ਸੌਖੀ ਤਾਂ ਹੈ ਪਰ ਸਹੀ ਵੀ ਹੈ?
ਸੌਖੀ ਤਾਂ ਹੈ ਪਰ ਸਹੀ ਵੀ ਹੈ?
ਸਤੰਬਰ ਸਾਲ 2005 ਵਿਚ ਚਰਚ ਆਫ਼ ਇੰਗਲੈਂਡ ਨੇ ਖ਼ੁਸ਼ੀ-ਖ਼ੁਸ਼ੀ ਸੌ ਮਿੰਟਾਂ ਦੀ ਬਾਈਬਲ (ਅੰਗ੍ਰੇਜ਼ੀ) ਰਿਲੀਸ ਕੀਤੀ। 100 ਮਿੰਟਾਂ ਵਿਚ ਪੜ੍ਹੀ ਜਾ ਸਕਣ ਵਾਲੀ ਇਹ ਬਾਈਬਲ ਇਬਰਾਨੀ ਹਿੱਸੇ ਦਾ ਸਾਰ 17 ਸਫ਼ਿਆਂ ਵਿਚ ਤੇ ਯੂਨਾਨੀ ਪੋਥੀਆਂ ਦਾ ਸਾਰ 33 ਸਫ਼ਿਆਂ ਵਿਚ ਦਿੰਦੀ ਹੈ। ਇਕ ਆਲੋਚਕ ਨੇ ਕਿਹਾ ਕਿ ਇਸ ਤਰ੍ਹਾਂ ਕਰ ਕੇ ਬਾਈਬਲ ਦੀਆਂ ਸਾਰੀਆਂ “ਫਾਲਤੂ ਗੱਲਾਂ” ਕੱਢ ਦਿੱਤੀਆਂ ਗਈਆਂ ਹਨ। ਹਾਂ, ਪੜ੍ਹਨ ਨੂੰ ਤਾਂ ਇਹ ਬਾਈਬਲ ਆਸਾਨ ਹੈ, ਪਰ ਕੀ ਇਹ ਸਹੀ ਜਾਣਕਾਰੀ ਦਿੰਦੀ ਹੈ?
ਬਾਈਬਲ ਨੂੰ ਧਿਆਨ ਨਾਲ ਪੜ੍ਹਨ ਵਾਲੇ ਦੇਖਣਗੇ ਕਿ ਯਹੋਵਾਹ ਦੇ ਨਾਮ ਨੂੰ ਕੱਢ ਦਿੱਤੇ ਜਾਣ ਤੋਂ ਇਲਾਵਾ ਇਸ ਬਾਈਬਲ ਵਿਚ ਹੋਰ ਵੀ ਗ਼ਲਤੀਆਂ ਪਾਈਆਂ ਜਾਂਦੀਆਂ ਹਨ। (ਜ਼ਬੂਰਾਂ ਦੀ ਪੋਥੀ 83:18) ਮਿਸਾਲ ਲਈ, ਪਹਿਲੇ ਸਫ਼ੇ ਤੇ ਇਹ ਲਿਖਿਆ ਹੈ ਕਿ ਪਰਮੇਸ਼ੁਰ ਨੇ “ਆਕਾਸ਼ ਤੇ ਧਰਤੀ ਨੂੰ ਛੇ ਦਿਨਾਂ ਵਿਚ ਬਣਾਇਆ।” ਲੇਕਿਨ ਉਤਪਤ 1:1 ਵਿਚ ਸਿਰਫ਼ ਇਹ ਲਿਖਿਆ ਹੈ ਕਿ “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” ਉਤਪਤ ਦੀ ਕਿਤਾਬ ਵਿਚ ਹੀ ਧਰਤੀ ਉੱਤੇ ਬਾਅਦ ਵਿਚ ਹੋਰਨਾਂ ਚੀਜ਼ਾਂ ਦੀ ਸ੍ਰਿਸ਼ਟੀ ਦਾ ਜ਼ਿਕਰ ਵੀ ਆਉਂਦਾ ਹੈ, ਜੋ ਛੇ “ਦਿਨਾਂ” ਵਿਚ ਕੀਤੀ ਗਈ ਸੀ। ਪਰ ਇੱਥੇ ਚੌਵੀਂ ਘੰਟਿਆਂ ਦੇ ਦਿਨਾਂ ਦੀ ਗੱਲ ਨਹੀਂ ਕੀਤੀ ਗਈ, ਬਲਕਿ ਇਕ ਲੰਬੇ ਸਮੇਂ ਦੀ ਗੱਲ ਕੀਤੀ ਗਈ ਹੈ। ਫਿਰ ਉਤਪਤ 2:4 ਵਿਚ ਸ੍ਰਿਸ਼ਟੀ ਦੇ ਇਸ ਪੂਰੇ ਦੇ ਪੂਰੇ ਸਮੇਂ ਨੂੰ ਉਹ ‘ਦਿਨ’ ਕਿਹਾ ਗਿਆ ਜਿਸ ਵਿਚ ‘ਯਹੋਵਾਹ ਪਰਮੇਸ਼ੁਰ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ।’
ਸੌ ਮਿੰਟਾਂ ਦੀ ਬਾਈਬਲ ਦੇ ਅਨੁਸਾਰ “[ਪਰਮੇਸ਼ੁਰ] ਦੇ ਭਗਤ ਸ਼ਤਾਨ, . . . ਜਿਸ ਦਾ ਕੰਮ ਇਨਸਾਨਾਂ ਤੇ ਦੋਸ਼ ਲਾਉਣਾ ਸੀ” ਨੇ ਅੱਯੂਬ ਨਾਂ ਦੇ ਵਫ਼ਾਦਾਰ ਬੰਦੇ ਤੇ ਅਤਿਆਚਾਰ ਕੀਤੇ। ਕੀ ਤੁਸੀਂ ਇੱਥੇ ਗ਼ਲਤੀ ਨੋਟ ਕੀਤੀ? “ਸ਼ਤਾਨ” ਦਾ ਮਤਲਬ ਹੈ “ਪਰਮੇਸ਼ੁਰ ਦਾ ਵਿਰੋਧੀ।” ਸ਼ਤਾਨ ਪਰਮੇਸ਼ੁਰ ਦਾ ਭਗਤ ਨਹੀਂ, ਸਗੋਂ ਅਸਲ ਵਿਚ ਉਹ ਪਰਮੇਸ਼ੁਰ ਦਾ ਜਾਨੀ ਦੁਸ਼ਮਣ ਹੈ। ਨਾਲੇ ਉਹ ਖ਼ੁਦ ਇਨਸਾਨਾਂ ਤੇ ਦੋਸ਼ ਲਾਉਂਦਾ ਹੈ, ਨਾ ਕਿ ਪਰਮੇਸ਼ੁਰ ਨੇ ਉਸ ਨੂੰ ਇਹ ਕੰਮ ਦਿੱਤਾ।—ਪਰਕਾਸ਼ ਦੀ ਪੋਥੀ 12:7-10.
ਸੌ ਮਿੰਟਾਂ ਦੀ ਬਾਈਬਲ ਵਿਚ ਯੂਨਾਨੀ ਹਿੱਸੇ ਬਾਰੇ ਕੀ? ਭੇਡਾਂ ਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਵਿਚ ਇਹ ਬਾਈਬਲ ਕਹਿੰਦੀ ਹੈ ਕਿ ਯਿਸੂ ਦੀ ਕਿਰਪਾ ਉਨ੍ਹਾਂ ਤੇ ਹੈ ਜਿਨ੍ਹਾਂ ਨੇ “ਕਿਸੇ ਵੀ ਮਾਮੂਲੀ ਵਿਅਕਤੀ” ਦੀ ਮਦਦ ਕੀਤੀ ਹੋਵੇ। ਲੇਕਿਨ ਅਸਲ ਵਿਚ ਯਿਸੂ ਨੇ ਇਹ ਕਿਹਾ ਸੀ ਕਿ ਉਹ ਉਨ੍ਹਾਂ ਤੋਂ ਖ਼ੁਸ਼ ਹੁੰਦਾ ਹੈ ਜੋ ਉਸ ਦੇ “ਭਰਾਵਾਂ” ਯਾਨੀ ਉਸ ਦੀ ਪੈੜ ਤੇ ਚੱਲਣ ਵਾਲਿਆਂ ਦੀ ਮਦਦ ਕਰਦੇ ਹਨ। (ਮੱਤੀ 25:40) ਪਰਕਾਸ਼ ਦੀ ਪੋਥੀ ਦਾ ਸਾਰ ਦਿੰਦੇ ਹੋਏ ਇਹ ਬਾਈਬਲ ਕਹਿੰਦੀ ਹੈ: “ਰੋਮ ਯਾਨੀ ਵੱਡੀ ਬਾਬੁਲ ਦਾ ਬੁਰੀ ਤਰ੍ਹਾਂ ਨਾਸ਼ ਹੋਵੇਗਾ।” ਪਰ ਬਾਈਬਲ ਦੇ ਵਿਦਿਆਰਥੀਆਂ ਨੂੰ ਪਤਾ ਹੈ ਕਿ ਬਾਈਬਲ ਵਿਚ ਕਿਤੇ ਵੀ ਰੋਮ ਸ਼ਹਿਰ ਦੀ ਸ਼ਨਾਖਤ “ਵੱਡੀ ਬਾਬੁਲ” ਦੇ ਤੌਰ ਤੇ ਨਹੀਂ ਕੀਤੀ ਗਈ।—ਪਰਕਾਸ਼ ਦੀ ਪੋਥੀ 17:15–18:24.
ਆਪਣੇ ਸਿਰਜਣਹਾਰ ਨੂੰ ਜਾਣਨ ਤੇ ਉਸ ਦੇ ਮਕਸਦਾਂ ਨੂੰ ਸਮਝਣ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਦੁਨੀਆਂ ਦੀ ਕੋਈ ਵੀ ਕਿਤਾਬ ਪੂਰੀ ਬਾਈਬਲ ਦੀ ਥਾਂ ਨਹੀਂ ਲੈ ਸਕਦੀ। ਹਾਂ, ਪੂਰੀ ਬਾਈਬਲ ਪੜ੍ਹਨ ਵਿਚ 100 ਮਿੰਟਾਂ ਤੋਂ ਜ਼ਿਆਦਾ ਸਮਾਂ ਲੱਗੇਗਾ ਪਰ ਪੂਰੀ ਬਾਈਬਲ ਪੜ੍ਹ ਕੇ ਤੁਹਾਨੂੰ ਬਹੁਤ ਬਰਕਤਾਂ ਮਿਲਣਗੀਆਂ। (ਯੂਹੰਨਾ 17:3) ਤਾਂ ਫਿਰ, ਬਰਕਤਾਂ ਪਾਉਣ ਲਈ ਕਿਉਂ ਨਾ ਤੁਸੀਂ ਬਾਈਬਲ ਪੜ੍ਹੋ।—2 ਤਿਮੋਥਿਉਸ 3:16, 17.