Skip to content

Skip to table of contents

ਅਸੀਂ ਬੁਰੇ ਦੂਤਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ?

ਅਸੀਂ ਬੁਰੇ ਦੂਤਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ?

ਅਸੀਂ ਬੁਰੇ ਦੂਤਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ?

“ਉਨ੍ਹਾਂ ਦੂਤਾਂ ਨੂੰ ਜੋ ਆਪਣੀ ਪਦਵੀ ਵਿੱਚ ਨਾ ਰਹੇ ਸਗੋਂ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ [ਪਰਮੇਸ਼ੁਰ] ਨੇ ਅਨ੍ਹੇਰੇ ਘੁੱਪ ਵਿੱਚ ਓਸ ਵੱਡੇ ਦਿਹਾੜੇ ਦੇ ਨਿਆਉਂ ਲਈ ਸਦੀਪਕ ਬੰਧਨਾਂ ਵਿੱਚ ਰੱਖ ਛੱਡਿਆ।”—ਯਹੂਦਾਹ 6.

1, 2. ਸ਼ਤਾਨ ਅਤੇ ਬੁਰੇ ਦੂਤਾਂ ਬਾਰੇ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?

ਪਤਰਸ ਰਸੂਲ ਚੇਤਾਵਨੀ ਦਿੰਦਾ ਹੈ: “ਸੁਚੇਤ ਹੋਵੋ, ਜਾਗਦੇ ਰਹੋ! ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!” (1 ਪਤਰਸ 5:8) ਬੁਰੇ ਦੂਤਾਂ ਸੰਬੰਧੀ ਪੌਲੁਸ ਰਸੂਲ ਕਹਿੰਦਾ ਹੈ: “ਮੈਂ ਨਹੀਂ ਚਾਹੁੰਦਾ ਜੋ ਤੁਸੀਂ ਭੂਤਾਂ [ਯਾਨੀ ਬੁਰੇ ਦੂਤਾਂ] ਦੇ ਸਾਂਝੀ ਬਣੋ! ਤੁਸੀਂ ਪ੍ਰਭੁ ਦਾ ਪਿਆਲਾ, ਨਾਲੇ ਭੂਤਾਂ ਦਾ ਪਿਆਲਾ ਦੋਵੇਂ ਨਹੀਂ ਪੀ ਸੱਕਦੇ। ਤੁਸੀਂ ਪ੍ਰਭੁ ਦੀ ਮੇਜ਼, ਨਾਲੇ ਭੂਤਾਂ ਦੀ ਮੇਜ਼ ਦੋਹਾਂ ਦੇ ਸਾਂਝੀ ਨਹੀਂ ਹੋ ਸੱਕਦੇ।”—1 ਕੁਰਿੰਥੀਆਂ 10:20, 21.

2 ਪਰ ਸ਼ਤਾਨ ਅਤੇ ਉਸ ਦੇ ਬੁਰੇ ਦੂਤ ਕੌਣ ਹਨ? ਉਹ ਕਿੱਥੋਂ ਆਏ? ਕੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਰਚਿਆ ਸੀ? ਮਨੁੱਖਾਂ ਉੱਤੇ ਉਹ ਕਿੰਨਾ ਕੁ ਅਸਰ ਪਾ ਸਕਦੇ ਹਨ? ਅਸੀਂ ਉਨ੍ਹਾਂ ਤੋਂ ਆਪਣੀ ਰਾਖੀ ਕਿਵੇਂ ਕਰ ਸਕਦੇ ਹਾਂ?

ਸ਼ਤਾਨ ਅਤੇ ਬੁਰੇ ਦੂਤ ਕਿਵੇਂ ਹੋਂਦ ਵਿਚ ਆਏ?

3. ਪਰਮੇਸ਼ੁਰ ਦਾ ਇਕ ਦੂਤ ਸ਼ਤਾਨ ਕਿਵੇਂ ਬਣ ਗਿਆ?

3 ਜਦ ਅਦਨ ਦੇ ਬਾਗ਼ ਵਿਚ ਮਨੁੱਖੀ ਜੀਵਨ ਦੀ ਸ਼ੁਰੂਆਤ ਹੋਈ, ਉਦੋਂ ਪਰਮੇਸ਼ੁਰ ਦੇ ਇਕ ਦੂਤ ਨੇ ਉਸ ਦੇ ਖ਼ਿਲਾਫ਼ ਬਗਾਵਤ ਕਰ ਦਿੱਤੀ। ਕਿਉਂ? ਕਿਉਂਕਿ ਉਹ ਯਹੋਵਾਹ ਦੇ ਸਵਰਗੀ ਸੰਗਠਨ ਵਿਚ ਜ਼ਿਆਦਾ ਉੱਚੀ ਪਦਵੀ ਚਾਹੁੰਦਾ ਸੀ। ਇਸ ਲਈ ਜਦੋਂ ਆਦਮ ਤੇ ਹੱਵਾਹ ਦੀ ਸ੍ਰਿਸ਼ਟੀ ਹੋਈ, ਤਾਂ ਉਸ ਨੇ ਸੋਚਿਆ ਕਿ ਉਹ ਉਨ੍ਹਾਂ ਨੂੰ ਪਰਮੇਸ਼ੁਰ ਦੀ ਆਗਿਆ ਮੰਨਣ ਤੋਂ ਅਤੇ ਉਸ ਦੀ ਭਗਤੀ ਕਰਨ ਤੋਂ ਹਟਾ ਕੇ ਆਪਣੇ ਪਿੱਛੇ ਲਾ ਲਵੇਗਾ। ਇਸ ਤਰ੍ਹਾਂ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕਰ ਕੇ ਅਤੇ ਪਹਿਲੇ ਮਨੁੱਖੀ ਜੋੜੇ ਨੂੰ ਗ਼ਲਤ ਰਾਹ ਤੇ ਪਾ ਕੇ ਇਸ ਦੂਤ ਨੇ ਆਪਣੇ ਆਪ ਨੂੰ ਸ਼ਤਾਨ ਬਣਾ ਲਿਆ। ਸਮੇਂ ਦੇ ਬੀਤਣ ਨਾਲ ਹੋਰ ਦੂਤ ਵੀ ਉਸ ਦੀ ਇਸ ਬਗਾਵਤ ਵਿਚ ਸ਼ਾਮਲ ਹੋ ਗਏ। ਕਿਵੇਂ?—ਉਤਪਤ 3:1-6; ਰੋਮੀਆਂ 5:12; ਪਰਕਾਸ਼ ਦੀ ਪੋਥੀ 12:9.

4. ਨੂਹ ਦੇ ਜ਼ਮਾਨੇ ਵਿਚ ਆਈ ਜਲ ਪਰਲੋ ਤੋਂ ਪਹਿਲਾਂ ਕੁਝ ਬਾਗ਼ੀ ਦੂਤਾਂ ਨੇ ਕੀ ਕੀਤਾ?

4 ਬਾਈਬਲ ਦੱਸਦੀ ਹੈ ਕਿ ਨੂਹ ਦੇ ਜ਼ਮਾਨੇ ਵਿਚ ਆਈ ਜਲ ਪਰਲੋ ਤੋਂ ਕੁਝ ਸਮਾਂ ਪਹਿਲਾਂ ਧਰਤੀ ਦੀਆਂ ਔਰਤਾਂ ਨੂੰ ਦੇਖ ਕੇ ਕੁਝ ਦੂਤਾਂ ਦੀ ਨੀਅਤ ਖ਼ਰਾਬ ਹੋ ਗਈ। ਬਾਈਬਲ ਦੱਸਦੀ ਹੈ ਕਿ ਆਪਣੇ ਗ਼ਲਤ ਮਕਸਦ ਨੂੰ ਪੂਰਾ ਕਰਨ ਲਈ “ਪਰਮੇਸ਼ੁਰ ਦੇ [ਸਵਰਗੀ] ਪੁੱਤ੍ਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ ਭਈ ਓਹ ਸੋਹਣੀਆਂ ਹਨ ਤਦ ਉਨ੍ਹਾਂ ਨੇ ਆਪਣੇ ਲਈ ਸਾਰੀਆਂ ਚੁਣੀਆਂ ਹੋਈਆਂ ਵਿੱਚੋਂ ਤੀਵੀਂਆਂ ਕੀਤੀਆਂ।” ਉਨ੍ਹਾਂ ਦਾ ਇਹ ਮੇਲ ਕੁਦਰਤੀ ਨਹੀਂ ਸੀ ਅਤੇ ਉਨ੍ਹਾਂ ਨੇ ਨੈਫ਼ਲਿਮ ਨਾਂ ਦੀ ਸੰਤਾਨ ਪੈਦਾ ਕੀਤੀ। (ਉਤਪਤ 6:2-4) ਇਸ ਤਰ੍ਹਾਂ ਪਰਮੇਸ਼ੁਰ ਦੀ ਆਗਿਆ ਨਾ ਮੰਨਣ ਵਾਲੇ ਦੂਤ ਯਹੋਵਾਹ ਖ਼ਿਲਾਫ਼ ਬਗਾਵਤ ਕਰਨ ਵਿਚ ਸ਼ਤਾਨ ਦਾ ਸਾਥ ਦੇਣ ਲੱਗੇ।

5. ਯਹੋਵਾਹ ਦੁਆਰਾ ਲਿਆਂਦੀ ਜਲ ਪਰਲੋ ਵਿਚ ਬਾਗ਼ੀ ਦੂਤਾਂ ਦਾ ਕੀ ਹੋਇਆ?

5 ਜਲ ਪਰਲੋ ਵਿਚ ਨੈਫ਼ਲਿਮ ਅਤੇ ਉਨ੍ਹਾਂ ਦੀਆਂ ਮਾਵਾਂ ਨਾਸ਼ ਹੋ ਗਈਆਂ ਸਨ। ਬਾਗ਼ੀ ਦੂਤ ਆਤਮਿਕ ਦੇਹ ਧਾਰ ਕੇ ਵਾਪਸ ਸਵਰਗ ਚਲੇ ਗਏ। ਪਰ ਉਹ ਆਪਣੀ ਪਹਿਲੀ “ਪਦਵੀ” ਤੇ ਨਹੀਂ ਰਹਿ ਸਕੇ। ਉਨ੍ਹਾਂ ਨੂੰ “ਅਨ੍ਹੇਰੇ ਘੁੱਪ” ਦੀ ਦਸ਼ਾ ਵਿਚ ਸੁੱਟ ਦਿੱਤਾ ਗਿਆ ਯਾਨੀ ਉਨ੍ਹਾਂ ਦਾ ਭਵਿੱਖ ਹਨੇਰੇ ਵਿਚ ਹੈ ਕਿਉਂਕਿ ਉਹ ਯਹੋਵਾਹ ਦੇ ਪਰਿਵਾਰ ਵਿੱਚੋਂ ਛੇਕੇ ਗਏ ਸਨ।—ਯਹੂਦਾਹ 6.

6. ਬੁਰੇ ਦੂਤ ਲੋਕਾਂ ਨੂੰ ਕਿਵੇਂ ਧੋਖਾ ਦਿੰਦੇ ਹਨ?

6 ਆਪਣੀ ਪਹਿਲੀ “ਪਦਵੀ” ਗੁਆ ਕੇ ਬੁਰੇ ਦੂਤ ਸ਼ਤਾਨ ਦੇ ਸਾਥੀ ਬਣ ਗਏ ਅਤੇ ਉਸ ਦੇ ਬੁਰੇ ਇਰਾਦਿਆਂ ਨੂੰ ਪੂਰਾ ਕਰਨ ਵਿਚ ਉਸ ਦਾ ਸਾਥ ਦੇਣ ਲੱਗ ਪਏ। ਉਸ ਸਮੇਂ ਤੋਂ ਇਨ੍ਹਾਂ ਬੁਰੇ ਦੂਤਾਂ ਦੀ ਮਨੁੱਖੀ ਸਰੀਰ ਧਾਰਨ ਦੀ ਤਾਕਤ ਖ਼ਤਮ ਹੋ ਗਈ। ਪਰ ਉਹ ਆਦਮੀਆਂ ਤੇ ਤੀਵੀਆਂ ਨੂੰ ਤਰ੍ਹਾਂ-ਤਰ੍ਹਾਂ ਦੇ ਗੰਦੇ ਕੰਮ ਕਰਨ ਲਈ ਭਰਮਾ ਸਕਦੇ ਹਨ। ਉਹ ਲੋਕਾਂ ਨੂੰ ਪ੍ਰੇਤਵਾਦ ਦੇ ਜ਼ਰੀਏ ਵੀ ਧੋਖਾ ਦਿੰਦੇ ਹਨ। ਪ੍ਰੇਤਵਾਦ ਵਿਚ ਜਾਦੂ-ਟੂਣੇ, ਤੰਤਰ-ਮੰਤਰ ਕਰਨੇ ਅਤੇ ਚੇਲੇ-ਚਾਂਟਿਆਂ ਕੋਲ ਜਾਣਾ ਸ਼ਾਮਲ ਹੈ। (ਬਿਵਸਥਾ ਸਾਰ 18:10-13; 2 ਇਤਹਾਸ 33:6) ਇਨ੍ਹਾਂ ਬੁਰੇ ਦੂਤਾਂ ਨੂੰ ਵੀ ਸ਼ਤਾਨ ਵਾਂਗ ਹਮੇਸ਼ਾ ਲਈ ਨਾਸ਼ ਕੀਤਾ ਜਾਵੇਗਾ। (ਮੱਤੀ 25:41; ਪਰਕਾਸ਼ ਦੀ ਪੋਥੀ 20:10) ਉਹ ਸਮਾਂ ਆਉਣ ਤਕ ਸਾਨੂੰ ਡੱਟ ਕੇ ਉਨ੍ਹਾਂ ਦਾ ਸਾਮ੍ਹਣਾ ਕਰਨ ਦੀ ਲੋੜ ਹੈ। ਇਸ ਗੱਲ ਤੇ ਗੌਰ ਕਰਨਾ ਸਾਡੇ ਲਈ ਅਕਲਮੰਦੀ ਦੀ ਗੱਲ ਹੋਵੇਗੀ ਕਿ ਸ਼ਤਾਨ ਕਿੰਨਾ ਕੁ ਤਾਕਤਵਰ ਹੈ ਅਤੇ ਅਸੀਂ ਉਸ ਦਾ ਤੇ ਉਸ ਦੇ ਸਾਥੀ ਦੂਤਾਂ ਦਾ ਕਾਮਯਾਬੀ ਨਾਲ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ।

ਸ਼ਤਾਨ ਕਿੰਨਾ ਕੁ ਤਾਕਤਵਰ ਹੈ?

7. ਦੁਨੀਆਂ ਉੱਤੇ ਸ਼ਤਾਨ ਦਾ ਕਿੰਨਾ ਕੁ ਪ੍ਰਭਾਵ ਹੈ?

7 ਇਤਿਹਾਸ ਦੌਰਾਨ ਸ਼ਤਾਨ ਨੇ ਯਹੋਵਾਹ ਨੂੰ ਬਹੁਤ ਬਦਨਾਮ ਕੀਤਾ ਹੈ। (ਕਹਾਉਤਾਂ 27:11) ਮਨੁੱਖਜਾਤੀ ਉੱਤੇ ਉਸ ਦਾ ਇੰਨਾ ਪ੍ਰਭਾਵ ਹੈ ਕਿ 1 ਯੂਹੰਨਾ 5:19 ਕਹਿੰਦਾ ਹੈ: “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” ਇਸੇ ਕਰਕੇ ਸ਼ਤਾਨ ਨੇ “ਦੁਨੀਆਂ ਦੀਆਂ ਸਾਰੀਆਂ ਪਾਤਸ਼ਾਹੀਆਂ” ਦਾ ਇਖ਼ਤਿਆਰ ਪੇਸ਼ ਕਰਨ ਤੇ ਉਨ੍ਹਾਂ ਦੀ ਤੜਕ-ਭੜਕ ਦਿਖਾਉਣ ਦੁਆਰਾ ਯਿਸੂ ਨੂੰ ਪਰਤਾਇਆ ਸੀ। (ਲੂਕਾ 4:5-7) ਸ਼ਤਾਨ ਬਾਰੇ ਪੌਲੁਸ ਰਸੂਲ ਕਹਿੰਦਾ ਹੈ: “ਜੇ ਸਾਡੀ ਖੁਸ਼ ਖਬਰੀ ਉੱਤੇ ਪੜਦਾ ਪਿਆ ਹੋਇਆ ਹੈ ਤਾਂ ਉਹ ਉਨ੍ਹਾਂ ਅੱਗੇ ਕੱਜਿਆ ਹੋਇਆ ਹੈ ਜਿਹੜੇ ਨਾਸ ਹੋ ਰਹੇ ਹਨ। ਜਿਨ੍ਹਾਂ ਵਿੱਚ ਇਸ ਜੁੱਗ ਦੇ ਈਸ਼ੁਰ ਨੇ ਬੇਪਰਤੀਤਿਆਂ ਦੀਆਂ ਬੁੱਧਾਂ ਅੰਨ੍ਹੀਆਂ ਕਰ ਦਿੱਤੀਆਂ ਮਤੇ ਮਸੀਹ ਜੋ ਪਰਮੇਸ਼ੁਰ ਦਾ ਸਰੂਪ ਹੈ ਉਹ ਦੇ ਤੇਜ ਦੀ ਖੁਸ਼ ਖਬਰੀ ਦਾ ਚਾਨਣ ਉਨ੍ਹਾਂ ਉੱਤੇ ਪਰਕਾਸ਼ ਹੋਵੇ।” (2 ਕੁਰਿੰਥੀਆਂ 4:3, 4) ਸ਼ਤਾਨ “ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ,” ਪਰ ਉਹ ‘ਚਾਨਣ ਦਾ ਦੂਤ’ ਹੋਣ ਦਾ ਢੌਂਗ ਕਰਦਾ ਹੈ। (ਯੂਹੰਨਾ 8:44; 2 ਕੁਰਿੰਥੀਆਂ 11:14) ਉਹ ਇਸ ਦੁਨੀਆਂ ਦੇ ਹਾਕਮਾਂ ਅਤੇ ਉਨ੍ਹਾਂ ਦੀ ਪਰਜਾ ਦੀ ਅਕਲ ਤੇ ਪਰਦਾ ਪਾਉਣ ਦੀ ਤਾਕਤ ਰੱਖਦਾ ਹੈ ਅਤੇ ਇਸ ਤਰ੍ਹਾਂ ਕਰਨ ਲਈ ਉਹ ਕਈ ਤਰੀਕੇ ਵਰਤਦਾ ਹੈ। ਉਸ ਨੇ ਗ਼ਲਤ ਜਾਣਕਾਰੀ ਅਤੇ ਧਾਰਮਿਕ ਕਥਾ-ਕਹਾਣੀਆਂ ਫੈਲਾਉਣ ਨਾਲ ਮਨੁੱਖਜਾਤੀ ਨੂੰ ਭਰਮਾਇਆ ਹੋਇਆ ਹੈ।

8. ਬਾਈਬਲ ਸ਼ਤਾਨ ਦੇ ਪ੍ਰਭਾਵ ਬਾਰੇ ਕੀ ਦੱਸਦੀ ਹੈ?

8 ਯਿਸੂ ਦੇ ਜ਼ਮਾਨੇ ਤੋਂ ਕੁਝ ਪੰਜ ਸਦੀਆਂ ਪਹਿਲਾਂ ਦਾਨੀਏਲ ਨਬੀ ਦੇ ਜ਼ਮਾਨੇ ਵਿਚ ਵੀ ਸ਼ਤਾਨ ਨੇ ਆਪਣੀ ਤਾਕਤ ਤੇ ਪ੍ਰਭਾਵ ਨੂੰ ਜ਼ਾਹਰ ਕੀਤਾ ਸੀ। ਜਦ ਯਹੋਵਾਹ ਨੇ ਦਾਨੀਏਲ ਨਬੀ ਨੂੰ ਹੌਸਲਾ ਦੇਣ ਲਈ ਆਪਣਾ ਇਕ ਦੂਤ ਭੇਜਿਆ ਸੀ, ਤਾਂ ਉਸ ਦੂਤ ਨੂੰ “ਫਾਰਸ ਦੇ ਰਾਜ ਦੇ ਪਰਧਾਨ” ਯਾਨੀ ਇਕ ਬੁਰੇ ਦੂਤ ਦਾ ਮੁਕਾਬਲਾ ਕਰਨਾ ਪਿਆ। ਇਸ ਪ੍ਰਧਾਨ ਨੇ ਵਫ਼ਾਦਾਰ ਦੂਤ ਨੂੰ 21 ਦਿਨਾਂ ਵਾਸਤੇ ਰੋਕੀ ਰੱਖਿਆ ਜਦ ਤਕ “ਮੀਕਾਏਲ ਜੋ ਪਰਧਾਨਾਂ ਵਿੱਚੋਂ ਵੱਡਾ ਹੈ” ਉਸ ਦੂਤ ਦੀ ਮਦਦ ਕਰਨ ਨਾ ਆਇਆ। ਇਹੀ ਬਿਰਤਾਂਤ ‘ਯੂਨਾਨ ਦੇ ਦੁਸ਼ਟ ਪਰਧਾਨ’ ਦੀ ਵੀ ਗੱਲ ਕਰਦਾ ਹੈ। (ਦਾਨੀਏਲ 10:12, 13, 20) ਪਰਕਾਸ਼ ਦੀ ਪੋਥੀ 13:1, 2 ਵਿਚ ਸ਼ਤਾਨ ਨੂੰ “ਅਜਗਰ” ਕਿਹਾ ਗਿਆ ਹੈ ਜੋ ਰਾਜਨੀਤਿਕ ਜੰਗਲੀ ਦਰਿੰਦੇ ਨੂੰ “ਆਪਣੀ ਸਮਰੱਥਾ ਅਤੇ ਆਪਣੀ ਗੱਦੀ ਅਤੇ ਵੱਡਾ ਇਖ਼ਤਿਆਰ” ਦਿੰਦਾ ਹੈ।

9. ਮਸੀਹੀਆਂ ਦੀ ਲੜਾਈ ਕਿਨ੍ਹਾਂ ਨਾਲ ਹੈ?

9 ਇਸ ਕਰਕੇ ਪੌਲੁਸ ਰਸੂਲ ਨੇ ਲਿਖਿਆ: ‘ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋਂ ਹਕੂਮਤਾਂ, ਇਖ਼ਤਿਆਰਾਂ, ਅਤੇ ਇਸ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ।’ (ਅਫ਼ਸੀਆਂ 6:12) ਅੱਜ ਵੀ ਸ਼ਤਾਨ ਦੇ ਅਸਰ ਹੇਠ ਇਹ ਦੁਸ਼ਟ ਦੂਤ ਗੁਪਤ ਵਿਚ ਮਨੁੱਖੀ ਹਾਕਮਾਂ ਅਤੇ ਆਮ ਲੋਕਾਂ ਤੇ ਪ੍ਰਭਾਵ ਪਾ ਰਹੇ ਹਨ ਅਤੇ ਉਨ੍ਹਾਂ ਨੂੰ ਕਤਲੇਆਮ, ਅੱਤਵਾਦੀ ਤੇ ਖ਼ੂਨੀ ਕੰਮ ਕਰਨ ਲਈ ਉਕਸਾਉਂਦੇ ਹਨ। ਹੁਣ ਆਓ ਆਪਾਂ ਦੇਖੀਏ ਕਿ ਅਸੀਂ ਇਨ੍ਹਾਂ ਤਾਕਤਵਰ ਦੁਸ਼ਟ ਦੂਤਾਂ ਦਾ ਸਫ਼ਲਤਾ ਨਾਲ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ।

ਅਸੀਂ ਆਪਣਾ ਬਚਾਅ ਕਿਵੇਂ ਕਰ ਸਕਦੇ ਹਾਂ?

10, 11. ਅਸੀਂ ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ?

10 ਅਸੀਂ ਆਪਣੀ ਤਾਕਤ ਜਾਂ ਬੁੱਧ ਨਾਲ ਸ਼ਤਾਨ ਤੇ ਉਸ ਦੇ ਦੂਤਾਂ ਦਾ ਸਾਮ੍ਹਣਾ ਨਹੀਂ ਕਰ ਸਕਦੇ। ਪੌਲੁਸ ਸਾਨੂੰ ਸਲਾਹ ਦਿੰਦਾ ਹੈ: “ਪ੍ਰਭੁ ਵਿੱਚ ਅਤੇ ਉਹ ਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ!” ਆਪਣੇ ਬਚਾਅ ਲਈ ਸਾਨੂੰ ਪਰਮੇਸ਼ੁਰ ਦੀ ਮਦਦ ਦੀ ਲੋੜ ਹੈ। ਪੌਲੁਸ ਅੱਗੇ ਕਹਿੰਦਾ ਹੈ: “ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੋ ਤਾਂ ਜੋ ਤੁਸੀਂ ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸੱਕੋ। . . . ਤੁਸੀਂ ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਲੈ ਲਵੋ ਭਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸੱਕੋ ਅਤੇ ਸੱਭੋ ਕੁਝ ਮੁਕਾ ਕੇ ਖਲੋ ਸੱਕੋ।”—ਅਫ਼ਸੀਆਂ 6:10, 11, 13.

11 ਪੌਲੁਸ ਨੇ ਆਪਣੇ ਸਾਥੀ ਮਸੀਹੀਆਂ ਨੂੰ ਦੋ ਵਾਰ ‘ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ’ ਪਹਿਨਣ ਲਈ ਕਿਹਾ ਸੀ। ਸ਼ਬਦ “ਸਾਰੇ” ਇਸ ਗੱਲ ਨੂੰ ਸੰਕੇਤ ਕਰਦਾ ਹੈ ਕਿ ਪੂਰੀ ਤਿਆਰੀ ਕਰਨ ਨਾਲ ਯਾਨੀ ਸਾਰੇ ਸ਼ਸਤਰ-ਬਸਤਰ ਪਹਿਨ ਕੇ ਹੀ ਅਸੀਂ ਸ਼ਤਾਨੀ ਹਮਲਿਆਂ ਦਾ ਸਾਮ੍ਹਣਾ ਕਰ ਸਕਦੇ ਹਾਂ। ਤਾਂ ਫਿਰ ਬੁਰੇ ਦੂਤਾਂ ਦਾ ਸਾਮ੍ਹਣਾ ਕਰਨ ਲਈ ਸਾਨੂੰ ਕਿਹੜੇ ਅਧਿਆਤਮਿਕ ਸ਼ਸਤਰ-ਬਸਤਰ ਪਹਿਨਣ ਦੀ ਲੋੜ ਹੈ?

ਦ੍ਰਿੜ੍ਹ ਹੋ ਕੇ ਖੜ੍ਹੇ ਰਹੋ

12. ਮਸੀਹੀ ਸੱਚਾਈ ਨਾਲ ਆਪਣੀ ਕਮਰ ਕਿਵੇਂ ਬੰਨ੍ਹ ਸਕਦੇ ਹਨ?

12 ਪੌਲੁਸ ਕਹਿੰਦਾ ਹੈ: ‘ਸੋ ਤੁਸੀਂ ਆਪਣੀ ਕਮਰ ਸਚਿਆਈ ਨਾਲ ਕੱਸੋ ਅਤੇ ਧਰਮ ਦੀ ਸੰਜੋ ਪਹਿਨੋ।’ (ਅਫ਼ਸੀਆਂ 6:14) ਇੱਥੇ ਦੋ ਸ਼ਸਤਰਾਂ-ਬਸਤਰਾਂ ਦੀ ਗੱਲ ਕੀਤੀ ਗਈ ਹੈ, ਕਮਰਬੰਦ ਅਤੇ ਸੰਜੋਅ ਯਾਨੀ ਸੀਨਾਬੰਦ। ਸਿਪਾਹੀ ਆਪਣੇ ਲੱਕ ਦੇ ਬਚਾਅ ਲਈ ਅਤੇ ਤਲਵਾਰ ਟੰਗਣ ਲਈ ਕਮਰ ਨੂੰ ਪੇਟੀ ਨਾਲ ਕੱਸ ਕੇ ਬੰਨ੍ਹਦਾ ਸੀ। ਇਸੇ ਤਰ੍ਹਾਂ ਸਾਨੂੰ ਸੱਚਾਈ ਨੂੰ ਆਪਣੇ ਦੁਆਲੇ ਕੱਸ ਕੇ ਬੰਨ੍ਹਣ ਦੀ ਲੋੜ ਹੈ। ਕਹਿਣ ਦਾ ਮਤਲਬ ਹੈ ਕਿ ਸਾਨੂੰ ਸੱਚਾਈ ਦੇ ਅਨੁਸਾਰ ਜੀਉਣਾ ਚਾਹੀਦਾ ਹੈ। ਕੀ ਅਸੀਂ ਹਰ ਰੋਜ਼ ਬਾਈਬਲ ਪੜ੍ਹਨ ਲਈ ਸਮਾਂ ਕੱਢਦੇ ਹਾਂ? ਕੀ ਸਾਰਾ ਪਰਿਵਾਰ ਮਿਲ ਕੇ ਬਾਈਬਲ ਪੜ੍ਹਦਾ ਹੈ? ਕੀ ਪੂਰਾ ਪਰਿਵਾਰ ਬੈਠ ਕੇ ਰੋਜ਼ ਦਿਨ ਦੇ ਪਾਠ ਤੇ ਚਰਚਾ ਕਰਦਾ ਹੈ? ਇਸ ਤੋਂ ਇਲਾਵਾ, ਕੀ ਅਸੀਂ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਪ੍ਰਕਾਸ਼ਨਾਂ ਵਿਚ ਦਿੱਤੀ ਜਾਂਦੀ ਨਵੀਂ ਜਾਣਕਾਰੀ ਤੋਂ ਵਾਕਫ਼ ਹਾਂ? (ਮੱਤੀ 24:45) ਜੇ ਹਾਂ, ਤਾਂ ਅਸੀਂ ਪੌਲੁਸ ਦੀ ਸਲਾਹ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਕੋਲ ਵਿਡਿਓ ਅਤੇ ਡੀ. ਵੀ. ਡੀ ਵੀ ਹਨ ਜੋ ਸਾਨੂੰ ਪਰਮੇਸ਼ੁਰੀ ਸੇਧ ਦਿੰਦੀਆਂ ਹਨ। ਸੱਚਾਈ ਨੂੰ ਤਕੜਾਈ ਨਾਲ ਫੜੀ ਰੱਖਣ ਨਾਲ ਸਾਨੂੰ ਚੰਗੇ ਫ਼ੈਸਲੇ ਕਰਨ ਵਿਚ ਮਦਦ ਮਿਲੇਗੀ ਅਤੇ ਅਸੀਂ ਗ਼ਲਤ ਰਾਹ ਤੇ ਜਾਣ ਤੋਂ ਬਚਾਂਗੇ।

13. ਅਸੀਂ ਆਪਣੇ ਦਿਲ ਦੀ ਰਾਖੀ ਕਿਵੇਂ ਕਰ ਸਕਦੇ ਹਾਂ?

13 ਸੀਨਾਬੰਦ ਸਿਪਾਹੀ ਦੀ ਛਾਤੀ, ਦਿਲ ਅਤੇ ਹੋਰ ਜ਼ਰੂਰੀ ਅੰਗਾਂ ਨੂੰ ਬਚਾਉਂਦਾ ਸੀ। ਪਰਮੇਸ਼ੁਰ ਦੇ ਧਰਮੀ ਮਿਆਰਾਂ ਲਈ ਪਿਆਰ ਪੈਦਾ ਕਰ ਕੇ ਅਤੇ ਉਨ੍ਹਾਂ ਉੱਤੇ ਚੱਲਣ ਦੁਆਰਾ ਅਸੀਂ ਆਪਣੇ ਦਿਲ ਯਾਨੀ ਆਪਣੀਆਂ ਸੋਚਾਂ ਤੇ ਇੱਛਾਵਾਂ ਦੀ ਰਾਖੀ ਕਰ ਸਕਦੇ ਹਾਂ। ਇਸ ਦੇ ਨਾਲ-ਨਾਲ ਅਸੀਂ ਪਰਮੇਸ਼ੁਰ ਦੇ ਬਚਨ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝਾਂਗੇ। ਅਸੀਂ “ਬਦੀ ਤੋਂ ਘਿਣ” ਤੇ “ਨੇਕੀ ਨੂੰ ਪਿਆਰ” ਕਰਨ ਲੱਗਾਂਗੇ ਅਤੇ “ਆਪਣੇ ਪੈਰਾਂ ਨੂੰ ਹਰ ਬੁਰੇ ਮਾਰਗ” ਤੋਂ ਰੋਕ ਕੇ ਰੱਖਾਂਗੇ।—ਆਮੋਸ 5:15; ਜ਼ਬੂਰਾਂ ਦੀ ਪੋਥੀ 119:101.

14. ਸਾਡੇ ਲਈ ‘ਮਿਲਾਪ ਦੀ ਖੁਸ਼ ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀਂ ਪਾਉਣ’ ਦਾ ਕੀ ਮਤਲਬ ਹੈ?

14 ਰੋਮੀ ਸਾਮਰਾਜ ਦੀਆਂ ਸੈਂਕੜੇ ਮੀਲਾਂ ਲੰਬੀਆਂ ਸੜਕਾਂ ਉੱਤੇ ਮਾਰਚ ਕਰਨ ਲਈ ਰੋਮੀ ਸਿਪਾਹੀਆਂ ਦੇ ਪੈਰ ਚੰਗੀ ਜੁੱਤੀ ਨਾਲ ਲੈਸ ਹੁੰਦੇ ਸਨ। ਲੇਕਿਨ, ਮਸੀਹੀਆਂ ਲਈ ‘ਮਿਲਾਪ ਦੀ ਖੁਸ਼ ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀਂ ਪਾਉਣ’ ਦਾ ਕੀ ਮਤਲਬ ਹੈ? (ਅਫ਼ਸੀਆਂ 6:15) ਇਸ ਦਾ ਮਤਲਬ ਹੈ ਕਿ ਅਸੀਂ ਕੰਮ ਕਰਨ ਲਈ ਤਿਆਰ ਹਾਂ। ਅਸੀਂ ਹਰ ਢੁਕਵੇਂ ਮੌਕੇ ਤੇ ਹੋਰਨਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਤਿਆਰ ਹਾਂ। (ਰੋਮੀਆਂ 10:13-15) ਮਸੀਹੀ ਸੇਵਕਾਈ ਵਿਚ ਰੁੱਝੇ ਰਹਿਣ ਨਾਲ ਅਸੀਂ ਸ਼ਤਾਨ ਦੇ “ਛਲ ਛਿੱਦ੍ਰਾਂ” ਯਾਨੀ ਖ਼ਤਰਨਾਕ ਚਾਲਾਂ ਤੋਂ ਸੁਰੱਖਿਅਤ ਰਹਾਂਗੇ।—ਅਫ਼ਸੀਆਂ 6:11.

15. (ੳ) ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਨਿਹਚਾ ਦੀ ਢਾਲ ਬਹੁਤ ਜ਼ਰੂਰੀ ਹੈ? (ਅ) ਕਿਹੜੇ ‘ਅਗਣ ਬਾਣ’ ਸਾਡੀ ਨਿਹਚਾ ਨੂੰ ਕਮਜ਼ੋਰ ਕਰ ਸਕਦੇ ਹਨ?

15 ਪੌਲੁਸ ਅੱਗੇ ਕਹਿੰਦਾ ਹੈ: “ਓਹਨਾਂ ਸਭਨਾਂ ਸਣੇ ਨਿਹਚਾ ਦੀ ਢਾਲ ਲਾਓ ਜਿਹ ਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਣ ਬਾਣਾਂ ਨੂੰ ਬੁਝਾ ਸੱਕੋਗੇ।” (ਅਫ਼ਸੀਆਂ 6:16) ਇੱਥੇ “ਸਭਨਾਂ ਸਣੇ” ਸ਼ਬਦਾਂ ਦਾ ਕੀ ਮਤਲਬ ਹੈ? ਇਹ ਕਹਿ ਕੇ ਪੌਲੁਸ ਇਸ ਗੱਲ ਤੇ ਜ਼ੋਰ ਦੇ ਰਿਹਾ ਸੀ ਕਿ ਬਾਕੀ ਸ਼ਸਤਰਾਂ-ਬਸਤਰਾਂ ਦੇ ਨਾਲ-ਨਾਲ ਨਿਹਚਾ ਦੀ ਢਾਲ ਲੈਣੀ ਵੀ ਬਹੁਤ ਹੀ ਜ਼ਰੂਰੀ ਹੈ। ਸਾਡੀ ਨਿਹਚਾ ਵਿਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਇਕ ਵੱਡੀ ਸਾਰੀ ਢਾਲ ਦੀ ਤਰ੍ਹਾਂ ਨਿਹਚਾ ਸਾਨੂੰ ਸ਼ਤਾਨ ਦੇ “ਅਗਣ ਬਾਣਾਂ” ਤੋਂ ਬਚਾਉਂਦੀ ਹੈ। ਅੱਜ ਇਹ ਅਗਣ ਬਾਣ ਕੀ ਹੋ ਸਕਦੇ ਹਨ? ਇਹ ਝੂਠੀਆਂ ਤੇ ਦਿਲ-ਚੁੱਭਵੀਆਂ ਗੱਲਾਂ ਅਤੇ ਅਫ਼ਵਾਹਾਂ ਹੋ ਸਕਦੀਆਂ ਹਨ ਜੋ ਸਾਡੇ ਵੈਰੀ ਅਤੇ ਧਰਮ-ਤਿਆਗੀ ਸਾਡੀ ਨਿਹਚਾ ਨੂੰ ਕਮਜ਼ੋਰ ਕਰਨ ਲਈ ਫੈਲਾਉਂਦੇ ਹਨ। ਇਹ ‘ਅਗਣ ਬਾਣ’ ਅਮੀਰ ਬਣਨ ਦੀ ਲਾਲਸਾ ਹੋ ਸਕਦੀ ਹੈ। ਇਸ ਲਾਲਸਾ ਕਾਰਨ ਅਸੀਂ ਬਸ ਚੀਜ਼ਾਂ ਖ਼ਰੀਦਣ ਵਿਚ ਹੀ ਰੁੱਝੇ ਰਹਾਂਗੇ। ਅਸੀਂ ਉਨ੍ਹਾਂ ਲੋਕਾਂ ਨਾਲ ਮੁਕਾਬਲਾ ਕਰਨ ਦੇ ਪਰਤਾਵੇ ਵਿਚ ਵੀ ਪੈ ਸਕਦੇ ਹਾਂ ਜੋ ਤੜਕ-ਭੜਕ ਦੀ ਜ਼ਿੰਦਗੀ ਜੀਉਂਦੇ ਹਨ। ਇਨ੍ਹਾਂ ਨੇ ਸ਼ਾਇਦ ਆਪਣੀ ਪੂੰਜੀ ਵੱਡੇ-ਵੱਡੇ ਆਲੀਸ਼ਾਨ ਘਰਾਂ ਅਤੇ ਕਾਰਾਂ ਖ਼ਰੀਦਣ ਤੇ ਖ਼ਰਚ ਕੀਤੀ ਹੈ ਜਾਂ ਇਹ ਸ਼ਾਇਦ ਆਪਣੇ ਕੀਮਤੀ ਗਹਿਣਿਆਂ ਅਤੇ ਨਵੇਂ-ਨਵੇਂ ਫ਼ੈਸ਼ਨਦਾਰ ਕੱਪੜਿਆਂ ਦਾ ਦਿਖਾਵਾ ਕਰਦੇ ਹਨ। ਦੂਸਰੇ ਭਾਵੇਂ ਜੋ ਮਰਜ਼ੀ ਕਰਨ, ਪਰ ਸਾਡੀ ਨਿਹਚਾ ਪੱਕੀ ਹੋਣੀ ਚਾਹੀਦੀ ਹੈ ਤਾਂਕਿ ਅਸੀਂ ਇਨ੍ਹਾਂ “ਅਗਣ ਬਾਣਾਂ” ਤੋਂ ਬਚ ਸਕੀਏ। ਅਸੀਂ ਆਪਣੀ ਨਿਹਚਾ ਨੂੰ ਬਰਕਰਾਰ ਕਿਵੇਂ ਰੱਖ ਸਕਦੇ ਹਾਂ?—1 ਪਤਰਸ 3:3-5; 1 ਯੂਹੰਨਾ 2:15-17.

16. ਆਪਣੀ ਨਿਹਚਾ ਨੂੰ ਪੱਕੀ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?

16 ਅਸੀਂ ਬਾਈਬਲ ਦਾ ਬਾਕਾਇਦਾ ਅਧਿਐਨ ਕਰਨ ਅਤੇ ਦਿਲੋਂ ਪ੍ਰਾਰਥਨਾਵਾਂ ਕਰਨ ਦੁਆਰਾ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹਾਂ। ਅਸੀਂ ਪੱਕੀ ਨਿਹਚਾ ਲਈ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਅਤੇ ਫਿਰ ਸਾਨੂੰ ਪ੍ਰਾਰਥਨਾ ਅਨੁਸਾਰ ਜ਼ਰੂਰੀ ਕਦਮ ਵੀ ਚੁੱਕਣ ਦੀ ਲੋੜ ਹੈ। ਮਿਸਾਲ ਲਈ, ਕੀ ਅਸੀਂ ਧਿਆਨ ਲਾ ਕੇ ਹਰ ਹਫ਼ਤੇ ਪਹਿਰਾਬੁਰਜ ਅਧਿਐਨ ਦੀ ਤਿਆਰੀ ਕਰਦੇ ਹਾਂ ਤਾਂਕਿ ਅਸੀਂ ਮੀਟਿੰਗ ਵਿਚ ਹਿੱਸਾ ਲੈ ਸਕੀਏ? ਸਾਡੀ ਨਿਹਚਾ ਤਾਂ ਹੀ ਮਜ਼ਬੂਤ ਹੋਵੇਗੀ ਜੇ ਅਸੀਂ ਬਾਈਬਲ ਅਤੇ ਬਾਈਬਲ ਤੇ ਆਧਾਰਿਤ ਪ੍ਰਕਾਸ਼ਨਾਂ ਦਾ ਅਧਿਐਨ ਕਰਾਂਗੇ।—ਇਬਰਾਨੀਆਂ 10:38, 39; 11:6.

17. ਅਸੀਂ “ਮੁਕਤੀ ਦਾ ਟੋਪ” ਕਿਵੇਂ ਪਹਿਨ ਸਕਦੇ ਹਾਂ?

17 ਪੌਲੁਸ ਅਧਿਆਤਮਿਕ ਬਸਤਰ ਦਾ ਵਰਣਨ ਕਰਦੇ ਹੋਏ ਅਖ਼ੀਰ ਵਿਚ ਸਲਾਹ ਦਿੰਦਾ ਹੈ: “ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ੁਰ ਦੀ ਬਾਣੀ ਹੈ ਲੈ ਲਵੋ।” (ਅਫ਼ਸੀਆਂ 6:17) ਟੋਪ ਸਿਪਾਹੀ ਦੇ ਸਿਰ ਤੇ ਦਿਮਾਗ਼ ਨੂੰ ਬਚਾਉਂਦਾ ਸੀ। ਉਸੇ ਤਰ੍ਹਾਂ ਸਾਡੀ ਮਸੀਹੀ ਆਸ ਸਾਡੇ ਦਿਮਾਗ਼ ਯਾਨੀ ਸਾਡੀਆਂ ਸੋਚਾਂ ਦੀ ਰਾਖੀ ਕਰਦੀ ਹੈ। (1 ਥੱਸਲੁਨੀਕੀਆਂ 5:8) ਆਪਣੇ ਮਨਾਂ ਨੂੰ ਦੁਨਿਆਵੀ ਖ਼ਿਆਲਾਂ ਤੇ ਸੁਪਨਿਆਂ ਨਾਲ ਭਰਨ ਦੀ ਬਜਾਇ ਸਾਨੂੰ ਆਪਣਾ ਧਿਆਨ ਯਿਸੂ ਵਾਂਗ ਭਵਿੱਖ ਸੰਬੰਧੀ ਆਪਣੀ ਆਸ ਉੱਤੇ ਲਾਉਣਾ ਚਾਹੀਦਾ ਹੈ।—ਇਬਰਾਨੀਆਂ 12:2.

18. ਸਾਨੂੰ ਕਿਉਂ ਬਾਕਾਇਦਾ ਬਾਈਬਲ ਪੜ੍ਹਨੀ ਚਾਹੀਦੀ ਹੈ?

18 ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਦੇ ਅਸਰ ਤੋਂ ਬਚਣ ਦਾ ਆਖ਼ਰੀ ਹਥਿਆਰ ਹੈ ਬਾਈਬਲ ਵਿਚ ਦਰਜ ਪਰਮੇਸ਼ੁਰ ਦੀ ਬਾਣੀ ਜਾਂ ਸੰਦੇਸ਼। ਇਹ ਇਕ ਹੋਰ ਵਜ੍ਹਾ ਹੈ ਜਿਸ ਕਰਕੇ ਸਾਨੂੰ ਬਾਕਾਇਦਾ ਬਾਈਬਲ ਪੜ੍ਹਨੀ ਚਾਹੀਦੀ ਹੈ। ਬਾਈਬਲ ਦਾ ਸਹੀ-ਸਹੀ ਗਿਆਨ ਸਾਨੂੰ ਸ਼ਤਾਨ ਦੀਆਂ ਝੂਠੀਆਂ ਗੱਲਾਂ ਤੇ ਅਫ਼ਵਾਹਾਂ ਅਤੇ ਧਰਮ-ਤਿਆਗੀਆਂ ਦੀਆਂ ਚੁੱਭਵੀਆਂ ਗੱਲਾਂ ਤੋਂ ਬਚਾਉਂਦਾ ਹੈ।

‘ਹਰ ਸਮੇਂ ਪ੍ਰਾਰਥਨਾ ਕਰਦੇ ਰਹੋ’

19, 20. (ੳ) ਸ਼ਤਾਨ ਅਤੇ ਉਸ ਦੇ ਦੂਤਾਂ ਦਾ ਕੀ ਹੋਵੇਗਾ? (ਅ) ਕਿਹੜੀ ਗੱਲ ਸਾਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਕਰ ਸਕਦੀ ਹੈ?

19 ਸ਼ਤਾਨ ਦੇ ਨਾਲ-ਨਾਲ ਉਸ ਦੇ ਬੁਰੇ ਦੂਤਾਂ ਅਤੇ ਇਸ ਬੁਰੀ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ। ਸ਼ਤਾਨ ਜਾਣਦਾ ਹੈ ਕਿ ਉਸ ਦਾ “ਸਮਾ ਥੋੜਾ ਹੀ ਰਹਿੰਦਾ ਹੈ।” ਉਹ ਬਹੁਤ ਗੁੱਸੇ ਵਿਚ ਹੈ ਅਤੇ ਉਨ੍ਹਾਂ ਨਾਲ ਲੜਦਾ ਹੈ “ਜਿਹੜੇ ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਸਾਖੀ ਭਰਦੇ ਹਨ।” (ਪਰਕਾਸ਼ ਦੀ ਪੋਥੀ 12:12, 17) ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਸ਼ਤਾਨ ਅਤੇ ਬੁਰੇ ਦੂਤਾਂ ਦਾ ਸਾਮ੍ਹਣਾ ਕਰੀਏ।

20 ਸਾਰੇ ਸ਼ਸਤਰ-ਬਸਤਰ ਪਹਿਨਣ ਬਾਰੇ ਦਿੱਤੀ ਪਰਮੇਸ਼ੁਰ ਦੀ ਸਲਾਹ ਲਈ ਅਸੀਂ ਕਿੰਨੇ ਧੰਨਵਾਦੀ ਹਾਂ! ਪੌਲੁਸ ਸ਼ਸਤਰਾਂ ਬਾਰੇ ਆਪਣੀ ਗੱਲ ਇਨ੍ਹਾਂ ਸ਼ਬਦਾਂ ਨਾਲ ਖ਼ਤਮ ਕਰਦਾ ਹੈ: “ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਹ ਦੇ ਨਮਿੱਤ ਸਾਰਿਆਂ ਸੰਤਾਂ ਲਈ ਬਹੁਤ ਤਕੜਾਈ ਅਤੇ ਬੇਨਤੀ ਨਾਲ ਜਾਗਦੇ ਰਹੋ।” (ਅਫ਼ਸੀਆਂ 6:18) ਪ੍ਰਾਰਥਨਾ ਕਰਨ ਨਾਲ ਸਾਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਹੋਣ ਅਤੇ ਜਾਗਦੇ ਰਹਿਣ ਵਿਚ ਮਦਦ ਮਿਲਦੀ ਹੈ। ਇਸ ਲਈ ਆਓ ਆਪਾਂ ਪੌਲੁਸ ਦੇ ਸ਼ਬਦਾਂ ਅਨੁਸਾਰ ਚੱਲੀਏ ਅਤੇ ਪ੍ਰਾਰਥਨਾ ਕਰਦੇ ਰਹੀਏ ਕਿਉਂਕਿ ਇਸ ਤਰ੍ਹਾਂ ਕਰ ਕੇ ਸਾਨੂੰ ਸ਼ਤਾਨ ਅਤੇ ਉਸ ਦੇ ਦੂਤਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਮਿਲੇਗੀ।

ਤੁਸੀਂ ਕੀ ਸਿੱਖਿਆ ਹੈ?

• ਸ਼ਤਾਨ ਅਤੇ ਉਸ ਦੇ ਦੂਤ ਕਿਵੇਂ ਹੋਂਦ ਵਿਚ ਆਏ?

• ਸ਼ਤਾਨ ਕਿੰਨਾ ਕੁ ਤਾਕਤਵਰ ਹੈ?

• ਅਸੀਂ ਸ਼ਤਾਨ ਅਤੇ ਬੁਰੇ ਦੂਤਾਂ ਤੋਂ ਆਪਣਾ ਬਚਾਅ ਕਿਵੇਂ ਕਰ ਸਕਦੇ ਹਾਂ?

• ਅਸੀਂ ਪਰਮੇਸ਼ੁਰ ਵੱਲੋਂ ਮਿਲੇ ਸਾਰੇ ਸ਼ਸਤਰ-ਬਸਤਰ ਕਿਵੇਂ ਪਹਿਨ ਸਕਦੇ ਹਾਂ?

[ਸਵਾਲ]

[ਸਫ਼ਾ 26 ਉੱਤੇ ਤਸਵੀਰਾਂ]

“ਪਰਮੇਸ਼ੁਰ ਦੇ ਪੁੱਤ੍ਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ”

[ਸਫ਼ਾ 28 ਉੱਤੇ ਤਸਵੀਰ]

ਕੀ ਤੁਸੀਂ ਅਧਿਆਤਮਿਕ ਸ਼ਸਤਰ-ਬਸਤਰ ਦੇ ਛੇ ਹਿੱਸਿਆਂ ਦੇ ਨਾਂ ਦੱਸ ਕੇ ਉਨ੍ਹਾਂ ਬਾਰੇ ਸਮਝਾ ਸਕਦੇ ਹੋ?

[ਸਫ਼ਾ 29 ਉੱਤੇ ਤਸਵੀਰਾਂ]

ਇਨ੍ਹਾਂ ਕੰਮਾਂ ਵਿਚ ਹਿੱਸਾ ਲੈ ਕੇ ਸ਼ਤਾਨ ਤੇ ਉਸ ਦੇ ਦੂਤਾਂ ਤੋਂ ਸਾਡੀ ਰਾਖੀ ਕਿਵੇਂ ਹੁੰਦੀ ਹੈ?