Skip to content

Skip to table of contents

ਵੈੱਸਲ ਘਾਂਸਫ਼ੌਰਟ “ਸੁਧਾਰ ਅੰਦੋਲਨ ਤੋਂ ਪਹਿਲਾਂ ਦਾ ਸੁਧਾਰਕ”

ਵੈੱਸਲ ਘਾਂਸਫ਼ੌਰਟ “ਸੁਧਾਰ ਅੰਦੋਲਨ ਤੋਂ ਪਹਿਲਾਂ ਦਾ ਸੁਧਾਰਕ”

ਵੈੱਸਲ ਘਾਂਸਫ਼ੌਰਟ “ਸੁਧਾਰ ਅੰਦੋਲਨ ਤੋਂ ਪਹਿਲਾਂ ਦਾ ਸੁਧਾਰਕ”

ਪ੍ਰੋਟੈਸਟੈਂਟ ਰਿਫੋਰਮੇਸ਼ਨ 1517 ਵਿਚ ਸ਼ੁਰੂ ਹੋਇਆ ਅਜਿਹਾ ਅੰਦੋਲਨ ਸੀ ਜਦੋਂ ਕਈਆਂ ਨੇ ਰੋਮਨ ਕੈਥੋਲਿਕ ਚਰਚ ਤੋਂ ਵੱਖ ਹੋ ਕੇ ਆਪਣੇ ਚਰਚ ਸਥਾਪਿਤ ਕੀਤੇ ਸਨ। ਇਸ ਦਾ ਅਧਿਐਨ ਕਰਨ ਵਾਲੇ ਵਿਦਿਆਰਥੀਆਂ ਨੇ ਮਾਰਟਿਨ ਲੂਥਰ, ਵਿਲਿਅਮ ਟਿੰਡੇਲ ਅਤੇ ਜੌਨ ਕੈਲਵਿਨ ਦੇ ਨਾਂ ਤਾਂ ਜ਼ਰੂਰ ਸੁਣੇ ਹੋਏ ਹੋਣਗੇ, ਪਰ ਸ਼ਾਇਦ ਹੀ ਕਿਸੇ ਨੇ ਵੈੱਸਲ ਘਾਂਸਫ਼ੌਰਟ ਦਾ ਨਾਂ ਸੁਣਿਆ ਹੋਵੇ। ਉਸ ਨੂੰ “ਸੁਧਾਰ ਅੰਦੋਲਨ ਤੋਂ ਪਹਿਲਾਂ ਦਾ ਸੁਧਾਰਕ” ਕਿਹਾ ਗਿਆ ਹੈ। ਕੀ ਤੁਸੀਂ ਉਸ ਬਾਰੇ ਹੋਰ ਜਾਣਨਾ ਚਾਹੋਗੇ?

ਵੈੱਸਲ ਘਾਂਸਫ਼ੌਰਟ ਦਾ ਜਨਮ 1419 ਵਿਚ ਨੀਦਰਲੈਂਡਜ਼ ਦੇ ਗਰੁਨਿੰਗਐਨ ਸ਼ਹਿਰ ਵਿਚ ਹੋਇਆ ਸੀ। ਉਨ੍ਹਾਂ ਦਿਨਾਂ ਵਿਚ ਬਹੁਤ ਘੱਟ ਲੋਕਾਂ ਨੂੰ ਸਕੂਲੀ ਵਿੱਦਿਆ ਹਾਸਲ ਕਰਨ ਦਾ ਮੌਕਾ ਮਿਲਦਾ ਸੀ, ਪਰ ਵੈੱਸਲ ਨੂੰ ਪੜ੍ਹਨ ਦਾ ਮੌਕਾ ਮਿਲਿਆ। ਲੇਕਿਨ ਉਸ ਦੇ ਮਾਪੇ ਬਹੁਤ ਗ਼ਰੀਬ ਸਨ ਜਿਸ ਕਰਕੇ ਉਸ ਨੂੰ ਪੜ੍ਹਾਈ ਵਿਚ ਹੀ ਛੱਡਣੀ ਪਈ, ਭਾਵੇਂ ਉਹ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ। ਪਰ ਇਕ ਅਮੀਰ ਵਿਧਵਾ ਨੂੰ ਉਸ ਬਾਰੇ ਪਤਾ ਲੱਗਾ ਤੇ ਉਸ ਨੇ ਵੈੱਸਲ ਦੀ ਪੜ੍ਹਾਈ ਦਾ ਖ਼ਰਚਾ ਚੁੱਕਣ ਦਾ ਜਿੰਮਾ ਆਪਣੇ ਸਿਰ ਲੈ ਲਿਆ। ਇਸ ਤਰੀਕੇ ਨਾਲ ਉਹ ਆਪਣੀ ਪੜ੍ਹਾਈ ਪੂਰੀ ਕਰ ਸਕਿਆ। ਉਸ ਨੇ ਐੱਮ. ਏ. ਦੀ ਡਿਗਰੀ ਹਾਸਲ ਕੀਤੀ। ਕਿਹਾ ਜਾਂਦਾ ਹੈ ਕਿ ਬਾਅਦ ਵਿਚ ਉਸ ਨੇ ਡਾਕਟਰ ਆਫ਼ ਥੀਆਲੋਜੀ ਦਾ ਖ਼ਿਤਾਬ ਵੀ ਹਾਸਲ ਕੀਤਾ ਸੀ।

ਵੈੱਸਲ ਗਿਆਨ ਹਾਸਲ ਕਰਨ ਦੀ ਗਹਿਰੀ ਇੱਛਾ ਰੱਖਦਾ ਸੀ। ਪਰ ਉਸ ਦੇ ਜ਼ਮਾਨੇ ਵਿਚ ਉਸ ਦੀ ਇਹ ਇੱਛਾ ਪੂਰੀ ਕਰਨ ਲਈ ਬਹੁਤੀਆਂ ਲਾਇਬ੍ਰੇਰੀਆਂ ਨਹੀਂ ਸਨ। ਭਾਵੇਂ ਉਸ ਦੇ ਜ਼ਮਾਨੇ ਵਿਚ ਛਪਾਈ ਮਸ਼ੀਨ ਦੀ ਕਾਢ ਕੱਢੀ ਹੋਈ ਸੀ, ਫਿਰ ਵੀ ਜ਼ਿਆਦਾਤਰ ਕਿਤਾਬਾਂ ਹੱਥੀਂ ਲਿਖੀਆਂ ਜਾਂਦੀਆਂ ਸਨ ਅਤੇ ਬਹੁਤ ਹੀ ਮਹਿੰਗੀਆਂ ਸਨ। ਵੈੱਸਲ ਅਜਿਹੇ ਵਿਦਵਾਨਾਂ ਦੇ ਸਮੂਹ ਦਾ ਮੈਂਬਰ ਸੀ ਜੋ ਲਾਇਬ੍ਰੇਰੀਆਂ ਅਤੇ ਈਸਾਈ ਮੱਠਾਂ ਵਿਚ ਜਾ ਕੇ ਪੁਰਾਣੀਆਂ ਹੱਥ-ਲਿਖਤਾਂ ਅਤੇ ਕਿਤਾਬਾਂ ਦੀ ਪੜ੍ਹਾਈ ਕਰਦੇ ਸਨ। ਫਿਰ ਉਹ ਸਾਰੇ ਆਪਸ ਵਿਚ ਆਪਣਾ ਗਿਆਨ ਸਾਂਝਾ ਕਰਦੇ ਸਨ। ਵੈੱਸਲ ਨੇ ਕਾਫ਼ੀ ਸਾਰੀ ਜਾਣਕਾਰੀ ਹਾਸਲ ਕਰ ਕੇ ਆਪਣੇ ਲਈ ਇਕ ਨੋਟਬੁਕ ਤਿਆਰ ਕੀਤੀ ਜਿਸ ਨੂੰ ਉਸ ਨੇ ਪ੍ਰਾਚੀਨ ਯੂਨਾਨੀ ਅਤੇ ਲਾਤੀਨੀ ਸਾਹਿੱਤ ਤੋਂ ਲਈਆਂ ਟੂਕਾਂ ਨਾਲ ਭਰ ਦਿੱਤਾ। ਕਈ ਧਰਮ-ਸ਼ਾਸਤਰੀ ਵੈੱਸਲ ਨੂੰ ਸ਼ੱਕੀ ਨਜ਼ਰ ਨਾਲ ਦੇਖਦੇ ਸਨ ਕਿਉਂਕਿ ਉਹ ਅਜਿਹੀਆਂ ਕਈ ਗੱਲਾਂ ਦੱਸਦਾ ਸੀ ਜਿਨ੍ਹਾਂ ਤੋਂ ਉਹ ਅਣਜਾਣ ਸਨ। ਇਸੇ ਕਰਕੇ ਵੈੱਸਲ ਨੂੰ ਵਿਰੋਧੀ ਦਲੀਲਾਂ ਦਾ ਮਾਹਰ ਕਿਹਾ ਜਾਂਦਾ ਸੀ।

“ਤੁਸੀਂ ਮੈਨੂੰ ਮਸੀਹ ਬਾਰੇ ਕਿਉਂ ਨਹੀਂ ਸਿਖਾਉਂਦੇ?”

ਰਿਫੋਰਮੇਸ਼ਨ ਤੋਂ 50 ਸਾਲ ਪਹਿਲਾਂ ਵੈੱਸਲ ਘਾਂਸਫ਼ੌਰਟ ਨੂੰ ਟੋਮਸ ਅਕੈਮਪਿਸ (ਲਗਭਗ 1379-1471) ਨਾਂ ਦਾ ਲੇਖਕ ਮਿਲਿਆ ਜਿਸ ਨੇ ਯਿਸੂ ਮਸੀਹ ਦੀ ਨਕਲ ਕਰਨ ਦੇ ਵਿਸ਼ੇ ਉੱਤੇ ਲੇਖ ਲਿਖਿਆ ਸੀ। ਇਹ ਲੇਖਕ ਅਜਿਹੀ ਸੰਸਥਾ ਦਾ ਮੈਂਬਰ ਸੀ ਜਿਸ ਦੇ ਮੈਂਬਰ ਸਾਦੀ ਤੇ ਸ਼ਰਧਾਪੂਰਣ ਜ਼ਿੰਦਗੀ ਜੀਣੀ ਪਸੰਦ ਕਰਦੇ ਸਨ। ਵੈੱਸਲ ਦੀ ਜੀਵਨੀ ਲਿਖਣ ਵਾਲੇ ਇਕ ਲੇਖਕ ਦੇ ਮੁਤਾਬਕ ਟੋਮਸ ਅਕੈਮਪਿਸ ਨੇ ਕਈ ਮੌਕਿਆਂ ਤੇ ਵੈੱਸਲ ਨੂੰ ਯਿਸੂ ਦੀ ਮਾਤਾ ਮਰਿਯਮ ਨੂੰ ਦੁਆ ਕਰਨ ਦੀ ਸਲਾਹ ਦਿੱਤੀ। ਜਵਾਬ ਵਿਚ ਵੈੱਸਲ ਨੇ ਕਿਹਾ: “ਤੁਸੀਂ ਮੈਨੂੰ ਮਸੀਹ ਬਾਰੇ ਕਿਉਂ ਨਹੀਂ ਸਿਖਾਉਂਦੇ ਜਿਸ ਨੇ ਸਾਰੇ ਥੱਕੇ ਹੋਇਆਂ ਨੂੰ ਉਸ ਕੋਲ ਆਉਣ ਲਈ ਕਿਹਾ ਸੀ?”

ਕਿਹਾ ਜਾਂਦਾ ਹੈ ਕਿ ਵੈੱਸਲ ਨੇ ਪਾਦਰੀ ਦਾ ਅਹੁਦਾ ਸੰਭਾਲਣ ਤੋਂ ਇਨਕਾਰ ਕੀਤਾ ਸੀ। ਜਦ ਉਸ ਨੂੰ ਪੁੱਛਿਆ ਗਿਆ ਕਿ ਉਹ ਸਿਰ ਮੁੰਡਵਾ ਕੇ ਆਪਣੇ ਆਪ ਨੂੰ ਪਾਦਰੀ ਵਜੋਂ ਪੇਸ਼ ਕਿਉਂ ਨਹੀਂ ਕਰਨਾ ਚਾਹੁੰਦਾ, ਤਾਂ ਉਸ ਨੇ ਕਿਹਾ ਕਿ ਉਹ ਫਾਂਸੀ ਚੜ੍ਹਨ ਤੋਂ ਨਹੀਂ ਡਰਦਾ ਸੀ ਜਿੰਨਾ ਚਿਰ ਉਹ ਆਪਣੀ ਸੋਚ ਦਾ ਆਪ ਮਾਲਕ ਸੀ। ਹੋ ਸਕਦਾ ਹੈ ਕਿ ਉਹ ਉਸ ਕਾਨੂੰਨ ਦੀ ਗੱਲ ਕਰ ਰਿਹਾ ਸੀ ਜਿਸ ਮੁਤਾਬਕ ਪਾਦਰੀਆਂ ਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਸੀ ਅਤੇ ਜਿਸ ਕਰਕੇ ਕਈ ਪਾਦਰੀ ਫਾਂਸੀ ਚੜ੍ਹਨ ਤੋਂ ਬਚ ਗਏ ਸਨ। ਵੈੱਸਲ ਨੂੰ ਚਰਚ ਦੀਆਂ ਕਈ ਹੋਰ ਰੀਤਾਂ ਵੀ ਪਸੰਦ ਨਹੀਂ ਸਨ। ਮਿਸਾਲ ਲਈ, ਉਸ ਦੀ ਆਲੋਚਨਾ ਕੀਤੀ ਜਾਂਦੀ ਸੀ ਕਿਉਂਕਿ ਉਹ ਆਪਣੇ ਜ਼ਮਾਨੇ ਦੀ ਇਕ ਮਸ਼ਹੂਰ ਧਾਰਮਿਕ ਕਿਤਾਬ ਵਿਚ ਦੱਸੇ ਗਏ ਚਮਤਕਾਰਾਂ ਉੱਤੇ ਇਤਬਾਰ ਨਹੀਂ ਕਰਦਾ ਸੀ। ਉਹ ਪਾਦਰੀਆਂ ਨੂੰ ਕਿਹਾ ਕਰਦਾ ਸੀ: “ਚੰਗਾ ਹੋਵੇਗਾ ਜੇ ਇਸ ਦੀ ਬਜਾਇ ਤੁਸੀਂ ਪਵਿੱਤਰ ਬਾਈਬਲ ਪੜ੍ਹਿਆ ਕਰੋ।”

“ਜਿੰਨਾ ਅਸੀਂ ਪੁੱਛਾਂਗੇ, ਉੱਨਾ ਅਸੀਂ ਜਾਣਾਂਗੇ”

ਵੈੱਸਲ ਘਾਂਸਫ਼ੌਰਟ ਨੇ ਚਰਚ ਦੇ ਮੰਨੇ-ਪ੍ਰਮੰਨੇ ਲਿਖਾਰੀਆਂ ਦੀਆਂ ਲਿਖਤਾਂ ਤੋਂ ਕਾਫ਼ੀ ਗਿਆਨ ਹਾਸਲ ਕੀਤਾ। ਇਸ ਤੋਂ ਇਲਾਵਾ ਉਸ ਨੇ ਇਬਰਾਨੀ ਅਤੇ ਯੂਨਾਨੀ ਭਾਸ਼ਾਵਾਂ ਵੀ ਸਿੱਖੀਆਂ। ਬਾਈਬਲ ਦੀਆਂ ਇਨ੍ਹਾਂ ਮੁਢਲੀਆਂ ਭਾਸ਼ਾਵਾਂ ਵਿਚ ਉਸ ਦੀ ਦਿਲਚਸਪੀ ਮਾਅਰਕੇ ਦੀ ਸੀ ਕਿਉਂਕਿ ਉਹ ਡੇਸੀਡਰਾਇਸ ਇਰੈਸਮਸ ਅਤੇ ਯੋਹਾਨ ਰੌਏਸ਼ਲਿਨ * ਦੇ ਜ਼ਮਾਨੇ ਤੋਂ ਪਹਿਲਾਂ ਦਾ ਸ਼ਖ਼ਸ ਸੀ। ਰਿਫੋਰਮੇਸ਼ਨ ਤੋਂ ਪਹਿਲਾਂ ਘੱਟ ਹੀ ਲੋਕਾਂ ਨੂੰ ਯੂਨਾਨੀ ਭਾਸ਼ਾ ਦਾ ਗਿਆਨ ਸੀ। ਜਰਮਨੀ ਵਿਚ ਬਹੁਤ ਥੋੜ੍ਹੇ ਵਿਦਵਾਨ ਯੂਨਾਨੀ ਭਾਸ਼ਾ ਤੋਂ ਵਾਕਫ਼ ਸਨ ਅਤੇ ਜੇ ਕੋਈ ਸਿੱਖਣਾ ਵੀ ਚਾਹੁੰਦਾ ਸੀ, ਤਾਂ ਉਸ ਦੀ ਮਦਦ ਕਰਨ ਲਈ ਕੋਈ ਕੋਸ਼ ਵਗੈਰਾ ਨਹੀਂ ਸੀ। 1453 ਵਿਚ ਕਾਂਸਟੈਂਟੀਨੋਪਲ ਦੀ ਹਾਰ ਤੋਂ ਬਾਅਦ ਵੈੱਸਲ ਨੂੰ ਪੱਛਮ ਵੱਲ ਭੱਜ ਰਹੇ ਯੂਨਾਨੀ ਮੱਠਵਾਸੀ ਮਿਲੇ। ਇਨ੍ਹਾਂ ਤੋਂ ਉਸ ਨੇ ਥੋੜ੍ਹੀ-ਬਹੁਤੀ ਯੂਨਾਨੀ ਸਿੱਖ ਲਈ। ਉਸ ਜ਼ਮਾਨੇ ਵਿਚ ਸਿਰਫ਼ ਯਹੂਦੀ ਲੋਕ ਹੀ ਇਬਰਾਨੀ ਭਾਸ਼ਾ ਜਾਣਦੇ ਸਨ। ਵੈੱਸਲ ਨੇ ਉਨ੍ਹਾਂ ਯਹੂਦੀਆਂ ਤੋਂ ਇਬਰਾਨੀ ਸਿੱਖੀ ਜੋ ਈਸਾਈ ਬਣ ਗਏ ਸਨ।

ਵੈੱਸਲ ਨੂੰ ਬਾਈਬਲ ਨਾਲ ਬਹੁਤ ਪ੍ਰੀਤ ਸੀ। ਉਹ ਮੰਨਦਾ ਸੀ ਕਿ ਇਸ ਨੂੰ ਪਰਮੇਸ਼ੁਰ ਨੇ ਲਿਖਵਾਇਆ ਸੀ ਅਤੇ ਇਸ ਦੀਆਂ ਸਾਰੀਆਂ ਪੋਥੀਆਂ ਇਕ-ਦੂਜੀ ਨਾਲ ਪੂਰੀ ਤਰ੍ਹਾਂ ਮੇਲ ਖਾਂਦੀਆਂ ਹਨ। ਉਹ ਇਹ ਵੀ ਮੰਨਦਾ ਸੀ ਕਿ ਬਾਈਬਲ ਦਾ ਸਹੀ ਮਤਲਬ ਸਮਝਣ ਲਈ ਅਗਲੀਆਂ-ਪਿਛਲੀਆਂ ਆਇਤਾਂ ਨੂੰ ਸਮਝਣਾ ਜ਼ਰੂਰੀ ਸੀ। ਜੇ ਕੋਈ ਫੇਰ-ਬਦਲ ਕਰ ਕੇ ਗ਼ਲਤ ਅਰਥ ਕੱਢਦਾ ਹੈ, ਤਾਂ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ। ਵੈੱਸਲ ਨੂੰ ਮੱਤੀ 7:7 ਦੀ ਗੱਲ ਬਹੁਤ ਪਸੰਦ ਸੀ: “ਢੂੰਢੋ ਤਾਂ ਤੁਹਾਨੂੰ ਲੱਭੇਗਾ।” ਇਸੇ ਕਰਕੇ ਉਸ ਨੂੰ ਪੂਰਾ ਯਕੀਨ ਸੀ ਕਿ ਹਰ ਕਿਸੇ ਨੂੰ ਸਵਾਲ ਪੁੱਛਣੇ ਚਾਹੀਦੇ ਹਨ। ਉਹ ਕਹਿੰਦਾ ਸੀ ਕਿ “ਜਿੰਨਾ ਅਸੀਂ ਪੁੱਛਾਂਗੇ, ਉੱਨਾ ਅਸੀਂ ਜਾਣਾਂਗੇ।”

ਅਨੋਖੀ ਫ਼ਰਮਾਇਸ਼

ਵੈੱਸਲ ਘਾਂਸਫ਼ੌਰਟ 1473 ਵਿਚ ਰੋਮ ਗਿਆ। ਉੱਥੇ ਉਹ ਪੋਪ ਸਿਕਸਟਸ ਚੌਥੇ ਨੂੰ ਮਿਲਿਆ। ਇਸ ਪੋਪ ਤੋਂ ਬਾਅਦ ਪੰਜ ਹੋਰ ਚਰਿੱਤਰਹੀਣ ਅਤੇ ਭ੍ਰਿਸ਼ਟ ਪੋਪ ਆਏ ਜਿਨ੍ਹਾਂ ਦੇ ਕਾਰਨ ਪ੍ਰੋਟੈਸਟੈਂਟ ਸੁਧਾਰ ਅੰਦੋਲਨ ਸ਼ੁਰੂ ਹੋਇਆ। ਇਤਿਹਾਸਕਾਰ ਬਾਰਬਰਾ ਟਕਮਨ ਦੇ ਮੁਤਾਬਕ ਪੋਪ ਸਿਕਸਟਸ ਦੇ ਸਮੇਂ ਤੋਂ ਪੋਪਾਂ ਨੇ “ਆਪਣਾ ਉੱਲੂ ਸਿੱਧਾ ਕਰਨ ਲਈ ਬਿਨਾਂ ਕਿਸੇ ਝਿਜਕ ਦੇ ਸ਼ਰੇਆਮ ਆਪਣੀ ਤਾਕਤ ਤੇ ਰੁਤਬੇ ਦਾ ਨਾਜਾਇਜ਼ ਫ਼ਾਇਦਾ ਉਠਾਇਆ।” ਲੋਕ ਇਹ ਦੇਖ ਕੇ ਹੱਕੇ-ਬੱਕੇ ਰਹਿ ਗਏ ਕਿ ਪੋਪ ਬੇਸ਼ਰਮੀ ਨਾਲ ਸਾਰੇ ਉੱਚੇ-ਉੱਚੇ ਅਹੁਦਿਆਂ ਤੇ ਆਪਣੇ ਹੀ ਸਕੇ-ਸੰਬੰਧੀਆਂ ਨੂੰ ਬਿਠਾ ਰਿਹਾ ਸੀ। ਇਕ ਇਤਿਹਾਸਕਾਰ ਨੇ ਲਿਖਿਆ ਕਿ ਪੋਪ ਸਿਕਸਟਸ ਚਾਹੁੰਦਾ ਸੀ ਕਿ ਪੋਪ ਦੀ ਪਦਵੀ ਸਿਰਫ਼ ਉਸ ਦੇ ਰਿਸ਼ਤੇਦਾਰਾਂ ਨੂੰ ਹੀ ਮਿਲੇ। ਕਿਸੇ ਕੋਲ ਉਸ ਦੀ ਆਲੋਚਨਾ ਕਰਨ ਦੀ ਹਿੰਮਤ ਨਹੀਂ ਸੀ।

ਪਰ ਵੈੱਸਲ ਘਾਂਸਫ਼ੌਰਟ ਅਜਿਹੇ ਲੋਕਾਂ ਵਰਗਾ ਨਹੀਂ ਸੀ। ਇਕ ਦਿਨ ਪੋਪ ਸਿਕਸਟਸ ਨੇ ਉਸ ਨੂੰ ਕਿਹਾ: “ਬੇਟਾ ਸਾਡੇ ਤੋਂ ਜੋ ਮਰਜ਼ੀ ਮੰਗ, ਅਸੀਂ ਤੈਨੂੰ ਦੇਣ ਨੂੰ ਤਿਆਰ ਹਾਂ।” ਵੈੱਸਲ ਨੇ ਝੱਟ ਕਹਿ ਦਿੱਤਾ: ‘ਹੇ ਮਹਾਰਾਜ, ਇਸ ਧਰਤੀ ਤੇ ਤੁਹਾਡੇ ਤੋਂ ਉੱਚੀ ਪਦਵੀ ਤੇ ਹੋਰ ਕੋਈ ਧਰਮ ਪਿਤਾ ਅਤੇ ਅਯਾਲੀ ਨਹੀਂ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਭਾਰੀ ਜ਼ਿੰਮੇਵਾਰੀ ਇਸ ਤਰੀਕੇ ਨਾਲ ਨਿਭਾਓ ਕਿ ਜਦ ਭੇਡਾਂ ਦਾ ਵੱਡਾ ਅਯਾਲੀ ਆਵੇਗਾ, ਤਾਂ ਉਹ ਤੁਹਾਨੂੰ ਕਹੇ: “ਹੇ ਚੰਗੇ ਅਤੇ ਮਾਤਬਰ ਚਾਕਰ ਸ਼ਾਬਾਸ਼ੇ! ਤੂੰ ਆਪਣੇ ਮਾਲਕ ਦੀ ਖ਼ੁਸ਼ੀ ਵਿੱਚ ਦਾਖਿਲ ਹੋ।”’ ਪੋਪ ਨੇ ਕਿਹਾ ਕਿ ਇਹ ਤਾਂ ਉਸ ਦੀ ਜ਼ਿੰਮੇਵਾਰੀ ਸੀ ਅਤੇ ਵੈੱਸਲ ਨੂੰ ਆਪਣੇ ਲਈ ਕੁਝ ਮੰਗਣਾ ਚਾਹੀਦਾ ਸੀ। ਜਵਾਬ ਵਿਚ ਵੈੱਸਲ ਨੇ ਕਿਹਾ: “ਤਾਂ ਫਿਰ ਮੈਨੂੰ ਵੈਟੀਕਨ ਦੀ ਲਾਇਬ੍ਰੇਰੀ ਵਿੱਚੋਂ ਯੂਨਾਨੀ ਅਤੇ ਇਬਰਾਨੀ ਬਾਈਬਲ ਦੇ ਦਿਓ।” ਪੋਪ ਨੇ ਉਸ ਨੂੰ ਬਾਈਬਲ ਤਾਂ ਦੇ ਦਿੱਤੀ, ਪਰ ਇਹ ਵੀ ਕਿਹਾ ਕਿ ਉਸ ਨੇ ਬਿਸ਼ਪ ਦਾ ਅਹੁਦਾ ਨਾ ਮੰਗ ਕੇ ਬੜੀ ਮੂਰਖਤਾ ਕੀਤੀ।

“ਝੂਠ ਅਤੇ ਠੱਗੀ”

ਸਿਸਟੀਨ ਚੈਪਲ ਨਾਂ ਦਾ ਮਸ਼ਹੂਰ ਗਿਰਜਾ ਉਸਾਰਨ ਲਈ ਪੋਪ ਸਿਕਸਟਸ ਨੂੰ ਪੈਸਿਆਂ ਦੀ ਸਖ਼ਤ ਲੋੜ ਸੀ। ਇਸ ਲਈ ਉਸ ਨੇ ਮੁਰਦਿਆਂ ਦੀ ਪਾਪ-ਮੁਕਤੀ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਵਿਚ ਸਕੇ-ਸੰਬੰਧੀ ਪੈਸੇ ਦੇ ਕੇ ਮਰੇ ਹੋਇਆਂ ਲਈ ਮਾਫ਼ੀ ਖ਼ਰੀਦ ਸਕਦੇ ਸਨ। ਇਹ ਰੀਤ ਲੋਕਾਂ ਨੂੰ ਬਹੁਤ ਪਸੰਦ ਆਈ। ਪੋਪਾਂ ਦੇ ਪੁੱਠੇ ਕਾਰਨਾਮਿਆਂ ਦਾ ਪੋਲ ਖੋਲ੍ਹਣ ਵਾਲੀ ਇਕ ਕਿਤਾਬ ਕਹਿੰਦੀ ਹੈ: “ਉਹ ਲੋਕ ਆਪਣੇ ਪਤੀ, ਪਤਨੀ ਜਾਂ ਬੱਚੇ ਨੂੰ ਸਵਰਗ ਪਹੁੰਚਾਉਣ ਲਈ ਕੁਝ ਵੀ ਦੇਣ ਲਈ ਤਿਆਰ ਸਨ।” ਆਮ ਜਨਤਾ ਨੂੰ ਪੂਰਾ ਵਿਸ਼ਵਾਸ ਸੀ ਕਿ ਪੋਪ ਉਨ੍ਹਾਂ ਦੇ ਮਰੇ ਹੋਏ ਅਜ਼ੀਜ਼ਾਂ ਨੂੰ ਸਵਰਗ ਪਹੁੰਚਾ ਦੇਵੇਗਾ।

ਪਰ ਵੈੱਸਲ ਘਾਂਸਫ਼ੌਰਟ ਨੂੰ ਇਸ ਗੱਲ ਵਿਚ ਵਿਸ਼ਵਾਸ ਨਹੀਂ ਸੀ। ਉਹ ਨਹੀਂ ਮੰਨਦਾ ਸੀ ਕਿ ਕੈਥੋਲਿਕ ਚਰਚ ਜਾਂ ਪੋਪ ਲੋਕਾਂ ਦੇ ਪਾਪ ਮਾਫ਼ ਕਰ ਸਕਦਾ ਸੀ। ਉਸ ਨੇ ਪਾਪ-ਮੁਕਤੀ ਦੇ ਵਪਾਰ ਨੂੰ “ਝੂਠ ਅਤੇ ਠੱਗੀ” ਕਿਹਾ। ਉਹ ਇਹ ਵੀ ਨਹੀਂ ਮੰਨਦਾ ਸੀ ਕਿ ਲੋਕਾਂ ਨੂੰ ਪਾਦਰੀ ਸਾਮ੍ਹਣੇ ਆਪਣੇ ਪਾਪਾਂ ਦਾ ਇਕਬਾਲ ਕਰ ਕੇ ਮਾਫ਼ੀ ਮਿਲ ਸਕਦੀ ਸੀ।

ਵੈੱਸਲ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ ਕਿ ਪੋਪ ਕੋਲੋਂ ਕਦੇ ਕੋਈ ਗ਼ਲਤੀ ਨਹੀਂ ਹੋ ਸਕਦੀ। ਉਸ ਨੇ ਕਿਹਾ ਕਿ ਜੇ ਸ਼ਰਧਾਲੂ ਪੋਪ ਦੀ ਹਰ ਗੱਲ ਨੂੰ ਸੱਚ ਮੰਨਣ ਲੱਗ ਪੈਣ, ਤਾਂ ਚਰਚ ਦੀ ਨੀਂਹ ਕਮਜ਼ੋਰ ਪੈ ਜਾਵੇਗੀ ਕਿਉਂਕਿ ਪੋਪ ਵੀ ਗ਼ਲਤੀਆਂ ਕਰਦੇ ਸਨ। ਉਸ ਨੇ ਲਿਖਿਆ: “ਜੇਕਰ ਪਾਦਰੀ ਪਰਮੇਸ਼ੁਰ ਦੇ ਹੁਕਮਾਂ ਨੂੰ ਲਾਂਭੇ ਰੱਖ ਕੇ ਆਪਣੇ ਹੁਕਮਾਂ ਤੇ ਜ਼ੋਰ ਦੇਣ, ਤਾਂ ਉਨ੍ਹਾਂ ਦੇ ਹੁਕਮ ਕਿਸੇ ਕੰਮ ਦੇ ਨਹੀਂ।”

ਵੈੱਸਲ ਨੇ ਸੁਧਾਰ ਅੰਦੋਲਨ ਦੀ ਨੀਂਹ ਧਰੀ

ਵੈੱਸਲ ਘਾਂਸਫ਼ੌਰਟ ਦੀ ਮੌਤ 1489 ਵਿਚ ਹੋਈ ਸੀ। ਭਾਵੇਂ ਉਸ ਨੇ ਕੈਥੋਲਿਕ ਚਰਚ ਦੇ ਕਾਰਨਾਮਿਆਂ ਦਾ ਪੋਲ ਖੋਲ੍ਹਿਆ ਸੀ, ਫਿਰ ਵੀ ਉਹ ਮਰਦੇ ਦਮ ਤਕ ਕੈਥੋਲਿਕ ਚਰਚ ਦਾ ਮੈਂਬਰ ਰਿਹਾ। ਉਸ ਤੇ ਕਦੇ ਵੀ ਧਰਮ-ਵਿਰੋਧੀ ਦਾ ਦੋਸ਼ ਨਹੀਂ ਲਾਇਆ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਕੁਝ ਕੱਟੜ ਕੈਥੋਲਿਕ ਮੱਠਵਾਸੀਆਂ ਨੇ ਵੈੱਸਲ ਦੀਆਂ ਲਿਖਤਾਂ ਨੂੰ ਨਸ਼ਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਕਿਉਂਕਿ ਉਨ੍ਹਾਂ ਦੇ ਭਾਣੇ ਇਹ ਚਰਚ ਦੀਆਂ ਸਿੱਖਿਆਵਾਂ ਨਾਲ ਮੇਲ ਨਹੀਂ ਖਾਂਦੀਆਂ ਸਨ। ਮਾਰਟਿਨ ਲੂਥਰ ਦੇ ਜ਼ਮਾਨੇ ਵਿਚ ਕਿਸੇ ਨੂੰ ਵੈੱਸਲ ਘਾਂਸਫ਼ੌਰਟ ਦਾ ਨਾਂ ਤਕ ਯਾਦ ਨਹੀਂ ਸੀ। ਉਸ ਦੀਆਂ ਲਿਖਤਾਂ ਛਾਪੀਆਂ ਨਹੀਂ ਗਈਆਂ ਸਨ ਅਤੇ ਕੁਝ ਹੀ ਹੱਥ-ਲਿਖਤਾਂ ਸਹੀ-ਸਲਾਮਤ ਬਚੀਆਂ ਸਨ। ਉਸ ਦੀ ਮੌਤ ਤੋਂ 30 ਸਾਲ ਬਾਅਦ 1520 ਤੇ 1522 ਦਰਮਿਆਨ ਪਹਿਲੀ ਵਾਰ ਉਸ ਦੀਆਂ ਲਿਖਤਾਂ ਕਿਤਾਬ ਦੇ ਰੂਪ ਵਿਚ ਛਪੀਆਂ। ਇਸ ਕਿਤਾਬ ਦੇ ਸ਼ੁਰੂ ਵਿਚ ਮਾਰਟਿਨ ਲੂਥਰ ਦੀ ਇਕ ਚਿੱਠੀ ਵੀ ਸੀ ਜਿਸ ਵਿਚ ਉਸ ਨੇ ਵੈੱਸਲ ਘਾਂਸਫ਼ੌਰਟ ਦੀਆਂ ਲਿਖਤਾਂ ਦੀ ਪ੍ਰਸ਼ੰਸਾ ਕੀਤੀ।

ਭਾਵੇਂ ਵੈੱਸਲ ਘਾਂਸਫ਼ੌਰਟ ਮਾਰਟਿਨ ਲੂਥਰ ਵਾਂਗ ਇਕ ਧਰਮ ਸੁਧਾਰਕ ਨਹੀਂ ਸੀ, ਪਰ ਉਸ ਨੇ ਉਨ੍ਹਾਂ ਕੁਰੀਤੀਆਂ ਦੀ ਨਿੰਦਿਆ ਕੀਤੀ ਜਿਨ੍ਹਾਂ ਕਰਕੇ ਬਾਅਦ ਵਿਚ ਸੁਧਾਰ ਅੰਦੋਲਨ ਚਲਾਇਆ ਗਿਆ ਸੀ। ਦਰਅਸਲ ਬਾਈਬਲ ਦੇ ਇਕ ਐਨਸਾਈਕਲੋਪੀਡੀਆ ਵਿਚ ਉਸ ਨੂੰ “ਸੁਧਾਰ ਅੰਦੋਲਨ ਦੀ ਨੀਂਹ ਧਰਨ ਵਾਲੀ ਸਭ ਤੋਂ ਉੱਘੀ ਜਰਮਨ ਹਸਤੀ” ਕਿਹਾ ਗਿਆ।

ਮਾਰਟਿਨ ਲੂਥਰ ਦਾ ਕਹਿਣਾ ਸੀ ਕਿ ਉਸ ਦੀ ਅਤੇ ਵੈੱਸਲ ਘਾਂਸਫ਼ੌਰਟ ਦੀ ਸੋਚ ਬਹੁਤ ਮਿਲਦੀ-ਜੁਲਦੀ ਸੀ। ਪ੍ਰੋਫ਼ੈਸਰ ਕੌਰਨੇਲਸ ਉਘਸਟਾਇਨ ਨੇ ਲਿਖਿਆ: “ਲੂਥਰ ਨੇ ਆਪਣੇ ਆਪ ਦੀ ਅਤੇ ਆਪਣੇ ਜ਼ਮਾਨੇ ਦੀ ਤੁਲਨਾ ਏਲੀਯਾਹ ਨਬੀ ਅਤੇ ਉਸ ਦੇ ਜ਼ਮਾਨੇ ਨਾਲ ਕੀਤੀ। ਜਿਵੇਂ ਉਸ ਨਬੀ ਨੂੰ ਲੱਗਾ ਸੀ ਕਿ ਪਰਮੇਸ਼ੁਰ ਦਾ ਯੁੱਧ ਲੜਨ ਵਿਚ ਉਹ ਇਕੱਲਾ ਸੀ, ਉਸੇ ਤਰ੍ਹਾਂ ਲੂਥਰ ਨੂੰ ਵੀ ਲੱਗਦਾ ਸੀ ਕਿ ਕੈਥੋਲਿਕ ਚਰਚ ਦੇ ਵਿਰੁੱਧ ਉਸ ਦੇ ਸੰਘਰਸ਼ਾਂ ਵਿਚ ਕੋਈ ਵੀ ਉਸ ਦਾ ਸਾਥ ਨਹੀਂ ਦੇ ਰਿਹਾ ਸੀ। ਪਰ ਵੈੱਸਲ ਦੀਆਂ ਲਿਖਤਾਂ ਪੜ੍ਹਨ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਅਜੇ ਵੀ ‘ਇਸਰਾਏਲ ਵਿਚ ਪ੍ਰਭੂ ਦੇ ਭਗਤ ਬਾਕੀ ਸਨ।’” “ਮਾਰਟਿਨ ਲੂਥਰ ਨੇ ਤਾਂ ਇਹ ਵੀ ਕਿਹਾ: ‘ਜੇਕਰ ਮੈਂ ਵੈੱਸਲ ਦੀਆਂ ਲਿਖਤਾਂ ਨੂੰ ਪਹਿਲਾਂ ਪੜ੍ਹ ਲਿਆ ਹੁੰਦਾ, ਤਾਂ ਮੇਰੇ ਦੁਸ਼ਮਣਾਂ ਨੇ ਕਹਿਣਾ ਸੀ ਕਿ ਮੈਂ ਉਸ ਦਾ ਚੇਲਾ ਹਾਂ ਕਿਉਂਕਿ ਉਸ ਦੀ ਸੋਚ ਬਿਲਕੁਲ ਮੇਰੀ ਸੋਚ ਨਾਲ ਮੇਲ ਖਾਂਦੀ ਹੈ।’” *

“ਤੁਹਾਨੂੰ ਲੱਭੇਗਾ”

ਸੁਧਾਰ ਅੰਦੋਲਨ ਅਚਾਨਕ ਸ਼ੁਰੂ ਨਹੀਂ ਹੋਇਆ ਸੀ। ਕਾਫ਼ੀ ਲੰਬੇ ਅਰਸੇ ਤੋਂ ਲੋਕਾਂ ਨੂੰ ਕੈਥੋਲਿਕ ਚਰਚ ਦੀਆਂ ਵਧੀਕੀਆਂ ਅਤੇ ਗ਼ਲਤ ਸਿੱਖਿਆਵਾਂ ਦਾ ਅਹਿਸਾਸ ਸੀ। ਵੈੱਸਲ ਘਾਂਸਫ਼ੌਰਟ ਜਾਣਦਾ ਸੀ ਕਿ ਪੋਪਾਂ ਦੀ ਚਰਿੱਤਰਹੀਣਤਾ ਕਾਰਨ ਆਖ਼ਰਕਾਰ ਲੋਕਾਂ ਦੇ ਦਿਲਾਂ ਵਿਚ ਸੁਧਾਰ ਲਿਆਉਣ ਦੀ ਭਾਵਨਾ ਤਾਂ ਜਾਗ ਹੀ ਪੈਣੀ ਹੈ। ਇਕ ਵਾਰ ਉਸ ਨੇ ਇਕ ਵਿਦਿਆਰਥੀ ਨੂੰ ਕਿਹਾ: “ਪੜ੍ਹਾਕੂ ਮੁੰਡਿਆ, ਤੂੰ ਉਹ ਸਮਾਂ ਦੇਖੇਂਗਾ ਜਦੋਂ ਸਾਰੇ ਸੱਚੇ ਮਸੀਹੀ ਵਿਦਵਾਨ ਅੱਜ ਦੇ ਮੰਨੇ-ਪ੍ਰਮੰਨੇ ਤੇ ਕੁਪੱਤੇ ਧਰਮ-ਸ਼ਾਸਤਰੀਆਂ ਦੀਆਂ ਸਿੱਖਿਆਵਾਂ ਨੂੰ ਰੱਦ ਕਰਨਗੇ।”

ਭਾਵੇਂ ਵੈੱਸਲ ਕੈਥੋਲਿਕ ਚਰਚ ਦੇ ਗ਼ਲਤ ਕੰਮਾਂ ਤੇ ਸਿੱਖਿਆਵਾਂ ਬਾਰੇ ਜਾਣਦਾ ਸੀ, ਫਿਰ ਵੀ ਉਹ ਬਾਈਬਲ ਦੀ ਸੱਚਾਈ ਤੇ ਪੂਰੀ ਰੌਸ਼ਨੀ ਨਹੀਂ ਪਾ ਸਕਿਆ। ਇਸ ਦੇ ਬਾਵਜੂਦ ਉਹ ਮੰਨਦਾ ਸੀ ਕਿ ਬਾਈਬਲ ਅਜਿਹੀ ਕਿਤਾਬ ਸੀ ਜੋ ਪੜ੍ਹੀ ਜਾਣੀ ਅਤੇ ਜਿਸ ਦਾ ਅਧਿਐਨ ਕੀਤਾ ਜਾਣਾ ਚਾਹੀਦਾ ਹੈ। ਈਸਾਈ ਧਰਮ ਦਾ ਇਤਿਹਾਸ (ਅੰਗ੍ਰੇਜ਼ੀ) ਨਾਮਕ ਕਿਤਾਬ ਦੇ ਮੁਤਾਬਕ ਵੈੱਸਲ “ਮੰਨਦਾ ਸੀ ਕਿ ਬਾਈਬਲ ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ ਲਿਖੀ ਗਈ ਸੀ ਅਤੇ ਜੇ ਧਰਮ ਤੇ ਭਗਤੀ ਬਾਰੇ ਕੋਈ ਸਵਾਲ ਉੱਠਦਾ ਹੈ, ਤਾਂ ਉਸ ਦਾ ਜਵਾਬ ਬਾਈਬਲ ਵਿਚ ਹੀ ਮਿਲੇਗਾ।” ਅੱਜ ਅਸੀਂ ਵੀ ਮੰਨਦੇ ਹਾਂ ਕਿ ਬਾਈਬਲ ਨੂੰ ਪਰਮੇਸ਼ੁਰ ਨੇ ਹੀ ਲਿਖਵਾਇਆ ਹੈ। (2 ਤਿਮੋਥਿਉਸ 3:16) ਵੈੱਸਲ ਦੇ ਸਮੇਂ ਤੋਂ ਉਲਟ, ਅੱਜ ਬਾਈਬਲ ਦੀ ਸੱਚਾਈ ਤੇ ਪੂਰੀ ਰੌਸ਼ਨੀ ਪੈ ਰਹੀ ਹੈ ਤੇ ਅਸੀਂ ਆਸਾਨੀ ਨਾਲ ਇਸ ਦੀਆਂ ਸਿੱਖਿਆਵਾਂ ਸਮਝ ਸਕਦੇ ਹਾਂ। ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਾਈਬਲ ਦੀ ਇਹ ਗੱਲ ਸੱਚ ਸਾਬਤ ਹੋ ਰਹੀ ਹੈ: “ਢੂੰਢੋ ਤਾਂ ਤੁਹਾਨੂੰ ਲੱਭੇਗਾ।”—ਮੱਤੀ 7:7; ਕਹਾਉਤਾਂ 2:1-6.

[ਫੁਟਨੋਟ]

^ ਪੈਰਾ 9 ਇਨ੍ਹਾਂ ਵਿਦਵਾਨਾਂ ਨੇ ਬਾਈਬਲ ਦੀਆਂ ਮੁਢਲੀਆਂ ਭਾਸ਼ਾਵਾਂ ਦੇ ਅਧਿਐਨ ਵਿਚ ਵੱਡਾ ਯੋਗਦਾਨ ਪਾਇਆ। ਮਿਸਾਲ ਲਈ, 1506 ਵਿਚ ਯੋਹਾਨ ਰੌਏਸ਼ਲਿਨ ਨੇ ਇਬਰਾਨੀ ਭਾਸ਼ਾ ਦੇ ਵਿਆਕਰਣ ਉੱਤੇ ਇਕ ਕਿਤਾਬ ਛਾਪੀ ਜਿਸ ਦੀ ਮਦਦ ਨਾਲ ਹੋਰ ਲੋਕ ਬਾਈਬਲ ਦੇ ਇਬਰਾਨੀ ਹਿੱਸੇ ਦਾ ਅਧਿਐਨ ਕਰ ਸਕੇ। ਇਰੈਸਮਸ ਨੇ 1516 ਵਿਚ ਬਾਈਬਲ ਦੇ “ਨਵੇਂ ਨੇਮ” ਦਾ ਵਧੀਆ ਯੂਨਾਨੀ ਤਰਜਮਾ ਤਿਆਰ ਕੀਤਾ ਜੋ ਦੂਸਰੀਆਂ ਭਾਸ਼ਾਵਾਂ ਵਿਚ ਅਨੁਵਾਦ ਕਰਨ ਦਾ ਆਧਾਰ ਬਣ ਗਿਆ।

^ ਪੈਰਾ 21 Wessel Gansfort (1419-1489) and Northern Humanism (ਵੈੱਸਲ ਘਾਂਸਫ਼ੌਰਟ ਅਤੇ ਉੱਤਰ ਯੂਰਪੀ ਮਾਨਵਵਾਦ), ਸਫ਼ੇ 9, 15.

[ਸਫ਼ਾ 14 ਉੱਤੇ ਡੱਬੀ/ਤਸਵੀਰ]

ਵੈੱਸਲ ਘਾਂਸਫ਼ੌਰਟ ਅਤੇ ਪਰਮੇਸ਼ੁਰ ਦਾ ਨਾਂ

ਵੈੱਸਲ ਘਾਂਸਫ਼ੌਰਟ ਦੀਆਂ ਲਿਖਤਾਂ ਵਿਚ ਆਮ ਕਰਕੇ ਪਰਮੇਸ਼ੁਰ ਦਾ ਨਾਂ “ਜੁਹਾਵਾਹ” ਦਿੱਤਾ ਗਿਆ ਹੈ। ਪਰ ਉਸ ਨੇ ਘੱਟੋ-ਘੱਟ ਦੋ ਵਾਰ “ਯਹੋਵਾਹ” ਲਿਖਿਆ ਸੀ। ਵੈੱਸਲ ਦੇ ਵਿਚਾਰਾਂ ਦੀ ਚਰਚਾ ਕਰਦੇ ਹੋਏ ਐੱਚ. ਏ. ਓਬਰਮਾਨ ਨਾਂ ਦੇ ਲੇਖਕ ਨੇ ਕਿਹਾ ਕਿ ਵੈੱਸਲ ਮੰਨਦਾ ਸੀ ਕਿ ਜੇਕਰ ਕੈਥੋਲਿਕ ਪਾਦਰੀ ਟੌਮਸ ਅਕਵਾਈਨਸ ਅਤੇ ਹੋਰਨਾਂ ਲੋਕਾਂ ਨੂੰ ਇਬਰਾਨੀ ਭਾਸ਼ਾ ਆਉਂਦੀ ਹੁੰਦੀ, ਤਾਂ “ਉਨ੍ਹਾਂ ਨੇ ਜਾਣ ਲੈਣਾ ਸੀ ਕਿ ਮੂਸਾ ਨੂੰ ਪਰਮੇਸ਼ੁਰ ਦਾ ਜੋ ਨਾਂ ਦੱਸਿਆ ਗਿਆ ਸੀ, ਉਸ ਦਾ ਮਤਲਬ ‘ਮੈਂ ਹਾਂ ਜੋ ਮੈਂ ਹਾਂ’ ਨਹੀਂ, ਸਗੋਂ ‘ਮੈਂ ਉਹ ਬਣਾਂਗਾ ਜੋ ਮੈਂ ਚਾਹੁੰਦਾ ਹਾਂ’ ਸੀ।” * ਇਸੇ ਲਈ ਪੰਜਾਬੀ ਬਾਈਬਲ ਵਿਚ ਕੂਚ 3:14 ਦੇ ਫੁਟਨੋਟ ਵਿਚ ਕਿਹਾ ਗਿਆ ਹੈ: “ਮੈਂ ਹੋਵਾਂਗਾ ਜੋ ਮੈਂ ਹੋਵਾਂਗਾ।”

[ਫੁਟਨੋਟ]

^ ਪੈਰਾ 30 Wessel Gansfort (1419-1489) and Northern Humanism (ਵੈੱਸਲ ਘਾਂਸਫ਼ੌਰਟ ਅਤੇ ਉੱਤਰ ਯੂਰਪੀ ਮਾਨਵਵਾਦ), ਸਫ਼ਾ 105.

[ਕ੍ਰੈਡਿਟ ਲਾਈਨ]

Manuscript: Universiteitsbibliotheek, Utrecht

[ਸਫ਼ਾ 15 ਉੱਤੇ ਤਸਵੀਰਾਂ]

ਵੈੱਸਲ ਘਾਂਸਫ਼ੌਰਟ ਨੇ ਪੋਪ ਸਿਕਸਟਸ ਚੌਥੇ ਦੁਆਰਾ ਮੁਰਦਿਆਂ ਦੀ ਪਾਪ-ਮੁਕਤੀ ਦੇ ਵਪਾਰ ਦਾ ਖੰਡਨ ਕੀਤਾ