ਏਡਰੀਅਨਾ ਦੀ ਖ਼ਾਹਸ਼
ਏਡਰੀਅਨਾ ਦੀ ਖ਼ਾਹਸ਼
ਏਡਰੀਅਨਾ ਨਾਂ ਦੀ ਛੇ ਸਾਲ ਦੀ ਲੜਕੀ ਓਕਲਾਹੋਮਾ ਦੇ ਟੁਲਸਾ ਸ਼ਹਿਰ ਵਿਚ ਰਹਿੰਦੀ ਹੈ। ਏਡਰੀਅਨਾ ਦੀ ਖ਼ਾਹਸ਼ ਸੀ ਜੋ ਜ਼ਬੂਰਾਂ ਦੇ ਲਿਖਾਰੀ ਦਾਊਦ ਨਾਲ ਮਿਲਦੀ-ਜੁਲਦੀ ਸੀ। ਦਾਊਦ ਨੇ ਕਿਹਾ: “ਮੈਂ ਯਹੋਵਾਹ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਭਾਲਾਂਗਾ, ਕਿ ਮੈਂ ਜੀਉਣ ਭਰ ਯਹੋਵਾਹ ਦੇ ਘਰ ਵੱਸਾਂ, ਤਾਂ ਜੋ ਮੈਂ ਯਹੋਵਾਹ ਦੀ ਮਨੋਹਰਤਾ ਨੂੰ ਤੱਕਾਂ, ਅਤੇ ਉਹ ਦੀ ਹੈਕਲ ਵਿੱਚ ਧਿਆਨ ਕਰਾਂ।”—ਜ਼ਬੂਰਾਂ ਦੀ ਪੋਥੀ 27:4.
ਜਦ ਏਡਰੀਅਨਾ ਛੇ ਮਹੀਨਿਆਂ ਦੀ ਸੀ, ਤਾਂ ਡਾਕਟਰਾਂ ਨੂੰ ਪਤਾ ਲੱਗਾ ਕਿ ਉਸ ਨੂੰ ਇਕ ਜਾਨਲੇਵਾ ਬੀਮਾਰੀ ਸੀ। ਉਸ ਦੀ ਤੰਤੂ-ਪ੍ਰਣਾਲੀ ਵਿਚ ਟਿਊਮਰ ਸੀ ਜਿਸ ਕਾਰਨ ਉਸ ਦੀਆਂ ਲੱਤਾਂ ਕੰਮ ਕਰਨੋਂ ਰਹਿ ਗਈਆਂ ਸਨ। ਉਸ ਦੇ ਇਲਾਜ ਦੀ ਕੋਸ਼ਿਸ਼ ਵਿਚ ਡਾਕਟਰਾਂ ਨੇ ਕਈ ਵਾਰ ਸਰਜਰੀ ਕੀਤੀ ਅਤੇ ਪੂਰਾ ਸਾਲ ਉਸ ਨੂੰ ਕੀਮੋਥੈਰਪੀ ਵੀ ਦਿੱਤੀ।
ਏਡਰੀਅਨਾ ਦਾ ਪਿਤਾ, ਉਸ ਦੇ ਅਤੇ ਉਸ ਦੀ ਮਾਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਨਹੀਂ ਮੰਨਦਾ ਹੈ। ਉਸ ਨੇ ਇਕ ਸੰਸਥਾ ਨੂੰ ਗੁਜ਼ਾਰਸ਼ ਕੀਤੀ ਕਿ ਉਹ ਏਡਰੀਅਨਾ ਨੂੰ ਬੱਚਿਆਂ ਦੀ ਕਿਸੇ ਮਸ਼ਹੂਰ ਪਾਰਕ ਵਿਚ ਘੁਮਾਉਣ ਦਾ ਪ੍ਰਬੰਧ ਕਰਨ। ਬੀਮਾਰ ਬੱਚਿਆਂ ਦੀ ਮਦਦ ਕਰਨ ਵਾਲੀ ਇਹ ਸੰਸਥਾ ਨੇ ਉਸ ਦੀ ਇੱਛਾ ਪੂਰੀ ਕਰਨ ਤੋਂ ਪਹਿਲਾਂ ਏਡਰੀਅਨਾ ਦੀ ਇੰਟਰਵਿਊ ਲਈ। ਇੰਟਰਵਿਊ ਵਿਚ ਏਡਰੀਅਨਾ ਨੇ ਸੰਸਥਾ ਦਾ ਧੰਨਵਾਦ ਕੀਤਾ। ਲੇਕਿਨ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਬੈਥਲ ਯਾਨੀ ਨਿਊਯਾਰਕ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਜਾਣਾ ਜ਼ਿਆਦਾ ਪਸੰਦ ਕਰੇਗੀ। ਜਦ ਏਡਰੀਅਨਾ ਨੂੰ ਉਸ ਦੇ ਪਿਤਾ ਦੀ ਇੱਛਾ ਬਾਰੇ ਪਤਾ ਲੱਗਾ, ਤਾਂ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ਦੀ ਬੈਥਲ ਜਾਣ ਦੀ ਖ਼ਾਹਸ਼ ਪੂਰੀ ਕਰੇ। ਪਹਿਲਾਂ ਸੰਸਥਾ ਨੂੰ ਲੱਗਾ ਕਿ ਬੈਥਲ ਘੁੰਮਣ ਵਿਚ ਏਡਰੀਅਨਾ ਨੂੰ ਕੋਈ ਮਜ਼ਾ ਨਹੀਂ ਆਵੇਗਾ ਲੇਕਿਨ ਜਦੋਂ ਉਸ ਦੇ ਪਿਤਾ ਨੇ ਇਸ ਖ਼ਾਹਸ਼ ਤੇ ਕੋਈ ਇਤਰਾਜ਼ ਨਾ ਕੀਤਾ, ਤਾਂ ਸੰਸਥਾ ਨੇ ਇਹ ਖ਼ਾਹਸ਼ ਪੂਰੀ ਕਰ ਦਿੱਤੀ।
ਏਡਰੀਅਨਾ ਇਕੱਲੀ ਬੈਥਲ ਨਹੀਂ ਗਈ ਸੀ, ਉਸ ਨਾਲ ਉਸ ਦੀ ਮਾਂ, ਵੱਡੀ ਭੈਣ ਅਤੇ ਇਕ ਸਹੇਲੀ ਸੀ। ਏਡਰੀਅਨਾ ਨੇ ਕਿਹਾ, “ਯਹੋਵਾਹ ਨੇ ਮੇਰੀ ਸੁਣ ਲਈ, ਮੈਨੂੰ ਪਤਾ ਸੀ ਕਿ ਯਹੋਵਾਹ ਮੇਰੀ ਤਮੰਨਾ ਜ਼ਰੂਰ ਪੂਰੀ ਕਰੇਗਾ। ਮੈਂ ਦੇਖਿਆ ਕਿ ਰਸਾਲੇ, ਕਿਤਾਬਾਂ ਅਤੇ ਬਾਈਬਲਾਂ ਕਿਸ ਤਰ੍ਹਾਂ ਬਣਦੀਆਂ ਹਨ। ਮੈਨੂੰ ਬੱਚਿਆਂ ਦੀ ਪਾਰਕ ਨਾਲੋਂ ਬੈਥਲ ਘੁੰਮ ਕੇ ਜ਼ਿਆਦਾ ਮਜ਼ਾ ਆਇਆ।”
ਏਡਰੀਅਨਾ ਨੇ ਬੈਥਲ ਵਿਚ ਸੱਚ-ਮੁੱਚ ਯਹੋਵਾਹ ਦੀ ਮਨੋਹਰਤਾ ਜਾਂ ਚੰਗਿਆਈ ਦੇਖੀ। ਉਸ ਨੂੰ ਬੜੀ ਖ਼ੁਸ਼ੀ ਸੀ ਕਿ ਉਹ ਯਹੋਵਾਹ ਦੇ ਗਵਾਹਾਂ ਦੀ ਸੇਵਕਾਈ ਦਾ ਕੇਂਦਰ ਦੇਖ ਸਕੀ। ਤੁਹਾਨੂੰ ਵੀ ਬੈਥਲ ਦੇਖਣ ਦਾ ਸੱਦਾ ਦਿੱਤਾ ਜਾਂਦਾ ਹੈ। ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਤੋਂ ਇਲਾਵਾ ਦੁਨੀਆਂ ਭਰ ਵਿਚ ਬ੍ਰਾਂਚ ਆਫ਼ਿਸ ਹਨ।