸੀ ਇਗਨੇਸ਼ੀਆ। ਉਹ ਯਹੋਵਾਹ ਦੇ ਗਵਾਹਾਂ ਬਾਰੇ ਜਾਣਦੀ ਸੀ ਪਰ ਉਸ ਦੇ ਪਤੀ ਨੇ ਉਸ ਨੂੰ ਯਹੋਵਾਹ ਬਾਰੇ ਸਿੱਖਣ ਤੋਂ ਵਰਜਿਆ ਸੀ। ਉਸ ਦਾ ਪਤੀ ਅਡਲਬਰਟੋ ਹੱਟਾ-ਕੱਟਾ ਪੁਲਸ ਅਫ਼ਸਰ ਸੀ। ਇਗਨੇਸ਼ੀਆ ਨੂੰ ਬਾਈਬਲ ਸਿੱਖਿਆਵਾਂ ਦੀ ਪੂਰੀ ਸਮਝ ਨਹੀਂ ਸੀ, ਇਸ ਲਈ ਮੈਂ ਉਸ ਨਾਲ ਬਾਈਬਲ ਦੀ ਸਟੱਡੀ ਸ਼ੁਰੂ ਕੀਤੀ। ਭਾਵੇਂ ਕਿ ਅਡਲਬਰਟੋ ਨੇ ਉਸ ਦੀ ਸਟੱਡੀ ਬੰਦ ਕਰਨ ਦੀ ਬੜੀ ਕੋਸ਼ਿਸ਼ ਕੀਤੀ, ਫਿਰ ਵੀ ਮੈਂ ਅਡਲਬਰਟੋ ਨਾਲ ਹੋਰਨਾਂ ਵਿਸ਼ਿਆਂ ਬਾਰੇ ਕਿੰਨਾ-ਕਿੰਨਾ ਚਿਰ ਗੱਲਾਂ-ਬਾਤਾਂ ਕਰਦੀ ਰਹਿੰਦੀ ਸੀ। ਇਹ ਸਾਡੀ ਪੱਕੀ ਦੋਸਤੀ ਵੱਲ ਪਹਿਲਾ ਕਦਮ ਸੀ।

ਤੁਸੀਂ ਸੋਚ ਨਹੀਂ ਸਕਦੇ ਕਿ ਮੈਂ ਕਿੰਨੀ ਖ਼ੁਸ਼ ਹੋਈ ਜਦੋਂ ਇਗਨੇਸ਼ੀਆ ਕਲੀਸਿਯਾ ਵਿਚ ਇਕ ਪਿਆਰੀ ਭੈਣ ਬਣ ਕੇ ਹੋਰਨਾਂ ਭੈਣਾਂ-ਭਰਾਵਾਂ ਦੀ ਸੱਚਾਈ ਵਿਚ ਤਰੱਕੀ ਕਰਨ ਵਿਚ ਤੇ ਹੋਰ ਤਰੀਕਿਆਂ ਨਾਲ ਮਦਦ ਕਰਨ ਲੱਗ ਪਈ। ਸਮੇਂ ਦੇ ਬੀਤਣ ਨਾਲ ਉਸ ਦਾ ਪਤੀ ਤੇ ਤਿੰਨ ਬੱਚੇ ਯਹੋਵਾਹ ਦੇ ਗਵਾਹ ਬਣ ਗਏ। ਅਸਲ ਵਿਚ ਜਦੋਂ ਅਡਲਬਰਟੋ ਨੂੰ ਰਾਜ ਦੀ ਖ਼ੁਸ਼ ਖ਼ਬਰੀ ਚੰਗੀ ਤਰ੍ਹਾਂ ਸਮਝ ਆਈ, ਤਾਂ ਉਹ ਪੁਲਸ ਸਟੇਸ਼ਨ ਗਿਆ ਤੇ ਉਸ ਨੇ ਪੁਲਸੀਆਂ ਨੂੰ ਜੋਸ਼ ਨਾਲ ਪ੍ਰਚਾਰ ਕੀਤਾ। ਉਸ ਨੂੰ ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲਿਆਂ ਦੀਆਂ 200 ਸਬਸਕ੍ਰਿਪਸ਼ਨਾਂ ਮਿਲੀਆਂ।

ਯਹੋਵਾਹ ਦੀਆਂ ਬਰਕਤਾਂ

ਸੈਂਟਾ ਕਰੂਜ਼ ਵਿਚ ਛੇ ਸਾਲ ਪ੍ਰਚਾਰ ਕਰਨ ਤੋਂ ਬਾਅਦ ਮੈਨੂੰ ਬੋਲੀਵੀਆ ਦੇ ਮੁੱਖ ਸ਼ਹਿਰ ਲਾ ਪਾਜ਼ ਵਿਚ ਭੇਜਿਆ ਗਿਆ ਜਿੱਥੇ ਮੈਂ ਅਗਲੇ 25 ਸਾਲ ਰਹੀ। 1970 ਦੇ ਦਹਾਕੇ ਦੇ ਸ਼ੁਰੂ ਵਿਚ ਯਹੋਵਾਹ ਦੇ ਗਵਾਹਾਂ ਦੀ ਲਾ ਪਾਜ਼ ਬ੍ਰਾਂਚ ਵਿਚ ਸਿਰਫ਼ 12 ਕਰਮਚਾਰੀ ਹੁੰਦੇ ਸਨ। ਜਿਉਂ-ਜਿਉਂ ਪ੍ਰਚਾਰ ਦੇ ਕੰਮ ਵਿਚ ਤਰੱਕੀ ਹੁੰਦੀ ਗਈ, ਵੱਡੀਆਂ ਇਮਾਰਤਾਂ ਦੀ ਲੋੜ ਪਈ। ਸੈਂਟਾ ਕਰੂਜ਼ ਵਿਚ ਨਵੀਂ ਬ੍ਰਾਂਚ ਉਸਾਰੀ ਗਈ। ਫਿਰ 1998 ਵਿਚ ਬ੍ਰਾਂਚ ਦਾ ਸਾਰਾ ਕੰਮ ਇੱਥੇ ਲਿਆਂਦਾ ਗਿਆ। ਮੈਨੂੰ ਇੱਥੇ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਆਇਆ। ਅੱਜ ਇੱਥੇ 50 ਜਣੇ ਕੰਮ ਕਰਦੇ ਹਨ।

1966 ਵਿਚ ਸੈਂਟਾ ਕਰੂਜ਼ ਵਿਚ ਇੱਕੋ ਕਲੀਸਿਯਾ ਹੁੰਦੀ ਸੀ ਤੇ ਅੱਜ ਇੱਥੇ 50 ਤੋਂ ਜ਼ਿਆਦਾ ਕਲੀਸਿਯਾਵਾਂ ਹਨ। ਉਸ ਸਮੇਂ ਪੂਰੇ ਬੋਲੀਵੀਆ ਵਿਚ 640 ਗਵਾਹ ਸਨ, ਪਰ ਹੁਣ 18,000 ਹਨ!

ਬੋਲੀਵੀਆ ਵਿਚ ਮੈਨੂੰ ਚੇਲੇ ਬਣਾਉਣ ਦੇ ਬਹੁਤ ਮੌਕੇ ਮਿਲੇ ਹਨ। ਪਰ ਮੈਨੂੰ ਦੂਸਰਿਆਂ ਦੇਸ਼ਾਂ ਵਿਚ ਭੈਣਾਂ-ਭਰਾਵਾਂ ਦੀ ਵਫ਼ਾਦਾਰੀ ਬਾਰੇ ਜਾਣ ਕੇ ਵੀ ਬਹੁਤ ਹੌਸਲਾ ਮਿਲਦਾ ਹੈ। ਅਸੀਂ ਸਾਰੇ ਰਾਜ ਦੇ ਪ੍ਰਚਾਰ ਦੇ ਕੰਮ ਉੱਤੇ ਯਹੋਵਾਹ ਦੀਆਂ ਬਰਕਤਾਂ ਦੇਖ ਕੇ ਖ਼ੁਸ਼ ਹੁੰਦੇ ਹਾਂ। ਵਾਕਈ ਚੇਲੇ ਬਣਾਉਣ ਵਿਚ ਹਿੱਸਾ ਲੈ ਕੇ ਖ਼ੁਸ਼ੀ ਮਿਲਦੀ ਹੈ।—ਮੱਤੀ 28:19, 20.

[ਸਫ਼ਾ 13 ਉੱਤੇ ਤਸਵੀਰ]

ਸਕਾਟਲੈਂਡ ਵਿਚ ਪਾਇਨੀਅਰੀ ਕਰਦੇ ਹੋਏ

[ਸਫ਼ਾ 15 ਉੱਤੇ ਤਸਵੀਰਾਂ]

ਬੋਲੀਵੀਆ ਵਿਚ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦੀ ਹੋਈ; (ਛੋਟੀ ਤਸਵੀਰ) ਗਿਲਿਅਡ ਦੀ 42ਵੀਂ ਕਲਾਸ ਦੀ ਗ੍ਰੈਜੂਏਸ਼ਨ ਵਿਚ