Skip to content

Skip to table of contents

ਉਸ ਰਾਜ ਦੀ ਉਡੀਕ ਜੋ “ਇਸ ਜਗਤ ਤੋਂ ਨਹੀਂ”

ਉਸ ਰਾਜ ਦੀ ਉਡੀਕ ਜੋ “ਇਸ ਜਗਤ ਤੋਂ ਨਹੀਂ”

ਜੀਵਨੀ

ਉਸ ਰਾਜ ਦੀ ਉਡੀਕ ਜੋ “ਇਸ ਜਗਤ ਤੋਂ ਨਹੀਂ”

ਨਿਕਲਾਏ ਗੂਸੂਲਯਾਕ ਦੀ ਜ਼ਬਾਨੀ

ਕੈਦੀਆਂ ਨੇ ਬਗਾਵਤ ਕਰ ਕੇ ਜੇਲ੍ਹ ਉੱਤੇ ਕਬਜ਼ਾ ਕਰ ਲਿਆ ਸੀ। ਮੈਂ 41 ਦਿਨ ਤੇ 41 ਰਾਤਾਂ ਕੈਦੀਆਂ ਅਤੇ ਫ਼ੌਜੀਆਂ ਦੀ ਲੜਾਈ ਵਿਚ ਫਸਿਆ ਰਿਹਾ। ਇਕ ਦਿਨ ਅਚਾਨਕ ਗੋਲਾਬਾਰੀ ਦੀ ਆਵਾਜ਼ ਸੁਣ ਕੇ ਮੈਂ ਅੱਭੜਵਾਹੇ ਸੁੱਤਾ ਉੱਠਿਆ। ਫ਼ੌਜੀਆਂ ਨੇ ਟੈਂਕਾਂ ਨਾਲ ਜੇਲ੍ਹ ਤੇ ਹਮਲਾ ਕਰ ਦਿੱਤਾ ਸੀ। ਮੇਰੀ ਜਾਨ ਵਿਚ-ਵਿਚਾਲੇ ਲਟਕੀ ਹੋਈ ਸੀ।

ਆਓ ਮੈਂ ਤੁਹਾਨੂੰ ਦੱਸਾਂ ਕਿ ਮੈਂ ਇਸ ਖ਼ਤਰੇ ਵਿਚ ਕਿਵੇਂ ਪਿਆ। ਇਹ 1954 ਦੀ ਗੱਲ ਹੈ। ਉਸ ਸਮੇਂ ਮੈਂ 30 ਸਾਲ ਦਾ ਸੀ। ਸੋਵੀਅਤ ਰੂਸ ਵਿਚ ਰਹਿਣ ਵਾਲੇ ਯਹੋਵਾਹ ਦੇ ਕਈ ਗਵਾਹਾਂ ਵਾਂਗ ਮੈਂ ਵੀ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਸਾਂ। ਕਿਉਂ? ਕਿਉਂਕਿ ਅਸੀਂ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਦੇ ਸੀ ਅਤੇ ਸਿਆਸੀ ਮਾਮਲਿਆਂ ਵਿਚ ਕੋਈ ਹਿੱਸਾ ਨਹੀਂ ਲੈਂਦੇ ਸੀ। ਮੇਰੇ ਨਾਲ 45 ਭਰਾ ਤੇ 34 ਭੈਣਾਂ ਕੈਦ ਸਨ। ਸਾਡਾ ਲੇਬਰ ਕੈਂਪ ਮੱਧ ਕਜ਼ਾਖਸਤਾਨ ਵਿਚ ਕੈਨਗੀਰ ਪਿੰਡ ਦੇ ਲਾਗੇ ਸੀ। ਸਾਡੇ ਤੋਂ ਇਲਾਵਾ ਉਸ ਕੈਂਪ ਵਿਚ ਹੋਰ ਹਜ਼ਾਰਾਂ ਲੋਕ ਵੀ ਕੈਦ ਸਨ।

ਇਕ ਸਾਲ ਪਹਿਲਾਂ 1953 ਵਿਚ ਸੋਵੀਅਤ ਰੂਸ ਦੇ ਲੀਡਰ ਜੋਸਿਫ ਸਟਾਲਿਨ ਦੀ ਮੌਤ ਹੋ ਗਈ ਸੀ। ਕਈਆਂ ਕੈਦੀਆਂ ਦੀ ਉਮੀਦ ਸੀ ਕਿ ਨਵੀਂ ਸਰਕਾਰ ਕੈਦਖ਼ਾਨੇ ਦੇ ਮਾੜੇ ਹਾਲਾਤ ਬਾਰੇ ਉਨ੍ਹਾਂ ਦੀ ਸ਼ਿਕਾਇਤ ਸੁਣ ਕੇ ਕੁਝ ਸੁਧਾਰ ਕਰੇਗੀ। ਪਰ ਜਦੋਂ ਨਵੀਂ ਸਰਕਾਰ ਨੇ ਵੀ ਉਨ੍ਹਾਂ ਦੀ ਦੁਹਾਈ ਨਾ ਸੁਣੀ, ਤਾਂ ਕੈਦੀਆਂ ਨੇ ਬਗਾਵਤ ਕਰ ਦਿੱਤੀ। ਉਸ ਲੜਾਈ ਦੌਰਾਨ ਸਾਨੂੰ ਯਹੋਵਾਹ ਦੇ ਗਵਾਹਾਂ ਨੂੰ ਦੋਹਾਂ ਧਿਰਾਂ ਨੂੰ ਸਮਝਾਉਣਾ ਪਿਆ ਕਿ ਅਸੀਂ ਇਸ ਲੜਾਈ ਵਿਚ ਕੋਈ ਹਿੱਸਾ ਨਹੀਂ ਲਵਾਂਗੇ। ਨਾ ਅਸੀਂ ਮਿਲਟਰੀ ਦਾ ਪੱਖ ਲਵਾਂਗੇ ਤੇ ਨਾ ਹੀ ਬਾਗ਼ੀ ਕੈਦੀਆਂ ਦਾ। ਯਹੋਵਾਹ ਤੇ ਭਰੋਸਾ ਰੱਖ ਕੇ ਅਸੀਂ ਆਪਣੇ ਇਰਾਦੇ ਤੇ ਪੱਕੇ ਰਹੇ।

ਬਗਾਵਤ ਦੀ ਸ਼ੁਰੂਆਤ

16 ਮਈ ਨੂੰ ਬਗਾਵਤ ਸ਼ੁਰੂ ਹੋ ਗਈ। ਦੋ ਦਿਨ ਬਾਅਦ 3,200 ਤੋਂ ਜ਼ਿਆਦਾ ਕੈਦੀਆਂ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਜੇਲ੍ਹ ਦੇ ਹਾਲਾਤਾਂ ਵਿਚ ਸੁਧਾਰ ਕੀਤੇ ਜਾਣ ਦੀ ਮੰਗ ਕੀਤੀ ਅਤੇ ਕਿਹਾ ਕਿ ਸਿਆਸੀ ਕੈਦੀਆਂ ਨੂੰ ਖ਼ਾਸ ਹੱਕ ਦਿੱਤੇ ਜਾਣ। ਉਸ ਤੋਂ ਬਾਅਦ ਗੱਲ ਤੇਜ਼ੀ ਨਾਲ ਵਿਗੜਦੀ ਚਲੀ ਗਈ। ਪਹਿਲਾਂ ਤਾਂ ਬਾਗ਼ੀਆਂ ਨੇ ਗਾਰਡਾਂ ਨੂੰ ਕੈਂਪ ਤੋਂ ਬਾਹਰ ਕੱਢ ਦਿੱਤਾ। ਫਿਰ ਉਨ੍ਹਾਂ ਨੇ ਕੈਂਪ ਦੇ ਆਲੇ-ਦੁਆਲੇ ਲੱਗੀ ਵਾੜ ਵਿੱਚੋਂ ਰਾਹ ਕੱਢ ਲਏ। ਇਸ ਤੋਂ ਇਲਾਵਾ ਉਨ੍ਹਾਂ ਨੇ ਆਦਮੀਆਂ ਤੇ ਔਰਤਾਂ ਨੂੰ ਜੁਦਾ ਰੱਖਣ ਵਾਲੀਆਂ ਕੰਧਾਂ ਤੋੜ ਕੇ ਸਾਂਝੀਆਂ ਬੈਰਕਾਂ ਬਣਾ ਦਿੱਤੀਆਂ। ਅਗਲੇ ਕੁਝ ਦਿਨਾਂ ਵਿਚ ਕੁਝ ਕੈਦੀਆਂ ਨੇ ਕੈਦੀ ਪਾਦਰੀਆਂ ਦੀ ਮਦਦ ਨਾਲ ਵਿਆਹ-ਸ਼ਾਦੀਆਂ ਰਚਾਈਆਂ। ਕੈਂਪ ਦੇ ਤਿੰਨ ਵਾਰਡਾਂ ਦੇ 14,000 ਕੈਦੀਆਂ ਵਿੱਚੋਂ ਤਕਰੀਬਨ ਸਾਰਿਆਂ ਨੇ ਉਸ ਬਗਾਵਤ ਵਿਚ ਹਿੱਸਾ ਲਿਆ।

ਬਾਗ਼ੀਆਂ ਨੇ ਮਿਲਟਰੀ ਨਾਲ ਗੱਲਬਾਤ ਕਰਨ ਲਈ ਇਕ ਕਮੇਟੀ ਬਣਾਈ। ਪਰ ਕਮੇਟੀ ਦੇ ਮੈਂਬਰ ਆਪਸ ਵਿਚ ਹੀ ਲੜਨ ਲੱਗ ਪਏ ਜਿਸ ਕਰਕੇ ਗੱਲਬਾਤ ਠੱਪ ਹੋ ਗਈ। ਧੱਕੇਖੋਰ ਕੈਦੀਆਂ ਨੇ ਜੇਲ੍ਹ ਵਿਚ ਆਪਣਾ ਰੋਹਬ ਜਮਾਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਲੀਡਰਾਂ ਨੇ ਜੇਲ੍ਹ ਵਿਚ ਸ਼ਾਂਤੀ ਬਰਕਰਾਰ ਰੱਖਣ ਲਈ ਸੁਰੱਖਿਆ ਵਿਭਾਗ, ਫ਼ੌਜੀ ਵਿਭਾਗ ਅਤੇ ਪ੍ਰਚਾਰ ਵਿਭਾਗ ਬਣਾਏ। ਉਹ ਕੈਂਪ ਦੇ ਚੁਫੇਰੇ ਲੱਗੇ ਲਾਊਡ-ਸਪੀਕਰਾਂ ਰਾਹੀਂ ਭਾਸ਼ਣ ਦੇ ਕੇ ਕੈਦੀਆਂ ਵਿਚ ਬਗਾਵਤ ਕਰਨ ਦੀ ਭਾਵਨਾ ਨੂੰ ਤੇਜ਼ ਕਰਦੇ ਰਹੇ। ਉਹ ਕਿਸੇ ਨੂੰ ਵੀ ਜੇਲ੍ਹ ਵਿੱਚੋਂ ਭੱਜਣ ਨਹੀਂ ਦਿੰਦੇ ਸਨ। ਜੇ ਕੋਈ ਉਨ੍ਹਾਂ ਦਾ ਵਿਰੋਧ ਕਰਦਾ ਸੀ, ਤਾਂ ਉਹ ਉਨ੍ਹਾਂ ਨੂੰ ਸਜ਼ਾ ਦੇਣ ਤੋਂ ਨਹੀਂ ਝਿਜਕਦੇ ਸਨ, ਇੱਥੋਂ ਤਕ ਕਿ ਉਹ ਕਿਸੇ ਦੀ ਜਾਨ ਲੈਣ ਤੋਂ ਵੀ ਨਹੀਂ ਡਰਦੇ ਸਨ। ਸੁਣਨ ਵਿਚ ਆਇਆ ਸੀ ਕਿ ਕੁਝ ਕੈਦੀਆਂ ਨੂੰ ਫਾਹੇ ਵੀ ਲਾ ਦਿੱਤਾ ਗਿਆ ਸੀ।

ਬਾਗ਼ੀਆਂ ਨੂੰ ਪੂਰੀ ਉਮੀਦ ਸੀ ਕਿ ਮਿਲਟਰੀ ਉਨ੍ਹਾਂ ਤੇ ਹਮਲਾ ਕਰੇਗੀ, ਇਸ ਲਈ ਉਨ੍ਹਾਂ ਨੇ ਵੀ ਲੜਨ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਚਾਹੁੰਦੇ ਸਨ ਕਿ ਸਾਰੇ ਕੈਦੀ ਹਥਿਆਰ ਚੁੱਕ ਕੇ ਫ਼ੌਜੀ ਹਮਲੇ ਨੂੰ ਰੋਕਣ ਲਈ ਤਿਆਰ-ਬਰ-ਤਿਆਰ ਰਹਿਣ। ਇਸ ਕਰਕੇ ਬਾਗ਼ੀਆਂ ਦੇ ਲੀਡਰਾਂ ਨੇ ਹੁਕਮ ਦਿੱਤਾ ਕਿ ਜੇਲ੍ਹ ਦੀਆਂ ਤਾਕੀਆਂ ਵਿੱਚੋਂ ਲੋਹੇ ਦੀਆਂ ਸੀਖਾਂ ਲਾਹ ਕੇ ਚਾਕੂ-ਛੁਰੀਆਂ ਤੇ ਹੋਰ ਹਥਿਆਰ ਬਣਾਏ ਜਾਣ। ਉਨ੍ਹਾਂ ਨੇ ਤਾਂ ਕਾਫ਼ੀ ਸਾਰੀਆਂ ਬੰਦੂਕਾਂ ਤੇ ਬਾਰੂਦ ਵੀ ਜਮ੍ਹਾ ਕਰ ਲਿਆ ਸੀ।

ਆਪਣੇ ਨਾਲ ਰਲਾਉਣ ਦੀ ਕੋਸ਼ਿਸ਼

ਉਸ ਸਮੇਂ ਦੋ ਕੈਦੀ ਮੇਰੇ ਕੋਲ ਆਏ। ਇਕ ਨੇ ਮੈਨੂੰ ਚਾਕੂ ਫੜਾਉਂਦੇ ਹੋਏ ਕਿਹਾ: “ਲੈ ਫੜ! ਤੈਨੂੰ ਇਹ ਦੀ ਲੋੜ ਪੈਣੀ ਐ।” ਮੈਂ ਦਿਲ ਵਿਚ ਹੀ ਯਹੋਵਾਹ ਤੋਂ ਸ਼ਾਂਤ ਰਹਿਣ ਲਈ ਮਦਦ ਮੰਗੀ ਤੇ ਕਿਹਾ: “ਮੈਨੂੰ ਇਹ ਦੀ ਲੋੜ ਨਹੀਂ। ਮੈਂ ਯਹੋਵਾਹ ਦਾ ਗਵਾਹ ਹਾਂ ਅਤੇ ਅਸੀਂ ਕਿਸੇ ਨਾਲ ਨਹੀਂ ਲੜਦੇ। ਮੈਂ ਬਾਕੀ ਗਵਾਹਾਂ ਨਾਲ ਇਸੇ ਲਈ ਇੱਥੇ ਕੈਦ ਹਾਂ। ਸਾਡੇ ਦੁਸ਼ਮਣ ਸ਼ਤਾਨ ਅਤੇ ਉਸ ਦੇ ਦੂਤ ਹਨ ਤੇ ਸਾਡੇ ਹਥਿਆਰ ਚਾਕੂ-ਛੁਰੀਆਂ ਨਹੀਂ, ਬਲਕਿ ਪਰਮੇਸ਼ੁਰ ਵਿਚ ਨਿਹਚਾ ਅਤੇ ਉਸ ਦੇ ਰਾਜ ਦੇ ਆਉਣ ਦੀ ਉਮੀਦ ਹੈ।”—ਅਫ਼ਸੀਆਂ 6:12.

ਉਸ ਆਦਮੀ ਨੇ ਮੇਰੀ ਗੱਲ ਸਮਝਦੇ ਹੋਏ ਸਿਰ ਹਿਲਾਇਆ। ਪਰ ਦੂਜੇ ਬੰਦੇ ਨੇ ਮੈਨੂੰ ਜ਼ੋਰ ਦੀ ਮਾਰਿਆ। ਫਿਰ ਉਹ ਮੈਨੂੰ ਛੱਡ ਕੇ ਚਲੇ ਗਏ। ਬਾਗ਼ੀ ਇਕ ਬੈਰਕ ਤੋਂ ਦੂਜੀ ਬੈਰਕ ਜਾ ਕੇ ਗਵਾਹਾਂ ਨੂੰ ਉਨ੍ਹਾਂ ਦਾ ਸਾਥ ਦੇਣ ਲਈ ਮਜਬੂਰ ਕਰ ਰਹੇ ਸਨ। ਪਰ ਸਾਡਾ ਕੋਈ ਭੈਣ-ਭਾਈ ਉਨ੍ਹਾਂ ਨਾਲ ਨਹੀਂ ਰਲ਼ਿਆ।

ਬਾਗ਼ੀਆਂ ਨੇ ਆਪਣੀ ਕਮੇਟੀ ਦੀ ਮੀਟਿੰਗ ਵਿਚ ਯਹੋਵਾਹ ਦੇ ਗਵਾਹਾਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ: “ਪੈਂਟਕਾਸਟਲ, ਐਡਵੈਨਟਿਸਟ, ਬੈਪਟਿਸਟ ਅਤੇ ਬਾਕੀ ਸਾਰੇ ਧਰਮਾਂ ਦੇ ਲੋਕ ਉਨ੍ਹਾਂ ਨਾਲ ਰਲ਼ ਕੇ ਬਗਾਵਤ ਵਿਚ ਹਿੱਸਾ ਲੈ ਰਹੇ ਸਨ। ਸਿਰਫ਼ ਯਹੋਵਾਹ ਦੇ ਗਵਾਹ ਹੀ ਇਨਕਾਰ ਕਰ ਰਹੇ ਸਨ। ਉਨ੍ਹਾਂ ਦਾ ਕੀ ਕੀਤਾ ਜਾਵੇ?” ਕਿਸੇ ਨੇ ਸਲਾਹ ਦਿੱਤੀ ਕਿ ਗਵਾਹਾਂ ਨੂੰ ਡਰਾਉਣ ਲਈ ਇਕ ਗਵਾਹ ਨੂੰ ਕੈਦਖ਼ਾਨੇ ਦੇ ਤੰਦੂਰ ਵਿਚ ਸੁੱਟ ਦਿੱਤਾ ਜਾਵੇ। ਪਰ ਇਕ ਕੈਦੀ, ਜੋ ਪਹਿਲਾਂ ਫ਼ੌਜੀ ਅਫ਼ਸਰ ਹੋਇਆ ਕਰਦਾ ਸੀ ਅਤੇ ਜਿਸ ਦਾ ਸਾਰੇ ਬੜਾ ਆਦਰ-ਸਤਿਕਾਰ ਕਰਦੇ ਸਨ, ਨੇ ਕਿਹਾ: “ਇਸ ਤਰ੍ਹਾਂ ਕਰਨਾ ਠੀਕ ਨਹੀਂ ਹੋਵੇਗਾ। ਕਿਉਂ ਨਾ ਆਪਾਂ ਸਾਰੇ ਗਵਾਹਾਂ ਨੂੰ ਗੇਟ ਦੀ ਸੱਭ ਤੋਂ ਲਾਗੇ ਦੀ ਬੈਰਕ ਵਿਚ ਬੰਦ ਕਰ ਦੇਈਏ? ਫਿਰ ਜਦ ਮਿਲਟਰੀ ਦੇ ਟੈਂਕ ਕੈਂਪ ਵਿਚ ਦਾਖ਼ਲ ਹੋਣਗੇ, ਤਾਂ ਸਭ ਤੋਂ ਪਹਿਲਾਂ ਯਹੋਵਾਹ ਦੇ ਗਵਾਹ ਹੀ ਉਨ੍ਹਾਂ ਥੱਲੇ ਮਿੱਧੇ ਜਾਣਗੇ। ਫਿਰ ਉਨ੍ਹਾਂ ਦੀ ਮੌਤ ਦੇ ਕਸੂਰਵਾਰ ਆਪਾਂ ਨਹੀਂ ਹੋਵਾਂਗੇ।” ਸਾਰਿਆਂ ਨੂੰ ਉਸ ਦੀ ਸਲਾਹ ਚੰਗੀ ਲੱਗੀ।

ਖ਼ਤਰੇ ਦੇ ਰਾਹ ਵਿਚ

ਇਸ ਤੋਂ ਥੋੜ੍ਹੇ ਹੀ ਸਮੇਂ ਬਾਅਦ ਕੈਦੀਆਂ ਨੇ ਕੈਂਪ ਵਿਚ ਡੌਂਡੀ ਪਿਟਵਾਈ ਕਿ “ਯਹੋਵਾਹ ਦੇ ਗਵਾਹੋ, ਬਾਹਰ ਨਿਕਲੋ!” ਫਿਰ ਉਹ ਸਾਨੂੰ 80 ਭੈਣ-ਭਾਈਆਂ ਨੂੰ ਗੇਟ ਦੇ ਨੇੜੇ ਦੀ ਇਕ ਬੈਰਕ ਕੋਲ ਇਕੱਠੇ ਕਰਨ ਲੱਗੇ। ਬੈਰਕ ਅੰਦਰ ਥਾਂ ਬਣਾਉਣ ਲਈ ਉਨ੍ਹਾਂ ਨੇ ਸਾਰੇ ਮੰਜੇ ਬਾਹਰ ਸੁੱਟ ਦਿੱਤੇ ਅਤੇ ਸਾਨੂੰ ਅੰਦਰ ਵੜਨ ਦਾ ਹੁਕਮ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਨੇ ਸਾਨੂੰ ਉਸੇ ਬੈਰਕ ਵਿਚ ਕੈਦ ਰੱਖਿਆ।

ਸਾਡੀਆਂ ਭੈਣਾਂ ਨੇ ਕੁਝ ਚਾਦਰਾਂ ਸੀਉਂ ਕੇ ਇਕ ਪਰਦਾ ਬਣਾਇਆ ਜੋ ਅਸੀਂ ਬੈਰਕ ਦੇ ਗੱਭੇ ਤਾਣ ਦਿੱਤਾ ਤਾਂਕਿ ਇਕ ਪਾਸੇ ਭੈਣਾਂ ਤੇ ਦੂਜੇ ਪਾਸੇ ਭਰਾ ਸੌਂ ਸਕਣ। (ਬਾਅਦ ਵਿਚ ਇਕ ਰੂਸੀ ਭਰਾ ਨੇ ਉਸ ਬੈਰਕ ਦੀ ਤਸਵੀਰ ਬਣਾਈ ਜੋ ਹੇਠਾਂ ਦਿਖਾਈ ਗਈ ਹੈ।) ਉਸ ਛੋਟੀ ਜਿਹੀ ਬੈਰਕ ਵਿਚ ਰਹਿੰਦੇ ਹੋਏ ਅਸੀਂ ਅਕਸਰ ਇਕੱਠੇ ਪ੍ਰਾਰਥਨਾ ਕਰ ਕੇ ਯਹੋਵਾਹ ਤੋਂ “ਮਹਾ-ਸ਼ਕਤੀ” ਮੰਗਦੇ ਸੀ।—2 ਕੁਰਿੰਥੀਆਂ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਸਾਨੂੰ ਦੋਨੋਂ ਪਾਸਿਓਂ ਖ਼ਤਰਾ ਸੀ ਕਿਉਂਕਿ ਇਕ ਪਾਸੇ ਵਿਦਰੋਹੀ ਲੜਨ ਨੂੰ ਤਿਆਰ ਸਨ ਤੇ ਦੂਜੇ ਪਾਸੇ ਸੋਵੀਅਤ ਰੂਸ ਦੀ ਫ਼ੌਜ ਸੀ। ਸਾਡੇ ਵਿੱਚੋਂ ਕਿਸੇ ਨੂੰ ਨਹੀਂ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਸੀ। ਸਾਡੇ ਨਾਲ ਇਕ ਸਿਆਣਾ ਭਰਾ ਸੀ ਜਿਸ ਨੇ ਕਈ ਸਾਲਾਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ ਸੀ। ਉਸ ਨੇ ਸਾਨੂੰ ਹੌਸਲਾ ਦਿੱਤਾ: “ਤੁਸੀਂ ਇਸ ਬਾਰੇ ਸੋਚ-ਸੋਚ ਕੇ ਐਵੇਂ ਹੀ ਡਰੀ ਜਾਂਦੇ ਹੋ। ਯਹੋਵਾਹ ਸਾਡੇ ਨਾਲ ਹੈ, ਫਿਰ ਸਾਨੂੰ ਕਿਸ ਗੱਲ ਦਾ ਡਰ?”

ਸਾਡੀਆਂ ਸਾਰੀਆਂ ਪਿਆਰੀਆਂ ਭੈਣਾਂ ਨੇ ਜਿਗਰਾ ਰੱਖਿਆ। ਇਕ 80 ਸਾਲਾਂ ਦੀ ਭੈਣ ਨੂੰ ਕਾਫ਼ੀ ਮਦਦ ਦੀ ਲੋੜ ਸੀ। ਹੋਰਨਾਂ ਬੀਮਾਰ ਭੈਣਾਂ ਨੂੰ ਦਵਾ-ਦਾਰੂ ਦੀ ਲੋੜ ਸੀ। ਪਰ ਸਾਨੂੰ ਬੈਰਕ ਦੇ ਦਰਵਾਜ਼ੇ ਖੁੱਲ੍ਹੇ ਰੱਖਣੇ ਪੈਂਦੇ ਸਨ ਤਾਂਕਿ ਬਾਗ਼ੀ ਦੇਖ ਸਕਣ ਕਿ ਅਸੀਂ ਕੀ ਕਰਦੇ ਸੀ। ਰਾਤ ਨੂੰ ਹਥਿਆਰਬੰਦ ਬਾਗ਼ੀ ਸਾਡੀ ਬੈਰਕ ਅੰਦਰ ਆਉਂਦੇ ਸਨ। ਕਦੇ-ਕਦੇ ਅਸੀਂ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਦੇ ਸੀ: “ਪਰਮੇਸ਼ੁਰ ਦਾ ਰਾਜ ਸੁੱਤਾ ਪਿਆ ਹੈ।” ਦਿਨੇ ਜਦ ਉਹ ਸਾਨੂੰ ਡਾਇਨਿੰਗ ਹਾਲ ਰੋਟੀ ਖਾਣ ਲਈ ਜਾਣ ਦਿੰਦੇ ਸਨ, ਤਾਂ ਅਸੀਂ ਸਾਰੇ ਭੈਣ-ਭਰਾ ਇਕੱਠੇ ਬੈਠਦੇ ਸੀ ਅਤੇ ਪ੍ਰਾਰਥਨਾ ਕਰਦੇ ਸੀ ਕਿ ਯਹੋਵਾਹ ਸਾਨੂੰ ਉਨ੍ਹਾਂ ਨਿਰਦਈ ਆਦਮੀਆਂ ਤੋਂ ਬਚਾਵੇ।

ਬੈਰਕਾਂ ਵਿਚ ਅਸੀਂ ਇਕ-ਦੂਜੇ ਦਾ ਹੌਸਲਾ ਵਧਾਉਣ ਦੀ ਕੋਸ਼ਿਸ਼ ਕੀਤੀ। ਮਿਸਾਲ ਲਈ, ਅਕਸਰ ਕੋਈ ਭਰਾ ਧੀਮੀ ਆਵਾਜ਼ ਵਿਚ ਬਾਈਬਲ ਵਿੱਚੋਂ ਕੋਈ ਗੱਲ ਦੱਸਦਾ ਸੀ ਤਾਂਕਿ ਬੈਰਕ ਤੋਂ ਬਾਹਰ ਉਸ ਦੀ ਆਵਾਜ਼ ਸੁਣਾਈ ਨਾ ਦੇਵੇ। ਫਿਰ ਉਹ ਬਾਈਬਲ ਦੀ ਸਲਾਹ ਨੂੰ ਸਾਡੇ ਹਾਲਾਤਾਂ ਤੇ ਲਾਗੂ ਕਰਦਾ ਸੀ। ਇਕ ਸਿਆਣੇ ਭਰਾ ਨੂੰ ਗਿਦਾਊਨ ਦੀ ਫ਼ੌਜ ਬਾਰੇ ਗੱਲ ਕਰਨੀ ਬਹੁਤ ਪਸੰਦ ਸੀ। ਉਹ ਸਾਨੂੰ ਯਾਦ ਕਰਾਉਂਦਾ ਹੁੰਦਾ ਸੀ: “ਯਹੋਵਾਹ ਦੇ ਨਾਂ ਤੇ 300 ਆਦਮੀਆਂ ਨੇ ਹੱਥ ਵਿਚ ਸਿਰਫ਼ ਤੁਰ੍ਹੀਆਂ ਲੈ ਕੇ 1,35,000 ਹਥਿਆਰਬੰਦ ਫ਼ੌਜੀਆਂ ਦਾ ਸਾਮ੍ਹਣਾ ਕੀਤਾ। ਉਨ੍ਹਾਂ 300 ਆਦਮੀਆਂ ਦੇ ਸਿਰ ਦਾ ਇਕ ਵੀ ਵਾਲ ਵਿੰਗਾ ਨਹੀਂ ਹੋਇਆ।” (ਨਿਆਈਆਂ 7:16, 22; 8:10) ਬਾਈਬਲ ਦੇ ਅਜਿਹੇ ਬਿਰਤਾਂਤਾਂ ਤੋਂ ਸਾਨੂੰ ਯਹੋਵਾਹ ਤੇ ਭਰੋਸਾ ਰੱਖਣ ਦਾ ਹੌਸਲਾ ਮਿਲਿਆ। ਮੈਂ ਕੈਦ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਸੱਚਾਈ ਸਿੱਖੀ ਸੀ, ਪਰ ਦੂਜੇ ਭੈਣ-ਭਾਈਆਂ ਦੀ ਪੱਕੀ ਨਿਹਚਾ ਦੇਖ ਕੇ ਮੈਨੂੰ ਵੀ ਮਜ਼ਬੂਤ ਰਹਿਣ ਦੀ ਹੱਲਾਸ਼ੇਰੀ ਮਿਲੀ। ਮੈਨੂੰ ਲੱਗਦਾ ਸੀ ਕਿ ਯਹੋਵਾਹ ਸੱਚ-ਮੁੱਚ ਸਾਡੇ ਨਾਲ ਸੀ।

ਫ਼ੌਜੀ ਹਮਲਾ!

ਇਸੇ ਹਾਲਤ ਵਿਚ ਕਈ ਹਫ਼ਤੇ ਨਿਕਲ ਗਏ ਅਤੇ ਕੈਂਪ ਦੇ ਅੰਦਰ ਤਣਾਅ ਵਧਦਾ ਗਿਆ। ਬਾਗ਼ੀਆਂ ਅਤੇ ਫ਼ੌਜੀ ਅਫ਼ਸਰਾਂ ਦਰਮਿਆਨ ਗੱਲਬਾਤ ਜ਼ੋਰ ਫੜ ਰਹੀ ਸੀ। ਬਾਗ਼ੀ ਕਹਿ ਰਹੇ ਸਨ ਕਿ ਮਾਸਕੋ ਤੋਂ ਸਰਕਾਰ ਆਪਣਾ ਕੋਈ ਬੰਦਾ ਉਨ੍ਹਾਂ ਨਾਲ ਗੱਲ ਕਰਨ ਨੂੰ ਭੇਜੇ। ਪਰ ਸਰਕਾਰ ਦੀ ਮੰਗ ਸੀ ਕਿ ਪਹਿਲਾਂ ਬਾਗ਼ੀ ਹਾਰ ਮੰਨ ਕੇ ਆਪਣੇ ਹਥਿਆਰ ਸੁੱਟਣ ਤੇ ਮੁੜ ਕੰਮ ਤੇ ਜਾਣ। ਦੋਵੇਂ ਧਿਰ ਸਮਝੌਤਾ ਕਰਨ ਲਈ ਤਿਆਰ ਨਹੀਂ ਸਨ। ਰੂਸੀ ਫ਼ੌਜਾਂ ਨੇ ਕੈਂਪ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ। ਬੱਸ ਹੁਕਮ ਮਿਲਦਿਆਂ ਹੀ ਉਨ੍ਹਾਂ ਨੇ ਧਾਵਾ ਬੋਲ ਦੇਣਾ ਸੀ। ਹਥਿਆਰਾਂ ਨਾਲ ਲੈਸ ਬਾਗ਼ੀਆਂ ਨੇ ਵੀ ਮੋਰਚਾ ਬੰਨ੍ਹਿਆ ਹੋਇਆ ਸੀ। ਸਾਰੇ ਜਾਣਦੇ ਸਨ ਕਿ ਫ਼ੌਜੀ ਅਤੇ ਬਾਗ਼ੀ ਕੈਦੀ ਕਿਸੇ ਵੀ ਵੇਲੇ ਆਪਸ ਵਿਚ ਭਿੜ ਸਕਦੇ ਸਨ।

26 ਜੂਨ ਦੀ ਰਾਤ ਅਸੀਂ ਅੱਭੜਵਾਹੇ ਸੁੱਤੇ ਉੱਠੇ। ਬਾਹਰੋਂ ਗੋਲਾਬਾਰੀ ਦੀ ਆਵਾਜ਼ ਆ ਰਹੀ ਸੀ। ਟੈਂਕ ਕੈਂਪ ਦੀ ਵਾੜ ਨੂੰ ਮਿੱਧ ਕੇ ਅੰਦਰ ਆ ਗਏ ਸਨ। ਉਨ੍ਹਾਂ ਦੇ ਪਿੱਛੇ-ਪਿੱਛੇ ਮਸ਼ੀਨ-ਗੰਨ ਫੜੀ ਫ਼ੌਜੀਆਂ ਦੇ ਦਸਤੇ ਆ ਰਹੇ ਸਨ। ਕੈਦੀ ਮਰਦ ਅਤੇ ਔਰਤਾਂ ਜੰਗੀ ਨਾਅਰੇ ਲਾਉਂਦੇ ਹੋਏ ਟੈਂਕਾਂ ਵੱਲ ਭੱਜ ਰਹੇ ਸਨ। ਉਹ ਪੱਥਰ, ਦੇਸੀ ਬੰਬ ਅਤੇ ਹੋਰ ਜੋ ਕੁਝ ਵੀ ਉਨ੍ਹਾਂ ਦੇ ਹੱਥ ਲੱਗਦਾ ਸੀ, ਟੈਂਕਾਂ ਤੇ ਸੁੱਟ ਰਹੇ ਸਨ। ਹਰ ਪਾਸੇ ਜ਼ਬਰਦਸਤ ਲੜਾਈ ਚੱਲ ਰਹੀ ਸੀ ਤੇ ਅਸੀਂ ਸੋਚ ਰਹੇ ਸੀ ਕਿ ਯਹੋਵਾਹ ਸਾਡੀ ਮਦਦ ਕਿਵੇਂ ਕਰੇਗਾ।

ਫਿਰ ਅਚਾਨਕ ਸਾਡੀ ਬੈਰਕ ਵਿਚ ਫ਼ੌਜੀ ਇਹ ਚਿਲਾਉਂਦੇ ਹੋਏ ਦਾਖ਼ਲ ਹੋਏ: “ਬਾਹਰ ਨਿਕਲੋ ਰੱਬੀ ਲੋਕੋ! ਜਲਦੀ-ਜਲਦੀ ਵਾੜ ਵਿੱਚੋਂ ਬਾਹਰ ਨਿਕਲ ਜਾਓ!” ਉਨ੍ਹਾਂ ਦੇ ਅਫ਼ਸਰ ਨੇ ਫ਼ੌਜੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਸਾਡੇ ਤੇ ਹਮਲਾ ਨਾ ਕਰਨ, ਸਗੋਂ ਸਾਨੂੰ ਸਹੀ-ਸਲਾਮਤ ਬਾਹਰ ਪਹੁੰਚਾਉਣ। ਕੈਂਪ ਦੇ ਅੰਦਰ ਜੰਗ ਲੜੀ ਜਾ ਰਹੀ ਸੀ, ਪਰ ਅਸੀਂ ਬਾਹਰ ਘਾਹ ਦੇ ਮੈਦਾਨ ਵਿਚ ਬੈਠੇ ਸੀ। ਚਾਰ ਘੰਟਿਆਂ ਤਕ ਸਾਨੂੰ ਕੈਂਪ ਦੇ ਅੰਦਰੋਂ ਧਮਾਕਿਆਂ ਤੇ ਗੋਲਾਬਾਰੀ ਦੀ ਆਵਾਜ਼ ਅਤੇ ਲੋਕਾਂ ਦਾ ਚੀਕ-ਚਿਹਾੜਾ ਸੁਣਦਾ ਰਿਹਾ। ਫਿਰ ਸਭ ਕੁਝ ਸ਼ਾਂਤ ਹੋ ਗਿਆ। ਸਵੇਰ ਦੀ ਰੌਸ਼ਨੀ ਵਿਚ ਅਸੀਂ ਫ਼ੌਜੀਆਂ ਨੂੰ ਕੈਂਪ ਅੰਦਰੋਂ ਲਾਸ਼ਾਂ ਬਾਹਰ ਲਿਆਉਂਦੇ ਦੇਖਿਆ। ਬਾਅਦ ਵਿਚ ਸਾਨੂੰ ਪਤਾ ਲੱਗਾ ਕਿ ਕਈ ਸੌ ਜਣੇ ਫੱਟੜ ਹੋਏ ਜਾਂ ਮਾਰੇ ਗਏ ਸਨ।

ਬਾਅਦ ਵਿਚ ਉਸੇ ਦਿਨ ਇਕ ਫ਼ੌਜੀ ਅਫ਼ਸਰ ਜਿਸ ਨੂੰ ਮੈਂ ਜਾਣਦਾ ਸੀ, ਸਾਨੂੰ ਆਣ ਕੇ ਫ਼ਖ਼ਰ ਨਾਲ ਕਹਿਣ ਲੱਗਾ: “ਸੋ ਨਿਕਲਾਏ, ਦੱਸ ਤੁਹਾਨੂੰ ਕਿਹ ਨੇ ਬਚਾਇਆ? ਯਹੋਵਾਹ ਨੇ ਕਿ ਅਸੀਂ?” ਸਾਨੂੰ ਬਚਾਉਣ ਲਈ ਉਸ ਦਾ ਧੰਨਵਾਦ ਕਰਨ ਤੋਂ ਬਾਅਦ ਅਸੀਂ ਕਿਹਾ: “ਅਸੀਂ ਇਹ ਵੀ ਮੰਨਦੇ ਹਾਂ ਕਿ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਦਿਲਾਂ ਨੂੰ ਪ੍ਰੇਰਿਆ ਤਾਂਕਿ ਤੁਸੀਂ ਸਾਨੂੰ ਬਚਾ ਲਵੋ, ਠੀਕ ਜਿਵੇਂ ਉਸ ਨੇ ਪੁਰਾਣੇ ਜ਼ਮਾਨੇ ਵਿਚ ਆਪਣੇ ਸੇਵਕਾਂ ਨੂੰ ਬਚਾਇਆ ਸੀ।”—ਅਜ਼ਰਾ 1:1, 2.

ਫਿਰ ਉਸੇ ਫ਼ੌਜੀ ਅਫ਼ਸਰ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਕਿਵੇਂ ਪਤਾ ਲੱਗਾ ਕਿ ਅਸੀਂ ਕੌਣ ਸਾਂ ਤੇ ਕੈਂਪ ਅੰਦਰ ਸਾਨੂੰ ਕਿੱਥੇ ਰੱਖਿਆ ਗਿਆ ਸੀ। ਉਸ ਨੇ ਕਿਹਾ ਕਿ ਇਕ ਵਾਰ ਜਦੋਂ ਬਾਗ਼ੀ ਕੈਦੀ ਮਿਲਟਰੀ ਦੇ ਅਫ਼ਸਰਾਂ ਨਾਲ ਗੱਲਬਾਤ ਕਰ ਰਹੇ ਸਨ, ਤਾਂ ਮਿਲਟਰੀ ਵਾਲਿਆਂ ਨੇ ਬਾਗ਼ੀਆਂ ਤੇ ਦੋਸ਼ ਲਾਇਆ ਸੀ ਕਿ ਉਹ ਉਨ੍ਹਾਂ ਕੈਦੀਆਂ ਦਾ ਕਤਲ ਕਰ ਰਹੇ ਸਨ ਜੋ ਉਨ੍ਹਾਂ ਦਾ ਸਾਥ ਨਹੀਂ ਦਿੰਦੇ ਸਨ। ਆਪਣੀ ਸਫ਼ਾਈ ਵਿਚ ਬਾਗ਼ੀਆਂ ਨੇ ਕਿਹਾ ਸੀ ਕਿ ਭਾਵੇਂ ਯਹੋਵਾਹ ਦੇ ਗਵਾਹ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ ਸਨ, ਪਰ ਉਨ੍ਹਾਂ ਨੇ ਉਨ੍ਹਾਂ ਦਾ ਕਤਲ ਨਹੀਂ ਕੀਤਾ ਸੀ। ਇਸ ਦੀ ਬਜਾਇ ਉਨ੍ਹਾਂ ਨੇ ਸਾਰੇ ਗਵਾਹਾਂ ਨੂੰ ਇੱਕੋ ਬੈਰਕ ਵਿਚ ਕੈਦ ਕੀਤਾ ਹੋਇਆ ਸੀ। ਫ਼ੌਜੀ ਅਫ਼ਸਰਾਂ ਨੇ ਇਸ ਗੱਲ ਨੂੰ ਯਾਦ ਰੱਖਿਆ ਸੀ।

ਅਸੀਂ ਪਰਮੇਸ਼ੁਰ ਦੇ ਰਾਜ ਦਾ ਪੱਖ ਪੂਰਿਆ

ਮਸ਼ਹੂਰ ਰੂਸੀ ਲੇਖਕ ਐਲੇਗਜ਼ੈਂਡਰ ਸੋਲਜਾਨੀਟਸਨ ਨੇ ਆਪਣੀ ਇਕ ਕਿਤਾਬ ਵਿਚ ਉਸ ਬਗਾਵਤ ਬਾਰੇ ਲਿਖਿਆ। ਇਹ ਬਗਾਵਤ ਕਿਉਂ ਸ਼ੁਰੂ ਹੋਈ ਸੀ? ਉਸ ਨੇ ਲਿਖਿਆ: ‘ਅਸੀਂ ਆਜ਼ਾਦੀ ਚਾਹੁੰਦੇ ਸੀ, ਪਰ ਸਾਨੂੰ ਆਜ਼ਾਦੀ ਕੌਣ ਦਿਲਾ ਸਕਦਾ ਸੀ?’ ਉਸੇ ਕੈਦਖ਼ਾਨੇ ਵਿਚ ਕੈਦ ਯਹੋਵਾਹ ਦੇ ਗਵਾਹ ਵੀ ਆਜ਼ਾਦੀ ਚਾਹੁੰਦੇ ਸੀ। ਪਰ ਅਸੀਂ ਸਿਰਫ਼ ਕੈਦ ਵਿੱਚੋਂ ਆਜ਼ਾਦ ਹੋਣਾ ਨਹੀਂ ਚਾਹੁੰਦੇ ਸੀ, ਪਰ ਅਸੀਂ ਉਹ ਆਜ਼ਾਦੀ ਚਾਹੁੰਦੇ ਸੀ ਜੋ ਸਿਰਫ਼ ਯਹੋਵਾਹ ਦਾ ਰਾਜ ਸਾਨੂੰ ਦੇ ਸਕਦਾ ਹੈ। ਜਦ ਅਸੀਂ ਕੈਦ ਵਿਚ ਸੀ, ਤਾਂ ਸਾਨੂੰ ਪਤਾ ਸੀ ਕਿ ਸਾਨੂੰ ਪਰਮੇਸ਼ੁਰ ਦੇ ਪੱਖ ਵਿਚ ਖੜ੍ਹੇ ਰਹਿਣ ਲਈ ਉਸ ਦੀ ਤਾਕਤ ਦੀ ਲੋੜ ਸੀ। ਯਹੋਵਾਹ ਦੀ ਮਦਦ ਨਾਲ ਅਸੀਂ ਬਿਨਾਂ ਚਾਕੂ-ਛੁਰੀਆਂ ਜਾਂ ਹੱਥ-ਗੋਲਿਆਂ ਦੇ ਸਹੀ-ਸਲਾਮਤ ਬਚ ਨਿਕਲੇ।—2 ਕੁਰਿੰਥੀਆਂ 10:3.

ਯਿਸੂ ਨੇ ਪਿਲਾਤੁਸ ਨੂੰ ਕਿਹਾ ਸੀ ਕਿ “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ। ਜੇ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਹੁੰਦੀ ਤਾਂ ਮੇਰੇ ਨੌਕਰ ਲੜਦੇ।” (ਯੂਹੰਨਾ 18:36) ਯਿਸੂ ਦੇ ਚੇਲੇ ਹੁੰਦੇ ਹੋਏ ਅਸੀਂ ਵੀ ਕਿਸੇ ਸਿਆਸੀ ਲੜਾਈ ਵਿਚ ਹਿੱਸਾ ਨਹੀਂ ਲਿਆ। ਅਸੀਂ ਖ਼ੁਸ਼ ਸੀ ਕਿ ਉਸ ਬਗਾਵਤ ਦੌਰਾਨ ਸਾਰੇ ਦੇਖ ਸਕੇ ਸਨ ਕਿ ਅਸੀਂ ਪਰਮੇਸ਼ੁਰ ਦੇ ਰਾਜ ਦੇ ਪੱਖ ਵਿਚ ਖੜ੍ਹੇ ਸੀ। ਐਲੇਗਜ਼ੈਂਡਰ ਸੋਲਜਾਨੀਟਸਨ ਨੇ ਸਾਡੇ ਬਾਰੇ ਲਿਖਿਆ: “ਯਹੋਵਾਹ ਦੇ ਗਵਾਹ ਆਪਣੇ ਧਾਰਮਿਕ ਅਸੂਲਾਂ ਤੇ ਪੱਕੇ ਰਹੇ ਤੇ ਉਨ੍ਹਾਂ ਨੇ ਨਾ ਮੋਰਚਾਬੰਦੀ ਵਿਚ ਤੇ ਨਾ ਹੀ ਪਹਿਰਾ ਦੇਣ ਵਿਚ ਬਾਗ਼ੀਆਂ ਦੀ ਮਦਦ ਕੀਤੀ।”

ਉਨ੍ਹਾਂ ਘਟਨਾਵਾਂ ਨੂੰ ਬੀਤਿਆਂ ਹੁਣ 50 ਤੋਂ ਜ਼ਿਆਦਾ ਸਾਲ ਹੋ ਚੁੱਕੇ ਹਨ। ਪਰ ਅੱਜ ਵੀ ਮੈਂ ਉਸ ਸਮੇਂ ਬਾਰੇ ਸੋਚ ਕੇ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕਰਦਾ ਹਾਂ। ਉਸ ਤਜਰਬੇ ਨੇ ਮੈਨੂੰ ਯਹੋਵਾਹ ਤੇ ਭਰੋਸਾ ਰੱਖਣਾ ਸਿਖਾਇਆ। ਜੀ ਹਾਂ, ਸਾਬਕਾ ਸੋਵੀਅਤ ਰੂਸ ਵਿੱਚੋਂ ਯਹੋਵਾਹ ਦੇ ਕਈ ਪਿਆਰੇ ਗਵਾਹਾਂ ਦੀ ਤਰ੍ਹਾਂ ਮੈਂ ਵੀ ਦੇਖਿਆ ਹੈ ਕਿ ਯਹੋਵਾਹ ਸੱਚ-ਮੁੱਚ ਉਨ੍ਹਾਂ ਨੂੰ ਆਜ਼ਾਦ ਕਰਦਾ ਤੇ ਬਚਾਉਂਦਾ ਹੈ ਜੋ ਉਸ ਦੇ ਰਾਜ ਦੀ ਉਡੀਕ ਕਰਦੇ ਹਨ।

[ਸਫ਼ਾ 8, 9 ਉੱਤੇ ਤਸਵੀਰਾਂ]

ਕਜ਼ਾਖਸਤਾਨ ਵਿਚ ਉਹ ਕੈਂਪ ਜਿੱਥੇ ਅਸੀਂ ਕੈਦ ਸੀ

[ਸਫ਼ਾ 10 ਉੱਤੇ ਤਸਵੀਰ]

ਬੈਰਕ ਦੇ ਉਸ ਹਿੱਸੇ ਦੀ ਤਸਵੀਰ ਜਿੱਥੇ ਸਾਡੀਆਂ ਭੈਣਾਂ ਸਨ

[ਸਫ਼ਾ 11 ਉੱਤੇ ਤਸਵੀਰ]

ਰਿਹਾਅ ਹੋਣ ਤੋਂ ਬਾਅਦ ਭਰਾਵਾਂ ਦੇ ਨਾਲ