ਕੀ ਕੋਈ ਫ਼ਰਕ ਪੈਂਦਾ ਹੈ ਕਿ ਤੁਸੀਂ ਕਿਹੜੇ ਮਜ਼ਹਬ ਨੂੰ ਮੰਨਦੇ ਹੋ?
ਕੀ ਕੋਈ ਫ਼ਰਕ ਪੈਂਦਾ ਹੈ ਕਿ ਤੁਸੀਂ ਕਿਹੜੇ ਮਜ਼ਹਬ ਨੂੰ ਮੰਨਦੇ ਹੋ?
ਜਦੋਂ ਅਸੀਂ ਬਾਜ਼ਾਰ ਜਾਂਦੇ ਹਾਂ, ਤਾਂ ਭਾਂਤ-ਭਾਂਤ ਦੀਆਂ ਚੀਜ਼ਾਂ ਤੋਂ ਅਸੀਂ ਆਪਣੀ ਪਸੰਦ ਦੀ ਚੀਜ਼ ਚੁਣ ਸਕਦੇ ਹਾਂ। ਮਿਸਾਲ ਲਈ, ਜਦ ਅਸੀਂ ਮੰਡੀ ਜਾਂਦੇ ਹਾਂ, ਤਾਂ ਤਰ੍ਹਾਂ-ਤਰ੍ਹਾਂ ਦੀਆਂ ਫਲ-ਸਬਜ਼ੀਆਂ ਵਿੱਚੋਂ ਅਸੀਂ ਆਪਣੇ ਪਰਿਵਾਰ ਦੀਆਂ ਪਸੰਦ ਦੀਆਂ ਸਬਜ਼ੀਆਂ ਜਾਂ ਫਲ ਚੁਣ ਸਕਦੇ ਹਾਂ। ਜੇ ਕਿਸੇ ਕੱਪੜਿਆਂ ਦੀ ਦੁਕਾਨ ਵਿਚ ਕਈ ਰੰਗਾਂ ਤੇ ਸਟਾਈਲਾਂ ਦੇ ਕੱਪੜੇ ਹੋਣ ਤੇ ਕੀਮਤ ਵੀ ਸਹੀ ਹੋਵੇ, ਤਾਂ ਅਸੀਂ ਆਪਣੇ ਮਨ-ਪਸੰਦ ਦਾ ਕੱਪੜਾ ਚੁਣ ਸਕਦੇ ਹਾਂ। ਜ਼ਿੰਦਗੀ ਵਿਚ ਅਸੀਂ ਕਈ ਫ਼ੈਸਲੇ ਕਰਦੇ ਹਾਂ ਜੋ ਸਿਰਫ਼ ਸਾਡੀ ਪਸੰਦ ਜਾਂ ਨਾਪਸੰਦ ਉੱਤੇ ਨਿਰਭਰ ਕਰਦੇ ਹਨ। ਪਰ ਕਈ ਅਜਿਹੇ ਫ਼ੈਸਲੇ ਵੀ ਹਨ ਜਿਨ੍ਹਾਂ ਦਾ ਸਾਡੇ ਉੱਤੇ ਚੰਗਾ ਜਾਂ ਮਾੜਾ ਅਸਰ ਪੈ ਸਕਦਾ ਹੈ। ਮਿਸਾਲ ਲਈ, ਅਸੀਂ ਜੋ ਭੋਜਨ ਖਾਂਦੇ ਹਾਂ ਜਾਂ ਜਿਨ੍ਹਾਂ ਲੋਕਾਂ ਨੂੰ ਆਪਣੇ ਦੋਸਤ ਬਣਾਉਂਦੇ ਹਾਂ, ਇਨ੍ਹਾਂ ਫ਼ੈਸਲਿਆਂ ਦਾ ਸਾਡੇ ਉੱਤੇ ਗਹਿਰਾ ਅਸਰ ਪੈ ਸਕਦਾ ਹੈ। ਤਾਂ ਫਿਰ ਧਰਮ ਬਾਰੇ ਫ਼ੈਸਲਾ ਕਰਨ ਬਾਰੇ ਕੀ? ਕੀ ਸਾਡਾ ਮਜ਼ਹਬ ਸਿਰਫ਼ ਸਾਡੀ ਪਸੰਦ-ਨਾਪਸੰਦ ਦਾ ਮਾਮਲਾ ਹੈ? ਜਾਂ ਕੀ ਇਸ ਫ਼ੈਸਲੇ ਦਾ ਸਾਡੇ ਤੇ ਚੰਗਾ-ਮਾੜਾ ਅਸਰ ਪੈ ਸਕਦਾ ਹੈ?
ਅੱਜ ਦੁਨੀਆਂ ਵਿਚ ਹਜ਼ਾਰਾਂ ਧਰਮ ਹਨ। ਕਈ ਦੇਸ਼ਾਂ ਵਿਚ ਲੋਕਾਂ ਨੂੰ ਆਪਣਾ ਧਰਮ ਆਪ ਚੁਣਨ ਦੀ ਆਜ਼ਾਦੀ ਹੈ ਅਤੇ ਕਈ ਆਪਣੇ ਮਾਪਿਆਂ ਦਾ ਧਰਮ ਛੱਡਣ ਦਾ ਫ਼ੈਸਲਾ ਵੀ ਕਰਦੇ ਹਨ। ਅਮਰੀਕਾ ਵਿਚ ਕੀਤੇ ਗਏ ਇਕ ਸਰਵੇਖਣ ਦੇ ਮੁਤਾਬਕ 80 ਫੀ ਸਦੀ ਲੋਕ ਮੰਨਦੇ ਹਨ ਕਿ “ਮੁਕਤੀ ਦਾ ਰਾਹ ਸਿਰਫ਼ ਇੱਕੋ ਮਜ਼ਹਬ ਨਹੀਂ ਦਿਖਾਉਂਦਾ,” ਨਾਲੇ “ਪੰਜਾਂ ਵਿੱਚੋਂ ਇਕ ਨੇ ਕਿਹਾ ਕਿ ਉਨ੍ਹਾਂ ਨੇ ਵੱਡੇ ਹੋ ਕੇ ਆਪਣਾ ਮਜ਼ਹਬ ਬਦਲਿਆ।” ਬ੍ਰਾਜ਼ੀਲ ਵਿਚ ਕੀਤੇ ਗਏ ਇਕ ਸਰਵੇਖਣ ਅਨੁਸਾਰ ਚਾਰ ਵਿੱਚੋਂ ਲਗਭਗ ਇਕ ਜਣੇ ਨੇ ਆਪਣਾ ਧਰਮ ਬਦਲਿਆ ਹੈ।
ਬੀਤੇ ਸਮਿਆਂ ਵਿਚ ਧਰਮਾਂ ਦੇ ਵੱਖੋ-ਵੱਖਰੇ ਵਿਸ਼ਵਾਸਾਂ ਨੂੰ ਲੈ ਕੇ ਅਕਸਰ ਲੋਕਾਂ ਵਿਚ ਗਰਮਾ-ਗਰਮੀ ਹੋ ਜਾਂਦੀ ਸੀ। ਪਰ ਹੁਣ ਲੋਕ ਕਹਿੰਦੇ ਹਨ, ‘ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿਹੜੇ ਧਰਮ ਨੂੰ ਮੰਨਦੇ ਹੋ।’ ਕੀ ਇਹ ਸੱਚ ਹੈ? ਕੀ ਕੋਈ ਫ਼ਰਕ ਪੈਂਦਾ ਹੈ ਕਿ ਸਾਡਾ ਧਰਮ ਕੀ ਹੈ?
ਅਕਲਮੰਦ ਖ਼ਰੀਦਦਾਰ ਕੋਈ ਚੀਜ਼ ਖ਼ਰੀਦਣ ਤੋਂ ਪਹਿਲਾਂ ਉਸ ਬਾਰੇ ਸਵਾਲ ਪੁੱਛ ਕੇ ਜਾਣਨ ਦੀ ਕੋਸ਼ਿਸ਼ ਕਰਦਾ ਹੈ ਕਿ
ਇਹ ਕਿੱਥੇ ਦੀ ਬਣੀ ਹੈ। ਇਸੇ ਤਰ੍ਹਾਂ ਸਾਨੂੰ ਪੁੱਛਣਾ ਚਾਹੀਦਾ ਹੈ: ‘ਇਹ ਸਾਰੇ ਧਰਮ ਆਏ ਕਿੱਥੋਂ? ਇਨ੍ਹਾਂ ਦੀ ਸ਼ੁਰੂਆਤ ਕਿੱਦਾਂ ਹੋਈ?’ ਬਾਈਬਲ ਵਿੱਚੋਂ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ।ਧਰਮਾਂ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ?
ਯਿਸੂ ਮਸੀਹ ਦੇ ਜਨਮ ਤੋਂ ਤਕਰੀਬਨ 1,000 ਸਾਲ ਪਹਿਲਾਂ ਯਾਰਾਬੁਆਮ ਬਾਦਸ਼ਾਹ ਨੇ ਇਕ ਨਵਾਂ ਧਰਮ ਸ਼ੁਰੂ ਕੀਤਾ ਸੀ। ਉਹ ਯਹੂਦੀਆਂ ਦੇ ਉੱਤਰੀ ਰਾਜ ਇਸਰਾਏਲ ਦਾ ਪਹਿਲਾ ਰਾਜਾ ਸੀ। ਉਹ ਚਾਹੁੰਦਾ ਸੀ ਕਿ ਇਸਰਾਏਲ ਦੇ ਲੋਕ ਕਿਸੇ ਵੀ ਕਾਰਨ ਕਰਕੇ ਦੱਖਣੀ ਰਾਜ ਯਹੂਦਾਹ ਨੂੰ ਨਾ ਜਾਣ। “ਏਸ ਉੱਤੇ ਪਾਤਸ਼ਾਹ ਨੇ ਸਲਾਹ ਕਰ ਕੇ ਸੋਨੇ ਦੇ ਦੋ ਵੱਛੇ ਬਣਾਏ ਅਤੇ ਉਨ੍ਹਾਂ ਲੋਕਾਂ ਨੂੰ ਆਖਿਆ, ਕਿ ਯਰੂਸ਼ਲਮ ਨੂੰ ਚੜ੍ਹਨਾ ਤੁਹਾਡਾ ਵਾਧੂ ਹੀ ਹੈ। ਵੇਖ, ਹੇ ਇਸਰਾਏਲ, ਆਪਣੇ ਦਿਓਤੇ।” (1 ਰਾਜਿਆਂ 12:28) ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਾਰਾਬੁਆਮ ਨੇ ਇਕ ਨਵਾਂ ਮਜ਼ਹਬ ਸ਼ੁਰੂ ਕੀਤਾ ਤਾਂਕਿ ਲੋਕ ਯਰੂਸ਼ਲਮ ਜਾਣ ਦੀ ਬਜਾਇ ਇਸਰਾਏਲ ਵਿਚ ਰਹਿ ਕੇ ਹੀ ਭਗਤੀ ਕਰਨ। ਯਾਰਾਬੁਆਮ ਦੁਆਰਾ ਸ਼ੁਰੂ ਕੀਤਾ ਇਹ ਧਰਮ ਸਦੀਆਂ ਤਕ ਚੱਲਦਾ ਰਿਹਾ। ਇਸ ਧਰਮ ਕਰਕੇ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਜਦ ਇਸਰਾਏਲ ਕੌਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਭੜਕਿਆ। ਯਾਰਾਬੁਆਮ ਨੇ ਆਪਣੀ ਹਕੂਮਤ ਪੱਕੀ ਕਰਨ ਲਈ ਨਵਾਂ ਧਰਮ ਸ਼ੁਰੂ ਕੀਤਾ ਸੀ। ਅੱਜ ਦੇ ਵੀ ਕਈ ਧਰਮ ਸਿਆਸੀ ਫ਼ਾਇਦੇ ਲਈ ਸ਼ੁਰੂ ਕੀਤੇ ਗਏ ਸਨ।
ਪੌਲੁਸ ਰਸੂਲ ਨੇ ਨਵਾਂ ਮਜ਼ਹਬ ਸ਼ੁਰੂ ਕਰਨ ਦਾ ਇਕ ਹੋਰ ਕਾਰਨ ਦੱਸਿਆ ਜਦ ਉਸ ਨੇ ਕਿਹਾ: “ਮੈਂ ਜਾਣਦਾ ਹਾਂ ਜੋ ਮੇਰੇ ਜਾਣ ਦੇ ਪਿੱਛੋਂ ਬੁਰੇ ਬੁਰੇ ਬਘਿਆੜ ਤੁਹਾਡੇ ਵਿੱਚ ਆ ਵੜਨਗੇ ਜੋ ਇੱਜੜ ਨੂੰ ਨਾ ਛੱਡਣਗੇ ਅਤੇ ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਭਈ ਚੇਲਿਆਂ ਨੂੰ ਆਪਣੀ ਵੱਲ ਖਿੱਚ ਲੈ ਜਾਣ।” (ਰਸੂਲਾਂ ਦੇ ਕਰਤੱਬ 20:29, 30) ਕਈ ਵਾਰ ਹੰਕਾਰੀ ਲੋਕ ਇਸ ਲਈ ਨਵਾਂ ਧਰਮ ਸ਼ੁਰੂ ਕਰਦੇ ਹਨ ਤਾਂਕਿ ਲੋਕ ਉਨ੍ਹਾਂ ਦੀ ਪੂਜਾ ਕਰਨ। ਇਸ ਕਰਕੇ ਮਸੀਹ ਦੇ ਕਦਮਾਂ ਤੇ ਚੱਲਣ ਦਾ ਢੌਂਗ ਕਰਨ ਵਾਲੇ ਈਸਾਈ ਅੱਜ ਛੋਟੇ-ਛੋਟੇ ਗੁੱਟਾਂ ਵਿਚ ਵੰਡੇ ਗਏ ਹਨ।
ਦੁਨੀਆਂ ਦੇ ਧਰਮ ਕਿਸ ਨੂੰ ਖ਼ੁਸ਼ ਕਰਦੇ ਹਨ?
ਕੁਝ ਮਜ਼ਹਬ ਲੋਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖਦਿਆਂ ਸ਼ੁਰੂ ਕੀਤੇ ਜਾਂਦੇ ਹਨ। ਮਿਸਾਲ ਲਈ, ਇਕ ਰਸਾਲੇ ਨੇ ਅਮਰੀਕਾ ਦੇ ਕਈ ਮਸ਼ਹੂਰ ਚਰਚਾਂ ਬਾਰੇ ਕਿਹਾ ਕਿ ਇਨ੍ਹਾਂ ਦੇ ਮੈਂਬਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਕਿਉਂਕਿ ਉਹ ਆਪਣੇ ਧਰਮ ਨੂੰ “ਵਪਾਰ ਵਾਂਗ ਹੀ ਚਲਾਉਂਦੇ ਹਨ ਜਿਸ ਵਿਚ ਗਾਹਕ ਹੀ ਸਭ ਕੁਝ ਹੁੰਦਾ ਹੈ।” ਕਈ ਚਰਚਾਂ ਵਿਚ ਲੋਕਾਂ ਦੀ ਪਸੰਦ ਮੁਤਾਬਕ “ਵਿਡਿਓ ਦਿਖਾਏ ਜਾਂਦੇ ਹਨ, ਡਰਾਮੇ ਕੀਤੇ ਜਾਂਦੇ ਹਨ ਅਤੇ ਗੀਤ-ਸੰਗੀਤ ਦੇ ਪ੍ਰੋਗ੍ਰਾਮ ਕੀਤੇ ਜਾਂਦੇ ਹਨ।” ਇਨ੍ਹਾਂ ਚਰਚਾਂ ਦੇ ਕੁਝ ਪਾਦਰੀ ਕਹਿੰਦੇ ਹਨ ਕਿ ਉਹ ਆਪਣੇ ਮੈਂਬਰਾਂ ਨੂੰ “ਅਮੀਰ ਬਣਨ, ਸਿਹਤ ਬਣਾਉਣ ਅਤੇ ਮੌਜ-ਮੇਲਾ ਕਰਨ” ਦੀ ਨਸੀਹਤ ਦਿੰਦੇ ਹਨ। ਭਾਵੇਂ ਕਈਆਂ ਨੇ ਇਸ ਸਭ ਲਈ ਚਰਚਾਂ ਦੀ ਆਲੋਚਨਾ ਕੀਤੀ ਹੈ, ਪਰ ਇਸੇ ਰਸਾਲੇ ਨੇ ਕਿਹਾ ਕਿ ਉਹ “ਲੋਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖਦਿਆਂ ਇਹ ਸਭ ਕੁਝ ਕਰ ਰਹੇ ਹਨ। ਧਰਮਾਂ ਨੇ ਵਪਾਰ ਦੀ ਨੀਤੀ ਅਪਣਾ ਕੇ ਕਾਫ਼ੀ ਸਫ਼ਲਤਾ ਹਾਸਲ ਕੀਤੀ ਹੈ।”
ਦੂਸਰੇ ਧਰਮ ਵੀ ਇਸ ਨੀਤੀ ਤੇ ਚੱਲਦੇ ਹਨ, ਭਾਵੇਂ ਕਿ ਉਹ ਇਸ ਦਾ ਖੁੱਲ੍ਹੇ-ਆਮ ਦਿਖਾਵਾ ਨਹੀਂ ਕਰਦੇ। ਚਰਚਾਂ ਦਾ ਇਹ ਰਵੱਈਆ ਸਾਨੂੰ ਪੌਲੁਸ ਰਸੂਲ ਦੀ ਚੇਤਾਵਨੀ ਯਾਦ ਕਰਾਉਂਦਾ ਹੈ: “ਉਹ ਸਮਾ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ ਪਰ ਕੰਨਾਂ ਦੀ ਜਲੂਨ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ ਅਤੇ ਸਚਿਆਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਫਿਰਨਗੇ।”—2 ਤਿਮੋਥਿਉਸ 4:3, 4.
ਉਨ੍ਹਾਂ ਦੇ ਮਨ ਵਿਚ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਕੋਈ ਇੱਛਾ ਨਹੀਂ ਹੈ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਧਰਮਾਂ ਵਿਚ ਬੱਚਿਆਂ ਨਾਲ ਕੁਕਰਮ, ਧੋਖਾ, ਲੜਾਈਆਂ ਤੇ ਅੱਤਵਾਦ ਵਰਗੇ ਬੁਰੇ ਕੰਮਾਂ ਨੂੰ ਸ਼ਹਿ ਦਿੱਤੀ ਜਾਂਦੀ ਹੈ। ਜੀ ਹਾਂ, ਦੁਨੀਆਂ ਦੇ ਧਰਮ ਪਖੰਡ ਨਾਲ ਭਰੇ ਪਏ ਹਨ। ਤੁਸੀਂ ਇਨ੍ਹਾਂ ਧਰਮਾਂ ਦੇ ਧੋਖੇ ਵਿਚ ਆਉਣ ਤੋਂ ਕਿਵੇਂ ਬਚ ਸਕਦੇ ਹੋ?
[ਸਫ਼ਾ 4 ਉੱਤੇ ਸੁਰਖੀ]
ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਬਜਾਇ ਬਹੁਤ ਸਾਰੇ ਲੋਕਾਂ ਨੇ ਸੱਤਾ ਹਾਸਲ ਕਰਨ ਲਈ, ਸ਼ੁਹਰਤ ਕਮਾਉਣ ਲਈ ਜਾਂ ਫਿਰ ਲੋਕਾਂ ਨੂੰ ਖ਼ੁਸ਼ ਕਰਨ ਲਈ ਧਰਮ ਸ਼ੁਰੂ ਕੀਤੇ ਹਨ