Skip to content

Skip to table of contents

ਲਾਹੇਵੰਦ ਸਲਾਹ

ਲਾਹੇਵੰਦ ਸਲਾਹ

ਲਾਹੇਵੰਦ ਸਲਾਹ

ਬਹੁਤ ਸਾਰੀਆਂ ਕਿਤਾਬਾਂ ਵਿਚ ਇਹ ਦੱਸਿਆ ਜਾਂਦਾ ਹੈ ਕਿ ਲੋਕ ਆਪਣੀਆਂ ਮੁਸ਼ਕਲਾਂ ਨੂੰ ਕਿਵੇਂ ਹੱਲ ਕਰ ਸਕਦੇ ਹਨ। ਪਰ ਬਾਈਬਲ ਇਨ੍ਹਾਂ ਕਿਤਾਬਾਂ ਤੋਂ ਵੱਖਰੀ ਹੈ। ਇਹ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਲੋਕਾਂ ਦੀ ਮਦਦ ਤਾਂ ਕਰਦੀ ਹੈ, ਪਰ ਨਾਲੋ-ਨਾਲ ਇਹ ਵੀ ਦੱਸਦੀ ਹੈ ਕਿ ਉਹ ਆਪਣੇ ਲਈ ਸਮੱਸਿਆਵਾਂ ਪੈਦਾ ਕਰਨ ਤੋਂ ਕਿਵੇਂ ਬਚ ਸਕਦੇ ਹਨ।

ਬਾਈਬਲ ਦੀ ਮਦਦ ਨਾਲ “ਭੋਲਿਆਂ ਨੂੰ ਸਿਆਣਪ, ਅਤੇ ਜੁਆਨਾਂ ਨੂੰ ਗਿਆਨ ਤੇ ਮੱਤ” ਮਿਲ ਸਕਦੀ ਹੈ। (ਕਹਾਉਤਾਂ 1:4) ਜੇ ਤੁਸੀਂ ਇਸ ਦੀ ਸਲਾਹ ਨੂੰ ਲਾਗੂ ਕਰੋਗੇ, ਤਾਂ ‘ਮੱਤ ਤੁਹਾਡੀ ਪਾਲਨਾ ਕਰੇਗੀ, ਅਤੇ ਸਮਝ ਤੁਹਾਡੀ ਰਾਖੀ ਕਰੇਗੀ, ਭਈ ਤੁਸੀਂ ਬੁਰਿਆਂ ਰਾਹਾਂ ਤੋਂ ਬਚੋ।’ (ਕਹਾਉਤਾਂ 2:11, 12) ਆਓ ਆਪਾਂ ਕੁਝ ਉਦਾਹਰਣਾਂ ਤੇ ਗੌਰ ਕਰੀਏ ਕਿ ਬਾਈਬਲ ਦੀ ਸਲਾਹ ਲਾਗੂ ਕਰ ਕੇ ਤੁਸੀਂ ਸਿਹਤਮੰਦ ਕਿਵੇਂ ਰਹਿ ਸਕਦੇ ਹੋ, ਤੁਹਾਡਾ ਪਰਿਵਾਰ ਸੁਖੀ ਕਿਵੇਂ ਬਣ ਸਕਦਾ ਹੈ ਅਤੇ ਤੁਸੀਂ ਚੰਗੇ ਕਾਮੇ ਜਾਂ ਮਾਲਕ ਕਿਵੇਂ ਬਣ ਸਕਦੇ ਹੋ।

ਹੱਦੋਂ ਵੱਧ ਨਾ ਪੀਓ

ਬਾਈਬਲ ਵਿਚ ਥੋੜ੍ਹੀ-ਬਹੁਤ ਸ਼ਰਾਬ ਪੀਣੀ ਮਨ੍ਹਾ ਨਹੀਂ ਹੈ। ਪੌਲੁਸ ਰਸੂਲ ਨੇ ਨੌਜਵਾਨ ਤਿਮੋਥਿਉਸ ਨੂੰ ਚਿੱਠੀ ਵਿਚ ਵਾਈਨ ਨੂੰ ਦਵਾਈ ਵਜੋਂ ਲੈਣ ਬਾਰੇ ਲਿਖਿਆ: “ਹਾਜ਼ਮੇ ਲਈ ਅਤੇ ਆਪਣੀਆਂ ਬਹੁਤੀਆਂ ਮਾਂਦਗੀਆਂ ਦੇ ਕਾਰਨ ਥੋੜੀ ਜਿਹੀ ਮੈ ਵਰਤ ਲਿਆ ਕਰ।” (1 ਤਿਮੋਥਿਉਸ 5:23) ਬਾਈਬਲ ਦੇ ਹੋਰਨਾਂ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਵਾਈਨ ਸਿਰਫ਼ ਦਵਾਈ ਦੇ ਤੌਰ ਤੇ ਹੀ ਨਹੀਂ ਪੀਤੀ ਜਾਂਦੀ, ਸਗੋਂ ਇਹ ‘ਇਨਸਾਨ ਦੇ ਦਿਲ ਨੂੰ ਅਨੰਦ ਵੀ ਕਰਦੀ ਹੈ।’ (ਜ਼ਬੂਰਾਂ ਦੀ ਪੋਥੀ 104:15) ਪਰ ਬਾਈਬਲ ਵਿਚ ਇਹ ਵੀ ਕਿਹਾ ਗਿਆ ਹੈ ਕਿ ‘ਮੈ ਦੇ ਗੁਲਾਮ’ ਨਾ ਬਣੋ। (ਤੀਤੁਸ 2:3) ਇਕ ਹੋਰ ਹਵਾਲਾ ਕਹਿੰਦਾ ਹੈ: “ਤੂੰ ਸ਼ਰਾਬੀਆਂ ਦੇ ਨਾਲ ਨਾ ਰਲ, ਨਾ ਹੀ ਪੇਟੂ ਕਬਾਬੀਆਂ ਨਾਲ, ਕਿਉਂ ਜੋ ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ।” (ਕਹਾਉਤਾਂ 23:20, 21) ਆਓ ਆਪਾਂ ਕੁਝ ਉਦਾਹਰਣਾਂ ਦੇਖੀਏ ਕਿ ਇਸ ਵਧੀਆ ਸਲਾਹ ਤੇ ਨਾ ਚੱਲਣ ਦੇ ਕੀ ਨਤੀਜੇ ਨਿਕਲੇ ਹਨ।

ਵਿਸ਼ਵ ਸਿਹਤ ਸੰਗਠਨ ਨੇ ਸ਼ਰਾਬ ਦੀ ਵਰਤੋਂ ਬਾਰੇ ਆਪਣੀ 2004 ਦੀ ਰਿਪੋਰਟ ਵਿਚ ਲਿਖਿਆ: “ਸ਼ਰਾਬ ਸੰਬੰਧੀ ਸਮੱਸਿਆਵਾਂ ਦੇ ਕਾਰਨ ਆਇਰਲੈਂਡ ਦੇ ਲੋਕਾਂ ਨੂੰ ਹਰ ਸਾਲ ਤਕਰੀਬਨ ਢਾਈ ਅਰਬ ਯੂਰੋ [ਤਕਰੀਬਨ ਡੇਢ ਖਰਬ ਰੁਪਏ] ਦਾ ਨੁਕਸਾਨ ਹੁੰਦਾ ਹੈ।” ਰਿਪੋਰਟ ਮੁਤਾਬਕ ਇਸ ਭਾਰੀ ਰਕਮ ਵਿਚ “ਸਿਹਤ-ਸੰਭਾਲ ਦਾ ਖ਼ਰਚਾ (27 ਕਰੋੜ 90 ਲੱਖ ਯੂਰੋ [ਤਕਰੀਬਨ 16 ਅਰਬ ਰੁਪਏ]), ਸੜਕ ਹਾਦਸਿਆਂ ਕਰਕੇ ਹੋਇਆ ਮਾਲੀ ਨੁਕਸਾਨ (31 ਕਰੋੜ 50 ਲੱਖ ਯੂਰੋ [ਤਕਰੀਬਨ 19 ਅਰਬ ਰੁਪਏ]), ਅਪਰਾਧਾਂ ਕਾਰਨ ਹੋਇਆ ਨੁਕਸਾਨ (10 ਕਰੋੜ ਯੂਰੋ [ਤਕਰੀਬਨ 6 ਅਰਬ ਰੁਪਏ]), ਕਰਮਚਾਰੀਆਂ ਦੁਆਰਾ ਕੰਮ ਤੋਂ ਛੁੱਟੀ ਲੈਣ ਕਰਕੇ ਹੋਇਆ ਮਾਲੀ ਨੁਕਸਾਨ (1 ਅਰਬ 3 ਕਰੋੜ 40 ਲੱਖ ਯੂਰੋ [ਤਕਰੀਬਨ 61 ਅਰਬ ਰੁਪਏ])” ਵੀ ਸ਼ਾਮਲ ਹੈ।

ਬਹੁਤੀ ਸ਼ਰਾਬ ਪੀਣ ਕਾਰਨ ਸਿਰਫ਼ ਪੈਸਾ ਹੀ ਬਰਬਾਦ ਨਹੀਂ ਹੁੰਦਾ, ਪਰ ਲੋਕਾਂ ਨੂੰ ਬਹੁਤ ਸਾਰੇ ਦੁੱਖ ਵੀ ਸਹਿਣੇ ਪੈਂਦੇ ਹਨ। ਮਿਸਾਲ ਲਈ, ਆਸਟ੍ਰੇਲੀਆ ਵਿਚ ਸਿਰਫ਼ ਇੱਕੋ ਸਾਲ ਵਿਚ 5 ਲੱਖ ਤੋਂ ਜ਼ਿਆਦਾ ਲੋਕਾਂ ਨੇ ਕਿਸੇ ਸ਼ਰਾਬੀ ਦੇ ਹੱਥੋਂ ਕੁੱਟ ਖਾਧੀ। ਕਿਹਾ ਜਾਂਦਾ ਹੈ ਕਿ ਫਰਾਂਸ ਵਿਚ 30 ਫੀ ਸਦੀ ਘਰੇਲੂ ਮਾਰ-ਕੁਟਾਈ ਸ਼ਰਾਬ ਕਾਰਨ ਹੁੰਦੀ ਹੈ। ਇਹ ਸਭ ਗੱਲਾਂ ਸਾਬਤ ਕਰਦੀਆਂ ਹਨ ਕਿ ਸ਼ਰਾਬ ਸੰਬੰਧੀ ਬਾਈਬਲ ਦੀ ਸਲਾਹ ਤੇ ਚੱਲਣਾ ਅਕਲਮੰਦੀ ਦੀ ਗੱਲ ਹੈ।

ਬੁਰੀਆਂ ਆਦਤਾਂ ਨਾ ਪਾਓ

ਅੱਜ ਤੋਂ 50-60 ਸਾਲ ਪਹਿਲਾਂ ਸਿਗਰਟ ਪੀਣ ਨੂੰ ਫੈਸ਼ਨੇਬਲ ਸਮਝਿਆ ਜਾਂਦਾ ਸੀ। ਉਦੋਂ ਪਹਿਰਾਬੁਰਜ ਰਸਾਲੇ ਨੇ ਆਪਣੇ ਪਾਠਕਾਂ ਨੂੰ ਸਾਵਧਾਨ ਕੀਤਾ ਕਿ ਤਮਾਖੂਨੋਸ਼ੀ ਬਾਈਬਲ ਦੇ ਅਸੂਲਾਂ ਦੇ ਉਲਟ ਹੈ ਤੇ ਇਸ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਸਾਲ 1942 ਵਿਚ ਇਕ ਲੇਖ ਛਾਪਿਆ ਗਿਆ ਜਿਸ ਵਿਚ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਚੱਲਣ ਵਾਲੇ ਪਾਠਕਾਂ ਨੂੰ ਕਿਹਾ ਗਿਆ ਸੀ ਕਿ ਉਹ “ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ” ਕਰਨ। (2 ਕੁਰਿੰਥੀਆਂ 7:1) ਹੁਣ 65 ਸਾਲਾਂ ਬਾਅਦ ਇਹ ਸਾਬਤ ਹੋ ਚੁੱਕਾ ਹੈ ਕਿ ਬਾਈਬਲ ਦੀ ਇਹ ਸਲਾਹ ਵਾਕਈ ਸਹੀ ਹੈ।

ਵਿਸ਼ਵ ਸਿਹਤ ਸੰਗਠਨ ਨੇ 2006 ਵਿਚ ਤਮਾਖੂਨੋਸ਼ੀ ਬਾਰੇ ਕਿਹਾ ਕਿ “ਇਹ ਦੁਨੀਆਂ ਭਰ ਵਿਚ ਮੌਤ ਦਾ ਦੂਜਾ ਮੁੱਖ ਕਾਰਨ ਹੈ।” ਜ਼ਰਾ ਸੋਚੋ ਕਿ ਹਰ ਸਾਲ ਐੱਚ. ਆਈ. ਵੀ. ਜਾਂ ਏਡਜ਼ ਦੇ ਕਾਰਨ ਕੁਝ 30 ਲੱਖ ਲੋਕਾਂ ਦੀ ਮੌਤ ਹੁੰਦੀ ਹੈ, ਜਦ ਕਿ ਤੁਲਨਾ ਵਿਚ ਕੁਝ 50 ਲੱਖ ਲੋਕ ਤਮਾਖੂ ਦੇ ਕਾਰਨ ਦਮ ਤੋੜ ਦਿੰਦੇ ਹਨ। 20ਵੀਂ ਸਦੀ ਦੌਰਾਨ ਤਮਾਖੂਨੋਸ਼ੀ ਨੇ 10 ਕਰੋੜ ਜਾਨਾਂ ਲਈਆਂ, ਜੋ ਕਿ 20ਵੀਂ ਸਦੀ ਦੀਆਂ ਸਾਰੀਆਂ ਜੰਗਾਂ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ ਦੇ ਤਕਰੀਬਨ ਬਰਾਬਰ ਹੈ! ਅੱਜ ਹਰ ਕੋਈ ਮੰਨਦਾ ਹੈ ਕਿ ਤਮਾਖੂਨੋਸ਼ੀ ਤੋਂ ਪਰਹੇਜ਼ ਕਰਨਾ ਅਕਲਮੰਦੀ ਦੀ ਗੱਲ ਹੈ।

“ਹਰਾਮਕਾਰੀ ਤੋਂ ਭੱਜੋ”

ਪਰ ਜ਼ਿਆਦਾਤਰ ਲੋਕ ਸੈਕਸ ਬਾਰੇ ਬਾਈਬਲ ਦੀ ਸਲਾਹ ਨੂੰ ਨਹੀਂ ਮੰਨਦੇ। ਅਸਲ ਵਿਚ ਬਹੁਤ ਸਾਰੇ ਲੋਕ ਇਹ ਹੀ ਨਹੀਂ ਜਾਣਦੇ ਕਿ ਬਾਈਬਲ ਸੈਕਸ ਬਾਰੇ ਕੀ ਕਹਿੰਦੀ ਹੈ। ਉਹ ਸੋਚਦੇ ਹਨ ਕਿ ਬਾਈਬਲ ਵਿਚ ਹਰ ਕਿਸਮ ਦੀ ਕਾਮ-ਇੱਛਾ ਨੂੰ ਪਾਪ ਕਿਹਾ ਗਿਆ ਹੈ, ਜਦ ਕਿ ਬਾਈਬਲ ਵਿਚ ਲਿਖਿਆ ਹੈ ਕਿ ਪਤੀ-ਪਤਨੀ ਦਰਮਿਆਨ ਜਿਨਸੀ ਸੰਬੰਧ ਗ਼ਲਤ ਨਹੀਂ ਹਨ। (ਉਤਪਤ 2:24; ਮੱਤੀ 19:4-6; ਇਬਰਾਨੀਆਂ 13:4) ਇਸ ਦੇ ਜ਼ਰੀਏ ਪਤੀ-ਪਤਨੀ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹਨ। (1 ਕੁਰਿੰਥੀਆਂ 7:1-5) ਫਿਰ ਜਦੋਂ ਉਨ੍ਹਾਂ ਦੇ ਬੱਚੇ ਹੁੰਦੇ ਹਨ, ਤਾਂ ਬੱਚਿਆਂ ਨੂੰ ਵੀ ਫ਼ਾਇਦਾ ਹੁੰਦਾ ਹੈ ਕਿਉਂਕਿ ਉਨ੍ਹਾਂ ਦੀ ਦੇਖ-ਭਾਲ ਕਰਨ ਲਈ ਮਾਂ ਤੇ ਬਾਪ ਦੋਵੇਂ ਹੁੰਦੇ ਹਨ।—ਕੁਲੁੱਸੀਆਂ 3:18-21.

ਬਦਚਲਣੀ ਦੇ ਸੰਬੰਧ ਵਿਚ ਬਾਈਬਲ ਦਾ ਹੁਕਮ ਹੈ ਕਿ “ਹਰਾਮਕਾਰੀ ਤੋਂ ਭੱਜੋ।” (1 ਕੁਰਿੰਥੀਆਂ 6:18) ਇਸ ਦਾ ਕਾਰਨ ਕੀ ਹੈ? ਇਸੇ ਆਇਤ ਵਿਚ ਅੱਗੇ ਕਿਹਾ ਗਿਆ ਹੈ: “ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਦੇ ਬਾਹਰ ਹੈ ਪਰ ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ।” ਜਦ ਕੋਈ ਸੈਕਸ ਬਾਰੇ ਬਾਈਬਲ ਦੀ ਸਲਾਹ ਤੇ ਨਹੀਂ ਚੱਲਦਾ, ਤਾਂ ਕੀ ਨਤੀਜੇ ਨਿਕਲਦੇ ਹਨ?

ਆਓ ਆਪਾਂ ਗੌਰ ਕਰੀਏ ਕਿ ਅਮਰੀਕਾ ਵਿਚ ਕੀ ਹੋ ਰਿਹਾ ਹੈ। ਹੋਰਨਾਂ ਅਮੀਰ ਦੇਸ਼ਾਂ ਦੀ ਤੁਲਨਾ ਵਿਚ ਅਮਰੀਕਾ ਵਿਚ ਅੱਲ੍ਹੜ ਉਮਰ ਦੀਆਂ ਸਭ ਤੋਂ ਜ਼ਿਆਦਾ ਕੁੜੀਆਂ (ਹਰ ਸਾਲ ਤਕਰੀਬਨ 8 ਲੱਖ 50 ਹਜ਼ਾਰ) ਗਰਭਵਤੀ ਹੁੰਦੀਆਂ ਹਨ। ਬਹੁਤ ਸਾਰੇ ਗਰਭ ਤਾਂ ਡੇਗ ਦਿੱਤੇ ਜਾਂਦੇ ਹਨ, ਪਰ ਬਹੁਤ ਸਾਰੀਆਂ ਕੁਆਰੀਆਂ ਕੁੜੀਆਂ ਬੱਚਿਆਂ ਨੂੰ ਜਨਮ ਦੇ ਕੇ ਉਨ੍ਹਾਂ ਦੀ ਚੰਗੀ ਪਰਵਰਿਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੀਆਂ ਹਨ ਤੇ ਕੁਝ ਕਾਮਯਾਬ ਵੀ ਹੁੰਦੀਆਂ ਹਨ। ਪਰ ਕੌੜੀ ਸੱਚਾਈ ਤਾਂ ਇਹ ਹੈ ਕਿ ਅੱਲ੍ਹੜ ਉਮਰ ਦੀਆਂ ਜ਼ਿਆਦਾਤਰ ਮਾਵਾਂ ਦੇ ਮੁੰਡੇ ਵੱਡੇ ਹੋ ਕੇ ਅਪਰਾਧੀ ਬਣ ਜਾਂਦੇ ਹਨ ਅਤੇ ਜੇਲ੍ਹ ਦੀ ਹਵਾ ਖਾਂਦੇ ਹਨ, ਜਦ ਕਿ ਉਨ੍ਹਾਂ ਦੀਆਂ ਧੀਆਂ ਆਪ ਅੱਲ੍ਹੜ ਉਮਰ ਵਿਚ ਮਾਵਾਂ ਬਣ ਜਾਂਦੀਆਂ ਹਨ। ਪਿਛਲੇ ਕਈ ਦਹਾਕਿਆਂ ਦੇ ਅੰਕੜਿਆਂ ਦਾ ਅਧਿਐਨ ਕਰਨ ਤੋਂ ਬਾਅਦ ਇਕ ਖੋਜਕਾਰ ਨੇ ਲਿਖਿਆ: “ਹੋ ਸਕਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਕੁਆਰੀਆਂ ਕੁੜੀਆਂ ਵੱਲੋਂ ਬੱਚਿਆਂ ਨੂੰ ਜਨਮ ਦੇਣ ਨਾਲ ਸਮਾਜਕ ਸਮੱਸਿਆਵਾਂ ਵਿਚ ਬਹੁਤ ਵਾਧਾ ਹੋਇਆ ਹੈ। ਮਿਸਾਲ ਲਈ, ਇਸ ਤਰ੍ਹਾਂ ਦੇ ਬੱਚੇ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਹੀ ਸਕੂਲ ਛੱਡ ਦਿੰਦੇ ਹਨ, ਸ਼ਰਾਬ ਤੇ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ, ਕੁੜੀਆਂ ਅੱਲ੍ਹੜ ਉਮਰ ਵਿਚ ਹੀ ਮਾਂ ਬਣ ਜਾਂਦੀਆਂ ਹਨ ਅਤੇ ਕਈ ਬੱਚੇ ਜੁਰਮ ਦੀ ਦੁਨੀਆਂ ਵਿਚ ਚਲੇ ਜਾਂਦੇ ਹਨ।”

ਬਦਚਲਣੀ ਦੀ ਜ਼ਿੰਦਗੀ ਜੀਣ ਵਾਲੇ ਲੋਕ ਕਈ ਬੀਮਾਰੀਆਂ ਅਤੇ ਮਾਨਸਿਕ ਦੁੱਖ ਸਹੇੜਦੇ ਹਨ। ਮਿਸਾਲ ਲਈ, ਬੱਚਿਆਂ ਦੀ ਸਿਹਤ ਬਾਰੇ ਇਕ ਰਸਾਲੇ ਵਿਚ ਇਹ ਰਿਪੋਰਟ ਛਪੀ ਸੀ: “ਰਿਸਰਚ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਬੱਚੇ ਅੱਲ੍ਹੜ ਉਮਰ ਵਿਚ ਸੈਕਸ ਕਰਨ ਲੱਗ ਪੈਂਦੇ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕਰਦੇ ਹਨ।” ਹੋਰਨਾਂ ਸਿਹਤ ਸਮੱਸਿਆਵਾਂ ਬਾਰੇ ਇਕ ਅਮਰੀਕੀ ਸਿਹਤ ਸੰਸਥਾ ਕਹਿੰਦੀ ਹੈ: “ਅਮਰੀਕਾ ਵਿਚ 50 ਫੀ ਸਦੀ ਤੋਂ ਜ਼ਿਆਦਾ ਲੋਕ ਆਪਣੀ ਜ਼ਿੰਦਗੀ ਵਿਚ ਕਦੇ-ਨ-ਕਦੇ ਜਿਨਸੀ ਰੋਗ ਦੇ ਸ਼ਿਕਾਰ ਹੋਣਗੇ।” ਜ਼ਰਾ ਸੋਚੋ ਕਿ ਜੇ ਲੋਕ ਸੈਕਸ ਬਾਰੇ ਬਾਈਬਲ ਦੀ ਸਲਾਹ ਨੂੰ ਲਾਗੂ ਕਰਨ, ਤਾਂ ਉਹ ਕਿੰਨੇ ਸਾਰੇ ਦੁੱਖਾਂ ਤੋਂ ਬਚ ਸਕਦੇ ਹਨ!

ਸੁਖੀ ਪਰਿਵਾਰ

ਬਾਈਬਲ ਵਿਚ ਮਾੜੀਆਂ ਆਦਤਾਂ ਖ਼ਿਲਾਫ਼ ਸਿਰਫ਼ ਚੇਤਾਵਨੀ ਹੀ ਨਹੀਂ ਦਿੱਤੀ ਗਈ, ਪਰ ਇਸ ਵਿਚ ਘਰੇਲੂ ਜ਼ਿੰਦਗੀ ਨੂੰ ਸੁਖੀ ਬਣਾਉਣ ਬਾਰੇ ਵੀ ਵਧੀਆ ਸਲਾਹ ਦਿੱਤੀ ਗਈ ਹੈ।

ਬਾਈਬਲ ਵਿਚ ਲਿਖਿਆ ਹੈ: “ਪਤੀਆਂ ਨੂੰ ਭੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ।” (ਅਫ਼ਸੀਆਂ 5:28) ਬਾਈਬਲ ਪਤੀਆਂ ਨੂੰ ਤਾਕੀਦ ਕਰਦੀ ਹੈ ਕਿ ਉਹ ਆਪਣੀਆਂ ਘਰਵਾਲੀਆਂ ਨੂੰ ਨੌਕਰ ਸਮਝਣ ਦੀ ਬਜਾਇ ‘ਬੁੱਧ ਦੇ ਅਨੁਸਾਰ ਉਨ੍ਹਾਂ ਨਾਲ ਵੱਸਣ ਅਤੇ ਉਨ੍ਹਾਂ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਉਨ੍ਹਾਂ ਦਾ ਆਦਰ ਕਰਨ।’ (1 ਪਤਰਸ 3:7) ਜੇ ਅਣਬਣ ਹੋ ਵੀ ਜਾਂਦੀ ਹੈ, ਤਾਂ ਬਾਈਬਲ ਪਤੀਆਂ ਨੂੰ ਸਲਾਹ ਦਿੰਦੀ ਹੈ: “ਤੁਸੀਂ ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਅਤੇ ਉਨ੍ਹਾਂ ਨਾਲ ਕੌੜੇ ਨਾ ਹੋਵੋ।” (ਕੁਲੁੱਸੀਆਂ 3:19) ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋਵੋਗੇ ਕਿ ਜੇ ਪਤੀ ਆਪਣੀ ਪਤਨੀ ਨਾਲ ਅਜਿਹਾ ਸਲੂਕ ਕਰੇਗਾ, ਤਾਂ ਪਤਨੀ ਦੇ ਦਿਲ ਵਿਚ ਜ਼ਰੂਰ ਉਸ ਲਈ ਪਿਆਰ ਤੇ ਇੱਜ਼ਤ ਵਧੇਗੀ?

ਤੀਵੀਆਂ ਲਈ ਬਾਈਬਲ ਦੀ ਸਲਾਹ ਹੈ: “ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਦੇ ਕਿਉਂ ਜੋ ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਭੀ ਕਲੀਸਿਯਾ ਦਾ ਸਿਰ ਹੈ। . . . ਪਤਨੀ ਆਪਣੇ ਪਤੀ ਦਾ ਮਾਨ ਕਰੇ।” (ਅਫ਼ਸੀਆਂ 5:22, 23, 33) ਕੀ ਇਹ ਸੱਚ ਨਹੀਂ ਕਿ ਜਿਹੜੀ ਪਤਨੀ ਇਸ ਸਲਾਹ ਨੂੰ ਮੰਨ ਕੇ ਆਪਣੇ ਘਰਵਾਲੇ ਨਾਲ ਜਾਂ ਉਸ ਬਾਰੇ ਆਦਰ ਨਾਲ ਗੱਲ ਕਰਦੀ ਹੈ, ਉਹ ਆਪਣੇ ਪਤੀ ਨੂੰ ਪਿਆਰੀ ਲੱਗੇਗੀ ਅਤੇ ਉਸ ਦਾ ਦਿਲ ਜਿੱਤ ਲਵੇਗੀ?

ਬੱਚਿਆਂ ਦੀ ਪਰਵਰਿਸ਼ ਬਾਰੇ ਬਾਈਬਲ ਮਾਪਿਆਂ ਨੂੰ ਸਲਾਹ ਦਿੰਦੀ ਹੈ ਕਿ ਉਹ “ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ” ਆਪਣੇ ਬੱਚਿਆਂ ਨਾਲ ਗੱਲਬਾਤ ਕਰਨ। (ਬਿਵਸਥਾ ਸਾਰ 6:7) ਖ਼ਾਸ ਕਰਕੇ ਪਿਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਨਾਲ ਤਾੜਨਾ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਸਿਖਾਉਣ ਕਿ ਕੀ ਸਹੀ ਹੈ ਅਤੇ ਕੀ ਗ਼ਲਤ। ਬਾਈਬਲ ਕਹਿੰਦੀ ਹੈ: “ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” (ਅਫ਼ਸੀਆਂ 6:4) ਬਦਲੇ ਵਿਚ ਬੱਚਿਆਂ ਨੂੰ ਕਿਹਾ ਗਿਆ ਹੈ: “ਆਪਣੇ ਮਾਪਿਆਂ ਦੇ ਆਗਿਆਕਾਰ ਰਹੋ” ਅਤੇ ‘ਆਪਣੇ ਮਾਂ ਪਿਉ ਦਾ ਆਦਰ ਕਰੋ।’ *ਅਫ਼ਸੀਆਂ 6:1, 2.

ਤੁਹਾਡੇ ਖ਼ਿਆਲ ਵਿਚ ਕੀ ਬਾਈਬਲ ਦੀ ਇਹ ਸਲਾਹ ਲਾਗੂ ਕਰਨ ਨਾਲ ਪਰਿਵਾਰਾਂ ਨੂੰ ਫ਼ਾਇਦਾ ਹੋਵੇਗਾ? ਤੁਸੀਂ ਸ਼ਾਇਦ ਸੋਚੋ, ‘ਹਾਂ, ਇਹ ਸਲਾਹ ਸੁਣਨ ਨੂੰ ਤਾਂ ਚੰਗੀ ਲੱਗਦੀ ਹੈ, ਪਰ ਕੀ ਇਸ ਤੇ ਅਮਲ ਕੀਤਾ ਜਾ ਸਕਦਾ ਹੈ?’ ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਕਿਸੇ ਵੀ ਕਿੰਗਡਮ ਹਾਲ ਵਿਚ ਜਾ ਕੇ ਦੇਖੋ। ਉੱਥੇ ਤੁਹਾਨੂੰ ਅਜਿਹੇ ਪਰਿਵਾਰ ਮਿਲਣਗੇ ਜੋ ਬਾਈਬਲ ਦੀ ਸਲਾਹ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨਾਲ ਗੱਲ ਕਰੋ। ਦੇਖੋ ਕਿ ਪਤੀ-ਪਤਨੀ ਅਤੇ ਮਾਪੇ ਤੇ ਬੱਚੇ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਂਦੇ ਹਨ। ਤੁਹਾਨੂੰ ਯਕੀਨ ਹੋ ਜਾਵੇਗਾ ਕਿ ਬਾਈਬਲ ਦੇ ਸਿਧਾਂਤਾਂ ਮੁਤਾਬਕ ਚੱਲ ਕੇ ਪਰਿਵਾਰਾਂ ਨੂੰ ਸੱਚ-ਮੁੱਚ ਖ਼ੁਸ਼ੀ ਮਿਲਦੀ ਹੈ।

ਮਿਹਨਤੀ ਕਾਮਾ ਤੇ ਈਮਾਨਦਾਰ ਮਾਲਕ

ਕੀ ਬਾਈਬਲ ਵਿਚ ਨੌਕਰੀ ਦੇ ਸੰਬੰਧ ਵਿਚ ਵੀ ਸਲਾਹ ਦਿੱਤੀ ਗਈ ਹੈ? ਬਾਈਬਲ ਕਹਿੰਦੀ ਹੈ ਕਿ ਜਿਹੜਾ ਕਾਮਾ ਚੰਗੀ ਤਰ੍ਹਾਂ ਕੰਮ ਕਰਨਾ ਸਿੱਖਦਾ ਹੈ, ਉਸ ਦਾ ਮਾਲਕ ਉਸ ਦੀ ਕਦਰ ਕਰਦਾ ਹੈ ਤੇ ਉਸ ਨੂੰ ਇਨਾਮ ਦਿੰਦਾ ਹੈ। ਬੁੱਧੀਮਾਨ ਬਾਦਸ਼ਾਹ ਸੁਲੇਮਾਨ ਨੇ ਸਵਾਲ ਕੀਤਾ: “ਤੂੰ ਕਿਸੇ ਨੂੰ ਉਹ ਦੇ ਕੰਮ ਵਿੱਚ ਚਾਤਰ ਵੇਖਦਾ ਹੈਂ?” ਜਵਾਬ ਵਿਚ ਉਸ ਨੇ ਕਿਹਾ: “ਉਹ ਪਾਤਸ਼ਾਹਾਂ ਦੇ ਸਨਮੁਖ ਖਲੋਵੇਗਾ।” (ਕਹਾਉਤਾਂ 22:29) ਦੂਜੇ ਪਾਸੇ, ਬਾਈਬਲ ਇਹ ਵੀ ਕਹਿੰਦੀ ਹੈ ਕਿ ਜਿਸ ਤਰ੍ਹਾਂ ਅੱਖਾਂ ਵਿਚ ਧੂੰਆਂ ਪੈਣ ਨਾਲ ਖਿੱਝ ਆਉਂਦੀ ਹੈ, ਉਸੇ ਤਰ੍ਹਾਂ ਆਲਸੀ ਕਾਮੇ ਨੂੰ ਦੇਖ ਕੇ ਉਸ ਦਾ ਮਾਲਕ ਖਿੱਝਦਾ ਹੈ। (ਕਹਾਉਤਾਂ 10:26) ਬਾਈਬਲ ਸਾਨੂੰ ਈਮਾਨਦਾਰ ਅਤੇ ਮਿਹਨਤੀ ਬਣਨ ਦੀ ਹੱਲਾਸ਼ੇਰੀ ਦਿੰਦੀ ਹੈ। “ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰ ਕੇ ਭਲਾ ਕੰਮ ਕਰੇ।” (ਅਫ਼ਸੀਆਂ 4:28) ਕਾਮੇ ਨੂੰ ਇਹ ਸਲਾਹ ਹਰ ਸਮੇਂ ਲਾਗੂ ਕਰਨੀ ਚਾਹੀਦੀ ਹੈ, ਜਦ ਉਸ ਦਾ ਮਾਲਕ ਉਸ ਨੂੰ ਨਾ ਵੀ ਦੇਖਦਾ ਹੋਵੇ। “ਤੁਸੀਂ ਸਭਨੀਂ ਗੱਲੀਂ ਆਪਣੇ ਸੰਸਾਰਕ ਮਾਲਕਾਂ ਦੀ ਆਗਿਆਕਾਰੀ ਕਰੋ ਅਤੇ ਮਨੁੱਖਾਂ ਦੇ ਰਿਝਾਉਣ ਵਾਲਿਆਂ ਵਾਂਙੁ ਵਿਖਾਵੇ ਦੀ ਨੌਕਰੀ ਨਹੀਂ ਸਗੋਂ ਮਨ ਦੀ ਸਫ਼ਾਈ ਨਾਲ ਪ੍ਰਭੁ ਦੇ ਭੈ ਨਾਲ ਕਰੋ।” (ਕੁਲੁੱਸੀਆਂ 3:22) ਜੇਕਰ ਤੁਸੀਂ ਮਾਲਕ ਹੋ, ਤਾਂ ਕੀ ਤੁਸੀਂ ਅਜਿਹੀ ਸਲਾਹ ਤੇ ਚੱਲਣ ਵਾਲੇ ਕਾਮਿਆਂ ਦੀ ਕਦਰ ਨਹੀਂ ਕਰੋਗੇ?

ਮਾਲਕਾਂ ਨੂੰ ਬਾਈਬਲ ਇਹ ਗੱਲ ਯਾਦ ਦਿਲਾਉਂਦੀ ਹੈ: “ਕਾਮਾ ਆਪਣੀ ਮਜੂਰੀ ਦਾ ਹੱਕਦਾਰ ਹੈ।” (1 ਤਿਮੋਥਿਉਸ 5:18) ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਆਪਣੇ ਕਾਮਿਆਂ ਨੂੰ ਸਮੇਂ ਸਿਰ ਤੇ ਸਹੀ ਮਜ਼ਦੂਰੀ ਦੇਣ। “ਤੂੰ ਆਪਣੇ ਗਵਾਂਢੀ ਨਾਲ ਛੱਲ ਨਾ ਖੇਡੀਂ, ਨਾ ਤੂੰ ਉਸ ਤੋਂ ਕੁਝ ਖੋਹਵੀ। ਮਜੂਰ ਦੀ ਮਜੂਰੀ ਤੇਰੇ ਕੋਲ ਸਾਰੀ ਰਾਤ ਸਵੇਰ ਤੋੜੀ ਨਾ ਰਹੇ।” (ਲੇਵੀਆਂ 19:13) ਕੀ ਤੁਸੀਂ ਅਜਿਹੇ ਮਾਲਕ ਲਈ ਕੰਮ ਕਰ ਕੇ ਖ਼ੁਸ਼ ਨਹੀਂ ਹੋਵੋਗੇ ਜੋ ਬਾਈਬਲ ਦੀ ਸਲਾਹ ਦੇ ਮੁਤਾਬਕ ਤੁਹਾਨੂੰ ਸਮੇਂ ਸਿਰ ਅਤੇ ਈਮਾਨਦਾਰੀ ਨਾਲ ਤਨਖ਼ਾਹ ਦਿੰਦਾ ਹੈ?

ਬਾਈਬਲ ਦੀ ਸਲਾਹ ਲਾਹੇਵੰਦ ਹੈ

ਕੀ ਤੁਸੀਂ ਇਸ ਗੱਲ ਤੇ ਹੈਰਾਨ ਹੋ ਕਿ ਇੰਨੀ ਪੁਰਾਣੀ ਕਿਤਾਬ ਹੋਣ ਦੇ ਬਾਵਜੂਦ ਬਾਈਬਲ ਦੀ ਸਲਾਹ ਅੱਜ ਵੀ ਲਾਹੇਵੰਦ ਹੈ? ਹੋਰ ਕਿਤਾਬਾਂ ਦੀ ਤੁਲਨਾ ਵਿਚ ਬਾਈਬਲ ਦੀ ਸਲਾਹ ਹਮੇਸ਼ਾ ਭਰੋਸੇਯੋਗ ਸਾਬਤ ਹੋਈ ਹੈ ਕਿਉਂਕਿ ਬਾਈਬਲ ਇਨਸਾਨਾਂ ਦਾ ਨਹੀਂ, ਸਗੋਂ “ਪਰਮੇਸ਼ੁਰ ਦਾ ਬਚਨ” ਹੈ।—1 ਥੱਸਲੁਨੀਕੀਆਂ 2:13.

ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਮਾਂ ਕੱਢੇ ਕੇ ਪਰਮੇਸ਼ੁਰ ਦੇ ਬਚਨ ਦਾ ਗਿਆਨ ਲਓ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਦਿਲ ਵਿਚ ਯਹੋਵਾਹ ਪਰਮੇਸ਼ੁਰ ਲਈ ਪਿਆਰ ਪੈਦਾ ਹੋਵੇਗਾ ਜਿਸ ਨੇ ਬਾਈਬਲ ਨੂੰ ਲਿਖਵਾਇਆ। ਉਸ ਦੀ ਸਲਾਹ ਨੂੰ ਲਾਗੂ ਕਰ ਕੇ ਸਮੱਸਿਆਵਾਂ ਤੋਂ ਬਚੋ ਤੇ ਆਪਣੀ ਜ਼ਿੰਦਗੀ ਨੂੰ ਸਵਰਗ ਬਣਦੇ ਦੇਖੋ। ਇਸ ਤਰ੍ਹਾਂ ਕਰ ਕੇ ਤੁਸੀਂ ‘ਪਰਮੇਸ਼ੁਰ ਦੇ ਨੇੜੇ ਜਾਵੋਗੇ ਤੇ ਉਹ ਤੁਹਾਡੇ ਨੇੜੇ ਆਵੇਗਾ।’ (ਯਾਕੂਬ 4:8) ਹੋਰ ਕੋਈ ਕਿਤਾਬ ਇਸ ਤਰ੍ਹਾਂ ਕਰਨ ਵਿਚ ਤੁਹਾਡੀ ਮਦਦ ਨਹੀਂ ਕਰ ਸਕਦੀ।

[ਫੁਟਨੋਟ]

^ ਪੈਰਾ 20 ਪਰਿਵਾਰ ਲਈ ਬਾਈਬਲ ਦੇ ਹੋਰ ਸਿਧਾਂਤਾਂ ਦੀ ਜਾਣਕਾਰੀ ਵਾਸਤੇ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਰਿਵਾਰਕ ਖ਼ੁਸ਼ੀ ਦਾ ਰਾਜ਼ ਦੇਖੋ।

[ਸਫ਼ਾ 4 ਉੱਤੇ ਤਸਵੀਰ]

ਕੀ ਤੁਸੀਂ ਮੰਨਦੇ ਹੋ ਕਿ ਸ਼ਰਾਬ ਪੀਣ ਬਾਰੇ ਬਾਈਬਲ ਦੀ ਸਲਾਹ ਤੇ ਚੱਲਣਾ ਲਾਹੇਵੰਦ ਹੈ?

[ਸਫ਼ਾ 5 ਉੱਤੇ ਤਸਵੀਰ]

ਤੁਹਾਡੇ ਖ਼ਿਆਲ ਵਿਚ ਕੀ ਸਿਗਰਟਾਂ ਪੀਣ ਤੋਂ ਪਰਹੇਜ਼ ਕਰਨ ਦੀ ਸਲਾਹ ਲਾਹੇਵੰਦ ਹੈ?

[ਸਫ਼ਾ 7 ਉੱਤੇ ਤਸਵੀਰਾਂ]

ਬਾਈਬਲ ਦੀ ਸਲਾਹ ਮੁਤਾਬਕ ਚੱਲ ਕੇ ਪਰਿਵਾਰਾਂ ਨੂੰ ਸੱਚ-ਮੁੱਚ ਖ਼ੁਸ਼ੀ ਮਿਲਦੀ ਹੈ

[ਸਫ਼ਾ 5 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Globe: Based on NASA photo