ਪਰਮੇਸ਼ੁਰ ਦੇ ਦਿਲ ਨੂੰ ਖ਼ੁਸ਼ ਕਰਨ ਵਾਲੇ ਬਲੀਦਾਨ
ਪਰਮੇਸ਼ੁਰ ਦੇ ਦਿਲ ਨੂੰ ਖ਼ੁਸ਼ ਕਰਨ ਵਾਲੇ ਬਲੀਦਾਨ
ਐਜ਼ਟੈਕ ਲੋਕਾਂ ਬਾਰੇ ਇਕ ਕਿਤਾਬ ਵਿਚ ਲਿਖਿਆ ਗਿਆ ਹੈ ਕਿ “ਮੈਜ਼ੋਅਮਰੀਕਾ ਵਿਚ ਐਜ਼ਟੈਕ ਲੋਕ ਵੱਡੇ ਪੈਮਾਨੇ ਤੇ ਇਨਸਾਨਾਂ ਦੀਆਂ ਬਲੀਆਂ ਚੜ੍ਹਾਉਂਦੇ ਸਨ। ਉਹ ਵਿਸ਼ਵਾਸ ਕਰਦੇ ਸਨ ਕਿ ਮੌਤ ਤੋਂ ਹੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਸੀ।” ਇਹੋ ਕਿਤਾਬ ਅੱਗੇ ਕਹਿੰਦੀ ਹੈ: “ਜਿੱਦਾਂ-ਜਿੱਦਾਂ ਐਜ਼ਟੈਕ ਸਾਮਰਾਜ ਵਧਦਾ ਗਿਆ, ਇਨਸਾਨਾਂ ਦਾ ਲਹੂ ਵਹਾ-ਵਹਾ ਕੇ ਇਸ ਦੀਆਂ ਨੀਂਹਾਂ ਪੱਕੀਆਂ ਕਰਨ ਅਤੇ ਇਸ ਵਿਚ ਲੋਕਾਂ ਦਾ ਭਰੋਸਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ।” ਇਕ ਹੋਰ ਕਿਤਾਬ ਅਨੁਸਾਰ ਐਜ਼ਟੈਕ ਲੋਕ ਸਾਲ ਵਿਚ ਤਕਰੀਬਨ 20,000 ਇਨਸਾਨਾਂ ਦੀਆਂ ਬਲੀਆਂ ਚੜ੍ਹਾਉਂਦੇ ਸਨ।
ਇਤਿਹਾਸ ਦੌਰਾਨ ਬਹੁਤ ਸਾਰਿਆਂ ਲੋਕਾਂ ਨੇ ਆਪੋ-ਆਪਣੇ ਦੇਵੀ-ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਚੜ੍ਹਾਵੇ ਚੜ੍ਹਾਏ ਹਨ। ਕਈਆਂ ਨੇ ਡਰ ਕਾਰਨ ਜਾਂ ਭਵਿੱਖ ਵਿਚ ਵਾਪਰਨ ਵਾਲੀ ਕਿਸੇ ਘਟਨਾ ਤੋਂ ਬਚਣ ਲਈ ਜਾਂ ਫਿਰ ਦੋਸ਼ੀ ਮਹਿਸੂਸ ਕਰਨ ਕਾਰਨ ਚੜ੍ਹਾਵੇ ਚੜ੍ਹਾਏ ਅਤੇ ਕਈਆਂ ਨੇ ਆਪਣੀਆਂ ਗ਼ਲਤੀਆਂ ਤੋਂ ਪਛਤਾਵਾ ਕਰਨ ਲਈ ਚੜ੍ਹਾਵੇ ਚੜ੍ਹਾਏ ਹਨ। ਦੂਸਰੇ ਪਾਸੇ, ਬਾਈਬਲ ਦਿਖਾਉਂਦੀ ਹੈ ਕਿ ਕੁਝ ਬਲੀਦਾਨ ਤੇ ਚੜ੍ਹਾਵੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਨੇ ਖ਼ੁਦ ਲੋਕਾਂ ਨੂੰ ਚੜ੍ਹਾਉਣ ਲਈ ਕਿਹਾ ਸੀ। ਇਸ ਲਈ ਇਨ੍ਹਾਂ ਸਵਾਲਾਂ ਦੇ ਜਵਾਬ ਪਾਉਣੇ ਜ਼ਰੂਰੀ ਹਨ: ਪਰਮੇਸ਼ੁਰ ਨੂੰ ਕਿਹੋ ਜਿਹੇ ਬਲੀਦਾਨ ਖ਼ੁਸ਼ ਕਰਦੇ ਹਨ? ਅਤੇ ਕੀ ਅੱਜ ਬਲੀਦਾਨ ਤੇ ਚੜ੍ਹਾਵੇ ਭਗਤੀ ਦਾ ਹਿੱਸਾ ਹਨ?
ਸੱਚੀ ਭਗਤੀ ਵਿਚ ਚੜ੍ਹਾਵੇ ਤੇ ਬਲੀਦਾਨ
ਜਦ ਇਸਰਾਏਲ ਦੀ ਕੌਮ ਨੂੰ ਪਰਮੇਸ਼ੁਰ ਨੇ ਆਪਣੀ ਨਿੱਜੀ ਕੌਮ ਵਜੋਂ ਚੁਣਿਆ ਸੀ, ਉਦੋਂ ਯਹੋਵਾਹ ਨੇ ਇਸਰਾਏਲੀਆਂ ਨੂੰ ਸੱਚੀ ਭਗਤੀ ਦੇ ਸੰਬੰਧ ਵਿਚ ਸਪੱਸ਼ਟ ਹਿਦਾਇਤਾਂ ਦਿੱਤੀਆਂ ਸਨ। ਇਨ੍ਹਾਂ ਹਿਦਾਇਤਾਂ ਵਿਚ ਭੇਟਾਂ ਤੇ ਬਲੀਆਂ ਚੜ੍ਹਾਉਣ ਬਾਰੇ ਨਿਯਮ ਵੀ ਸ਼ਾਮਲ ਸਨ। (ਗਿਣਤੀ ਅਧਿਆਇ 28 ਤੇ 29) ਕੁਝ ਭੇਟਾਂ ਫ਼ਸਲਾਂ ਦੀਆਂ ਸਨ ਅਤੇ ਕੁਝ ਜਾਨਵਰਾਂ ਦੀਆਂ ਬਲੀਆਂ ਸਨ ਜਿਵੇਂ ਕਿ ਬਲਦ, ਭੇਡਾਂ, ਬੱਕਰੀਆਂ, ਪੰਛੀ ਅਤੇ ਘੁੱਗੀਆਂ। (ਲੇਵੀਆਂ 1:3, 5, 10, 14; 23:10-18; ਗਿਣਤੀ 15:1-7; 28:7) ਕੁਝ ਹੋਮ ਬਲੀਆਂ ਹੁੰਦੀਆਂ ਸਨ ਜੋ ਕਿ ਅੱਗ ਵਿਚ ਪੂਰੀ ਤਰ੍ਹਾਂ ਭਸਮ ਕੀਤੀਆਂ ਜਾਂਦੀਆਂ ਸੀ। (ਕੂਚ 29:38-42) ਅਤੇ ਕੁਝ ਸੁਖ-ਸਾਂਦ ਦੀਆਂ ਬਲੀਆਂ ਸਨ। ਇਨ੍ਹਾਂ ਬਲੀਆਂ ਦਾ ਲਹੂ ਤੇ ਚਰਬੀ ਯਹੋਵਾਹ ਨੂੰ ਚੜ੍ਹਾਈ ਜਾਂਦੀ ਸੀ ਤੇ ਮਾਸ ਭੇਟ ਚੜ੍ਹਾਉਣ ਵਾਲਾ ਖਾ ਸਕਦਾ ਸੀ।—ਲੇਵੀਆਂ 19:5-8.
ਮੂਸਾ ਦੀ ਬਿਵਸਥਾ ਅਧੀਨ ਚੜ੍ਹਾਈਆਂ ਗਈਆਂ ਭੇਟਾਂ ਅਤੇ ਬਲੀਦਾਨ ਯਹੋਵਾਹ ਦੀ ਭਗਤੀ ਦਾ ਅਹਿਮ ਹਿੱਸਾ ਸਨ। ਇਸ ਤਰ੍ਹਾਂ ਕਰ ਕੇ ਇਸਰਾਏਲੀ ਦਿਖਾਉਂਦੇ ਸਨ ਕਿ ਉਹ ਯਹੋਵਾਹ ਨੂੰ ਸਾਰੇ ਜਹਾਨ ਦਾ ਮਾਲਕ ਮੰਨਦੇ ਸਨ। ਇਨ੍ਹਾਂ ਬਲੀਦਾਨਾਂ ਰਾਹੀਂ ਇਸਰਾਏਲੀ ਜ਼ਾਹਰ ਕਰ ਸਕਦੇ ਸਨ ਕਿ ਉਹ ਯਹੋਵਾਹ ਤੋਂ ਮਿਲੀਆਂ ਬਰਕਤਾਂ, ਉਸ ਵੱਲੋਂ ਕੀਤੀ ਉਨ੍ਹਾਂ ਦੀ ਰਖਵਾਲੀ ਅਤੇ ਆਪਣੇ ਪਾਪਾਂ ਦੀ ਮਾਫ਼ੀ ਲਈ ਕਿੰਨੇ ਸ਼ੁਕਰਗੁਜ਼ਾਰ ਸਨ। ਕਹਾਉਤਾਂ 3:9, 10.
ਜਿੰਨਾ ਚਿਰ ਉਹ ਭਗਤੀ ਦੇ ਸੰਬੰਧ ਵਿਚ ਯਹੋਵਾਹ ਦੀਆਂ ਮੰਗਾਂ ਅਨੁਸਾਰ ਵਫ਼ਾਦਾਰੀ ਨਾਲ ਚੱਲਦੇ ਰਹੇ, ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਰਿਹਾ।—ਯਹੋਵਾਹ ਲਈ ਸਭ ਤੋਂ ਅਹਿਮ ਗੱਲ ਇਹ ਸੀ ਕਿ ਚੜ੍ਹਾਵੇ ਚੜ੍ਹਾਉਣ ਵਾਲਿਆਂ ਦਾ ਦਿਲ ਸਾਫ਼ ਹੋਵੇ। ਆਪਣੇ ਨਬੀ ਹੋਸ਼ੇਆ ਦੁਆਰਾ ਯਹੋਵਾਹ ਨੇ ਕਿਹਾ: “ਮੈਂ ਦਯਾ ਚਾਹੁੰਦਾ ਹਾਂ, ਨਾ ਬਲੀਦਾਨ, ਅਤੇ ਪਰਮੇਸ਼ੁਰ ਦਾ ਗਿਆਨ ਹੋਮ ਬਲੀਆਂ ਨਾਲੋਂ ਵਧ ਕੇ।” (ਹੋਸ਼ੇਆ 6:6) ਇਸ ਲਈ, ਜਦ ਲੋਕ ਸੱਚੀ ਭਗਤੀ ਤੋਂ ਮੂੰਹ ਮੋੜ ਕੇ ਗੰਦੇ ਕੰਮ ਕਰਨ ਲੱਗ ਪਏ ਅਤੇ ਬੇਕਸੂਰ ਲੋਕਾਂ ਦਾ ਖ਼ੂਨ ਵਹਾਉਣ ਲੱਗ ਪਏ, ਤਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀਆਂ ਬਲੀਆਂ ਵਿਅਰਥ ਸਨ। ਇਸੇ ਕਾਰਨ ਯਹੋਵਾਹ ਨੇ ਯਸਾਯਾਹ ਰਾਹੀਂ ਇਸਰਾਏਲੀਆਂ ਨੂੰ ਕਿਹਾ: “ਕੀ ਸੋਚਦੇ ਹੋ ਕਿ ਮੈਨੂੰ ਤੁਹਾਡੀਆਂ ਇਹਨਾਂ ਬਲੀਆਂ ਦੀ ਲੋੜ ਹੈ? ਮੈਂ ਤਾਂ ਪਹਿਲਾਂ ਹੀ ਤੁਹਾਡੇ ਦੁਆਰਾ ਦਿੱਤੀਆਂ ਛਤ੍ਰਿਆਂ ਦੀਆਂ ਹੋਮ ਬਲੀਆਂ ਲੈ ਚੁਕਾ ਹਾਂ। ਤੁਸੀਂ ਮੇਰੇ ਅੱਗੇ ਪਹਿਲਾਂ ਹੀ ਆਪਣੇ ਪਲਿਆਂ ਪਸ਼ੂਆਂ ਦੀ ਕਾਫੀ ਚਰਬੀ ਚੜ੍ਹਾ ਚੁਕੇ ਹੋ, ਪਰ ਮੈਂ ਬਲਦਾਂ ਜਾਂ ਬਕਰਿਆਂ ਦੇ ਲਹੂ ਤੋਂ ਖੁਸ਼ ਨਹੀਂ ਹੁੰਦਾ ਹਾਂ।”—ਯਸਾਯਾਹ 1:11, ਪਵਿੱਤਰ ਬਾਈਬਲ ਨਵਾਂ ਅਨੁਵਾਦ।
‘ਜਿਹ ਦਾ ਮੈਂ ਹੁਕਮ ਨਾ ਦਿੱਤਾ’
ਇਸਰਾਏਲੀਆਂ ਤੋਂ ਬਿਲਕੁਲ ਉਲਟ ਕਨਾਨ ਦੇ ਲੋਕ ਆਪਣੇ ਦੇਵਤਿਆਂ ਨੂੰ ਆਪਣੇ ਬੱਚਿਆਂ ਦੀਆਂ ਬਲੀਆਂ ਚੜ੍ਹਾਉਂਦੇ ਸਨ। ਅੰਮੋਨੀਆਂ ਦੇ ਇਕ ਦੇਵਤੇ ਦਾ ਨਾਂ ਮੋਲਕ ਸੀ। ਇਸ ਦੇਵਤੇ ਨੂੰ ਮਿਲਕੋਮ ਜਾਂ ਮੋਲੋਖ ਵੀ ਕਿਹਾ ਜਾਂਦਾ ਸੀ। (1 ਰਾਜਿਆਂ 11:5, 7, 33; ਰਸੂਲਾਂ ਦੇ ਕਰਤੱਬ 7:43) ਹੈਲੀਜ਼ ਬਾਈਬਲ ਹੈਂਡਬੁੱਕ ਵਿਚ ਲਿਖਿਆ ਹੈ: “ਕਨਾਨੀ ਲੋਕ ਆਪਣੀਆਂ ਧਾਰਮਿਕ ਰੀਤਾਂ ਵਜੋਂ ਬਦਚਲਣੀ ਦੇ ਕੰਮ ਕਰਨ ਦੁਆਰਾ ਆਪਣਿਆਂ ਦੇਵਤਿਆਂ ਦੀ ਪੂਜਾ ਕਰਦੇ ਸਨ; ਅਤੇ ਫਿਰ ਇਨ੍ਹਾਂ ਦੇਵਤਿਆਂ ਅੱਗੇ ਬਲੀ ਵਜੋਂ ਆਪਣੇ ਜੇਠੇ ਬੱਚਿਆਂ ਦਾ ਕਤਲ ਕਰਦੇ ਸਨ।”
ਕੀ ਅਜਿਹੇ ਕੰਮਾਂ ਤੋਂ ਯਹੋਵਾਹ ਪਰਮੇਸ਼ੁਰ ਖ਼ੁਸ਼ ਹੁੰਦਾ ਸੀ? ਬਿਲਕੁਲ ਨਹੀਂ! ਜਦ ਇਸਰਾਏਲੀ ਲੋਕ ਕਨਾਨ ਦੇਸ਼ ਵਿਚ ਜਾਣ ਹੀ ਵਾਲੇ ਸਨ, ਤਾਂ ਯਹੋਵਾਹ ਨੇ ਮੂਸਾ ਦੁਆਰਾ ਉਨ੍ਹਾਂ ਨੂੰ ਲੇਵੀਆਂ 20:2, 3 ਵਿਚ ਦਰਜ ਇਹ ਹੁਕਮ ਦਿੱਤਾ ਸੀ: “ਤੂੰ ਇਸਰਾਏਲੀਆਂ ਨੂੰ ਆਖੀਂ, ਜਿਹੜਾ ਇਸਰਾਏਲੀਆਂ ਵਿੱਚੋਂ ਯਾ ਉਨ੍ਹਾਂ ਓਪਰਿਆਂ ਵਿੱਚੋਂ, ਜੋ ਇਸਰਾਏਲ ਵਿੱਚ ਵੱਸਦੇ ਹਨ ਆਪਣੇ ਵੰਸ ਵਿੱਚੋਂ ਕੋਈ ਜਣਾ ਮੋਲਕ ਦੇਵ ਨੂੰ ਦੇਵੇ ਤਾਂ ਉਹ ਜਰੂਰ ਵੱਢਿਆ ਜਾਵੇ। ਦੇਸ ਦੇ ਲੋਕ ਉਸ ਨੂੰ ਵੱਟਿਆਂ ਨਾਲ ਮਾਰ ਸੁੱਟਣ। ਅਤੇ ਮੈਂ ਉਸ ਮਨੁੱਖ ਦਾ ਵਿਰੋਧੀ ਬਣਾਂਗਾ ਅਤੇ ਮੈਂ ਉਸ ਨੂੰ ਉਸ ਦਿਆਂ ਲੋਕਾਂ ਵਿੱਚੋਂ ਵੱਢਾਂਗਾ ਕਿਉਂ ਜੋ ਮੇਰੇ ਪਵਿੱਤ੍ਰ ਅਸਥਾਨ ਨੂੰ ਅਸ਼ੁੱਧ ਕਰਨ ਲਈ ਅਤੇ ਮੇਰੇ ਪਵਿੱਤ੍ਰ ਨਾਮ ਦੇ ਬਦਨਾਮ ਕਰਨ ਲਈ ਉਸ ਨੇ ਆਪਣੇ ਵੰਸ ਵਿੱਚੋਂ ਮੋਲਕ ਦੇਵ ਅੱਗੇ ਚੜ੍ਹਾਇਆ।”
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕੁਝ ਇਸਰਾਏਲੀਆਂ ਨੇ ਸੱਚੀ ਭਗਤੀ ਤੋਂ ਭਟਕ ਕੇ ਝੂਠੇ ਦੇਵਤਿਆਂ ਨੂੰ ਆਪਣੇ ਬੱਚਿਆਂ ਦੀਆਂ ਬਲੀਆਂ ਚੜ੍ਹਾਉਣ ਦਾ ਇਹ ਘਿਣਾਉਣਾ ਕੰਮ ਕੀਤਾ! ਇਸ ਬਾਰੇ ਜ਼ਬੂਰਾਂ ਦੀ ਪੋਥੀ 106:35-38 ਵਿਚ ਕਿਹਾ ਹੈ: “ਓਹ ਓਹਨਾਂ ਕੌਮਾਂ ਵਿੱਚ ਰਲ ਗਏ ਅਤੇ ਉਨ੍ਹਾਂ ਨੇ ਓਹਨਾਂ ਦੇ ਕੰਮ ਸਿੱਖ ਲਏ, ਅਤੇ ਓਹਨਾਂ ਦੇ ਬੁੱਤਾਂ ਦੀ ਪੂਜਾ ਕੀਤੀ, ਜਿਹੜੇ ਉਨ੍ਹਾਂ ਲਈ ਇੱਕ ਫਾਹੀ ਬਣ ਗਏ। ਉਨ੍ਹਾਂ ਨੇ ਆਪਣੇ ਪੁੱਤ੍ਰਾਂ ਧੀਆਂ ਨੂੰ ਭੂਤਨਿਆਂ ਲਈ ਬਲੀਦਾਨ ਕੀਤਾ। ਉਨ੍ਹਾਂ ਨੇ ਨਿਰਦੋਸ਼ਾਂ ਦਾ ਲਹੂ, ਅਰਥਾਤ ਆਪਣੇ ਪੁੱਤ੍ਰਾਂ ਧੀਆਂ ਦਾ ਲਹੂ ਵਹਾਇਆ, ਜਿਨ੍ਹਾਂ ਨੂੰ ਉਨ੍ਹਾਂ ਨੇ ਕਨਾਨ ਦੇ ਬੁੱਤਾਂ ਲਈ ਬਲੀਦਾਨ ਕੀਤਾ, ਸੋ ਦੇਸ ਲਹੂ ਨਾਲ ਪਲੀਤ ਹੋਇਆ।”
ਇਸ ਘਿਣਾਉਣੇ ਕੰਮ ਤੋਂ ਆਪਣੀ ਨਫ਼ਰਤ ਜ਼ਾਹਰ ਕਰਦੇ ਹੋਏ ਯਹੋਵਾਹ ਨੇ ਆਪਣੇ ਨਬੀ ਯਿਰਮਿਯਾਹ ਦੁਆਰਾ ਯਹੂਦਾਹ ਦੀ ਅੰਸ ਬਾਰੇ ਕਿਹਾ: “ਓਹਨਾਂ ਉਸ ਭਵਨ ਯਿਰਮਿਯਾਹ 7:30, 31.
ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਆਪਣੀਆਂ ਘਿਣਾਉਣੀਆਂ ਚੀਜ਼ਾਂ ਰੱਖੀਆਂ ਭਈ ਉਹ ਨੂੰ ਭਰਿਸ਼ਟ ਕਰਨ। ਓਹਨਾਂ ਨੇ ਤੋਫਥ ਦੇ ਉੱਚੇ ਅਸਥਾਨ ਜਿਹੜੇ ਬਨ-ਹਿੰਨੋਮ ਦੀ ਵਾਦੀ ਵਿੱਚ ਹਨ ਬਣਾਏ ਭਈ ਆਪਣੇ ਪੁੱਤ੍ਰਾਂ ਅਤੇ ਧੀਆਂ ਨੂੰ ਅੱਗ ਵਿੱਚ ਸਾੜਨ, ਜਿਹ ਦਾ ਨਾ ਮੈਂ ਹੁਕਮ ਦਿੱਤਾ, ਨਾ ਹੀ ਮੇਰੇ ਮਨ ਵਿੱਚ ਇਹ ਆਇਆ।”—ਅਜਿਹੇ ਘਿਣਾਉਣੇ ਕੰਮਾਂ ਵਿਚ ਹਿੱਸਾ ਲੈਣ ਕਾਰਨ ਇਸਰਾਏਲ ਦੀ ਕੌਮ ਪਰਮੇਸ਼ੁਰ ਦੀ ਮਿਹਰ ਗੁਆ ਬੈਠੀ। ਇਸ ਲਈ ਇਸਰਾਏਲ ਦੀ ਰਾਜਧਾਨੀ ਯਰੂਸ਼ਲਮ ਦਾ ਨਾਸ਼ ਕੀਤਾ ਗਿਆ ਅਤੇ ਉਸ ਦੇ ਲੋਕਾਂ ਨੂੰ ਬੰਦੀ ਬਣਾ ਕੇ ਬਾਬਲ ਲੈ ਜਾਇਆ ਗਿਆ। (ਯਿਰਮਿਯਾਹ 7:32-34) ਤਾਂ ਫਿਰ ਇਹ ਗੱਲ ਸਾਫ਼ ਹੈ ਕਿ ਇਨਸਾਨਾਂ ਦੀਆਂ ਬਲੀਆਂ ਚੜ੍ਹਾਉਣ ਦੀ ਰੀਤ ਨਾ ਤਾਂ ਸੱਚੇ ਪਰਮੇਸ਼ੁਰ ਨੇ ਸ਼ੁਰੂ ਕੀਤੀ ਹੈ ਅਤੇ ਨਾ ਹੀ ਇਹ ਸੱਚੀ ਭਗਤੀ ਦਾ ਹਿੱਸਾ ਹੈ। ਇਨਸਾਨਾਂ ਦੀਆਂ ਬਲੀਆਂ ਚੜ੍ਹਾਉਣ ਦੇ ਘਿਣਾਉਣੇ ਕੰਮ ਪਿੱਛੇ ਸ਼ਤਾਨ ਦਾ ਹੱਥ ਹੈ ਅਤੇ ਪਰਮੇਸ਼ੁਰ ਦੇ ਸੱਚੇ ਸੇਵਕ ਇਹੋ ਜਿਹੇ ਕੰਮਾਂ ਤੋਂ ਦੂਰ ਰਹਿੰਦੇ ਹਨ।
ਯਿਸੂ ਮਸੀਹ ਦਾ ਬਲੀਦਾਨ
ਕੁਝ ਲੋਕ ਸ਼ਾਇਦ ਪੁੱਛਣ, ‘ਯਹੋਵਾਹ ਨੇ ਆਪਣੀ ਬਿਵਸਥਾ ਵਿਚ ਇਸਰਾਏਲੀਆਂ ਨੂੰ ਜਾਨਵਰਾਂ ਦੀਆਂ ਬਲੀਆਂ ਚੜ੍ਹਾਉਣ ਨੂੰ ਕਿਉਂ ਕਿਹਾ ਸੀ?’ ਪੌਲੁਸ ਰਸੂਲ ਨੇ ਇਸੇ ਸਵਾਲ ਉੱਤੇ ਸੋਚ-ਵਿਚਾਰ ਕਰ ਕੇ ਇਹ ਜਵਾਬ ਦਿੱਤਾ: “ਫੇਰ ਸ਼ਰਾ ਕੀ ਹੈ? ਉਹ ਅਪਰਾਧਾਂ ਦੇ ਕਾਰਨ ਨਾਲ ਰਲਾਈ ਗਈ ਕਿ ਜਿੰਨਾ ਚਿਰ ਉਹ ਅੰਸ ਜਿਹ ਨੂੰ ਬਚਨ ਦਿੱਤਾ ਹੋਇਆ ਹੈ ਨਾ ਆਵੇ ਉਹ ਬਣੀ ਰਹੇ . . . ਸੋ ਸ਼ਰਾ ਮਸੀਹ ਦੇ ਆਉਣ ਤੀਕੁਰ ਸਾਡੇ ਲਈ ਨਿਗਾਹਬਾਨ ਬਣੀ।” (ਗਲਾਤੀਆਂ 3:19-24) ਮੂਸਾ ਦੀ ਬਿਵਸਥਾ ਅਨੁਸਾਰ ਜਾਨਵਰਾਂ ਦੀਆਂ ਬਲੀਆਂ ਉਸ ਵੱਡੇ ਬਲੀਦਾਨ ਨੂੰ ਦਰਸਾਉਂਦੀਆਂ ਸੀ ਜੋ ਯਹੋਵਾਹ ਖ਼ੁਦ ਦੇਣ ਵਾਲਾ ਸੀ ਯਾਨੀ ਉਸ ਦੇ ਪੁੱਤਰ ਯਿਸੂ ਮਸੀਹ ਦਾ ਬਲੀਦਾਨ। ਯਿਸੂ ਨੇ ਇਸ ਪਿਆਰ ਭਰੇ ਪ੍ਰਬੰਧ ਬਾਰੇ ਕਿਹਾ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।”—ਯੂਹੰਨਾ 3:16.
ਪਰਮੇਸ਼ੁਰ ਅਤੇ ਇਨਸਾਨਾਂ ਨਾਲ ਪਿਆਰ ਕਰਨ ਕਰਕੇ ਯਿਸੂ ਨੇ ਆਪਣੀ ਮੁਕੰਮਲ ਜ਼ਿੰਦਗੀ ਆਦਮ ਦੀ ਔਲਾਦ ਲਈ ਖ਼ੁਸ਼ੀ-ਖ਼ੁਸ਼ੀ ਕੁਰਬਾਨ ਕਰ ਦਿੱਤੀ। (ਰੋਮੀਆਂ 5:12, 15) ਯਿਸੂ ਨੇ ਕਿਹਾ: “ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।” (ਮੱਤੀ 20:28) ਆਦਮ ਦੇ ਪਾਪ ਕਾਰਨ ਉਸ ਦੀ ਔਲਾਦ ਪਾਪ ਤੇ ਮੌਤ ਦੇ ਸ਼ਿਕੰਜੇ ਵਿਚ ਫਸ ਗਈ। ਕੋਈ ਵੀ ਇਨਸਾਨ ਆਦਮ ਦੀ ਔਲਾਦ ਨੂੰ ਪਾਪ ਤੇ ਮੌਤ ਦੇ ਚੁੰਗਲ ਵਿੱਚੋਂ ਨਹੀਂ ਛੁਡਾ ਸਕਦਾ ਸੀ। (ਜ਼ਬੂਰਾਂ ਦੀ ਪੋਥੀ 49:7, 8) ਪੌਲੁਸ ਨੇ ਸਮਝਾਇਆ ਸੀ ਕਿ ਯਿਸੂ “ਬੱਕਰਿਆਂ ਅਤੇ ਵੱਛਿਆਂ ਦੇ ਲਹੂ ਦੇ ਰਾਹੀਂ ਨਹੀਂ ਸਗੋਂ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਅਸਥਾਨਾਂ ਦੇ ਅੰਦਰ ਸਦੀਪਕ ਨਿਸਤਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ।” (ਇਬਰਾਨੀਆਂ 9:12) ਯਿਸੂ ਦੇ ਵਹਾਏ ਗਏ ਲਹੂ ਨੂੰ ਸਵੀਕਾਰ ਕਰ ਕੇ ਪਰਮੇਸ਼ੁਰ ਨੇ ‘ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰਕੇ ਸਾਡੇ ਉਲਟ ਅਤੇ ਸਾਡੇ ਵਿਰੁੱਧ ਸੀ ਮੇਸ ਦਿੱਤਾ।’ ਕਹਿਣ ਦਾ ਮਤਲਬ ਹੈ ਕਿ ਯਹੋਵਾਹ ਨੇ ਉਸ ਬਿਵਸਥਾ ਨੂੰ, ਜਿਸ ਵਿਚ ਭੇਟਾਂ ਤੇ ਬਲੀਆਂ ਚੜ੍ਹਾਉਣੀਆਂ ਸ਼ਾਮਲ ਸੀ, ਇਕ ਪਾਸੇ ਕਰ ਕੇ “ਸਦੀਪਕ ਜੀਵਨ” ਹਾਸਲ ਕਰਨ ਦਾ ਰਾਹ ਖੋਲ੍ਹਿਆ।—ਕੁਲੁੱਸੀਆਂ 2:14; ਰੋਮੀਆਂ 6:23.
ਅੱਜ ਪਰਮੇਸ਼ੁਰ ਦੀ ਸੇਵਾ ਵਿਚ ਚੜ੍ਹਾਵੇ ਤੇ ਬਲੀਦਾਨ
ਜਾਨਵਰਾਂ ਦੀਆਂ ਬਲੀਆਂ ਤੇ ਚੜ੍ਹਾਵੇ ਚੜ੍ਹਾਉਣ ਦੀ ਰੀਤ ਹੁਣ ਸੱਚੀ ਭਗਤੀ ਦਾ ਹਿੱਸਾ ਨਹੀਂ ਹਨ। ਪਰ ਕੀ ਅੱਜ ਵੀ ਸਾਨੂੰ ਕਿਸੇ ਤਰ੍ਹਾਂ ਦੇ ਬਲੀਦਾਨ ਚੜ੍ਹਾਉਣੇ ਚਾਹੀਦੇ ਹਨ? ਜੀ ਹਾਂ। ਆਪਣੀ ਸੇਵਕਾਈ ਦੌਰਾਨ ਯਿਸੂ ਮਸੀਹ ਨੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਲਈ ਕਈ ਕੁਰਬਾਨੀਆਂ ਕੀਤੀਆਂ ਅਤੇ ਅਖ਼ੀਰ ਵਿਚ ਉਸ ਨੇ ਮਨੁੱਖਜਾਤੀ ਲਈ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ। ਇਸ ਲਈ ਉਸ ਨੇ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।” (ਮੱਤੀ 16:24) ਇਸ ਦਾ ਮਤਲਬ ਹੈ ਕਿ ਜੋ ਵੀ ਯਿਸੂ ਦਾ ਚੇਲਾ ਬਣਨਾ ਚਾਹੁੰਦਾ ਹੈ, ਉਸ ਨੂੰ ਵੀ ਕੁਰਬਾਨੀਆਂ ਕਰਨ ਦੀ ਲੋੜ ਹੈ। ਇਨ੍ਹਾਂ ਕੁਰਬਾਨੀਆਂ ਵਿਚ ਕੀ ਕੁਝ ਸ਼ਾਮਲ ਹੈ?
ਇਕ ਗੱਲ ਤਾਂ ਇਹ ਹੈ ਕਿ ਯਿਸੂ ਦਾ ਸੱਚਾ ਚੇਲਾ ਆਪਣੇ ਆਪ ਲਈ ਨਹੀਂ, ਸਗੋਂ ਪਰਮੇਸ਼ੁਰ ਦੀ ਸੇਵਾ ਕਰਨ ਲਈ ਜੀਉਂਦਾ ਹੈ। ਉਹ ਆਪਣੀਆਂ ਨਿੱਜੀ ਇੱਛਾਵਾਂ ਨੂੰ ਨਹੀਂ, ਸਗੋਂ ਪਰਮੇਸ਼ੁਰ ਦੀ ਮਰਜ਼ੀ ਨੂੰ ਪਹਿਲ ਦਿੰਦਾ ਹੈ। ਧਿਆਨ ਦਿਓ ਕਿ ਪੌਲੁਸ ਰਸੂਲ ਨੇ ਇਹ ਗੱਲ ਕਿਸ ਤਰ੍ਹਾਂ ਸਮਝਾਈ: “ਹੇ ਭਰਾਵੋ, ਮੈਂ ਪਰਮੇਸ਼ੁਰ ਦੀਆਂ ਰਹਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ। ਅਤੇ ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।”—ਬਾਈਬਲ ਦਿਖਾਉਂਦੀ ਹੈ ਕਿ ਯਹੋਵਾਹ ਦੀ ਉਸਤਤ ਕਰਨੀ ਵੀ ਯਹੋਵਾਹ ਨੂੰ ਚੜ੍ਹਾਇਆ ਗਿਆ ਬਲੀਦਾਨ ਹੈ। ਹੋਸ਼ੇਆ ਨਬੀ ਨੇ ਕਿਹਾ ਕਿ ਅਸੀਂ “ਆਪਣਿਆਂ ਬੁੱਲ੍ਹਾਂ ਨੂੰ ਪੇਸ਼ ਕਰਾਂਗੇ।” ਇਸ ਤੋਂ ਜ਼ਾਹਰ ਹੈ ਕਿ ਸਾਡੇ ਉਸਤਤ ਦੇ ਬਲੀਦਾਨ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹਨ। (ਹੋਸ਼ੇਆ 14:2) ਪੌਲੁਸ ਰਸੂਲ ਨੇ ਇਬਰਾਨੀ ਮਸੀਹੀਆਂ ਨੂੰ ਕਿਹਾ ਕਿ ‘ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੋ।’ (ਇਬਰਾਨੀਆਂ 13:15) ਅੱਜ ਯਹੋਵਾਹ ਦੇ ਗਵਾਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ ਦੇ ਕੰਮ ਵਿਚ ਰੁੱਝੇ ਰਹਿੰਦੇ ਹਨ। (ਮੱਤੀ 24:14; 28:19, 20) ਉਹ ਦੁਨੀਆਂ ਦੇ ਕੋਨੇ-ਕੋਨੇ ਵਿਚ ਰਾਤ-ਦਿਨ ਪਰਮੇਸ਼ੁਰ ਅੱਗੇ ਉਸਤਤ ਦਾ ਬਲੀਦਾਨ ਚੜ੍ਹਾਉਂਦੇ ਹਨ।—ਪਰਕਾਸ਼ ਦੀ ਪੋਥੀ 7:15.
ਪ੍ਰਚਾਰ ਕਰਨ ਦੇ ਨਾਲ-ਨਾਲ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੇ ਬਲੀਦਾਨਾਂ ਵਿਚ ਦੂਸਰਿਆਂ ਦਾ ਭਲਾ ਕਰਨਾ ਵੀ ਸ਼ਾਮਲ ਹੈ। ਪੌਲੁਸ ਨੇ ਕਿਹਾ ਸੀ: “ਭਲਾ ਕਰਨੋਂ ਅਤੇ ਪਰਉਪਕਾਰ ਕਰਨੋਂ ਨਾ ਭੁੱਲਿਓ ਕਿਉਂਕਿ ਅਜੇਹਿਆਂ ਬਲੀਦਾਨਾਂ ਤੋਂ ਪਰਮੇਸ਼ੁਰ ਪਰਸੰਨ ਹੁੰਦਾ ਹੈ।” (ਇਬਰਾਨੀਆਂ 13:16) ਦਰਅਸਲ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬਲੀਦਾਨ ਪਰਮੇਸ਼ੁਰ ਦੇ ਦਿਲ ਨੂੰ ਖ਼ੁਸ਼ ਕਰਨ, ਤਾਂ ਸਾਡਾ ਚਾਲ-ਚਲਣ ਨੇਕ ਹੋਣਾ ਚਾਹੀਦਾ ਹੈ। ਪੌਲੁਸ ਨੇ ਇਹ ਸਲਾਹ ਦਿੱਤੀ ਸੀ: “ਨਿਰੀ ਤੁਸੀਂ ਮਸੀਹ ਦੀ ਖੁਸ਼ ਖਬਰੀ ਦੇ ਜੋਗ ਚਾਲ ਚੱਲੋ।”—ਫ਼ਿਲਿੱਪੀਆਂ 1:27; ਯਸਾਯਾਹ 52:11.
ਪੁਰਾਣੇ ਸਮਿਆਂ ਵਾਂਗ ਅੱਜ ਵੀ ਸੱਚੀ ਭਗਤੀ ਲਈ ਕੀਤੇ ਗਏ ਸਾਰੇ ਬਲੀਦਾਨਾਂ ਦੇ ਬਦਲੇ ਯਹੋਵਾਹ ਸਾਨੂੰ ਖ਼ੁਸ਼ੀ ਅਤੇ ਬਰਕਤਾਂ ਦੇਵੇਗਾ। ਇਸ ਲਈ, ਆਓ ਆਪਾਂ ਪੂਰੀ ਵਾਹ ਲਾ ਕੇ ਪਰਮੇਸ਼ੁਰ ਦੇ ਦਿਲ ਨੂੰ ਖ਼ੁਸ਼ ਕਰਨ ਵਾਲੇ ਬਲੀਦਾਨ ਚੜ੍ਹਾਈਏ।
[ਸਫ਼ਾ 18 ਉੱਤੇ ਤਸਵੀਰ]
“ਆਪਣੇ ਪੁੱਤ੍ਰਾਂ ਧੀਆਂ . . . ਨੂੰ ਉਨ੍ਹਾਂ ਨੇ ਕਨਾਨ ਦੇ ਬੁੱਤਾਂ ਲਈ ਬਲੀਦਾਨ ਕੀਤਾ”
[ਸਫ਼ਾ 20 ਉੱਤੇ ਤਸਵੀਰਾਂ]
ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਰਾਹੀਂ ਅਤੇ ਦੂਸਰਿਆਂ ਦੀ ਮਦਦ ਕਰਨ ਰਾਹੀਂ ਸੱਚੇ ਮਸੀਹੀ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੇ ਬਲੀਦਾਨ ਚੜ੍ਹਾਉਂਦੇ ਹਨ