Skip to content

Skip to table of contents

ਕਲੀਸਿਯਾ ਵਿਚ ਯਹੋਵਾਹ ਦੀ ਉਸਤਤ ਕਰੋ

ਕਲੀਸਿਯਾ ਵਿਚ ਯਹੋਵਾਹ ਦੀ ਉਸਤਤ ਕਰੋ

ਕਲੀਸਿਯਾ ਵਿਚ ਯਹੋਵਾਹ ਦੀ ਉਸਤਤ ਕਰੋ

“ਮੈਂ ਆਪਣਿਆਂ ਭਾਈਆਂ ਨੂੰ ਤੇਰਾ ਨਾਮ ਸੁਣਾਵਾਂਗਾ, ਮੈਂ ਕਲੀਸਿਯਾ ਵਿੱਚ ਤੇਰੀ ਉਸਤਤ ਕਰਾਂਗਾ।”—ਇਬਰਾਨੀਆਂ 2:12.

1, 2. ਕਲੀਸਿਯਾ ਦਾ ਹੋਣਾ ਇੰਨਾ ਫ਼ਾਇਦੇਮੰਦ ਕਿਉਂ ਹੈ ਅਤੇ ਇਹ ਖ਼ਾਸ ਤੌਰ ਤੇ ਕਿਸ ਲਈ ਸਥਾਪਿਤ ਕੀਤੀ ਗਈ ਹੈ?

ਪਰਿਵਾਰ ਸਦੀਆਂ ਤੋਂ ਮਨੁੱਖੀ ਸਮਾਜ ਦੀ ਅਹਿਮ ਇਕਾਈ ਰਿਹਾ ਹੈ ਜਿਸ ਵਿਚ ਲੋਕਾਂ ਨੂੰ ਆਪਣਿਆਂ ਦਾ ਸਾਥ ਤੇ ਸੁਰੱਖਿਆ ਮਿਲਦੀ ਹੈ। ਪਰ ਬਾਈਬਲ ਇਕ ਹੋਰ ਇਕਾਈ ਦੀ ਗੱਲ ਕਰਦੀ ਹੈ ਜਿਸ ਵਿਚ ਦੁਨੀਆਂ ਭਰ ਦੇ ਲੋਕ ਇਕ-ਦੂਜੇ ਦੀ ਸੰਗਤ ਦਾ ਆਨੰਦ ਮਾਣਦੇ ਹਨ ਤੇ ਸੁਰੱਖਿਅਤ ਮਹਿਸੂਸ ਕਰਦੇ ਹਨ। ਇਹ ਇਕਾਈ ਮਸੀਹੀ ਕਲੀਸਿਯਾ ਹੈ। ਭਾਵੇਂ ਤੁਹਾਨੂੰ ਆਪਣੇ ਪਰਿਵਾਰ ਦਾ ਪਿਆਰ ਨਾ ਮਿਲਿਆ ਹੋਵੇ, ਫਿਰ ਵੀ ਤੁਸੀਂ ਕਲੀਸਿਯਾ ਰਾਹੀਂ ਮਿਲੀਆਂ ਬਰਕਤਾਂ ਲਈ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋ ਸਕਦੇ ਹੋ। ਜੇ ਤੁਸੀਂ ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਨਾਲ ਸੰਗਤ ਕਰ ਰਹੇ ਹੋ, ਤਾਂ ਤੁਸੀਂ ਜ਼ਰੂਰ ਭੈਣਾਂ-ਭਰਾਵਾਂ ਦਾ ਪਿਆਰ ਮਹਿਸੂਸ ਕੀਤਾ ਹੋਵੇਗਾ ਅਤੇ ਉਨ੍ਹਾਂ ਵਿਚ ਰਹਿ ਕੇ ਸੁਰੱਖਿਆ ਅਨੁਭਵ ਕੀਤੀ ਹੋਵੇਗੀ।

2 ਕਲੀਸਿਯਾ ਕੋਈ ਸਮਾਜਕ ਸੰਘ ਜਾਂ ਕਲੱਬ ਨਹੀਂ ਹੈ ਜਿਸ ਦੇ ਮੈਂਬਰ ਖੇਡਾਂ ਖੇਡਣ ਜਾਂ ਹੋਰ ਸ਼ੌਕ ਪੂਰੇ ਕਰਨ ਲਈ ਇਕੱਠੇ ਹੁੰਦੇ ਹਨ। ਕਲੀਸਿਯਾ ਖ਼ਾਸ ਤੌਰ ਤੇ ਯਹੋਵਾਹ ਪਰਮੇਸ਼ੁਰ ਦੀ ਉਸਤਤ ਕਰਨ ਲਈ ਸਥਾਪਿਤ ਕੀਤੀ ਗਈ ਹੈ। ਸਦੀਆਂ ਤੋਂ ਯਹੋਵਾਹ ਦੇ ਭਗਤ ਇਕੱਠੇ ਮਿਲ ਕੇ ਉਸ ਦੀ ਉਸਤਤ ਕਰਦੇ ਆਏ ਹਨ, ਜਿਵੇਂ ਜ਼ਬੂਰਾਂ ਦੀ ਪੋਥੀ ਵਿਚ ਦੱਸਿਆ ਹੈ। ਜ਼ਬੂਰ 35:18 ਵਿਚ ਅਸੀਂ ਪੜ੍ਹਦੇ ਹਾਂ: “ਮੈਂ ਮਹਾ ਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ, ਬਹੁਤਿਆਂ ਲੋਕਾਂ ਵਿੱਚ ਮੈਂ ਤੇਰੀ ਉਸਤਤ ਕਰਾਂਗਾ।” ਇਸੇ ਤਰ੍ਹਾਂ ਜ਼ਬੂਰ 107:31, 32 ਵਿਚ ਸਾਨੂੰ ਉਤਸ਼ਾਹ ਦਿੱਤਾ ਗਿਆ ਹੈ: ‘ਯਹੋਵਾਹ ਲਈ ਉਹ ਦੀ ਦਯਾ ਦਾ ਧੰਨਵਾਦ ਕਰੋ, ਅਤੇ ਆਦਮ ਵੰਸੀਆਂ ਲਈ ਉਹ ਦੇ ਅਚਰਜ ਕੰਮਾਂ ਦਾ! ਓਹ ਪਰਜਾ ਦੀ ਸਭਾ ਵਿੱਚ ਉਹ ਨੂੰ ਵਡਿਆਉਣ।’

3. ਪੌਲੁਸ ਨੇ ਕਲੀਸਿਯਾ ਬਾਰੇ ਕੀ ਕਿਹਾ ਸੀ?

3 ਪੌਲੁਸ ਰਸੂਲ ਨੇ ਕਲੀਸਿਯਾ ਦੀ ਇਕ ਹੋਰ ਭੂਮਿਕਾ ਦੱਸੀ ਜਦੋਂ ਉਸ ਨੇ ਕਿਹਾ ਕਿ ‘ਪਰਮੇਸ਼ੁਰ ਦਾ ਘਰ ਅਕਾਲ ਪੁਰਖ ਦੀ ਕਲੀਸਿਯਾ ਅਤੇ ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ।’ (1 ਤਿਮੋਥਿਉਸ 3:15) ਇੱਥੇ ਪੌਲੁਸ ਕਿਸ ਕਲੀਸਿਯਾ ਦੀ ਗੱਲ ਕਰ ਰਿਹਾ ਸੀ? ਬਾਈਬਲ “ਕਲੀਸਿਯਾ” ਸ਼ਬਦ ਨੂੰ ਕਿਨ੍ਹਾਂ ਵੱਖ-ਵੱਖ ਤਰੀਕਿਆਂ ਨਾਲ ਵਰਤਦੀ ਹੈ? ਕਲੀਸਿਯਾ ਦਾ ਸਾਡੀ ਜ਼ਿੰਦਗੀ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਆਓ ਆਪਾਂ ਪਹਿਲਾਂ ਦੇਖੀਏ ਕਿ ਪਰਮੇਸ਼ੁਰ ਦਾ ਬਚਨ “ਕਲੀਸਿਯਾ” ਸ਼ਬਦ ਨੂੰ ਕਿਵੇਂ ਇਸਤੇਮਾਲ ਕਰਦਾ ਹੈ।

4. ਬਾਈਬਲ ਦੇ ਇਬਰਾਨੀ ਹਿੱਸੇ ਵਿਚ “ਕਲੀਸਿਯਾ” ਸ਼ਬਦ ਨੂੰ ਕਿਸ ਅਰਥ ਵਿਚ ਵਰਤਿਆ ਗਿਆ ਹੈ?

4 ਪੰਜਾਬੀ ਬਾਈਬਲ ਵਿਚ “ਕਲੀਸਿਯਾ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਦਾ ਤਰਜਮਾ ਕੁਝ ਹਵਾਲਿਆਂ ਵਿਚ ਦਲ, ਜੱਥਾ, ਸੰਗਤ ਅਤੇ ਸਭਾ ਕੀਤਾ ਗਿਆ ਹੈ। ਇਸ ਇਬਰਾਨੀ ਸ਼ਬਦ ਦਾ ਮੂਲ ਅਰਥ ਹੈ “ਇਕੱਠੇ ਕਰਨਾ।” (ਬਿਵਸਥਾ ਸਾਰ 4:10; 9:10) ਇਸ ਲੇਖ ਵਿਚ ਉਨ੍ਹਾਂ ਲੋਕਾਂ ਵੱਲ ਧਿਆਨ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਇਕ ਖ਼ਾਸ ਕੰਮ ਲਈ ਇਕੱਠਾ ਕੀਤਾ ਗਿਆ ਹੈ। ਜ਼ਬੂਰਾਂ ਦੇ ਲਿਖਾਰੀ ਨੇ ਸਵਰਗ ਵਿਚ ਰਹਿੰਦੇ ਦੂਤਾਂ ਦੇ ਇਕੱਠ ਦੀ ਗੱਲ ਕਰਦੇ ਹੋਏ “ਸੰਗਤ” ਸ਼ਬਦ ਵਰਤਿਆ ਸੀ ਅਤੇ ਬੁਰੇ ਲੋਕਾਂ ਦੇ ਇਕੱਠ ਲਈ “ਸਭਾ” ਸ਼ਬਦ ਵਰਤਿਆ ਸੀ। (ਜ਼ਬੂਰਾਂ ਦੀ ਪੋਥੀ 26:5; 89:5-7) ਪਰ ਬਾਈਬਲ ਦੇ ਇਬਰਾਨੀ ਹਿੱਸੇ ਵਿਚ ਦਲ, ਜੱਥਾ ਤੇ ਸਭਾ ਸ਼ਬਦ ਅਕਸਰ ਇਸਰਾਏਲੀਆਂ ਤੇ ਲਾਗੂ ਕੀਤੇ ਗਏ ਹਨ। ਪਰਮੇਸ਼ੁਰ ਨੇ ਕਿਹਾ ਸੀ ਕਿ ਯਾਕੂਬ “ਬਹੁਤ ਕੌਮਾਂ ਦਾ ਦਲ” ਬਣੇਗਾ। (ਉਤਪਤ 28:3; 35:11; 48:4) ਇਸਰਾਏਲੀਆਂ ਨੂੰ “ਯਹੋਵਾਹ ਦੀ ਸਭਾ” ਤੇ ਸੱਚੇ “ਪਰਮੇਸ਼ੁਰ ਦੀ ਸਭਾ” ਬਣਨ ਲਈ ਬੁਲਾਇਆ ਜਾਂ ਚੁਣਿਆ ਗਿਆ ਸੀ।—ਗਿਣਤੀ 20:4; ਨਹਮਯਾਹ 13:1; ਯਹੋਸ਼ੁਆ 8:35; 1 ਸਮੂਏਲ 17:47; ਮੀਕਾਹ 2:5.

5. ਕਿਹੜੇ ਯੂਨਾਨੀ ਸ਼ਬਦ ਦਾ ਤਰਜਮਾ “ਕਲੀਸਿਯਾ” ਕੀਤਾ ਗਿਆ ਹੈ ਅਤੇ ਇਸ ਸ਼ਬਦ ਨੂੰ ਕਿਸ ਅਰਥ ਵਿਚ ਵਰਤਿਆ ਜਾ ਸਕਦਾ ਹੈ?

5 “ਕਲੀਸਿਯਾ” ਸ਼ਬਦ ਦਾ ਅਨੁਵਾਦ ਯੂਨਾਨੀ ਸ਼ਬਦ “ਇਕਲੀਸੀਆ” ਤੋਂ ਕੀਤਾ ਗਿਆ ਹੈ ਤੇ ਇਹ ਦੋ ਯੂਨਾਨੀ ਸ਼ਬਦਾਂ ਤੋਂ ਬਣਿਆ ਹੈ ਜਿਨ੍ਹਾਂ ਦਾ ਮਤਲਬ ਹੈ “ਬਾਹਰ” ਅਤੇ “ਬੁਲਾਉਣਾ।” “ਇਕਲੀਸੀਆ” ਸ਼ਬਦ ਉਨ੍ਹਾਂ ਲੋਕਾਂ ਦੇ ਸਮੂਹ ਲਈ ਵੀ ਵਰਤਿਆ ਜਾ ਸਕਦਾ ਹੈ ਜੋ ਕਿਸੇ ਧਾਰਮਿਕ ਮਕਸਦ ਦੀ ਬਜਾਇ ਕਿਸੇ ਹੋਰ ਮਕਸਦ ਲਈ ਇਕੱਠੇ ਹੁੰਦੇ ਹਨ। ਮਿਸਾਲ ਲਈ, ਇਹ ਉਸ “ਜਮਾਤ” ਲਈ ਵੀ ਵਰਤਿਆ ਗਿਆ ਹੈ ਜੋ ਦੇਮੇਤ੍ਰਿਯੁਸ ਨੇ ਅਫ਼ਸੁਸ ਵਿਚ ਪੌਲੁਸ ਦੇ ਖ਼ਿਲਾਫ਼ ਇਕੱਠੀ ਕੀਤੀ ਸੀ। (ਰਸੂਲਾਂ ਦੇ ਕਰਤੱਬ 19:32, 39, 41) ਪਰ ਬਾਈਬਲ ਅਕਸਰ ਇਸ ਸ਼ਬਦ ਨੂੰ ਮਸੀਹੀ ਕਲੀਸਿਯਾ ਵਾਸਤੇ ਇਸਤੇਮਾਲ ਕਰਦੀ ਹੈ। ਬਾਈਬਲ ਦੇ ਕੁਝ ਤਰਜਮੇ ਇਸ ਸ਼ਬਦ ਦਾ ਅਨੁਵਾਦ “ਚਰਚ” ਕਰਦੇ ਹਨ। ਪਰ ਦੀ ਇੰਪੀਰੀਅਲ ਬਾਈਬਲ-ਡਿਕਸ਼ਨਰੀ ਕਹਿੰਦੀ ਹੈ ਕਿ ਇਹ ਸ਼ਬਦ ‘ਕਦੇ ਵੀ ਕਿਸੇ ਇਮਾਰਤ ਨੂੰ ਦਰਸਾਉਣ ਲਈ ਨਹੀਂ ਵਰਤਿਆ ਜਾਂਦਾ ਜਿੱਥੇ ਮਸੀਹੀ ਪਰਮੇਸ਼ੁਰ ਦੀ ਭਗਤੀ ਕਰਨ ਲਈ ਇਕੱਠੇ ਹੁੰਦੇ ਹਨ।’ ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਦੇ ਯੂਨਾਨੀ ਹਿੱਸੇ ਵਿਚ “ਕਲੀਸਿਯਾ” ਸ਼ਬਦ ਘੱਟੋ-ਘੱਟ ਚਾਰ ਅਰਥਾਂ ਵਿਚ ਵਰਤਿਆ ਗਿਆ ਹੈ।

ਪਰਮੇਸ਼ੁਰ ਦੀ ਮਸਹ ਕੀਤੀ ਹੋਈ ਕਲੀਸਿਯਾ

6. ਦਾਊਦ ਅਤੇ ਯਿਸੂ ਨੇ ਕਲੀਸਿਯਾ ਵਿਚ ਕੀ ਕੀਤਾ ਸੀ?

6ਜ਼ਬੂਰਾਂ ਦੀ ਪੋਥੀ 22:22 ਨੂੰ ਯਿਸੂ ਉੱਤੇ ਲਾਗੂ ਕਰਦਿਆਂ ਪੌਲੁਸ ਰਸੂਲ ਨੇ ਲਿਖਿਆ: “ਮੈਂ ਆਪਣਿਆਂ ਭਾਈਆਂ ਨੂੰ ਤੇਰਾ ਨਾਮ ਸੁਣਾਵਾਂਗਾ, ਮੈਂ ਕਲੀਸਿਯਾ ਵਿੱਚ ਤੇਰੀ ਉਸਤਤ ਕਰਾਂਗਾ। ਇਸ ਕਾਰਨ ਚਾਹੀਦਾ ਸੀ ਭਈ [ਯਿਸੂ] ਸਭਨੀਂ ਗੱਲੀਂ ਆਪਣੇ ਭਾਈਆਂ ਵਰਗਾ ਬਣੇ ਤਾਂ ਜੋ ਉਹ ਉਨ੍ਹਾਂ ਗੱਲਾਂ ਦੇ ਵਿਖੇ ਜਿਹੜੀਆਂ ਪਰਮੇਸ਼ੁਰ ਨਾਲ ਸਰਬੰਧ ਰੱਖਦੀਆਂ ਹਨ . . . ਦਿਆਲੂ ਅਤੇ ਮਾਤਬਰ ਪਰਧਾਨ ਜਾਜਕ ਹੋਵੇ।” (ਇਬਰਾਨੀਆਂ 2:12, 17) ਦਾਊਦ ਨੇ ਪ੍ਰਾਚੀਨ ਇਸਰਾਏਲ ਦੀ ਮਹਾ ਸਭਾ ਜਾਂ ਕਲੀਸਿਯਾ ਵਿਚ ਪਰਮੇਸ਼ੁਰ ਦੀ ਉਸਤਤ ਕੀਤੀ ਸੀ। (ਜ਼ਬੂਰਾਂ ਦੀ ਪੋਥੀ 40:9) ਪਰ ਪੌਲੁਸ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ਯਿਸੂ ਨੇ ‘ਕਲੀਸਿਯਾ ਵਿੱਚ’ ਪਰਮੇਸ਼ੁਰ ਦੀ ਉਸਤਤ ਕੀਤੀ? ਉਹ ਕਿਸ ਕਲੀਸਿਯਾ ਦੀ ਗੱਲ ਕਰ ਰਿਹਾ ਸੀ?

7. ਬਾਈਬਲ ਦੇ ਯੂਨਾਨੀ ਹਿੱਸੇ ਵਿਚ “ਕਲੀਸਿਯਾ” ਸ਼ਬਦ ਮੁੱਖ ਤੌਰ ਤੇ ਕਿਨ੍ਹਾਂ ਲਈ ਵਰਤਿਆ ਗਿਆ ਹੈ?

7ਇਬਰਾਨੀਆਂ 2:12, 17 ਦੇ ਸ਼ਬਦ ਮਹੱਤਵਪੂਰਣ ਹਨ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਉਸ ਕਲੀਸਿਯਾ ਦਾ ਮੈਂਬਰ ਸੀ ਜਿਸ ਵਿਚ ਉਸ ਨੇ ਆਪਣੇ ਭਰਾਵਾਂ ਨੂੰ ਪਰਮੇਸ਼ੁਰ ਦੇ ਨਾਂ ਦਾ ਪ੍ਰਚਾਰ ਕੀਤਾ ਸੀ। ਉਸ ਦੇ ਇਹ ਭਰਾ ਕੌਣ ਸਨ? ਇਹ “ਅਬਰਾਹਾਮ ਦੀ ਅੰਸ” ਦਾ ਹਿੱਸਾ ਸਨ। ਉਹ ਮਸੀਹ ਦੇ ਮਸਹ ਕੀਤੇ ਹੋਏ ਭਰਾ ਸਨ ਜੋ ‘ਸੁਰਗੀ ਸੱਦੇ ਦੇ ਭਾਈਵਾਲ’ ਸਨ। (ਇਬਰਾਨੀਆਂ 2:16–3:1; ਮੱਤੀ 25:40) ਜੀ ਹਾਂ, ਬਾਈਬਲ ਦੇ ਯੂਨਾਨੀ ਹਿੱਸੇ ਵਿਚ ਮੁੱਖ ਤੌਰ ਤੇ “ਕਲੀਸਿਯਾ” ਮਸੀਹ ਦੇ ਮਸਹ ਕੀਤੇ ਹੋਏ ਚੇਲਿਆਂ ਦੇ ਸਮੂਹ ਨੂੰ ਕਿਹਾ ਗਿਆ ਹੈ। ਇਨ੍ਹਾਂ 1,44,000 ਮਸਹ ਕੀਤੇ ਹੋਏ ਮਸੀਹੀਆਂ ਨੂੰ “ਪਲੋਠਿਆਂ ਦੀ ਕਲੀਸਿਯਾ” ਆਖਿਆ ਗਿਆ ਹੈ “ਜਿਨ੍ਹਾਂ ਦੇ ਨਾਉਂ ਸੁਰਗ ਵਿੱਚ ਲਿਖੇ ਹੋਏ ਹਨ।”—ਇਬਰਾਨੀਆਂ 12:23.

8. ਯਿਸੂ ਨੇ ਕਿਨ੍ਹਾਂ ਸ਼ਬਦਾਂ ਵਿਚ ਮਸੀਹੀ ਕਲੀਸਿਯਾ ਦੇ ਸਥਾਪਿਤ ਹੋਣ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ?

8 ਯਿਸੂ ਨੇ ਪਹਿਲਾਂ ਹੀ ਇਸ ਮਸੀਹੀ ਕਲੀਸਿਯਾ ਦੇ ਸਥਾਪਿਤ ਹੋਣ ਬਾਰੇ ਦੱਸ ਦਿੱਤਾ ਸੀ। ਆਪਣੀ ਮੌਤ ਤੋਂ ਇਕ ਸਾਲ ਪਹਿਲਾਂ ਉਸ ਨੇ ਪਤਰਸ ਰਸੂਲ ਨੂੰ ਕਿਹਾ: “ਤੂੰ ਪਤਰਸ ਹੈਂ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਯਾ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹ ਦੇ ਉੱਤੇ ਕੁਝ ਵੱਸ ਨਾ ਚੱਲੇਗਾ।” (ਮੱਤੀ 16:18) ਪਤਰਸ ਅਤੇ ਪੌਲੁਸ ਨੇ ਬਿਲਕੁਲ ਸਹੀ ਸਮਝਿਆ ਸੀ ਕਿ ਇਹ ਪੱਥਰ ਯਿਸੂ ਮਸੀਹ ਸੀ। ਪਤਰਸ ਨੇ ਲਿਖਿਆ ਕਿ ਇਸ ਮੁੱਖ ਪੱਥਰ ਉੱਤੇ ਹੋਰ ‘ਜੀਉਂਦੇ ਪੱਥਰ’ ਰੱਖੇ ਜਾਣਗੇ। ਇਹ ‘ਜੀਉਂਦੇ ਪੱਥਰ’ ਉਹ ਮਸੀਹੀ ਹਨ ਜਿਨ੍ਹਾਂ ਨੂੰ ‘ਪਰਮੇਸ਼ੁਰ ਦਿਆਂ ਗੁਣਾਂ ਦਾ ਪਰਚਾਰ ਕਰਨ ਲਈ ਖਾਸ ਪਰਜਾ’ ਵਜੋਂ ਚੁਣਿਆ ਗਿਆ ਹੈ।—1 ਪਤਰਸ 2:4-9; ਜ਼ਬੂਰਾਂ ਦੀ ਪੋਥੀ 118:22; ਯਸਾਯਾਹ 8:14; 1 ਕੁਰਿੰਥੀਆਂ 10:1-4.

9. ਪਰਮੇਸ਼ੁਰ ਦੀ ਕਲੀਸਿਯਾ ਕਦੋਂ ਬਣਨੀ ਸ਼ੁਰੂ ਹੋਈ?

9 ਇਸ “ਖਾਸ ਪਰਜਾ” ਦੀ ਕਲੀਸਿਯਾ ਕਦੋਂ ਬਣਨੀ ਸ਼ੁਰੂ ਹੋਈ ਸੀ? ਇਹ ਕਲੀਸਿਯਾ 33 ਈਸਵੀ ਵਿਚ ਪੰਤੇਕੁਸਤ ਦੇ ਦਿਨ ਬਣਨੀ ਸ਼ੁਰੂ ਹੋਈ ਸੀ ਜਦੋਂ ਪਰਮੇਸ਼ੁਰ ਨੇ ਯਰੂਸ਼ਲਮ ਵਿਚ ਇਕੱਠੇ ਹੋਏ ਚੇਲਿਆਂ ਉੱਤੇ ਪਵਿੱਤਰ ਆਤਮਾ ਵਹਾਈ ਸੀ। ਉਸੇ ਦਿਨ ਪਤਰਸ ਨੇ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਦੇ ਇਕ ਸਮੂਹ ਨੂੰ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਯਿਸੂ ਦੀ ਕੁਰਬਾਨੀ ਬਾਰੇ ਸੁਣ ਕੇ ਉਨ੍ਹਾਂ ਦੇ ਦਿਲਾਂ ਤੇ ਇੰਨਾ ਗਹਿਰਾ ਅਸਰ ਪਿਆ ਕਿ ਉਨ੍ਹਾਂ ਨੇ ਤੋਬਾ ਕਰ ਕੇ ਬਪਤਿਸਮਾ ਲੈ ਲਿਆ। ਬਾਈਬਲ ਵਿਚ ਦੱਸਿਆ ਹੈ ਕਿ ਉਸ ਦਿਨ ਤਿੰਨ ਹਜ਼ਾਰ ਲੋਕਾਂ ਨੇ ਬਪਤਿਸਮਾ ਲਿਆ ਅਤੇ ਉਹ ਪਰਮੇਸ਼ੁਰ ਦੀ ਨਵੀਂ ਤੇ ਵਧ-ਫੁੱਲ ਰਹੀ ਕਲੀਸਿਯਾ ਦਾ ਹਿੱਸਾ ਬਣੇ। (ਰਸੂਲਾਂ ਦੇ ਕਰਤੱਬ 2:1-4, 14, 37-47) ਇਹ ਕਲੀਸਿਯਾ ਕਿਉਂ ਵਧਦੀ-ਫੁੱਲਦੀ ਜਾ ਰਹੀ ਸੀ? ਕਿਉਂਕਿ ਯਹੂਦੀ ਅਤੇ ਗ਼ੈਰ-ਯਹੂਦੀ ਇਹ ਸੱਚਾਈ ਕਬੂਲ ਕਰ ਰਹੇ ਸਨ ਕਿ ਇਸਰਾਏਲੀ ਕੌਮ ਹੁਣ ਪਰਮੇਸ਼ੁਰ ਦੀ ਕਲੀਸਿਯਾ ਨਹੀਂ ਰਹੀ ਸੀ। ਇਸ ਦੀ ਜਗ੍ਹਾ ਹੁਣ ਅਧਿਆਤਮਿਕ ਇਸਰਾਏਲ ਯਾਨੀ ਯਿਸੂ ਦੇ ਮਸਹ ਕੀਤੇ ਹੋਏ ਚੇਲੇ ਪਰਮੇਸ਼ੁਰ ਦੀ ਕਲੀਸਿਯਾ ਸਨ।—ਗਲਾਤੀਆਂ 6:16; ਰਸੂਲਾਂ ਦੇ ਕਰਤੱਬ 20:28.

10. ਪਰਮੇਸ਼ੁਰ ਦੀ ਕਲੀਸਿਯਾ ਨਾਲ ਯਿਸੂ ਦਾ ਕੀ ਸੰਬੰਧ ਹੈ?

10 ਬਾਈਬਲ ਅਕਸਰ ਯਿਸੂ ਅਤੇ ਮਸਹ ਕੀਤੇ ਹੋਏ ਮਸੀਹੀਆਂ ਵਿਚ ਫ਼ਰਕ ਦਰਸਾਉਂਦੀ ਹੈ। ਮਿਸਾਲ ਲਈ, ਅਫ਼ਸੀਆਂ 5:32 ਵਿਚ ‘ਮਸੀਹ ਅਤੇ ਕਲੀਸਿਯਾ’ ਦੀ ਗੱਲ ਕੀਤੀ ਗਈ ਹੈ। ਯਿਸੂ ਕਲੀਸਿਯਾ ਯਾਨੀ ਇਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਦਾ ਸਿਰ ਹੈ। ਪੌਲੁਸ ਨੇ ਲਿਖਿਆ ਕਿ ਪਰਮੇਸ਼ੁਰ ਨੇ “ਸਭਨਾਂ ਵਸਤਾਂ ਉੱਤੇ ਸਿਰ ਬਣਨ ਲਈ [ਯਿਸੂ] ਨੂੰ ਕਲੀਸਿਯਾ ਲਈ ਦੇ ਦਿੱਤਾ। ਇਹ ਉਸ ਦੀ ਦੇਹ ਹੈ।” (ਅਫ਼ਸੀਆਂ 1:22, 23; 5:23, 32; ਕੁਲੁੱਸੀਆਂ 1:18, 24) ਅੱਜ ਇਸ ਕਲੀਸਿਯਾ ਦੇ ਮਸਹ ਕੀਤੇ ਹੋਏ ਥੋੜ੍ਹੇ ਜਿਹੇ ਮੈਂਬਰ ਹੀ ਧਰਤੀ ਉੱਤੇ ਜੀਉਂਦੇ ਹਨ। ਪਰ ਅਸੀਂ ਯਕੀਨ ਕਰ ਸਕਦੇ ਹਾਂ ਕਿ ਉਨ੍ਹਾਂ ਦਾ ਸਿਰ ਯਿਸੂ ਮਸੀਹ ਉਨ੍ਹਾਂ ਨੂੰ ਪਿਆਰ ਕਰਦਾ ਹੈ। ਉਨ੍ਹਾਂ ਪ੍ਰਤੀ ਉਸ ਦੀਆਂ ਭਾਵਨਾਵਾਂ ਬਾਰੇ ਅਫ਼ਸੀਆਂ 5:25 ਵਿਚ ਦੱਸਿਆ ਗਿਆ ਹੈ: “ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ।” ਯਿਸੂ ਉਨ੍ਹਾਂ ਨੂੰ ਇਸ ਲਈ ਪਿਆਰ ਕਰਦਾ ਹੈ ਕਿਉਂਕਿ ਉਹ ਉਸ ਵਾਂਗ ਪਰਮੇਸ਼ੁਰ ਅੱਗੇ ‘ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ ਸਦਾ ਚੜ੍ਹਾਉਂਦੇ’ ਹਨ।—ਇਬਰਾਨੀਆਂ 13:15.

“ਕਲੀਸਿਯਾ” ਦੇ ਹੋਰ ਅਰਥ

11. ਬਾਈਬਲ ਵਿਚ “ਕਲੀਸਿਯਾ” ਸ਼ਬਦ ਹੋਰ ਕਿਸ ਤਰ੍ਹਾਂ ਵਰਤਿਆ ਗਿਆ ਹੈ?

11 ਬਾਈਬਲ ਵਿਚ ਕਲੀਸਿਯਾ ਸ਼ਬਦ ਹਮੇਸ਼ਾ “ਪਰਮੇਸ਼ੁਰ ਦੀ ਕਲੀਸਿਯਾ” ਦੇ 1,44,000 ਮਸਹ ਕੀਤੇ ਹੋਏ ਮਸੀਹੀਆਂ ਦੇ ਸਮੂਹ ਨੂੰ ਨਹੀਂ ਦਰਸਾਉਂਦਾ। ਮਿਸਾਲ ਲਈ, ਪੌਲੁਸ ਨੇ ਮਸੀਹੀਆਂ ਦੇ ਇਕ ਗਰੁੱਪ ਨੂੰ ਲਿਖਿਆ: “ਤੁਸੀਂ ਨਾ ਯਹੂਦੀਆਂ, ਨਾ ਯੂਨਾਨੀਆਂ, ਨਾ ਪਰਮੇਸ਼ੁਰ ਦੀ ਕਲੀਸਿਯਾ ਦੇ ਲਈ ਠੋਕਰ ਦੇ ਕਾਰਨ ਬਣੋ।” (1 ਕੁਰਿੰਥੀਆਂ 10:32) ਇਹ ਗੱਲ ਸੱਚ ਹੈ ਕਿ ਪ੍ਰਾਚੀਨ ਕੁਰਿੰਥੁਸ ਵਿਚ ਜਦੋਂ ਕਿਸੇ ਮਸੀਹੀ ਨੇ ਕੋਈ ਗ਼ਲਤ ਕੰਮ ਕੀਤਾ ਹੋਣਾ, ਤਾਂ ਉਸ ਤੋਂ ਕੁਝ ਮਸੀਹੀਆਂ ਨੂੰ ਠੋਕਰ ਲੱਗੀ ਹੋਵੇਗੀ। ਪਰ ਕੀ ਇੱਦਾਂ ਹੋ ਸਕਦਾ ਹੈ ਕਿ ਉਸ ਕੰਮ ਦੇ ਕਾਰਨ ਅੱਜ ਵੀ ਸਾਰੇ ਯੂਨਾਨੀਆਂ, ਯਹੂਦੀਆਂ ਜਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਠੋਕਰ ਲੱਗੇ? ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਸੋ ਲੱਗਦਾ ਹੈ ਕਿ ਇਸ ਆਇਤ ਵਿਚ ਸਿਰਫ਼ ਉਸ ਜ਼ਮਾਨੇ ਦੇ ਮਸੀਹੀਆਂ ਨੂੰ “ਪਰਮੇਸ਼ੁਰ ਦੀ ਕਲੀਸਿਯਾ” ਕਿਹਾ ਗਿਆ ਹੈ। ਇਸੇ ਤਰ੍ਹਾਂ ਅੱਜ ਜਦੋਂ ਅਸੀਂ ਕਹਿੰਦੇ ਹਾਂ ਕਿ ਪਰਮੇਸ਼ੁਰ ਕਲੀਸਿਯਾ ਨੂੰ ਸੇਧ ਦਿੰਦਾ ਹੈ, ਬਰਕਤ ਦਿੰਦਾ ਹੈ ਜਾਂ ਉਸ ਦੀ ਦੇਖ-ਭਾਲ ਕਰਦਾ ਹੈ, ਤਾਂ ਅਸੀਂ ਅੱਜ ਦੇ ਜ਼ਮਾਨੇ ਦੇ ਸਾਰੇ ਮਸੀਹੀਆਂ ਦੀ ਗੱਲ ਕਰ ਰਹੇ ਹੁੰਦੇ ਹਾਂ ਭਾਵੇਂ ਉਹ ਜਿੱਥੇ ਮਰਜ਼ੀ ਰਹਿੰਦੇ ਹੋਣ। ਜਾਂ ਜਦੋਂ ਅਸੀਂ ਕਹਿੰਦੇ ਹਾਂ ਕਿ ਅੱਜ ਪਰਮੇਸ਼ੁਰ ਦੀ ਕਲੀਸਿਯਾ ਵਿਚ ਸੁਖ-ਸ਼ਾਂਤੀ ਹੈ, ਤਾਂ ਅਸੀਂ ਅੱਜ ਦੇ ਜ਼ਮਾਨੇ ਦੇ ਸਾਰੇ ਮਸੀਹੀ ਭਾਈਚਾਰੇ ਦੀ ਗੱਲ ਕਰ ਰਹੇ ਹੁੰਦੇ ਹਾਂ।

12. ਬਾਈਬਲ ਵਿਚ “ਕਲੀਸਿਯਾ” ਦਾ ਤੀਸਰਾ ਮਤਲਬ ਕੀ ਹੈ?

12 ਤੀਜੇ ਅਰਥ ਵਿਚ ਬਾਈਬਲ “ਕਲੀਸਿਯਾ” ਸ਼ਬਦ ਕਿਸੇ ਖੇਤਰ ਵਿਚ ਰਹਿੰਦੇ ਸਾਰੇ ਮਸੀਹੀਆਂ ਲਈ ਵਰਤਦੀ ਹੈ। ਅਸੀਂ ਪੜ੍ਹਦੇ ਹਾਂ: “ਸਾਰੇ ਯਹੂਦਿਯਾ ਅਤੇ ਗਲੀਲ ਅਤੇ ਸਾਮਰਿਯਾ ਵਿੱਚ ਕਲੀਸਿਯਾ ਨੇ ਸੁਖ ਪਾਇਆ।” (ਰਸੂਲਾਂ ਦੇ ਕਰਤੱਬ 9:31) ਇਸ ਵੱਡੇ ਸਾਰੇ ਖੇਤਰ ਵਿਚ ਮਸੀਹੀਆਂ ਦੇ ਇਕ ਨਾਲੋਂ ਜ਼ਿਆਦਾ ਗਰੁੱਪ ਸਨ। ਪਰ ਯਹੂਦਿਯਾ, ਗਲੀਲ ਅਤੇ ਸਾਮਰਿਯਾ ਦੇ ਸਾਰੇ ਮਸੀਹੀਆਂ ਨੂੰ “ਕਲੀਸਿਯਾ” ਕਿਹਾ ਗਿਆ ਹੈ। 33 ਈਸਵੀ ਵਿਚ ਪੰਤੇਕੁਸਤ ਦੇ ਦਿਨ ਅਤੇ ਉਸ ਤੋਂ ਛੇਤੀ ਬਾਅਦ ਬਹੁਤ ਸਾਰਿਆਂ ਨੇ ਬਪਤਿਸਮਾ ਲਿਆ। ਬਪਤਿਸਮਾ ਲੈਣ ਵਾਲਿਆਂ ਦੀ ਗਿਣਤੀ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਕਹਿ ਸਕਦੇ ਹਾਂ ਕਿ ਯਰੂਸ਼ਲਮ ਵਿਚ ਇਕ ਤੋਂ ਜ਼ਿਆਦਾ ਗਰੁੱਪ ਸਭਾਵਾਂ ਲਈ ਇਕੱਠੇ ਹੁੰਦੇ ਸਨ। (ਰਸੂਲਾਂ ਦੇ ਕਰਤੱਬ 2:41, 46, 47; 4:4; 6:1, 7) ਰਾਜਾ ਹੇਰੋਦੇਸ ਅਗ੍ਰਿੱਪਾ ਪਹਿਲੇ ਨੇ ਆਪਣੀ ਮੌਤ ਤਾਈਂ 44 ਈਸਵੀ ਤਕ ਯਹੂਦਿਯਾ ਵਿਚ ਸ਼ਾਸਨ ਕੀਤਾ ਸੀ ਅਤੇ 1 ਥੱਸਲੁਨੀਕੀਆਂ 2:14 ਤੋਂ ਸਪੱਸ਼ਟ ਹੁੰਦਾ ਹੈ ਕਿ ਲਗਭਗ 50 ਈਸਵੀ ਤਕ ਯਹੂਦਿਯਾ ਵਿਚ ਕਈ ਕਲੀਸਿਯਾਵਾਂ ਹੋ ਗਈਆਂ ਸਨ। ਇਸ ਲਈ ਜਦ ਬਾਈਬਲ ਕਹਿੰਦੀ ਹੈ ਕਿ ਹੇਰੋਦੇਸ ਨੇ “ਕਲੀਸਿਯਾ ਦੇ ਵਿੱਚ ਕਈ ਲੋਕਾਂ ਨੂੰ ਦੁੱਖ” ਦਿੱਤਾ, ਤਾਂ ਇੱਥੇ ਕਲੀਸਿਯਾ ਸ਼ਬਦ ਸਿਰਫ਼ ਇਕ ਗਰੁੱਪ ਨੂੰ ਨਹੀਂ ਬਲਕਿ ਯਰੂਸ਼ਲਮ ਦੇ ਕਈ ਗਰੁੱਪਾਂ ਨੂੰ ਸੰਕੇਤ ਕਰਦਾ ਹੈ।—ਰਸੂਲਾਂ ਦੇ ਕਰਤੱਬ 12:1.

13. ਬਾਈਬਲ ਕਿਹੜੇ ਚੌਥੇ ਅਰਥ ਵਿਚ “ਕਲੀਸਿਯਾ” ਸ਼ਬਦ ਵਰਤਦੀ ਹੈ?

13 ਚੌਥੇ ਅਰਥ ਵਿਚ “ਕਲੀਸਿਯਾ” ਸ਼ਬਦ ਛੋਟੇ-ਛੋਟੇ ਗਰੁੱਪਾਂ ਲਈ ਵਰਤਿਆ ਗਿਆ ਹੈ। ਇਹ ਮਸੀਹੀਆਂ ਦੀ ਸਥਾਨਕ ਕਲੀਸਿਯਾ ਲਈ ਵਰਤਿਆ ਜਾਂਦਾ ਹੈ, ਭਾਵੇਂ ਉਹ ਇੰਨੀ ਛੋਟੀ ਹੋਵੇ ਕਿ ਉਹ ਕਿਸੇ ਦੇ ਘਰ ਵਿਚ ਇਕੱਠੀ ਹੋ ਸਕੇ। ਪੌਲੁਸ ਨੇ ‘ਗਲਾਤਿਯਾ ਦੀਆਂ ਕਲੀਸਿਯਾਵਾਂ’ ਦਾ ਜ਼ਿਕਰ ਕੀਤਾ ਸੀ। ਇਸ ਵੱਡੇ ਸਾਰੇ ਰੋਮੀ ਸੂਬੇ ਵਿਚ ਇਕ ਤੋਂ ਵੱਧ ਕਲੀਸਿਯਾਵਾਂ ਸਨ। ਪੌਲੁਸ ਨੇ ਗਲਾਤਿਯਾ ਸੰਬੰਧੀ ਦੋ ਵਾਰ ਬਹੁਵਚਨ ‘ਕਲੀਸਿਯਾਵਾਂ’ ਵਰਤਿਆ। ਇਸ ਵਿਚ ਅੰਤਾਕਿਯਾ, ਦਰਬੇ, ਲੁਸਤ੍ਰਾ ਅਤੇ ਇਕੁਨਿਯੁਮ ਦੀਆਂ ਕਲੀਸਿਯਾਵਾਂ ਸ਼ਾਮਲ ਸਨ। ਇਨ੍ਹਾਂ ਕਲੀਸਿਯਾਵਾਂ ਵਿਚ ਕਾਬਲ ਬਜ਼ੁਰਗ ਜਾਂ ਨਿਗਾਹਬਾਨ ਨਿਯੁਕਤ ਕੀਤੇ ਗਏ ਸਨ। (1 ਕੁਰਿੰਥੀਆਂ 16:1; ਗਲਾਤੀਆਂ 1:2; ਰਸੂਲਾਂ ਦੇ ਕਰਤੱਬ 14:19-23) ਬਾਈਬਲ ਅਨੁਸਾਰ ਇਹ ਸਾਰੀਆਂ ‘ਪਰਮੇਸ਼ੁਰ ਦੀਆਂ ਕਲੀਸਿਯਾਵਾਂ’ ਸਨ।—1 ਕੁਰਿੰਥੀਆਂ 11:16; 2 ਥੱਸਲੁਨੀਕੀਆਂ 1:4.

14. ਅਸੀਂ ਕੁਝ ਆਇਤਾਂ ਵਿਚ “ਕਲੀਸਿਯਾ” ਸ਼ਬਦ ਦੀ ਵਰਤੋਂ ਤੋਂ ਕੀ ਸਿੱਟਾ ਕੱਢ ਸਕਦੇ ਹਾਂ?

14 ਕਈ ਵਾਰ ਸਭਾਵਾਂ ਕਿਸੇ ਦੇ ਘਰ ਵਿਚ ਹੀ ਕੀਤੀਆਂ ਜਾਂਦੀਆਂ ਸਨ ਜਿਸ ਤੋਂ ਪਤਾ ਲੱਗਦਾ ਹੈ ਕਿ ਕੁਝ ਗਰੁੱਪ ਬਹੁਤ ਛੋਟੇ ਹੁੰਦੇ ਸਨ। ਪਰ ਇਨ੍ਹਾਂ ਗਰੁੱਪਾਂ ਨੂੰ ਵੀ “ਕਲੀਸਿਯਾ” ਆਖਿਆ ਜਾਂਦਾ ਸੀ। ਮਿਸਾਲ ਲਈ, ਅਕੂਲਾ ਅਤੇ ਪਰਿਸਕਾ, ਨੁਮਫ਼ਾਸ ਅਤੇ ਅੱਫਿਆ ਦੇ ਘਰਾਂ ਵਿਚ ਇਕੱਠੇ ਹੋਣ ਵਾਲੇ ਗਰੁੱਪਾਂ ਨੂੰ ਕਲੀਸਿਯਾਵਾਂ ਕਿਹਾ ਗਿਆ ਹੈ। (ਰੋਮੀਆਂ 16:3-5; ਕੁਲੁੱਸੀਆਂ 4:15; ਫਿਲੇਮੋਨ 2) ਇਹ ਗੱਲ ਜਾਣ ਕੇ ਅੱਜ ਉਨ੍ਹਾਂ ਕਲੀਸਿਯਾਵਾਂ ਨੂੰ ਹੌਸਲਾ ਮਿਲਦਾ ਹੈ ਜੋ ਬਹੁਤ ਛੋਟੀਆਂ ਹਨ ਜਾਂ ਜੋ ਸਭਾਵਾਂ ਲਈ ਕਿਸੇ ਦੇ ਘਰ ਮਿਲਦੀਆਂ ਹਨ। ਪਹਿਲੀ ਸਦੀ ਵਾਂਗ ਅਜਿਹੀਆਂ ਛੋਟੀਆਂ-ਛੋਟੀਆਂ ਕਲੀਸਿਯਾਵਾਂ ਅੱਜ ਵੀ ਯਹੋਵਾਹ ਦੀ ਨਜ਼ਰ ਵਿਚ ਬਹੁਤ ਮਹੱਤਵਪੂਰਣ ਹਨ। ਉਹ ਆਪਣੀ ਪਵਿੱਤਰ ਆਤਮਾ ਦੇ ਜ਼ਰੀਏ ਉਨ੍ਹਾਂ ਤੇ ਬਰਕਤ ਪਾਉਂਦਾ ਹੈ।

ਕਲੀਸਿਯਾਵਾਂ ਯਹੋਵਾਹ ਦੀ ਉਸਤਤ ਕਰਦੀਆਂ ਹਨ

15. ਪਹਿਲੀ ਸਦੀ ਦੀਆਂ ਕੁਝ ਕਲੀਸਿਯਾਵਾਂ ਵਿਚ ਪਵਿੱਤਰ ਆਤਮਾ ਨੇ ਕਿਵੇਂ ਕੰਮ ਕੀਤਾ?

15 ਅਸੀਂ ਦੇਖਿਆ ਸੀ ਕਿ ਜ਼ਬੂਰ 22:22 ਦੀ ਪੂਰਤੀ ਵਿਚ ਯਿਸੂ ਨੇ ਕਲੀਸਿਯਾ ਵਿਚ ਪਰਮੇਸ਼ੁਰ ਦੀ ਉਸਤਤ ਕੀਤੀ ਸੀ। (ਇਬਰਾਨੀਆਂ 2:12) ਉਸ ਦੇ ਵਫ਼ਾਦਾਰ ਚੇਲਿਆਂ ਨੇ ਵੀ ਇਸੇ ਤਰ੍ਹਾਂ ਕਰਨਾ ਸੀ। ਪਹਿਲੀ ਸਦੀ ਵਿਚ ਸੱਚੇ ਮਸੀਹੀਆਂ ਨੂੰ ਪਵਿੱਤਰ ਆਤਮਾ ਨਾਲ ਮਸਹ ਕਰ ਕੇ ਪਰਮੇਸ਼ੁਰ ਦੇ ਪੁੱਤਰਾਂ ਅਤੇ ਮਸੀਹ ਦੇ ਭਰਾਵਾਂ ਵਜੋਂ ਚੁਣਿਆ ਗਿਆ ਸੀ। ਉਦੋਂ ਉਨ੍ਹਾਂ ਵਿੱਚੋਂ ਕੁਝ ਮਸੀਹੀਆਂ ਨੂੰ ਖ਼ਾਸ ਦਾਤਾਂ ਮਿਲੀਆਂ ਸਨ। ਮਿਸਾਲ ਲਈ, ਉਨ੍ਹਾਂ ਨੂੰ ਚਮਤਕਾਰ ਕਰਨ ਦੇ ਵਰਦਾਨ, ਬੁੱਧੀ ਦੀਆਂ ਗੱਲਾਂ ਦੱਸਣ ਦੀ ਯੋਗਤਾ, ਬੀਮਾਰਾਂ ਨੂੰ ਚੰਗਾ ਕਰਨ ਤੇ ਭਵਿੱਖਬਾਣੀ ਕਰਨ ਦੀ ਸ਼ਕਤੀ ਅਤੇ ਹੋਰਨਾਂ ਭਾਸ਼ਾਵਾਂ ਵਿਚ ਬੋਲਣ ਦੀ ਕਾਬਲੀਅਤ ਦਿੱਤੀ ਗਈ ਸੀ।—1 ਕੁਰਿੰਥੀਆਂ 12:4-11.

16. ਆਤਮਾ ਦੀਆਂ ਚਮਤਕਾਰੀ ਦਾਤਾਂ ਪਾਉਣ ਦਾ ਇਕ ਮਕਸਦ ਕੀ ਸੀ?

16 ਹੋਰਨਾਂ ਭਾਸ਼ਾਵਾਂ ਵਿਚ ਬੋਲਣ ਦੀ ਦਾਤ ਬਾਰੇ ਪੌਲੁਸ ਨੇ ਕਿਹਾ: “ਮੈਂ ਆਤਮਾ ਨਾਲ ਗਾਵਾਂਗਾ ਅਤੇ ਸਮਝ ਨਾਲ ਵੀ ਗਾਵਾਂਗਾ।” (1 ਕੁਰਿੰਥੀਆਂ 14:15) ਉਹ ਜਾਣਦਾ ਸੀ ਕਿ ਲੋਕ ਉਸ ਦੀ ਸਿੱਖਿਆ ਤੋਂ ਤਦ ਹੀ ਲਾਭ ਉਠਾ ਸਕਦੇ ਸਨ ਜੇ ਉਹ ਉਸ ਦੇ ਲਫ਼ਜ਼ਾਂ ਨੂੰ ਸਮਝ ਸਕਦੇ। ਪੌਲੁਸ ਦਾ ਮਕਸਦ ਕਲੀਸਿਯਾ ਵਿਚ ਯਹੋਵਾਹ ਦੀ ਉਸਤਤ ਕਰਨਾ ਸੀ। ਉਸ ਨੇ ਆਤਮਾ ਦੀਆਂ ਦਾਤਾਂ ਪਾਉਣ ਵਾਲਿਆਂ ਭੈਣਾਂ-ਭਰਾਵਾਂ ਨੂੰ ਕਿਹਾ ਕਿ ਉਹ ਸਭ ਕੁਝ “ਕਲੀਸਿਯਾ ਦੇ ਲਾਭ” ਲਈ ਕਰਨ। (1 ਕੁਰਿੰਥੀਆਂ 14:4, 5, 12, 23) ਸਪੱਸ਼ਟ ਹੈ ਕਿ ਪੌਲੁਸ ਨੂੰ ਕਲੀਸਿਯਾਵਾਂ ਵਿਚ ਦਿਲਚਸਪੀ ਸੀ। ਉਹ ਜਾਣਦਾ ਸੀ ਕਿ ਹਰ ਕਲੀਸਿਯਾ ਵਿਚ ਮਸੀਹੀਆਂ ਨੂੰ ਪਰਮੇਸ਼ੁਰ ਦੀ ਉਸਤਤ ਕਰਨ ਦੇ ਮੌਕੇ ਮਿਲਣਗੇ।

17. ਸਥਾਨਕ ਕਲੀਸਿਯਾਵਾਂ ਸੰਬੰਧੀ ਅਸੀਂ ਅੱਜ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ?

17 ਯਹੋਵਾਹ ਅੱਜ ਵੀ ਮਸੀਹੀ ਕਲੀਸਿਯਾ ਨੂੰ ਵਰਤਦਾ ਹੈ ਤੇ ਉਸ ਦੀ ਮਦਦ ਕਰਦਾ ਹੈ। ਉਹ ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀਆਂ ਦੇ ਗਰੁੱਪ ਉੱਤੇ ਬਰਕਤ ਪਾਉਂਦਾ ਹੈ। ਇਸ ਗੱਲ ਦਾ ਸਬੂਤ ਅਸੀਂ ਪਰਮੇਸ਼ੁਰ ਦੇ ਲੋਕਾਂ ਨੂੰ ਮਿਲ ਰਹੇ ਭਰਪੂਰ ਅਧਿਆਤਮਿਕ ਭੋਜਨ ਤੋਂ ਦੇਖ ਸਕਦੇ ਹਾਂ। (ਲੂਕਾ 12:42) ਉਹ ਦੁਨੀਆਂ ਭਰ ਵਿਚ ਰਹਿੰਦੇ ਸਾਰੇ ਭਾਈਚਾਰੇ ਉੱਤੇ ਬਰਕਤ ਪਾ ਰਿਹਾ ਹੈ। ਉਹ ਸਾਡੀਆਂ ਸਥਾਨਕ ਕਲੀਸਿਯਾਵਾਂ ਤੇ ਵੀ ਬਰਕਤ ਪਾਉਂਦਾ ਹੈ ਜਿੱਥੇ ਅਸੀਂ ਆਪਣੇ ਕੰਮਾਂ ਦੁਆਰਾ ਅਤੇ ਟਿੱਪਣੀਆਂ ਦੇਣ ਦੁਆਰਾ ਆਪਣੇ ਸਿਰਜਣਹਾਰ ਦੀ ਉਸਤਤ ਕਰਦੇ ਹਾਂ। ਕਲੀਸਿਯਾ ਵਿਚ ਮਿਲਦੀ ਸਿੱਖਿਆ ਦੇ ਕਾਰਨ ਅਸੀਂ ਹਰ ਮੌਕੇ ਤੇ ਪਰਮੇਸ਼ੁਰ ਦੀ ਉਸਤਤ ਕਰਨ ਦੇ ਕਾਬਲ ਬਣਦੇ ਹਾਂ।

18, 19. ਹਰ ਕਲੀਸਿਯਾ ਦੇ ਭੈਣ-ਭਰਾ ਕੀ ਕਰਨਾ ਚਾਹੁੰਦੇ ਹਨ?

18 ਪੌਲੁਸ ਰਸੂਲ ਨੇ ਮਕਦੂਨਿਯਾ ਦੇ ਸ਼ਹਿਰ ਫ਼ਿਲਿੱਪੈ ਦੀ ਕਲੀਸਿਯਾ ਦੇ ਮਸੀਹੀਆਂ ਨੂੰ ਤਾਕੀਦ ਕੀਤੀ ਸੀ: ‘ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਤੁਸੀਂ ਧਰਮ ਦੇ ਫਲ ਨਾਲ ਜੋ ਯਿਸੂ ਮਸੀਹ ਦੇ ਵਸੀਲੇ ਕਰਕੇ ਹੁੰਦਾ ਹੈ ਭਰੇ ਹੋਏ ਰਹੋ ਭਈ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਹੋਵੇ।’ ਪਰਮੇਸ਼ੁਰ ਦੀ ਉਸਤਤ ਕਰਨ ਵਿਚ ਹੋਰਨਾਂ ਲੋਕਾਂ ਨੂੰ ਯਿਸੂ ਵਿਚ ਆਪਣੀ ਨਿਹਚਾ ਅਤੇ ਆਪਣੀ ਸ਼ਾਨਦਾਰ ਉਮੀਦ ਬਾਰੇ ਦੱਸਣਾ ਸ਼ਾਮਲ ਹੈ। (ਫ਼ਿਲਿੱਪੀਆਂ 1:9-11; 3:8-11) ਇਸ ਲਈ ਪੌਲੁਸ ਨੇ ਆਪਣੇ ਸੰਗੀ ਮਸੀਹੀਆਂ ਨੂੰ ਕਿਹਾ ਸੀ: “ਸੋ ਅਸੀਂ [ਯਿਸੂ] ਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ।”—ਇਬਰਾਨੀਆਂ 13:15.

19 ਕੀ ਤੁਸੀਂ ਯਿਸੂ ਵਾਂਗ “ਕਲੀਸਿਯਾ ਵਿੱਚ” ਪਰਮੇਸ਼ੁਰ ਦੀ ਉਸਤਤ ਕਰ ਕੇ ਖ਼ੁਸ਼ ਹੁੰਦੇ ਹੋ? ਕੀ ਤੁਸੀਂ ਖ਼ੁਸ਼ੀ ਨਾਲ ਉਨ੍ਹਾਂ ਲੋਕਾਂ ਅੱਗੇ ਯਹੋਵਾਹ ਦੀ ਉਸਤਤ ਕਰਦੇ ਹੋ ਜਿਨ੍ਹਾਂ ਨੂੰ ਅਜੇ ਯਹੋਵਾਹ ਬਾਰੇ ਪਤਾ ਨਹੀਂ ਹੈ? (ਇਬਰਾਨੀਆਂ 2:12; ਰੋਮੀਆਂ 15:9-11) ਸਾਡਾ ਜਵਾਬ ਕੁਝ ਹੱਦ ਤਕ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਮਕਸਦ ਵਿਚ ਆਪਣੀ ਕਲੀਸਿਯਾ ਦੀ ਭੂਮਿਕਾ ਬਾਰੇ ਕੀ ਸੋਚਦੇ ਹਾਂ? ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਸਾਡੀ ਕਲੀਸਿਯਾ ਨੂੰ ਕਿਵੇਂ ਸੇਧ ਦੇ ਰਿਹਾ ਹੈ ਤੇ ਵਰਤ ਰਿਹਾ ਹੈ ਅਤੇ ਸਾਡੀ ਜ਼ਿੰਦਗੀ ਵਿਚ ਕਲੀਸਿਯਾ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ।

ਕੀ ਤੁਹਾਨੂੰ ਯਾਦ ਹੈ?

• ਮਸਹ ਕੀਤੇ ਹੋਏ ਮਸੀਹੀਆਂ ਦੀ ਬਣੀ “ਪਰਮੇਸ਼ੁਰ ਦੀ ਕਲੀਸਿਯਾ” ਕਿਵੇਂ ਸ਼ੁਰੂ ਹੋਈ ਸੀ?

• ਬਾਈਬਲ ਹੋਰ ਕਿਹੜੇ ਤਿੰਨ ਤਰੀਕਿਆਂ ਨਾਲ “ਕਲੀਸਿਯਾ” ਸ਼ਬਦ ਨੂੰ ਵਰਤਦੀ ਹੈ?

• ਦਾਊਦ, ਯਿਸੂ ਅਤੇ ਪਹਿਲੀ ਸਦੀ ਦੇ ਮਸੀਹੀ ਕਲੀਸਿਯਾ ਵਿਚ ਕੀ ਕਰਨਾ ਚਾਹੁੰਦੇ ਸਨ ਅਤੇ ਇਸ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?

[ਸਵਾਲ]

[ਸਫ਼ਾ 21 ਉੱਤੇ ਤਸਵੀਰ]

ਯਿਸੂ ਕਿਸ ਕਲੀਸਿਯਾ ਦੀ ਨੀਂਹ ਸੀ?

[ਸਫ਼ਾ 23 ਉੱਤੇ ਤਸਵੀਰ]

ਮਸੀਹੀਆਂ ਦੇ ਗਰੁੱਪ ‘ਪਰਮੇਸ਼ੁਰ ਦੀਆਂ ਕਲੀਸਿਯਾਵਾਂ’ ਵਜੋਂ ਇਕੱਠੇ ਹੁੰਦੇ ਸਨ

[ਸਫ਼ਾ 24 ਉੱਤੇ ਤਸਵੀਰ]

ਬੈਨਿਨ ਦੇ ਇਨ੍ਹਾਂ ਮਸੀਹੀਆਂ ਦੀ ਤਰ੍ਹਾਂ ਅਸੀਂ ਵੀ ਕਲੀਸਿਯਾ ਵਿਚ ਯਹੋਵਾਹ ਦੀ ਉਸਤਤ ਕਰ ਸਕਦੇ ਹਾਂ