ਸਾਡੀ ਸੁੰਦਰ ਧਰਤੀ
ਸਾਡੀ ਸੁੰਦਰ ਧਰਤੀ
ਖਗੋਲ-ਵਿਗਿਆਨੀਆਂ ਨੇ ਦੇਖਿਆ ਹੈ ਕਿ ਵਿਸ਼ਾਲ ਬ੍ਰਹਿਮੰਡ ਵਿਚ ਸਾਡੀ ਧਰਤੀ ਸਿਰਫ਼ ਇਕ ਛੋਟਾ ਜਿਹਾ ਕਿਣਕਾ ਹੀ ਹੈ। ਸਾਰੇ ਬ੍ਰਹਿਮੰਡ ਵਿਚ ਸਿਰਫ਼ ਧਰਤੀ ਹੀ ਅਜਿਹਾ ਗ੍ਰਹਿ ਹੈ ਜਿੱਥੇ ਜੀਵਨ ਹੈ। ਸਿਰਫ਼ ਧਰਤੀ ਉੱਤੇ ਹੀ ਉਹ ਸਾਰੀਆਂ ਚੀਜ਼ਾਂ ਮੌਜੂਦ ਹਨ ਜੋ ਹਰ ਜੀਵ ਦੇ ਜੀਉਣ ਲਈ ਜ਼ਰੂਰੀ ਹਨ।
ਇਸ ਤੋਂ ਇਲਾਵਾ, ਅਸੀਂ ਇਸ ਸੁੰਦਰ ਧਰਤੀ ਉੱਤੇ ਜੀਵਨ ਦਾ ਪੂਰਾ ਆਨੰਦ ਮਾਣ ਸਕਦੇ ਹਾਂ। ਜਦ ਸਰਦੀਆਂ ਵਿਚ ਸੂਰਜ ਨਿਕਲਦਾ ਹੈ, ਤਾਂ ਉਸ ਦੀ ਨਿੱਘ ਮਹਿਸੂਸ ਹੋਣ ਤੇ ਸਾਨੂੰ ਕਿੰਨਾ ਚੰਗਾ ਲੱਗਦਾ ਹੈ! ਜਦ ਅਸੀਂ ਸੂਰਜ ਨੂੰ ਚੜ੍ਹਦੇ ਜਾਂ ਉਸ ਨੂੰ ਡੁੱਬਦੇ ਦੇਖਦੇ ਹਾਂ, ਤਾਂ ਰੰਗ-ਬਰੰਗਾ ਆਸਮਾਨ ਦੇਖ ਕੇ ਅਸੀਂ ਕਿੰਨੇ ਖ਼ੁਸ਼ ਹੁੰਦੇ ਹਾਂ! ਹਾਂ, ਅਜਿਹੇ ਨਜ਼ਾਰੇ ਦੇਖ ਕੇ ਅਸੀਂ ਬਹੁਤ ਹੀ ਪ੍ਰਭਾਵਿਤ ਹੁੰਦੇ ਹਾਂ। ਪਰ ਇਨ੍ਹਾਂ ਨਜ਼ਾਰਿਆਂ ਤੋਂ ਇਲਾਵਾ ਵੀ ਸੂਰਜ ਸਾਡੇ ਬਹੁਤ ਕੰਮ ਆਉਂਦਾ ਹੈ। ਇਹ ਸਾਡੀ ਹੋਂਦ ਲਈ ਬੇਹੱਦ ਜ਼ਰੂਰੀ ਹੈ।
ਲੱਖਾਂ ਹੀ ਸਾਲਾਂ ਤੋਂ ਸੂਰਜ ਦੀ ਗੁਰੂਤਾ ਖਿੱਚ ਨੇ ਧਰਤੀ ਅਤੇ ਹੋਰ ਗ੍ਰਹਿਆਂ ਨੂੰ ਸਹੀ ਜਗ੍ਹਾ ਤੇ ਟਿਕਾ ਕੇ ਰੱਖਿਆ ਹੋਇਆ ਹੈ। ਸਕੂਲੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਸੂਰਜੀ ਪਰਿਵਾਰ ਆਕਾਸ਼-ਗੰਗਾ (Milky Way galaxy) ਦੇ ਕੇਂਦਰ ਦੁਆਲੇ ਚੱਕਰ ਕੱਟਦਾ ਰਹਿੰਦਾ ਹੈ। ਸਾਡੀ ਆਕਾਸ਼-ਗੰਗਾ ਵਿਚ ਖਰਬਾਂ ਹੀ ਤਾਰੇ ਹਨ ਜਿਨ੍ਹਾਂ ਵਿੱਚੋਂ ਸੂਰਜ ਸਿਰਫ਼ ਇਕ ਤਾਰਾ ਹੈ। ਇਹ ਖਰਬਾਂ ਹੀ ਤਾਰੇ ਸਾਡੀ ਆਕਾਸ਼-ਗੰਗਾ ਦੇ ਕੇਂਦਰ ਦੁਆਲੇ ਘੁੰਮਦੇ ਰਹਿੰਦੇ ਹਨ।
ਸਾਡੀ ਆਕਾਸ਼-ਗੰਗਾ ਲਗਭਗ 35 ਗਲੈਕਸੀਆਂ ਦੇ ਗੁੱਛੇ ਦਾ ਇਕ ਹਿੱਸਾ ਹੈ। ਪਰ ਗਲੈਕਸੀਆਂ ਦੇ ਇਸ ਨਾਲੋਂ ਵੀ ਵੱਡੇ ਗੁੱਛੇ ਹਨ। ਇਨ੍ਹਾਂ ਗੁੱਛਿਆਂ ਵਿਚ ਹਜ਼ਾਰਾਂ ਹੀ ਗਲੈਕਸੀਆਂ ਹੋ ਸਕਦੀਆਂ ਹਨ। ਜੇ ਸਾਡਾ ਸੂਰਜੀ ਪਰਿਵਾਰ ਬਹੁਤ ਸਾਰੀਆਂ ਸੰਘਣੀਆਂ ਗਲੈਕਸੀਆਂ ਦੇ ਗੁੱਛੇ ਦਾ ਹਿੱਸਾ ਹੁੰਦਾ, ਤਾਂ ਇਸ ਨੇ ਸਥਿਰ ਨਹੀਂ ਰਹਿਣਾ ਸੀ। ਖਗੋਲ-ਵਿਗਿਆਨੀ ਗੀਯਰਮੋ ਗੌਂਜ਼ਾਲਜ਼ ਅਤੇ ਜੇ ਡਬਲਯੂ. ਰਿਚਰਡਜ਼ ਨੇ ਆਪਣੀ ਕਿਤਾਬ ਅਨੋਖੀ ਧਰਤੀ (ਅੰਗ੍ਰੇਜ਼ੀ) ਵਿਚ ਕਿਹਾ ਕਿ ਬ੍ਰਹਿਮੰਡ ਵਿਚ ਬਹੁਤ ਘੱਟ ਥਾਂ ਹਨ “ਜਿੱਥੇ ਸਾਡਾ ਸੂਰਜੀ ਪਰਿਵਾਰ ਟਿਕਿਆ ਰਹਿ ਸਕਦਾ ਹੈ ਤੇ ਜੀਵਨ ਕਾਇਮ ਰਹਿ ਸਕਦਾ ਹੈ।”
ਪਰ ਕੀ ਧਰਤੀ ਉੱਤੇ ਜੀਵਨ ਆਪਣੇ ਆਪ ਹੀ ਸ਼ੁਰੂ ਹੋਇਆ ਸੀ? ਕੀ ਇਹ ਕੋਈ ਇਤਫ਼ਾਕ ਸੀ ਜਾਂ ਕਿਸੇ ਵੱਡੇ ਧਮਾਕੇ ਦਾ ਨਤੀਜਾ? ਕੀ ਇਸ ਸੁੰਦਰ ਧਰਤੀ ਉੱਤੇ ਜੀਵਨ ਦਾ ਕੋਈ ਮਕਸਦ ਹੈ?
ਕਈ ਲੋਕਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਸਾਡੀ ਧਰਤੀ ਜੀਵਨ ਨੂੰ ਬਰਕਰਾਰ ਰੱਖਣ ਲਈ ਹੀ ਬਣਾਈ ਗਈ ਸੀ। * ਕਈ ਸਦੀਆਂ ਪਹਿਲਾਂ ਇਕ ਇਬਰਾਨੀ ਸ਼ਾਇਰ ਨੇ ਜ਼ਮੀਨ-ਆਸਮਾਨ ਬਾਰੇ ਲਿਖਿਆ: “ਜਦ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਰ ਤਾਰਿਆਂ ਨੂੰ ਜਿਹੜੇ ਤੈਂ ਕਾਇਮ ਕੀਤੇ ਹਨ, ਤਾਂ ਇਨਸਾਨ ਕੀ ਹੈ।” (ਜ਼ਬੂਰਾਂ ਦੀ ਪੋਥੀ 8:3, 4) ਇਸ ਸ਼ਾਇਰ ਦਾ ਪੱਕਾ ਵਿਸ਼ਵਾਸ ਸੀ ਕਿ ਇਕ ਸ੍ਰਿਸ਼ਟੀਕਰਤਾ ਹੈ। ਕੀ ਅੱਜ ਦੇ ਵਿਗਿਆਨਕ ਦੌਰ ਵਿਚ ਇਹ ਮੰਨਣਾ ਜਾਇਜ਼ ਹੈ?
[ਫੁਟਨੋਟ]
^ ਪੈਰਾ 7 ਜ਼ਬੂਰਾਂ ਦੀ ਪੋਥੀ ਦੇਖੋ, ਖ਼ਾਸ ਕਰਕੇ 8ਵਾਂ ਜ਼ਬੂਰ।
[ਸਫ਼ਾ 3 ਉੱਤੇ ਡੱਬੀ/ਤਸਵੀਰ]
“ਜੇ ਤੁਸੀਂ ਧਰਤੀ ਨੂੰ ਦੂਰੋਂ ਦੇਖੋ, ਤਾਂ ਉਹ ਕਾਲੇ ਆਕਾਸ਼ ਵਿਚ ਇਕ ਨੀਲੇ ਚਮਕਦੇ ਹੀਰੇ ਵਾਂਗ ਦਿਖਾਈ ਦਿੰਦੀ ਹੈ।”—ਦ ਇਲਸਟ੍ਰੇਟਿਡ ਸਾਇੰਸ ਐਨਸਾਈਕਲੋਪੀਡੀਆ—ਅਮੈਜ਼ੀਂਗ ਪਲੈਨਟ ਅਰਥ।
[ਕ੍ਰੈਡਿਟ ਲਾਈਨ]
Globe: U.S. Fish & Wildlife Service, Washington, D.C./NASA