Skip to content

Skip to table of contents

ਦੂਤ ਇਨਸਾਨਾਂ ਤੇ ਕਿਹੋ ਜਿਹਾ ਅਸਰ ਪਾਉਂਦੇ ਹਨ

ਦੂਤ ਇਨਸਾਨਾਂ ਤੇ ਕਿਹੋ ਜਿਹਾ ਅਸਰ ਪਾਉਂਦੇ ਹਨ

ਦੂਤ ਇਨਸਾਨਾਂ ਤੇ ਕਿਹੋ ਜਿਹਾ ਅਸਰ ਪਾਉਂਦੇ ਹਨ

“ਇਹ ਦੇ ਮਗਰੋਂ ਮੈਂ ਇੱਕ ਹੋਰ ਦੂਤ ਨੂੰ ਅਕਾਸ਼ੋਂ ਉਤਰਦਾ ਡਿੱਠਾ ਜਿਹ ਦਾ ਵੱਡਾ ਇਖ਼ਤਿਆਰ ਸੀ ਅਤੇ . . . ਉਹ ਨੇ ਡਾਢੀ ਉੱਚੀ ਹਾਕ ਮਾਰ ਕੇ ਆਖਿਆ,—ਢਹਿ ਪਈ ਬਾਬੁਲ, ਵੱਡੀ ਨਗਰੀ ਢਹਿ ਪਈ!”—ਪਰਕਾਸ਼ ਦੀ ਪੋਥੀ 18:1, 2.

1, 2. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੀ ਮਰਜ਼ੀ ਪੂਰੀ ਕਰਨ ਵਿਚ ਦੂਤਾਂ ਨੂੰ ਇਸਤੇਮਾਲ ਕਰਦਾ ਹੈ?

ਬਿਰਧ ਯੂਹੰਨਾ ਰਸੂਲ ਨੂੰ ਜਦ ਬੰਦੀ ਬਣਾ ਕੇ ਪਾਤਮੁਸ ਦੇ ਟਾਪੂ ਉੱਤੇ ਭੇਜਿਆ ਗਿਆ ਸੀ, ਤਾਂ ਉਸ ਨੂੰ ਪਰਮੇਸ਼ੁਰ ਨੇ ਭਵਿੱਖ ਬਾਰੇ ਦਰਸ਼ਣ ਦਿਖਾਏ। ਪਰਮੇਸ਼ੁਰ ਦੀ “ਆਤਮਾ” ਉਸ ਨੂੰ ‘ਪ੍ਰਭੂ ਦੇ ਦਿਨ’ ਵਿਚ ਲੈ ਗਈ ਜਿਸ ਵਿਚ ਯੂਹੰਨਾ ਨੇ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀਆਂ ਘਟਨਾਵਾਂ ਦੇਖੀਆਂ। ਇਹ ਦਿਨ 1914 ਵਿਚ ਸ਼ੁਰੂ ਹੋਇਆ ਸੀ ਜਦ ਯਿਸੂ ਮਸੀਹ ਨੂੰ ਸਵਰਗ ਵਿਚ ਰਾਜਾ ਬਣਾਇਆ ਗਿਆ ਸੀ। ਇਹ ਦਿਨ ਉਸ ਦੇ ਹਜ਼ਾਰ ਸਾਲ ਦੇ ਸ਼ਾਸਨ ਦੇ ਅੰਤ ਤਕ ਚੱਲਦਾ ਰਹੇਗਾ।—ਪਰਕਾਸ਼ ਦੀ ਪੋਥੀ 1:10.

2 ਯਹੋਵਾਹ ਪਰਮੇਸ਼ੁਰ ਨੇ ਆਪ ਇਹ ਦਰਸ਼ਣ ਯੂਹੰਨਾ ਨੂੰ ਨਹੀਂ ਦਿਖਾਇਆ। ਇਹ ਕੰਮ ਕਰਨ ਲਈ ਉਸ ਨੇ ਕਿਸੇ ਹੋਰ ਨੂੰ ਇਸਤੇਮਾਲ ਕੀਤਾ ਸੀ। ਪਰਕਾਸ਼ ਦੀ ਪੋਥੀ 1:1 ਵਿਚ ਲਿਖਿਆ ਹੈ: “ਯਿਸੂ ਮਸੀਹ ਦਾ ਪਰਕਾਸ਼ ਜਿਹੜਾ ਪਰਮੇਸ਼ੁਰ ਨੇ ਆਪਣਿਆਂ ਦਾਸਾਂ ਨੂੰ ਵਿਖਾਉਣ ਲਈ ਉਹ ਨੂੰ ਦਿੱਤਾ, ਅਰਥਾਤ ਓਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ; ਅਤੇ ਉਸ ਨੇ ਆਪਣੇ ਦੂਤ ਦੇ ਹੱਥੀਂ ਭੇਜ ਕੇ ਆਪਣੇ ਦਾਸ ਯੂਹੰਨਾ ਨੂੰ ਉਹ ਦਾ ਪਤਾ ਦਿੱਤਾ।” ਯਹੋਵਾਹ ਨੇ ਯਿਸੂ ਦੇ ਜ਼ਰੀਏ ਇਕ ਦੂਤ ਨੂੰ ਇਸਤੇਮਾਲ ਕਰ ਕੇ ਯੂਹੰਨਾ ਨੂੰ “ਪ੍ਰਭੂ ਦੇ ਦਿਨ” ਵਿਚ ਹੋਣ ਵਾਲੀਆਂ ਗੱਲਾਂ ਦਿਖਾਈਆਂ ਸਨ। ਯੂਹੰਨਾ ਨੇ “ਇੱਕ ਹੋਰ ਦੂਤ ਨੂੰ ਅਕਾਸ਼ੋਂ ਉਤਰਦਾ ਡਿੱਠਾ ਜਿਹ ਦਾ ਵੱਡਾ ਇਖ਼ਤਿਆਰ ਸੀ।” ਇਸ ਦੂਤ ਨੂੰ ਕੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ? “ਉਹ ਨੇ ਡਾਢੀ ਉੱਚੀ ਹਾਕ ਮਾਰ ਕੇ ਆਖਿਆ,—ਢਹਿ ਪਈ ਬਾਬੁਲ, ਵੱਡੀ ਨਗਰੀ ਢਹਿ ਪਈ!” (ਪਰਕਾਸ਼ ਦੀ ਪੋਥੀ 18:1, 2) ਵੱਡੀ ਬਾਬੁਲ ਦੁਨੀਆਂ ਦੇ ਸਾਰੇ ਝੂਠੇ ਧਰਮਾਂ ਨੂੰ ਦਰਸਾਉਂਦੀ ਹੈ। ਇਸ ਸ਼ਕਤੀਸ਼ਾਲੀ ਦੂਤ ਨੂੰ ਵੱਡੀ ਬਾਬੁਲ ਦੇ ਨਾਸ਼ ਦਾ ਐਲਾਨ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਤਰ੍ਹਾਂ ਯਹੋਵਾਹ ਆਪਣੀ ਮਰਜ਼ੀ ਪੂਰੀ ਕਰਵਾਉਣ ਲਈ ਦੂਤਾਂ ਨੂੰ ਵਰਤਦਾ ਹੈ। ਇਹ ਦੇਖਣ ਤੋਂ ਪਹਿਲਾਂ ਕਿ ਦੂਤ ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਲਈ ਕੀ ਕਰਦੇ ਹਨ ਅਤੇ ਉਹ ਸਾਡੇ ਤੇ ਕਿਹੋ ਜਿਹਾ ਅਸਰ ਪਾਉਂਦੇ ਹਨ, ਅਸੀਂ ਦੇਖਾਂਗੇ ਕਿ ਇਹ ਦੂਤ ਆਏ ਕਿੱਥੋਂ।

ਦੂਤ ਕਿੱਥੋਂ ਆਏ?

3. ਦੂਤਾਂ ਬਾਰੇ ਕਈ ਲੋਕ ਕਿਹੜੇ ਗ਼ਲਤ ਵਿਚਾਰ ਰੱਖਦੇ ਹਨ?

3 ਲੱਖਾਂ ਲੋਕ ਮੰਨਦੇ ਹਨ ਕਿ ਫ਼ਰਿਸ਼ਤੇ ਜਾਂ ਦੂਤ ਹਨ। ਪਰ ਕਈ ਲੋਕ ਫ਼ਰਿਸ਼ਤਿਆਂ ਬਾਰੇ ਅਤੇ ਉਨ੍ਹਾਂ ਦੀ ਹੋਂਦ ਬਾਰੇ ਗ਼ਲਤ ਵਿਚਾਰ ਰੱਖਦੇ ਹਨ। ਮਿਸਾਲ ਲਈ, ਧਾਰਮਿਕ ਖ਼ਿਆਲਾਂ ਵਾਲੇ ਲੋਕ ਮੰਨਦੇ ਹਨ ਕਿ ਜਦ ਉਨ੍ਹਾਂ ਦਾ ਕੋਈ ਅਜ਼ੀਜ਼ ਮਰ ਜਾਂਦਾ ਹੈ, ਤਾਂ ਰੱਬ ਉਸ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ ਜਿੱਥੇ ਉਹ ਫ਼ਰਿਸ਼ਤਾ ਬਣ ਜਾਂਦਾ ਹੈ। ਕੀ ਪਰਮੇਸ਼ੁਰ ਦਾ ਬਚਨ ਦੂਤਾਂ ਦੀ ਸ੍ਰਿਸ਼ਟੀ ਤੇ ਉਨ੍ਹਾਂ ਨੂੰ ਰਚਣ ਦੇ ਮਕਸਦ ਬਾਰੇ ਇਸ ਤਰ੍ਹਾਂ ਸਿਖਾਉਂਦਾ ਹੈ?

4. ਦੂਤਾਂ ਦੀ ਹੋਂਦ ਬਾਰੇ ਬਾਈਬਲ ਕੀ ਦੱਸਦੀ ਹੈ?

4 ਮੀਕਾਏਲ ਨਾਂ ਦਾ ਮਹਾਂ ਦੂਤ ਸਭ ਤੋਂ ਤਾਕਤਵਰ ਹੈ। (ਯਹੂਦਾਹ 9) ਇਹ ਮਹਾਂ ਦੂਤ ਯਿਸੂ ਮਸੀਹ ਹੈ। (1 ਥੱਸਲੁਨੀਕੀਆਂ 4:16) ਖਰਬਾਂ ਸਾਲ ਪਹਿਲਾਂ ਜਦ ਯਹੋਵਾਹ ਨੇ ਸ੍ਰਿਸ਼ਟੀ ਕਰਨ ਦੀ ਸੋਚੀ ਸੀ, ਤਾਂ ਸਭ ਤੋਂ ਪਹਿਲਾਂ ਉਸ ਨੇ ਯਿਸੂ ਨੂੰ ਰਚਿਆ ਸੀ। (ਪਰਕਾਸ਼ ਦੀ ਪੋਥੀ 3:14) ਬਾਕੀ ਸਾਰੇ ਦੂਤ ਯਹੋਵਾਹ ਨੇ ਯਿਸੂ ਨਾਲ ਮਿਲ ਕੇ ਰਚੇ ਸਨ। (ਕੁਲੁੱਸੀਆਂ 1:15-17) ਇਨ੍ਹਾਂ ਦੂਤਾਂ ਨੂੰ ਆਪਣੇ ਪੁੱਤਰ ਕਹਿੰਦੇ ਹੋਏ ਯਹੋਵਾਹ ਨੇ ਅੱਯੂਬ ਨੂੰ ਪੁੱਛਿਆ: “ਤੂੰ ਕਿੱਥੇ ਸੈਂ ਜਦ ਮੈਂ ਧਰਤੀ ਦੀ ਨੀਉਂ ਰੱਖੀ? ਦੱਸ, ਜੇ ਤੂੰ ਸਮਝ ਰੱਖਦਾ ਹੈਂ! . . . ਕਿਹ ਨੇ ਉਹ ਦੇ ਸਿਰੇ ਦਾ ਪੱਥਰ ਧਰਿਆ, ਜਦ ਸਵੇਰ ਦੇ ਤਾਰੇ ਮਿਲ ਕੇ ਜੈਕਾਰੇ ਗਜਾਉਂਦੇ ਸਨ, ਅਤੇ ਪਰਮੇਸ਼ੁਰ ਦੇ ਸਾਰੇ ਪੁੱਤ੍ਰ ਨਾਰੇ ਮਾਰਦੇ ਸਨ?” (ਅੱਯੂਬ 38:4, 6, 7) ਇਸ ਤੋਂ ਸਪੱਸ਼ਟ ਹੈ ਕਿ ਦੂਤਾਂ ਨੂੰ ਪਰਮੇਸ਼ੁਰ ਨੇ ਰਚਿਆ ਹੈ ਅਤੇ ਉਹ ਇਨਸਾਨਾਂ ਤੋਂ ਕਾਫ਼ੀ ਚਿਰ ਪਹਿਲਾਂ ਹੋਂਦ ਵਿਚ ਆਏ ਸਨ।

5. ਦੂਤਾਂ ਨੂੰ ਕਿੰਨੇ ਵਰਗਾਂ ਵਿਚ ਵੰਡਿਆ ਗਿਆ ਹੈ?

5ਪਹਿਲਾ ਕੁਰਿੰਥੀਆਂ 14:33 ਕਹਿੰਦਾ ਹੈ ਕਿ ‘ਪਰਮੇਸ਼ੁਰ ਘਮਸਾਣ ਦਾ ਨਹੀਂ ਸਗੋਂ ਸ਼ਾਂਤੀ ਦਾ ਪਰਮੇਸ਼ੁਰ ਹੈ।’ ਯਹੋਵਾਹ ਪਰਮੇਸ਼ੁਰ ਨੇ ਦੂਤਾਂ ਨੂੰ ਤਿੰਨ ਵਰਗਾਂ ਵਿਚ ਵੰਡਿਆ ਹੈ: (1) ਸਰਾਫ਼ੀਮ, ਜੋ ਪਰਮੇਸ਼ੁਰ ਦੇ ਸਿੰਘਾਸਣ ਕੋਲ ਉਸ ਦੀ ਸੇਵਾ ਲਈ ਖੜ੍ਹੇ ਰਹਿੰਦੇ ਹਨ। ਉਹ ਪਰਮੇਸ਼ੁਰ ਦੀ ਪਵਿੱਤਰਤਾ ਦਾ ਐਲਾਨ ਕਰਦੇ ਹਨ ਅਤੇ ਉਸ ਦੇ ਲੋਕਾਂ ਨੂੰ ਅਧਿਆਤਮਿਕ ਤੌਰ ਤੇ ਸ਼ੁੱਧ ਰੱਖਦੇ ਹਨ, (2) ਕਰੂਬੀ, ਜੋ ਯਹੋਵਾਹ ਦੀ ਸ਼ਾਨ ਦੀ ਵਡਿਆਈ ਕਰਦੇ ਹਨ ਅਤੇ (3) ਦੂਸਰੇ ਦੂਤ, ਜੋ ਯਹੋਵਾਹ ਦੀ ਮਰਜ਼ੀ ਪੂਰੀ ਕਰਦੇ ਹਨ। (ਜ਼ਬੂਰਾਂ ਦੀ ਪੋਥੀ 103:20; ਯਸਾਯਾਹ 6:1-3; ਹਿਜ਼ਕੀਏਲ 10:3-5; ਦਾਨੀਏਲ 7:10) ਕਿਨ੍ਹਾਂ ਕੁਝ ਤਰੀਕਿਆਂ ਨਾਲ ਇਹ ਦੂਤ ਇਨਸਾਨਾਂ ਤੇ ਅਸਰ ਪਾਉਂਦੇ ਹਨ?—ਪਰਕਾਸ਼ ਦੀ ਪੋਥੀ 5:11.

ਦੂਤ ਕੀ ਕਰਦੇ ਹਨ?

6. ਅਦਨ ਦੇ ਬਾਗ਼ ਦੇ ਸੰਬੰਧ ਵਿਚ ਯਹੋਵਾਹ ਨੇ ਕਰੂਬੀਆਂ ਨੂੰ ਕਿਵੇਂ ਵਰਤਿਆ?

6 ਦੂਤਾਂ ਦਾ ਜ਼ਿਕਰ ਪਹਿਲੀ ਵਾਰ ਉਤਪਤ 3:24 ਵਿਚ ਮਿਲਦਾ ਹੈ। ਇਸ ਵਿਚ ਅਸੀਂ ਪੜ੍ਹਦੇ ਹਾਂ: “[ਯਹੋਵਾਹ] ਨੇ ਆਦਮੀ ਨੂੰ ਕੱਢ ਦਿੱਤਾ ਅਤੇ ਉਸ ਨੇ ਅਦਨ ਦੇ ਬਾਗ ਦੇ ਚੜ੍ਹਦੇ ਪਾਸੇ ਦੂਤਾਂ [ਕਰੂਬੀਆਂ] ਨੂੰ ਅਤੇ ਚੌਪਾਸੇ ਘੁੰਮਣ ਵਾਲੇ ਖੰਡੇ ਦੀ ਲਸ਼ਕ ਨੂੰ ਰੱਖਿਆ ਤਾਂਜੋ ਓਹ ਜੀਵਣ ਦੇ ਬਿਰਛ ਦੇ ਰਾਹ ਦੀ ਰਾਖੀ ਕਰਨ।” ਇਨ੍ਹਾਂ ਕਰੂਬੀਆਂ ਨੇ ਆਦਮ ਤੇ ਹੱਵਾਹ ਨੂੰ ਅਦਨ ਦੇ ਬਾਗ਼ ਵਿਚ ਦੁਬਾਰਾ ਨਹੀਂ ਵੜਨ ਦਿੱਤਾ। ਇਹ ਗੱਲ ਮਨੁੱਖੀ ਇਤਿਹਾਸ ਦੇ ਸ਼ੁਰੂ ਵਿਚ ਵਾਪਰੀ ਸੀ। ਉਦੋਂ ਤੋਂ ਦੂਤ ਕੀ ਕਰਦੇ ਆਏ ਹਨ?

7. “ਦੂਤ” ਲਈ ਵਰਤੇ ਇਬਰਾਨੀ ਤੇ ਯੂਨਾਨੀ ਸ਼ਬਦਾਂ ਦੇ ਅਰਥ ਤੋਂ ਸਾਨੂੰ ਦੂਤਾਂ ਦੇ ਕਿਹੜੇ ਕੰਮ ਦਾ ਪਤਾ ਲੱਗਦਾ ਹੈ?

7 ਬਾਈਬਲ ਵਿਚ ਦੂਤਾਂ ਦਾ ਜ਼ਿਕਰ ਤਕਰੀਬਨ 400 ਵਾਰ ਆਉਂਦਾ ਹੈ। ਇਬਰਾਨੀ ਤੇ ਯੂਨਾਨੀ ਭਾਸ਼ਾ ਵਿਚ “ਦੂਤ” ਲਈ ਵਰਤੇ ਗਏ ਸ਼ਬਦਾਂ ਦਾ ਅਨੁਵਾਦ “ਸੰਦੇਸ਼ਵਾਹਕ” ਕੀਤਾ ਜਾ ਸਕਦਾ ਹੈ। ਦੂਤ ਪਰਮੇਸ਼ੁਰ ਦੇ ਸੰਦੇਸ਼ ਇਨਸਾਨਾਂ ਤਕ ਪਹੁੰਚਾਉਣ ਦਾ ਕੰਮ ਕਰਦੇ ਸਨ। ਜਿਵੇਂ ਆਪਾਂ ਇਸ ਲੇਖ ਦੇ ਪਹਿਲੇ ਦੋ ਪੈਰਿਆਂ ਵਿਚ ਦੇਖਿਆ ਹੈ, ਯਹੋਵਾਹ ਨੇ ਯੂਹੰਨਾ ਰਸੂਲ ਨੂੰ ਆਪਣਾ ਸੰਦੇਸ਼ ਦੇਣ ਲਈ ਦੂਤ ਨੂੰ ਵਰਤਿਆ ਸੀ।

8, 9. (ੳ) ਇਕ ਦੂਤ ਨਾਲ ਗੱਲ ਕਰਕੇ ਮਾਨੋਆਹ ਤੇ ਉਸ ਦੀ ਪਤਨੀ ਤੇ ਕੀ ਅਸਰ ਪਿਆ? (ਅ) ਪਰਮੇਸ਼ੁਰ ਦੇ ਦੂਤ ਨਾਲ ਮਾਨੋਆਹ ਦੀ ਹੋਈ ਗੱਲਬਾਤ ਤੋਂ ਮਾਪੇ ਕੀ ਸਿੱਖ ਸਕਦੇ ਹਨ?

8 ਪਰਮੇਸ਼ੁਰ ਆਪਣੇ ਲੋਕਾਂ ਨੂੰ ਸਹਾਰਾ ਤੇ ਹੌਸਲਾ ਦੇਣ ਲਈ ਵੀ ਦੂਤਾਂ ਨੂੰ ਵਰਤਦਾ ਹੈ। ਮਿਸਾਲ ਲਈ, ਇਸਰਾਏਲ ਵਿਚ ਨਿਆਈਆਂ ਦੇ ਦਿਨਾਂ ਵਿਚ ਮਾਨੋਆਹ ਅਤੇ ਉਸ ਦੀ ਪਤਨੀ ਇਕ ਬੱਚੇ ਲਈ ਤਰਸ ਰਹੇ ਸਨ। ਯਹੋਵਾਹ ਨੇ ਆਪਣੇ ਇਕ ਦੂਤ ਨੂੰ ਭੇਜ ਕੇ ਮਾਨੋਆਹ ਦੀ ਪਤਨੀ ਨੂੰ ਦੱਸਿਆ ਕਿ ਉਸ ਦੇ ਇਕ ਮੁੰਡਾ ਹੋਵੇਗਾ। ਬਾਈਬਲ ਵਿਚ ਅਸੀਂ ਪੜ੍ਹਦੇ ਹਾਂ: “ਵੇਖ, ਤੂੰ ਗਰਭਣੀ ਹੋਵੇਂਗੀ ਅਤੇ ਪੁੱਤ੍ਰ ਜਣੇਗੀ। ਉਹ ਦੇ ਸਿਰ ਉੱਤੇ ਉਸਤਰਾ ਕਦੇ ਨਾ ਲੱਗੇ ਇਸ ਲਈ ਜੋ ਉਹ ਮੁੰਡਾ ਗਰਭ ਤੋਂ ਹੀ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ ਅਤੇ ਉਹ ਫ਼ਲਿਸਤੀਆਂ ਦੇ ਹੱਥੋਂ ਇਸਰਾਏਲੀਆਂ ਦਾ ਬਚਾਓ ਕਰਨ ਲੱਗੇਗਾ।”—ਨਿਆਈਆਂ 13:1-5.

9 ਮਾਨੋਆਹ ਦੀ ਪਤਨੀ ਨੇ ਸਮਸੂਨ ਨਾਂ ਦੇ ਇਕ ਪੁੱਤਰ ਨੂੰ ਜਨਮ ਦਿੱਤਾ ਜੋ ਬਾਈਬਲ ਦੇ ਇਤਿਹਾਸ ਵਿਚ ਬਹੁਤ ਮਸ਼ਹੂਰ ਹੋਇਆ ਸੀ। (ਨਿਆਈਆਂ 13:24) ਇਸ ਮੁੰਡੇ ਦੇ ਪੈਦਾ ਹੋਣ ਤੋਂ ਪਹਿਲਾਂ ਮਾਨੋਆਹ ਨੇ ਬੇਨਤੀ ਕੀਤੀ ਕਿ ਉਹ ਦੂਤ ਦੁਬਾਰਾ ਆ ਕੇ ਉਨ੍ਹਾਂ ਨੂੰ ਦੱਸੇ ਕਿ ਉਹ ਮੁੰਡੇ ਦੀ ਪਰਵਰਿਸ਼ ਕਿਸ ਤਰ੍ਹਾਂ ਕਰਨ। ਮਾਨੋਆਹ ਨੇ ਪੁੱਛਿਆ: “ਉਹ ਮੁੰਡਾ ਕਿਹਾ ਹੋਵੇਗਾ ਅਤੇ ਕੀ ਕੰਮ ਕਰੇਗਾ?” ਯਹੋਵਾਹ ਦੇ ਦੂਤ ਨੇ ਉਹੀ ਗੱਲਾਂ ਫਿਰ ਦੱਸੀਆਂ ਜੋ ਉਸ ਨੇ ਮਾਨੋਆਹ ਦੀ ਪਤਨੀ ਨੂੰ ਪਹਿਲਾਂ ਕਹੀਆਂ ਸਨ। (ਨਿਆਈਆਂ 13:6-14) ਇਹ ਸੁਣ ਕੇ ਮਾਨੋਆਹ ਨੂੰ ਕਿੰਨਾ ਹੌਸਲਾ ਮਿਲਿਆ ਹੋਵੇਗਾ! ਭਾਵੇਂ ਅੱਜ ਦੂਤ ਪਹਿਲਾਂ ਵਾਂਗ ਸਾਨੂੰ ਮਿਲਣ ਨਹੀਂ ਆਉਂਦੇ, ਪਰ ਮਾਪੇ ਆਪਣੇ ਬੱਚਿਆਂ ਨੂੰ ਸਿਖਲਾਈ ਦੇਣ ਲਈ ਮਾਨੋਆਹ ਦੀ ਤਰ੍ਹਾਂ ਯਹੋਵਾਹ ਦੀ ਸੇਧ ਭਾਲ ਸਕਦੇ ਹਨ।—ਅਫ਼ਸੀਆਂ 6:4.

10, 11. (ੳ) ਹਮਲਾ ਕਰਨ ਆਈ ਅਰਾਮੀ ਫ਼ੌਜ ਦਾ ਅਲੀਸ਼ਾ ਅਤੇ ਉਸ ਦੇ ਸੇਵਕ ਉੱਤੇ ਕੀ ਅਸਰ ਪਿਆ? (ਅ) ਇਸ ਘਟਨਾ ਉੱਤੇ ਮਨਨ ਕਰਨ ਨਾਲ ਸਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?

10 ਅਲੀਸ਼ਾ ਨਬੀ ਦੇ ਦਿਨਾਂ ਵਿਚ ਦੂਤਾਂ ਨੇ ਹੌਸਲਾ ਦੇਣ ਦੇ ਮਾਮਲੇ ਵਿਚ ਇਕ ਹੋਰ ਵਧੀਆ ਮਿਸਾਲ ਕਾਇਮ ਕੀਤੀ। ਅਲੀਸ਼ਾ ਇਸਰਾਏਲ ਦੇ ਦੋਥਾਨ ਸ਼ਹਿਰ ਵਿਚ ਰਹਿੰਦਾ ਸੀ। ਇਕ ਦਿਨ ਅਲੀਸ਼ਾ ਦੇ ਸੇਵਕ ਨੇ ਸਵੇਰੇ-ਸਵੇਰੇ ਉੱਠ ਕੇ ਜਦ ਬਾਹਰ ਦੇਖਿਆ, ਤਾਂ ਸ਼ਹਿਰ ਘੋੜਿਆਂ ਅਤੇ ਜੰਗੀ ਰਥਾਂ ਨਾਲ ਘਿਰਿਆ ਹੋਇਆ ਸੀ। ਅਰਾਮ ਦੇ ਰਾਜੇ ਨੇ ਅਲੀਸ਼ਾ ਨੂੰ ਫੜਨ ਲਈ ਇਹ ਸ਼ਕਤੀਸ਼ਾਲੀ ਫ਼ੌਜ ਭੇਜੀ ਸੀ। ਫ਼ੌਜ ਦੇਖ ਕੇ ਅਲੀਸ਼ਾ ਦੇ ਸੇਵਕ ਦਾ ਕੀ ਹਾਲ ਹੋਇਆ? ਡਰ ਦੇ ਮਾਰੇ ਉਹ ਚਿਲਾ ਉੱਠਿਆ: “ਹਾਏ ਮੇਰੇ ਸੁਆਮੀ ਜੀ, ਅਸੀਂ ਕੀ ਕਰੀਏ?” ਉਸ ਦੇ ਭਾਣੇ ਹੁਣ ਉਨ੍ਹਾਂ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ। ਪਰ ਅਲੀਸ਼ਾ ਨੇ ਜਵਾਬ ਦਿੱਤਾ: “ਨਾ ਡਰ ਕਿਉਂ ਜੋ ਸਾਡੇ ਨਾਲ ਦੇ ਉਨ੍ਹਾਂ ਦੇ ਨਾਲ ਦਿਆਂ ਨਾਲੋਂ ਬਾਹਲੇ ਹਨ।” (2 ਰਾਜਿਆਂ 6:11-16) ਉਸ ਦੇ ਕਹਿਣ ਦਾ ਕੀ ਮਤਲਬ ਸੀ?

11 ਅਲੀਸ਼ਾ ਨੂੰ ਪਤਾ ਸੀ ਕਿ ਦੂਤ ਉਸ ਦੀ ਮਦਦ ਕਰਨ ਲਈ ਹਾਜ਼ਰ ਸਨ। ਪਰ ਉਸ ਦੇ ਸੇਵਕ ਨੂੰ ਕੁਝ ਨਜ਼ਰ ਨਹੀਂ ਆਇਆ। ਇਸ ਲਈ “ਅਲੀਸ਼ਾ ਨੇ ਬੇਨਤੀ ਕੀਤੀ ਤੇ ਆਖਿਆ, ਹੇ ਯਹੋਵਾਹ, ਤੂੰ ਉਹ ਦੀਆਂ ਅੱਖਾਂ ਖੋਲ੍ਹ ਭਈ ਉਹ ਵੇਖੇ ਅਤੇ ਯਹੋਵਾਹ ਨੇ ਉਸ ਜੁਆਨ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਹ ਨੇ ਨਿਗਾਹ ਕਰ ਕੇ ਵੇਖਿਆ ਭਈ ਅਲੀਸ਼ਾ ਦੇ ਦਵਾਲੇ ਦਾ ਪਹਾੜ ਅਗਨ ਦੇ ਘੋੜਿਆਂ ਤੇ ਰਥਾਂ ਨਾਲ ਭਰਿਆ ਹੋਇਆ ਹੈ।” (2 ਰਾਜਿਆਂ 6:17) ਹੁਣ ਅਲੀਸ਼ਾ ਦਾ ਸੇਵਕ ਦੂਤਾਂ ਦੇ ਲਸ਼ਕਰ ਨੂੰ ਦੇਖ ਸਕਦਾ ਸੀ। ਅਸੀਂ ਵੀ ਪਰਮੇਸ਼ੁਰ ਦੀ ਮਦਦ ਨਾਲ ਅਨੁਭਵ ਕਰ ਸਕਦੇ ਹਾਂ ਕਿ ਦੂਤ ਯਹੋਵਾਹ ਤੇ ਮਸੀਹ ਦੀ ਸੇਧ ਵਿਚ ਚੱਲਦੇ ਹੋਏ ਯਹੋਵਾਹ ਦੇ ਲੋਕਾਂ ਦੀ ਮਦਦ ਤੇ ਰਾਖੀ ਕਰਦੇ ਹਨ।

ਮਸੀਹ ਦੇ ਜ਼ਮਾਨੇ ਵਿਚ ਦੂਤਾਂ ਦਾ ਸਹਾਰਾ

12. ਜਿਬਰਾਏਲ ਦੂਤ ਨੇ ਮਰਿਯਮ ਨੂੰ ਕੀ ਹੌਸਲਾ ਦਿੱਤਾ?

12 ਇਕ ਕੁਆਰੀ ਯਹੂਦਣ ਕੁੜੀ ਮਰਿਯਮ ਨੂੰ ਉਸ ਵੇਲੇ ਹੌਸਲਾ ਮਿਲਿਆ ਜਦੋਂ ਉਸ ਨੇ ਇਹ ਖ਼ਬਰ ਸੁਣੀ ਸੀ: “ਵੇਖ ਤੂੰ ਗਰਭਵੰਤੀ ਹੋਵੇਂਗੀ ਅਰ ਪੁੱਤ੍ਰ ਜਣੇਂਗੀ ਅਤੇ ਉਹ ਦਾ ਨਾਮ ਯਿਸੂ ਰੱਖਣਾ।” ਪਰ ਇਹ ਚੌਂਕਾ ਦੇਣ ਵਾਲਾ ਸੰਦੇਸ਼ ਦੇਣ ਤੋਂ ਪਹਿਲਾਂ ਪਰਮੇਸ਼ੁਰ ਵੱਲੋਂ ਭੇਜੇ ਜਿਬਰਾਏਲ ਦੂਤ ਨੇ ਉਸ ਨੂੰ ਕਿਹਾ: “ਹੇ ਮਰਿਯਮ ਨਾ ਡਰ ਕਿਉਂ ਜੋ ਤੇਰੇ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਈ।” (ਲੂਕਾ 1:26, 27, 30, 31) ਇਹ ਲਫ਼ਜ਼ ਸੁਣ ਕੇ ਮਰਿਯਮ ਨੂੰ ਕਿੰਨਾ ਹੌਸਲਾ ਮਿਲਿਆ ਹੋਵੇਗਾ ਕਿ ਯਹੋਵਾਹ ਦੀ ਕਿਰਪਾ ਉਸ ਉੱਤੇ ਸੀ!

13. ਦੂਤਾਂ ਨੇ ਯਿਸੂ ਦੀ ਕਿਵੇਂ ਮਦਦ ਕੀਤੀ?

13 ਦੂਤਾਂ ਨੇ ਯਿਸੂ ਨੂੰ ਵੀ ਹੌਸਲਾ ਦਿੱਤਾ ਸੀ ਜਦ ਉਸ ਨੇ ਉਜਾੜ ਵਿਚ ਸ਼ਤਾਨ ਦੇ ਤਿੰਨ ਪਰਤਾਵਿਆਂ ਦਾ ਡੱਟ ਕੇ ਸਾਮ੍ਹਣਾ ਕੀਤਾ ਸੀ। ਬਿਰਤਾਂਤ ਦੱਸਦਾ ਹੈ ਕਿ ਪਰਤਾਵਿਆਂ ਤੋਂ ਬਾਅਦ “ਸ਼ਤਾਨ ਉਹ ਨੂੰ ਛੱਡ ਗਿਆ ਅਤੇ ਵੇਖੋ ਦੂਤ ਕੋਲ ਆਣ ਕੇ ਉਹ ਦੀ ਟਹਿਲ ਕਰਨ ਲੱਗੇ।” (ਮੱਤੀ 4:1-11) ਯਿਸੂ ਦੇ ਮਰਨ ਤੋਂ ਇਕ ਰਾਤ ਪਹਿਲਾਂ ਵੀ ਕੁਝ ਇਸੇ ਤਰ੍ਹਾਂ ਹੋਇਆ ਸੀ। ਦੁੱਖ ਨਾਲ ਤੜਫ਼ਦੇ ਹੋਏ ਯਿਸੂ ਨੇ ਗੋਡੇ ਨਿਵਾ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਵਿਚ ਕਿਹਾ: “ਹੇ ਪਿਤਾ, ਜੇ ਤੈਨੂੰ ਭਾਵੇ ਤਾਂ ਇਹ ਪਿਆਲਾ ਮੈਥੋਂ ਹਟਾ ਦਿਹ ਤਾਂ ਵੀ ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ। ਅਤੇ ਸੁਰਗੋਂ ਇੱਕ ਦੂਤ ਉਹ ਨੂੰ ਵਿਖਾਈ ਦੇ ਕੇ ਉਹ ਨੂੰ ਸਹਾਰਾ ਦਿੰਦਾ ਸੀ।” (ਲੂਕਾ 22:42, 43) ਪਰ ਅੱਜ ਦੂਤ ਸਾਡੀ ਕਿਸ ਤਰ੍ਹਾਂ ਮਦਦ ਕਰਦੇ ਹਨ?

ਅੱਜ ਦੂਤਾਂ ਵੱਲੋਂ ਮਦਦ

14. ਆਧੁਨਿਕ ਸਮਿਆਂ ਵਿਚ ਯਹੋਵਾਹ ਦੇ ਗਵਾਹਾਂ ਨੇ ਕਿਹੜੇ ਅਤਿਆਚਾਰ ਸਹੇ ਅਤੇ ਕੀ ਨਤੀਜਾ ਨਿਕਲਿਆ?

14 ਜਦ ਅਸੀਂ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਕੰਮ ਦਾ ਇਤਿਹਾਸ ਦੇਖਦੇ ਹਾਂ, ਤਾਂ ਸਾਨੂੰ ਦੂਤਾਂ ਦੀ ਮਦਦ ਦਾ ਵੱਡਾ ਸਬੂਤ ਮਿਲਦਾ ਹੈ। ਮਿਸਾਲ ਲਈ, ਦੂਜੇ ਵਿਸ਼ਵ ਯੁੱਧ (1939-45) ਤੋਂ ਪਹਿਲਾਂ ਅਤੇ ਯੁੱਧ ਦੌਰਾਨ ਜਰਮਨੀ ਅਤੇ ਪੱਛਮੀ ਯੂਰਪ ਵਿਚ ਯਹੋਵਾਹ ਦੇ ਗਵਾਹਾਂ ਨੇ ਨਾਜ਼ੀਆਂ ਦੇ ਤਸੀਹੇ ਝੱਲੇ। ਇਟਲੀ, ਸਪੇਨ ਅਤੇ ਪੁਰਤਗਾਲ ਵਿਚ ਕੈਥੋਲਿਕ ਫਾਸ਼ੀ ਹਕੂਮਤ ਅਧੀਨ ਗਵਾਹਾਂ ਨੂੰ ਹੋਰ ਵੀ ਲੰਮੇ ਸਮੇਂ ਤਕ ਅਤਿਆਚਾਰਾਂ ਦਾ ਸਾਮ੍ਹਣਾ ਕਰਨਾ ਪਿਆ। ਕਈ ਦਹਾਕਿਆਂ ਤਕ ਉਹ ਸਾਬਕਾ ਸੋਵੀਅਤ ਸੰਘ ਅਤੇ ਇਸ ਦੇ ਅਧੀਨ ਦੇਸ਼ਾਂ ਦੇ ਹੱਥੋਂ ਤਸੀਹੇ ਸਹਿੰਦੇ ਰਹੇ। ਗਵਾਹਾਂ ਨੇ ਕੁਝ ਅਫ਼ਰੀਕੀ ਦੇਸ਼ਾਂ ਵਿਚ ਵੀ ਅਤਿਆਚਾਰ ਸਹੇ। * ਹਾਲ ਹੀ ਦੇ ਸਮਿਆਂ ਵਿਚ ਯਹੋਵਾਹ ਦੇ ਸੇਵਕਾਂ ਨੇ ਜਾਰਜੀਆ ਦੇਸ਼ ਵਿਚ ਭਿਆਨਕ ਜ਼ੁਲਮਾਂ ਨੂੰ ਸਹਿਆ ਹੈ। ਇਸ ਤਰ੍ਹਾਂ ਸ਼ਤਾਨ ਨੇ ਆਪਣੀ ਪੂਰੀ ਵਾਹ ਲਾ ਕੇ ਯਹੋਵਾਹ ਦੇ ਗਵਾਹਾਂ ਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਇਨ੍ਹਾਂ ਅਤਿਆਚਾਰਾਂ ਦੇ ਬਾਵਜੂਦ ਉਹ ਸੰਗਠਨ ਦੇ ਤੌਰ ਤੇ ਹਾਲੇ ਵੀ ਵਧਦੇ-ਫੁੱਲਦੇ ਹਨ। ਕੁਝ ਹੱਦ ਤਕ ਇਹ ਦੂਤਾਂ ਵੱਲੋਂ ਪਰਮੇਸ਼ੁਰ ਦੇ ਲੋਕਾਂ ਦੀ ਰਾਖੀ ਕਰਨ ਦਾ ਹੀ ਨਤੀਜਾ ਹੈ।—ਜ਼ਬੂਰਾਂ ਦੀ ਪੋਥੀ 34:7; ਦਾਨੀਏਲ 3:28; 6:22.

15, 16. ਯਹੋਵਾਹ ਦੇ ਗਵਾਹਾਂ ਦੀ ਸੇਵਕਾਈ ਵਿਚ ਦੂਤ ਕਿਹੋ ਜਿਹੀ ਮਦਦ ਕਰਦੇ ਹਨ?

15 ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਕੰਮ ਨੂੰ ਗੰਭੀਰਤਾ ਨਾਲ ਲੈਂਦੇ ਹਨ। ਉਹ ਹਰ ਥਾਂ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਬਾਈਬਲ ਦੀ ਸੱਚਾਈ ਸਿਖਾ ਕੇ ਚੇਲੇ ਬਣਾਉਂਦੇ ਹਨ। (ਮੱਤੀ 28:19, 20) ਪਰ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ ਦੂਤਾਂ ਦੀ ਮਦਦ ਤੋਂ ਬਿਨਾਂ ਇਹ ਕੰਮ ਨਹੀਂ ਕਰ ਸਕਦੇ। ਇਸ ਲਈ ਉਨ੍ਹਾਂ ਨੂੰ ਪਰਕਾਸ਼ ਦੀ ਪੋਥੀ 14:6, 7 ਦੇ ਲਫ਼ਜ਼ਾਂ ਤੋਂ ਹਮੇਸ਼ਾ ਹੌਸਲਾ ਮਿਲਦਾ ਹੈ। ਇਸ ਵਿਚ ਲਿਖਿਆ ਹੈ: “ਮੈਂ ਇੱਕ ਹੋਰ ਦੂਤ ਨੂੰ ਸਦੀਪਕਾਲ ਦੀ ਇੰਜੀਲ ਨਾਲ ਅਕਾਸ਼ ਵਿੱਚ ਉੱਡਦਿਆਂ ਡਿੱਠਾ ਭਈ ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ ਨੂੰ ਖੁਸ਼ ਖਬਰੀ ਸੁਣਾਵੇ। ਅਤੇ ਓਸ ਨੇ ਵੱਡੀ ਅਵਾਜ਼ ਨਾਲ ਆਖਿਆ ਭਈ ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ ਅਤੇ ਜਿਹ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਪਾਣੀਆਂ ਦੇ ਸੁੰਬਾਂ ਨੂੰ ਬਣਾਇਆ ਤੁਸੀਂ ਉਹ ਨੂੰ ਮੱਥਾ ਟੇਕੋ!”

16 ਇਨ੍ਹਾਂ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਦੁਨੀਆਂ ਭਰ ਵਿਚ ਸੁਣਾਈ ਜਾਂਦੀ ਖ਼ੁਸ਼ ਖ਼ਬਰੀ ਦੇ ਕੰਮ ਵਿਚ ਦੂਤ ਮਦਦ ਕਰਦੇ ਹਨ ਤੇ ਸੇਧ ਦਿੰਦੇ ਹਨ। ਨੇਕ ਲੋਕਾਂ ਨੂੰ ਆਪਣੇ ਗਵਾਹਾਂ ਵੱਲ ਖਿੱਚਣ ਲਈ ਯਹੋਵਾਹ ਆਪਣੇ ਦੂਤਾਂ ਨੂੰ ਵਰਤ ਰਿਹਾ ਹੈ। ਇਸੇ ਲਈ ਕਈ ਵਾਰ ਇੱਦਾਂ ਹੁੰਦਾ ਹੈ ਕਿ ਯਹੋਵਾਹ ਦਾ ਕੋਈ-ਨ-ਕੋਈ ਗਵਾਹ ਕਿਸੇ ਵਿਅਕਤੀ ਨੂੰ ਐਨ ਉਸ ਵਕਤ ਤੇ ਮਿਲਦਾ ਹੈ ਜਦ ਉਹ ਵਿਅਕਤੀ ਕਿਸੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੁੰਦਾ ਹੈ ਤੇ ਉਸ ਨੂੰ ਪਰਮੇਸ਼ੁਰ ਦੀ ਮਦਦ ਦੀ ਲੋੜ ਹੁੰਦੀ ਹੈ।

ਭਵਿੱਖ ਵਿਚ ਦੂਤ ਕੀ ਕਰਨਗੇ?

17. ਇਕ ਦੂਤ ਦੇ ਹਮਲੇ ਕਾਰਨ ਅੱਸ਼ੂਰੀਆਂ ਦਾ ਕੀ ਹਸ਼ਰ ਹੋਇਆ?

17 ਸੰਦੇਸ਼ਵਾਹਕਾਂ ਦੇ ਤੌਰ ਤੇ ਸੇਵਾ ਕਰਨ ਅਤੇ ਯਹੋਵਾਹ ਦੇ ਭਗਤਾਂ ਨੂੰ ਹੌਸਲਾ ਦੇਣ ਤੋਂ ਇਲਾਵਾ, ਦੂਤ ਇਕ ਹੋਰ ਕੰਮ ਵੀ ਕਰਦੇ ਹਨ। ਪੁਰਾਣੇ ਸਮਿਆਂ ਵਿਚ ਉਹ ਪਰਮੇਸ਼ੁਰੀ ਨਿਆਂ ਅਨੁਸਾਰ ਸਜ਼ਾ ਦੇਣ ਦਾ ਕੰਮ ਕਰਦੇ ਸਨ। ਮਿਸਾਲ ਲਈ, ਅੱਠਵੀਂ ਸਦੀ ਈ. ਪੂ. ਵਿਚ ਅੱਸ਼ੂਰੀ ਫ਼ੌਜ ਨੇ ਯਰੂਸ਼ਲਮ ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਯਹੋਵਾਹ ਨੇ ਇਸ ਬਾਰੇ ਕੀ ਕੀਤਾ? ਉਸ ਨੇ ਕਿਹਾ: “ਮੈਂ ਆਪਣੇ ਨਮਿੱਤ ਤੇ ਆਪਣੇ ਦਾਸ ਦਾਊਦ ਦੇ ਨਮਿੱਤ ਇਸ ਸ਼ਹਿਰ ਨੂੰ ਬਚਾਉਣ ਲਈ ਇਹ ਨੂੰ ਸਾਂਭ ਰੱਖਾਂਗਾ।” ਬਾਈਬਲ ਦਾ ਬਿਰਤਾਂਤ ਸਾਨੂੰ ਦੱਸਦਾ ਹੈ ਕਿ ਫਿਰ ਕੀ ਹੋਇਆ: “ਉਪਰੰਤ ਐਉਂ ਹੋਇਆ ਭਈ ਉੱਸੇ ਰਾਤ ਯਹੋਵਾਹ ਦੇ ਦੂਤ ਨੇ ਨਿੱਕਲ ਕੇ ਅੱਸ਼ੂਰੀਆਂ ਦੇ ਡੇਰੇ ਵਿੱਚ ਇੱਕ ਲੱਖ ਪਚਾਸੀ ਹਜ਼ਾਰ ਮਾਰ ਛੱਡੇ ਅਰ ਜਦ ਲੋਕ ਤੜਕ ਸਾਰ ਉੱਠੇ ਤਾਂ ਵੇਖੋ ਓਹ ਸਭ ਲੋਥਾਂ ਹੀ ਲੋਥਾਂ ਸਨ।” (2 ਰਾਜਿਆਂ 19:34, 35) ਇਸ ਤੋਂ ਪਤਾ ਲੱਗਦਾ ਹੈ ਕਿ ਇਕ ਦੂਤ ਦੀ ਤਾਕਤ ਦੀ ਤੁਲਨਾ ਵਿਚ ਮਨੁੱਖੀ ਫ਼ੌਜਾਂ ਕਿੰਨੀਆਂ ਕਮਜ਼ੋਰ ਹਨ!

18, 19. ਭਵਿੱਖ ਵਿਚ ਦੂਤ ਕੀ ਕਰਨਗੇ ਅਤੇ ਇਸ ਦਾ ਲੋਕਾਂ ਉੱਤੇ ਕੀ ਅਸਰ ਪਵੇਗਾ?

18 ਭਵਿੱਖ ਵਿਚ ਦੂਤ ਯਹੋਵਾਹ ਦੇ ਵਿਰੋਧੀਆਂ ਨੂੰ ਸਜ਼ਾ ਦੇਣਗੇ। ਬਹੁਤ ਜਲਦੀ ਯਿਸੂ ‘ਆਪਣੇ ਬਲਵੰਤ ਦੂਤਾਂ ਸਣੇ ਭੜਕਦੀ ਅੱਗ ਵਿੱਚ ਪਰਗਟ ਹੋਵੇਗਾ।’ ਉਹ ਉਨ੍ਹਾਂ ਨੂੰ ਬਦਲਾ ਦੇਣਗੇ “ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ।” (2 ਥੱਸਲੁਨੀਕੀਆਂ 1:7, 8) ਉਨ੍ਹਾਂ ਦੀ ਇਸ ਕਾਰਵਾਈ ਕਾਰਨ ਲੋਕਾਂ ਦਾ ਕਿੰਨਾ ਭੈੜਾ ਹਸ਼ਰ ਹੋਵੇਗਾ! ਜੋ ਲੋਕ ਦੁਨੀਆਂ ਭਰ ਵਿਚ ਸੁਣਾਈ ਜਾਂਦੀ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਨਹੀਂ ਸੁਣਦੇ, ਉਨ੍ਹਾਂ ਦਾ ਨਾਸ਼ ਕੀਤਾ ਜਾਵੇਗਾ। ਸਿਰਫ਼ ਉਹੀ ਲੋਕ ‘ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁੱਕੇ ਰਹਿਣਗੇ’ ਜੋ ਯਹੋਵਾਹ ਦੇ ਧਰਮੀ ਮਿਆਰਾਂ ਉੱਤੇ ਚੱਲਦੇ ਹਨ ਤੇ ਮਸਕੀਨ ਹਨ। (ਸਫ਼ਨਯਾਹ 2:3) ਜੀ ਹਾਂ, ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ!

19 ਅਸੀਂ ਯਹੋਵਾਹ ਦੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਉਹ ਆਪਣੇ ਭਗਤਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਹੌਸਲਾ ਦੇਣ ਲਈ ਆਪਣੇ ਸ਼ਕਤੀਸ਼ਾਲੀ ਦੂਤਾਂ ਨੂੰ ਵਰਤਦਾ ਹੈ। ਪਰਮੇਸ਼ੁਰ ਦੇ ਮਕਸਦ ਵਿਚ ਦੂਤਾਂ ਦੇ ਕੰਮਾਂ ਬਾਰੇ ਜਾਣ ਕੇ ਸਾਨੂੰ ਦਿਲਾਸਾ ਮਿਲਦਾ ਹੈ। ਪਰ ਅਜਿਹੇ ਦੂਤ ਵੀ ਹਨ ਜਿਨ੍ਹਾਂ ਨੇ ਸ਼ਤਾਨ ਦੇ ਮਗਰ ਲੱਗ ਕੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ ਸੀ। ਅਗਲੇ ਲੇਖ ਵਿਚ ਦੱਸਿਆ ਜਾਵੇਗਾ ਕਿ ਸੱਚੇ ਮਸੀਹੀ ਸ਼ਤਾਨ ਅਤੇ ਉਸ ਦੇ ਨਾਲ ਦੇ ਬੁਰੇ ਦੂਤਾਂ ਦੇ ਸ਼ਕਤੀਸ਼ਾਲੀ ਪ੍ਰਭਾਵ ਤੋਂ ਬਚਣ ਲਈ ਕਿਹੜੇ ਕੁਝ ਕਦਮ ਚੁੱਕ ਸਕਦੇ ਹਨ।

[ਫੁਟਨੋਟ]

^ ਪੈਰਾ 14 ਇਨ੍ਹਾਂ ਅਤਿਆਚਾਰਾਂ ਬਾਰੇ ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ 1983 (ਅੰਗੋਲਾ), 1972 (ਚੈਕੋਸਲਵਾਕੀਆ), 2000 (ਚੈੱਕ ਗਣਰਾਜ), 1992 (ਇਥੋਪੀਆ), 1974 ਤੇ 1999 (ਜਰਮਨੀ), 1982 (ਇਟਲੀ), 1999 (ਮਲਾਵੀ), 2004 (ਮੌਲਡੋਵਾ), 1996 (ਮੋਜ਼ਾਮਬੀਕ), 1994 (ਪੋਲੈਂਡ), 1983 (ਪੁਰਤਗਾਲ), 1978 (ਸਪੇਨ), 2002 (ਯੂਕਰੇਨ) ਤੇ 2006 (ਜ਼ੈਂਬੀਆ) ਦੇਖੋ।

ਤੁਸੀਂ ਕੀ ਸਿੱਖਿਆ?

• ਦੂਤ ਕਿੱਥੋਂ ਆਏ?

• ਬਾਈਬਲ ਦੇ ਸਮਿਆਂ ਵਿਚ ਦੂਤਾਂ ਨੂੰ ਕਿਵੇਂ ਇਸਤੇਮਾਲ ਕੀਤਾ ਗਿਆ ਸੀ?

ਪਰਕਾਸ਼ ਦੀ ਪੋਥੀ 14:6, 7 ਅਨੁਸਾਰ ਅੱਜ ਦੂਤ ਕਿਹੜਾ ਕੰਮ ਕਰ ਰਹੇ ਹਨ?

• ਭਵਿੱਖ ਵਿਚ ਦੂਤ ਕੀ ਕਰਨਗੇ?

[ਸਵਾਲ]

[ਸਫ਼ਾ 22 ਉੱਤੇ ਤਸਵੀਰ]

ਇਕ ਦੂਤ ਨੇ ਮਾਨੋਆਹ ਅਤੇ ਉਸ ਦੀ ਪਤਨੀ ਨੂੰ ਹੌਸਲਾ ਦਿੱਤਾ

[ਸਫ਼ਾ 23 ਉੱਤੇ ਤਸਵੀਰ]

“ਸਾਡੇ ਨਾਲ ਦੇ ਉਨ੍ਹਾਂ ਦੇ ਨਾਲ ਦਿਆਂ ਨਾਲੋਂ ਬਾਹਲੇ ਹਨ”