Skip to content

Skip to table of contents

‘ਹੇ ਬਾਲਕੋ, ਤੁਸੀਂ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ’

‘ਹੇ ਬਾਲਕੋ, ਤੁਸੀਂ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ’

‘ਹੇ ਬਾਲਕੋ, ਤੁਸੀਂ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ’

“ਹੇ ਬਾਲਕੋ, ਤੁਸੀਂ ਪ੍ਰਭੁ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ ਕਿਉਂ ਜੋ ਇਹ ਧਰਮ ਦੀ ਗੱਲ ਹੈ।”—ਅਫ਼ਸੀਆਂ 6:1.

1. ਆਗਿਆਕਾਰ ਰਹਿਣ ਨਾਲ ਸਾਡੀ ਰੱਖਿਆ ਕਿਵੇਂ ਹੋ ਸਕਦੀ ਹੈ?

ਅਸੀਂ ਸ਼ਾਇਦ ਅੱਜ ਜੀਉਂਦੇ ਹਾਂ ਕਿਉਂਕਿ ਅਸੀਂ ਆਗਿਆਕਾਰ ਰਹੇ ਸੀ, ਜਦ ਕਿ ਕਈ ਲੋਕ ਆਪਣੀ ਅਣਆਗਿਆਕਾਰੀ ਦੇ ਕਾਰਨ ਅੱਜ ਜੀਉਂਦੇ ਨਹੀਂ ਹਨ। ਅਸੀਂ ਚੇਤਾਵਨੀਆਂ ਵੱਲ ਧਿਆਨ ਦਿੱਤਾ। ਕਿਹੜੀਆਂ ਚੇਤਾਵਨੀਆਂ? ਸਾਡਾ “ਅਚਰਜ” ਤਰੀਕੇ ਨਾਲ ਬਣਾਇਆ ਸਰੀਰ ਸਾਨੂੰ ਕਈ ਖ਼ਤਰਿਆਂ ਬਾਰੇ ਚੇਤਾਵਨੀ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 139:14) ਮਿਸਾਲ ਲਈ, ਸਾਡੀਆਂ ਅੱਖਾਂ ਕਾਲੇ ਬੱਦਲ ਦੇਖਦੀਆਂ ਹਨ ਤੇ ਸਾਡੇ ਕੰਨ ਬੱਦਲਾਂ ਦੀ ਗਰਜ ਸੁਣਦੇ ਹਨ। ਬਿਜਲੀ ਦੇ ਕੜਕਣ ਨਾਲ ਵਾਤਾਵਰਣ ਵਿਚ ਪੈਦਾ ਹੋਏ ਕਰੰਟ ਕਰਕੇ ਸਾਡੇ ਵਾਲ ਖੜ੍ਹੇ ਹੋ ਜਾਂਦੇ ਹਨ। ਜਿਨ੍ਹਾਂ ਲੋਕਾਂ ਨੂੰ ਇਨ੍ਹਾਂ ਖ਼ਤਰਿਆਂ ਬਾਰੇ ਪਤਾ ਹੈ, ਉਹ ਆਉਣ ਵਾਲੇ ਤੂਫ਼ਾਨ, ਬਿਜਲੀ ਤੇ ਗੜਿਆਂ ਤੋਂ ਬਚਣ ਲਈ ਪਨਾਹ ਲੱਭਦੇ ਹਨ। ਜੇ ਉਹ ਚੇਤਾਵਨੀ ਵੱਲ ਧਿਆਨ ਨਾ ਦੇਣ, ਤਾਂ ਉਨ੍ਹਾਂ ਦੀ ਜਾਨ ਜਾ ਸਕਦੀ ਹੈ।

2. ਬੱਚਿਆਂ ਨੂੰ ਚੇਤਾਵਨੀਆਂ ਦੀ ਕਿਉਂ ਜ਼ਰੂਰਤ ਹੈ ਤੇ ਉਨ੍ਹਾਂ ਨੂੰ ਆਪਣੇ ਮਾਪਿਆਂ ਦੇ ਆਖੇ ਕਿਉਂ ਲੱਗਣਾ ਚਾਹੀਦਾ ਹੈ?

2 ਨੌਜਵਾਨੋ, ਤੁਹਾਨੂੰ ਵੀ ਖ਼ਤਰਿਆਂ ਬਾਰੇ ਚੇਤਾਵਨੀਆਂ ਦੀ ਜ਼ਰੂਰਤ ਹੈ ਤੇ ਤੁਹਾਡੇ ਮਾਪੇ ਇਹ ਚੇਤਾਵਨੀਆਂ ਦੇਣ ਲਈ ਜ਼ਿੰਮੇਵਾਰ ਹਨ। ਸ਼ਾਇਦ ਤੁਹਾਨੂੰ ਉਹ ਸਮਾਂ ਯਾਦ ਹੋਵੇਗਾ ਜਦ ਤੁਹਾਡੇ ਮਾਪਿਆਂ ਨੇ ਕਿਹਾ: “ਚੁੱਲ੍ਹੇ ਨੂੰ ਹੱਥ ਨਾ ਲਾ, ਜਲ਼ ਜਾਏਂਗਾ।” “ਝੀਲ ਦੇ ਕਿਨਾਰੇ ਤੋਂ ਦੂਰ ਰਹਿ, ਡਿੱਗ ਜਾਏਂਗਾ।” “ਸੱਜੇ-ਖੱਬੇ ਦੇਖ ਕੇ ਸੜਕ ਪਾਰ ਕਰੀਂ।” ਪਰ ਦੁੱਖ ਦੀ ਗੱਲ ਹੈ ਕਿ ਆਪਣੇ ਮਾਪਿਆਂ ਦੀ ਗੱਲ ਨਾ ਮੰਨਣ ਕਰਕੇ ਕਈ ਬੱਚਿਆਂ ਨੂੰ ਸੱਟ ਲੱਗਦੀ ਹੈ ਜਾਂ ਉਨ੍ਹਾਂ ਦੀ ਜਾਨ ਵੀ ਚਲੀ ਜਾਂਦੀ ਹੈ। ਮਾਪਿਆਂ ਦੇ ਆਖੇ ਲੱਗਣਾ “ਧਰਮ ਦੀ ਗੱਲ” ਹੈ ਅਤੇ ਇਹ ਬੁੱਧੀਮਤਾ ਵੀ ਹੈ। (ਕਹਾਉਤਾਂ 8:33) ਬਾਈਬਲ ਇਹ ਵੀ ਕਹਿੰਦੀ ਹੈ ਕਿ ਪ੍ਰਭੁ ਯਿਸੂ ਮਸੀਹ ਵਿੱਚ “ਇਹ ਗੱਲ ਮਨ ਭਾਉਣੀ ਹੈ।” ਜੀ ਹਾਂ, ਇਹ ਪਰਮੇਸ਼ੁਰ ਦਾ ਹੁਕਮ ਹੈ ਕਿ ਤੁਸੀਂ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ।—ਕੁਲੁੱਸੀਆਂ 3:20; 1 ਕੁਰਿੰਥੀਆਂ 8:6.

ਆਖੇ ਲੱਗਣ ਦੇ ਲਾਭ

3. “ਅਸਲ ਜੀਵਨ” ਕੀ ਹੈ ਤੇ ਬੱਚੇ ਇਸ ਨੂੰ ਪਾਉਣ ਦੀ ਉਮੀਦ ਕਿਵੇਂ ਰੱਖ ਸਕਦੇ ਹਨ?

3 ਮਾਪਿਆਂ ਦੀ ਗੱਲ ਸੁਣਨ ਨਾਲ ‘ਹੁਣ ਦੇ ਜੀਵਨ’ ਦੀ ਰਾਖੀ ਹੁੰਦੀ ਹੈ ਤੇ ਤੁਸੀਂ “ਆਉਣ ਵਾਲੇ ਜੀਵਨ” ਦਾ ਵੀ ਆਨੰਦ ਮਾਣ ਸਕੋਗੇ ਜੋ “ਅਸਲ ਜੀਵਨ” ਹੈ। (1 ਤਿਮੋਥਿਉਸ 4:8; 6:19) ਸਾਨੂੰ ਇਹ ਜੀਵਨ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਮਿਲੇਗਾ। ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਸਦਾ ਦਾ ਜੀਵਨ ਦੇਣ ਦਾ ਵਾਅਦਾ ਕੀਤਾ ਹੈ ਜੋ ਵਫ਼ਾਦਾਰੀ ਨਾਲ ਉਸ ਦੇ ਹੁਕਮਾਂ ਨੂੰ ਮੰਨਦੇ ਹਨ। ਇਨ੍ਹਾਂ ਵਿੱਚੋਂ ਇਕ ਅਹਿਮ ਹੁਕਮ ਹੈ: “ਤੂੰ ਆਪਣੇ ਮਾਂ ਪਿਉ ਦਾ ਆਦਰ ਕਰ ਭਈ ਤੇਰਾ ਭਲਾ ਹੋਵੇ ਅਰ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ। ਇਹ ਵਾਇਦੇ ਨਾਲ ਪਹਿਲਾ ਹੁਕਮ ਹੈ।” ਜੇ ਤੁਸੀਂ ਆਪਣੇ ਮਾਪਿਆਂ ਦੇ ਆਖੇ ਲੱਗੋਗੇ, ਤਾਂ ਤੁਸੀਂ ਖ਼ੁਸ਼ ਹੋਵੋਗੇ। ਤੁਹਾਨੂੰ ਆਪਣੇ ਭਵਿੱਖ ਦੀ ਕੋਈ ਚਿੰਤਾ ਨਹੀਂ ਹੋਵੇਗੀ ਕਿਉਂਕਿ ਤੁਹਾਨੂੰ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਮਿਲਣ ਦੀ ਉਮੀਦ ਹੋਵੇਗੀ।—ਅਫ਼ਸੀਆਂ 6:2, 3.

4. ਬੱਚੇ ਪਰਮੇਸ਼ੁਰ ਦਾ ਆਦਰ ਕਿਵੇਂ ਕਰ ਸਕਦੇ ਹਨ ਤੇ ਇਸ ਦੇ ਉਨ੍ਹਾਂ ਨੂੰ ਕੀ ਫ਼ਾਇਦੇ ਹੋਣਗੇ?

4 ਜਦ ਤੁਸੀਂ ਆਪਣੇ ਮਾਪਿਆਂ ਦੀ ਗੱਲ ਮੰਨਦੇ ਹੋ, ਤਾਂ ਤੁਸੀਂ ਸਿਰਫ਼ ਉਨ੍ਹਾਂ ਦਾ ਹੀ ਨਹੀਂ, ਸਗੋਂ ਪਰਮੇਸ਼ੁਰ ਦਾ ਵੀ ਆਦਰ ਕਰਦੇ ਹੋ ਕਿਉਂਕਿ ਉਸ ਨੇ ਹੀ ਤੁਹਾਨੂੰ ਆਪਣੇ ਮਾਪਿਆਂ ਦੇ ਆਗਿਆਕਾਰ ਬਣੇ ਰਹਿਣ ਦਾ ਹੁਕਮ ਦਿੱਤਾ ਸੀ। ਇਸ ਦੇ ਨਾਲ-ਨਾਲ ਤੁਹਾਨੂੰ ਵੀ ਫ਼ਾਇਦਾ ਹੁੰਦਾ ਹੈ। ਬਾਈਬਲ ਕਹਿੰਦੀ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ।” (ਯਸਾਯਾਹ 48:17; 1 ਯੂਹੰਨਾ 5:3) ਆਗਿਆਕਾਰ ਬਣਨ ਦਾ ਤੁਹਾਨੂੰ ਕੀ ਫ਼ਾਇਦਾ ਹੁੰਦਾ ਹੈ? ਪਹਿਲਾਂ ਤਾਂ ਤੁਸੀਂ ਆਪਣੇ ਮਾਂ-ਬਾਪ ਨੂੰ ਖ਼ੁਸ਼ ਕਰਦੇ ਹੋ। ਫਿਰ ਉਹ ਖ਼ੁਸ਼ ਹੋ ਕੇ ਤੁਹਾਡੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ ਜਿਸ ਕਰਕੇ ਤੁਹਾਨੂੰ ਖ਼ੁਸ਼ੀ ਮਿਲੇਗੀ। (ਕਹਾਉਤਾਂ 23:22-25) ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਤੁਸੀਂ ਪਰਮੇਸ਼ੁਰ ਦੇ ਜੀਅ ਨੂੰ ਖ਼ੁਸ਼ ਕਰਦੇ ਹੋ ਤੇ ਉਹ ਤੁਹਾਨੂੰ ਬੇਅੰਤ ਬਰਕਤਾਂ ਦੇਵੇਗਾ! ਯਿਸੂ ਨੇ ਆਪਣੇ ਬਾਰੇ ਕਿਹਾ ਸੀ: “ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ ਉਸ ਨੂੰ ਭਾਉਂਦੇ ਹਨ।” (ਯੂਹੰਨਾ 8:29) ਆਓ ਆਪਾਂ ਦੇਖੀਏ ਕਿ ਯਹੋਵਾਹ ਨੇ ਯਿਸੂ ਨੂੰ ਕਿਵੇਂ ਬਰਕਤਾਂ ਦਿੱਤੀਆਂ ਸਨ ਤੇ ਉਸ ਦੀ ਕਿਵੇਂ ਰਾਖੀ ਕੀਤੀ ਸੀ।

ਯਿਸੂ ਮਿਹਨਤੀ ਸੀ

5. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਮਿਹਨਤੀ ਸੀ?

5 ਯਿਸੂ ਮਰਿਯਮ ਦਾ ਜੇਠਾ ਸੀ। ਉਸ ਦਾ ਪਿਤਾ ਯੂਸੁਫ਼ ਤਰਖਾਣ ਸੀ। ਯਿਸੂ ਨੇ ਵੀ ਯੂਸੁਫ਼ ਤੋਂ ਤਰਖਾਣਾ ਕੰਮ ਕਰਨਾ ਸਿੱਖਿਆ। (ਮੱਤੀ 13:55; ਮਰਕੁਸ 6:3; ਲੂਕਾ 1:26-31) ਤੁਹਾਡੇ ਖ਼ਿਆਲ ਵਿਚ ਯਿਸੂ ਕਿਹੋ ਜਿਹਾ ਤਰਖਾਣ ਸੀ? ਧਰਤੀ ਉੱਤੇ ਜਨਮ ਲੈਣ ਤੋਂ ਪਹਿਲਾਂ ਜਦ ਉਹ ਸਵਰਗ ਵਿਚ ਸੀ, ਤਾਂ ਉਸ ਨੇ ਕਿਹਾ: ‘ਮੈਂ ਰਾਜ ਮਿਸਤਰੀ ਦੇ ਸਮਾਨ ਪਰਮੇਸ਼ੁਰ ਦੇ ਨਾਲ ਹੈਸਾਂ, ਮੈਂ ਨਿੱਤ ਉਹ ਨੂੰ ਰਿਝਾਉਂਦਾ ਸੀ।’ ਸਵਰਗ ਵਿਚ ਯਿਸੂ ਨੇ ਦਿਲ ਲਾ ਕੇ ਮਿਹਨਤ ਕੀਤੀ ਸੀ ਤੇ ਪਰਮੇਸ਼ੁਰ ਉਸ ਦੇ ਕੰਮ ਤੋਂ ਬਹੁਤ ਖ਼ੁਸ਼ ਸੀ। ਸੋ ਅਸੀਂ ਮੰਨ ਸਕਦੇ ਹਾਂ ਕਿ ਧਰਤੀ ਉੱਤੇ ਵੀ ਯਿਸੂ ਨੇ ਬਹੁਤ ਮਿਹਨਤ ਕੀਤੀ ਹੋਵੇਗੀ ਤੇ ਉਹ ਇਕ ਚੰਗਾ ਤਰਖਾਣ ਬਣਿਆ ਹੋਵੇਗਾ।—ਕਹਾਉਤਾਂ 8:30; ਕੁਲੁੱਸੀਆਂ 1:15, 16.

6. (ੳ) ਤੁਹਾਡੇ ਖ਼ਿਆਲ ਵਿਚ ਕੀ ਯਿਸੂ ਘਰ ਦਾ ਕੰਮ ਕਰਦਾ ਹੁੰਦਾ ਸੀ? (ਅ) ਬੱਚੇ ਕਿਨ੍ਹਾਂ ਤਰੀਕਿਆਂ ਨਾਲ ਯਿਸੂ ਦੀ ਰੀਸ ਕਰ ਸਕਦੇ ਹਨ?

6 ਇਸ ਵਿਚ ਕੋਈ ਸ਼ੱਕ ਨਹੀਂ ਕਿ ਜਦ ਯਿਸੂ ਛੋਟਾ ਸੀ, ਤਾਂ ਉਹ ਵੀ ਦੂਸਰਿਆਂ ਬੱਚਿਆਂ ਵਾਂਗ ਹੱਸਦਾ-ਖੇਡਦਾ ਸੀ। (ਜ਼ਕਰਯਾਹ 8:5; ਮੱਤੀ 11:16, 17) ਪਰ ਤੁਸੀਂ ਸੋਚ ਸਕਦੇ ਹੋ ਕਿ ਗ਼ਰੀਬ ਘਰਾਣੇ ਦਾ ਜੇਠਾ ਪੁੱਤਰ ਹੋਣ ਕਾਰਨ ਉਸ ਨੂੰ ਯੂਸੁਫ਼ ਤੋਂ ਤਰਖਾਣਾ ਕੰਮ ਸਿੱਖਣ ਤੋਂ ਇਲਾਵਾ ਘਰ ਵਿਚ ਹੋਰ ਵੀ ਕਈ ਕੰਮ ਕਰਨੇ ਪੈਂਦੇ ਸਨ। ਬਾਅਦ ਵਿਚ ਜਦੋਂ ਯਿਸੂ ਨੇ ਪ੍ਰਚਾਰ ਦਾ ਕੰਮ ਕਰਨਾ ਸ਼ੁਰੂ ਕੀਤਾ, ਤਾਂ ਉਸ ਨੇ ਆਪਣੇ ਆਰਾਮ ਬਾਰੇ ਨਹੀਂ ਸੋਚਿਆ, ਸਗੋਂ ਉਹ ਦੂਸਰਿਆਂ ਦੀ ਸੇਵਾ ਕਰਨ ਵਿਚ ਰੁੱਝ ਗਿਆ। (ਲੂਕਾ 9:58; ਯੂਹੰਨਾ 5:17) ਬੱਚਿਓ, ਤੁਸੀਂ ਕਿਨ੍ਹਾਂ ਗੱਲਾਂ ਵਿਚ ਯਿਸੂ ਦੀ ਰੀਸ ਕਰ ਸਕਦੇ ਹੋ? ਕੀ ਤੁਹਾਡੇ ਮਾਪੇ ਤੁਹਾਨੂੰ ਆਪਣਾ ਕਮਰਾ ਸਾਫ਼ ਕਰਨ ਜਾਂ ਘਰ ਵਿਚ ਕੋਈ ਹੋਰ ਕੰਮ ਕਰਨ ਲਈ ਕਹਿੰਦੇ ਹਨ? ਕੀ ਉਹ ਤੁਹਾਨੂੰ ਮੀਟਿੰਗਾਂ ਵਿਚ ਜਾਣ ਅਤੇ ਦੂਸਰਿਆਂ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨ ਲਈ ਕਹਿੰਦੇ ਹਨ? ਤੁਹਾਡੇ ਖ਼ਿਆਲ ਵਿਚ ਜੇ ਯਿਸੂ ਤੁਹਾਡੀ ਥਾਂ ਹੁੰਦਾ, ਤਾਂ ਉਹ ਕੀ ਕਰਦਾ?

ਬਾਈਬਲ ਦਾ ਚੰਗਾ ਵਿਦਿਆਰਥੀ ਤੇ ਸਿੱਖਿਅਕ

7. (ੳ) ਪਸਾਹ ਮਨਾਉਣ ਲਈ ਯਰੂਸ਼ਲਮ ਜਾਣ ਵੇਲੇ ਯਿਸੂ ਨੇ ਸ਼ਾਇਦ ਕਿਨ੍ਹਾਂ ਨਾਲ ਸਫ਼ਰ ਕੀਤਾ ਸੀ? (ਅ) ਜਦ ਯਿਸੂ ਦਾ ਪਰਿਵਾਰ ਯਰੂਸ਼ਲਮ ਤੋਂ ਤੁਰਿਆ, ਤਾਂ ਯਿਸੂ ਕਿੱਥੇ ਸੀ ਤੇ ਕੀ ਕਰ ਰਿਹਾ ਸੀ?

7 ਇਸਰਾਏਲੀਆਂ ਨੂੰ ਯਹੋਵਾਹ ਦਾ ਹੁਕਮ ਸੀ ਕਿ ਤਿੰਨ ਸਾਲਾਨਾ ਤਿਉਹਾਰਾਂ ਦੌਰਾਨ ਘਰ ਦੇ ਸਾਰੇ ਮਰਦ ਯਹੋਵਾਹ ਦੀ ਹੈਕਲ ਨੂੰ ਜਾਣ। (ਬਿਵਸਥਾ ਸਾਰ 16:16) ਜਦ ਯਿਸੂ 12 ਸਾਲਾਂ ਦਾ ਸੀ, ਤਾਂ ਸ਼ਾਇਦ ਉਸ ਦਾ ਸਾਰਾ ਪਰਿਵਾਰ, ਉਸ ਦੇ ਭੈਣਾਂ-ਭਰਾਵਾਂ ਸਮੇਤ, ਪਸਾਹ ਮਨਾਉਣ ਲਈ ਯਰੂਸ਼ਲਮ ਨੂੰ ਗਿਆ ਸੀ। ਯਿਸੂ ਦੇ ਪਰਿਵਾਰ ਨਾਲ ਸ਼ਾਇਦ ਜ਼ਬਦੀ ਦਾ ਪਰਿਵਾਰ ਵੀ ਸੀ ਜਿਸ ਵਿਚ ਜ਼ਬਦੀ ਦੀ ਪਤਨੀ ਸਲੋਮੀ (ਜੋ ਸ਼ਾਇਦ ਮਰਿਯਮ ਦੀ ਭੈਣ ਸੀ) ਤੇ ਉਨ੍ਹਾਂ ਦੇ ਮੁੰਡੇ ਯਾਕੂਬ ਅਤੇ ਯੂਹੰਨਾ ਵੀ ਸਨ। ਬਾਅਦ ਵਿਚ ਇਹ ਦੋ ਮੁੰਡੇ ਯਿਸੂ ਦੇ ਰਸੂਲ ਬਣੇ। (ਮੱਤੀ 4:20, 21; 13:54-56; 27:56; ਮਰਕੁਸ 15:40; ਯੂਹੰਨਾ 19:25) ਯਰੂਸ਼ਲਮ ਤੋਂ ਮੁੜਦੇ ਸਮੇਂ ਯਿਸੂ ਆਪਣੇ ਪਰਿਵਾਰ ਦੇ ਨਾਲ ਨਹੀਂ ਸੀ। ਪਰ ਯੂਸੁਫ਼ ਅਤੇ ਮਰਿਯਮ ਨੇ ਸ਼ਾਇਦ ਸੋਚਿਆ ਕਿ ਯਿਸੂ ਰਿਸ਼ਤੇਦਾਰਾਂ ਨਾਲ ਸੀ, ਇਸ ਲਈ ਪਹਿਲਾਂ-ਪਹਿਲਾਂ ਉਨ੍ਹਾਂ ਨੇ ਉਸ ਦੀ ਚਿੰਤਾ ਨਹੀਂ ਕੀਤੀ। ਪਰ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਯਿਸੂ ਰਿਸ਼ਤੇਦਾਰਾਂ ਨਾਲ ਵੀ ਨਹੀਂ ਸੀ, ਤਾਂ ਉਹ ਉਸ ਨੂੰ ਲੱਭਦੇ-ਲੱਭਦੇ ਵਾਪਸ ਯਰੂਸ਼ਲਮ ਗਏ। ਤਿੰਨ ਦਿਨ ਬਾਅਦ ਯੂਸੁਫ਼ ਤੇ ਮਰਿਯਮ ਨੇ ਯਿਸੂ ਨੂੰ “ਹੈਕਲ ਵਿੱਚ ਗੁਰੂਆਂ ਦੇ ਵਿੱਚਕਾਰ ਬੈਠਿਆਂ ਉਨ੍ਹਾਂ ਦੀ ਸੁਣਦਿਆਂ ਅਤੇ ਉਨ੍ਹਾਂ ਤੋਂ ਪ੍ਰਸ਼ਨ ਕਰਦਿਆਂ ਲੱਭਾ।”—ਲੂਕਾ 2:44-46.

8. ਯਿਸੂ ਨੇ ਹੈਕਲ ਵਿਚ ਕੀ ਕੀਤਾ ਤੇ ਲੋਕ ਹੈਰਾਨ ਕਿਉਂ ਹੋਏ ਸਨ?

8 ਯਿਸੂ ਗੁਰੂਆਂ ਨੂੰ “ਪ੍ਰਸ਼ਨ” ਕਿਵੇਂ ਕਰ ਰਿਹਾ ਸੀ? ਹੋ ਸਕਦਾ ਹੈ ਕਿ ਉਹ ਸਿਰਫ਼ ਗਿਆਨ ਲੈਣ ਲਈ ਸਵਾਲ ਨਹੀਂ ਪੁੱਛ ਰਿਹਾ ਸੀ। ਇੱਥੇ ਜਿਹੜਾ ਯੂਨਾਨੀ ਸ਼ਬਦ ਵਰਤਿਆ ਗਿਆ ਹੈ, ਉਹ ਅਦਾਲਤ ਵਿਚ ਕੀਤੀ ਜਾਂਦੀ ਪੁੱਛ-ਗਿੱਛ ਦਾ ਵੀ ਅਰਥ ਰੱਖਦਾ ਹੈ। ਇਸ ਦਾ ਮਤਲਬ ਹੋਇਆ ਕਿ ਯਿਸੂ ਯਹੂਦੀ ਗੁਰੂਆਂ ਨਾਲ ਵਿਚਾਰ ਸਾਂਝੇ ਕਰ ਰਿਹਾ ਸੀ। ਜੀ ਹਾਂ, ਛੋਟੇ ਹੁੰਦਿਆਂ ਵੀ ਯਿਸੂ ਨੂੰ ਬਾਈਬਲ ਦਾ ਇੰਨਾ ਜ਼ਿਆਦਾ ਗਿਆਨ ਸੀ ਕਿ ਉਸ ਦੀਆਂ ਗੱਲਾਂ ਸੁਣ ਕੇ ਧਾਰਮਿਕ ਆਗੂ ਵੀ ਹੱਕੇ-ਬੱਕੇ ਰਹਿ ਗਏ ਸਨ! ਬਾਈਬਲ ਕਹਿੰਦੀ ਹੈ: “ਸਾਰੇ ਸੁਣਨ ਵਾਲੇ ਉਹ ਦੀ ਸਮਝ ਅਤੇ ਉਹ ਦੇ ਉੱਤਰਾਂ ਤੋਂ ਹੈਰਾਨ ਹੋਏ।”—ਲੂਕਾ 2:47.

9. ਬਾਈਬਲ ਦਾ ਅਧਿਐਨ ਕਰਨ ਵਿਚ ਤੁਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹੋ?

9 ਤੁਹਾਨੂੰ ਕੀ ਲੱਗਦਾ ਹੈ ਕਿ ਇੰਨੀ ਛੋਟੀ ਉਮਰ ਵਿਚ ਯਿਸੂ ਆਪਣੀ ਸਮਝ ਨਾਲ ਇਨ੍ਹਾਂ ਗੁਰੂਆਂ ਨੂੰ ਕਿਵੇਂ ਹੈਰਾਨ ਕਰ ਸਕਿਆ ਸੀ? ਇਕ ਗੱਲ ਹੈ ਕਿ ਉਸ ਦੇ ਮਾਤਾ-ਪਿਤਾ ਪਰਮੇਸ਼ੁਰ ਨੂੰ ਬਹੁਤ ਮੰਨਦੇ ਸਨ ਅਤੇ ਉਨ੍ਹਾਂ ਨੇ ਉਸ ਨੂੰ ਬਚਪਨ ਤੋਂ ਹੀ ਪਰਮੇਸ਼ੁਰ ਦੀ ਸਿੱਖਿਆ ਦਿੱਤੀ ਸੀ। (ਕੂਚ 12:24-27; ਬਿਵਸਥਾ ਸਾਰ 6:6-9; ਮੱਤੀ 1:18-20) ਯੂਸੁਫ਼ ਜ਼ਰੂਰ ਯਿਸੂ ਨੂੰ ਬਚਪਨ ਤੋਂ ਹੀ ਯਹੂਦੀ ਸਭਾ-ਘਰ ਵਿਚ ਲੈ ਕੇ ਜਾਂਦਾ ਹੁੰਦਾ ਸੀ ਜਿੱਥੇ ਬਿਵਸਥਾ ਪੜ੍ਹੀ ਜਾਂਦੀ ਸੀ। ਕੀ ਤੁਹਾਡੇ ਮਾਂ-ਬਾਪ ਵੀ ਤੁਹਾਡੇ ਨਾਲ ਬਾਈਬਲ ਦਾ ਅਧਿਐਨ ਕਰਦੇ ਹਨ ਤੇ ਤੁਹਾਨੂੰ ਸਭਾਵਾਂ ਵਿਚ ਲੈ ਜਾਂਦੇ ਹਨ? ਕੀ ਤੁਸੀਂ ਉਨ੍ਹਾਂ ਦੀ ਮਿਹਨਤ ਦੀ ਕਦਰ ਕਰਦੇ ਹੋ ਜਿਵੇਂ ਯਿਸੂ ਨੇ ਆਪਣੇ ਮਾਂ-ਬਾਪ ਦੀ ਮਿਹਨਤ ਦੀ ਕਦਰ ਕੀਤੀ ਸੀ? ਕੀ ਤੁਸੀਂ ਯਿਸੂ ਵਾਂਗ ਹੋਰਨਾਂ ਨੂੰ ਸੱਚੇ ਪਰਮੇਸ਼ੁਰ ਬਾਰੇ ਦੱਸਦੇ ਹੋ?

ਯਿਸੂ ਆਪਣੇ ਮਾਪਿਆਂ ਦੇ ਅਧੀਨ ਰਿਹਾ

10. (ੳ) ਯਿਸੂ ਦੇ ਮਾਂ-ਬਾਪ ਨੂੰ ਕਿਉਂ ਪਤਾ ਹੋਣਾ ਚਾਹੀਦਾ ਸੀ ਕਿ ਯਿਸੂ ਕਿੱਥੇ ਸੀ? (ਅ) ਯਿਸੂ ਨੇ ਬੱਚਿਆਂ ਲਈ ਕਿਹੜੀ ਚੰਗੀ ਮਿਸਾਲ ਕਾਇਮ ਕੀਤੀ?

10 ਤੁਹਾਡੇ ਖ਼ਿਆਲ ਵਿਚ ਮਰਿਯਮ ਤੇ ਯੂਸੁਫ਼ ਨੂੰ ਉਦੋਂ ਕਿੱਦਾਂ ਲੱਗਿਆ ਹੋਵੇਗਾ ਜਦ ਤਿੰਨ ਦਿਨ ਬਾਅਦ ਉਨ੍ਹਾਂ ਨੇ ਯਿਸੂ ਨੂੰ ਹੈਕਲ ਵਿਚ ਪਾਇਆ? ਉਸ ਨੂੰ ਦੇਖ ਕੇ ਉਨ੍ਹਾਂ ਨੇ ਸੁਖ ਦਾ ਸਾਹ ਲਿਆ ਹੋਵੇਗਾ। ਪਰ ਯਿਸੂ ਹੈਰਾਨ ਸੀ ਕਿ ਉਸ ਦੇ ਮਾਪਿਆਂ ਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਸੀ। ਉਨ੍ਹਾਂ ਦੋਹਾਂ ਨੂੰ ਉਸ ਦੇ ਚਮਤਕਾਰੀ ਜਨਮ ਬਾਰੇ ਪਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੁਝ ਹੱਦ ਤਕ ਪਤਾ ਸੀ ਕਿ ਭਵਿੱਖ ਵਿਚ ਉਹ ਮੁਕਤੀਦਾਤਾ ਅਤੇ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣੇਗਾ। (ਮੱਤੀ 1:21; ਲੂਕਾ 1:32-35; 2:11) ਇਸ ਲਈ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ: “ਕਾਹ ਨੂੰ ਤੁਸੀਂ ਮੈਨੂੰ ਲੱਭਦੇ ਸਾਓ? ਭਲਾ, ਤੁਸੀਂ ਨਹੀਂ ਜਾਣਦੇ ਸਾਓ ਭਈ ਮੈਨੂੰ ਚਾਹੀਦਾ ਹੈ ਜੋ ਆਪਣੇ ਪਿਤਾ ਦੇ ਕੰਮਾਂ ਵਿੱਚ ਲੱਗਾ ਰਹਾਂ?” ਫਿਰ ਵੀ ਉਸ ਨੇ ਉਨ੍ਹਾਂ ਦੀ ਗੱਲ ਸੁਣੀ ਅਤੇ ਨਾਸਰਤ ਨੂੰ ਘਰ ਵਾਪਸ ਮੁੜ ਆਇਆ। ਬਾਈਬਲ ਕਹਿੰਦੀ ਹੈ: “ਉਹ . . . ਉਨ੍ਹਾਂ ਦੇ ਅਧੀਨ ਰਿਹਾ।” ਅੱਗੇ ਲਿਖਿਆ ਹੈ: “ਉਹ ਦੀ ਮਾਤਾ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਰੱਖਿਆ।”—ਲੂਕਾ 2:48-51.

11. ਆਪਣੇ ਮਾਪਿਆਂ ਦੇ ਆਖੇ ਲੱਗਣ ਬਾਰੇ ਤੁਸੀਂ ਯਿਸੂ ਤੋਂ ਕੀ ਸਿੱਖ ਸਕਦੇ ਹੋ?

11 ਬੱਚਿਓ, ਕੀ ਤੁਹਾਨੂੰ ਯਿਸੂ ਦੀ ਰੀਸ ਕਰਦਿਆਂ ਆਪਣੇ ਮਾਪਿਆਂ ਦੇ ਆਖੇ ਲੱਗਣਾ ਸੌਖਾ ਲੱਗਦਾ ਹੈ? ਜਾਂ ਕੀ ਤੁਹਾਨੂੰ ਲੱਗਦਾ ਕਿ ਉਹ ਪੁਰਾਣੇ ਖ਼ਿਆਲਾਤ ਦੇ ਹਨ ਅਤੇ ਅੱਜ ਦੀ ਆਧੁਨਿਕ ਦੁਨੀਆਂ ਨੂੰ ਨਹੀਂ ਸਮਝਦੇ? ਇਹ ਸੱਚ ਹੈ ਕਿ ਉਹ ਸ਼ਾਇਦ ਮੋਬਾਇਲ ਫ਼ੋਨ, ਕੰਪਿਊਟਰ ਜਾਂ ਇਨ੍ਹਾਂ ਵਰਗੀਆਂ ਚੀਜ਼ਾਂ ਬਾਰੇ ਤੁਹਾਡੇ ਨਾਲੋਂ ਘੱਟ ਜਾਣਦੇ ਹੋਣ। ਪਰ ਯਿਸੂ ਬਾਰੇ ਸੋਚੋ ਜਿਸ ਦੀ ‘ਸਮਝ ਅਤੇ ਜਿਸ ਦੇ ਉੱਤਰਾਂ’ ਤੋਂ ਧਾਰਮਿਕ ਗੁਰੂ ਹੈਰਾਨ ਹੋਏ ਸਨ। ਤੁਸੀਂ ਇਹ ਗੱਲ ਤਾਂ ਜ਼ਰੂਰ ਮੰਨੋਗੇ ਕਿ ਤੁਸੀਂ ਯਿਸੂ ਨਾਲੋਂ ਘੱਟ ਜਾਣਦੇ ਹੋ। ਪਰ ਇੰਨਾ ਹੁਸ਼ਿਆਰ ਹੋਣ ਦੇ ਬਾਵਜੂਦ ਯਿਸੂ ਨੇ ਹਮੇਸ਼ਾ ਆਪਣੇ ਮਾਪਿਆਂ ਦੀ ਸੁਣੀ। ਇਸ ਦਾ ਇਹ ਮਤਲਬ ਨਹੀਂ ਕਿ ਉਹ ਉਨ੍ਹਾਂ ਦੇ ਹਰ ਫ਼ੈਸਲੇ ਨਾਲ ਸਹਿਮਤ ਸੀ। ਫਿਰ ਵੀ ਉਹ ਜਵਾਨੀ ਵਿਚ ਵੀ “ਉਨ੍ਹਾਂ ਦੇ ਅਧੀਨ ਰਿਹਾ।” ਤੁਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹੋ?—ਬਿਵਸਥਾ ਸਾਰ 5:16, 29.

ਆਖੇ ਲੱਗਣਾ ਸੌਖਾ ਨਹੀਂ

12. ਆਪਣੇ ਮਾਪਿਆਂ ਦਾ ਕਹਿਣਾ ਮੰਨਣ ਨਾਲ ਤੁਹਾਡੀ ਜਾਨ ਕਿਵੇਂ ਬਚ ਸਕਦੀ ਹੈ?

12 ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਹਮੇਸ਼ਾ ਸੌਖਾ ਨਹੀਂ ਹੁੰਦਾ। ਦੋ ਭੈਣਾਂ ਦੀ ਮਿਸਾਲ ਲੈ ਲਓ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਹਾਈਵੇ ਉੱਤੇ ਪੈਦਲ ਚੱਲਣ ਵਾਲਿਆਂ ਲਈ ਬਣੇ ਪੁਲ ਉੱਤੋਂ ਦੀ ਜਾਣ ਦੀ ਬਜਾਇ ਥੱਲਿਓਂ ਹੀ ਸੜਕ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਇਕ ਹੋਰ ਮੁੰਡੇ ਨੂੰ ਵੀ ਆਪਣੇ ਨਾਲ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ: “ਆ ਜਾ ਜੌਨ! ਤੂੰ ਵੀ ਸਾਡੇ ਨਾਲ ਚੱਲ।” ਜਦ ਉਹ ਝਿਜਕਿਆ, ਤਾਂ ਇਕ ਕੁੜੀ ਨੇ ਉਸ ਨੂੰ ਮਿਹਣਾ ਮਾਰਿਆ, “ਤੂੰ ਤਾਂ ਬੜਾ ਡਰਪੋਕ ਹੈਂ!” ਜੌਨ ਡਰਦਾ ਨਹੀਂ ਸੀ, ਪਰ ਉਸ ਨੇ ਕਿਹਾ: “ਮੈਂ ਆਪਣੀ ਮੰਮੀ ਦੀ ਗੱਲ ਮੰਨਾਂਗਾ।” ਕੁਝ ਹੀ ਪਲਾਂ ਬਾਅਦ ਪੁਲ ਉੱਤੋਂ ਲੰਘਦਿਆਂ ਜੌਨ ਨੇ ਪੁਲ ਦੇ ਹੇਠੋਂ ਜ਼ੋਰ ਨਾਲ ਬ੍ਰੇਕ ਲੱਗਣ ਦੀ ਆਵਾਜ਼ ਸੁਣੀ ਤੇ ਉਸ ਨੇ ਦੇਖਿਆ ਕਿ ਕੁੜੀਆਂ ਵਿਚ ਇਕ ਕਾਰ ਆ ਕੇ ਵੱਜੀ ਸੀ। ਇਕ ਕੁੜੀ ਤਾਂ ਉਸੇ ਵੇਲੇ ਮਰ ਗਈ ਅਤੇ ਦੂਸਰੀ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਡਾਕਟਰਾਂ ਨੂੰ ਉਸ ਦੀ ਲੱਤ ਕੱਟਣੀ ਪਈ। ਇਨ੍ਹਾਂ ਕੁੜੀਆਂ ਦੀ ਮਾਂ ਨੇ ਉਨ੍ਹਾਂ ਨੂੰ ਪੁਲ ਉੱਤੋਂ ਦੀ ਜਾਣ ਲਈ ਕਿਹਾ ਸੀ। ਬਾਅਦ ਵਿਚ ਉਸ ਨੇ ਜੌਨ ਦੀ ਮਾਂ ਨੂੰ ਕਿਹਾ: “ਕਾਸ਼! ਮੇਰੀਆਂ ਬੇਟੀਆਂ ਵੀ ਤੁਹਾਡੇ ਬੇਟੇ ਵਾਂਗ ਮੇਰਾ ਕਹਿਣਾ ਮੰਨਦੀਆਂ।”—ਅਫ਼ਸੀਆਂ 6:1.

13. (ੳ) ਤੁਹਾਨੂੰ ਆਪਣੇ ਮਾਪਿਆਂ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ? (ਅ) ਬੱਚੇ ਨੂੰ ਆਪਣੇ ਮਾਂ-ਬਾਪ ਦਾ ਕਹਿਣਾ ਸਿਰਫ਼ ਕਦੋਂ ਨਹੀਂ ਮੰਨਣਾ ਚਾਹੀਦਾ?

13 ਪਰਮੇਸ਼ੁਰ ਕਿਉਂ ਕਹਿੰਦਾ ਹੈ ਕਿ “ਹੇ ਬਾਲਕੋ, ਤੁਸੀਂ . . . ਆਪਣੇ ਮਾਪਿਆਂ ਦੇ ਆਗਿਆਕਾਰ ਰਹੋ”? ਕਿਉਂਕਿ ਆਪਣੇ ਮਾਪਿਆਂ ਦਾ ਕਹਿਣਾ ਮੰਨ ਕੇ ਤੁਸੀਂ ਉਸ ਦਾ ਕਹਿਣਾ ਮੰਨ ਰਹੇ ਹੋਵੋਗੇ। ਇਸ ਤੋਂ ਇਲਾਵਾ ਤੁਹਾਡੇ ਮਾਪਿਆਂ ਨੂੰ ਜ਼ਿੰਦਗੀ ਦਾ ਜ਼ਿਆਦਾ ਤਜਰਬਾ ਹੈ। ਮਿਸਾਲ ਲਈ, ਉੱਪਰ ਦੱਸੇ ਹਾਦਸੇ ਤੋਂ ਪੰਜ ਸਾਲ ਪਹਿਲਾਂ, ਜੌਨ ਦੀ ਮਾਂ ਦੀ ਇਕ ਸਹੇਲੀ ਦਾ ਬੇਟਾ ਉਸੇ ਹਾਈਵੇ ਨੂੰ ਪਾਰ ਕਰਦਿਆਂ ਐਕਸੀਡੈਂਟ ਵਿਚ ਮਾਰਿਆ ਗਿਆ ਸੀ! ਇਹ ਸੱਚ ਹੈ ਕਿ ਮਾਪਿਆਂ ਦੀ ਗੱਲ ਮੰਨਣੀ ਹਮੇਸ਼ਾ ਸੌਖੀ ਨਹੀਂ ਹੁੰਦੀ, ਪਰ ਇਹ ਪਰਮੇਸ਼ੁਰ ਦਾ ਹੁਕਮ ਹੈ। ਦੂਜੇ ਪਾਸੇ, ਜੇ ਤੁਹਾਡੇ ਮਾਪੇ ਜਾਂ ਹੋਰ ਕੋਈ ਤੁਹਾਨੂੰ ਝੂਠ ਬੋਲਣ, ਚੋਰੀ ਕਰਨ ਜਾਂ ਪਰਮੇਸ਼ੁਰ ਦੇ ਹੁਕਮਾਂ ਖ਼ਿਲਾਫ਼ ਕੋਈ ਹੋਰ ਕੰਮ ਕਰਨ ਲਈ ਕਹੇ, ਤਾਂ ਤੁਹਾਨੂੰ “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ” ਚਾਹੀਦਾ ਹੈ। ਇਸੇ ਕਰਕੇ ਬਾਈਬਲ ਕਹਿੰਦੀ ਹੈ: ‘ਹੇ ਬਾਲਕੋ, ਤੁਸੀਂ ਪ੍ਰਭੁ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ।’ ਇਸ ਦਾ ਮਤਲਬ ਹੈ ਕਿ ਜਦੋਂ ਤੁਹਾਡੇ ਮਾਪੇ ਤੁਹਾਨੂੰ ਕੁਝ ਕੰਮ ਕਰਨ ਲਈ ਕਹਿੰਦੇ ਹਨ ਜੋ ਪਰਮੇਸ਼ੁਰ ਦੇ ਨਿਯਮਾਂ ਅਨੁਸਾਰ ਗ਼ਲਤ ਨਹੀਂ, ਤਾਂ ਤੁਹਾਨੂੰ ਉਨ੍ਹਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ।—ਰਸੂਲਾਂ ਦੇ ਕਰਤੱਬ 5:29.

14. ਸਾਡੇ ਨਾਲੋਂ ਯਿਸੂ ਲਈ ਆਗਿਆਕਾਰ ਬਣਨਾ ਸੌਖਾ ਕਿਉਂ ਸੀ, ਫਿਰ ਵੀ ਉਸ ਨੂੰ ਕਿਹੜਾ ਸਬਕ ਸਿੱਖਣਾ ਪਿਆ ਸੀ?

14 ਕੀ ਤੁਹਾਨੂੰ ਲੱਗਦਾ ਹੈ ਕਿ ਜੇ ਤੁਸੀਂ ਯਿਸੂ ਵਾਂਗ ਮੁਕੰਮਲ ਯਾਨੀ ‘ਨਿਰਮਲ, ਪਾਪੀਆਂ ਤੋਂ ਨਿਆਰੇ’ ਹੁੰਦੇ, ਤਾਂ ਤੁਹਾਡੇ ਲਈ ਤੁਹਾਡੇ ਮਾਪਿਆਂ ਦਾ ਕਹਿਣਾ ਮੰਨਣਾ ਜ਼ਿਆਦਾ ਸੌਖਾ ਹੁੰਦਾ? (ਇਬਰਾਨੀਆਂ 7:26) ਇਹ ਸੱਚ ਹੈ ਕਿ ਜੇ ਤੁਸੀਂ ਪਾਪੀ ਨਾ ਹੁੰਦੇ, ਤਾਂ ਤੁਸੀਂ ਹੁਣ ਦੀ ਤਰ੍ਹਾਂ ਬੁਰਾਈ ਕਰਨ ਵੱਲ ਖਿੱਚੇ ਨਾ ਜਾਂਦੇ। (ਉਤਪਤ 8:21; ਜ਼ਬੂਰਾਂ ਦੀ ਪੋਥੀ 51:5) ਪਰ ਯਿਸੂ ਨੂੰ ਵੀ ਆਗਿਆਕਾਰ ਬਣਨ ਦੇ ਸੰਬੰਧ ਵਿਚ ਕਈ ਗੱਲਾਂ ਸਿੱਖਣੀਆਂ ਪਈਆਂ ਸਨ। ਬਾਈਬਲ ਕਹਿੰਦੀ ਹੈ: “ਭਾਵੇਂ [ਯਿਸੂ] ਪੁੱਤ੍ਰ ਸੀ ਪਰ ਜਿਹੜੇ ਉਹ ਨੇ ਦੁਖ ਭੋਗੇ ਉਨ੍ਹਾਂ ਤੋਂ ਆਗਿਆਕਾਰੀ ਸਿੱਖੀ।” (ਇਬਰਾਨੀਆਂ 5:8) ਜੀ ਹਾਂ, ਯਿਸੂ ਨੇ ਧਰਤੀ ਉੱਤੇ ਦੁੱਖ ਭੋਗਣ ਦੇ ਬਾਵਜੂਦ ਆਗਿਆਕਾਰ ਬਣੇ ਰਹਿਣ ਦਾ ਜੋ ਸਬਕ ਸਿੱਖਿਆ ਉਹ ਉਸ ਨੂੰ ਸਵਰਗ ਵਿਚ ਕਦੇ ਨਹੀਂ ਸਿੱਖਣਾ ਪਿਆ ਸੀ।

15, 16. ਯਿਸੂ ਨੇ ਆਗਿਆਕਾਰੀ ਕਿਵੇਂ ਸਿੱਖੀ ਸੀ?

15 ਜਦੋਂ ਯਿਸੂ ਛੋਟਾ ਸੀ, ਤਾਂ ਯੂਸੁਫ਼ ਅਤੇ ਮਰਿਯਮ ਨੇ ਯਹੋਵਾਹ ਦੀ ਸੇਧ ਵਿਚ ਚੱਲ ਕੇ ਯਿਸੂ ਨੂੰ ਖ਼ਤਰਿਆਂ ਤੋਂ ਬਚਾ ਕੇ ਰੱਖਿਆ। (ਮੱਤੀ 2:7-23) ਪਰ ਇਕ ਸਮਾਂ ਆਇਆ ਜਦੋਂ ਪਰਮੇਸ਼ੁਰ ਨੇ ਉਸ ਉੱਤੋਂ ਆਪਣਾ ਸਾਇਆ ਹਟਾ ਲਿਆ ਸੀ। ਉਦੋਂ ਉਸ ਦਾ ਸਰੀਰਕ ਤੇ ਮਾਨਸਿਕ ਦੁੱਖ ਇੰਨਾ ਜ਼ਿਆਦਾ ਸੀ ਕਿ ਉਸ ਨੇ “ਬਹੁਤ ਢਾਹਾਂ ਮਾਰ ਮਾਰ ਕੇ ਅਤੇ ਅੰਝੂ ਕੇਰ ਕੇਰ ਕੇ . . . ਬੇਨਤੀਆਂ ਅਤੇ ਮਿੰਨਤਾਂ ਕੀਤੀਆਂ।” (ਇਬਰਾਨੀਆਂ 5:7) ਇਹ ਕਦੋਂ ਹੋਇਆ ਸੀ?

16 ਇਹ ਖ਼ਾਸਕਰ ਯਿਸੂ ਦੀ ਜ਼ਿੰਦਗੀ ਦੇ ਅਖ਼ੀਰਲੇ ਘੰਟਿਆਂ ਦੌਰਾਨ ਹੋਇਆ ਸੀ ਜਦ ਸ਼ਤਾਨ ਨੇ ਉਸ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ। ਯਿਸੂ ਨੂੰ ਇਸ ਦਾ ਡਰ ਸੀ ਕਿ ਜਦ ਉਹ ਅਪਰਾਧੀ ਵਜੋਂ ਮਾਰਿਆ ਜਾਵੇਗਾ, ਤਾਂ ਉਸ ਦੇ ਪਿਤਾ ਯਹੋਵਾਹ ਦੀ ਬਦਨਾਮੀ ਹੋਵੇਗੀ। ਇਸ ਗੱਲ ਤੋਂ ਉਹ ਇੰਨਾ ਦੁਖੀ ਹੋਇਆ ਕਿ ਗਥਸਮਨੀ ਦੇ ਬਾਗ਼ ਵਿਚ ਉਹ “ਮਨੋਂ ਤਨੋਂ ਪ੍ਰਾਰਥਨਾ ਕਰਨ ਲੱਗਾ ਅਰ ਉਹ ਦਾ ਮੁੜ੍ਹਕਾ ਲਹੂ ਦੀਆਂ ਬੂੰਦਾਂ ਵਾਂਙੁ ਭੁੰਞੇਂ ਡਿਗਦਾ ਸੀ।” ਕੁਝ ਘੰਟੇ ਬਾਅਦ ਸੂਲੀ ਉੱਤੇ ਟੰਗੇ ਜਾਣ ਕਰਕੇ ਉਸ ਨੂੰ ਇੰਨਾ ਦਰਦ ਸਹਿਣਾ ਪਿਆ ਕਿ ਉਸ ਨੇ “ਬਹੁਤ ਢਾਹਾਂ ਮਾਰ ਮਾਰ ਕੇ ਅਤੇ ਅੰਝੂ ਕੇਰ ਕੇਰ ਕੇ” ਬੇਨਤੀਆਂ ਕੀਤੀਆਂ। (ਲੂਕਾ 22:42-44; ਮਰਕੁਸ 15:34) ਇਸ ਤਰ੍ਹਾਂ “ਜਿਹੜੇ ਉਹ ਨੇ ਦੁਖ ਭੋਗੇ ਉਨ੍ਹਾਂ ਤੋਂ ਆਗਿਆਕਾਰੀ ਸਿੱਖੀ” ਤੇ ਯਹੋਵਾਹ ਦਾ ਦਿਲ ਖ਼ੁਸ਼ ਕੀਤਾ। ਯਿਸੂ ਹੁਣ ਸਵਰਗ ਵਿਚ ਹੈ, ਪਰ ਉਹ ਹੁਣ ਸਮਝ ਸਕਦਾ ਹੈ ਕਿ ਆਗਿਆਕਾਰ ਬਣਨ ਵਿਚ ਸਾਨੂੰ ਕਿੰਨਾ ਕਸ਼ਟ ਸਹਿਣਾ ਪੈਂਦਾ ਹੈ।—ਕਹਾਉਤਾਂ 27:11; ਇਬਰਾਨੀਆਂ 2:18; 4:15.

ਆਗਿਆਕਾਰ ਰਹਿਣਾ ਸਿੱਖੋ

17. ਸਾਨੂੰ ਤਾੜਨਾ ਨੂੰ ਕਿਸ ਨਜ਼ਰ ਤੋਂ ਦੇਖਣਾ ਚਾਹੀਦਾ ਹੈ?

17 ਜਦ ਤੁਹਾਡੇ ਮਾਪੇ ਤੁਹਾਨੂੰ ਤਾੜਦੇ ਹਨ, ਤਾਂ ਉਹ ਤੁਹਾਡੇ ਭਲੇ ਲਈ ਇੱਦਾਂ ਕਰਦੇ ਹਨ। ਦਰਅਸਲ ਇਹ ਉਨ੍ਹਾਂ ਦੇ ਪਿਆਰ ਦਾ ਸਬੂਤ ਹੈ। ਬਾਈਬਲ ਕਹਿੰਦੀ ਹੈ: “ਉਹ ਕਿਹੜਾ ਪੁੱਤ੍ਰ ਹੈ ਜਿਹ ਨੂੰ ਪਿਉ ਨਹੀਂ ਤਾੜਦਾ?” ਕੀ ਇਹ ਦੁੱਖ ਦੀ ਗੱਲ ਨਾ ਹੁੰਦੀ ਜੇ ਤੁਹਾਡੇ ਮਾਂ-ਬਾਪ ਤੁਹਾਨੂੰ ਪਿਆਰ ਨਾ ਕਰਦੇ ਤੇ ਸਮਾਂ ਕੱਢ ਕੇ ਤੁਹਾਨੂੰ ਸੁਧਾਰਨ ਦੀ ਖੇਚਲ ਨਾ ਕਰਦੇ? ਇਸੇ ਤਰ੍ਹਾਂ ਯਹੋਵਾਹ ਵੀ ਤੁਹਾਨੂੰ ਪਿਆਰ ਕਰਦਾ ਹੈ ਤੇ ਇਸ ਲਈ ਤੁਹਾਨੂੰ ਤਾੜਦਾ ਹੈ। “ਸਾਰੀ ਤਾੜਨਾ ਤਾਂ ਓਸ ਵੇਲੇ ਅਨੰਦ ਦੀ ਨਹੀਂ ਸਗੋਂ ਸੋਗ ਦੀ ਗੱਲ ਸੁੱਝਦੀ ਹੈ ਪਰ ਮਗਰੋਂ ਉਹ ਓਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ।”—ਇਬਰਾਨੀਆਂ 12:7-11.

18. (ੳ) ਤਾੜਨਾ ਕਿਸ ਗੱਲ ਦਾ ਸਬੂਤ ਹੈ? (ਅ) ਤੁਸੀਂ ਤਾੜਨਾ ਦੇ ਕੀ ਫ਼ਾਇਦੇ ਦੇਖੇ ਹਨ?

18 ਇਸਰਾਏਲ ਦਾ ਬਾਦਸ਼ਾਹ ਸੁਲੇਮਾਨ ਆਪਣੀ ਬੁੱਧ ਲਈ ਮਸ਼ਹੂਰ ਸੀ ਤੇ ਉਸ ਨੇ ਵੀ ਮਾਪਿਆਂ ਦੀ ਤਾੜਨਾ ਦੀ ਜ਼ਰੂਰਤ ਬਾਰੇ ਗੱਲ ਕੀਤੀ ਸੀ। ਉਸ ਨੇ ਲਿਖਿਆ: “ਜਿਹੜਾ ਪੁੱਤ੍ਰ ਉੱਤੇ ਛੂਛਕ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ।” ਸੁਲੇਮਾਨ ਨੇ ਇਹ ਵੀ ਕਿਹਾ ਕਿ ਤਾੜਨਾ ਕਬੂਲ ਕਰ ਕੇ ਵਿਅਕਤੀ ਆਪਣੀ ਜਾਨ ਨੂੰ ਬਚਾ ਸਕਦਾ ਹੈ। (ਕਹਾਉਤਾਂ 13:24; 23:13, 14; ਮੱਤੀ 12:42) ਇਕ ਮਸੀਹੀ ਭੈਣ ਯਾਦ ਕਰਦੀ ਹੈ ਕਿ ਜਦ ਉਹ ਛੋਟੀ ਹੁੰਦੀ ਸਭਾਵਾਂ ਵਿਚ ਸ਼ਰਾਰਤਾਂ ਕਰਦੀ ਸੀ, ਤਾਂ ਉਸ ਦਾ ਪਿਤਾ ਉਸ ਨੂੰ ਕਹਿੰਦਾ ਸੀ: “ਘਰ ਜਾ ਕੇ ਮੈਂ ਤੈਨੂੰ ਸੂਤ ਕਰੂ!” ਫਿਰ ਉਹ ਘਰ ਜਾ ਕੇ ਉਸ ਨੂੰ ਪਿਆਰ ਨਾਲ ਤਾੜਦਾ ਸੀ। ਭੈਣ ਹੁਣ ਸ਼ੁਕਰਗੁਜ਼ਾਰ ਹੈ ਕਿ ਉਸ ਦੇ ਪਿਤਾ ਦੀ ਤਾੜਨਾ ਕਰਕੇ ਅੱਜ ਉਹ ਜ਼ਿੰਦਗੀ ਵਿਚ ਬਹੁਤ ਖ਼ੁਸ਼ ਹੈ।

19. ਆਪਣੇ ਮਾਪਿਆਂ ਦੇ ਆਖੇ ਲੱਗਣ ਦਾ ਮੁੱਖ ਕਾਰਨ ਕੀ ਹੈ?

19 ਜੇ ਤੁਹਾਡੇ ਮਾਪੇ ਪਿਆਰ ਦੀ ਖ਼ਾਤਰ ਤੁਹਾਨੂੰ ਤਾੜਨਾ ਦਿੰਦੇ ਹਨ, ਤਾਂ ਤੁਹਾਨੂੰ ਉਨ੍ਹਾਂ ਦੇ ਧੰਨਵਾਦੀ ਹੋਣਾ ਚਾਹੀਦਾ ਹੈ। ਯਿਸੂ ਵਾਂਗ ਆਪਣੇ ਮਾਂ-ਬਾਪ ਦੇ ਆਖੇ ਲੱਗੋ। ਪਰ ਖ਼ਾਸਕਰ ਉਨ੍ਹਾਂ ਦਾ ਕਹਿਣਾ ਇਸ ਲਈ ਮੰਨੋ ਕਿਉਂਕਿ ਇਹ ਯਹੋਵਾਹ ਦਾ ਹੁਕਮ ਹੈ। ਇਸ ਤਰ੍ਹਾਂ ਕਰਨ ਨਾਲ ‘ਤੁਹਾਡਾ ਭਲਾ ਹੋਵੇਗਾ ਅਰ ਧਰਤੀ ਉੱਤੇ ਤੁਹਾਡੀ ਉਮਰ ਲੰਮੀ ਹੋਵੇਗੀ।’—ਅਫ਼ਸੀਆਂ 6:2, 3.

ਤੁਸੀਂ ਕੀ ਜਵਾਬ ਦਿਓਗੇ?

• ਆਪਣੇ ਮਾਪਿਆਂ ਦੇ ਆਖੇ ਲੱਗ ਕੇ ਬੱਚਿਆਂ ਨੂੰ ਕੀ ਫ਼ਾਇਦੇ ਹੁੰਦੇ ਹਨ?

• ਛੋਟੇ ਹੁੰਦੇ ਹੋਏ ਯਿਸੂ ਨੇ ਆਪਣੇ ਮਾਪਿਆਂ ਦੇ ਕਹਿਣੇ ਵਿਚ ਰਹਿ ਕੇ ਬੱਚਿਆਂ ਲਈ ਕਿਹੜੀ ਚੰਗੀ ਮਿਸਾਲ ਕਾਇਮ ਕੀਤੀ?

• ਯਿਸੂ ਨੇ ਆਗਿਆਕਾਰੀ ਕਿਵੇਂ ਸਿੱਖੀ ਸੀ?

[ਸਵਾਲ]

[ਸਫ਼ਾ 24 ਉੱਤੇ ਤਸਵੀਰ]

12 ਸਾਲਾਂ ਦੇ ਯਿਸੂ ਨੂੰ ਬਿਵਸਥਾ ਦੀ ਡੂੰਘੀ ਸਮਝ ਸੀ

[ਸਫ਼ਾ 26 ਉੱਤੇ ਤਸਵੀਰ]

ਯਿਸੂ ਨੇ ਆਗਿਆਕਾਰੀ ਕਿਵੇਂ ਸਿੱਖੀ ਸੀ?