Skip to content

Skip to table of contents

ਸਾਡਾ ਸ਼ਾਨਦਾਰ ਸੂਰਜੀ ਪਰਿਵਾਰ—ਇਹ ਕਿਵੇਂ ਹੋਂਦ ਵਿਚ ਆਇਆ?

ਸਾਡਾ ਸ਼ਾਨਦਾਰ ਸੂਰਜੀ ਪਰਿਵਾਰ—ਇਹ ਕਿਵੇਂ ਹੋਂਦ ਵਿਚ ਆਇਆ?

ਸਾਡਾ ਸ਼ਾਨਦਾਰ ਸੂਰਜੀ ਪਰਿਵਾਰ—ਇਹ ਕਿਵੇਂ ਹੋਂਦ ਵਿਚ ਆਇਆ?

ਸਾਡਾ ਬ੍ਰਹਿਮੰਡ ਸੱਚ-ਮੁੱਚ ਨਿਰਾਲਾ ਹੈ। ਸਾਡਾ ਸੂਰਜੀ ਪਰਿਵਾਰ ਆਕਾਸ਼-ਗੰਗਾ ਦੇ ਇਕ ਕਿਨਾਰੇ ਤੇ ਸਥਿਤ ਹੈ ਜਿੱਥੇ ਬਹੁਤ ਹੀ ਘੱਟ ਤਾਰੇ ਹਨ। ਤਕਰੀਬਨ ਸਾਰੇ ਤਾਰੇ ਜੋ ਅਸੀਂ ਰਾਤ ਨੂੰ ਦੇਖ ਸਕਦੇ ਹਾਂ, ਉਹ ਇੰਨੇ ਦੂਰ ਹਨ ਕਿ ਵੱਡੀ ਦੂਰਬੀਨ ਰਾਹੀਂ ਵੀ ਇਹ ਸਿਰਫ਼ ਰੌਸ਼ਨੀ ਦੇ ਛੋਟੇ-ਛੋਟੇ ਬਿੰਦੂ ਦਿਖਾਈ ਦਿੰਦੇ ਹਨ। ਪਰ ਕੀ ਸਾਡੇ ਸੂਰਜੀ ਪਰਿਵਾਰ ਲਈ ਇਹ ਸਹੀ ਜਗ੍ਹਾ ਹੈ?

ਜ਼ਰਾ ਸੋਚੋ, ਜੇ ਸਾਡਾ ਸੂਰਜੀ ਪਰਿਵਾਰ ਆਕਾਸ਼-ਗੰਗਾ ਦੇ ਗੱਭੇ ਹੁੰਦਾ, ਤਾਂ ਧਰਤੀ ਨੂੰ ਬਹੁਤ ਨੁਕਸਾਨ ਹੋਣਾ ਸੀ ਕਿਉਂਕਿ ਧਰਤੀ ਦੇ ਇਰਦ-ਗਿਰਦ ਬਹੁਤ ਜ਼ਿਆਦਾ ਤਾਰੇ ਹੋਣੇ ਸਨ। ਇੰਨੇ ਸਾਰੇ ਤਾਰਿਆਂ ਕਾਰਨ ਧਰਤੀ ਦੇ ਪੱਥ ਵਿਚ ਰੁਕਾਵਟ ਪੈ ਜਾਣੀ ਸੀ ਤੇ ਧਰਤੀ ਉੱਤੇ ਇਨਸਾਨਾਂ ਦਾ ਰਹਿਣਾ ਨਾਮੁਮਕਿਨ ਹੋ ਜਾਣਾ ਸੀ। ਪਰ ਸਾਡਾ ਸੂਰਜੀ ਪਰਿਵਾਰ ਐਨ ਸਹੀ ਥਾਂ ਤੇ ਟਿਕਿਆ ਹੋਇਆ ਹੈ। ਸਹੀ ਥਾਂ ਤੇ ਹੋਣ ਕਰਕੇ ਧਰਤੀ ਜ਼ਹਿਰੀਲੀਆਂ ਗੈਸਾਂ ਦੇ ਬੱਦਲਾਂ ਵਿੱਚੋਂ ਦੀ ਲੰਘਣ ਵੇਲੇ ਹੱਦੋਂ ਵੱਧ ਤਪਦੀ ਨਹੀਂ ਅਤੇ ਤਾਰਿਆਂ ਦੇ ਟੁੱਟਣ ਵੇਲੇ ਅਤੇ ਹੋਰ ਹਾਨੀਕਾਰਕ ਰੇਡੀਏਸ਼ਨ ਤੋਂ ਵੀ ਇਸ ਦਾ ਬਚਾਅ ਹੁੰਦਾ ਹੈ।

ਸੂਰਜ ਇਨਸਾਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਬਿਲਕੁਲ ਸਹੀ ਕਿਸਮ ਦਾ ਤਾਰਾ ਹੈ। ਇਹ ਹਰਦਮ ਬਲਦਾ ਰਹਿੰਦਾ ਹੈ, ਫਿਰ ਵੀ ਇਹ ਭਸਮ ਨਹੀਂ ਹੁੰਦਾ ਤੇ ਨਾ ਹੀ ਬਹੁਤ ਗਰਮ ਹੁੰਦਾ ਹੈ। ਇਸ ਦਾ ਆਕਾਰ ਵੀ ਐਨ ਸਹੀ ਹੈ। ਸਾਡੀ ਆਕਾਸ਼-ਗੰਗਾ ਵਿਚ ਤਕਰੀਬਨ ਸਾਰੇ ਤਾਰੇ ਸੂਰਜ ਦੇ ਮੁਕਾਬਲੇ ਬਹੁਤ ਛੋਟੇ ਹਨ। ਇਸ ਲਈ ਉਹ ਧਰਤੀ ਵਰਗੇ ਗ੍ਰਹਿ ਉੱਤੇ ਜੀਵਨ ਬਰਕਰਾਰ ਰੱਖਣ ਲਈ ਨਾ ਤਾਂ ਲੋੜੀਂਦੀ ਊਰਜਾ ਅਤੇ ਨਾ ਹੀ ਲੋੜੀਂਦੀ ਗਰਮੀ ਪੈਦਾ ਕਰ ਸਕਦੇ ਹਨ। ਇਸ ਤੋਂ ਇਲਾਵਾ, ਜ਼ਿਆਦਾਤਰ ਤਾਰੇ ਗੁਰੂਤਾ ਖਿੱਚ ਕਾਰਨ ਇਕ-ਦੂਜੇ ਦੇ ਆਲੇ-ਦੁਆਲੇ ਘੁੰਮਦੇ ਹਨ। ਪਰ ਸੂਰਜ ਇਸ ਤਰ੍ਹਾਂ ਨਹੀਂ ਕਰਦਾ ਕਿਉਂਕਿ ਉਹ ਕਿਸੇ ਹੋਰ ਤਾਰੇ ਨਾਲ ਨਹੀਂ ਜੁੜਿਆ ਹੋਇਆ। ਜੇ ਗੁਰੂਤਾ ਖਿੱਚ ਕਾਰਨ ਸੂਰਜ ਹੋਰ ਤਾਰਿਆਂ ਨਾਲ ਜੁੜਿਆ ਹੁੰਦਾ, ਤਾਂ ਸਾਡੀ ਧਰਤੀ ਤੇ ਕਿਸੇ ਵੀ ਜੀਵ ਨੇ ਜ਼ਿੰਦਾ ਨਹੀਂ ਸੀ ਰਹਿਣਾ!

ਇਕ ਹੋਰ ਗੱਲ ਵੀ ਸਾਡੇ ਸੂਰਜੀ ਪਰਿਵਾਰ ਨੂੰ ਨਿਰਾਲਾ ਬਣਾਉਂਦੀ ਹੈ। ਇਸ ਵਿਚ ਜੋ ਮੁੱਖ ਗ੍ਰਹਿ ਹਨ, ਉਹ ਆਪਣੇ ਪੱਥਾਂ ਉੱਪਰ ਇੱਕੋ ਦਿਸ਼ਾ ਵਿਚ ਘੁੰਮਦੇ ਹਨ ਅਤੇ ਉਨ੍ਹਾਂ ਦੀ ਖਿੱਚ ਕਾਰਨ ਅੰਦਰਲੇ ਗ੍ਰਹਿਆਂ ਨੂੰ ਕੋਈ ਖ਼ਤਰਾ ਨਹੀਂ ਹੁੰਦਾ। * ਅਸਲ ਵਿਚ ਮੁੱਖ ਗ੍ਰਹਿ ਖ਼ਤਰਨਾਕ ਵਸਤੂਆਂ ਤੋਂ ਅੰਦਰਲੇ ਗ੍ਰਹਿਆਂ ਨੂੰ ਬਚਾਉਂਦੇ ਹਨ। ਪੀਟਰ ਡੀ. ਵੌਰਡ ਅਤੇ ਡੋਨਲਡ ਬਰਾਊਨਲੀ ਨਾਮਕ ਵਿਗਿਆਨੀਆਂ ਨੇ ਆਪਣੀ ਕਿਤਾਬ ਵਿਚ ਕਿਹਾ: “ਭਾਵੇਂ ਕਿ ਗ੍ਰਹਿਆਂ ਦੇ ਟੁਕੜੇ ਜਾਂ ਧੂਮਕੇਤੂ ਧਰਤੀ ਨਾਲ ਟਕਰਾਉਂਦੇ ਹਨ, ਪਰ ਬ੍ਰਹਿਸਪਤੀ ਵਰਗੇ ਗੈਸਾਂ ਦੇ ਬਣੇ ਵੱਡੇ-ਵੱਡੇ ਗ੍ਰਹਿਆਂ ਕਰਕੇ ਉਹ ਇੰਨੀ ਜ਼ੋਰ ਨਾਲ ਨਹੀਂ ਟਕਰਾਉਂਦੇ ਕਿ ਧਰਤੀ ਦਾ ਨੁਕਸਾਨ ਹੋ ਜਾਵੇ।” ਸਾਡੇ ਸੂਰਜੀ ਪਰਿਵਾਰ ਵਰਗੇ ਹੋਰ ਸੂਰਜੀ ਪਰਿਵਾਰਾਂ ਦਾ ਵੀ ਪਤਾ ਲੱਗਾ ਹੈ ਜਿਨ੍ਹਾਂ ਵਿਚ ਵੱਡੇ-ਵੱਡੇ ਗ੍ਰਹਿ ਹਨ। ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਗ੍ਰਹਿਆਂ ਦੇ ਪੱਥ ਅਜਿਹੇ ਹਨ ਕਿ ਉਹ ਸਾਡੀ ਧਰਤੀ ਵਰਗੇ ਛੋਟੇ ਗ੍ਰਹਿ ਲਈ ਖ਼ਤਰਨਾਕ ਹਨ।

ਚੰਦ

ਪ੍ਰਾਚੀਨ ਸਮਿਆਂ ਤੋਂ ਚੰਦ ਨੇ ਲੋਕਾਂ ਨੂੰ ਹੈਰਤ ਵਿਚ ਪਾਇਆ ਹੈ। ਕਈ ਸ਼ਾਇਰ ਤੇ ਸੰਗੀਤਕਾਰ ਇਸ ਤੋਂ ਪ੍ਰਭਾਵਿਤ ਹੋਏ ਹਨ। ਮਿਸਾਲ ਲਈ, ਪੁਰਾਣੇ ਜ਼ਮਾਨੇ ਦੇ ਇਕ ਇਬਰਾਨੀ ਸ਼ਾਇਰ ਨੇ ਚੰਦ ਬਾਰੇ ਕਿਹਾ ਕਿ ਉਹ ‘ਸਥਿਰ ਰਹੇਗਾ, ਜਿਸ ਤਰ੍ਹਾਂ ਉਹ ਅਕਾਸ਼ ਵਿਚ ਸਾਖੀ ਭਰ ਰਿਹਾ ਹੋਵੇ।’—ਭਜਨ 89:37, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਚੰਦ ਦੀ ਗੁਰੂਤਾ ਖਿੱਚ ਨਾਲ ਸਮੁੰਦਰ ਦੀਆਂ ਲਹਿਰਾਂ ਚੜ੍ਹਦੀਆਂ ਤੇ ਲਹਿੰਦੀਆਂ ਹਨ। ਲਹਿਰਾਂ ਸਮੁੰਦਰ ਦੇ ਵਹਾਅ ਲਈ ਜ਼ਰੂਰੀ ਹਨ ਅਤੇ ਇਨ੍ਹਾਂ ਕਾਰਨ ਮੌਸਮ ਉੱਤੇ ਵੀ ਵੱਡਾ ਅਸਰ ਪੈਂਦਾ ਹੈ।

ਇਸ ਦੇ ਨਾਲ-ਨਾਲ ਚੰਦ ਦੀ ਖਿੱਚ ਕਾਰਨ ਧਰਤੀ ਆਪਣੇ ਧੁਰੇ ਤੇ ਝੁਕੀ ਹੋਈ ਹੈ ਅਤੇ ਸੂਰਜ ਦੇ ਦੁਆਲੇ ਚੱਕਰ ਕੱਟਦੀ ਹੈ। ਕੁਦਰਤ (ਅੰਗ੍ਰੇਜ਼ੀ) ਨਾਮਕ ਵਿਗਿਆਨਕ ਰਸਾਲੇ ਅਨੁਸਾਰ ਜੇ ਚੰਦ ਨਾ ਹੁੰਦਾ, ਤਾਂ ਧਰਤੀ ਦੇ ਧੁਰੇ ਨੇ ਸਮੇਂ ਦੇ ਬੀਤਣ ਨਾਲ “0 [ਡਿਗਰੀ] ਤੋਂ 85 [ਡਿਗਰੀ]” ਬਦਲ ਜਾਣਾ ਸੀ। ਜ਼ਰਾ ਕਲਪਨਾ ਕਰੋ ਕਿ ਜੇ ਧਰਤੀ ਆਪਣੇ ਧੁਰੇ ਤੇ ਨਾ ਝੁਕੀ ਹੁੰਦੀ, ਤਾਂ ਕੀ ਹੁੰਦਾ! ਸਾਨੂੰ ਬਦਲਦੀਆਂ ਰੁੱਤਾਂ ਦੀ ਸੁੰਦਰਤਾ ਦੇਖਣ ਨੂੰ ਨਹੀਂ ਸੀ ਮਿਲਣੀ ਅਤੇ ਮੀਂਹ ਵੀ ਘੱਟ ਪੈਣਾ ਸੀ। ਧਰਤੀ ਦਾ ਝੁਕਾਅ ਤਾਪਮਾਨ ਨੂੰ ਬਹੁਤ ਜ਼ਿਆਦਾ ਠੰਢਾ ਜਾਂ ਗਰਮ ਹੋਣ ਤੋਂ ਰੋਕਦਾ ਹੈ ਤਾਂਕਿ ਜੀਵਨ ਜਾਰੀ ਰਹਿ ਸਕੇ। ਖਗੋਲ-ਵਿਗਿਆਨੀ ਜ਼ਾਕ ਲਸਕਰ ਨੇ ਇਹ ਸਿੱਟਾ ਕੱਢਿਆ ਕਿ “ਧਰਤੀ ਉੱਤੇ ਸਹੀ-ਸਹੀ ਤਾਪਮਾਨ ਦਾ ਹੋਣਾ ਸਿਰਫ਼ ਚੰਦ ਦੀ ਬਦੌਲਤ ਹੈ।” ਸਾਡਾ ਚੰਦ ਵੱਡੇ ਗ੍ਰਹਿਆਂ ਦੇ ਚੰਦਾਂ ਨਾਲੋਂ ਵੱਡਾ ਹੈ। ਇਹ ਇਸ ਲਈ ਹੈ ਤਾਂਕਿ ਇਹ ਧਰਤੀ ਉੱਤੇ ਜੀਵਨ ਨੂੰ ਕਾਇਮ ਰੱਖ ਸਕੇ।

ਬਾਈਬਲ ਵਿਚ ਉਤਪਤ ਦੀ ਕਿਤਾਬ ਦੇ ਲਿਖਾਰੀ ਨੇ ਚੰਦ ਬਾਰੇ ਇਕ ਹੋਰ ਵੀ ਗੱਲ ਕਹੀ ਸੀ। ਚੰਦ ਰਾਤ ਦੇ ਵੇਲੇ ਰੌਸ਼ਨੀ ਦਿੰਦਾ ਹੈ।—ਉਤਪਤ 1:16.

ਕੀ ਇਹ ਸਾਰਾ ਕੁਝ ਇਤਫ਼ਾਕ ਹੈ?

ਧਰਤੀ ਉੱਤੇ ਐਨ ਸਹੀ ਹਾਲਾਤ ਕਿੱਦਾਂ ਪੈਦਾ ਹੋ ਗਏ ਜਿਨ੍ਹਾਂ ਕਾਰਨ ਇਨਸਾਨ ਨਾ ਕੇਵਲ ਧਰਤੀ ਉੱਤੇ ਜੀ ਸਕਦੇ ਹਨ, ਸਗੋਂ ਜ਼ਿੰਦਗੀ ਦਾ ਮਜ਼ਾ ਵੀ ਲੈ ਸਕਦੇ ਹਨ? ਕਈਆਂ ਦਾ ਮੰਨਣਾ ਹੈ ਕਿ ਸਾਡੀ ਧਰਤੀ ਇਤਫ਼ਾਕ ਨਾਲ ਬਣ ਗਈ। ਪਰ ਕਈ ਕਹਿੰਦੇ ਹਨ ਕਿ ਇਸ ਨੂੰ ਕਿਸੇ ਨੇ ਬਹੁਤ ਸੋਚ-ਸਮਝ ਕੇ ਬਣਾਇਆ ਹੈ।

ਹਜ਼ਾਰਾਂ ਸਾਲ ਪਹਿਲਾਂ ਬਾਈਬਲ ਵਿਚ ਦੱਸਿਆ ਗਿਆ ਸੀ ਕਿ ਬ੍ਰਹਿਮੰਡ ਰਚਣ ਦਾ ਵਿਚਾਰ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਨ ਵਿਚ ਆਇਆ। ਫਿਰ ਉਸ ਨੇ ਬੜੀ ਕਾਰੀਗਰੀ ਨਾਲ ਆਪਣੇ ਖ਼ਿਆਲਾਂ ਨੂੰ ਅਮਲੀ ਰੂਪ ਦਿੱਤਾ। ਜੇ ਬਾਈਬਲ ਦੀ ਇਹ ਗੱਲ ਸੱਚ ਹੈ, ਤਾਂ ਇਸ ਦਾ ਮਤਲਬ ਹੈ ਕਿ ਸਾਡਾ ਸੂਰਜੀ ਪਰਿਵਾਰ ਕੋਈ ਇਤਫ਼ਾਕ ਨਹੀਂ, ਸਗੋਂ ਸਿਰਜਣਹਾਰ ਦੇ ਹੱਥਾਂ ਦੀ ਕਰਾਮਾਤ ਹੈ। ਉਸ ਨੇ ਬਾਈਬਲ ਵਿਚ ਉਤਪਤ ਦੀ ਪੋਥੀ ਵਿਚ ਇਹ ਵੀ ਦੱਸਿਆ ਹੈ ਕਿ ਉਸ ਨੇ ਧਰਤੀ ਨੂੰ ਸਾਡੇ ਰਹਿਣ ਲਈ ਬਣਾਉਣ ਵੇਲੇ ਕੀ-ਕੀ ਕੀਤਾ ਸੀ। ਭਾਵੇਂ ਇਹ ਗੱਲਾਂ 3,500 ਸਾਲ ਪਹਿਲਾਂ ਲਿਖੀਆਂ ਗਈਆਂ ਸਨ, ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਧਰਤੀ ਨੂੰ ਜੀਣਯੋਗ ਬਣਾਉਣ ਸੰਬੰਧੀ ਘਟਨਾਵਾਂ ਦਾ ਇਹ ਬਿਰਤਾਂਤ ਆਧੁਨਿਕ ਵਿਗਿਆਨਕ ਸੋਚ ਨਾਲ ਮੇਲ ਖਾਂਦਾ ਹੈ। ਆਓ ਆਪਾਂ ਦੇਖੀਏ ਕਿ ਬਾਈਬਲ ਅਨੁਸਾਰ ਸਿਰਜਣਹਾਰ ਨੇ ਧਰਤੀ ਨੂੰ ਸਾਡੇ ਜੀਣ ਲਈ ਕਿਵੇਂ ਤਿਆਰ ਕੀਤਾ ਸੀ।

ਉਤਪਤ ਦੀ ਪੋਥੀ ਦਾ ਬਿਰਤਾਂਤ

“ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” (ਉਤਪਤ 1:1) ਬਾਈਬਲ ਦੇ ਇਹ ਪਹਿਲੇ ਸ਼ਬਦ ਬ੍ਰਹਿਮੰਡ ਦੀ ਰਚਨਾ ਦਾ ਜ਼ਿਕਰ ਕਰਦੇ ਹਨ ਜਿਸ ਵਿਚ ਸਾਡਾ ਸੂਰਜੀ ਪਰਿਵਾਰ, ਧਰਤੀ ਅਤੇ ਅਰਬਾਂ-ਖਰਬਾਂ ਗਲੈਕਸੀਆਂ ਦੇ ਤਾਰੇ ਹਨ। ਬਾਈਬਲ ਕਹਿੰਦੀ ਹੈ ਕਿ ਇਕ ਅਜਿਹਾ ਸਮਾਂ ਸੀ ਜਦ ਧਰਤੀ “ਬੇਡੌਲ ਤੇ ਸੁੰਞੀ ਸੀ।” ਉਸ ਵੇਲੇ ਕੋਈ ਵੀ ਮਹਾਂਦੀਪ ਨਹੀਂ ਸੀ ਤੇ ਨਾ ਹੀ ਖੇਤੀ ਦੇ ਲਾਇਕ ਜ਼ਮੀਨ ਸੀ। ਬਾਈਬਲ ਅੱਗੇ ਕਹਿੰਦੀ ਹੈ ਕਿ ਪਰਮੇਸ਼ੁਰ ਦੀ ਆਤਮਾ ‘ਪਾਣੀਆਂ ਦੇ ਉੱਤੇ ਹਿਲਦੀ ਸੀ।’ (ਉਤਪਤ 1:2, ਫੁਟਨੋਟ) ਅੱਜ ਦੇ ਵਿਗਿਆਨੀ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਕਿਸੇ ਵੀ ਗ੍ਰਹਿ ਤੇ ਜੀਵਨ ਹੋਣ ਲਈ ਉਸ ਉੱਤੇ ਬਹੁਤ ਸਾਰੇ ਪਾਣੀ ਦਾ ਹੋਣਾ ਜ਼ਰੂਰੀ ਹੈ।

ਧਰਤੀ ਉੱਤੇ ਪਾਣੀ ਦੀ ਹੋਂਦ ਲਈ ਸੂਰਜ ਨੂੰ ਧਰਤੀ ਤੋਂ ਐਨ ਸਹੀ ਫ਼ਾਸਲੇ ਤੇ ਹੋਣ ਦੀ ਲੋੜ ਹੈ। ਗ੍ਰਹਿਆਂ ਦੇ ਇਕ ਵਿਗਿਆਨੀ ਨੇ ਕਿਹਾ: “ਮੰਗਲ ਗ੍ਰਹਿ ਬਹੁਤ ਹੀ ਠੰਢਾ ਹੈ, ਸ਼ੁਕਰ ਗ੍ਰਹਿ ਬਹੁਤ ਗਰਮ, ਪਰ ਸਾਡੀ ਧਰਤੀ ਦਾ ਤਾਪਮਾਨ ਐਨ ਠੀਕ ਹੈ।” ਇਸੇ ਤਰ੍ਹਾਂ, ਸਾਗ ਪੱਤ ਉਗਾਉਣ ਲਈ ਰੌਸ਼ਨੀ ਦੀ ਲੋੜ ਹੈ। ਬਾਈਬਲ ਵਿਚ ਸ੍ਰਿਸ਼ਟੀ ਦਾ ਬਿਰਤਾਂਤ ਦੱਸਦਾ ਹੈ ਕਿ ਸ੍ਰਿਸ਼ਟੀ ਦੇ ਸ਼ੁਰੂ ਵਿਚ ਪਰਮੇਸ਼ੁਰ ਨੇ “ਹਨੇਰੇ ਦੀ ਚਾਦਰ” ਯਾਨੀ ਸੰਘਣੇ ਬੱਦਲ ਹਟਾ ਦਿੱਤੇ ਤਾਂਕਿ ਰੌਸ਼ਨੀ ਧਰਤੀ ਤਕ ਪਹੁੰਚ ਸਕੇ।—ਅੱਯੂਬ 38:4, 9, ਨਵਾਂ ਅਨੁਵਾਦ; ਉਤਪਤ 1:3-5.

ਉਤਪਤ ਦੀ ਪੋਥੀ ਦੀ ਅਗਲੀ ਆਇਤ ਵਿਚ ਅਸੀਂ ਪੜ੍ਹਦੇ ਹਾਂ ਕਿ ਸਿਰਜਣਹਾਰ ਨੇ “ਅੰਬਰ” ਬਣਾਇਆ। (ਉਤਪਤ 1:6-8) ਇਸ ਅੰਬਰ ਵਿਚ ਅਜਿਹੀਆਂ ਗੈਸਾਂ ਹਨ ਜਿਨ੍ਹਾਂ ਤੋਂ ਸਾਡੀ ਧਰਤੀ ਦਾ ਵਾਯੂਮੰਡਲ ਬਣਦਾ ਹੈ।

ਬਾਈਬਲ ਅੱਗੇ ਦੱਸਦੀ ਹੈ ਕਿ ਪਰਮੇਸ਼ੁਰ ਨੇ ਇਸ ਬੇਡੌਲ ਧਰਤੀ ਦੀ ਸਤਹ ਨੂੰ ਸੁਕਾ ਦਿੱਤਾ। (ਉਤਪਤ 1:9, 10) ਉਸ ਨੇ ਧਰਤੀ ਦੀ ਪੇਪੜੀ ਨੂੰ ਹਿਲਾਇਆ ਜਿਸ ਕਾਰਨ ਡੂੰਘੀਆਂ ਖਾਈਆਂ ਬਣ ਗਈਆਂ। ਸ਼ਾਇਦ ਇਨ੍ਹਾਂ ਖਾਈਆਂ ਕਾਰਨ ਪਾਣੀ ਵਿੱਚੋਂ ਮਹਾਂਦੀਪ ਉੱਭਰ ਆਏ।—ਜ਼ਬੂਰਾਂ ਦੀ ਪੋਥੀ 104:6-8.

ਫਿਰ ਪਰਮੇਸ਼ੁਰ ਨੇ ਮਹਾਂਸਾਗਰਾਂ ਵਿਚ ਛੋਟੇ-ਛੋਟੇ ਜੀਵ ਬਣਾਏ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ। ਇਕ ਸੈੱਲ ਵਾਲੇ ਇਸ ਜੀਵ ਨੇ ਇਕੱਲਿਆਂ ਹੀ ਆਪਣੇ ਵਰਗੇ ਹੋਰ ਜੀਵ ਪੈਦਾ ਕਰ ਲਏ। ਸੂਰਜ ਤੋਂ ਮਿਲਦੀ ਊਰਜਾ ਨੂੰ ਵਰਤ ਕੇ ਇਹ ਜੀਵ ਕਾਰਬਨ ਡਾਈਆਕਸਾਈਡ ਨੂੰ ਖ਼ੁਰਾਕ ਵਿਚ ਬਦਲਣ ਲੱਗੇ ਅਤੇ ਵਾਤਾਵਰਣ ਵਿਚ ਆਕਸੀਜਨ ਫੈਲਾਉਣ ਲੱਗ ਪਏ। ਆਕਸੀਜਨ ਫੈਲਾਉਣ ਦਾ ਇਹ ਕੰਮ ਸ੍ਰਿਸ਼ਟੀ ਦੇ ਤੀਜੇ ਦਿਨ ਤੇਜ਼ੀ ਨਾਲ ਅੱਗੇ ਵਧਣ ਲੱਗਾ ਜਦ ਜ਼ਮੀਨ ਤੇ ਪੇੜ-ਪੌਦੇ ਉੱਗਣ ਲੱਗੇ। ਇਸ ਤਰ੍ਹਾਂ ਵਾਤਾਵਰਣ ਵਿਚ ਆਕਸੀਜਨ ਵਧ ਗਈ ਜੋ ਕਿ ਇਨਸਾਨਾਂ ਤੇ ਜਾਨਵਰਾਂ ਦੇ ਸਾਹ ਲੈਣ ਲਈ ਜ਼ਰੂਰੀ ਸੀ। ਨਤੀਜੇ ਵਜੋਂ, ਉਨ੍ਹਾਂ ਦਾ ਜ਼ਿੰਦਾ ਰਹਿਣਾ ਮੁਮਕਿਨ ਬਣਿਆ।—ਉਤਪਤ 1:11, 12.

ਜ਼ਮੀਨ ਨੂੰ ਉਪਜਾਊ ਬਣਾਉਣ ਲਈ ਸ੍ਰਿਸ਼ਟੀਕਰਤਾ ਨੇ ਮਿੱਟੀ ਵਿਚ ਰਹਿਣ ਵਾਲੇ ਵੱਖੋ-ਵੱਖਰੀਆਂ ਕਿਸਮਾਂ ਦੇ ਸੂਖਮ-ਜੀਵ ਬਣਾਏ। (ਯਿਰਮਿਯਾਹ 51:15) ਇਹ ਛੋਟੇ-ਛੋਟੇ ਜੀਵ ਪੌਦਿਆਂ ਅਤੇ ਜੰਤੂਆਂ ਦੇ ਮੁਰਦਾ ਸਰੀਰਾਂ ਨੂੰ ਨਿਖੇੜਦੇ ਹਨ ਅਤੇ ਇਨ੍ਹਾਂ ਪਦਾਰਥਾਂ ਨੂੰ ਪੋਸ਼ਕ ਤੱਤਾਂ ਵਿਚ ਬਦਲ ਦਿੰਦੇ ਹਨ ਜੋ ਪੇੜ-ਪੌਦਿਆਂ ਦੇ ਉੱਗਣ ਲਈ ਜ਼ਰੂਰੀ ਹਨ। ਮਿੱਟੀ ਵਿਚ ਕੁਝ ਖ਼ਾਸ ਕਿਸਮ ਦੇ ਬੈਕਟੀਰੀਆ ਹੁੰਦੇ ਹਨ ਜੋ ਹਵਾ ਤੋਂ ਨਾਈਟ੍ਰੋਜਨ ਲੈ ਕੇ ਇਸ ਨੂੰ ਪੌਦਿਆਂ ਤਕ ਪਹੁੰਚਾਉਂਦੇ ਹਨ ਤਾਂਕਿ ਪੌਦੇ ਵਧ ਸਕਣ। ਇਹ ਜਾਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਮੁੱਠੀ-ਭਰ ਮਿੱਟੀ ਵਿਚ ਅਜਿਹੇ 60 ਖਰਬ ਸੂਖਮ-ਜੀਵ ਹੋ ਸਕਦੇ ਹਨ!

ਉਤਪਤ 1:14-19 ਵਿਚ ਦੱਸਿਆ ਗਿਆ ਹੈ ਕਿ ਸੂਰਜ, ਚੰਦ ਤੇ ਤਾਰੇ ਸ੍ਰਿਸ਼ਟੀ ਦੇ ਚੌਥੇ ਦਿਨ ਬਣਾਏ ਗਏ ਸਨ। ਸ਼ਾਇਦ ਪਹਿਲਾਂ-ਪਹਿਲ ਸਾਨੂੰ ਲੱਗੇ ਕਿ ਇਹ ਗੱਲ ਪਹਿਲਾਂ ਦੱਸੀਆਂ ਗੱਲਾਂ ਨਾਲ ਮੇਲ ਨਹੀਂ ਖਾਂਦੀ। ਪਰ ਯਾਦ ਰੱਖੋ ਕਿ ਉਤਪਤ ਦੀ ਪੋਥੀ ਦੇ ਲਿਖਾਰੀ ਮੂਸਾ ਨੇ ਸ੍ਰਿਸ਼ਟੀ ਦਾ ਬਿਰਤਾਂਤ ਇਨਸਾਨੀ ਨਜ਼ਰੀਏ ਤੋਂ ਲਿਖਿਆ ਸੀ। ਜ਼ਾਹਰ ਹੈ ਕਿ ਸੂਰਜ, ਚੰਦ ਅਤੇ ਤਾਰੇ ਧਰਤੀ ਤੋਂ ਚੌਥੇ ਦਿਨ ਹੀ ਦਿਖਾਈ ਦੇਣ ਲੱਗੇ।

ਉਤਪਤ ਦੇ ਬਿਰਤਾਂਤ ਅਨੁਸਾਰ ਪਾਣੀ ਵਿਚ ਰਹਿਣ ਵਾਲੇ ਜੀਵ-ਜੰਤੂ ਸ੍ਰਿਸ਼ਟੀ ਦੇ ਪੰਜਵੇਂ ਦਿਨ ਬਣਾਏ ਗਏ ਸਨ ਅਤੇ ਜ਼ਮੀਨ ਉੱਤੇ ਚੱਲਣ ਵਾਲੇ ਜਾਨਵਰ ਅਤੇ ਇਨਸਾਨ ਛੇਵੇਂ ਦਿਨ ਸ੍ਰਿਸ਼ਟ ਕੀਤੇ ਗਏ ਸਨ।—ਉਤਪਤ 1:20-31.

ਧਰਤੀ ਸਾਡੀ ਖ਼ੁਸ਼ੀ ਲਈ ਬਣਾਈ ਗਈ

ਸ੍ਰਿਸ਼ਟੀ ਬਾਰੇ ਬਾਈਬਲ ਦਾ ਬਿਰਤਾਂਤ ਵਾਕਈ ਵਧੀਆ ਹੈ। ਕੀ ਇਸ ਤੋਂ ਤੁਹਾਨੂੰ ਨਹੀਂ ਲੱਗਦਾ ਕਿ ਧਰਤੀ ਉੱਤੇ ਸਭ ਕੁਝ ਸਾਡੀ ਖ਼ੁਸ਼ੀ ਲਈ ਬਣਾਇਆ ਗਿਆ ਸੀ? ਕੀ ਤੁਸੀਂ ਕਦੇ ਸਵੇਰੇ ਉੱਠ ਕੇ ਅਜਿਹੇ ਖ਼ੂਬਸੂਰਤ ਦਿਨ ਦਾ ਆਨੰਦ ਮਾਣਿਆ ਜਦ ਤੁਸੀਂ ਤਾਜ਼ੀ ਹਵਾ ਵਿਚ ਸਾਹ ਲੈ ਕੇ ਕਿਹਾ ਹੋਵੇ ਕਿ ਜ਼ਿੰਦਗੀ ਕਿੰਨੀ ਖ਼ੂਬਸੂਰਤ ਹੈ? ਹੋ ਸਕਦਾ ਹੈ ਕਿ ਤੁਸੀਂ ਕਦੇ ਅਜਿਹੇ ਬਾਗ਼ ਵਿਚ ਘੁੰਮਣ-ਫਿਰਨ ਗਏ ਹੋਵੋਗੇ ਜਿੱਥੇ ਰੰਗ-ਬਰੰਗੇ ਫੁੱਲਾਂ ਦੀ ਮਹਿਕ ਨੇ ਤੁਹਾਡੇ ਮਨ ਨੂੰ ਖ਼ੁਸ਼ ਕਰ ਦਿੱਤਾ। ਜਾਂ ਤੁਸੀਂ ਕਿਸੇ ਫਲਾਂ ਵਾਲੇ ਬਾਗ਼ ਵਿਚ ਗਏ ਹੋਵੋਗੇ ਤੇ ਤੁਸੀਂ ਫਲ ਤੋੜ ਕੇ ਉਸ ਦਾ ਸੁਆਦ ਚੱਖਿਆ ਹੋਵੇਗਾ। ਇਹ ਸਾਰੀਆਂ ਮਜ਼ੇਦਾਰ ਚੀਜ਼ਾਂ ਧਰਤੀ ਉੱਤੇ ਨਹੀਂ ਹੋਣੀਆਂ ਸਨ ਜੇ ਧਰਤੀ ਉੱਤੇ (1) ਬਹੁਤ ਸਾਰਾ ਪਾਣੀ ਨਾ ਹੁੰਦਾ, (2) ਸਹੀ ਮਾਤਰਾ ਵਿਚ ਸੂਰਜ ਤੋਂ ਊਰਜਾ ਤੇ ਗਰਮੀ ਨਾ ਮਿਲਦੀ, (3) ਗੈਸਾਂ ਦਾ ਸਹੀ ਮਿਸ਼ਰਣ ਨਾ ਹੁੰਦਾ ਤੇ (4) ਉਪਜਾਊ ਜ਼ਮੀਨ ਨਾ ਹੁੰਦੀ।

ਇਹ ਸਭ ਕੁਝ ਮੰਗਲ, ਸ਼ੁੱਕਰ ਅਤੇ ਹੋਰ ਗ੍ਰਹਿਆਂ ਤੇ ਨਹੀਂ ਹੈ। ਇਹ ਸਭ ਆਪਣੇ ਆਪ ਨਹੀਂ ਬਣਿਆ। ਇਹ ਸਭ ਕੁਝ ਕਿਸੇ ਨੇ ਬਣਾਇਆ ਹੈ ਤਾਂਕਿ ਅਸੀਂ ਜ਼ਿੰਦਗੀ ਦਾ ਲੁਤਫ਼ ਉਠਾ ਸਕੀਏ। ਅਗਲੇ ਲੇਖ ਵਿਚ ਬਾਈਬਲ ਵਿੱਚੋਂ ਸਮਝਾਇਆ ਜਾਵੇਗਾ ਕਿ ਧਰਤੀ ਨੂੰ ਸਿਰਜਣਹਾਰ ਨੇ ਹਮੇਸ਼ਾ ਵਾਸਤੇ ਬਣਾਇਆ ਸੀ।

[ਫੁਟਨੋਟ]

^ ਪੈਰਾ 5 ਸਾਡੇ ਸੂਰਜੀ ਪਰਿਵਾਰ ਦੇ ਅੰਦਰਲੇ ਚਾਰ ਗ੍ਰਹਿ ਹਨ ਬੁੱਧ ਗ੍ਰਹਿ (ਮਰਕਰੀ), ਸ਼ੁੱਕਰ ਗ੍ਰਹਿ (ਵੀਨਸ), ਧਰਤੀ ਅਤੇ ਮੰਗਲ ਗ੍ਰਹਿ (ਮਾਰਸ)। ਇਨ੍ਹਾਂ ਸਾਰਿਆਂ ਨੂੰ ਧਰਤੀ ਵਰਗੇ ਗ੍ਰਹਿ ਸਮਝਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਦੀ ਸਤਹ ਪਥਰੀਲੀ ਹੈ। ਬ੍ਰਹਿਸਪਤੀ ਗ੍ਰਹਿ (ਜੁਪੀਟਰ), ਸ਼ਨੀ ਗ੍ਰਹਿ (ਸੈਟਰਨ), ਅਰੁਨ ਗ੍ਰਹਿ (ਯੂਰੇਨਸ) ਅਤੇ ਵਰੁਣ ਗ੍ਰਹਿ (ਨੈਪਚੂਨ) ਮੁੱਖ ਗ੍ਰਹਿ ਹਨ। ਇਹ ਗ੍ਰਹਿ ਮੁੱਖ ਤੌਰ ਤੇ ਗੈਸਾਂ ਦੇ ਬਣੇ ਹੋਏ ਹਨ।

[ਸਫ਼ਾ 6 ਉੱਤੇ ਡੱਬੀ]

“ਜੇ ਮੈਨੂੰ ਧਰਤੀ ਦੀ ਰਚਨਾ ਅਤੇ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਆਮ ਲੋਕਾਂ ਨੂੰ ਸਮਝਾਉਣ ਲਈ ਕਿਹਾ ਜਾਵੇ, ਤਾਂ ਭੂ-ਵਿਗਿਆਨੀ ਹੋਣ ਦੇ ਨਾਤੇ ਮੈਂ ਬਾਈਬਲ ਦੀ ਉਤਪਤ ਦੀ ਕਿਤਾਬ ਦੇ ਪਹਿਲੇ ਅਧਿਆਇ ਵਿਚ ਵਰਤੀ ਗਈ ਸੌਖੀ ਭਾਸ਼ਾ ਹੀ ਵਰਤਾਂਗਾ ਕਿਉਂਕਿ ਇਹ ਕਿਤਾਬ ਭੇਡਾਂ-ਬੱਕਰੀਆਂ ਚਾਰਨ ਵਾਲੇ ਆਮ ਲੋਕਾਂ ਲਈ ਲਿਖੀ ਗਈ ਸੀ।”—ਭੂ-ਵਿਗਿਆਨੀ ਵੌਲਿਸ ਪਰਾਟ।

[ਸਫ਼ਾ 7 ਉੱਤੇ ਡੱਬੀ/ਤਸਵੀਰ]

ਬ੍ਰਹਿਮੰਡ ਦਾ ਅਧਿਐਨ ਕਰਨ ਲਈ ਧਰਤੀ ਬਿਲਕੁਲ ਸਹੀ ਜਗ੍ਹਾ

ਜੇ ਸੂਰਜ ਸਾਡੀ ਗਲੈਕਸੀ ਦੇ ਬੰਨ੍ਹੇ ਤੇ ਹੁੰਦਾ, ਤਾਂ ਸਾਨੂੰ ਤਾਰੇ ਸਾਫ਼ ਨਜ਼ਰ ਨਹੀਂ ਆਉਣੇ ਸਨ। ਇਕ ਕਿਤਾਬ (The Privileged Planet) ਕਹਿੰਦੀ ਹੈ, “ਸਾਡਾ ਸੂਰਜੀ ਪਰਿਵਾਰ . . . ਚਮਕੀਲੇ ਤਾਰਿਆਂ ਦੀ ਬਹੁਤ ਜ਼ਿਆਦਾ ਰੌਸ਼ਨੀ ਵਾਲੇ ਧੂੜ ਭਰੇ ਖੇਤਰਾਂ ਤੋਂ ਦੂਰ ਹੈ ਜਿਸ ਕਰਕੇ ਅਸੀਂ ਨੇੜਲੇ ਤੇ ਦੂਰ ਦੇ ਤਾਰੇ ਸਾਫ਼ ਦੇਖ ਸਕਦੇ ਹਾਂ।”

ਚੰਦ ਦਾ ਆਕਾਰ ਅਤੇ ਧਰਤੀ ਤੋਂ ਇਸ ਦੀ ਦੂਰੀ ਬਿਲਕੁਲ ਸਹੀ ਫ਼ਾਸਲੇ ਤੇ ਹੋਣ ਕਰਕੇ ਸੂਰਜ ਗ੍ਰਹਿਣ (solar eclipse) ਦੌਰਾਨ ਚੰਦ ਸੂਰਜ ਨੂੰ ਢੱਕ ਲੈਂਦਾ ਹੈ। ਅਜਿਹੀਆਂ ਨਿਰਾਲੀਆਂ ਤੇ ਸ਼ਾਨਦਾਰ ਘਟਨਾਵਾਂ ਕਰਕੇ ਖਗੋਲ-ਵਿਗਿਆਨੀ ਸੂਰਜ ਦਾ ਅਧਿਐਨ ਕਰਦੇ ਹਨ। ਅਜਿਹੇ ਅਧਿਐਨਾਂ ਸਦਕਾ ਤਾਰਿਆਂ ਦੇ ਚਮਕਣ ਬਾਰੇ ਕਈ ਰਾਜ਼ ਪਤਾ ਚੱਲੇ ਹਨ।

[ਸਫ਼ਾ 5 ਉੱਤੇ ਤਸਵੀਰ]

ਚੰਦ ਦਾ ਆਕਾਰ ਵੱਡਾ ਹੋਣ ਕਾਰਨ ਇਸ ਦੀ ਗੁਰੂਤਾ ਖਿੱਚ ਇੰਨੀ ਜ਼ਿਆਦਾ ਹੈ ਕਿ ਉਹ ਧਰਤੀ ਨੂੰ ਇਸ ਦੇ ਧੁਰੇ ਤੇ ਝੁਕਾਈ ਰੱਖਦਾ ਹੈ

[ਸਫ਼ਾ 7 ਉੱਤੇ ਤਸਵੀਰ]

ਧਰਤੀ ਉੱਤੇ ਜੀਵਨ ਕਿਵੇਂ ਮੁਮਕਿਨ ਬਣਿਆ ਹੈ? ਬਹੁਤ ਸਾਰਾ ਪਾਣੀ, ਸਹੀ ਮਾਤਰਾ ਵਿਚ ਸੂਰਜ ਦੀ ਊਰਜਾ ਤੇ ਗਰਮੀ, ਵਾਯੂਮੰਡਲ ਅਤੇ ਉਪਜਾਊ ਜ਼ਮੀਨ

[ਕ੍ਰੈਡਿਟ ਲਾਈਨਾਂ]

Globe: Based on NASA Photo; wheat: Pictorial Archive (Near Eastern History) Est.