ਯਹੋਵਾਹ ਦੇ ਸੇਵਕਾਂ ਨੂੰ ਦਲੇਰ ਹੋਣ ਦੀ ਲੋੜ ਹੈ
ਯਹੋਵਾਹ ਦੇ ਸੇਵਕਾਂ ਨੂੰ ਦਲੇਰ ਹੋਣ ਦੀ ਲੋੜ ਹੈ
ਦਲੇਰ ਹੋਣ ਜਾਂ ਹੌਸਲਾ ਰੱਖਣ ਦਾ ਮਤਲਬ ਹੈ ਤਕੜਾ, ਨਿਡਰ ਅਤੇ ਬਹਾਦਰ ਹੋਣਾ। ਦਲੇਰ ਵਿਅਕਤੀ ਡਰਪੋਕ, ਕਾਇਰ ਅਤੇ ਬੁਜ਼ਦਿਲ ਨਹੀਂ ਹੁੰਦਾ। (ਮਰਕੁਸ 6:49, 50; 2 ਤਿਮੋਥਿਉਸ 1:7) ਸਦੀਆਂ ਤੋਂ ਪਰਮੇਸ਼ੁਰ ਦੇ ਲੋਕ ਦਲੇਰੀ ਨਾਲ ਸੇਵਾ ਕਰਦੇ ਆਏ ਹਨ ਅਤੇ ਇਸ ਬੁਰੀ ਦੁਨੀਆਂ ਦੇ ਅੰਤਿਮ ਸਮੇਂ ਵਿਚ ਰਹਿੰਦਿਆਂ ਇਹ ਗੁਣ ਪੈਦਾ ਕਰਨਾ ਹੋਰ ਵੀ ਜ਼ਰੂਰੀ ਹੈ।
ਬਾਈਬਲ ਵਿਚ ਜਿਸ ਇਬਰਾਨੀ ਕਿਰਿਆ (ਕਾਜ਼ਾਕ) ਦਾ ਤਰਜਮਾ ਦਲੇਰ ਹੋਣਾ ਕੀਤਾ ਗਿਆ ਹੈ, ਉਸ ਦਾ ਮੂਲ ਅਰਥ ਹੈ “ਤਕੜੇ ਹੋਣਾ।” ਇਹ ਕਿਰਿਆ ਸਿਰਫ਼ ਤਕੜੇ ਹੋਣ ਦਾ ਹੀ ਅਰਥ ਨਹੀਂ ਦਿੰਦੀ, ਸਗੋਂ ਤਕੜੇ ਹੋ ਕੇ ਕੁਝ ਕਰਨ ਦਾ ਵੀ ਭਾਵ ਰੱਖਦੀ ਹੈ। ਮਿਸਾਲ ਲਈ, 2 ਇਤਹਾਸ 19:11 ਵਿਚ ਲਿਖਿਆ ਹੈ: “ਤਕੜੇ ਹੋਕੇ ਕੰਮ ਕਰੋ ਅਤੇ ਯਹੋਵਾਹ ਭਲੇ ਪੁਰਸ਼ਾਂ ਦੇ ਸੰਗ ਹੋਵੇ।” ਕਾਜ਼ਾਕ ਦੇ ਨਾਲ ਅਕਸਰ ਇਕ ਹੋਰ ਕਿਰਿਆ ਅਮਾਟਸ ਵੀ ਵਰਤੀ ਜਾਂਦੀ ਹੈ। ਇਸ ਦਾ ਮਤਲਬ ਵੀ “ਤਕੜੇ ਹੋਣਾ” ਹੈ। ਇਹ ਦੋਵੇਂ ਕਿਰਿਆਵਾਂ ਇਨ੍ਹਾਂ ਆਇਤਾਂ ਵਿਚ ਵਰਤੀਆਂ ਗਈਆਂ ਹਨ: “ਤਕੜੇ ਹੋਵੋ ਅਤੇ ਹੌਸਲਾ ਰੱਖੋ” (ਯਹੋਸ਼ੁਆ 10:25) ਅਤੇ “ਤਕੜੇ ਹੋਵੋ ਅਤੇ ਤੁਹਾਡਾ ਮਨ ਦਿਲੇਰ ਹੋਵੇ!”—ਜ਼ਬੂਰਾਂ ਦੀ ਪੋਥੀ 31:24.
ਦਲੇਰ ਹੋਣ ਜਾਂ ਹੌਸਲਾ ਰੱਖਣ ਲਈ ਦੋ ਯੂਨਾਨੀ ਕਿਰਿਆਵਾਂ ਥਾਰੇਓ ਅਤੇ ਥਾਰਸੇਓ ਵਰਤੀਆਂ ਗਈਆਂ ਹਨ। ਥਾਰੇਓ ਕਿਰਿਆ 2 ਕੁਰਿੰਥੀਆਂ 5:8 ਵਿਚ ਵਰਤੀ ਗਈ ਹੈ: “ਅਸੀਂ ਹੌਸਲਾ ਰੱਖਦੇ ਹਾਂ।” ਅਤੇ ਮੱਤੀ 9:2 ਵਿਚ ਥਾਰਸੇਓ ਕਿਰਿਆ ਵਰਤੀ ਗਈ ਹੈ: “ਹੇ ਪੁੱਤ੍ਰ ਹੌਂਸਲਾ ਰੱਖ! ਤੇਰੇ ਪਾਪ ਮਾਫ਼ ਹੋਏ।” ਕਿਰਿਆ ਥੋਲਮੋ ਨੂੰ ਵੱਖੋ-ਵੱਖਰੇ ਢੰਗ ਨਾਲ ਅਨੁਵਾਦ ਕੀਤਾ ਗਿਆ ਹੈ ਜਿਵੇਂ “ਹਿਆਉਂ” ਪੈਣਾ ਅਤੇ “ਦਿਲੇਰ” ਹੋਣਾ। (ਯਹੂਦਾਹ 9; ਮਰਕੁਸ 12:34; ਰੋਮੀਆਂ 15:18; 2 ਕੁਰਿੰਥੀਆਂ 11:21) ਇਸ ਕਿਰਿਆ ਦੀ ਵਰਤੋਂ ਤੋਂ ਪਤਾ ਲੱਗਦਾ ਹੈ ਕਿ ਕੋਈ ਵਿਅਕਤੀ ਕਿਸੇ ਕੰਮ ਨੂੰ ਤਕੜਾ ਹੋ ਕੇ ਜਾਂ ਦਲੇਰੀ ਨਾਲ ਕਰਦਾ ਹੈ।
ਵਫ਼ਾਦਾਰ ਰਹਿਣ ਲਈ ਤਕੜੇ ਹੋਣ ਦੀ ਲੋੜ
ਸਰਬਸ਼ਕਤੀਮਾਨ ਪਰਮੇਸ਼ੁਰ ਦੇ ਭਗਤਾਂ ਨੂੰ ਵਫ਼ਾਦਾਰ ਰਹਿਣ ਲਈ ਤਕੜੇ ਹੋਣ ਦੀ ਲੋੜ ਹੈ। ਜਦ ਇਸਰਾਏਲ ਦੇ ਲੋਕ ਪਰਮੇਸ਼ੁਰ ਵੱਲੋਂ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਵਾਲੇ ਸਨ, ਤਾਂ ਮੂਸਾ ਨੇ ਉਨ੍ਹਾਂ ਨੂੰ ਕਿਹਾ: “ਤਕੜੇ ਹੋਵੋ, ਹੌਸਲਾ ਰੱਖੋ।” ਇਹੀ ਸ਼ਬਦ ਉਸ ਨੇ ਯਹੋਸ਼ੁਆ ਨੂੰ ਕਹੇ ਸਨ ਜੋ ਉਸ ਤੋਂ ਬਾਅਦ ਆਗੂ ਬਣਿਆ ਸੀ। (ਬਿਵਸਥਾ ਸਾਰ 31:6, 7) ਯਹੋਵਾਹ ਨੇ ਵੀ ਯਹੋਸ਼ੁਆ ਨੂੰ ਕਿਹਾ ਸੀ, “ਤਕੜਾ ਹੋ ਅਤੇ ਹੌਸਲਾ ਰੱਖ . . . ਤੂੰ ਨਿਰਾ ਤਕੜਾ ਹੋ ਅਤੇ ਵੱਡਾ ਹੌਸਲਾ ਰੱਖ।” (ਯਹੋਸ਼ੁਆ 1:6, 7, 9) ਤਕੜੇ ਹੋਣ ਲਈ ਇਸਰਾਏਲੀ ਕੌਮ ਨੂੰ ਯਹੋਵਾਹ ਦੀ ਬਿਵਸਥਾ ਨੂੰ ਸੁਣਨ, ਸਿੱਖਣ ਅਤੇ ਇਸ ਦੀ ਪਾਲਣਾ ਕਰਨ ਦੀ ਲੋੜ ਸੀ। (ਬਿਵਸਥਾ ਸਾਰ 31:9-12) ਯਹੋਸ਼ੁਆ ਨੂੰ ਵੀ ਤਕੜੇ ਹੋਣ ਅਤੇ ਹੌਸਲਾ ਰੱਖਣ ਲਈ ਬਾਕਾਇਦਾ ਪਰਮੇਸ਼ੁਰ ਦੀ ਬਿਵਸਥਾ ਪੜ੍ਹਨ ਅਤੇ ਇਸ ਉੱਤੇ ਚੱਲਣ ਲਈ ਕਿਹਾ ਗਿਆ ਸੀ। “ਏਹ ਬਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇਂ ਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸੁਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ।” (ਯਹੋਸ਼ੁਆ 1:8) ਅੱਜ ਵੀ ਪਰਮੇਸ਼ੁਰ ਦੇ ਸਾਰੇ ਸੇਵਕ ਤਕੜੇ ਹੋ ਕੇ, ਵਫ਼ਾਦਾਰ ਰਹਿ ਕੇ ਅਤੇ ਅਕਲਮੰਦੀ ਨਾਲ ਚੱਲ ਕੇ ਜ਼ਿੰਦਗੀ ਵਿਚ ਸਫ਼ਲ ਹੋ ਸਕਦੇ ਹਨ।
ਦਲੇਰ ਹੋਣ ਲਈ ਮਦਦ
ਬਾਈਬਲ ਸਾਨੂੰ ਤਕੜੇ ਹੋਣ ਦਾ ਹੁਕਮ ਦੇਣ ਦੇ ਨਾਲ-ਨਾਲ ਇਹ ਵੀ ਦੱਸਦੀ ਹੈ ਕਿ ਅਸੀਂ ਤਕੜੇ ਜਾਂ ਦਲੇਰ ਕਿਵੇਂ ਹੋ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 31:24) ਭੈਣਾਂ-ਭਰਾਵਾਂ ਨਾਲ ਸੰਗਤ ਕਰ ਕੇ ਸਾਨੂੰ ਕਾਫ਼ੀ ਮਦਦ ਮਿਲ ਸਕਦੀ ਹੈ। ਮਿਸਾਲ ਲਈ, ਜਦ ਪੌਲੁਸ ਔਖੀ ਘੜੀ ਵਿੱਚੋਂ ਗੁਜ਼ਰ ਰਿਹਾ ਸੀ, ਤਾਂ ਉਸ ਨੇ ਭਰਾਵਾਂ ਨੂੰ ਦੇਖ ਕੇ “ਪਰਮੇਸ਼ੁਰ ਦਾ ਸ਼ੁਕਰ ਕੀਤਾ ਅਤੇ ਤਸੱਲੀ ਪਾਈ।” (ਰਸੂਲਾਂ ਦੇ ਕਰਤੱਬ 28:15) ਜ਼ਬੂਰਾਂ ਦੀ ਪੋਥੀ 27:14 ਵਿਚ ਦਲੇਰ ਦਾਊਦ ਨੇ ਕਿਹਾ: “ਤਕੜਾ ਹੋ ਅਤੇ ਤੇਰਾ ਮਨ ਦਿਲੇਰ ਹੋਵੇ।” ਜ਼ਬੂਰ 27 ਦੀਆਂ ਪਹਿਲੀਆਂ ਕੁਝ ਆਇਤਾਂ ਵਿਚ ਦਾਊਦ ਦੱਸਦਾ ਹੈ ਕਿ ਕਿਹੜੀਆਂ ਗੱਲਾਂ ਨੇ ਤਕੜੇ ਹੋਣ ਵਿਚ ਉਸ ਦੀ ਮਦਦ ਕੀਤੀ: ਉਸ ਨੇ ਯਹੋਵਾਹ ਨੂੰ ਆਪਣੇ ਜੀਵਨ ਦਾ “ਗੜ੍ਹ” ਮੰਨ ਕੇ ਉਸ ਉੱਤੇ ਭਰੋਸਾ ਰੱਖਿਆ (ਆਇਤ 1), ਉਸ ਨੇ ਦੇਖਿਆ ਸੀ ਕਿ ਯਹੋਵਾਹ ਨੇ ਵੈਰੀਆਂ ਤੋਂ ਉਸ ਦੀ ਕਿਵੇਂ ਰਾਖੀ ਕੀਤੀ ਸੀ (ਆਇਤਾਂ 2, 3), ਉਹ ਯਹੋਵਾਹ ਦੀ ਹੈਕਲ ਦੀ ਬਹੁਤ ਕਦਰ ਕਰਦਾ ਸੀ (ਆਇਤ 4), ਉਹ ਸੁਰੱਖਿਆ, ਮਦਦ ਅਤੇ ਮੁਕਤੀ ਲਈ ਯਹੋਵਾਹ ਉੱਤੇ ਭਰੋਸਾ ਰੱਖਦਾ ਸੀ (ਆਇਤਾਂ 5-10), ਉਹ ਯਹੋਵਾਹ ਦੇ ਧਰਮੀ ਰਾਹਾਂ ਬਾਰੇ ਲਗਾਤਾਰ ਸਿੱਖਦਾ ਰਹਿੰਦਾ ਸੀ (ਆਇਤ 11) ਅਤੇ ਉਸ ਵਿਚ ਵਿਸ਼ਵਾਸ ਤੇ ਪੱਕੀ ਉਮੀਦ ਵਰਗੇ ਚੰਗੇ ਗੁਣ ਸਨ (ਆਇਤਾਂ 13, 14)।
ਮਸੀਹੀਆਂ ਨੂੰ ਦਲੇਰ ਹੋਣ ਦੀ ਕਿਉਂ ਲੋੜ ਹੈ
ਇਹ ਦੁਨੀਆਂ ਯਹੋਵਾਹ ਪਰਮੇਸ਼ੁਰ ਦੀ ਦੁਸ਼ਮਣ ਹੈ। ਇਸ ਦੇ ਰਵੱਈਏ ਅਤੇ ਕੰਮਾਂ ਤੋਂ ਬੇਦਾਗ਼ ਰਹਿਣ ਲਈ ਹਰ ਮਸੀਹੀ ਨੂੰ ਹੌਸਲਾ ਰੱਖਣ ਤੇ ਦਲੇਰ ਹੋਣ ਦੀ ਲੋੜ ਹੈ ਤਾਂਕਿ ਦੁਨੀਆਂ ਦੀ ਨਫ਼ਰਤ ਦੇ ਬਾਵਜੂਦ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਸਕੇ। ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਜਗਤ ਵਿੱਚ ਤੁਹਾਨੂੰ ਕਸ਼ਟ ਹੈ ਪਰ ਯੂਹੰਨਾ 16:33) ਯਿਸੂ ਬੁਜ਼ਦਿਲ ਨਹੀਂ ਸੀ, ਸਗੋਂ ਉਸ ਵਿਚ ਦੁਨੀਆਂ ਦੇ ਭੈੜੇ ਰਾਹਾਂ ਤੇ ਨਾ ਚੱਲਣ ਦੀ ਹਿੰਮਤ ਸੀ। ਉਸ ਨੇ ਕਿਸੇ ਵੀ ਗੱਲ ਵਿਚ ਦੁਨੀਆਂ ਦੀ ਰੀਸ ਨਹੀਂ ਕਿਤੀ ਅਤੇ ਇਸ ਤਰ੍ਹਾਂ ਉਸ ਨੇ ਦੁਨੀਆਂ ਨੂੰ ਜਿੱਤ ਲਿਆ। ਉਸ ਨੇ ਸਾਡੇ ਲਈ ਉੱਤਮ ਮਿਸਾਲ ਕਾਇਮ ਕੀਤੀ ਅਤੇ ਪਰਮੇਸ਼ੁਰ ਪ੍ਰਤੀ ਵਫ਼ਾਦਾਰੀ ਦਾ ਉਸ ਨੂੰ ਵਧੀਆ ਫਲ ਮਿਲਿਆ। ਉਸ ਦੀ ਮਿਸਾਲ ਤੋਂ ਸਾਨੂੰ ਵੀ ਦੁਨੀਆਂ ਤੋਂ ਅਲੱਗ ਅਤੇ ਬੇਦਾਗ਼ ਰਹਿਣ ਦੀ ਹਿੰਮਤ ਮਿਲ ਸਕਦੀ ਹੈ।—ਯੂਹੰਨਾ 17:16.
ਹੌਂਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ।” (ਯਿਸੂ ਨੇ ਆਪਣੇ ਚੇਲਿਆਂ ਨੂੰ ਜੋ ਕੰਮ ਕਰਨ ਨੂੰ ਦਿੱਤਾ ਹੈ, ਉਸ ਦੇ ਲਈ ਵੀ ਹਿੰਮਤ ਦੀ ਲੋੜ ਹੈ। ਉਸ ਨੇ ਉਨ੍ਹਾਂ ਨੂੰ ਕਿਹਾ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ” ਅਤੇ ‘ਤੁਸੀਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।’—ਮੱਤੀ 24:14; ਰਸੂਲਾਂ ਦੇ ਕਰਤੱਬ 1:8.
ਮਸੀਹੀ ਪ੍ਰਚਾਰਕਾਂ ਨੂੰ ਆਪਣੀ ਮਿਹਨਤ ਦੇ ਕਿਹੋ ਜਿਹੇ ਨਤੀਜਿਆਂ ਦੀ ਉਮੀਦ ਰੱਖਣੀ ਚਾਹੀਦੀ ਹੈ? ਪੌਲੁਸ ਦਾ ਤਜਰਬਾ ਸੀ ਕਿ “ਕਈਆਂ ਨੇ ਓਹ ਗੱਲਾਂ ਮੰਨ ਲਈਆਂ ਜਿਹੜੀਆਂ ਸੁਣਾਈਆਂ ਗਈਆਂ ਸਨ ਅਤੇ ਕਈਆਂ ਨੇ ਪਰਤੀਤ ਨਾ ਕੀਤੀ।” (ਰਸੂਲਾਂ ਦੇ ਕਰਤੱਬ 28:24) ਪਰਮੇਸ਼ੁਰ ਦੇ ਬਚਨ ਤੇ ਆਧਾਰਿਤ ਸਾਡੇ ਪ੍ਰਚਾਰ ਪ੍ਰਤੀ ਲੋਕ ਵੱਖੋ-ਵੱਖਰਾ ਰਵੱਈਆ ਦਿਖਾਉਣਗੇ। ਪ੍ਰਚਾਰ ਦਾ ਲੋਕਾਂ ਉੱਤੇ ਜ਼ਬਰਦਸਤ ਅਸਰ ਪੈਂਦਾ ਹੈ ਜਿਸ ਕਰਕੇ ਉਹ ਕੁਝ-ਨ-ਕੁਝ ਕਰਨ ਲਈ ਪ੍ਰੇਰਿਤ ਹੁੰਦੇ ਹਨ। ਕੁਝ ਲੋਕ ਸਾਡੇ ਸੰਦੇਸ਼ ਦੇ ਕੱਟੜ ਵਿਰੋਧੀ ਬਣ ਜਾਂਦੇ ਹਨ। (ਰਸੂਲਾਂ ਦੇ ਕਰਤੱਬ 13:50; 18:5, 6) ਕਈ ਲੋਕ ਕੁਝ ਸਮੇਂ ਲਈ ਸਾਡੀ ਗੱਲ ਸੁਣਦੇ ਹਨ, ਫਿਰ ਵੱਖੋ-ਵੱਖਰੇ ਕਾਰਨਾਂ ਕਰਕੇ ਪਿੱਛੇ ਹਟ ਜਾਂਦੇ ਹਨ। (ਯੂਹੰਨਾ 6:65, 66) ਪਰ ਕਈ ਖ਼ੁਸ਼ ਖ਼ਬਰੀ ਕਬੂਲ ਕਰ ਕੇ ਉਸ ਉੱਤੇ ਚੱਲਦੇ ਹਨ। (ਰਸੂਲਾਂ ਦੇ ਕਰਤੱਬ 17:11; ਲੂਕਾ 8:15) ਇਸ ਲਈ ਸਾਡੀ ਗੱਲ ਨਾ ਸੁਣਨ ਵਾਲਿਆਂ ਜਾਂ ਸਾਡਾ ਵਿਰੋਧ ਕਰਨ ਵਾਲਿਆਂ ਦਾ ਸਾਮ੍ਹਣਾ ਕਰਨ ਲਈ ਸਾਨੂੰ ਹਿੰਮਤ ਦੀ ਲੋੜ ਹੈ।
ਸਤਾਹਟਾਂ ਪ੍ਰਤੀ ਸਹੀ ਨਜ਼ਰੀਆ
ਪਰਮੇਸ਼ੁਰ ਦੇ ਹੁਕਮਾਂ ਤੇ ਚੱਲਣ ਵਾਲੇ ਸਤਾਹਟਾਂ ਤੋਂ ਬਚ ਨਹੀਂ ਸਕਦੇ ਕਿਉਂਕਿ “ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।” (2 ਤਿਮੋਥਿਉਸ 3:12) ਫਿਰ ਵੀ ਮਸੀਹੀ ਹੌਸਲੇ ਨਾਲ ਹਰ ਤਰ੍ਹਾਂ ਦੀ ਸਤਾਹਟ ਸਹਿ ਲੈਂਦੇ ਹਨ ਅਤੇ ਅਤਿਆਚਾਰੀਆਂ ਬਾਰੇ ਬੁਰਾ ਸੋਚਣ ਜਾਂ ਉਨ੍ਹਾਂ ਨੂੰ ਨਫ਼ਰਤ ਕਰਨ ਦੀ ਬਜਾਇ ਖ਼ੁਸ਼ ਰਹਿੰਦੇ ਹਨ। ਉਨ੍ਹਾਂ ਦੀ ਖ਼ੁਸ਼ੀ ਇਸ ਲਈ ਬਣੀ ਰਹਿੰਦੀ ਹੈ ਕਿਉਂਕਿ ਉਹ ਜਾਣਦੇ ਹਨ ਕਿ ਸਤਾਹਟਾਂ ਪਿੱਛੇ ਅਸਲ ਵਿਚ ਕਿਸ ਦਾ ਹੱਥ ਹੈ ਤੇ ਉਨ੍ਹਾਂ ਨੂੰ ਸਤਾਹਟਾਂ ਕਿਉਂ ਸਹਿਣੀਆਂ ਪੈਂਦੀਆਂ ਹਨ। ਸਤਾਹਟਾਂ ਆਉਣ ਤੇ ਉਹ ਚਿੰਤਾ ਜਾਂ ਉਲਝਣ ਵਿਚ ਨਹੀਂ ਪੈਂਦੇ, ਸਗੋਂ ਉਹ ਇਹ ਸੋਚ ਕੇ ਖ਼ੁਸ਼ੀ ਨਾਲ ਸਤਾਹਟਾਂ ਸਹਿ ਲੈਂਦੇ ਹਨ ਕਿ ਯਿਸੂ ਵਾਂਗ ਉਨ੍ਹਾਂ ਦੀ ਵਫ਼ਾਦਾਰੀ ਵੀ ਪਰਖੀ ਜਾ ਰਹੀ ਹੈ।—1 ਪਤਰਸ 4:12-14.
ਤਕੜੇ ਜੇਤੂ
ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ “ਹੌਂਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ।” ਜੋ ਵਫ਼ਾਦਾਰੀ ਨਾਲ ਯਿਸੂ ਦੀ ਮਿਸਾਲ ਤੇ ਚੱਲਦੇ ਹਨ ਤੇ ਪਰਮੇਸ਼ੁਰ ਦੇ ਬਚਨ ਬਾਈਬਲ ਅਤੇ ਉਸ ਦੇ ਸੰਗਠਨ ਤੋਂ ਮਿਲਦੀ ਹਰ ਤਰ੍ਹਾਂ ਦੀ ਮਦਦ ਸਵੀਕਾਰ ਕਰਦੇ ਹਨ, ਉਹ ਵੀ ਯਿਸੂ ਵਾਂਗ ਦੁਨੀਆਂ ਉੱਤੇ ਜਿੱਤ ਹਾਸਲ ਕਰ ਸਕਦੇ ਹਨ। ਉਨ੍ਹਾਂ ਨੂੰ ਇਬਰਾਨੀਆਂ 13:5, 6 ਵਿਚ ਯਹੋਵਾਹ ਭਰੋਸਾ ਦਿਵਾਉਂਦਾ ਹੈ: “ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ। ਇਸ ਕਰਕੇ ਅਸੀਂ ਹੌਸਲੇ ਨਾਲ ਆਖਦੇ ਹਾਂ,—ਪ੍ਰਭੁ ਮੇਰਾ ਸਹਾਈ ਹੈ, ਮੈਂ ਨਾ ਡਰਾਂਗਾ, ਮਨੁੱਖ ਮੇਰਾ ਕੀ ਕਰੇਗਾ?”
[ਸਫ਼ਾ 31 ਉੱਤੇ ਡੱਬੀ]
2007 “ਮਸੀਹ ਦੇ ਨਕਸ਼ੇ-ਕਦਮਾਂ ਤੇ ਚੱਲੋ” ਯਹੋਵਾਹ ਦੇ ਗਵਾਹਾਂ ਦਾ ਜ਼ਿਲ੍ਹਾ ਸੰਮੇਲਨ
ਤਾਰੀਖ਼ ਸ਼ਹਿਰ ਭਾਸ਼ਾ
1. ਅਗ. 31-ਸਤੰ. 2 ਚਿੰਨਈ-1 ਤਾਮਿਲ
2. ਅਗ. 31-ਸਤੰ. 2 ਕੋਚੀ-1 ਮਲਿਆਲਮ
3. ਅਗ. 31-ਸਤੰ. 2 ਕੋਜ਼ੀਕੋਡ ਮਲਿਆਲਮ
4. ਸਤੰ. 7-9 ਗੰਗਟੋਕ ਨੇਪਾਲੀ
5. ਸਤੰ. 21-23 ਕੋਚੀ-2 ਮਲਿਆਲਮ
6. ਸਤੰ. 28-30 ਚਿੰਨਈ-2 ਤਾਮਿਲ
7. ਸਤੰ. 28-30 ਕੋਇੰਬੇਟੂਰ ਤਾਮਿਲ
8. ਅਕ. 5-7 ਦੁਲੀਆਜਾਨ ਹਿੰਦੀ
9. ਅਕ. 5-7 ਮਦੁਰਾਈ ਤਾਮਿਲ
10. ਅਕ. 5-7 ਤ੍ਰਿਚੁਰਾਪਲੀ ਤਾਮਿਲ
11. ਅਕ. 13-14 ਐਜ਼ੌਲ ਮੀਜ਼ੋ
12. ਅਕ. 12-14 ਬੰਗਲੌਰ ਅੰਗ੍ਰੇਜ਼ੀ
13. ਅਕ. 12-14 ਜਮਸ਼ੈਦਪੁਰ ਹਿੰਦੀ
14. ਅਕ. 12-14 ਮੰਗਲੌਰ ਕੰਨੜ
15. ਅਕ. 12-14 ਮੁੰਬਈ ਹਿੰਦੀ
16. ਅਕ. 12-14 ਵਿਜੈਵਾੜਾ ਤੇਲਗੂ
17. ਅਕ. 19-21 ਬੰਗਲੌਰ ਤਾਮਿਲ
18. ਅਕ. 19-21 ਚਿੰਚਵੜ ਹਿੰਦੀ
19. ਅਕ. 19-21 ਜਲੰਧਰ ਪੰਜਾਬੀ
20. ਅਕ. 19-21 ਨਵੀਂ ਦਿੱਲੀ ਹਿੰਦੀ
21. ਅਕ. 19-21 ਪੋਰਟ ਬਲੇਅਰ ਹਿੰਦੀ
22. ਅਕ. 19-21 ਸਿਕੰਦਰਾਬਾਦ ਤੇਲਗੂ
23. ਅਕ. 26-28 ਆਨੰਦ ਗੁਜਰਾਤੀ
24. ਅਕ. 26-28 ਕੋਲਕਾਤਾ ਬੰਗਲਾ