Skip to content

Skip to table of contents

ਸੱਚੇ ਧਰਮ ਦੀ ਪਛਾਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?

ਸੱਚੇ ਧਰਮ ਦੀ ਪਛਾਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?

ਸੱਚੇ ਧਰਮ ਦੀ ਪਛਾਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?

ਕਈ ਲੋਕ ਦਾਅਵਾ ਕਰਦੇ ਹਨ ਕਿ ਉਨ੍ਹਾਂ ਦਾ ਧਰਮ ਜੋ ਸਿਖਾਉਂਦਾ ਹੈ, ਉਹ ਪਰਮੇਸ਼ੁਰ ਵੱਲੋਂ ਹੈ। ਪਰ ਯੂਹੰਨਾ ਰਸੂਲ ਨੇ ਸਲਾਹ ਦਿੱਤੀ ਸੀ ਕਿ ਸਾਨੂੰ ਹਰ ਸੁਣੀ-ਸੁਣਾਈ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਸਗੋਂ ਪਰਖ ਕੇ ਦੇਖਣਾ ਚਾਹੀਦਾ ਹੈ ਕਿ ਇਹ ਗੱਲਾਂ ‘ਪਰਮੇਸ਼ੁਰ ਤੋਂ ਹਨ ਕਿ ਨਹੀਂ ਕਿਉਂ ਜੋ ਬਾਹਲੇ ਝੂਠੇ ਨਬੀ ਸੰਸਾਰ ਵਿੱਚ ਨਿੱਕਲ ਆਏ ਹਨ।’ (1 ਯੂਹੰਨਾ 4:1) ਅਸੀਂ ਕਿਸ ਤਰ੍ਹਾਂ ਪਰਖ ਸਕਦੇ ਹਾਂ ਕਿ ਕੋਈ ਗੱਲ ਪਰਮੇਸ਼ੁਰ ਵੱਲੋਂ ਹੈ ਕਿ ਨਹੀਂ?

ਪਰਮੇਸ਼ੁਰ ਵੱਲੋਂ ਮਿਲੀ ਹਰ ਚੀਜ਼ ਉਸ ਦੇ ਗੁਣਾਂ ਦਾ ਸਬੂਤ ਦਿੰਦੀ ਹੈ, ਖ਼ਾਸ ਕਰਕੇ ਉਸ ਦੇ ਪਿਆਰ ਦਾ। ਮਿਸਾਲ ਲਈ, ਆਪਣੀ ਸੁੰਘਣ ਦੀ ਸ਼ਕਤੀ ਨਾਲ ਅਸੀਂ ਫੁੱਲ-ਬੂਟਿਆਂ ਜਾਂ ਆਲੂ ਦੇ ਪਰੌਂਠਿਆਂ ਦੀ ਖ਼ੁਸ਼ਬੂ ਦਾ ਆਨੰਦ ਲੈ ਸਕਦੇ ਹਾਂ। ਇਸੇ ਤਰ੍ਹਾਂ ਅਸੀਂ ਆਪਣੀਆਂ ਅੱਖਾਂ ਨਾਲ ਡੁੱਬਦੇ ਸੂਰਜ ਦਾ ਸੋਹਣਾ ਨਜ਼ਾਰਾ, ਰੰਗ-ਬਰੰਗੀਆਂ ਤਿੱਤਲੀਆਂ ਜਾਂ ਬੱਚਿਆਂ ਨੂੰ ਮੁਸਕਰਾਉਂਦੇ ਹੋਏ ਦੇਖ ਸਕਦੇ ਹਾਂ। ਅਸੀਂ ਕੰਨਾਂ ਨਾਲ ਪੰਛੀ ਦੀ ਚੀਂ-ਚੀਂ, ਸੋਹਣਾ ਸੰਗੀਤ ਜਾਂ ਆਪਣੇ ਕਿਸੇ ਅਜ਼ੀਜ਼ ਦੀ ਆਵਾਜ਼ ਸੁਣ ਸਕਦੇ ਹਾਂ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਪਿਆਰ ਦਾ ਸਾਗਰ ਹੈ। ਸਾਡਾ ਸੁਭਾਅ ਵੀ ਇਸ ਗੱਲ ਦੀ ਹਾਮੀ ਭਰਦਾ ਹੈ। ਭਾਵੇਂ ਅਸੀਂ ਪਾਪੀ ਹਾਂ, ਫਿਰ ਵੀ ਸਾਡੇ ਵਿਚ ਪਿਆਰ ਕਰਨ ਦੀ ਸਮਰੱਥਾ ਹੈ। ਇਸੇ ਲਈ ਅਸੀਂ ਯਿਸੂ ਦੇ ਇਨ੍ਹਾਂ ਸ਼ਬਦਾਂ ਉੱਤੇ ਚੱਲ ਕੇ ਖ਼ੁਸ਼ੀ ਮਹਿਸੂਸ ਕਰਦੇ ਹਾਂ ਕਿ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) “ਪਰਮੇਸ਼ੁਰ ਦੇ ਸਰੂਪ ਉੱਤੇ” ਬਣਾਏ ਹੋਣ ਕਰਕੇ ਅਸੀਂ ਦੂਸਰਿਆਂ ਨੂੰ ਪਿਆਰ ਕਰ ਕੇ ਖ਼ੁਸ਼ ਹੁੰਦੇ ਹਾਂ। (ਉਤਪਤ 1:27) ਭਾਵੇਂ ਯਹੋਵਾਹ ਦੇ ਹੋਰ ਕਈ ਗੁਣ ਹਨ, ਪਰ ਪਿਆਰ ਉਸ ਦਾ ਪ੍ਰਮੁੱਖ ਗੁਣ ਹੈ।

ਪਰਮੇਸ਼ੁਰ ਦੁਆਰਾ ਲਿਖਵਾਏ ਗਏ ਕਿਸੇ ਵੀ ਧਰਮ-ਗ੍ਰੰਥ ਤੋਂ ਉਸ ਦਾ ਪਿਆਰ ਨਜ਼ਰ ਆਉਣਾ ਚਾਹੀਦਾ ਹੈ। ਦੁਨੀਆਂ ਦੇ ਧਰਮਾਂ ਦੀਆਂ ਕਈ ਪੁਰਾਣੀਆਂ ਲਿਖਤਾਂ ਹਨ। ਕੀ ਇਨ੍ਹਾਂ ਤੋਂ ਪਰਮੇਸ਼ੁਰ ਦਾ ਪਿਆਰ ਝਲਕਦਾ ਹੈ?

ਸੱਚ ਤਾਂ ਇਹ ਹੈ ਕਿ ਜ਼ਿਆਦਾਤਰ ਪੁਰਾਣੀਆਂ ਧਾਰਮਿਕ ਲਿਖਤਾਂ ਸਾਨੂੰ ਇਹ ਨਹੀਂ ਦੱਸਦੀਆਂ ਕਿ ਪਰਮੇਸ਼ੁਰ ਸਾਨੂੰ ਕਿੰਨਾ ਪਿਆਰ ਕਰਦਾ ਹੈ ਜਾਂ ਅਸੀਂ ਉਸ ਨੂੰ ਕਿਸ ਤਰ੍ਹਾਂ ਪਿਆਰ ਕਰ ਸਕਦੇ ਹਾਂ। ਇਸ ਲਈ ਲੱਖਾਂ ਲੋਕਾਂ ਨੂੰ ਇਸ ਸਵਾਲ ਦਾ ਕੋਈ ਜਵਾਬ ਨਹੀਂ ਮਿਲਦਾ ਕਿ “ਪਰਮੇਸ਼ੁਰ ਦੀ ਰਚਨਾ ਤੋਂ ਤਾਂ ਉਸ ਦੇ ਪਿਆਰ ਦਾ ਸਬੂਤ ਮਿਲਦਾ ਹੈ, ਫਿਰ ਦੁਨੀਆਂ ਇੰਨੇ ਦੁੱਖਾਂ-ਤਕਲੀਫ਼ਾਂ ਨਾਲ ਕਿਉਂ ਭਰੀ ਹੋਈ ਹੈ?” ਸਿਰਫ਼ ਬਾਈਬਲ ਵਿਚ ਹੀ ਪਰਮੇਸ਼ੁਰ ਦੇ ਪਿਆਰ ਬਾਰੇ ਪੂਰੀ ਤਰ੍ਹਾਂ ਸਮਝਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਸਾਨੂੰ ਪਿਆਰ ਕਰਨਾ ਵੀ ਸਿਖਾਇਆ ਗਿਆ ਹੈ।

ਪਿਆਰ ਦੀ ਕਿਤਾਬ

ਬਾਈਬਲ ਵਿਚ ਯਹੋਵਾਹ ਨੂੰ ‘ਪ੍ਰੇਮ ਦਾ ਦਾਤਾ’ ਕਿਹਾ ਗਿਆ ਹੈ। (2 ਕੁਰਿੰਥੀਆਂ 13:11) ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪਿਆਰ ਦੀ ਖ਼ਾਤਰ ਯਹੋਵਾਹ ਨੇ ਪਹਿਲੇ ਇਨਸਾਨੀ ਜੋੜੇ ਨੂੰ ਅਜਿਹੀ ਜ਼ਿੰਦਗੀ ਦਿੱਤੀ ਸੀ ਕਿ ਉਨ੍ਹਾਂ ਨੇ ਨਾ ਤਾਂ ਬੀਮਾਰ ਹੋਣਾ ਸੀ ਤੇ ਨਾ ਹੀ ਮਰਨਾ ਸੀ। ਪਰ ਪਰਮੇਸ਼ੁਰ ਦੇ ਅਧਿਕਾਰ ਖ਼ਿਲਾਫ਼ ਬਗਾਵਤ ਕਰਨ ਨਾਲ ਇਨਸਾਨਾਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ। (ਬਿਵਸਥਾ ਸਾਰ 32:4,  5; ਰੋਮੀਆਂ 5:12) ਯਹੋਵਾਹ ਨੇ ਇਨਸਾਨਾਂ ਦੀ ਹਾਲਤ ਨੂੰ ਸੁਧਾਰਨ ਲਈ ਜ਼ਰੂਰੀ ਕਦਮ ਚੁੱਕੇ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਪਵਿੱਤਰ ਬਾਈਬਲ ਪਰਮੇਸ਼ੁਰ ਦੇ ਪਿਆਰ ਉੱਤੇ ਹੋਰ ਰੌਸ਼ਨੀ ਪਾਉਂਦਿਆਂ ਦੱਸਦੀ ਹੈ ਕਿ ਪਰਮੇਸ਼ੁਰ ਨੇ ਇਕ ਹਕੂਮਤ ਖੜ੍ਹੀ ਕੀਤੀ ਹੈ ਜਿਸ ਦਾ ਰਾਜਾ ਯਿਸੂ ਹੈ। ਇਹ ਹਕੂਮਤ ਆਗਿਆਕਾਰ ਇਨਸਾਨਾਂ ਲਈ ਸੁਖ ਅਤੇ ਸ਼ਾਂਤੀ ਲਿਆਵੇਗੀ।—ਦਾਨੀਏਲ 7:13, 14; 2 ਪਤਰਸ 3:13.

ਬਾਈਬਲ ਵਿਚ ਇਨਸਾਨਾਂ ਦਾ ਫ਼ਰਜ਼ ਵੀ ਸਮਝਾਇਆ ਗਿਆ ਹੈ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ। ਵੱਡਾ ਅਤੇ ਪਹਿਲਾ ਹੁਕਮ ਇਹੋ ਹੈ। ਅਤੇ ਦੂਆ ਇਹ ਦੇ ਵਾਂਙੁ ਹੈ ਕਿ ਤੂੰ ਆਪਣੇ ਗਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਨ੍ਹਾਂ ਦੋਹਾਂ ਹੁਕਮਾਂ ਉੱਤੇ ਸਾਰੀ ਤੁਰੇਤ” ਟਿਕੀ ਹੋਈ ਹੈ। (ਮੱਤੀ 22:37-40) ਬਾਈਬਲ ਪਰਮੇਸ਼ੁਰ ਦਾ ਬਚਨ ਹੋਣ ਦਾ ਦਾਅਵਾ ਕਰਦੀ ਹੈ। ਇਸ ਵਿਚ ਪਰਮੇਸ਼ੁਰ ਦੇ ਗੁਣ ਸਾਫ਼-ਸਾਫ਼ ਦਿੱਸਦੇ ਹਨ, ਇਸ ਲਈ ਅਸੀਂ ਪੱਕਾ ਯਕੀਨ ਕਰ ਸਕਦੇ ਹਾਂ ਕਿ ਇਹ ਵਾਕਈ ‘ਪ੍ਰੇਮ ਦੇ ਦਾਤਾ’ ਵੱਲੋਂ ਹੈ।—2 ਤਿਮੋਥਿਉਸ 3:16.

ਅਸੀਂ ਪੁਰਾਣੀਆਂ ਧਾਰਮਿਕ ਲਿਖਤਾਂ ਨੂੰ ਪਿਆਰ ਦੀ ਤੱਕੜੀ ਵਿਚ ਤੋਲ ਕੇ ਪਤਾ ਲਗਾ ਸਕਦੇ ਹਾਂ ਕਿ ਇਹ ਪਰਮੇਸ਼ੁਰ ਵੱਲੋਂ ਹਨ ਜਾਂ ਨਹੀਂ। ਪਿਆਰ ਪਰਮੇਸ਼ੁਰ ਦੇ ਸੱਚੇ ਭਗਤਾਂ ਦੀ ਵੀ ਪਛਾਣ ਹੈ ਕਿਉਂਕਿ ਉਹ ਪਰਮੇਸ਼ੁਰ ਦੀ ਨਕਲ ਕਰਦੇ ਹਨ।

ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਪਛਾਣ

ਬਾਈਬਲ ਦੇ ਮੁਤਾਬਕ ਅਸੀਂ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ। ਅੱਜ-ਕੱਲ੍ਹ ਲੋਕ ‘ਆਪ ਸੁਆਰਥੀ, ਮਾਇਆ ਦੇ ਲੋਭੀ ਤੇ ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹਨ।’ ਇਸ ਕਰਕੇ ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਲੋਕ ਬਾਕੀਆਂ ਤੋਂ ਵੱਖਰੇ ਨਜ਼ਰ ਆਉਂਦੇ ਹਨ।—2 ਤਿਮੋਥਿਉਸ 3:1-4.

ਤੁਸੀਂ ਉਨ੍ਹਾਂ ਲੋਕਾਂ ਨੂੰ ਕਿਵੇਂ ਪਛਾਣ ਸਕਦੇ ਹੋ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ? ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ।” (1 ਯੂਹੰਨਾ 5:3) ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਬਾਈਬਲ ਦੇ ਨੈਤਿਕ ਅਸੂਲਾਂ ਉੱਤੇ ਚੱਲਦੇ ਹਨ। ਮਿਸਾਲ ਲਈ, ਬਾਈਬਲ ਦਾ ਇਕ ਅਸੂਲ ਹੈ ਕਿ ਸਿਰਫ਼ ਪਤੀ-ਪਤਨੀ ਜਿਨਸੀ ਸੰਬੰਧ ਰੱਖ ਸਕਦੇ ਹਨ ਅਤੇ ਪਤੀ-ਪਤਨੀ ਦਾ ਰਿਸ਼ਤਾ ਜ਼ਿੰਦਗੀ ਭਰ ਦਾ ਬੰਧਨ ਹੈ। (ਮੱਤੀ 19:9; ਇਬਰਾਨੀਆਂ 13:4) ਸਪੇਨ ਵਿਚ ਰਹਿਣ ਵਾਲੀ ਇਕ ਤੀਵੀਂ ਨੇ ਧਰਮ-ਸ਼ਾਸਤਰ ਦਾ ਅਧਿਐਨ ਕੀਤਾ ਸੀ। ਇਸ ਦੌਰਾਨ ਜਦ ਉਹ ਯਹੋਵਾਹ ਦੇ ਗਵਾਹਾਂ ਦੀ ਇਕ ਸਭਾ ਵਿਚ ਗਈ, ਤਾਂ ਉਹ ਸਾਰੇ ਬੜੀ ਲਗਨ ਨਾਲ ਬਾਈਬਲ ਦੇ ਨੈਤਿਕ ਮਿਆਰਾਂ ਬਾਰੇ ਸਿੱਖ ਰਹੇ ਸਨ। ਉਸ ਨੇ ਕਿਹਾ: “ਉਸ ਸਭਾ ਵਿਚ ਜਾ ਕੇ ਮੈਂ ਬਾਈਬਲ ਦੀ ਸਲਾਹ ਤੋਂ, ਉਨ੍ਹਾਂ ਲੋਕਾਂ ਦੇ ਪਿਆਰ ਤੇ ਏਕਤਾ ਤੋਂ ਅਤੇ ਉਨ੍ਹਾਂ ਦੇ ਚੰਗੇ ਚਾਲ-ਚਲਣ ਤੋਂ ਬਹੁਤ ਪ੍ਰਭਾਵਿਤ ਹੋਈ।”

ਪਰਮੇਸ਼ੁਰ ਨੂੰ ਪਿਆਰ ਕਰਨ ਤੋਂ ਇਲਾਵਾ ਪਰਮੇਸ਼ੁਰ ਦੇ ਸੱਚੇ ਭਗਤ ਲੋਕਾਂ ਨੂੰ ਵੀ ਪਿਆਰ ਕਰਦੇ ਹਨ। ਉਨ੍ਹਾਂ ਲਈ ਸਭ ਤੋਂ ਜ਼ਰੂਰੀ ਕੰਮ ਇਹ ਹੈ ਕਿ ਉਹ ਦੂਸਰਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਣ। (ਮੱਤੀ 24:14) ਲੋਕਾਂ ਨੂੰ ਇਸ ਤੋਂ ਹੋਰ ਕੋਈ ਵੱਡਾ ਲਾਭ ਨਹੀਂ ਹੋ ਸਕਦਾ ਕਿ ਉਹ ਪਰਮੇਸ਼ੁਰ ਦਾ ਗਿਆਨ ਲੈਣ। (ਯੂਹੰਨਾ 17:3) ਪਰਮੇਸ਼ੁਰ ਦੇ ਸੱਚੇ ਭਗਤ ਹੋਰਨਾਂ ਤਰੀਕਿਆਂ ਨਾਲ ਵੀ ਆਪਣੇ ਪਿਆਰ ਦਾ ਸਬੂਤ ਦਿੰਦੇ ਹਨ। ਉਹ ਉਨ੍ਹਾਂ ਦੀ ਵੀ ਮਦਦ ਕਰਦੇ ਹਨ ਜੋ ਕਿਸੇ ਆਫ਼ਤ ਕਰਕੇ ਦੁੱਖ ਭੋਗ ਰਹੇ ਹੁੰਦੇ ਹਨ। ਮਿਸਾਲ ਲਈ, ਜਦ ਇਟਲੀ ਵਿਚ ਇਕ ਭੁਚਾਲ ਨੇ ਤਬਾਹੀ ਲਿਆਂਦੀ, ਤਾਂ ਇਕ ਅਖ਼ਬਾਰ ਨੇ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਬਾਰੇ ਦੱਸਦੇ ਹੋਏ ਕਿਹਾ ਕਿ ਉਹ “ਸਾਰਿਆਂ  ਦੀ ਮਦਦ ਕਰਦੇ ਹਨ, ਭਾਵੇਂ ਕੋਈ ਕਿਸੇ ਵੀ ਧਰਮ ਦਾ ਹੋਵੇ।”

ਪਰਮੇਸ਼ੁਰ ਤੇ ਲੋਕਾਂ ਨੂੰ ਪਿਆਰ ਕਰਨ ਤੋਂ ਇਲਾਵਾ, ਪਰਮੇਸ਼ੁਰ ਦੇ ਸੱਚੇ ਭਗਤ ਇਕ-ਦੂਜੇ ਨੂੰ ਵੀ ਪਿਆਰ ਕਰਦੇ ਹਨ। ਯਿਸੂ ਨੇ ਕਿਹਾ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”—ਯੂਹੰਨਾ 13:34, 35.

ਕੀ ਯਿਸੂ ਦੇ ਚੇਲਿਆਂ ਵਿਚ ਅਜਿਹਾ ਪਿਆਰ ਸੱਚ-ਮੁੱਚ ਦੇਖਿਆ ਜਾ ਸਕਦਾ ਹੈ? ਦੂਸਰਿਆਂ ਦੇ ਘਰਾਂ ਵਿਚ ਕੰਮ ਕਰਨ ਵਾਲੀ ਐਮਾ ਨਾਂ ਦੀ ਤੀਵੀਂ ਨੇ ਇਸ ਪਿਆਰ ਦਾ ਸਬੂਤ ਆਪਣੀ ਅੱਖੀਂ ਦੇਖਿਆ। ਉਹ ਬੋਲੀਵੀਆ ਦੇ ਲਾ ਪਾਜ਼ ਸ਼ਹਿਰ ਵਿਚ ਕੰਮ ਕਰਦੀ ਹੈ ਜਿੱਥੇ ਜਾਤ-ਪਾਤ ਅਤੇ ਅਮੀਰੀ-ਗ਼ਰੀਬੀ ਕਰਕੇ ਲੋਕਾਂ ਨਾਲ ਪੱਖਪਾਤ ਕੀਤਾ ਜਾਂਦਾ ਹੈ। ਉਸ ਨੇ ਕਿਹਾ: “ਜਦ ਮੈਂ ਪਹਿਲੀ ਵਾਰ ਯਹੋਵਾਹ ਦੇ ਗਵਾਹਾਂ ਦੀ ਸਭਾ ਵਿਚ ਗਈ, ਤਾਂ ਮੈਂ ਇਕ ਅਮੀਰ ਬੰਦੇ ਨੂੰ ਇਕ ਮੂਲ ਜਾਤੀ ਦੀ ਤੀਵੀਂ ਨਾਲ ਗੱਲ ਕਰਦੇ ਦੇਖਿਆ। ਮੈਂ ਅਜਿਹਾ ਪਹਿਲੀ ਵਾਰ ਦੇਖਿਆ ਸੀ। ਉਸ ਪਲ ਵਿਚ ਮੈਨੂੰ ਪਤਾ ਲੱਗ ਗਿਆ ਕਿ ਇਹ ਜ਼ਰੂਰ ਪਰਮੇਸ਼ੁਰ ਦੇ ਲੋਕ ਹਨ।” ਮੀਰੀਅਮ ਨਾਂ ਦੀ ਬ੍ਰਾਜ਼ੀਲੀ ਤੀਵੀਂ ਨੇ ਕਿਹਾ: “ਮੈਨੂੰ ਕਦੇ ਕਿਸੇ ਤੋਂ ਪਿਆਰ ਨਹੀਂ ਮਿਲਿਆ, ਇੱਥੋਂ ਤਕ ਕਿ ਆਪਣੇ ਘਰਦਿਆਂ ਤੋਂ ਵੀ ਨਹੀਂ। ਪਰ ਯਹੋਵਾਹ ਦੇ ਗਵਾਹਾਂ ਨੂੰ ਦੇਖ ਕੇ ਮੈਂ ਪਹਿਲੀ ਵਾਰ ਪਿਆਰ ਦਾ ਮਤਲਬ ਸਮਝਿਆ। ਉਹ ਵਾਕਈ ਪਿਆਰ ਦੀ ਜੀਉਂਦੀ-ਜਾਗਦੀ ਮਿਸਾਲ ਹਨ।” ਅਮਰੀਕਾ ਵਿਚ ਇਕ ਨਿਊਜ਼ ਡਾਇਰੈਕਟਰ ਨੇ ਯਹੋਵਾਹ ਦੇ ਗਵਾਹਾਂ ਬਾਰੇ ਕਿਹਾ: “ਜੇ ਹੋਰ ਲੋਕ ਤੁਹਾਡੇ ਵਾਂਗ ਹੁੰਦੇ, ਤਾਂ ਸਾਡਾ ਦੇਸ਼ ਇਸ ਮਾੜੀ ਹਾਲਤ ਵਿਚ ਨਾ ਹੁੰਦਾ। ਮੈਨੂੰ ਪਤਾ ਹੈ ਕਿ ਤੁਹਾਡੀ ਸੰਸਥਾ ਦੀ ਨੀਂਹ ਪਰਮੇਸ਼ੁਰ ਵਿਚ ਪੱਕੀ ਨਿਹਚਾ ਅਤੇ ਪਿਆਰ ਉੱਤੇ ਧਰੀ ਹੋਈ ਹੈ।”

ਸੱਚਾ ਧਰਮ ਭਾਲੋ

ਪਿਆਰ ਸੱਚੇ ਧਰਮ ਦੀ ਪਛਾਣ ਹੈ। ਯਿਸੂ ਨੇ ਸੱਚੀ ਭਗਤੀ ਦੀ ਤੁਲਨਾ ਸਹੀ ਰਾਹ ਲੱਭਣ ਅਤੇ ਉਸ ਉੱਤੇ ਚੱਲਣ ਨਾਲ ਕੀਤੀ ਸੀ। ਸਿਰਫ਼ ਇੱਕੋ ਰਾਹ ਹਮੇਸ਼ਾ ਦੀ ਜ਼ਿੰਦਗੀ ਵੱਲ ਜਾਂਦਾ ਹੈ। ਯਿਸੂ ਨੇ ਕਿਹਾ: “ਭੀੜੇ ਫਾਟਕ ਤੋਂ ਵੜੋ ਕਿਉਂ ਜੋ ਮੋਕਲਾ  ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ ਅਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ।” (ਮੱਤੀ 7:13, 14) ਸਿਰਫ਼ ਇੱਕੋ ਸਮੂਹ ਹੈ ਜੋ ਸੱਚੇ ਪਰਮੇਸ਼ੁਰ ਦੀ ਭਗਤੀ ਸਹੀ ਤਰ੍ਹਾਂ ਕਰ ਰਿਹਾ ਹੈ। ਸੋ ਜ਼ਰੂਰ ਫ਼ਰਕ ਪੈਂਦਾ ਹੈ ਕਿ ਤੁਸੀਂ ਕਿਹੜੇ ਧਰਮ ਨੂੰ ਮੰਨਦੇ ਹੋ। ਜੇ ਤੁਸੀਂ ਸੱਚਾ ਰਾਹ ਲੱਭ ਕੇ ਉਸ ਉੱਤੇ ਚੱਲੋਗੇ, ਤਾਂ ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਜਾਵੇਗੀ ਕਿਉਂਕਿ ਇਸ ਰਾਹ ਤੇ ਤੁਹਾਨੂੰ ਪਿਆਰ ਹੀ ਪਿਆਰ ਮਿਲੇਗਾ।—ਅਫ਼ਸੀਆਂ 4:1-4.

ਜ਼ਰਾ ਸੋਚੋ ਕਿ ਸੱਚੇ ਧਰਮ ਦੇ ਰਾਹ ਉੱਤੇ ਚੱਲ ਕੇ ਤੁਹਾਨੂੰ ਕਿੰਨੀ ਖ਼ੁਸ਼ੀ ਮਿਲ ਸਕਦੀ ਹੈ! ਇਹ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦੇ ਬਰਾਬਰ ਹੈ। ਪਰਮੇਸ਼ੁਰ ਤੋਂ ਤੁਸੀਂ ਬੁੱਧ ਤੋਂ ਇਲਾਵਾ ਪਿਆਰ ਕਰਨਾ ਵੀ ਸਿੱਖ ਸਕਦੇ ਹੋ ਤੇ ਦੂਸਰਿਆਂ ਨਾਲ ਚੰਗੇ ਸੰਬੰਧ ਕਾਇਮ ਕਰ ਸਕਦੇ ਹੋ। ਪਰਮੇਸ਼ੁਰ ਤੋਂ ਤੁਸੀਂ ਜ਼ਿੰਦਗੀ ਦਾ ਮਕਸਦ ਸਿੱਖ ਸਕਦੇ ਹੋ ਅਤੇ ਉਸ ਦੇ ਵਾਅਦਿਆਂ ਨੂੰ ਸਮਝ ਸਕਦੇ ਹੋ। ਤੁਹਾਡਾ ਭਵਿੱਖ ਵਧੀਆ ਹੋਵੇਗਾ। ਸੱਚੇ ਧਰਮ ਨੂੰ ਮੰਨ ਕੇ ਤੁਹਾਨੂੰ ਕਦੀ ਪਛਤਾਵਾ ਨਹੀਂ ਹੋਵੇਗਾ।

[ਸਫ਼ਾ 5 ਉੱਤੇ ਤਸਵੀਰ]

ਸਿਰਫ਼ ਬਾਈਬਲ ਪਰਮੇਸ਼ੁਰ ਦੇ ਪਿਆਰ ਬਾਰੇ ਦੱਸਦੀ ਹੈ

[ਸਫ਼ਾ 7 ਉੱਤੇ ਤਸਵੀਰਾਂ]

ਪਰਮੇਸ਼ੁਰ ਦੇ ਸੱਚੇ ਭਗਤਾਂ ਦੀ ਪਛਾਣ ਪਿਆਰ ਹੈ