Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਸੀ? ਜ਼ਰਾ ਪਰਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਲੂਕਾ 11:5-10 ਵਿਚ ਦਰਜ ਯਿਸੂ ਦੇ ਦ੍ਰਿਸ਼ਟਾਂਤ ਤੋਂ ਅਸੀਂ ਪ੍ਰਾਰਥਨਾ ਬਾਰੇ ਕੀ ਸਿੱਖਦੇ ਹਾਂ?

ਇਸ ਦ੍ਰਿਸ਼ਟਾਂਤ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਪ੍ਰਾਰਥਨਾ ਕਰਨ ਵਿਚ ਲੱਗੇ ਰਹਿਣਾ ਚਾਹੀਦਾ ਹੈ। ਸਾਨੂੰ ਨਿਧੜਕ ਹੋ ਕੇ ਯਹੋਵਾਹ ਤੋਂ ਪਵਿੱਤਰ ਆਤਮਾ ਮੰਗਦੇ ਰਹਿਣਾ ਚਾਹੀਦਾ ਹੈ। (ਲੂਕਾ 11:11-13)—12/15, ਸਫ਼ੇ 20-2.

ਯਿਸੂ ਦੇ ਵਿਧਵਾ ਤੇ ਹਾਕਮ ਦੇ ਦ੍ਰਿਸ਼ਟਾਂਤ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ? (ਲੂਕਾ 18:1-8)

ਇਸ ਦ੍ਰਿਸ਼ਟਾਂਤ ਵਿਚ ਪ੍ਰਾਰਥਨਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ ਹੈ। ਜੇ ਬੇਇਨਸਾਫ਼ ਹਾਕਮ ਨੇ ਉਸ ਵਿਧਵਾ ਦੀ ਬੇਨਤੀ ਸੁਣੀ ਅਤੇ ਉਸ ਨੂੰ ਇਨਸਾਫ਼ ਦੁਆਇਆ, ਤਾਂ ਯਹੋਵਾਹ, ਜੋ ਇਨਸਾਫ਼ ਦਾ ਪਰਮੇਸ਼ੁਰ ਹੈ, ਆਪਣੇ ਲੋਕਾਂ ਦੀਆਂ ਦੁਆਵਾਂ ਸੁਣ ਕੇ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਦੁਆਵੇਗਾ। ਸਾਡੀ ਨਿਹਚਾ ਉਸ ਵਿਧਵਾ ਵਰਗੀ ਹੋਣੀ ਚਾਹੀਦੀ ਹੈ।—12/15, ਸਫ਼ੇ 26-8.

ਪੌਲੁਸ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਕਿਉਂ ਕਿਹਾ ਕਿ “ਤੁਸੀਂ ਵੀ ਖੁਲ੍ਹੇ ਦਿਲ ਦੇ ਹੋਵੋ”? (2 ਕੁਰਿੰਥੀਆਂ 6:11-13)

ਕੁਰਿੰਥੁਸ ਦੀ ਕਲੀਸਿਯਾ ਵਿਚ ਕੁਝ ਭੈਣਾਂ-ਭਰਾਵਾਂ ਦੀ ਇਕ-ਦੂਜੇ ਲਈ ਕਦਰ ਘੱਟ ਗਈ ਸੀ। ਉਨ੍ਹਾਂ ਨੇ ਆਪਣੇ ਦਿਲਾਂ ਦੇ ਦਰਵਾਜ਼ੇ ਬੰਦ ਕਰ ਰੱਖੇ ਸਨ। ਇਸ ਦੇ ਉਲਟ ਸਾਡੇ ਦਿਲਾਂ ਵਿਚ ਭੈਣਾਂ-ਭਰਾਵਾਂ ਦੇ ਲਈ ਪੂਰੀ ਕਦਰ ਹੋਣੀ ਚਾਹੀਦੀ ਹੈ। ਦਿਲੋਂ ਪਿਆਰ ਕਰਨ ਨਾਲ ਅਸੀਂ ਕਲੀਸਿਯਾ ਵਿਚ ਦੂਸਰਿਆਂ ਨਾਲ ਵੀ ਮਿਲਾਂ-ਵਰਤਾਂਗੇ ਜਿਨ੍ਹਾਂ ਨਾਲ ਅਸੀਂ ਵਾਕਫ਼ ਨਹੀਂ ਹਾਂ।—1/1, ਸਫ਼ੇ 9-11.

ਪਰਕਾਸ਼ ਦੀ ਪੋਥੀ 7:3 ਵਿਚ ਜ਼ਿਕਰ ਕੀਤੀ ਗਈ ਮੁਹਰ ਕੀ ਹੈ?

ਜਦੋਂ ਯਹੋਵਾਹ ਮਸੀਹੀਆਂ ਨੂੰ ਆਪਣੀ ਪਵਿੱਤਰ ਆਤਮਾ ਨਾਲ ਮਸਹ ਕਰਦਾ ਹੈ, ਉਹ ਉਨ੍ਹਾਂ ਤੇ ਮੁਹਰ ਲਾਉਂਦਾ ਹੈ। ਲੇਕਿਨ ਪਰਕਾਸ਼ ਦੀ ਪੋਥੀ 7:3 ਵਿਚ ਦੂਜੀ ਮੁਹਰ ਦਾ ਜ਼ਿਕਰ ਕੀਤਾ ਗਿਆ ਹੈ ਜੋ ਪੱਕੇ ਤੌਰ ਤੇ ਮਸਹ ਕੀਤੇ ਹੋਏ ਮਸੀਹੀਆਂ ਤੇ ਲੱਗਦੀ ਹੈ ਜਿਸ ਤੋਂ ਉਹ ਵਫ਼ਾਦਾਰ ਦਾਸਾਂ ਵਜੋਂ ਪਛਾਣੇ ਜਾਂਦੇ ਹਨ।—1/1, ਸਫ਼ੇ 30-1.

ਬਾਈਬਲ ਵਿਚ ਸਮੂਏਲ ਦੀ ਉਦਾਹਰਣ ਤੋਂ ਮਾਪੇ ਕੀ ਸਿੱਖ ਸਕਦੇ ਹਨ?

ਜਿਵੇਂ ਸਮੂਏਲ ਦੇ ਮਾਪਿਆਂ ਨੇ ਉਸ ਨੂੰ ਯਹੋਵਾਹ ਬਾਰੇ ਸਿਖਾਇਆ ਸੀ, ਅੱਜ ਮਾਪਿਆਂ ਨੂੰ ਵੀ ਯਹੋਵਾਹ ਦੀ ਸਿੱਖਿਆ ਦੇ ਕੇ ਆਪਣੇ ਬੱਚਿਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਜ਼ਿੰਦਗੀ ਭਰ ਯਹੋਵਾਹ ਦੀ ਸੇਵਾ ਕਰਨ ਦਾ ਹੌਸਲਾ ਦੇਣਾ ਚਾਹੀਦਾ ਹੈ।—1/15, ਸਫ਼ਾ 16.

ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਉਡੀਕ ਕਰ ਰਹੇ ਹਾਂ?

ਅਸੀਂ ‘ਪਰਮੇਸ਼ੁਰ ਦੇ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ’ ਹਾਂ। ਅਸੀਂ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰ ਰਹੇ ਹਾਂ ਜਦ ਦੁਸ਼ਟ ਲੋਕਾਂ ਦਾ ਨਾਸ ਕੀਤਾ ਜਾਵੇਗਾ ਅਤੇ ਅਸੀਂ ਸੁਖ ਦਾ ਸਾਹ ਲੈ ਸਕਾਂਗੇ। (2 ਪਤਰਸ 3:7, 12) ਯਹੋਵਾਹ ਦੁਸ਼ਟਤਾ ਨੂੰ ਖ਼ਤਮ ਕਰਨ ਲਈ ਤਿਆਰ ਖੜ੍ਹਾ ਹੈ, ਪਰ ਉਹ ਧੀਰਜ ਰੱਖ ਰਿਹਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਸਾਡਾ ਬਚਾਅ ਹੋਵੇ ਅਤੇ ਉਸ ਦਾ ਨਾਂ ਰੌਸ਼ਨ ਹੋਵੇ। ਅਸੀਂ ਪੂਰੇ ਭਰੋਸੇ ਨਾਲ ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ ਖ਼ੁਸ਼ੀ-ਖ਼ੁਸ਼ੀ ਉਸ ਦੀ ਵਡਿਆਈ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 71:14, 15)—3/1, ਸਫ਼ੇ 17-18.

ਨੂਹ ਕਿਸ਼ਤੀ ਵਿਚ ਸ਼ੁੱਧ ਜਾਨਵਰਾਂ ਵਿੱਚੋਂ ਕਿੰਨੇ-ਕਿੰਨੇ ਜਾਨਵਰ ਲੈ ਕੇ ਗਿਆ ਸੀ—ਸੱਤ ਜਾਂ ਸੱਤ ਜੋੜੇ?

ਨੂਹ ਨੂੰ ਕਿਹਾ ਗਿਆ ਸੀ, “ਸਾਰੇ ਸ਼ੁੱਧ ਪਸੂਆਂ ਵਿੱਚੋਂ ਸੱਤ ਸੱਤ ਆਪਣੇ ਨਾਲ ਲੈ ਲੈ।” (ਉਤਪਤ 7:1, 2) ਕੁਝ ਤਰਜਮਿਆਂ, ਜਿਵੇਂ ਕਿ ਪਵਿੱਤਰ ਬਾਈਬਲ ਨਵਾਂ ਅਨੁਵਾਦ ਅਤੇ ਈਜ਼ੀ ਟੂ ਰੀਡ ਵਰਯਨ, ਵਿਚ ਮੁਢਲੀ ਇਬਰਾਨੀ ਭਾਸ਼ਾ ਦੇ ਸ਼ਬਦ ਦਾ ਤਰਜਮਾ “ਸੱਤ ਸੱਤ” ਦੀ ਬਜਾਇ “ਸੱਤ ਜੋੜੇ” ਕੀਤਾ ਗਿਆ ਹੈ। ਮੁਢਲੀ ਇਬਰਾਨੀ ਭਾਸ਼ਾ ਵਾਂਗ ਪੰਜਾਬੀ ਦੀ ਪਵਿੱਤਰ ਬਾਈਬਲ ਵਿਚ ਵੀ ਇਸ ਦਾ ਅਨੁਵਾਦ “ਸੱਤ ਸੱਤ” ਕੀਤਾ ਗਿਆ ਹੈ। ਇੱਥੇ “ਸੱਤ ਸੱਤ” ਦਾ ਮਤਲਬ 7+7 ਯਾਨੀ 14 ਨਹੀਂ। ਸੋ ਨੂਹ ਕਿਸ਼ਤੀ ਵਿਚ ਸ਼ੁੱਧ ਜਾਨਵਰਾਂ ਦੇ ਤਿੰਨ ਜੋੜੇ ਅਤੇ ਸੱਤਵੇਂ ਜਾਨਵਰ ਨੂੰ ਬਲੀ ਚੜ੍ਹਾਉਣ ਲਈ ਲੈ ਕੇ ਗਿਆ ਸੀ। (ਉਤਪਤ 8:20)—3/15, ਸਫ਼ਾ 31.

ਮਸੀਹੀਆਂ ਨੂੰ ਬਜ਼ੁਰਗਾਂ ਦੀ ਚੰਗੀ ਮਿਸਾਲ ਵੱਲ “ਧਿਆਨ” ਕਿਉਂ ਦੇਣਾ ਚਾਹੀਦਾ ਹੈ?

ਪੌਲੁਸ ਸਾਨੂੰ ਤਾਕੀਦ ਕਰਦਾ ਹੈ ਕਿ ਅਸੀਂ ਬਜ਼ੁਰਗਾਂ ਦੀ ਚੰਗੀ ਮਿਸਾਲ ਵੱਲ “ਧਿਆਨ” ਦੇਈਏ ਅਤੇ ਉਨ੍ਹਾਂ ਦੀ ਨਿਹਚਾ ਦੀ ਰੀਸ ਕਰੀਏ। (ਇਬਰਾਨੀਆਂ 13:7) ਅਸੀਂ ਬਜ਼ੁਰਗਾਂ ਦੀ ਆਗਿਆਕਾਰੀ ਇਸ ਲਈ ਕਰਦੇ ਹਾਂ ਕਿਉਂਕਿ ਬਾਈਬਲ ਸਾਨੂੰ ਇਸ ਤਰ੍ਹਾਂ ਕਰਨ ਲਈ ਕਹਿੰਦੀ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਬਜ਼ੁਰਗ ਜੋ ਵੀ ਕਰਦੇ ਹਨ, ਉਹ ਪਰਮੇਸ਼ੁਰ ਦੇ ਕੰਮ ਨੂੰ ਅੱਗੇ ਵਧਾਉਣ ਲਈ ਅਤੇ ਸਾਡੇ ਭਲੇ ਲਈ ਕਰਦੇ ਹਨ।—4/1, ਸਫ਼ਾ 28.