Skip to content

Skip to table of contents

ਯਿਰਮਿਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

ਯਿਰਮਿਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

ਯਹੋਵਾਹ ਦਾ ਬਚਨ ਜੀਉਂਦਾ ਹੈ

ਯਿਰਮਿਯਾਹ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

ਯਿਰਮਿਯਾਹ ਨੇ ਭਵਿੱਖਬਾਣੀ ਕੀਤੀ ਕਿ ਯਹੋਵਾਹ ਇਸਰਾਏਲੀਆਂ ਨੂੰ ਸਖ਼ਤ ਸਜ਼ਾ ਦੇਣ ਵਾਲਾ ਸੀ। ਉਨ੍ਹਾਂ ਨਾਲ ਕੀ ਹੋਣ ਵਾਲਾ ਸੀ? ਉਨ੍ਹਾਂ ਦੀ ਸ਼ਾਨਦਾਰ ਹੈਕਲ ਨੂੰ ਜਲਾ ਕੇ ਸੁਆਹ ਕਰ ਦਿੱਤਾ ਜਾਣਾ ਸੀ ਜਿੱਥੇ ਉਹ ਤਿੰਨ ਸਦੀਆਂ ਤੋਂ ਭਗਤੀ ਕਰ ਰਹੇ ਸਨ। ਉਨ੍ਹਾਂ ਦੇ ਵਤਨ ਯਹੂਦਾਹ ਤੇ ਯਰੂਸ਼ਲਮ ਸ਼ਹਿਰ ਨੂੰ ਵਿਰਾਨ ਕਰ ਦਿੱਤਾ ਜਾਣਾ ਸੀ ਅਤੇ ਲੋਕਾਂ ਨੂੰ ਕੈਦੀ ਬਣਾ ਕੇ ਪਰਦੇਸ ਲਿਜਾਇਆ ਜਾਣਾ ਸੀ। ਇਹ ਸੁਣ ਕੇ ਲੋਕਾਂ ਨੂੰ ਕਿੰਨਾ ਸਦਮਾ ਪਹੁੰਚਿਆ ਹੋਣਾ! ਇਹ ਭਵਿੱਖਬਾਣੀਆਂ ਯਿਰਮਿਯਾਹ ਦੀ ਪੋਥੀ ਵਿਚ ਦਰਜ ਹਨ ਜੋ ਬਾਈਬਲ ਦੀ ਦੂਸਰੀ ਸਭ ਤੋਂ ਵੱਡੀ ਪੋਥੀ ਹੈ। ਇਹ ਪੋਥੀ ਇਹ ਵੀ ਦੱਸਦੀ ਹੈ ਕਿ ਵਫ਼ਾਦਾਰੀ ਨਾਲ 67 ਸਾਲ ਪ੍ਰਚਾਰ ਕਰਦਿਆਂ ਯਿਰਮਿਯਾਹ ਨਾਲ ਨਿੱਜੀ ਤੌਰ ਤੇ ਕੀ ਕੁਝ ਹੋਇਆ ਸੀ। ਇਸ ਪੋਥੀ ਵਿਚ ਲਿਖਿਆ ਗਿਆ ਇਤਿਹਾਸ ਸਿਲਸਿਲੇਵਾਰ ਨਹੀਂ, ਸਗੋਂ ਵਿਸ਼ਿਆਂ ਅਨੁਸਾਰ ਪੇਸ਼ ਕੀਤਾ ਗਿਆ ਹੈ।

ਯਿਰਮਿਯਾਹ ਦੀ ਪੋਥੀ ਵਿਚ ਸਾਨੂੰ ਕਿਉਂ ਦਿਲਚਸਪੀ ਲੈਣੀ ਚਾਹੀਦੀ ਹੈ? ਇਸ ਦੀਆਂ ਪੂਰੀਆਂ ਹੋਈਆਂ ਭਵਿੱਖਬਾਣੀਆਂ ਸਾਡੀ ਨਿਹਚਾ ਮਜ਼ਬੂਤ ਕਰਦੀਆਂ ਹਨ ਕਿ ਯਹੋਵਾਹ ਆਪਣੇ ਵਾਅਦੇ ਦਾ ਪੱਕਾ ਹੈ। (ਯਸਾਯਾਹ 55:10, 11) ਜਿਵੇਂ ਯਿਰਮਿਯਾਹ ਨੇ ਪਰਮੇਸ਼ੁਰ ਦੇ ਸੰਦੇਸ਼ ਸੁਣਾਏ ਸਨ, ਅੱਜ ਵੀ ਕੁਝ ਇਸੇ ਤਰ੍ਹਾਂ ਦਾ ਕੰਮ ਪਰਮੇਸ਼ੁਰ ਦੇ ਲੋਕ ਕਰ ਰਹੇ ਹਨ। ਅਤੇ ਅੱਜ ਦੇ ਲੋਕਾਂ ਦਾ ਰਵੱਈਆ ਕਾਫ਼ੀ ਹੱਦ ਤਕ ਯਿਰਮਿਯਾਹ ਦੇ ਜ਼ਮਾਨੇ ਦੇ ਲੋਕਾਂ ਨਾਲ ਮਿਲਦਾ-ਜੁਲਦਾ ਹੈ। (1 ਕੁਰਿੰਥੀਆਂ 10:11) ਇਸ ਤੋਂ ਇਲਾਵਾ, ਯਹੋਵਾਹ ਆਪਣੀ ਪਰਜਾ ਨਾਲ ਜਿਸ ਤਰੀਕੇ ਨਾਲ ਪੇਸ਼ ਆਇਆ, ਉਸ ਤੋਂ ਅਸੀਂ ਉਸ ਦੇ ਵਧੀਆ ਗੁਣ ਦੇਖ ਸਕਦੇ ਹਾਂ। ਸਾਨੂੰ ਵੀ ਆਪਣੇ ਅੰਦਰ ਇਹ ਗੁਣ ਪੈਦਾ ਕਰਨੇ ਚਾਹੀਦੇ ਹਨ।​—ਇਬਰਾਨੀਆਂ 4:12.

‘ਯਹੋਵਾਹ ਦੀ ਪਰਜਾ ਨੇ ਦੋ ਬੁਰਿਆਈਆਂ ਕੀਤੀਆਂ’

(ਯਿਰਮਿਯਾਹ 1:1–20:18)

ਯਿਰਮਿਯਾਹ ਨੂੰ ਯਹੂਦਾਹ ਦੇ ਰਾਜਾ ਯੋਸੀਯਾਹ ਦੇ ਰਾਜ ਦੇ 13ਵੇਂ ਵਰ੍ਹੇ ਵਿਚ ਨਬੀ ਨਿਯੁਕਤ ਕੀਤਾ ਗਿਆ ਸੀ, ਮਤਲਬ ਕਿ 607 ਈ. ਪੂ. ਵਿਚ ਯਰੂਸ਼ਲਮ ਦੀ ਤਬਾਹੀ ਤੋਂ 40 ਸਾਲ ਪਹਿਲਾਂ। (ਯਿਰਮਿਯਾਹ 1:1, 2) ਯਿਰਮਿਯਾਹ ਨੇ ਯੋਸੀਯਾਹ ਦੇ ਬਾਕੀ ਰਹਿੰਦੇ 18 ਸਾਲਾਂ ਦੇ ਰਾਜ ਦੌਰਾਨ ਯਹੂਦਾਹ ਵਿਚ ਹੋ ਰਹੇ ਗ਼ਲਤ ਕੰਮਾਂ ਦਾ ਪੋਲ ਖੋਲ੍ਹਿਆ ਤੇ ਯਹੋਵਾਹ ਦੇ ਫ਼ੈਸਲੇ ਸੁਣਾਏ। ਉਸ ਦੇ ਰਾਹੀਂ ਯਹੋਵਾਹ ਨੇ ਕਿਹਾ: ‘ਮੈਂ ਯਰੂਸ਼ਲਮ ਨੂੰ ਬਰਬਾਦ ਹੋਏ ਹੋਏ ਪੱਥਰਾਂ ਦਾ ਢੇਰ ਬਣਾ ਦਿਆਂਗਾ, ਅਤੇ ਯਹੂਦਾਹ ਦੇ ਸ਼ਹਿਰਾਂ ਨੂੰ ਵਿਰਾਨ ਕਰ ਦਿਆਂਗਾ, ਜਿੱਥੇ ਕੋਈ ਵੱਸਣ ਵਾਲਾ ਨਹੀਂ ਰਹੇਗਾ।’ (ਯਿਰਮਿਯਾਹ 9:11) ਯਹੋਵਾਹ ਨੇ ਇਹ ਫ਼ੈਸਲਾ ਕਿਉਂ ਲਿਆ? ਕਿਉਂਕਿ ਉਸ ਨੇ ਕਿਹਾ: “ਮੇਰੀ ਪਰਜਾ ਨੇ ਦੋ ਬੁਰਿਆਈਆਂ ਜੋ ਕੀਤੀਆਂ” ਸਨ।​—ਯਿਰਮਿਯਾਹ 2:13.

ਯਿਰਮਿਯਾਹ ਨੇ ਇਹ ਵੀ ਦੱਸਿਆ ਕਿ ਤੋਬਾ ਕਰਨ ਵਾਲੇ ਲੋਕ ਬਾਬਲ ਦੀ ਗ਼ੁਲਾਮੀ ਤੋਂ ਛੁੱਟ ਕੇ ਵਾਪਸ ਆਉਣਗੇ। (ਯਿਰਮਿਯਾਹ 3:14-18; 12:14, 15; 16:14-21) ਪਰ ਲੋਕਾਂ ਨੇ ਉਸ ਦਾ ਸੁਆਗਤ ਕਰਨ ਦੀ ਥਾਂ ਉਸ ਦਾ ਅਪਮਾਨ ਕੀਤਾ। ‘ਯਹੋਵਾਹ ਦੇ ਭਵਨ ਦੇ ਵੱਡੇ ਪਰਧਾਨ’ ਨੇ ਯਿਰਮਿਯਾਹ ਨੂੰ ਮਾਰਿਆ ਅਤੇ ਉਸ ਨੂੰ ਰਾਤ ਭਰ ਕਾਠ ਵਿਚ ਪਾ ਕੇ ਰੱਖਿਆ।​—ਯਿਰਮਿਯਾਹ 20:1-3.

ਕੁਝ ਸਵਾਲਾਂ ਦੇ ਜਵਾਬ:

1:11, 12—ਆਪਣੇ ਬਚਨ ਨੂੰ ਪੂਰਾ ਹੁੰਦਾ ਦੇਖਣ ਲਈ ਯਹੋਵਾਹ ਦੇ ਜਾਗਦੇ ਰਹਿਣ ਦੀ ਤੁਲਨਾ ‘ਬਦਾਮ ਦੇ ਬਿਰਛ ਦੇ ਇੱਕ ਡੰਡੇ’ ਜਾਂ ਟਹਿਣੀ ਨਾਲ ਕਿਉਂ ਕੀਤੀ ਗਈ ਹੈ? ਬਸੰਤ ਰੁੱਤੇ ਬਦਾਮ ਦਾ ਦਰਖ਼ਤ ਸਭ ਤੋਂ ਪਹਿਲਾਂ ਖਿੜਦਾ ਹੈ। ਸਜ਼ਾ ਦਾ ਐਲਾਨ ਕਰਾਉਣ ਲਈ ਯਹੋਵਾਹ ਜਿਵੇਂ ਕਿ “ਮੂੰਹ ਅਨ੍ਹੇਰੇ [ਉੱਠ ਕੇ ਆਪਣੇ ਨਬੀਆਂ] ਨੂੰ ਨਿੱਤ ਘੱਲਦਾ ਰਿਹਾ” ਤੇ ਆਪਣੇ ਬਚਨ ਦੀ ਪੂਰਤੀ ਹੋਣ ਤਕ “ਜਾਗਦਾ ਰਿਹਾ।”—ਯਿਰਮਿਯਾਹ 7:25.

2:10, 11—ਇਸਰਾਏਲੀਆਂ ਦੀ ਬੇਵਫ਼ਾਈ ਇੰਨੀ ਭੈੜੀ ਕਿਉਂ ਸੀ? ਕਿੱਤੀਮ ਤੇ ਕੇਦਾਰ ਦੇ ਆਲੇ-ਦੁਆਲੇ ਦੀਆਂ ਗ਼ੈਰ-ਯਹੂਦੀ ਕੌਮਾਂ ਹੋਰ ਕੌਮਾਂ ਦੇ ਦੇਵੀ-ਦੇਵਤਿਆਂ ਨੂੰ ਅਪਣਾ ਲੈਂਦੀਆਂ ਸਨ ਅਤੇ ਆਪਣਿਆਂ ਨੂੰ ਛੱਡਣ ਬਾਰੇ ਕਦੇ ਨਹੀਂ ਸੋਚਦੀਆਂ ਸਨ। ਪਰ ਇਸਰਾਏਲੀ ਜ਼ਿੰਦਾ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਕਰਨੀ ਛੱਡ ਕੇ ਬੇਜਾਨ ਮੂਰਤੀਆਂ ਦੀ ਪੂਜਾ ਕਰਨ ਲੱਗ ਪਏ ਸਨ।

3:11-22; 11:10-12, 17—ਯਿਰਮਿਯਾਹ ਨੇ ਆਪਣੇ ਐਲਾਨਾਂ ਵਿਚ ਦਸ-ਗੋਤੀ ਉੱਤਰੀ ਰਾਜ ਨੂੰ ਕਿਉਂ ਸ਼ਾਮਲ ਕੀਤਾ ਜਦ ਕਿ ਉਸ ਦੀ ਰਾਜਧਾਨੀ ਸਾਮਰਿਯਾ ਪਹਿਲਾਂ ਹੀ 740 ਈ. ਪੂ. ਵਿਚ ਅੱਸੂਰੀਆਂ ਦੇ ਕਬਜ਼ੇ ਵਿਚ ਆ ਚੁੱਕੀ ਸੀ? ਕਿਉਂਕਿ 607 ਈ. ਪੂ. ਵਿਚ ਯਰੂਸ਼ਲਮ ਦੀ ਤਬਾਹੀ ਤੇ ਯਹੋਵਾਹ ਸਿਰਫ਼ ਯਹੂਦਾਹ ਨਾਲ ਹੀ ਨਹੀਂ, ਸਗੋਂ ਸਾਰੇ ਇਸਰਾਏਲ ਨਾਲ ਨਾਰਾਜ਼ ਸੀ। (ਹਿਜ਼ਕੀਏਲ 9:9, 10) ਇਸ ਤੋਂ ਇਲਾਵਾ, ਉੱਤਰੀ ਰਾਜ ਦੇ ਪਤਨ ਤੋਂ ਬਾਅਦ, ਯਹੋਵਾਹ ਉੱਤਰੀ ਰਾਜ ਦੇ ਲੋਕਾਂ ਨੂੰ ਭੁੱਲਿਆ ਨਹੀਂ, ਸਗੋਂ ਦੁਬਾਰਾ ਉਨ੍ਹਾਂ ਨੂੰ ਆਪਣੇ ਦੇਸ਼ ਵਿਚ ਵਾਪਸ ਲਿਆਉਣ ਦੇ ਆਪਣੇ ਸੰਦੇਸ਼ਾਂ ਵਿਚ ਸ਼ਾਮਲ ਕਰਦਾ ਰਿਹਾ।

4:3, 4—ਇਨ੍ਹਾਂ ਆਇਤਾਂ ਵਿਚ ਦਰਜ ਹੁਕਮ ਦਾ ਕੀ ਮਤਲਬ ਹੈ? ਜਿਵੇਂ ਬੀ ਬੀਜਣ ਤੋਂ ਪਹਿਲਾਂ ਮਿੱਟੀ ਸੰਵਾਰੀ ਜਾਂਦੀ ਹੈ, ਬੇਵਫ਼ਾ ਯਹੂਦੀਆਂ ਨੂੰ ਆਪਣੇ ਦਿਲ ਸੰਵਾਰਨ ਜਾਂ ਨਰਮ ਕਰਨ ਦੀ ਲੋੜ ਸੀ। ਉਨ੍ਹਾਂ ਨੂੰ ਆਪਣੇ “ਦਿਲ ਦੀ ਖੱਲੜੀ” ਲਾਹੁਣ ਦੀ ਲੋੜ ਸੀ ਮਤਲਬ ਕਿ ਉਨ੍ਹਾਂ ਨੂੰ ਆਪਣੇ ਮਨ ਵਿੱਚੋਂ ਗੰਦੇ ਖ਼ਿਆਲ ਤੇ ਗ਼ਲਤ ਇਰਾਦਿਆਂ ਨੂੰ ਕੱਢਣ ਦੀ ਲੋੜ ਦੀ। (ਯਿਰਮਿਯਾਹ 9:25, 26; ਰਸੂਲਾਂ ਦੇ ਕਰਤੱਬ 7:51) ਉਨ੍ਹਾਂ ਨੂੰ ਆਪਣੀ ਚਾਲ-ਢਾਲ ਬਦਲ ਕੇ ਉਹ ਕੰਮ ਕਰਨ ਦੀ ਲੋੜ ਸੀ ਜੋ ਪਰਮੇਸ਼ੁਰ ਨੂੰ ਮਨਜ਼ੂਰ ਸਨ।

4:10; 15:18—ਯਹੋਵਾਹ ਨੇ ਆਪਣੇ ਬੇਵਫ਼ਾ ਲੋਕਾਂ ਨੂੰ ਕਿਵੇਂ ਧੋਖਾ ਦਿੱਤਾ? ਯਿਰਮਿਯਾਹ ਦੇ ਜ਼ਮਾਨੇ ਵਿਚ ਨਬੀ “ਝੂਠੇ ਅਗੰਮ ਵਾਕ ਬੋਲਦੇ” ਸਨ। (ਯਿਰਮਿਯਾਹ 5:31; 20:6; 23:16, 17, 25-28, 32) ਯਹੋਵਾਹ ਨੇ ਉਨ੍ਹਾਂ ਨੂੰ ਝੂਠੇ ਸੰਦੇਸ਼ ਦੇਣ ਤੋਂ ਨਹੀਂ ਰੋਕਿਆ।

16:16—ਇਸ ਦਾ ਕੀ ਮਤਲਬ ਹੈ ਕਿ ਯਹੋਵਾਹ “ਬਹੁਤ ਸਾਰੇ ਮਾਛੀਆਂ ਨੂੰ” ਅਤੇ “ਬਹੁਤ ਸਾਰੇ ਸ਼ਿਕਾਰੀਆਂ ਨੂੰ” ਘੱਲੇਗਾ? ਇਸ ਦਾ ਮਤਲਬ ਹੋ ਸਕਦਾ ਹੈ ਕਿ ਯਹੋਵਾਹ ਨੇ ਬੇਵਫ਼ਾ ਯਹੂਦੀਆਂ ਨੂੰ ਸਜ਼ਾ ਦੇਣ ਲਈ ਉਨ੍ਹਾਂ ਮਗਰ ਦੁਸ਼ਮਣਾਂ ਨੂੰ ਘੱਲਣਾ ਸੀ। ਪਰ ਯਿਰਮਿਯਾਹ 16:15 ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦਾ ਇਹ ਵੀ ਮਤਲਬ ਹੋ ਸਕਦਾ ਹੈ ਕਿ ਯਹੋਵਾਹ ਤੋਬਾ ਕਰਨ ਵਾਲੇ ਇਸਰਾਏਲੀਆਂ ਦੀ ਭਾਲ ਕਰੇਗਾ।

20:7—ਯਹੋਵਾਹ ਨੇ ਆਪਣੀ ਤਾਕਤ ਵਰਤ ਕੇ ਯਿਰਮਿਯਾਹ ਨੂੰ ਕਿਵੇਂ ਭਰਮਾਇਆ ਸੀ? ਜਦੋਂ ਲੋਕਾਂ ਨੇ ਯਿਰਮਿਯਾਹ ਨੂੰ ਠੁਕਰਾਇਆ ਤੇ ਉਸ ਉੱਤੇ ਜ਼ੁਲਮ ਢਾਹੇ, ਤਾਂ ਉਸ ਨੇ ਸ਼ਾਇਦ ਸੋਚਿਆ ਹੋਵੇ ਕਿ ਉਸ ਵਿਚ ਯਹੋਵਾਹ ਦੇ ਐਲਾਨ ਸੁਣਾਉਂਦੇ ਰਹਿਣ ਦੀ ਹੋਰ ਤਾਕਤ ਨਹੀਂ ਸੀ। ਪਰ ਯਹੋਵਾਹ ਨੇ ਯਿਰਮਿਯਾਹ ਨੂੰ ਲੋਕਾਂ ਦਾ ਸਾਮ੍ਹਣਾ ਕਰਨ ਲਈ ਤਕੜਾ ਕੀਤਾ। ਉਸ ਨੇ ਯਿਰਮਿਯਾਹ ਤੋਂ ਉਹ ਕੰਮ ਕਰਾਇਆ ਜੋ ਉਹ ਸੋਚਦਾ ਸੀ ਨਹੀਂ ਕਰ ਪਾਏਗਾ। ਇਸ ਭਾਵ ਵਿਚ ਯਹੋਵਾਹ ਨੇ ਯਿਰਮਿਯਾਹ ਨੂੰ ਭਰਮਾਇਆ।

ਸਾਡੇ ਲਈ ਸਬਕ:

1:8. ਯਹੋਵਾਹ ਆਪਣੇ ਲੋਕਾਂ ਨੂੰ ਜ਼ੁਲਮ ਤੋਂ ਬਚਾਉਣ ਲਈ ਨਿਰਪੱਖ ਜੱਜ ਖੜ੍ਹੇ ਕਰ ਸਕਦਾ ਹੈ, ਵਿਰੋਧੀ ਅਧਿਕਾਰੀਆਂ ਦੀ ਥਾਂ ਸਮਝਦਾਰ ਅਧਿਕਾਰੀ ਠਹਿਰਾ ਸਕਦਾ ਹੈ ਜਾਂ ਆਪਣੇ ਭਗਤਾਂ ਨੂੰ ਸਹਿਣ-ਸ਼ਕਤੀ ਬਖ਼ਸ਼ ਸਕਦਾ ਹੈ।​—1 ਕੁਰਿੰਥੀਆਂ 10:13.

2:13, 18. ਬੇਵਫ਼ਾ ਇਸਰਾਏਲੀਆਂ ਨੇ ਦੋ ਬੁਰਾਈਆਂ ਕੀਤੀਆਂ ਸਨ। ਇਕ ਤਾਂ ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਸੀ ਜੋ ਉਨ੍ਹਾਂ ਨੂੰ ਬਰਕਤਾਂ, ਅਗਵਾਈ ਤੇ ਸੁਰੱਖਿਆ ਦਿੰਦਾ ਸੀ। ਦੂਜੀ ਗ਼ਲਤੀ, ਉਨ੍ਹਾਂ ਨੇ ਮਿਸਰ ਤੇ ਅੱਸ਼ੂਰ ਦੀਆਂ ਫ਼ੌਜਾਂ ਨਾਲ ਗੱਠ-ਜੋੜ ਕਰ ਕੇ ਇਕ ਤਰ੍ਹਾਂ ਆਪਣੇ ਲਈ ਟੁੱਟੇ ਚੁਬੱਚੇ ਬਣਾਏ ਸਨ। ਸਾਡੇ ਸਮੇਂ ਵਿਚ ਇਨਸਾਨੀ ਫ਼ਲਸਫ਼ਿਆਂ, ਥਿਊਰੀਆਂ ਤੇ ਸਿਆਸਤ ਨੂੰ ਸੱਚੇ ਪਰਮੇਸ਼ੁਰ ਨਾਲੋਂ ਜ਼ਿਆਦਾ ਮਹੱਤਵ ਦੇਣਾ “ਟੁੱਟੇ ਹੋਏ ਚੁਬੱਚੇ” ਨੂੰ “ਜੀਉਂਦੇ ਪਾਣੀ ਦੇ ਸੋਤੇ” ਦੀ ਥਾਂ ਦੇਣ ਦੇ ਬਰਾਬਰ ਹੈ।

6:16. ਯਹੋਵਾਹ ਆਪਣੇ ਬਾਗ਼ੀ ਲੋਕਾਂ ਨੂੰ ਆਪਣੇ ਆਪ ਨੂੰ ਪਰਖਣ ਲਈ ਕਹਿੰਦਾ ਹੈ ਤਾਂਕਿ ਉਹ ਆਪਣੇ ਵਫ਼ਾਦਾਰ ਪੂਰਵਜਾਂ ਦੇ “ਰਸਤਿਆਂ” ਤੇ ਮੁੜ ਆਉਣ। ਸਮੇਂ-ਸਮੇਂ ਤੇ ਸਾਨੂੰ ਵੀ ਆਪਣੀ ਜਾਂਚ ਕਰਨੀ ਚਾਹੀਦੀ ਕਿ ਅਸੀਂ ਸੱਚ-ਮੁੱਚ ਯਹੋਵਾਹ ਦੇ ਰਾਹਾਂ ਤੇ ਚੱਲ ਰਹੇ ਹਾਂ ਜਾਂ ਨਹੀਂ।

7:1-15. ਯਹੂਦੀਆਂ ਦਾ ਭਰੋਸਾ ਆਪਣੀ ਹੈਕਲ ਉੱਤੇ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਇਸ ਦੇ ਕਾਰਨ ਉਨ੍ਹਾਂ ਦਾ ਨਾਸ ਨਾ ਹੋਵੇਗਾ, ਪਰ ਇਹ ਉਨ੍ਹਾਂ ਦੀ ਗ਼ਲਤਫ਼ਹਿਮੀ ਸੀ। ਸਾਨੂੰ ਚੀਜ਼ਾਂ ਦੀ ਬਜਾਇ ਯਹੋਵਾਹ ਤੇ ਭਰੋਸਾ ਰੱਖਣਾ ਚਾਹੀਦਾ ਹੈ।​—2 ਕੁਰਿੰਥੀਆਂ 5:7.

15:16, 17. ਯਿਰਮਿਯਾਹ ਦੀ ਤਰ੍ਹਾਂ ਅਸੀਂ ਵੀ ਨਿਰਾਸ਼ਾ ਦਾ ਸਾਮ੍ਹਣਾ ਕਰ ਸਕਦੇ ਹਾਂ। ਚੰਗੀ ਤਰ੍ਹਾਂ ਬਾਈਬਲ ਸਟੱਡੀ ਕਰ ਕੇ, ਪ੍ਰਚਾਰ ਸੇਵਾ ਵਿਚ ਯਹੋਵਾਹ ਦਾ ਨਾਂ ਉੱਚਾ ਕਰ ਕੇ ਤੇ ਬੁਰੀ ਸੰਗਤ ਤੋਂ ਦੂਰ ਰਹਿ ਕੇ ਅਸੀਂ ਖ਼ੁਸ਼ ਰਹਿ ਸਕਦੇ ਹਾਂ।

17:1, 2. ਯਹੂਦਾਹ ਦੇ ਲੋਕਾਂ ਦੇ ਪਾਪਾਂ ਕਰਕੇ ਯਹੋਵਾਹ ਨੂੰ ਉਨ੍ਹਾਂ ਦੇ ਚੜ੍ਹਾਵੇ ਘਿਣਾਉਣੇ ਲੱਗਦੇ ਸਨ। ਭੈੜੇ ਚਾਲ-ਚਲਣ ਕਾਰਨ ਪ੍ਰਚਾਰ ਵਿਚ ਯਹੋਵਾਹ ਲਈ ਪ੍ਰਸ਼ੰਸਾ ਦੇ ਸਾਡੇ ਚੜ੍ਹਾਵੇ ਵੀ ਨਾਮਨਜ਼ੂਰ ਹੋਣਗੇ।

17:5-8. ਅਸੀਂ ਇਨਸਾਨਾਂ ਤੇ ਸੰਸਥਾਵਾਂ ਉੱਤੇ ਸਿਰਫ਼ ਉਸ ਹੱਦ ਤਕ ਭਰੋਸਾ ਰੱਖਾਂਗੇ ਜਿਸ ਹੱਦ ਤਕ ਉਹ ਪਰਮੇਸ਼ੁਰ ਦੀ ਮਰਜ਼ੀ ਤੇ ਉਸ ਦੇ ਅਸੂਲਾਂ ਅਨੁਸਾਰ ਚੱਲਦੇ ਹਨ। ਪਰ ਧਰਤੀ ਉੱਤੇ ਸੁੱਖ-ਸ਼ਾਂਤੀ ਲਿਆਉਣ ਲਈ ਤੇ ਸਾਡੀ ਮੁਕਤੀ ਦੇ ਮਾਮਲੇ ਵਿਚ ਸਿਰਫ਼ ਯਹੋਵਾਹ ਤੇ ਭਰੋਸਾ ਰੱਖਣਾ ਬੁੱਧੀਮਤਾ ਹੈ।​—ਜ਼ਬੂਰਾਂ ਦੀ ਪੋਥੀ 146:3.

20:8-11. ਪ੍ਰਚਾਰ ਕਰਦੇ ਵੇਲੇ ਚਾਹੇ ਸਾਡੀ ਗੱਲ ਕੋਈ ਸੁਣੇ ਜਾਂ ਨਾ, ਭਾਵੇਂ ਲੋਕ ਸਾਡਾ ਵਿਰੋਧ ਕਰਨ ਅਤੇ ਸਾਡੇ ਤੇ ਅਤਿਆਚਾਰ ਕਰਨ ਅਸੀਂ ਇਨ੍ਹਾਂ ਗੱਲਾਂ ਕਰਕੇ ਕਦੇ ਵੀ ਆਪਣੇ ਜੋਸ਼ ਨੂੰ ਠੰਢਾ ਨਹੀਂ ਪੈਣ ਦੇਵਾਂਗੇ।​—ਯਾਕੂਬ 5:10, 11.

“ਬਾਬਲ ਦੇ ਪਾਤਸ਼ਾਹ ਦੇ ਜੂਲੇ ਹੇਠ ਆਪਣੀਆਂ ਧੌਣਾਂ ਰੱਖੋ”

(ਯਿਰਮਿਯਾਹ 21:1–51:64)

ਯਿਰਮਿਯਾਹ ਨੇ ਯਹੂਦਾਹ ਦੇ ਅਖ਼ੀਰਲੇ ਚਾਰ ਰਾਜਿਆਂ, ਝੂਠੇ ਨਬੀਆਂ, ਲਾਪਰਵਾਹ ਚਰਵਾਹਿਆਂ ਤੇ ਭ੍ਰਿਸ਼ਟ ਜਾਜਕਾਂ ਨੂੰ ਮਿਲਣ ਵਾਲੀ ਸਜ਼ਾ ਦਾ ਐਲਾਨ ਕੀਤਾ। ਯਹੋਵਾਹ ਨੇ ਜਲਾਵਤਨ ਵਫ਼ਾਦਾਰ ਯਹੂਦੀਆਂ ਨੂੰ ਚੰਗੀਆਂ ਅੰਜੀਰਾਂ ਨਾਲ ਦਰਸਾਉਂਦੇ ਹੋਏ ਕਿਹਾ: “ਮੈਂ ਓਹਨਾਂ ਉੱਤੇ ਭਲੀ ਨਿਗਾਹ ਰੱਖਾਂਗਾ।” (ਯਿਰਮਿਯਾਹ 24:5, 6) 25ਵੇਂ ਅਧਿਆਇ ਵਿਚ ਤਿੰਨ ਭਵਿੱਖਬਾਣੀਆਂ ਦਾ ਸਾਰ ਦਿੱਤਾ ਗਿਆ ਹੈ ਜਿਨ੍ਹਾਂ ਬਾਰੇ ਅਗਲੇ ਕੁਝ ਅਧਿਆਵਾਂ ਵਿਚ ਖੁੱਲ੍ਹ ਕੇ ਗੱਲ ਕੀਤੀ ਗਈ ਹੈ।

ਜਾਜਕਾਂ ਤੇ ਨਬੀਆਂ ਨੇ ਯਿਰਮਿਯਾਹ ਨੂੰ ਮਾਰ ਦੇਣ ਦੀ ਸਾਜ਼ਸ਼ ਘੜੀ। ਯਿਰਮਿਯਾਹ ਨੇ ਉਨ੍ਹਾਂ ਨੂੰ ਬਾਬਲ ਦੇ ਪਾਤਸ਼ਾਹ ਦੇ ਅਧੀਨ ਹੋਣ ਲਈ ਕਿਹਾ। ਯਿਰਮਿਯਾਹ ਨੇ ਸਿਦਕੀਯਾਹ ਪਾਤਸ਼ਾਹ ਨੂੰ ਕਿਹਾ: “ਬਾਬਲ ਦੇ ਪਾਤਸ਼ਾਹ ਦੇ ਜੂਲੇ ਹੇਠ ਆਪਣੀਆਂ ਧੌਣਾਂ ਰੱਖੋ।” (ਯਿਰਮਿਯਾਹ 27:12) ਪਰ “ਜਿਸ [ਨੇ] ਇਸਰਾਏਲ ਨੂੰ ਖੇਰੂੰ ਖੇਰੂੰ ਕੀਤਾ ਉਹ [ਇਸਰਾਏਲ] ਨੂੰ ਇਕੱਠਾ ਕਰੇਗਾ।” (ਯਿਰਮਿਯਾਹ 31:10) ਰੇਕਾਬੀਆਂ ਦੀ ਵਫ਼ਾਦਾਰੀ ਕਰਕੇ ਉਨ੍ਹਾਂ ਨਾਲ ਇਕ ਵਾਅਦਾ ਕੀਤਾ ਗਿਆ ਸੀ। ਯਿਰਮਿਯਾਹ ਨੂੰ “ਪਹਿਰੇਦਾਰਾਂ ਦੇ ਵੇਹੜੇ ਵਿੱਚ ਰੱਖਿਆ” ਗਿਆ। (ਯਿਰਮਿਯਾਹ 37:21) ਅੰਤ ਵਿਚ ਯਰੂਸ਼ਲਮ ਤਬਾਹ ਕੀਤਾ ਗਿਆ ਤੇ ਯਿਰਮਿਯਾਹ, ਉਸ ਦਾ ਸੈਕਟਰੀ ਬਾਰੂਕ ਤੇ ਕੁਝ ਹੋਰ ਲੋਕਾਂ ਦੇ ਸਿਵਾਇ ਤਕਰੀਬਨ ਸਾਰੇ ਵਸਨੀਕ ਗ਼ੁਲਾਮ ਬਣਾ ਲਏ ਗਏ। ਯਿਰਮਿਯਾਹ ਦੇ ਚੇਤਾਵਨੀ ਦੇਣ ਦੇ ਬਾਵਜੂਦ ਡਰੇ ਹੋਏ ਲੋਕ ਪਨਾਹ ਲੈਣ ਲਈ ਮਿਸਰ ਚਲੇ ਗਏ। 46 ਤੋਂ 51 ਅਧਿਆਵਾਂ ਵਿਚ ਯਿਰਮਿਯਾਹ ਵੱਲੋਂ ਕੌਮਾਂ ਨੂੰ ਸੰਦੇਸ਼ ਪਾਏ ਜਾਂਦੇ ਹਨ।

ਕੁਝ ਸਵਾਲਾਂ ਦੇ ਜਵਾਬ:

22:30—ਕੀ ਇਸ ਹੁਕਮ ਨੇ ਦਾਊਦ ਦੇ ਸਿੰਘਾਸਣ ਉੱਤੇ ਬੈਠਣ ਦੇ ਯਿਸੂ ਮਸੀਹ ਦੇ ਹੱਕ ਨੂੰ ਰੱਦ ਕਰ ਦਿੱਤਾ ਸੀ? (ਮੱਤੀ 1:1,11) ਨਹੀਂ। ਇਸ ਹੁਕਮ ਅਨੁਸਾਰ ਯਹੋਯਾਕੀਨ ਦੀ ਸੰਤਾਨ ਨੂੰ ‘ਯਹੂਦਾਹ ਵਿਚ ਦਾਊਦ ਦੇ ਸਿੰਘਾਸਣ ਉੱਤੇ ਬੈਠਣ’ ਤੋਂ ਰੋਕਿਆ ਗਿਆ ਸੀ। ਯਿਸੂ ਨੇ ਧਰਤੀ ਉੱਤੇ ਯਹੂਦਾਹ ਤੋਂ ਨਹੀਂ, ਸਗੋਂ ਸਵਰਗੋਂ ਰਾਜ ਕਰਨਾ ਸੀ।

23:33—“ਯਹੋਵਾਹ ਦਾ ਭਾਰ” ਕੀ ਹੈ? ਯਿਰਮਿਯਾਹ ਨੇ ਇਸਰਾਏਲੀਆਂ ਨੂੰ ਯਰੂਸ਼ਲਮ ਦੀ ਤਬਾਹੀ ਬਾਰੇ ਸਖ਼ਤ ਫ਼ੈਸਲੇ ਸੁਣਾਏ ਤੇ ਇਹ ਉਨ੍ਹਾਂ ਨੂੰ ਭਾਰ ਯਾਨੀ ਬੋਝ ਲੱਗੇ। ਪਰ ਦੂਜੇ ਪਾਸੇ ਇਹ ਜ਼ਿੱਦੀ ਲੋਕ ਯਹੋਵਾਹ ਲਈ ਇੰਨਾ ਵੱਡਾ ਬੋਝ ਸਨ ਕਿ ਉਹ ਉਨ੍ਹਾਂ ਨੂੰ ਤਿਆਗਣਾ ਚਾਹੁੰਦਾ ਸੀ। ਇਸੇ ਤਰ੍ਹਾਂ ਬਾਈਬਲ ਵਿਚ ਈਸਾਈ-ਜਗਤ ਦੀ ਤਬਾਹੀ ਦਾ ਸੰਦੇਸ਼ ਦਿੱਤਾ ਗਿਆ ਹੈ ਜੋ ਈਸਾਈ-ਜਗਤ ਨੂੰ ਭਾਰ ਲੱਗਦਾ ਹੈ। ਪਰਮੇਸ਼ੁਰ ਵੀ ਉਨ੍ਹਾਂ ਲੋਕਾਂ ਨੂੰ ਭਾਰ ਸਮਝਦਾ ਹੈ ਜੋ ਉਸ ਦੇ ਸੰਦੇਸ਼ ਵੱਲ ਕੋਈ ਧਿਆਨ ਨਹੀਂ ਦਿੰਦੇ।

31:33—ਪਰਮੇਸ਼ੁਰ ਦੀ ਬਿਵਸਥਾ ਦਿਲਾਂ ਵਿਚ ਕਿਵੇਂ ਲਿਖੀ ਜਾਂਦੀ ਹੈ? ਜਦੋਂ ਇਕ ਵਿਅਕਤੀ ਨੂੰ ਪਰਮੇਸ਼ੁਰ ਦੀ ਬਿਵਸਥਾ ਨਾਲ ਇੰਨਾ ਪਿਆਰ ਹੁੰਦਾ ਹੈ ਕਿ ਉਹ ਦਿਲੋਂ ਯਹੋਵਾਹ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਹੈ, ਤਾਂ ਇਹ ਕਿਹਾ ਜਾ ਸਕਦਾ ਹੈ ਕਿ ਪਰਮੇਸ਼ੁਰ ਦੀ ਬਿਵਸਥਾ ਉਸ ਦੇ ਦਿਲ ਉੱਤੇ ਲਿਖੀ ਹੋਈ ਹੈ।

32:10-15—ਇੱਕੋ ਇਕਰਾਰਨਾਮੇ ਦੇ ਦੋ ਕਾਨੂੰਨੀ ਦਸਤਾਵੇਜ਼ ਕਿਉਂ ਬਣਾਏ ਗਏ ਸਨ? ਖੁੱਲ੍ਹਾ ਦਸਤਾਵੇਜ਼ ਜਦੋਂ ਚਾਹੇ ਪੜ੍ਹਿਆ ਜਾ ਸਕਦਾ ਸੀ। ਮੋਹਰਬੰਦ ਦਸਤਾਵੇਜ਼ ਲੋੜ ਪੈਣ ਤੇ ਖੁੱਲ੍ਹੇ ਦਸਤਾਵੇਜ਼ ਦੀ ਪੁਸ਼ਟੀ ਕਰਦਾ ਸੀ। ਇਸ ਤਰ੍ਹਾਂ ਯਿਰਮਿਯਾਹ ਨੇ ਸਾਡੇ ਲਈ ਚੰਗੀ ਮਿਸਾਲ ਕਾਇਮ ਕੀਤੀ ਕਿ ਜਦੋਂ ਅਸੀਂ ਆਪਣੇ ਰਿਸ਼ਤੇਦਾਰਾਂ ਜਾਂ ਭੈਣਾਂ-ਭਰਾਵਾਂ ਨਾਲ ਕੋਈ ਇਕਰਾਰਨਾਮਾ ਕਰਦੇ ਹਾਂ, ਤਾਂ ਇਸ ਦੀਆਂ ਕਾਨੂੰਨੀ ਲਿਖਤਾਂ ਬਣਾਉਣੀਆਂ ਜ਼ਰੂਰੀ ਹਨ।

33:23, 24—ਇੱਥੇ ਜ਼ਿਕਰ ਕੀਤੇ ਗਏ ‘ਦੋ ਟੱਬਰ’ ਕੌਣ ਹਨ? ਇਕ ਹੈ ਰਾਜਾ ਦਾਊਦ ਦੇ ਸ਼ਾਹੀ ਘਰਾਣੇ ਦੀ ਸੰਤਾਨ ਤੇ ਦੂਜਾ ਹੈ ਹਾਰੂਨ ਦੀ ਸੰਤਾਨ ਦਾ ਜਾਜਕੀ ਪਰਿਵਾਰ। ਯਰੂਸ਼ਲਮ ਅਤੇ ਯਹੋਵਾਹ ਦੀ ਹੈਕਲ ਦੀ ਤਬਾਹੀ ਹੋਣ ਨਾਲ ਇਸ ਤਰ੍ਹਾਂ ਲੱਗਿਆ ਕਿ ਯਹੋਵਾਹ ਨੇ ਇਨ੍ਹਾਂ ਦੋਵਾਂ ਪਰਿਵਾਰਾਂ ਨੂੰ ਤਿਆਗ ਦਿੱਤਾ ਸੀ, ਇਸ ਲਈ ਉਹ ਧਰਤੀ ਉੱਤੇ ਨਾ ਆਪਣਾ ਰਾਜ ਤੇ ਨਾ ਹੀ ਮੁੜ ਕੇ ਆਪਣੀ ਉਪਾਸਨਾ ਸਥਾਪਿਤ ਕਰੇਗਾ।

46:22—ਮਿਸਰ ਦੀ ਆਵਾਜ਼ ਸੱਪ ਦੀ ਆਵਾਜ਼ ਨਾਲ ਕਿਉਂ ਦਰਸਾਈ ਗਈ ਸੀ? ਜਿਵੇਂ ਸੱਪ ਪਿੱਛੇ ਨੂੰ ਹਟਦਾ ਹੋਇਆ ਸੀਂ-ਸੀਂ ਦੀ ਆਵਾਜ਼ ਕਰਦਾ ਹੈ, ਉਸੇ ਤਰ੍ਹਾਂ ਮਿਸਰ ਹਾਰ ਕੇ ਚੁੱਪ-ਚਾਪ ਪਿੱਛੇ ਹਟ ਜਾਵੇਗਾ ਜਾਂ ਫਿਰ ਹਾਰ ਤੋਂ ਅਪਮਾਨਿਤ ਹੋ ਕੇ ਚੁੱਪ-ਚਾਪ ਬੈਠਾ ਰਹੇਗਾ। ਮਿਸਰੀ ਫ਼ਿਰਊਨ ਸਜਾਵਟ ਵਜੋਂ ਪਵਿੱਤਰ ਸੱਪ ਦੀ ਮੂਰਤੀ ਆਪਣੇ ਮੁਕਟਾਂ ਉੱਤੇ ਲਾਉਂਦੇ ਹੁੰਦੇ ਸਨ ਜੋ ਔਟਚਿਟ ਨਾਂ ਦੀ ਨਾਗ ਦੇਵੀ ਦਾ ਚਿੰਨ੍ਹ ਸੀ। ਸੋ ਇਸ ਉਦਾਹਰਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਇਹ ਦੇਵੀ ਉਨ੍ਹਾਂ ਨੂੰ ਬਚਾ ਨਹੀਂ ਸਕੇਗੀ।

ਸਾਡੇ ਲਈ ਸਬਕ:

21:8, 9; 38:19. ਮੌਤ ਦੀ ਸਜ਼ਾ ਦੇ ਲਾਇਕ ਯਰੂਸ਼ਲਮ ਦੇ ਬੇਵਫ਼ਾ ਯਹੂਦੀਆਂ ਲਈ ਯਹੋਵਾਹ ਨੇ ਅਖ਼ੀਰਲੀ ਘੜੀ ਤਕ ਜੀਉਣ ਦਾ ਰਾਹ ਖੁੱਲ੍ਹਾ ਰੱਖਿਆ ਸੀ। ਸੱਚ-ਮੁੱਚ ਹੀ “ਉਸ ਦੀ ਵੱਡੀ ਕਿਰਪਾ ਹੈ।”​—2 ਸਮੂਏਲ 24:14; ਜ਼ਬੂਰਾਂ ਦੀ ਪੋਥੀ 119:156.

31:34. ਇਸ ਗੱਲ ਤੋਂ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਸਾਡੇ ਪਾਪ ਨੂੰ ਸਿਰਫ਼ ਮਾਫ਼ ਹੀ ਨਹੀਂ ਕਰਦਾ ਬਲਕਿ ਇਕ ਵਾਰ ਮਾਫ਼ ਕਰਕੇ ਉਹ ਇਨ੍ਹਾਂ ਨੂੰ ਦੁਬਾਰਾ ਕਦੀ ਮਨ ਵਿਚ ਨਹੀਂ ਲਿਆਉਂਦਾ ਤੇ ਨਾ ਹੀ ਇਨ੍ਹਾਂ ਕਰਕੇ ਸਜ਼ਾ ਦਿੰਦਾ ਹੈ!

38:7-13; 39:15-18. ਯਹੋਵਾਹ ਸਾਡੀ ਵਫ਼ਾਦਾਰ ਸੇਵਾ ਨਹੀਂ ਭੁੱਲਦਾ ਜਿਸ ਵਿਚ “ਸੰਤਾਂ ਦੀ ਸੇਵਾ” ਵੀ ਸ਼ਾਮਲ ਹੈ।​—ਇਬਰਾਨੀਆਂ 6:10.

45:4, 5. ਜਿਵੇਂ ਯਹੂਦਾਹ ਦੇ ਅੰਤਲੇ ਦਿਨਾਂ ਵਿਚ ਸਾਵਧਾਨੀ ਦੀ ਲੋੜ ਸੀ, ਇਸ ਤਰ੍ਹਾਂ ਅੱਜ ਦੁਨੀਆਂ ਦੇ “ਅੰਤ ਦਿਆਂ ਦਿਨਾਂ” ਵਿਚ ਰਹਿੰਦੇ ਹੋਏ ਸਾਨੂੰ ਵੀ ਧਨ-ਦੌਲਤ ਤੇ ਸ਼ੌਹਰਤ ਵਰਗੀਆਂ “ਵੱਡੀਆਂ ਚੀਜ਼ਾਂ” ਪਿੱਛੇ ਨਹੀਂ ਭੱਜਣਾ ਚਾਹੀਦਾ।​—2 ਤਿਮੋਥਿਉਸ 3:1; 1 ਯੂਹੰਨਾ 2:17.

ਅੱਗ ਨਾਲ ਫੂਕਿਆ ਯਰੂਸ਼ਲਮ

(ਯਿਰਮਿਯਾਹ 52:1-34)

ਸਾਲ 607 ਈ. ਪੂ. ਸੀ ਤੇ ਸਿਦਕੀਯਾਹ ਆਪਣੀ ਪਾਤਸ਼ਾਹੀ ਦੇ 11ਵੇਂ ਸਾਲ ਵਿਚ ਸੀ। ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੇ ਯਰੂਸ਼ਲਮ ਨੂੰ ਪਿੱਛਲੇ 18 ਮਹੀਨਿਆਂ ਤੋਂ ਘੇਰਾ ਪਾਇਆ ਹੋਇਆ ਸੀ। ਨਬੂਕਦਨੱਸਰ ਦੀ ਪਾਤਸ਼ਾਹੀ ਦੇ 19ਵੇਂ ਵਰ੍ਹੇ ਦੇ ਪੰਜਵੇਂ ਮਹੀਨੇ ਦੇ ਸੱਤਵੇਂ ਦਿਨ ਬਾਬਲ ਦੇ ਪਾਤਸ਼ਾਹ ਦਾ ਸੈਨਾਪਤੀ ਨਬੂਜ਼ਰਦਾਨ ਯਰੂਸ਼ਲਮ ਪਹੁੰਚਿਆ। (2 ਰਾਜਿਆਂ 25:8) ਸ਼ਾਇਦ ਨਬੂਜ਼ਰਦਾਨ ਨੇ ਸ਼ਹਿਰ ਦੀਆਂ ਦੀਵਾਰਾਂ ਦੇ ਬਾਹਰ ਆਪਣੇ ਕੈਂਪ ਤੋਂ ਸਥਿਤੀ ਦਾ ਜਾਇਜ਼ਾ ਲੈ ਕੇ ਹਮਲੇ ਦੀ ਤਿਆਰ ਕੀਤੀ ਹੋਣੀ। ਤਿੰਨ ਦਿਨਾਂ ਬਾਅਦ, ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਉਹ ਯਰੂਸ਼ਲਮ “ਵਿੱਚ ਆਇਆ।” ਫਿਰ ਉਸ ਨੇ ਯਰੂਸ਼ਲਮ ਨੂੰ ਅੱਗ ਨਾਲ ਫੂਕ ਦਿੱਤਾ।​—ਯਿਰਮਿਯਾਹ 52:12, 13.

ਯਿਰਮਿਯਾਹ ਨੇ ਯਰੂਸ਼ਲਮ ਉੱਤੇ ਬਾਬਲੀ ਹਮਲੇ ਬਾਰੇ ਵਿਸਤਾਰ ਨਾਲ ਦੱਸਿਆ। ਉਸ ਨੇ ਤਬਾਹੀ ਬਾਰੇ ਜੋ ਵੀ ਦੱਸਿਆ, ਉਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਤਬਾਹੀ ਤੋਂ ਬਾਅਦ ਯਿਰਮਿਯਾਹ ਨੇ ਕਿਉਂ ਇੰਨਾ ਵਿਰਲਾਪ ਕੀਤਾ ਸੀ। ਯਿਰਮਿਯਾਹ ਨੇ ਆਪਣੀਆਂ ਭਾਵਨਾਵਾਂ ਵਿਰਲਾਪ ਨਾਂ ਦੀ ਪੋਥੀ ਵਿਚ ਕਲਮਬੱਧ ਕੀਤੀਆਂ।

[ਸਫ਼ਾ 8 ਉੱਤੇ ਤਸਵੀਰ]

ਯਿਰਮਿਯਾਹ ਨੇ ਯਰੂਸ਼ਲਮ ਨੂੰ ਸਜ਼ਾ ਦੇਣ ਦੇ ਯਹੋਵਾਹ ਦੇ ਫ਼ੈਸਲੇ ਦਾ ਐਲਾਨ ਕੀਤਾ

[ਸਫ਼ਾ 9 ਉੱਤੇ ਤਸਵੀਰ]

ਯਿਰਮਿਯਾਹ ਦੇ ਮਾਮਲੇ ਵਿਚ ਯਹੋਵਾਹ ਨੇ ਆਪਣੀ ਤਾਕਤ ਕਿਵੇਂ ਵਰਤੀ?

[ਸਫ਼ਾ 10 ਉੱਤੇ ਤਸਵੀਰ]

‘ਮੈਂ ਏਹਨਾਂ ਚੰਗੀਆਂ ਹਜੀਰਾਂ ਵਾਂਙੁ ਯਹੂਦਾਹ ਦੇ ਅਸੀਰਾਂ ਨਾਲ ਭਲਿਆਈ ਕਰਾਂਗਾ।’​—ਯਿਰਮਿਯਾਹ 24:5