ਲਾਹੇਵੰਦ ਸਲਾਹ ਦੀ ਭਾਲ
ਲਾਹੇਵੰਦ ਸਲਾਹ ਦੀ ਭਾਲ
ਮੈਂ ਆਪਣੀ ਸਿਹਤ ਦਾ ਖ਼ਿਆਲ ਕਿਵੇਂ ਰੱਖ ਸਕਦਾ ਹਾਂ?
ਆਪਣੇ ਪਰਿਵਾਰਕ ਜੀਵਨ ਨੂੰ ਸੁਖੀ ਬਣਾਉਣ ਲਈ ਮੈਂ ਕੀ ਕਰ ਸਕਦਾ ਹਾਂ?
ਮੈਂ ਬੇਰੋਜ਼ਗਾਰ ਹੋਣ ਤੋਂ ਕਿਵੇਂ ਬਚ ਸਕਦਾ ਹਾਂ?
ਕੀ ਤੁਹਾਡੇ ਮਨ ਵਿਚ ਕਦੇ ਅਜਿਹੇ ਸਵਾਲ ਉੱਠੇ ਹਨ? ਕੀ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲੇ ਹਨ? ਅਜਿਹੇ ਜ਼ਰੂਰੀ ਮਾਮਲਿਆਂ ਬਾਰੇ ਸਲਾਹ ਦੇਣ ਲਈ ਹਰ ਸਾਲ ਤਕਰੀਬਨ 2,000 ਕਿਤਾਬਾਂ ਛਾਪੀਆਂ ਜਾਂਦੀਆਂ ਹਨ। ਸਿਰਫ਼ ਬਰਤਾਨੀਆ ਵਿਚ ਹੀ ਲੋਕ ਇਹੋ ਜਿਹੀਆਂ ਕਿਤਾਬਾਂ ਉੱਤੇ ਹਰ ਸਾਲ 8 ਕਰੋੜ ਪੌਂਡ (ਤਕਰੀਬਨ 7 ਅਰਬ ਰੁਪਏ) ਖ਼ਰਚ ਕਰਦੇ ਹਨ। ਅਮਰੀਕਾ ਵਿਚ ਹੀ ਲੋਕ ਹਰ ਸਾਲ ਇਨ੍ਹਾਂ ਕਿਤਾਬਾਂ ਉੱਤੇ ਲਗਭਗ 60 ਕਰੋੜ ਡਾਲਰ (ਤਕਰੀਬਨ 27 ਅਰਬ ਰੁਪਏ) ਖ਼ਰਚ ਕਰਦੇ ਹਨ। ਇਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਤੋਂ ਇਲਾਵਾ ਦੁਨੀਆਂ ਵਿਚ ਬਹੁਤ ਸਾਰੇ ਲੋਕ ਹਨ ਜੋ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਸਲਾਹ ਭਾਲਦੇ ਹਨ।
ਇਨ੍ਹਾਂ ਕਿਤਾਬਾਂ ਵਿਚ ਦਿੱਤੀਆਂ ਸਲਾਹਾਂ ਬਾਰੇ ਇਕ ਲੇਖਕ ਨੇ ਲਿਖਿਆ: “ਕਈ ਕਿਤਾਬਾਂ ਤਾਂ ਪੁਰਾਣੀਆਂ ਗੱਲਾਂ ਨੂੰ ਹੀ ਮੁੜ ਕੇ ਦੁਹਰਾਉਂਦੀਆਂ ਹਨ।” ਸੱਚ ਤਾਂ ਇਹ ਹੈ ਕਿ ਇਨ੍ਹਾਂ ਕਿਤਾਬਾਂ ਵਿਚ ਦਿੱਤੀਆਂ ਜ਼ਿਆਦਾਤਰ ਸਲਾਹਾਂ ਪਹਿਲਾਂ ਹੀ ਦੁਨੀਆਂ ਦੀ ਇਕ ਸਭ ਤੋਂ ਪੁਰਾਣੀ ਕਿਤਾਬ ਵਿਚ ਦਰਜ ਹਨ। ਇਹ ਕਿਤਾਬ ਹੈ ਬਾਈਬਲ। ਇਸ ਦਾ ਲਗਭਗ 2,400 ਭਾਸ਼ਾਵਾਂ ਵਿਚ ਤਰਜਮਾ ਹੋ ਚੁੱਕਾ ਹੈ। ਕੁਲ ਮਿਲਾ ਕੇ ਇਸ ਦੀਆਂ 4 ਅਰਬ 60 ਕਰੋੜ ਤੋਂ ਜ਼ਿਆਦਾ ਕਾਪੀਆਂ ਛਪ ਚੁੱਕੀਆਂ ਹਨ। ਦੁਨੀਆਂ ਭਰ ਵਿਚ ਹੋਰ ਕੋਈ ਕਿਤਾਬ ਨਹੀਂ ਜੋ ਇੰਨੀ ਜ਼ਿਆਦਾ ਵੰਡੀ ਗਈ ਹੋਵੇ।
ਬਾਈਬਲ ਵਿਚ ਸਾਫ਼-ਸਾਫ਼ ਕਿਹਾ ਗਿਆ ਹੈ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।” (2 ਤਿਮੋਥਿਉਸ 3:16) ਇਹ ਸੱਚ ਹੈ ਕਿ ਬਾਈਬਲ ਸਾਨੂੰ ਸਿਰਫ਼ ਸਲਾਹ-ਮਸ਼ਵਰੇ ਦੇਣ ਲਈ ਨਹੀਂ ਲਿਖੀ ਗਈ ਸੀ। ਇਸ ਦੇ ਲਿਖੇ ਜਾਣ ਦਾ ਮੁੱਖ ਉਦੇਸ਼ ਇਨਸਾਨਾਂ ਨੂੰ ਰੱਬ ਦੀ ਮਰਜ਼ੀ ਤੋਂ ਜਾਣੂ ਕਰਾਉਣਾ ਹੈ। ਫਿਰ ਵੀ ਬਾਈਬਲ ਵਿਚ ਬਹੁਤ ਸਾਰੀਆਂ ਸਲਾਹਾਂ ਦਿੱਤੀਆਂ ਗਈਆਂ ਹਨ ਜੋ ਰੋਜ਼ਮੱਰਾ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਬਹੁਤ ਕੰਮ ਆਉਂਦੀਆਂ ਹਨ। ਇਸ ਵਿਚ ਲਿਖਿਆ ਹੈ ਕਿ ਜੋ ਲੋਕ ਬਾਈਬਲ ਦੀ ਸਲਾਹ ਮੁਤਾਬਕ ਚੱਲਣਗੇ, ਉਹ ਲਾਭ ਉਠਾਉਣਗੇ। (ਯਸਾਯਾਹ 48:17, 18) ਅਸੀਂ ਭਾਵੇਂ ਕਿਸੇ ਵੀ ਜਾਤ ਜਾਂ ਸਭਿਆਚਾਰ ਦੇ ਹੋਈਏ ਅਤੇ ਚਾਹੇ ਅਸੀਂ ਪੜ੍ਹੇ-ਲਿਖੇ ਹਾਂ ਜਾਂ ਅਨਪੜ੍ਹ, ਪਰ ਬਾਈਬਲ ਦੀ ਸਲਾਹ ਉੱਤੇ ਚੱਲ ਕੇ ਸਾਡਾ ਹਮੇਸ਼ਾ ਭਲਾ ਹੁੰਦਾ ਹੈ। ਕਿਉਂ ਨਾ ਤੁਸੀਂ ਅਗਲੇ ਲੇਖ ਵਿਚ ਸਿਹਤ, ਪਰਿਵਾਰ ਅਤੇ ਨੌਕਰੀ ਵਰਗੇ ਵਿਸ਼ਿਆਂ ਬਾਰੇ ਬਾਈਬਲ ਦੀ ਸਲਾਹ ਪੜ੍ਹ ਕੇ ਖ਼ੁਦ ਫ਼ੈਸਲਾ ਕਰੋ ਕਿ ਇਹ ਲਾਹੇਵੰਦ ਹੈ ਕਿ ਨਹੀਂ?