ਚੇਲੇ ਬਣਾਉਣ ਦਾ ਕੰਮ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ
ਜੀਵਨੀ
ਚੇਲੇ ਬਣਾਉਣ ਦਾ ਕੰਮ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ
ਲਿਨੈਟ ਪੀਟਰਜ਼ ਦੀ ਜ਼ਬਾਨੀ
ਐਤਵਾਰ ਦੀ ਸਵੇਰ ਸੀ। ਅਮਰੀਕੀ ਜਲ ਸੈਨਾ ਸਾਨੂੰ ਸੀਅਰਾ ਲਿਓਨ ਵਿੱਚੋਂ ਸਹੀ-ਸਲਾਮਤ ਬਾਹਰ ਕੱਢਣ ਲਈ ਤਿਆਰ ਸੀ। ਉਨ੍ਹਾਂ ਦਾ ਇਕ ਨਿਸ਼ਾਨੇਬਾਜ਼ ਹੋਟਲ ਦੀ ਛੱਤ ਉੱਤੇ ਸੀ। ਹੇਠਾਂ ਘਾਹ ਵਿਚ ਫ਼ੌਜੀ ਬੰਦੂਕਾਂ ਤਾਣ ਕੇ ਲੰਮੇ ਪਏ ਹੋਏ ਸਨ। ਜਦੋਂ ਮੈਂ ਅਤੇ ਹੋਰ ਮਿਸ਼ਨਰੀ ਹੋਟਲ ਵਿੱਚੋਂ ਨਿਕਲ ਕੇ ਹੈਲੀਕਾਪਟਰ ਵੱਲ ਭੱਜੇ, ਤਾਂ ਅਸੀਂ ਬਹੁਤ ਡਰੇ ਹੋਏ ਹੋਣ ਦੇ ਬਾਵਜੂਦ ਸ਼ਾਂਤ ਰਹਿਣ ਦੀ ਕੋਸ਼ਿਸ਼ ਕੀਤੀ। ਦਸਾਂ ਮਿੰਟਾਂ ਵਿਚ ਸਾਨੂੰ ਹੈਲੀਕਾਪਟਰ ਰਾਹੀਂ ਇਕ ਸਮੁੰਦਰੀ ਜਹਾਜ਼ ਵਿਚ ਸਹੀ-ਸਲਾਮਤ ਪਹੁੰਚਾ ਦਿੱਤਾ ਗਿਆ।
ਸੀਅਰਾ ਲਿਓਨ ਵਿਚ ਘਰੇਲੂ ਅਸ਼ਾਂਤੀ ਨੇ ਲੜਾਈ ਦਾ ਰੂਪ ਧਾਰ ਲਿਆ ਸੀ। ਬਾਕੀ ਵਿਦੇਸ਼ੀਆਂ ਵਾਂਗ ਸਾਨੂੰ ਵੀ ਫਟਾਫਟ ਦੇਸ਼ ਵਿੱਚੋਂ ਨਿਕਲਣਾ ਪਿਆ। ਅਗਲੀ ਸਵੇਰ ਸਾਨੂੰ ਪਤਾ ਲੱਗਾ ਕਿ ਬਾਗ਼ੀਆਂ ਨੇ ਉਸ ਹੋਟਲ ਨੂੰ ਬੰਬ ਨਾਲ ਉਡਾ ਦਿੱਤਾ ਸੀ ਜਿੱਥੇ ਅਸੀਂ ਰਾਤ ਠਹਿਰੇ ਸੀ। ਆਓ ਮੈਂ ਤੁਹਾਨੂੰ ਦੱਸਾਂ ਕਿ ਮੈਂ ਉਦੋਂ ਸੀਅਰਾ ਲਿਓਨ ਵਿਚ ਕੀ ਕਰ ਰਹੀ ਸੀ।
ਬ੍ਰਿਟਿਸ਼ ਗੀਆਨਾ (1966 ਤੋਂ ਇਸ ਦਾ ਨਾਂ ਬਦਲ ਕੇ ਗੀਆਨਾ ਰੱਖਿਆ ਗਿਆ) ਵਿਚ ਮੇਰਾ ਬਚਪਨ ਹੱਸਦਿਆਂ-ਖੇਡਦਿਆਂ ਲੰਘਿਆ। ਇਹ 1950 ਦੇ ਦਹਾਕੇ ਦੀ ਗੱਲ ਹੈ। ਉਦੋਂ ਜ਼ਿਆਦਾਤਰ ਮਾਪੇ ਪੜ੍ਹਾਈ-ਲਿਖਾਈ ਉੱਤੇ ਬਹੁਤ ਜ਼ੋਰ ਦਿੰਦੇ ਸਨ ਅਤੇ ਉਮੀਦ ਰੱਖਦੇ ਸਨ ਕਿ ਉਨ੍ਹਾਂ ਦੇ ਬੱਚੇ ਸਕੂਲੇ ਦਿਲ ਲਾ ਕੇ ਪੜ੍ਹਨਗੇ। ਮੈਨੂੰ ਯਾਦ ਹੈ ਕਿ ਇਕ ਵਾਰ ਇਕ ਬੈਂਕ ਦੇ ਕਲਰਕ ਨੇ ਮੇਰੇ ਪਿਤਾ ਜੀ ਨੂੰ ਪੁੱਛਿਆ: “ਤੁਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਉੱਤੇ ਇੰਨਾ ਸਾਰਾ ਪੈਸਾ ਕਿਉਂ ਖ਼ਰਚ ਕਰ ਰਹੇ ਹੋ?” ਪਿਤਾ ਜੀ ਨੇ ਜਵਾਬ ਦਿੱਤਾ: “ਚੰਗੀ ਸਿੱਖਿਆ ਹਾਸਲ ਕਰ ਕੇ ਹੀ ਉਹ ਜ਼ਿੰਦਗੀ ਵਿਚ ਸਫ਼ਲ ਹੋਣਗੇ।” ਉਸ ਵੇਲੇ ਪਿਤਾ ਜੀ ਮੰਨਦੇ ਸਨ ਕਿ ਸਭ ਤੋਂ ਵਧੀਆ ਸਿੱਖਿਆ ਵੱਡੇ-ਵੱਡੇ ਸਕੂਲਾਂ ਵਿਚ ਹੀ ਮਿਲ ਸਕਦੀ ਸੀ। ਪਰ ਜਲਦੀ ਹੀ ਪਿਤਾ ਜੀ ਦੀ ਸੋਚ ਬਦਲ ਗਈ।
ਜਦ ਮੈਂ 11 ਸਾਲਾਂ ਦੀ ਸੀ, ਤਾਂ ਮਾਤਾ ਜੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਨ ਲੱਗ ਪਏ। ਉਹ ਸਾਡੀ ਇਕ ਗੁਆਂਢਣ ਨਾਲ ਕਿੰਗਡਮ ਹਾਲ ਗਏ ਸਨ।
ਉੱਥੇ ਦੱਸੀਆਂ ਗੱਲਾਂ ਸੁਣ ਕੇ ਉਨ੍ਹਾਂ ਦੋਹਾਂ ਨੂੰ ਯਕੀਨ ਹੋ ਗਿਆ ਸੀ ਕਿ ਉਨ੍ਹਾਂ ਨੂੰ ਸੱਚਾਈ ਮਿਲ ਗਈ ਸੀ। ਬਾਅਦ ਵਿਚ ਮਾਤਾ ਜੀ ਨੇ ਇਕ ਹੋਰ ਗੁਆਂਢਣ ਨੂੰ ਵੀ ਦੱਸਿਆ ਕਿ ਉਨ੍ਹਾਂ ਨੇ ਕੀ ਸੁਣਿਆ ਸੀ। ਫਿਰ ਡੈਫਨੀ ਹੈਰੀ (ਵਿਆਹ ਤੋਂ ਬਾਅਦ ਡੈਫਨੀ ਬਾਰਡ) ਅਤੇ ਰੋਜ਼ ਕਫੀ ਨਾਂ ਦੀਆਂ ਮਿਸ਼ਨਰੀ ਭੈਣਾਂ ਨੇ ਇਨ੍ਹਾਂ ਤਿੰਨਾਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਸਾਲ ਦੇ ਅੰਦਰ-ਅੰਦਰ ਇਨ੍ਹਾਂ ਤਿੰਨਾਂ ਨੇ ਬਪਤਿਸਮਾ ਲੈ ਕੇ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਪੰਜ ਸਾਲ ਬਾਅਦ ਮੇਰੇ ਪਿਤਾ ਜੀ ਵੀ ਸੇਵਨਥ-ਡੇ ਐਡਵੈਨਟਿਸਟ ਚਰਚ ਛੱਡ ਕੇ ਯਹੋਵਾਹ ਦੇ ਗਵਾਹ ਬਣ ਗਏ।ਮੈਂ ਦਸਾਂ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ। ਮੈਂ ਤੇ ਮੇਰੀਆਂ ਦੋ ਭੈਣਾਂ ਮਿਸ਼ਨਰੀ ਘਰ ਵਿਚ ਕਾਫ਼ੀ ਸਮਾਂ ਗੁਜ਼ਾਰਦੀਆਂ ਸਾਂ। ਭੈਣ ਡੈਫਨੀ ਤੇ ਭੈਣ ਰੋਜ਼ ਸਾਨੂੰ ਪ੍ਰਚਾਰ ਦੇ ਕੰਮ ਵਿਚ ਹੋਏ ਤਜਰਬੇ ਸੁਣਾਉਂਦੀਆਂ ਸਨ। ਇਹ ਮਿਸ਼ਨਰੀ ਭੈਣਾਂ ਸਾਰਾ ਦਿਨ ਪ੍ਰਚਾਰ ਕਰ ਕੇ ਬਹੁਤ ਖ਼ੁਸ਼ ਸਨ। ਉਨ੍ਹਾਂ ਨੂੰ ਦੇਖ ਕੇ ਮੇਰੇ ਵਿਚ ਵੀ ਮਿਸ਼ਨਰੀ ਬਣਨ ਦੀ ਇੱਛਾ ਜਾਗੀ।
ਪਰ ਮੈਂ ਆਪਣਾ ਸੁਪਨਾ ਕਿਵੇਂ ਪੂਰਾ ਕਰ ਸਕਦੀ ਸੀ? ਮੇਰੇ ਰਿਸ਼ਤੇਦਾਰ ਤੇ ਸਹਿਪਾਠੀ ਸਭ ਇਹੋ ਸੋਚਦੇ ਸਨ ਕਿ ਹਰੇਕ ਨੂੰ ਪੜ੍ਹ-ਲਿਖ ਕੇ ਕੁਝ ਬਣਨਾ ਚਾਹੀਦਾ ਹੈ। ਮੇਰੇ ਅੱਗੇ ਬਹੁਤ ਸਾਰੇ ਮੌਕੇ ਸਨ। ਜੇ ਮੈਂ ਚਾਹੁੰਦੀ, ਤਾਂ ਮੈਂ ਪੜ੍ਹ-ਲਿਖ ਕੇ ਵਕੀਲ, ਸੰਗੀਤਕਾਰ, ਡਾਕਟਰ ਜਾਂ ਕੁਝ ਹੋਰ ਵੀ ਬਣ ਸਕਦੀ ਸੀ। ਪਰ ਮੇਰੇ ਮਾਪਿਆਂ ਦੀ ਚੰਗੀ ਮਿਸਾਲ ਨੇ ਸਹੀ ਰਾਹ ਚੁਣਨ ਵਿਚ ਮੇਰੀ ਮਦਦ ਕੀਤੀ। ਉਹ ਲਗਨ ਨਾਲ ਬਾਈਬਲ ਦਾ ਅਧਿਐਨ ਕਰ ਕੇ ਇਸ ਦੀ ਸਲਾਹ ਅਨੁਸਾਰ ਚੱਲਦੇ ਸਨ ਤੇ ਉਨ੍ਹਾਂ ਨੇ ਯਹੋਵਾਹ ਬਾਰੇ ਦੂਸਰਿਆਂ ਨੂੰ ਸਿਖਾਉਣ ਵਿਚ ਆਪਣੀ ਜ਼ਿੰਦਗੀ ਲਾ ਦਿੱਤੀ। * ਉਹ ਯਹੋਵਾਹ ਦੀ ਸੇਵਾ ਵਿਚ ਲੱਗੇ ਮਿਸ਼ਨਰੀ ਤੇ ਪਾਇਨੀਅਰ ਭੈਣਾਂ-ਭਰਾਵਾਂ ਨੂੰ ਘਰ ਬੁਲਾਉਂਦੇ ਸਨ। ਇਨ੍ਹਾਂ ਭੈਣਾਂ-ਭਰਾਵਾਂ ਦੀ ਮਿਸਾਲ ਦੇਖ ਕੇ ਮੇਰਾ ਇਰਾਦਾ ਹੋਰ ਵੀ ਪੱਕਾ ਹੋ ਗਿਆ ਕਿ ਮੈਂ ਵੀ ਆਪਣੀ ਜ਼ਿੰਦਗੀ ਵਿਚ ਚੇਲੇ ਬਣਾਉਣ ਦੇ ਕੰਮ ਨੂੰ ਹੀ ਪਹਿਲ ਦੇਵਾਂਗੀ।
15 ਸਾਲਾਂ ਦੀ ਉਮਰ ਤੇ ਮੈਂ ਬਪਤਿਸਮਾ ਲੈ ਲਿਆ। ਫਿਰ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਂ ਪਾਇਨੀਅਰੀ ਸ਼ੁਰੂ ਕਰ ਦਿੱਤੀ। ਫਿਲੋਮੀਨਾ ਪਹਿਲੀ ਤੀਵੀਂ ਸੀ ਜਿਸ ਦੀ ਮੈਂ ਯਹੋਵਾਹ ਦੀ ਸੇਵਕ ਬਣਨ ਵਿਚ ਮਦਦ ਕੀਤੀ। ਉਸ ਦੀ ਮਦਦ ਕਰ ਕੇ ਮੈਨੂੰ ਬੇਹੱਦ ਖ਼ੁਸ਼ੀ ਮਿਲੀ ਅਤੇ ਮੇਰਾ ਇਰਾਦਾ ਹੋਰ ਵੀ ਪੱਕਾ ਹੋ ਗਿਆ ਕਿ ਮੈਂ ਆਪਣਾ ਸਾਰਾ ਸਮਾਂ ਯਹੋਵਾਹ ਦੀ ਸੇਵਾ ਕਰਨ ਵਿਚ ਲਾਵਾਂਗੀ। ਉਸ ਵੇਲੇ ਮੈਂ ਸਰਕਾਰੀ ਦਫ਼ਤਰ ਵਿਚ ਸੈਕਟਰੀ ਵਜੋਂ ਨੌਕਰੀ ਕਰ ਰਹੀ ਸੀ। ਭਾਵੇਂ ਮੈਨੂੰ ਇਸ ਤੋਂ ਵੀ ਚੰਗੀ ਸਰਕਾਰੀ ਨੌਕਰੀ ਪੇਸ਼ ਕੀਤੀ ਗਈ, ਪਰ ਮੈਂ ਪਾਇਨੀਅਰੀ ਕਰਨ ਦੀ ਖ਼ਾਤਰ ਇਸ ਨੂੰ ਠੁਕਰਾ ਦਿੱਤਾ।
ਉਦੋਂ ਮੈਂ ਆਪਣੇ ਮਾਪਿਆਂ ਦੇ ਨਾਲ ਹੀ ਰਹਿੰਦੀ ਸੀ ਅਤੇ ਸਾਡੇ ਘਰ ਮਿਸ਼ਨਰੀ ਆਉਂਦੇ-ਜਾਂਦੇ ਰਹਿੰਦੇ ਸਨ। ਮੈਨੂੰ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਬਹੁਤ ਮਜ਼ਾ ਆਉਂਦਾ ਸੀ। ਇਸ ਤਰ੍ਹਾਂ ਮਿਸ਼ਨਰੀ ਦੇ ਤੌਰ ਤੇ ਹੋਰ ਦੇਸ਼ਾਂ ਵਿਚ ਸੇਵਾ ਕਰਨ ਦੀ ਮੇਰੀ ਇੱਛਾ ਵਧਦੀ ਗਈ। ਪਰ ਮੈਨੂੰ ਲੱਗਦਾ ਸੀ ਕਿ ਮੇਰੀ ਇਹ ਇੱਛਾ ਪੂਰੀ ਨਹੀਂ ਹੋ ਸਕੇਗੀ ਕਿਉਂਕਿ ਉਸ ਵੇਲੇ ਮਿਸ਼ਨਰੀਆਂ ਨੂੰ ਗੀਆਨਾ ਭੇਜਿਆ ਜਾ ਰਿਹਾ ਸੀ ਤੇ ਉਹ ਅੱਜ ਵੀ ਭੇਜੇ ਜਾਂਦੇ ਹਨ। ਪਰ 1969 ਵਿਚ ਇਕ ਦਿਨ ਮੈਨੂੰ ਚਿੱਠੀ ਮਿਲੀ ਜਿਸ ਵਿਚ ਮੈਨੂੰ ਬਰੁਕਲਿਨ, ਨਿਊਯਾਰਕ ਵਿਚ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਬੁਲਾਇਆ ਗਿਆ। ਚਿੱਠੀ ਪੜ੍ਹ ਕੇ ਮੈਂ ਖ਼ੁਸ਼ੀ ਨਾਲ ਫੁੱਲੀ ਨਾ ਸਮਾਈ।
ਮੇਰਾ ਸੁਪਨਾ ਪੂਰਾ ਹੋਇਆ
ਮੇਰੀ ਕਲਾਸ ਵਿਚ 54 ਭੈਣ-ਭਰਾ ਸਨ ਜੋ 21 ਦੇਸ਼ਾਂ ਤੋਂ ਆਏ ਸਨ। ਅਸੀਂ 17 ਕੁਆਰੀਆਂ ਭੈਣਾਂ ਸੀ। ਇਹ ਗਿਲਿਅਡ ਦੀ 48ਵੀਂ ਕਲਾਸ ਸੀ। ਹੁਣ ਭਾਵੇਂ 37 ਸਾਲ ਬੀਤ ਚੁੱਕੇ ਹਨ, ਪਰ ਮੈਨੂੰ ਉਹ 5 ਮਹੀਨੇ ਅੱਜ ਵੀ ਚੰਗੀ ਤਰ੍ਹਾਂ ਯਾਦ ਹਨ। ਬਾਈਬਲ ਦਾ ਗਹਿਰਾ ਗਿਆਨ ਹਾਸਲ ਕਰਨ ਤੋਂ ਇਲਾਵਾ ਅਸੀਂ ਹੋਰ ਵੀ ਬਹੁਤ ਕੁਝ ਸਿੱਖਿਆ ਜਿਸ ਨੇ ਸਫ਼ਲ ਮਿਸ਼ਨਰੀ ਬਣਨ ਵਿਚ ਸਾਡੀ ਮਦਦ ਕੀਤੀ। ਮਿਸਾਲ ਲਈ, ਮੈਂ ਹਿਦਾਇਤਾਂ ਨੂੰ ਮੰਨਣਾ, ਫ਼ੈਸ਼ਨ ਦੀ ਗ਼ੁਲਾਮ ਨਾ ਬਣਨਾ ਅਤੇ ਮੁਸ਼ਕਲਾਂ ਦੇ ਬਾਵਜੂਦ ਮਿਸ਼ਨਰੀ ਸੇਵਾ ਵਿਚ ਲੱਗੇ ਰਹਿਣਾ ਸਿੱਖਿਆ।
ਮੇਰੇ ਮਾਪਿਆਂ ਨੇ ਹਮੇਸ਼ਾ ਸਭਾਵਾਂ ਵਿਚ ਜਾਣ ਨੂੰ ਜ਼ਰੂਰੀ ਸਮਝਿਆ ਸੀ। ਜੇ ਸਾਡੇ ਵਿੱਚੋਂ ਕੋਈ ਠੀਕ ਨਾ ਹੋਣ ਦਾ ਬਹਾਨਾ ਕਰ ਕੇ ਐਤਵਾਰ ਨੂੰ ਸਭਾ ਵਿਚ ਨਹੀਂ ਜਾਂਦਾ ਸੀ, ਤਾਂ ਉਹ ਅਗਲੇ ਦਿਨ ਹੋਰਨਾਂ ਮਨ-ਪਸੰਦ ਕੰਮਾਂ ਵਿਚ ਵੀ ਹਿੱਸਾ ਨਹੀਂ ਲੈ ਸਕਦਾ ਸੀ। ਪਰ ਗਿਲਿਅਡ ਸਕੂਲ ਦੌਰਾਨ ਕੁਝ ਸਮੇਂ ਲਈ ਮੈਂ ਕੁਝ ਸਭਾਵਾਂ ਵਿਚ ਜਾਣਾ ਛੱਡ ਦਿੱਤਾ ਸੀ। ਭਰਾ ਡੌਨ ਐਡਮਜ਼ ਤੇ ਉਨ੍ਹਾਂ ਦੀ ਪਤਨੀ ਡਲੋਰਸ ਮੈਨੂੰ ਆਪਣੇ ਨਾਲ ਸਭਾਵਾਂ ਵਿਚ ਲੈ ਕੇ ਜਾਂਦੇ ਸਨ। ਸਾਡੀ ਸ਼ੁੱਕਰਵਾਰ ਸ਼ਾਮ ਨੂੰ ਸਭਾ ਹੁੰਦੀ ਸੀ। ਇਕ ਵਾਰ ਸ਼ੁੱਕਰਵਾਰ ਨੂੰ ਮੈਂ ਬਹਾਨਾ ਬਣਾਉਂਦਿਆਂ ਕਿਹਾ ਕਿ ਮੈਂ ਸਭਾਵਾਂ ਵਿਚ ਨਹੀਂ ਜਾ ਸਕਦੀ ਕਿਉਂਕਿ ਮੇਰੇ ਕੋਲ ਸਕੂਲ ਦਾ ਬਹੁਤ ਸਾਰਾ ਕੰਮ ਪਿਆ ਹੈ ਤੇ ਕਈ ਰਿਪੋਰਟਾਂ ਵੀ ਲਿਖਣੀਆਂ ਹਨ। ਭਰਾ ਐਡਮਜ਼ ਨੇ ਮੈਨੂੰ ਸਮਝਾਉਣ-ਬੁਝਾਉਣ ਤੋਂ ਬਾਅਦ ਕਿਹਾ: “ਆਪਣੀ ਜ਼ਮੀਰ ਦੀ ਆਵਾਜ਼ ਸੁਣ।” ਮੈਂ ਉਨ੍ਹਾਂ ਦੀ ਗੱਲ ਮੰਨੀ ਤੇ ਉਸ ਦਿਨ ਤੋਂ ਮੈਂ ਹਰ ਸਭਾ ਵਿਚ ਗਈ। ਹੁਣ ਵੀ ਮੈਂ ਜਿੱਥੇ ਤਕ ਹੋ ਸਕੇ ਹਰ ਸਭਾ ਵਿਚ ਜਾਂਦੀ ਹਾਂ।
ਇਕ ਦਿਨ ਅਸੀਂ ਸੁਣਿਆ ਕਿ ਸਾਨੂੰ ਦੱਸਿਆ ਜਾਵੇਗਾ ਕਿ ਮਿਸ਼ਨਰੀਆਂ ਵਜੋਂ ਸਾਨੂੰ ਕਿੱਥੇ-ਕਿੱਥੇ ਭੇਜਿਆ ਜਾਣਾ ਹੈ। ਮੈਨੂੰ ਲੱਗਦਾ ਸੀ ਕਿ ਮੈਂ ਜ਼ਰੂਰ ਗੀਆਨਾ ਵਾਪਸ ਜਾਵਾਂਗੀ ਕਿਉਂਕਿ ਉੱਥੇ ਪ੍ਰਚਾਰਕਾਂ ਦੀ ਬਹੁਤ ਲੋੜ ਸੀ। ਪਰ ਇਹ ਜਾਣ ਕੇ ਮੈਂ ਹੈਰਾਨ ਰਹਿ ਗਈ ਕਿ ਮੈਂ ਗੀਆਨਾ ਵਾਪਸ ਨਹੀਂ ਜਾ ਰਹੀ ਸੀ। ਇਸ ਦੀ ਬਜਾਇ ਮੈਨੂੰ ਪੱਛਮੀ ਅਫ਼ਰੀਕਾ ਵਿਚ ਸੀਅਰਾ ਲਿਓਨ ਭੇਜਿਆ ਜਾਣਾ ਸੀ। ਮੈਂ ਯਹੋਵਾਹ ਦਾ ਦਿਲੋਂ ਧੰਨਵਾਦ ਕੀਤਾ ਕਿ ਹੋਰ ਦੇਸ਼ ਵਿਚ ਮਿਸ਼ਨਰੀ ਵਜੋਂ ਸੇਵਾ ਕਰਨ ਦਾ ਮੇਰਾ ਸੁਪਨਾ ਆਖ਼ਰ ਪੂਰਾ ਹੋਇਆ!
ਮੈਂ ਬਹੁਤ ਕੁਝ ਸਿੱਖਿਆ
ਜਦ ਮੈਂ ਪਹਿਲੀ ਵਾਰ ਸੀਅਰਾ ਲਿਓਨ ਦੀਆਂ ਵੱਡੀਆਂ-ਛੋਟੀਆਂ ਪਹਾੜੀਆਂ, ਖਾੜੀਆਂ ਅਤੇ ਸਮੁੰਦਰੀ ਕੰਢੇ ਦੇਖੇ, ਤਾਂ ਮੈਂ ਸੋਚਿਆ ਕਿ ਇਹ ਦੇਸ਼ ਤਾਂ ਸਵਰਗ ਹੈ। ਪਰ ਇਸ ਦੇਸ਼ ਦੀ ਅਸਲੀ ਸੁੰਦਰਤਾ ਇੱਥੇ ਦੇ ਲੋਕ ਹਨ ਜੋ ਵਿਦੇਸ਼ੀਆਂ ਦਾ ਨਿੱਘਾ ਸੁਆਗਤ ਕਰਦੇ ਹਨ ਤੇ ਸਾਰਿਆਂ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦੇ ਹਨ। ਇਸ ਕਰਕੇ ਨਵੇਂ ਮਿਸ਼ਨਰੀਆਂ ਦਾ ਇੱਥੇ ਜਲਦੀ ਦਿਲ ਲੱਗ ਜਾਂਦਾ ਹੈ। ਸੀਅਰਾ ਲਿਓਨ ਦੇ ਲੋਕ ਆਪਣੇ ਰੀਤੀ-ਰਿਵਾਜਾਂ ਤੇ ਸਭਿਆਚਾਰ ਬਾਰੇ ਗੱਲਾਂ ਕਰਨੀਆਂ ਪਸੰਦ ਕਰਦੇ ਹਨ ਅਤੇ ਉਹ ਨਵੇਂ ਲੋਕਾਂ ਨੂੰ ਆਪਣੀ ਕ੍ਰੀਓ ਭਾਸ਼ਾ ਸਿਖਾ ਕੇ ਬਹੁਤ ਖ਼ੁਸ਼ ਹੁੰਦੇ ਹਨ।
ਕ੍ਰੀਓ ਭਾਸ਼ਾ ਵਿਚ ਬਹੁਤ ਸਾਰੇ ਅਖਾਣ ਹਨ। ਮਿਸਾਲ ਲਈ, ਬਾਂਦਰ ਕਰੇ ਕੰਮ, ਲੰਗੂਰ ਖਾਵੇ ਫਲ। ਇਸ ਦਾ ਮਤਲਬ ਹੈ ਕਿ ਕੰਮ ਕਰਨ ਵਾਲੇ ਨੂੰ ਹਮੇਸ਼ਾ ਆਪਣੀ ਮਿਹਨਤ ਦਾ ਫਲ ਨਹੀਂ ਮਿਲਦਾ। ਇਹ ਅਖਾਣ ਦੁਨੀਆਂ ਵਿਚ ਦੇਖੀਆਂ ਜਾਂਦੀਆਂ ਬੇਇਨਸਾਫ਼ੀਆਂ ਨੂੰ ਚੰਗੀ ਤਰ੍ਹਾਂ ਬਿਆਨ ਕਰਦਾ ਹੈ।—ਯਸਾਯਾਹ 65:22.
ਮੈਨੂੰ ਸੀਅਰਾ ਲਿਓਨ ਵਿਚ ਪ੍ਰਚਾਰ ਕਰਨਾ ਬਹੁਤ ਪਸੰਦ ਸੀ। ਲੋਕ ਬਾਈਬਲ ਵਿਚ ਬਹੁਤ ਦਿਲਚਸਪੀ ਰੱਖਦੇ ਸਨ। ਸਾਲਾਂ ਦੌਰਾਨ ਮਿਸ਼ਨਰੀਆਂ ਤੇ ਹੋਰਨਾਂ ਦੀ ਮਿਹਨਤ ਸਦਕਾ ਹਰ ਉਮਰ, ਜਾਤੀ ਅਤੇ ਪਿਛੋਕੜ ਦੇ ਲੋਕਾਂ ਨੇ ਸੱਚਾਈ ਨੂੰ ਕਬੂਲ ਕੀਤਾ।
ਅਰਲਾ ਸੇਂਟ ਹਿੱਲ ਮਿਸ਼ਨਰੀ ਕੰਮ ਵਿਚ ਮੇਰੀ ਪਹਿਲੀ ਸਾਥਣ ਸੀ। ਉਹ ਬਹੁਤ ਮਿਹਨਤੀ ਸੀ। ਉਹ ਜਿੰਨੇ ਜੋਸ਼ ਨਾਲ ਪ੍ਰਚਾਰ ਕਰਦੀ ਸੀ, ਉੱਨਾ ਹੀ ਉਹ ਤਨ-ਮਨ ਲਾ ਕੇ ਮਿਸ਼ਨਰੀ ਘਰ ਦਾ ਕੰਮ ਵੀ ਕਰਦੀ ਸੀ। ਉਸ ਨੇ ਮੈਨੂੰ ਕਈ ਗੱਲਾਂ ਦੀ ਮਹੱਤਤਾ ਸਿਖਾਈ, ਜਿਵੇਂ ਗੁਆਂਢੀਆਂ ਨਾਲ ਜਾਣ-ਪਛਾਣ ਮਰਕੁਸ 10:29, 30.
ਵਧਾਉਣੀ, ਬੀਮਾਰ ਭੈਣਾਂ-ਭਰਾਵਾਂ ਜਾਂ ਸੱਚਾਈ ਸਿੱਖ ਰਹੇ ਲੋਕਾਂ ਨੂੰ ਮਿਲਣ ਜਾਣਾ ਅਤੇ ਜਿੱਥੇ ਹੋ ਸਕੇ ਕਿਸੇ ਦੀ ਮੌਤ ਦਾ ਅਫ਼ਸੋਸ ਕਰਨ ਜਾਣਾ। ਉਸ ਨੇ ਮੈਨੂੰ ਇਹ ਵੀ ਸਲਾਹ ਦਿੱਤੀ ਕਿ ਜਿਸ ਇਲਾਕੇ ਵਿਚ ਮੈਂ ਪ੍ਰਚਾਰ ਕਰਨ ਜਾਂਦੀ ਹਾਂ, ਉੱਥੇ ਰਹਿੰਦੇ ਭੈਣਾਂ-ਭਰਾਵਾਂ ਨੂੰ ਜ਼ਰੂਰ ਮਿਲਾਂ, ਭਾਵੇਂ ਮੈਂ ਉਨ੍ਹਾਂ ਨੂੰ ਹੈਲੋ ਹੀ ਕਹਿ ਕੇ ਆਵਾਂ। ਇਸ ਤਰ੍ਹਾਂ ਕਰਨ ਨਾਲ ਕਈ ਭੈਣ-ਭਰਾਵਾਂ ਨਾਲ ਮੇਰੀ ਗਹਿਰੀ ਦੋਸਤੀ ਹੋ ਗਈ ਅਤੇ ਉਨ੍ਹਾਂ ਨੇ ਮੈਨੂੰ ਮਾਵਾਂ, ਭੈਣਾਂ, ਭਰਾਵਾਂ ਅਤੇ ਦੋਸਤਾਂ ਵਾਂਗ ਪਿਆਰ ਕੀਤਾ। ਉਨ੍ਹਾਂ ਦਾ ਪਿਆਰ ਪਾ ਕੇ ਸੀਅਰਾ ਲਿਓਨ ਵਿਚ ਛੇਤੀ ਮੇਰਾ ਦਿਲ ਲੱਗ ਗਿਆ।—ਮੈਂ ਹੋਰ ਵੀ ਕਈ ਮਿਸ਼ਨਰੀਆਂ ਨਾਲ ਕੰਮ ਕੀਤਾ ਜੋ ਮੇਰੇ ਪੱਕੇ ਦੋਸਤ ਬਣੇ। ਇਨ੍ਹਾਂ ਵਿੱਚੋਂ ਕੁਝ ਸਨ ਆਡਨਾ ਬਰਡ ਜਿਸ ਨੇ ਸੀਅਰਾ ਲਿਓਨ ਵਿਚ 1978 ਤੋਂ 1981 ਤਕ ਸੇਵਾ ਕੀਤੀ ਅਤੇ ਸ਼ੈਰਲ ਫਰਗਸਨ ਜੋ ਪਿਛਲੇ 24 ਸਾਲਾਂ ਤੋਂ ਮਿਸ਼ਨਰੀ ਸੇਵਾ ਵਿਚ ਮੇਰੀ ਸਾਥਣ ਰਹੀ ਹੈ।
ਘਰੇਲੂ ਯੁੱਧ ਕਰਕੇ ਅਜ਼ਮਾਇਸ਼ਾਂ
ਜਿੱਦਾਂ ਮੈਂ ਸ਼ੁਰੂ ਵਿਚ ਦੱਸਿਆ ਸੀ, 1997 ਵਿਚ ਸਾਨੂੰ ਘਰੇਲੂ ਯੁੱਧ ਕਰਕੇ ਸੀਅਰਾ ਲਿਓਨ ਛੱਡਣਾ ਪਿਆ। ਇੱਥੇ ਦੇ ਨਵੇਂ ਬ੍ਰਾਂਚ ਆਫ਼ਿਸ ਦੇ ਉਦਘਾਟਨ ਨੂੰ ਸਿਰਫ਼ ਇਕ ਮਹੀਨਾ ਹੀ ਹੋਇਆ ਸੀ। ਛੇ ਸਾਲ ਪਹਿਲਾਂ ਲਾਈਬੀਰੀਆ ਵਿਚ ਲੜਾਈ ਛਿੜਨ ਕਰਕੇ ਕਈ ਭੈਣ-ਭਰਾ ਉੱਥੋਂ ਸੀਅਰਾ ਲਿਓਨ ਆ ਗਏ ਸਨ। ਕਈਆਂ ਨੂੰ ਤਾਂ ਖਾਲੀ ਹੱਥ ਭੱਜਣਾ ਪਿਆ ਸੀ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਉਹ ਹਰ ਰੋਜ਼ ਪ੍ਰਚਾਰ ਕਰਨ ਜਾਂਦੇ ਸਨ। ਯਹੋਵਾਹ ਅਤੇ ਲੋਕਾਂ ਲਈ ਉਨ੍ਹਾਂ ਦਾ ਪਿਆਰ ਦੇਖ ਕੇ ਮੈਨੂੰ ਹੌਸਲਾ ਮਿਲਿਆ।
ਹੁਣ ਅਸੀਂ ਆਪ ਗਿਨੀ ਦੇਸ਼ ਵਿਚ ਰਫਿਊਜੀ ਸੀ। ਸੋ ਅਸੀਂ ਲਾਈਬੀਰੀਆ ਦੇ ਭੈਣਾਂ-ਭਰਾਵਾਂ ਦੀ ਮਿਸਾਲ ਉੱਤੇ ਚੱਲਦੇ ਹੋਏ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਿਆ ਅਤੇ ਪ੍ਰਚਾਰ ਕਰਦੇ ਰਹੇ। ਇਕ ਸਾਲ ਬਾਅਦ ਸੀਅਰਾ ਲਿਓਨ ਦੇ ਹਾਲਾਤਾਂ ਵਿਚ ਕੁਝ ਸੁਧਾਰ ਹੋਣ ਕਰਕੇ ਅਸੀਂ ਉੱਥੇ ਵਾਪਸ ਚਲੇ ਗਏ। ਪਰ ਅਫ਼ਸੋਸ ਕਿ ਸੱਤਾਂ ਮਹੀਨਿਆਂ ਦੇ ਅੰਦਰ-ਅੰਦਰ ਲੜਾਈ ਫਿਰ ਸ਼ੁਰੂ ਹੋ ਗਈ ਅਤੇ ਸਾਨੂੰ ਇਕ ਵਾਰ ਫਿਰ ਗਿਨੀ ਦੇਸ਼ ਭੱਜਣਾ ਪਿਆ।
ਸਾਨੂੰ ਦੱਸਿਆ ਗਿਆ ਕਿ ਲੜ ਰਹੇ ਇਕ ਗੁੱਟ ਦੇ ਮੈਂਬਰਾਂ ਨੇ ਸਾਡੇ ਮਿਸ਼ਨਰੀ ਘਰ ਵਿਚ ਡੇਰਾ ਜਮਾਇਆ ਹੋਇਆ ਸੀ। ਉਨ੍ਹਾਂ ਨੇ ਸਾਡਾ ਸਾਰਾ ਸਾਮਾਨ ਲੁੱਟ ਲਿਆ ਸੀ ਜਾਂ ਨਸ਼ਟ ਕਰ ਦਿੱਤਾ ਸੀ। ਪਰ ਹਿੰਮਤ ਹਾਰਨ ਦੀ ਬਜਾਇ ਅਸੀਂ ਰੱਬ ਦਾ ਸ਼ੁਕਰ ਕੀਤਾ ਕਿ ਸਾਡੀਆਂ ਜਾਨਾਂ ਤਾਂ ਬਚ ਗਈਆਂ। ਸਾਡੇ ਕੋਲ ਥੋੜ੍ਹਾ-ਬਹੁਤਾ ਜੋ ਵੀ ਸੀ, ਉਸੇ ਵਿਚ ਅਸੀਂ ਗੁਜ਼ਾਰਾ ਕਰ ਲਿਆ।
ਦੂਜੀ ਵਾਰ ਸੀਅਰਾ ਲਿਓਨ ਛੱਡਣ ਤੋਂ ਬਾਅਦ ਮੈਂ ਤੇ ਸ਼ੈਰਲ ਗਿਨੀ ਦੇਸ਼ ਵਿਚ ਹੀ ਰਹੀਆਂ। ਉੱਥੇ ਰਹਿਣ ਲਈ ਸਾਨੂੰ ਫਰਾਂਸੀਸੀ ਭਾਸ਼ਾ ਸਿੱਖਣੀ ਪਈ। ਕਈ ਮਿਸ਼ਨਰੀ ਥੋੜ੍ਹੀ-ਬਹੁਤੀ ਫਰਾਂਸੀਸੀ ਸਿੱਖ ਕੇ ਲੋਕਾਂ ਨਾਲ ਇਸ ਭਾਸ਼ਾ ਵਿਚ ਬੋਲਣਾ ਸ਼ੁਰੂ ਕਰ ਦਿੰਦੇ ਸਨ। ਉਹ ਗ਼ਲਤੀਆਂ ਕਰਨ ਤੋਂ ਨਹੀਂ ਡਰਦੇ ਸਨ। ਪਰ ਮੈਨੂੰ ਗ਼ਲਤ-ਮਲਤ ਬੋਲਣਾ ਪਸੰਦ ਨਹੀਂ ਸੀ। ਇਸ ਲਈ ਮੈਂ ਦੂਸਰਿਆਂ ਨਾਲ ਫਰਾਂਸੀਸੀ ਬੋਲਣ ਤੋਂ ਕਤਰਾਉਂਦੀ ਸੀ। ਨਵੀਂ ਭਾਸ਼ਾ ਸਿੱਖਣੀ ਮੇਰੇ ਲਈ ਬਹੁਤ ਔਖੀ ਸੀ। ਆਪਣਾ ਹੌਸਲਾ ਬੁਲੰਦ ਰੱਖਣ ਲਈ ਹਰ ਰੋਜ਼ ਮੈਨੂੰ ਆਪਣੇ ਆਪ ਨੂੰ ਯਾਦ ਕਰਾਉਣਾ ਪੈਂਦਾ ਸੀ ਕਿ ਮੈਂ ਗਿਨੀ ਵਿਚ ਇਸ ਲਈ ਹਾਂ ਕਿਉਂਕਿ ਮੈਂ ਦੂਸਰਿਆਂ ਨੂੰ ਯਹੋਵਾਹ ਬਾਰੇ ਸਿਖਾਉਣਾ ਚਾਹੁੰਦੀ ਹਾਂ।
ਮੈਂ ਫਰਾਂਸੀਸੀ ਭਾਸ਼ਾ ਦਾ ਅਧਿਐਨ ਕਰ ਕੇ, ਧਿਆਨ ਨਾਲ ਲੋਕਾਂ ਨੂੰ ਬੋਲਦੇ ਸੁਣ ਕੇ ਅਤੇ ਕਲੀਸਿਯਾ ਵਿਚ ਬੱਚਿਆਂ ਦੀ ਮਦਦ ਲੈ ਕੇ ਹੌਲੀ-ਹੌਲੀ ਤਰੱਕੀ ਕੀਤੀ। ਫਿਰ ਅਚਾਨਕ ਯਹੋਵਾਹ ਦੀ ਸੰਸਥਾ ਤੋਂ ਵੀ ਮੈਨੂੰ ਮਦਦ ਮਿਲੀ। ਸਤੰਬਰ 2001 ਦੇ ਅੰਕ ਤੋਂ ਸਾਡੀ ਰਾਜ ਸੇਵਕਾਈ ਵਿਚ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਰਸਾਲੇ, ਕਿਤਾਬਾਂ ਤੇ ਬ੍ਰੋਸ਼ਰ ਪੇਸ਼ ਕਰਨ ਦੇ ਸੁਝਾਅ ਦਿੱਤੇ ਜਾਣ ਲੱਗੇ। ਸੋ ਭਾਵੇਂ ਫਰਾਂਸੀਸੀ ਮੇਰੀ ਮਾਂ ਬੋਲੀ ਨਹੀਂ ਹੈ, ਫਿਰ ਵੀ ਮੈਂ ਹੁਣ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਪ੍ਰਚਾਰ ਕਰ ਸਕਦੀ ਹਾਂ।
ਵੱਡੇ ਪਰਿਵਾਰ ਵਿਚ ਜੰਮੀ-ਪਲੀ ਹੋਣ ਕਰਕੇ ਮੇਰੇ ਲਈ ਹੋਰਨਾਂ ਲੋਕਾਂ ਨਾਲ ਇੱਕੋ ਘਰ ਵਿਚ ਰਹਿਣਾ ਔਖਾ ਨਹੀਂ ਸੀ। ਇਕ ਸਮੇਂ ਤੇ ਅਸੀਂ 17 ਜਣੇ ਇਕੱਠੇ ਰਹਿ ਰਹੇ ਸੀ। ਮਿਸ਼ਨਰੀ ਹੋਣ ਦੇ ਨਾਤੇ ਮੈਂ ਪਿਛਲੇ 37 ਸਾਲਾਂ ਦੌਰਾਨ 100 ਤੋਂ ਵੱਧ ਮਿਸ਼ਨਰੀਆਂ ਨਾਲ ਰਹਿ ਚੁੱਕੀ ਹਾਂ। ਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਮੈਂ ਇੰਨੇ ਸਾਰੇ ਭੈਣ-ਭਰਾਵਾਂ ਨੂੰ ਜਾਣ ਸਕੀ ਹਾਂ ਜੋ ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰਦੇ ਹਨ! ਇਹ ਸਾਡੇ ਲਈ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਪ੍ਰਚਾਰ ਦਾ ਕੰਮ ਕਰਨ ਵਿਚ ਪਰਮੇਸ਼ੁਰ ਦੇ ਸਾਂਝੀਦਾਰ ਹਾਂ ਅਤੇ ਸਾਨੂੰ ਲੋਕਾਂ ਨੂੰ ਸੱਚਾਈ ਵਿਚ ਲਿਆਉਣ ਦਾ ਮਾਣ ਬਖ਼ਸ਼ਿਆ ਗਿਆ ਹੈ।—1 ਕੁਰਿੰਥੀਆਂ 3:9.
ਸਾਲਾਂ ਦੌਰਾਨ ਮੈਂ ਕਈ ਮੌਕਿਆਂ ਤੇ ਆਪਣੇ ਪਰਿਵਾਰ ਦੀ ਖ਼ੁਸ਼ੀ ਵਿਚ ਸ਼ਾਮਲ ਨਹੀਂ ਹੋ ਸਕੀ। ਮਿਸਾਲ ਲਈ, ਮੈਂ ਆਪਣੇ ਭੈਣਾਂ-ਭਰਾਵਾਂ ਦੀਆਂ ਵਿਆਹ-ਸ਼ਾਦੀਆਂ ਵਿਚ ਨਹੀਂ ਜਾ ਸਕੀ। ਨਾ ਹੀ ਮੈਂ ਆਪਣੇ ਭਤੀਜੇ-ਭਤੀਜੀਆਂ ਤੇ ਭਾਣਜੇ-ਭਾਣਜੀਆਂ ਨੂੰ ਬਹੁਤੀ ਵਾਰ ਮਿਲ ਸਕੀ ਹਾਂ। ਭਾਵੇਂ ਅਸੀਂ ਸਾਰੇ ਇਕ-ਦੂਜੇ ਦੀ ਬਹੁਤ ਕਮੀ ਮਹਿਸੂਸ ਕਰਦੇ ਹਾਂ, ਫਿਰ ਵੀ ਉਨ੍ਹਾਂ ਨੇ ਹਮੇਸ਼ਾ ਮੈਨੂੰ ਮਿਸ਼ਨਰੀ ਕੰਮ ਵਿਚ ਲੱਗੇ ਰਹਿਣ ਦੀ ਹੱਲਾਸ਼ੇਰੀ ਦਿੱਤੀ ਹੈ।
ਪਰ ਜੋ ਵੀ ਖ਼ੁਸ਼ੀਆਂ ਮੈਂ ਆਪਣੇ ਪਰਿਵਾਰ ਨਾਲ ਨਹੀਂ ਮਾਣ ਸਕੀ, ਉਹ ਮੈਂ ਕਿਸੇ-ਨ-ਕਿਸੇ ਵੇਲੇ ਮਿਸ਼ਨਰੀ ਸੇਵਾ ਵਿਚ ਮਾਣੀਆਂ ਹਨ। ਭਾਵੇਂ ਮੈਂ ਕੁਆਰੀ ਰਹਿਣ ਦਾ ਫ਼ੈਸਲਾ ਕੀਤਾ, ਪਰ ਸੱਚਾਈ ਵਿਚ ਮੇਰੇ ਕਈ ਬੱਚੇ ਹਨ ਕਿਉਂਕਿ ਮੈਂ ਕਈਆਂ ਨਾਲ ਬਾਈਬਲ ਦਾ ਅਧਿਐਨ ਕੀਤਾ ਹੈ। ਇਸ ਤੋਂ ਇਲਾਵਾ ਕਈ ਭੈਣ-ਭਰਾ ਮੇਰੇ ਪੁੱਤਾਂ-ਧੀਆਂ ਵਰਗੇ ਹਨ। ਮੈਂ ਉਨ੍ਹਾਂ ਦੇ ਬੱਚਿਆਂ ਨੂੰ ਵੀ ਵੱਡੇ ਹੁੰਦੇ, ਵਿਆਹ ਕਰਦੇ ਤੇ ਅੱਗੋਂ ਉਨ੍ਹਾਂ ਦੇ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੀ ਸਿੱਖਿਆ ਦੇ ਕੇ ਪਾਲਦੇ-ਪੋਸਦੇ ਦੇਖਿਆ ਹੈ। ਉਨ੍ਹਾਂ ਵਿੱਚੋਂ ਕਈਆਂ ਨੇ ਮੇਰੇ ਵਾਂਗ ਚੇਲੇ ਬਣਾਉਣ ਦੇ ਕੰਮ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਇਆ ਹੈ।
[ਫੁਟਨੋਟ]
^ ਪੈਰਾ 9 ਮਾਤਾ ਜੀ ਨੇ 25 ਸਾਲ ਤੋਂ ਵੱਧ ਸਮਾਂ ਪਾਇਨੀਅਰੀ ਕੀਤੀ ਤੇ ਪਿਤਾ ਜੀ ਨੇ ਵੀ ਨੌਕਰੀ ਤੋਂ ਰੀਟਾਇਰ ਹੋਣ ਤੇ ਔਗਜ਼ੀਲਰੀ ਪਾਇਨੀਅਰੀ ਸ਼ੁਰੂ ਕਰ ਦਿੱਤੀ ਸੀ।
[ਸਫ਼ਾ 15 ਉੱਤੇ ਨਕਸ਼ੇ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਮੈਨੂੰ ਪੱਛਮੀ ਅਫ਼ਰੀਕਾ ਦੇ ਸੀਅਰਾ ਲਿਓਨ ਦੇਸ਼ ਭੇਜਿਆ ਗਿਆ
ਗਿਨੀ
ਸੀਅਰਾ ਲਿਓਨ
[ਸਫ਼ਾ 13 ਉੱਤੇ ਤਸਵੀਰ]
ਮੇਰੀਆਂ ਦੋ ਭੈਣਾਂ ਜਿਨ੍ਹਾਂ ਦੇ ਨਾਲ ਮੈਂ ਮਿਸ਼ਨਰੀ ਘਰ ਵਿਚ ਕਈ ਘੰਟੇ ਗੁਜ਼ਾਰੇ
[ਸਫ਼ਾ 14 ਉੱਤੇ ਤਸਵੀਰ]
ਗਿਲਿਅਡ ਦੀ 48ਵੀਂ ਕਲਾਸ ਵਿਚ
[ਸਫ਼ਾ 16 ਉੱਤੇ ਤਸਵੀਰ]
ਸੀਅਰਾ ਲਿਓਨ ਵਿਚ ਬ੍ਰਾਂਚ ਆਫ਼ਿਸ ਦਾ ਉਦਘਾਟਨ