ਈਮਾਨਦਾਰੀ ਦੀ ਵਧੀਆ ਮਿਸਾਲ
ਈਮਾਨਦਾਰੀ ਦੀ ਵਧੀਆ ਮਿਸਾਲ
ਬ੍ਰਾਜ਼ੀਲ ਦੇ ਕਰੂਜ਼ੇਰੋ ਡੋ ਸੁਲ ਸ਼ਹਿਰ ਵਿਚ ਨੈਲਮਾ ਨਾਂ ਦੀ ਇਕ ਔਰਤ ਬਿਊਟੀ ਪਾਰਲਰ ਵਿਚ ਕੰਮ ਕਰਦੀ ਹੈ। ਕੁਝ ਸਮਾਂ ਪਹਿਲਾਂ ਉਸ ਦੀ ਈਮਾਨਦਾਰੀ ਦੀ ਪਰਖ ਹੋਈ। ਉਸ ਇਲਾਕੇ ਵਿਚ ਹੜ੍ਹ ਨੇ ਉਸ ਦੇ ਘਰ ਨੂੰ ਨੁਕਸਾਨ ਪਹੁੰਚਾਇਆ ਸੀ। ਨੈਲਮਾ ਦੀ ਇਕ ਗਾਹਕ ਨੇ ਉਸ ਨੂੰ ਕੁਝ ਕੱਪੜੇ ਦਾਨ ਕੀਤੇ। ਕੱਪੜਿਆਂ ਨੂੰ ਸੁਆਰਦੇ ਵੇਲੇ ਨੈਲਮਾ ਨੂੰ ਇਕ ਪੈਂਟ ਦੀ ਜੇਬ ਵਿੱਚੋਂ 1,000 ਡਾਲਰ (ਲਗਭਗ 45,000 ਰੁਪਏ) ਮਿਲੇ!
ਨੈਲਮਾ ਨੂੰ ਮਿਲੀ ਇਹ ਰਕਮ ਉਸ ਦੀ ਸੱਤ ਮਹੀਨਿਆਂ ਦੀ ਤਨਖ਼ਾਹ ਦੇ ਬਰਾਬਰ ਸੀ ਤੇ ਉਸ ਵਕਤ ਘਰ ਦੀ ਮੁਰੰਮਤ ਕਰਾਉਣ ਵਾਸਤੇ ਉਸ ਨੂੰ ਪੈਸਿਆਂ ਦੀ ਸਖ਼ਤ ਲੋੜ ਸੀ। ਉੱਪਰੋਂ ਦੀ ਉਸ ਦੇ ਪਿਤਾ ਜੀ ਤੇ ਭੈਣਾਂ-ਭਰਾਵਾਂ ਦੀ ਤਕਰੀਬਨ ਹਰ ਚੀਜ਼ ਪਾਣੀ ਵਿਚ ਰੁੜ੍ਹ ਚੁੱਕੀ ਸੀ। ਇਸ ਰਕਮ ਨਾਲ ਉਹ ਆਪਣੇ ਘਰ ਦੀ ਮੁਰੰਮਤ ਕਰਵਾ ਸਕਦੀ ਸੀ ਤੇ ਨਾਲ ਹੀ ਉਸ ਕੋਲ ਆਪਣੇ ਪਿਤਾ ਤੇ ਭੈਣ-ਭਰਾਵਾਂ ਦੀ ਮਦਦ ਕਰਨ ਲਈ ਵੀ ਪੈਸੇ ਬਚ ਜਾਣੇ ਸਨ। ਪਰ ਨੈਲਮਾ ਦੀ ਬਾਈਬਲ-ਸਿੱਖਿਅਤ ਜ਼ਮੀਰ ਨੇ ਉਸ ਨੂੰ ਚੁੱਪ-ਚਾਪ ਪੈਸੇ ਆਪਣੇ ਕੋਲ ਨਹੀਂ ਰੱਖਣ ਦਿੱਤੇ।—ਇਬਰਾਨੀਆਂ 13:18.
ਅਗਲੇ ਦਿਨ ਉਹ ਸਵੇਰੇ-ਸਵੇਰੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਔਰਤ ਨੂੰ ਮਿਲਣ ਗਈ ਜਿਸ ਨੇ ਉਸ ਨੂੰ ਕੱਪੜੇ ਦਿੱਤੇ ਸਨ। ਨੈਲਮਾ ਨੇ ਕੱਪੜਿਆਂ ਲਈ ਉਸ ਦਾ ਧੰਨਵਾਦ ਕੀਤਾ, ਪਰ ਕਿਹਾ ਕਿ ਜੋ ਚੀਜ਼ ਉਸ ਨੂੰ ਉਨ੍ਹਾਂ ਵਿੱਚੋਂ ਲੱਭੀ ਉਹ ਆਪਣੇ ਕੋਲ ਨਹੀਂ ਰੱਖ ਸਕਦੀ ਸੀ। ਆਪਣੇ ਪੈਸੇ ਵਾਪਸ ਮਿਲਣ ਤੇ ਉਹ ਔਰਤ ਬਹੁਤ ਹੀ ਖ਼ੁਸ਼ ਹੋਈ। ਇਹ ਪੈਸਾ ਉਸ ਨੇ ਆਪਣੇ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਲਈ ਰੱਖਿਆ ਹੋਇਆ ਸੀ। ਉਸ ਨੇ ਕਿਹਾ ਕਿ “ਅੱਜ-ਕੱਲ੍ਹ ਐਸੀ ਈਮਾਨਦਾਰੀ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ।”
ਕੁਝ ਲੋਕ ਸ਼ਾਇਦ ਮਹਿਸੂਸ ਕਰਦੇ ਹਨ ਕਿ ਈਮਾਨਦਾਰੀ ਕੋਈ ਵੱਡੀ ਖੂਬੀ ਨਹੀਂ ਹੈ। ਪਰ ਜੋ ਲੋਕ ਸੱਚੇ ਪਰਮੇਸ਼ੁਰ ਯਹੋਵਾਹ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹ ਇਸ ਗੁਣ ਨੂੰ ਬਹੁਤ ਹੀ ਕੀਮਤੀ ਮੰਨਦੇ ਹਨ। (ਅਫ਼ਸੀਆਂ 4:25, 28) ਨੈਲਮਾ ਨੇ ਕਿਹਾ ਕਿ “ਮੈਂ ਰਾਤ ਨੂੰ ਕਿੱਦਾਂ ਸੌਂਦੀ ਜੇ ਮੈਂ ਇਹ ਪੈਸੇ ਰੱਖ ਲੈਂਦੀ।”