Skip to content

Skip to table of contents

ਹੰਨਾਹ ਨੂੰ ਮਨ ਦੀ ਸ਼ਾਂਤੀ ਮਿਲੀ

ਹੰਨਾਹ ਨੂੰ ਮਨ ਦੀ ਸ਼ਾਂਤੀ ਮਿਲੀ

ਹੰਨਾਹ ਨੂੰ ਮਨ ਦੀ ਸ਼ਾਂਤੀ ਮਿਲੀ

ਯਹੋਵਾਹ ਦੀ ਵਫ਼ਾਦਾਰ ਭਗਤਣ ਹੰਨਾਹ ਨੇ ਉੱਚੀ ਆਵਾਜ਼ ਵਿਚ ਪ੍ਰਾਰਥਨਾ ਵਿਚ ਯਹੋਵਾਹ ਪਰਮੇਸ਼ੁਰ ਦੀ ਮਹਿਮਾ ਕੀਤੀ। ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਸੀ ਕਿ ਯਹੋਵਾਹ ਨੇ ਉਸ ਨੂੰ ਖ਼ਾਕ ਵਿੱਚੋਂ ਚੁੱਕਿਆ ਤੇ ਉਸ ਦੀ ਉਦਾਸੀ ਨੂੰ ਖ਼ੁਸ਼ੀ ਵਿਚ ਬਦਲ ਦਿੱਤਾ।

ਹੰਨਾਹ ਦਾ ਦੁੱਖ ਖ਼ੁਸ਼ੀ ਵਿਚ ਕਿਵੇਂ ਬਦਲ ਗਿਆ? ਉਹ ਇੰਨੀ ਖ਼ੁਸ਼ ਕਿਉਂ ਸੀ? ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਪਾਉਣ ਲਈ ਆਓ ਆਪਾਂ ਇਸ ਔਰਤ ਦੀ ਜ਼ਿੰਦਗੀ ਤੇ ਝਾਤੀ ਮਾਰੀਏ।

ਦੁਖੀ ਪਰਿਵਾਰ

ਹੰਨਾਹ ਅਲਕਾਨਾਹ ਨਾਲ ਵਿਆਹੀ ਹੋਈ ਸੀ ਜੋ ਲੇਵੀ ਦੇ ਗੋਤ ਵਿੱਚੋਂ ਸੀ ਤੇ ਇਫ਼ਰਾਈਮ ਦੇ ਇਲਾਕੇ ਵਿਚ ਰਹਿੰਦਾ ਸੀ। ਅਲਕਾਨਾਹ ਦੀ ਇਕ ਹੋਰ ਪਤਨੀ ਵੀ ਸੀ। (1 ਸਮੂਏਲ 1:1, 2ੳ; 1 ਇਤਹਾਸ 6:33, 34) ਭਾਵੇਂ ਕਿ ਸ਼ੁਰੂ ਵਿਚ ਪਰਮੇਸ਼ੁਰ ਦਾ ਇਹ ਮਕਸਦ ਨਹੀਂ ਸੀ ਕਿ ਆਦਮੀ ਦੀ ਇਕ ਤੋਂ ਜ਼ਿਆਦਾ ਪਤਨੀ ਹੋਵੇ, ਪਰ ਉਸ ਨੇ ਮੂਸਾ ਦੀ ਸ਼ਰਾ ਵਿਚ ਇਸ ਦੀ ਇਜਾਜ਼ਤ ਦਿੱਤੀ ਸੀ ਤੇ ਸ਼ਰਾ ਵਿਚ ਇਸ ਮਾਮਲੇ ਸੰਬੰਧੀ ਕਾਨੂੰਨ ਬਣਾਏ ਸਨ। ਅਲਕਾਨਾਹ ਦਾ ਸਾਰਾ ਪਰਿਵਾਰ ਯਹੋਵਾਹ ਦੀ ਭਗਤੀ ਕਰਦਾ ਸੀ, ਪਰ ਇਕ ਤੋਂ ਜ਼ਿਆਦਾ ਪਤਨੀਆਂ ਹੋਣ ਕਰਕੇ ਉਸ ਦੇ ਘਰ ਅਕਸਰ ਕਲੇਸ਼ ਪਿਆ ਰਹਿੰਦਾ ਸੀ। ਇਹ ਅਸੀਂ ਉਸ ਦੇ ਘਰੇਲੂ ਜੀਵਨ ਤੋਂ ਦੇਖ ਸਕਦੇ ਹਾਂ।

ਹੰਨਾਹ ਬੇਔਲਾਦ ਸੀ ਜਦ ਕਿ ਅਲਕਾਨਾਹ ਦੀ ਦੂਜੀ ਪਤਨੀ ਅਤੇ ਹੰਨਾਹ ਦੀ ਸੌਂਕਣ ਪਨਿੰਨਾਹ ਦੇ ਕਈ ਮੁੰਡੇ-ਕੁੜੀਆਂ ਸਨ।—1 ਸਮੂਏਲ 1:2ਅ.

ਉਨ੍ਹੀਂ ਦਿਨੀਂ ਇਸਰਾਏਲ ਵਿਚ ਬੇਔਲਾਦ ਤੀਵੀਂ ਨੂੰ ਤੁੱਛ ਸਮਝਿਆ ਜਾਂਦਾ ਸੀ। ਇਸ ਦੇ ਨਾਲ ਇਹ ਵੀ ਮੰਨਿਆ ਜਾਂਦਾ ਸੀ ਕਿ ਪਰਮੇਸ਼ੁਰ ਦੀ ਬਰਕਤ ਉਸ ਤੇ ਨਹੀਂ ਸੀ। ਪਰ ਹੰਨਾਹ ਦੇ ਬੇਔਲਾਦ ਹੋਣ ਦਾ ਇਹ ਮਤਲਬ ਨਹੀਂ ਸੀ ਕਿ ਪਰਮੇਸ਼ੁਰ ਉਸ ਨਾਲ ਨਾਰਾਜ਼ ਸੀ। ਪਨਿੰਨਾਹ ਦਾ ਫ਼ਰਜ਼ ਬਣਦਾ ਸੀ ਕਿ ਉਹ ਹੰਨਾਹ ਨੂੰ ਦਿਲਾਸਾ ਦੇਵੇ, ਪਰ ਇਸ ਦੀ ਬਜਾਇ ਉਸ ਨੇ ਹੰਨਾਹ ਨੂੰ ਤਾਅਨੇ-ਮਿਹਣੇ ਮਾਰ ਕੇ ਹਮੇਸ਼ਾ ਦੁਖੀ ਹੀ ਕੀਤਾ।

ਯਹੋਵਾਹ ਦੇ ਘਰ ਦੇ ਦਰਸ਼ਣ

ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ, ਅਲਕਾਨਾਹ ਦਾ ਪਰਿਵਾਰ ਹਰ ਸਾਲ ਸ਼ੀਲੋਹ ਵਿਚ ਯਹੋਵਾਹ ਦੇ ਘਰ ਭੇਟ ਚੜ੍ਹਾਉਣ ਜਾਇਆ ਕਰਦਾ ਸੀ। * ਉਨ੍ਹਾਂ ਨੂੰ ਤਕਰੀਬਨ 60 ਕਿਲੋਮੀਟਰ (40 ਮੀਲ) ਲੰਬਾ ਸਫ਼ਰ ਪੈਦਲ ਤੈਅ ਕਰਨਾ ਪੈਂਦਾ ਸੀ। ਯਹੋਵਾਹ ਦੇ ਘਰ ਭੇਟ ਚੜ੍ਹਾਉਣ ਤੋਂ ਬਾਅਦ ਹੰਨਾਹ ਕਾਫ਼ੀ ਦੁਖੀ ਹੁੰਦੀ ਸੀ ਕਿਉਂਕਿ ਉਸ ਨੂੰ ਭੇਟ ਦਾ ਸਿਰਫ਼ ਇੱਕੋ ਹਿੱਸਾ ਦਿੱਤਾ ਜਾਂਦਾ ਸੀ ਜਦੋਂ ਕਿ ਪਨਿੰਨਾਹ ਤੇ ਉਸ ਦੇ ਬੱਚਿਆਂ ਨੂੰ ਕਈ ਹਿੱਸੇ ਦਿੱਤੇ ਜਾਂਦੇ ਸਨ। ਇਨ੍ਹਾਂ ਮੌਕਿਆਂ ਤੇ ਪਨਿੰਨਾਹ ਹੰਨਾਹ ਨਾਲ ਹਮਦਰਦੀ ਕਰਨ ਦੀ ਬਜਾਇ ਤਾਅਨੇ ਮਾਰ ਕੇ ਉਸ ਦੇ ਜ਼ਖ਼ਮਾਂ ਤੇ ਲੂਣ ਛਿੜਕਦੀ ਸੀ। ਦੇਖਣ ਨੂੰ ਤਾਂ ਲੱਗਦਾ ਸੀ ਕਿ ਯਹੋਵਾਹ ਨੇ “[ਹੰਨਾਹ] ਦੀ ਕੁੱਖ ਬੰਦ ਕਰ ਛੱਡੀ ਸੀ।” ਹਰ ਸਾਲ ਇਸ ਜਗ੍ਹਾ ਹੰਨਾਹ ਨੂੰ ਪਨਿੰਨਾਹ ਦੀਆਂ ਚੁਭਵੀਆਂ ਗੱਲਾਂ ਸੁਣਨੀਆਂ ਪੈਂਦੀਆਂ ਸਨ ਜਿਸ ਕਰਕੇ ਉਹ ਰੋਂਦੀ ਸੀ ਤੇ ਕੁਝ ਵੀ ਖਾਂਦੀ-ਪੀਂਦੀ ਨਹੀਂ ਸੀ। ਯਹੋਵਾਹ ਦੇ ਘਰ ਵਿਚ ਹੰਨਾਹ ਨੂੰ ਖ਼ੁਸ਼ ਹੋਣਾ ਚਾਹੀਦਾ ਸੀ ਪਰ ਉਹ ਗਮ ਵਿਚ ਹੀ ਡੁੱਬ ਜਾਂਦੀ ਸੀ। ਇਸ ਦੇ ਬਾਵਜੂਦ ਹੰਨਾਹ ਯਹੋਵਾਹ ਦੇ ਭਵਨ ਵਿਚ ਆਉਂਦੀ ਰਹੀ।—1 ਸਮੂਏਲ 1:3-7.

ਹੰਨਾਹ ਦੀ ਚੰਗੀ ਮਿਸਾਲ ਤੋਂ ਤੁਸੀਂ ਕੀ ਸਿੱਖ ਸਕਦੇ ਹੋ? ਜਦ ਤੁਸੀਂ ਨਿਰਾਸ਼ ਹੁੰਦੇ ਹੋ, ਤਾਂ ਉਦੋਂ ਤੁਸੀਂ ਕੀ ਕਰਦੇ ਹੋ? ਕੀ ਤੁਸੀਂ ਦੂਸਰਿਆਂ ਤੋਂ ਦੂਰ-ਦੂਰ ਰਹਿਣ ਲੱਗ ਪੈਂਦੇ ਹੋ ਤੇ ਭੈਣਾਂ-ਭਰਾਵਾਂ ਨੂੰ ਮਿਲਣਾ-ਗਿਲਣਾ ਛੱਡ ਦਿੰਦੇ ਹੋ? ਹੰਨਾਹ ਨੇ ਇੱਦਾਂ ਨਹੀਂ ਕੀਤਾ ਸੀ। ਯਹੋਵਾਹ ਦੇ ਭਗਤਾਂ ਨਾਲ ਮਿਲਣਾ-ਗਿਲਣਾ ਉਸ ਦੀ ਰੀਤ ਸੀ। ਸਾਨੂੰ ਵੀ ਉਸ ਦੀ ਮਿਸਾਲ ਤੇ ਚੱਲਣਾ ਚਾਹੀਦਾ ਹੈ ਜਦੋਂ ਸਾਨੂੰ ਤੰਗੀਆਂ ਆ ਘੇਰਦੀਆਂ ਹਨ।—ਜ਼ਬੂਰਾਂ ਦੀ ਪੋਥੀ 26:12; 122:1; ਕਹਾਉਤਾਂ 18:1; ਇਬਰਾਨੀਆਂ 10:24, 25.

ਅਲਕਾਨਾਹ ਨੇ ਹੰਨਾਹ ਨਾਲ ਗੱਲ ਕਰ ਕੇ ਉਸ ਦਾ ਦੁੱਖ ਹੌਲਾ ਕਰਨ ਅਤੇ ਉਸ ਦੇ ਦਿਲ ਦੀ ਗੱਲ ਜਾਣਨ ਦੀ ਕੋਸ਼ਿਸ਼ ਕੀਤੀ। ਉਸ ਨੇ ਪੁੱਛਿਆ: “ਹੇ ਹੰਨਾਹ, ਤੂੰ ਕਿਉਂ ਰੋਂਦੀ ਹੈਂ ਅਤੇ ਖਾਂਦੀ ਕਿਉਂ ਨਹੀਂ ਅਤੇ ਤੇਰਾ ਮਨ ਕਿਉਂ ਕੁੜ੍ਹਦਾ ਰਹਿੰਦਾ ਹੈ? ਭਲਾ, ਤੈਨੂੰ ਦਸਾਂ ਪੁੱਤ੍ਰਾਂ ਨਾਲੋਂ ਮੈਂ ਚੰਗਾ ਨਹੀਂ?” (1 ਸਮੂਏਲ 1:8) ਸ਼ਾਇਦ ਅਲਕਾਨਾਹ ਨੂੰ ਪਤਾ ਨਹੀਂ ਸੀ ਕਿ ਪਨਿੰਨਾਹ ਕਿੰਨੇ ਰੁੱਖੇ ਤਰੀਕੇ ਨਾਲ ਹੰਨਾਹ ਨਾਲ ਪੇਸ਼ ਆਉਂਦੀ ਸੀ। ਹੰਨਾਹ ਨੇ ਆਪਣੇ ਪਤੀ ਕੋਲ ਕੋਈ ਸ਼ਿਕਾਇਤ ਨਾ ਕੀਤੀ, ਪਰ ਚੁੱਪ-ਚਾਪ ਦੁੱਖ ਸਹਿੰਦੀ ਗਈ। ਹੰਨਾਹ ਨੇ ਮਨ ਦੀ ਸ਼ਾਂਤੀ ਪਾਉਣ ਲਈ ਯਹੋਵਾਹ ਉੱਤੇ ਸਭ ਕੁਝ ਛੱਡਿਆ ਤੇ ਉਸ ਨੂੰ ਦਿਲੋਂ ਪ੍ਰਾਰਥਨਾ ਕੀਤੀ।

ਹੰਨਾਹ ਨੇ ਸੁੱਖਣਾ ਸੁੱਖੀ

ਲੋਕ ਯਹੋਵਾਹ ਦੇ ਘਰ ਵਿਚ ਚੜ੍ਹਾਈਆਂ ਜਾਂਦੀਆਂ ਸੁੱਖ-ਸਾਂਦ ਦੀਆਂ ਭੇਟਾਂ ਉੱਥੇ ਹੀ ਖਾਇਆ ਕਰਦੇ ਸਨ। ਹੰਨਾਹ ਬਾਕੀ ਲੋਕਾਂ ਨੂੰ ਖਾਂਦਿਆਂ-ਪੀਂਦਿਆਂ ਛੱਡ ਕੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਚਲੀ ਗਈ। (1 ਸਮੂਏਲ 1:9, 10) ਉਸ ਨੇ ਬੇਨਤੀ ਕੀਤੀ: “ਹੇ ਸੈਨਾਂ ਦੇ ਯਹੋਵਾਹ, ਜੇ ਤੂੰ ਆਪਣੀ ਟਹਿਲਣ ਦੇ ਦੁਖ ਵੱਲ ਧਿਆਨ ਕਰੇਂ ਅਤੇ ਮੈਨੂੰ ਚੇਤੇ ਕਰੇਂ ਅਤੇ ਆਪਣੀ ਟਹਿਲਣ ਨੂੰ ਨਾ ਭੁਲਾਵੇਂ ਅਤੇ ਆਪਣੀ ਟਹਿਲਣ ਨੂੰ ਪੁੱਤ੍ਰ ਦੇਵੇਂ ਤਾਂ ਮੈਂ ਉਹ ਯਹੋਵਾਹ ਨੂੰ ਜਿੰਨਾ ਚਿਰ ਉਹ ਜੀਉਂਦਾ ਰਹੇ ਦੇ ਦਿਆਂਗੀ ਅਤੇ ਉਹ ਦੇ ਸਿਰ ਉੱਤੇ ਉਸਤਰਾ ਕਦੀ ਨਾ ਫਿਰੇਗਾ।”—1 ਸਮੂਏਲ 1:11.

ਹੰਨਾਹ ਨੇ ਖੁੱਲ੍ਹ ਕੇ ਆਪਣੀ ਪ੍ਰਾਰਥਨਾ ਵਿਚ ਯਹੋਵਾਹ ਕੋਲੋਂ ਪੁੱਤਰ ਦੀ ਦਾਤ ਮੰਗੀ ਤੇ ਸੁੱਖਣਾ ਸੁੱਖੀ ਕਿ ਆਪਣਾ ਪੁੱਤਰ ਨਜ਼ੀਰ ਵਜੋਂ ਯਹੋਵਾਹ ਦੀ ਸੇਵਾ ਕਰਨ ਲਈ ਦੇ ਦੇਵੇਗੀ। (ਗਿਣਤੀ 6:1-5) ਹੰਨਾਹ ਇਹ ਸੁੱਖਣਾ ਆਪਣੇ ਪਤੀ ਅਲਕਾਨਾਹ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਸੁੱਖ ਸਕਦੀ ਸੀ। ਹੰਨਾਹ ਨੂੰ ਆਪਣੇ ਪਤੀ ਦੀ ਮਨਜ਼ੂਰੀ ਮਿਲ ਗਈ ਸੀ। ਇਹ ਗੱਲ ਸਾਨੂੰ ਕਿਸ ਤਰ੍ਹਾਂ ਪਤਾ ਹੈ? ਕਿਉਂਕਿ ਉਹ ਦੋਵੇਂ ਇਕੱਠੇ ਆਪਣੇ ਪੁੱਤਰ ਨੂੰ ਯਹੋਵਾਹ ਦੀ ਸੇਵਾ ਕਰਨ ਲਈ ਉਸ ਦੇ ਘਰ ਛੱਡਣ ਗਏ ਸਨ।—ਗਿਣਤੀ 30:6-8.

ਜਦ ਏਲੀ ਨੇ ਹੰਨਾਹ ਨੂੰ ਪ੍ਰਾਰਥਨਾ ਕਰਦੀ ਦੇਖਿਆ, ਤਾਂ ਉਸ ਨੂੰ ਲੱਗਾ ਕਿ ਹੰਨਾਹ ਨੇ ਸ਼ਰਾਬ ਪੀਤੀ ਹੋਈ ਸੀ। ਉਸ ਨੇ ਹੰਨਾਹ ਦੇ ਬੁੱਲ੍ਹ ਹੀ ਹਿੱਲਦੇ ਦੇਖੇ, ਪਰ ਉਸ ਦੀ ਆਵਾਜ਼ ਨਹੀਂ ਸੁਣੀ ਕਿਉਂਕਿ ਉਹ ਮਨ ਹੀ ਮਨ ਦੁਆ ਕਰ ਰਹੀ ਸੀ। ਹੰਨਾਹ ਆਪਣੇ ਪੂਰੇ ਦਿਲ ਨਾਲ ਪ੍ਰਾਰਥਨਾ ਕਰ ਰਹੀ ਸੀ। (1 ਸਮੂਏਲ 1:12-14) ਜ਼ਰਾ ਸੋਚੋ ਹੰਨਾਹ ਦੇ ਦਿਲ ਤੇ ਕਿੰਨੀ ਸੱਟ ਵੱਜੀ ਹੋਣੀ ਜਦੋਂ ਏਲੀ ਨੇ ਉਸ ਨੂੰ ਝਿੜਕਿਆ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ। ਫਿਰ ਵੀ ਉਸ ਨੇ ਅਦਬ ਨਾਲ ਏਲੀ ਨੂੰ ਆਪਣੀ ਚਿੰਤਾ ਬਾਰੇ ਦੱਸਿਆ। ਇਹ ਸੁਣ ਕੇ ਕਿ ਹੰਨਾਹ ‘ਆਪਣੀਆਂ ਚਿੰਤਾਵਾਂ ਤੇ ਦੁਖਾਂ ਦਾ ਢੇਰ’ ਪਰਮੇਸ਼ੁਰ ਅੱਗੇ ਖੋਲ੍ਹ ਰਹੀ ਸੀ, ਏਲੀ ਨੇ ਉਸ ਨੂੰ ਕਿਹਾ: “ਇਸਰਾਏਲ ਦਾ ਪਰਮੇਸ਼ੁਰ ਤੇਰੀ ਅਰਜੋਈ ਪੂਰੀ ਕਰੇ।” (1 ਸਮੂਏਲ 1:15-17) ਫਿਰ ਹੰਨਾਹ ਉੱਥੋਂ ਚਲੇ ਗਈ ਅਤੇ ਉਸ ਨੇ ਕੁਝ ਖਾਧਾ-ਪੀਤਾ ਅਤੇ “ਉਹ ਦਾ ਮੂੰਹ ਉਦਾਸ ਨਾ ਰਿਹਾ।”—1 ਸਮੂਏਲ 1:18.

ਅਸੀਂ ਹੰਨਾਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਯਹੋਵਾਹ ਨਾਲ ਪ੍ਰਾਰਥਨਾ ਵਿਚ ਆਪਣੀਆਂ ਚਿੰਤਾਵਾਂ ਬਾਰੇ ਗੱਲ ਕਰਦੇ ਹੋਏ ਅਸੀਂ ਉਸ ਨੂੰ ਦੱਸ ਸਕਦੇ ਹਾਂ ਕਿ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ। ਅਸੀਂ ਉਸ ਤੋਂ ਆਪਣੀ ਚਿੰਤਾ ਦੂਰ ਕਰਨ ਲਈ ਮਦਦ ਵੀ ਮੰਗ ਸਕਦੇ ਹਾਂ। ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨ ਤੋਂ ਬਾਅਦ ਜੇ ਸਮੱਸਿਆ ਹੱਲ ਨਹੀਂ ਹੁੰਦੀ, ਤਾਂ ਸਾਨੂੰ ਮਾਮਲਾ ਯਹੋਵਾਹ ਦੇ ਹੱਥ ਵਿਚ ਛੱਡ ਦੇਣਾ ਚਾਹੀਦਾ ਹੈ। ਇਹੀ ਸਭ ਤੋਂ ਵਧੀਆ ਕਦਮ ਹੋਵੇਗਾ।—ਕਹਾਉਤਾਂ 3:5, 6.

ਯਹੋਵਾਹ ਦੇ ਭਗਤ ਸੱਚੇ ਦਿਲੋਂ ਪ੍ਰਾਰਥਨਾ ਕਰ ਕੇ ਹੰਨਾਹ ਵਾਂਗ ਮਨ ਦੀ ਸ਼ਾਂਤੀ ਪਾ ਸਕਦੇ ਹਨ। ਪ੍ਰਾਰਥਨਾ ਦੇ ਸੰਬੰਧ ਵਿਚ ਪੌਲੁਸ ਨੇ ਲਿਖਿਆ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” (ਫ਼ਿਲਿੱਪੀਆਂ 4:6, 7) ਜਦ ਅਸੀਂ ਆਪਣੀਆਂ ਮੁਸ਼ਕਲਾਂ ਦਾ ਬੋਝ ਯਹੋਵਾਹ ਤੇ ਸੁੱਟਦੇ ਹਾਂ, ਤਾਂ ਸਾਨੂੰ ਫਿਰ ਤੋਂ ਇਹ ਬੋਝ ਆਪਣੇ ਮੋਢਿਆਂ ਤੇ ਲੈਣ ਦੀ ਬਜਾਇ ਯਹੋਵਾਹ ਨੂੰ ਹੀ ਚੁੱਕਣ ਦੇਣਾ ਚਾਹੀਦਾ ਹੈ। ਫਿਰ ਹੰਨਾਹ ਵਾਂਗ ਅਸੀਂ ਵੀ ਮਨ ਦੀ ਸ਼ਾਂਤੀ ਪਾਵਾਂਗੇ।—ਜ਼ਬੂਰਾਂ ਦੀ ਪੋਥੀ 55:22.

ਯਹੋਵਾਹ ਦੀ ਸੇਵਾ ਵਿਚ ਅਰਪਿਤ ਕੀਤਾ ਪੁੱਤਰ

ਪਰਮੇਸ਼ੁਰ ਨੇ ਹੰਨਾਹ ਦੀ ਬੇਨਤੀ ਸੁਣੀ ਤੇ ਇਕ ਸਾਲ ਬਾਅਦ ਹੰਨਾਹ ਦੀ ਗੋਦ ਹਰੀ ਹੋਈ ਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ। (1 ਸਮੂਏਲ 1:19, 20) ਬਾਈਬਲ ਵਿਚ ਕਈ ਜਣਿਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦੇ ਜਨਮ ਦੀ ਜ਼ਿੰਮੇਵਾਰੀ ਪਰਮੇਸ਼ੁਰ ਨੇ ਆਪਣੇ ਸਿਰ ਲਈ ਸੀ ਅਤੇ ਜੋ ਵੱਡੇ ਹੋ ਕੇ ਉਸ ਦੇ ਸੇਵਕ ਬਣੇ। ਅਲਕਾਨਾਹ ਤੇ ਹੰਨਾਹ ਦਾ ਪੁੱਤਰ ਸਮੂਏਲ ਵੱਡਾ ਹੋ ਕੇ ਯਹੋਵਾਹ ਦਾ ਨਬੀ ਬਣਿਆ ਤੇ ਉਸ ਨੇ ਇਸਰਾਏਲ ਦੇ ਪਹਿਲੇ ਰਾਜੇ ਨੂੰ ਚੁਣਿਆ।

ਹੰਨਾਹ ਨੇ ਸਮੂਏਲ ਨੂੰ ਬਚਪਨ ਤੋਂ ਹੀ ਯਹੋਵਾਹ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਸੀ। ਪਰ ਕੀ ਉਹ ਆਪਣੀ ਸੁੱਖੀ ਹੋਈ ਸੁੱਖਣਾ ਭੁੱਲ ਗਈ? ਨਹੀਂ! ਉਸ ਨੇ ਕਿਹਾ: “ਜਿੰਨਾ ਚਿਰ ਮੁੰਡੇ ਦਾ ਦੁੱਧ ਨਾ ਛੁਡਾਇਆ ਜਾਵੇ ਮੈਂ ਇੱਥੇ ਹੀ ਰਹਾਂਗੀ ਅਤੇ ਫੇਰ ਉਹ ਨੂੰ ਲੈ ਕੇ ਜਾਵਾਂਗੀ ਜੋ ਉਹ ਯਹੋਵਾਹ ਦੇ ਸਾਹਮਣੇ ਆ ਜਾਵੇ ਤਾਂ ਫੇਰ ਸੱਦਾ ਉੱਥੇ ਹੀ ਰਹੇ।” ਲਗਭਗ ਤਿੰਨ ਸਾਲਾਂ ਦੀ ਉਮਰ ਤੇ ਸਮੂਏਲ ਦਾ ਦੁੱਧ ਛੁਡਾਉਣ ਤੋਂ ਬਾਅਦ ਹੰਨਾਹ ਆਪਣੀ ਸੁੱਖਣਾ ਮੁਤਾਬਕ ਉਸ ਨੂੰ ਯਹੋਵਾਹ ਦੇ ਘਰ ਲੈ ਗਈ।—1 ਸਮੂਏਲ 1:21-24; 2 ਇਤਹਾਸ 31:16.

ਯਹੋਵਾਹ ਨੂੰ ਭੇਟ ਚੜ੍ਹਾਉਣ ਤੋਂ ਬਾਅਦ ਹੰਨਾਹ ਤੇ ਉਸ ਦਾ ਪਤੀ ਆਪਣੇ ਪੁੱਤਰ ਸਮੂਏਲ ਨੂੰ ਏਲੀ ਕੋਲ ਲੈ ਗਏ। ਆਪਣੇ ਮੁੰਡੇ ਦਾ ਹੱਥ ਫੜੀ ਹੰਨਾਹ ਨੇ ਏਲੀ ਨੂੰ ਕਿਹਾ: “ਹੇ ਮੇਰੇ ਸੁਆਮੀ, ਤੇਰੀ ਜਿੰਦ ਦੀ ਸੌਂਹ, ਹੇ ਸੁਆਮੀ, ਮੈਂ ਉਹੋ ਤੀਵੀਂ ਹਾਂ ਜਿਹ ਨੇ ਤੇਰੇ ਕੋਲ ਐਥੇ ਖੜੋ ਕੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ ਸੀ। ਮੈਂ ਏਸ ਮੁੰਡੇ ਦੇ ਲਈ ਬੇਨਤੀ ਕੀਤੀ ਸੀ ਸੋ ਯਹੋਵਾਹ ਨੇ ਮੇਰੀ ਅਰਜੋਈ ਜੋ ਮੈਂ ਉਸ ਕੋਲੋਂ ਮੰਗੀ ਸੀ ਪੂਰੀ ਕੀਤੀ। ਏਸ ਲਈ ਮੈਂ ਵੀ ਏਹ ਯਹੋਵਾਹ ਨੂੰ ਦੇ ਦਿੱਤਾ ਹੈ। ਜਿੰਨਾ ਚਿਰ ਉਹ ਜੀਉਂਦਾ ਹੈ ਯਹੋਵਾਹ ਦਾ ਦਿੱਤਾ ਹੋਇਆ ਰਹੇ।” ਇਸ ਤਰ੍ਹਾਂ ਸਮੂਏਲ ਨੇ ਉਮਰ ਭਰ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ।—1 ਸਮੂਏਲ 1:25-28; 2:11.

ਹੰਨਾਹ ਕਦੀ ਆਪਣੇ ਪੁੱਤ ਨੂੰ ਭੁੱਲੀ ਨਹੀਂ। ਬਾਈਬਲ ਕਹਿੰਦੀ ਹੈ: “ਉਹ ਦੀ ਮਾਤਾ ਉਹ ਦੇ ਲਈ ਇੱਕ ਨਿੱਕਾ ਜਿਹਾ ਝੱਗਾ ਬਣਾ ਕੇ ਵਰਹੇ ਦੇ ਵਰਹੇ ਲਿਆਉਂਦੀ ਹੁੰਦੀ ਸੀ ਜਦ ਉਹ ਆਪਣੇ ਪਤੀ ਦੇ ਨਾਲ ਵਰ੍ਹੇ ਦੀ ਭੇਟ ਚੜ੍ਹਾਉਣ ਆਉਂਦੀ ਸੀ।” (1 ਸਮੂਏਲ 2:19) ਹੰਨਾਹ ਸਮੂਏਲ ਲਈ ਦੁਆ ਕਰਦੀ ਰਹਿੰਦੀ ਸੀ। ਇਸ ਤੋਂ ਇਲਾਵਾ ਹਰ ਸਾਲ ਜਦੋਂ ਉਹ ਉਸ ਨੂੰ ਮਿਲਣ ਆਉਂਦੀ ਸੀ, ਤਾਂ ਉਸ ਨੂੰ ਯਹੋਵਾਹ ਦੀ ਸੇਵਾ ਵਿਚ ਵਫ਼ਾਦਾਰੀ ਨਾਲ ਲੱਗੇ ਰਹਿਣ ਦੀ ਹੱਲਾਸ਼ੇਰੀ ਦਿੰਦੀ ਸੀ।

ਇਕ ਵਾਰ ਜਦੋਂ ਸਮੂਏਲ ਦੇ ਮਾਪੇ ਉਸ ਨੂੰ ਮਿਲਣ ਆਏ, ਤਾਂ ਏਲੀ ਨੇ ਉਨ੍ਹਾਂ ਨੂੰ ਅਸੀਸ ਦੇ ਕੇ ਆਖਿਆ: “ਯਹੋਵਾਹ ਤੈਨੂੰ ਇਸ ਤੀਵੀਂ ਤੋਂ ਉਸ ਅਰਜੋਈ ਦੇ ਬਦਲੇ ਜੋ ਯਹੋਵਾਹ ਤੋਂ ਮੰਗੀ ਗਈ ਸੀ ਅੰਸ ਦੇਵੇ।” ਏਲੀ ਦੇ ਸ਼ਬਦਾਂ ਅਨੁਸਾਰ, ਹੰਨਾਹ ਤੇ ਅਲਕਾਨਾਹ ਦੇ ਘਰ ਤਿੰਨ ਹੋਰ ਮੁੰਡਿਆਂ ਤੇ ਦੋ ਕੁੜੀਆਂ ਨੇ ਜਨਮ ਲਿਆ।—1 ਸਮੂਏਲ 2:20, 21.

ਅਲਕਾਨਾਹ ਤੇ ਹੰਨਾਹ ਨੇ ਮਸੀਹੀ ਮਾਪਿਆਂ ਲਈ ਕਿੰਨੀ ਚੰਗੀ ਮਿਸਾਲ ਕਾਇਮ ਕੀਤੀ! ਕਈ ਮਾਪੇ ਆਪਣੇ ਧੀਆਂ-ਪੁੱਤਰਾਂ ਨੂੰ ਯਹੋਵਾਹ ਦੀ ਭਗਤੀ ਨੂੰ ਪਹਿਲ ਦੇਣ ਦੀ ਹੱਲਾਸ਼ੇਰੀ ਦਿੰਦੇ ਹਨ। ਇੱਦਾਂ ਕਰਨ ਲਈ ਉਨ੍ਹਾਂ ਦੇ ਬੱਚਿਆਂ ਨੂੰ ਕਈ ਵਾਰ ਘਰੋਂ ਦੂਰ ਜਾਣਾ ਪੈਂਦਾ ਹੈ। ਇਸ ਤਰ੍ਹਾਂ ਦੇ ਮਾਪਿਆਂ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਬੱਚੇ ਯਹੋਵਾਹ ਨੂੰ ਦੇ ਰਹੇ ਹਨ। ਅਜਿਹੇ ਮਾਪਿਆਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਯਹੋਵਾਹ ਲਈ ਪਿਆਰ ਦੀ ਖ਼ਾਤਰ ਅਜਿਹੀਆਂ ਕੁਰਬਾਨੀਆਂ ਕੀਤੀਆਂ ਹਨ। ਯਹੋਵਾਹ ਉਨ੍ਹਾਂ ਦੀਆਂ ਕੁਰਬਾਨੀਆਂ ਕਦੇ ਨਹੀਂ ਭੁੱਲੇਗਾ, ਸਗੋਂ ਉਨ੍ਹਾਂ ਨੂੰ ਬਰਕਤਾਂ ਦੇਵੇਗਾ।

ਹੰਨਾਹ ਦੀ ਖ਼ੁਸ਼ੀ ਦੀ ਪ੍ਰਾਰਥਨਾ

ਜ਼ਰਾ ਹੰਨਾਹ ਦੀ ਖ਼ੁਸ਼ੀ ਦਾ ਅੰਦਾਜ਼ਾ ਲਗਾਓ ਜਿਸ ਦੀ ਕੁੱਖ ਪਰਮੇਸ਼ੁਰ ਨੇ ਹਰੀ ਕੀਤੀ ਸੀ! ਬਾਈਬਲ ਵਿਚ ਘੱਟ ਹੀ ਔਰਤਾਂ ਦੀਆਂ ਪ੍ਰਾਰਥਨਾਵਾਂ ਦਰਜ ਹਨ। ਪਰ ਹੰਨਾਹ ਦੀ ਇਕ ਨਹੀਂ ਬਲਕਿ ਉਸ ਦੀਆਂ ਦੋ ਪ੍ਰਾਰਥਨਾਵਾਂ ਬਾਈਬਲ ਵਿਚ ਪਾਈਆਂ ਜਾਂਦੀਆਂ ਹਨ। ਪਹਿਲੀ ਵਿਚ ਉਸ ਨੇ ਯਹੋਵਾਹ ਅੱਗੇ ਆਪਣੇ ਦੁੱਖਾਂ ਨੂੰ ਫਰੋਲਿਆ ਸੀ ਤੇ ਦੂਜੀ ਵਿਚ ਉਸ ਨੇ ਯਹੋਵਾਹ ਦਾ ਤਹਿ ਦਿਲੋਂ ਧੰਨਵਾਦ ਕੀਤਾ ਸੀ। ਪ੍ਰਾਰਥਨਾ ਦੇ ਸ਼ੁਰੂ ਵਿਚ ਉਸ ਨੇ ਕਿਹਾ: “ਮੇਰਾ ਮਨ ਯਹੋਵਾਹ ਤੋਂ ਅਨੰਦ ਹੈ।” ਫਿਰ ਉਸ ਨੇ ਖ਼ੁਸ਼ੀ-ਖ਼ੁਸ਼ੀ ਕਿਹਾ ਕਿ ਬਾਂਝ ਨੂੰ ਵੀ ਬੱਚੇ ਜੰਮੇ ਤੇ ਯਹੋਵਾਹ ਦੀ ਉਸਤਤ ਕੀਤੀ ਕਿ ਉਹ ਨਿਤਾਣਿਆਂ ਨੂੰ ਵੀ “ਉਤਾਹਾਂ ਕਰਦਾ ਹੈ” ਅਤੇ “ਗਰੀਬ ਨੂੰ ਉਹ ਖ਼ਾਕ ਵਿੱਚੋਂ ਚੁੱਕਦਾ ਹੈ।” ਹਾਂ, ਯਹੋਵਾਹ “ਕੰਗਾਲ ਨੂੰ ਗੁਹੀਰੇ [ਸੁਆਹ ਦੀ ਢੇਰੀ] ਵਿੱਚੋਂ ਕੱਢਦਾ ਹੈ।”—1 ਸਮੂਏਲ 2:1-10.

ਯਹੋਵਾਹ ਦੇ ਬਚਨ ਵਿਚ ਲਿਖਵਾਏ ਗਏ ਇਸ ਬਿਰਤਾਂਤ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਦੂਜਿਆਂ ਦੀਆਂ ਬੁਰੀਆਂ-ਭਲੀਆਂ ਗੱਲਾਂ ਜਾਂ ਚੁਭਵੀਆਂ ਗੱਲਾਂ ਤੋਂ ਦੁੱਖ ਪਹੁੰਚ ਸਕਦਾ ਹੈ। ਪਰ ਸਾਨੂੰ ਕਦੇ ਵੀ ਇਸ ਕਰਕੇ ਯਹੋਵਾਹ ਦੀ ਸੇਵਾ ਵਿਚ ਢਿੱਲੇ ਨਹੀਂ ਪੈਣਾ ਚਾਹੀਦਾ। ਉਹ ਸਾਡੀ ਹਰ ਪ੍ਰਾਰਥਨਾ ਨੂੰ ਸੁਣਦਾ ਹੈ। ਸਾਡਾ ਕੋਈ ਵੀ ਦੁੱਖ ਉਸ ਦੀਆਂ ਅੱਖਾਂ ਤੋਂ ਉਹਲੇ ਨਹੀਂ ਹੈ। ਉਹ ਦੁੱਖ ਵੇਲੇ ਆਪਣੇ ਵਫ਼ਾਦਾਰ ਸੇਵਕਾਂ ਦੀ ਮਦਦ ਕਰਦਾ ਹੈ ਅਤੇ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਤੇ ਹੋਰ ਵੀ ਬਹੁਤ ਸਾਰੀਆਂ ਬਰਕਤਾਂ ਦਿੰਦਾ ਹੈ।—ਜ਼ਬੂਰਾਂ ਦੀ ਪੋਥੀ 22:23-26; 34:6-8; 65:2.

[ਫੁਟਨੋਟ]

^ ਪੈਰਾ 9 ਬਾਈਬਲ ਸ਼ੀਲੋਹ ਵਿਚ ਬਣਾਏ ਗਏ ਯਹੋਵਾਹ ਦੀ ਭਗਤੀ ਕਰਨ ਦੇ ਸਥਾਨ ਨੂੰ ਯਹੋਵਾਹ ਦੀ “ਹੈਕਲ” ਕਹਿੰਦੀ ਹੈ। ਲੇਕਿਨ ਹੰਨਾਹ ਦੇ ਸਮੇਂ ਨੇਮ ਦਾ ਸੰਦੂਕ ਹਾਲੇ ਵੀ ਤੰਬੂ ਵਿਚ ਹੀ ਪਿਆ ਸੀ। ਯਹੋਵਾਹ ਦੀ ਭਗਤੀ ਕਰਨ ਲਈ ਇਕ ਪੱਕੀ ਹੈਕਲ ਸੁਲੇਮਾਨ ਦੇ ਰਾਜ ਦੌਰਾਨ ਬਣਾਈ ਗਈ ਸੀ।—1 ਸਮੂਏਲ 1:9; 2 ਸਮੂਏਲ 7:2, 6; 1 ਰਾਜਿਆਂ 7:51; 8:3, 4.

[ਸਫ਼ਾ 17 ਉੱਤੇ ਤਸਵੀਰ]

ਹੰਨਾਹ ਨੇ ਸਮੂਏਲ ਨੂੰ ਯਹੋਵਾਹ ਦੀ ਸੇਵਾ ਲਈ ਅਰਪਣ ਕਰ ਦਿੱਤਾ