ਜਦੋਂ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ
ਜਦੋਂ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ
ਕਿਸੇ ਦੇ ਵੀ ਵਿਆਹੁਤਾ ਜੀਵਨ ਵਿਚ ਖਟਾਸ ਪੈਦਾ ਹੋ ਸਕਦੀ ਹੈ, ਭਾਵੇਂ ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਨੂੰ ਲੱਗੇ ਕਿ ਉਨ੍ਹਾਂ ਦੀ ਆਪਸ ਵਿਚ ਚੰਗੀ ਨਿਭੇਗੀ। ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਨੂੰ ਲੱਗਦਾ ਹੈ ਕਿ ਉਹ ਇਕ-ਦੂਜੇ ਲਈ ਬਣੇ ਹਨ। ਤਾਂ ਫਿਰ, ਉਨ੍ਹਾਂ ਵਿਚ ਵਿਆਹ ਤੋਂ ਬਾਅਦ ਮਤਭੇਦ ਕਿਉਂ ਪੈਦਾ ਹੋ ਜਾਂਦੇ ਹਨ?
ਬਾਈਬਲ ਕਹਿੰਦੀ ਹੈ ਕਿ ਜਿਹੜੇ ਵਿਆਹ ਕਰਨਗੇ, ਉਹ “ਦੁਖ ਭੋਗਣਗੇ।” (1 ਕੁਰਿੰਥੀਆਂ 7:28) ਅਕਸਰ ਇਹ ਦੁੱਖ ਇਨਸਾਨੀ ਕਮਜ਼ੋਰੀਆਂ ਕਰਕੇ ਆਉਂਦੇ ਹਨ। (ਰੋਮੀਆਂ 3:23) ਇਸ ਤੋਂ ਇਲਾਵਾ, ਪਤੀ-ਪਤਨੀ ਦੋਵੇਂ ਜਾਂ ਉਨ੍ਹਾਂ ਵਿੱਚੋਂ ਇਕ ਜਣਾ ਸ਼ਾਇਦ ਬਾਈਬਲ ਦੇ ਸਿਧਾਂਤਾਂ ਤੇ ਨਹੀਂ ਚੱਲਦਾ। (ਯਸਾਯਾਹ 48:17, 18) ਕਈ ਵਾਰ ਜਦੋਂ ਮੁੰਡਾ-ਕੁੜੀ ਵਿਆਹ ਕਰਾਉਂਦੇ ਹਨ, ਉਹ ਆਪਣੇ ਮਨ ਅੰਦਰ ਅਜਿਹੀਆਂ ਉਮੀਦਾਂ ਬੰਨ੍ਹਦੇ ਹਨ ਜੋ ਸ਼ਾਇਦ ਪੂਰੀਆਂ ਨਾ ਕੀਤੀਆਂ ਜਾ ਸਕਣ। ਵਿਆਹ ਤੋਂ ਬਾਅਦ ਉਮੀਦਾਂ ਪੂਰੀਆਂ ਨਾ ਹੋਣ ਦੀ ਹਾਲਤ ਵਿਚ ਉਹ ਗ਼ਲਤਫ਼ਹਿਮੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਜਿਸ ਕਰਕੇ ਗੰਭੀਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
ਨਾਜਾਇਜ਼ ਉਮੀਦਾਂ
ਇਹ ਗੱਲ ਸੁਭਾਵਕ ਹੈ ਕਿ ਵਿਆਹ ਤੋਂ ਪਹਿਲਾਂ ਹਰ ਮੁੰਡੇ-ਕੁੜੀ ਦੇ ਮਨ ਵਿਚ ਕੁਝ ਸੱਧਰਾਂ, ਕੁਝ ਉਮੰਗਾਂ ਹੁੰਦੀਆਂ ਹਨ। ਸ਼ਾਇਦ ਤੁਹਾਡੇ ਮਨ ਵਿਚ ਵੀ ਸਨ। ਹੁਣ ਜ਼ਰਾ ਸੋਚੋ ਕਿ ਤੁਸੀਂ ਕਿਸ ਤਰ੍ਹਾਂ ਦੀ ਵਿਆਹੁਤਾ ਜ਼ਿੰਦਗੀ ਦੇ ਸੁਪਨੇ ਦੇਖੇ ਸਨ। ਕੀ ਤੁਹਾਡੇ ਇਹ ਸੁਪਨੇ ਪੂਰੇ ਹੋਏ ਹਨ? ਜੇ ਨਹੀਂ, ਤਾਂ ਦਿਲ ਨਾ ਹਾਰੋ ਕਿ ਹੁਣ ਕੁਝ ਨਹੀਂ ਕੀਤਾ ਜਾ ਸਕਦਾ। ਬਾਈਬਲ ਦੇ ਅਸੂਲਾਂ ਤੇ ਚੱਲ ਕੇ ਸਮੱਸਿਆਵਾਂ ਹੱਲ ਕੀਤੀਆਂ ਜਾ ਸਕਦੀਆਂ ਹਨ। * (2 ਤਿਮੋਥਿਉਸ 3:16) ਇਸ ਦੇ ਨਾਲ ਹੀ ਵਿਆਹ ਤੋਂ ਪਹਿਲਾਂ ਲਾਈਆਂ ਆਸਾਂ-ਉਮੀਦਾਂ ਉੱਤੇ ਵੀ ਜ਼ਰਾ ਵਿਚਾਰ ਕਰੋ।
ਉਦਾਹਰਣ ਲਈ, ਵਿਆਹ ਤੋਂ ਪਹਿਲਾਂ ਕੁਝ ਮੁੰਡੇ-ਕੁੜੀਆਂ ਸੋਚਦੇ ਹਨ ਕਿ ਵਿਆਹ ਤੋਂ ਬਾਅਦ ਜ਼ਿੰਦਗੀ ਵਿਚ ਬਸ ਪਿਆਰ ਹੀ ਪਿਆਰ ਹੋਵੇਗਾ, ਜਿਵੇਂ ਕਹਾਣੀਆਂ ਵਿਚ ਰਾਜਕੁਮਾਰ ਤੇ ਰਾਜਕੁਮਾਰੀ ਨਾਲ ਹੁੰਦਾ ਹੈ। ਹੋ ਸਕਦਾ ਕਿ ਤੁਸੀਂ ਸੋਚਿਆ ਹੋਵੇ ਕਿ ਮੈਂ ਤੇ ਮੇਰਾ ਸਾਥੀ ਦੋਵੇਂ ਸਾਰਾ ਸਮਾਂ ਇਕੱਠੇ ਗੁਜ਼ਾਰਾਂਗੇ ਜਾਂ ਪਿਆਰ ਤੇ ਸਮਝਦਾਰੀ ਨਾਲ ਸਾਰੇ ਝਗੜੇ ਨਿਪਟਾਵਾਂਗੇ। ਇਸ ਤੋਂ ਇਲਾਵਾ, ਕਈ ਸੋਚਦੇ ਹਨ ਕਿ ਵਿਆਹ ਤੋਂ ਬਾਅਦ ਆਪਣੀਆਂ ਕਾਮ-ਇੱਛਾਵਾਂ ਤੇ ਵੀ ਕਾਬੂ ਰੱਖਣ ਦੀ ਲੋੜ ਨਹੀਂ ਰਹੇਗੀ। ਲੇਕਿਨ ਇਹ ਸਾਰੀਆਂ ਉਮੀਦਾਂ ਖ਼ਿਆਲੀ ਹਨ ਜਿਸ ਕਰਕੇ ਨਿਰਾਸ਼ਾ ਹੀ ਹੱਥ ਲੱਗਦੀ ਹੈ।—ਉਤਪਤ 3:16.
ਫੇਰ ਲੋਕਾਂ ਦਾ ਇਹ ਵੀ ਖ਼ਿਆਲ ਹੈ ਕਿ ਵਿਆਹ ਹੋਣ ਨਾਲ ਜ਼ਿੰਦਗੀ ਵਿਚ ਖ਼ੁਸ਼ੀਆਂ ਦੀ ਬਹਾਰ ਆ ਜਾਵੇਗੀ। ਇਹ ਸੱਚ ਹੈ ਕਿ ਜ਼ਿੰਦਗੀ ਵਿਚ ਸਾਥ ਮਿਲਣ ਤੇ ਖ਼ੁਸ਼ੀ ਮਿਲਦੀ ਹੈ। (ਕਹਾਉਤਾਂ 18:22; 31:10; ਉਪਦੇਸ਼ਕ ਦੀ ਪੋਥੀ 4:9) ਪਰ ਕੀ ਵਿਆਹ ਹਰ ਸਮੱਸਿਆ ਦਾ ਹੱਲ ਹੈ? ਇਸ ਤਰ੍ਹਾਂ ਸੋਚਣ ਵਾਲੇ ਲੋਕਾਂ ਦੀਆਂ ਅੱਖਾਂ ਸਾਮ੍ਹਣੇ ਜਦ ਹਕੀਕਤ ਆਉਂਦੀ ਹੈ, ਤਾਂ ਉਨ੍ਹਾਂ ਨੂੰ ਝਟਕਾ ਲੱਗਦਾ ਹੈ!
ਮਨ ਵਿਚ ਦੱਬੀਆਂ ਉਮੀਦਾਂ
ਸਾਰੀਆਂ ਉਮੀਦਾਂ ਗ਼ਲਤ ਨਹੀਂ ਹੁੰਦੀਆਂ, ਸਗੋਂ ਕਈਆਂ ਵਿਚ ਜਾਇਜ਼ ਇੱਛਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ ਕਈ ਇੱਛਾਵਾਂ ਕਰਕੇ ਪਤੀ-ਪਤਨੀ ਵਿਚ ਅਣਬਣ ਹੋ ਜਾਂਦੀ ਹੈ। ਵਿਆਹੁਤਾ ਜ਼ਿੰਦਗੀ ਦੇ ਇਕ ਸਲਾਹਕਾਰ ਨੇ ਕਿਹਾ: “ਮੈਂ ਦੇਖਿਆ ਹੈ ਕਿ ਇਕ ਜਣਾ ਆਪਣੇ ਸਾਥੀ ਤੋਂ ਆਸ ਰੱਖਦਾ ਹੈ ਕਿ ਉਹ ਉਸ ਦੀ ਕੋਈ ਇੱਛਾ ਪੂਰੀ ਕਰੇ, ਪਰ ਉਸ ਦੇ ਸਾਥੀ ਨੂੰ ਇਸ ਇੱਛਾ ਬਾਰੇ ਕੁਝ ਪਤਾ ਵੀ ਨਹੀਂ ਹੁੰਦਾ ਜਿਸ ਕਰਕੇ ਦੋਵਾਂ ਵਿਚ
ਝਗੜਾ ਪੈਦਾ ਹੋ ਜਾਂਦਾ ਹੈ।” ਇਸ ਗੱਲ ਨੂੰ ਸਮਝਣ ਲਈ ਇਸ ਉਦਾਹਰਣ ਤੇ ਗੌਰ ਕਰੋ।ਮੈਰੀ ਨੇ ਡੇਵਿਡ ਨਾਲ ਵਿਆਹ ਕਰਾਇਆ। ਡੇਵਿਡ ਦਾ ਘਰ ਉਸ ਦੇ ਸ਼ਹਿਰ ਤੋਂ ਸੈਂਕੜੇ ਕਿਲੋਮੀਟਰ ਦੂਰ ਹੈ। ਵਿਆਹ ਤੋਂ ਪਹਿਲਾਂ ਮੈਰੀ ਨੂੰ ਪਤਾ ਸੀ ਕਿ ਨਵੇਂ ਸ਼ਹਿਰ ਵਿਚ ਜਾਣ ਤੇ ਉਸ ਨੂੰ ਕਈ ਮੁਸ਼ਕਲਾਂ ਆਉਣਗੀਆਂ, ਖ਼ਾਸ ਕਰਕੇ ਕਿਉਂਕਿ ਉਹ ਨਵੇਂ ਲੋਕਾਂ ਨਾਲ ਗੱਲ ਕਰਨੋਂ ਝੱਕਦੀ ਹੈ। ਪਰ ਉਸ ਨੂੰ ਪੂਰਾ ਯਕੀਨ ਸੀ ਕਿ ਡੇਵਿਡ ਉਸ ਦੀ ਮਦਦ ਕਰੇਗਾ। ਉਦਾਹਰਣ ਲਈ, ਮੈਰੀ ਨੂੰ ਉਮੀਦ ਸੀ ਕਿ ਡੇਵਿਡ ਉਸ ਦੇ ਨਾਲ-ਨਾਲ ਰਹੇਗਾ ਤੇ ਆਪਣੇ ਦੋਸਤਾਂ ਨਾਲ ਮਿਲਾਏਗਾ। ਪਰ ਇਸ ਤਰ੍ਹਾਂ ਨਹੀਂ ਹੋਇਆ। ਡੇਵਿਡ ਆਪਣੇ ਦੋਸਤਾਂ ਨਾਲ ਗੱਲੀਂ ਪੈ ਗਿਆ ਤੇ ਮੈਰੀ ਨੂੰ ਭੁੱਲ ਹੀ ਗਿਆ। ਮੈਰੀ ਨੂੰ ਇਹ ਗੱਲ ਬਹੁਤ ਬੁਰੀ ਲੱਗੀ। ਉਸ ਨੇ ਸੋਚਿਆ ਕਿ ਡੇਵਿਡ ਇਸ ਤਰ੍ਹਾਂ ਕਿਵੇਂ ਉਸ ਨੂੰ ਇਕੱਲੀ ਛੱਡ ਸਕਦਾ ਹੈ?
ਕੀ ਮੈਰੀ ਦੀ ਡੇਵਿਡ ਤੋਂ ਇਹ ਉਮੀਦ ਕਰਨੀ ਗ਼ਲਤ ਸੀ? ਨਹੀਂ। ਉਹ ਸਿਰਫ਼ ਇਹੀ ਚਾਹੁੰਦੀ ਸੀ ਕਿ ਡੇਵਿਡ ਨਵੇਂ ਮਾਹੌਲ ਵਿਚ ਢਲਣ ਵਿਚ ਉਸ ਦੀ ਮਦਦ ਕਰੇ। ਮੈਰੀ ਵਿਚ ਝਿਜਕ ਹੈ ਇਸ ਕਰਕੇ ਉਸ ਨੂੰ ਇੰਨੇ ਸਾਰੇ ਨਵੇਂ ਲੋਕਾਂ ਨਾਲ ਮਿਲਣਾ-ਗਿਲਣਾ ਔਖਾ ਲੱਗਦਾ ਹੈ। ਪਰ ਹਕੀਕਤ ਤਾਂ ਇਹ ਹੈ ਕਿ ਮੈਰੀ ਨੇ ਆਪਣੇ ਦਿਲ ਦੀ ਗੱਲ ਡੇਵਿਡ ਨੂੰ ਦੱਸੀ ਹੀ ਨਹੀਂ। ਇਸ ਲਈ ਡੇਵਿਡ ਨੂੰ ਪਤਾ ਨਹੀਂ ਕਿ ਮੈਰੀ ਉੱਤੇ ਕੀ ਬੀਤ ਰਹੀ ਹੈ। ਕੀ ਹੋਵੇਗਾ ਜੇ ਇਸੇ ਤਰ੍ਹਾਂ ਹੁੰਦਾ ਰਿਹਾ? ਮੈਰੀ ਦੇ ਦਿਲ ਵਿਚ ਨਾਰਾਜ਼ਗੀ ਵਧਦੀ ਜਾਵੇਗੀ ਤੇ ਉਹ ਹੌਲੀ-ਹੌਲੀ ਸੋਚਣਾ ਸ਼ੁਰੂ ਕਰ ਦੇਵੇਗੀ ਕਿ ਉਸ ਦਾ ਪਤੀ ਬੜਾ ਪੱਥਰ-ਦਿਲ ਹੈ।
ਤੁਹਾਡੇ ਨਾਲ ਸ਼ਾਇਦ ਇਸ ਤਰ੍ਹਾਂ ਹੋਇਆ ਹੋਵੇ ਜਦੋਂ ਤੁਹਾਨੂੰ ਲੱਗਿਆ ਕਿ ਤੁਹਾਡਾ ਸਾਥੀ ਤੁਹਾਡੀਆਂ ਰੀਝਾਂ ਪੂਰੀਆਂ ਨਹੀਂ ਕਰ ਰਿਹਾ। ਜੇ ਇਸ ਤਰ੍ਹਾਂ ਹੋਇਆ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?
ਸਾਥੀ ਨਾਲ ਗੱਲ ਕਰੋ
ਆਸਾਂ ਪੂਰੀਆਂ ਨਾ ਹੋਣ ਤੇ ਦਿਲ ਦੁਖੀ ਹੁੰਦਾ ਹੈ। (ਕਹਾਉਤਾਂ 13:12) ਫੇਰ ਵੀ ਤੁਸੀਂ ਕੁਝ-ਨ-ਕੁਝ ਕਰ ਸਕਦੇ ਹੋ। ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ: “ਸਮਝਦਾਰ ਮਨੁੱਖ ਬੋਲਨ ਤੋਂ ਪਹਿਲਾਂ ਆਪਣੇ [ਬੋਲਾਂ] ਨੂੰ ਤੋਲਦਾ ਹੈ, ਅਤੇ ਉਸ ਦੇ ਮੂੰਹੋਂ ਸਮਝ ਦੇ ਬੋਲ ਨਿਕਲਦੇ ਹਨ।” (ਕਹਾਉਤਾਂ 16:23, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਉਮੀਦ ਜਾਇਜ਼ ਹੈ ਤੇ ਇਹ ਪੂਰੀ ਨਹੀਂ ਕੀਤੀ ਜਾ ਰਹੀ, ਤਾਂ ਆਪਣੇ ਸਾਥੀ ਨਾਲ ਇਸ ਬਾਰੇ ਗੱਲ ਕਰੋ।
ਗੱਲਾਂ ਕਰਨ ਲਈ ਸਹੀ ਸਮਾਂ ਤੇ ਸਹੀ ਮਾਹੌਲ ਚੁਣੋ ਤੇ ਸੋਚ-ਸਮਝ ਕੇ ਗੱਲ ਕਰੋ। (ਕਹਾਉਤਾਂ 25:11) ਸ਼ਾਂਤ ਰਹਿ ਕੇ ਪਿਆਰ ਨਾਲ ਗੱਲ ਕਰੋ। ਯਾਦ ਰੱਖੋ ਕਿ ਤੁਸੀਂ ਆਪਣੇ ਸਾਥੀ ਤੇ ਦੋਸ਼ ਨਹੀਂ ਲਾਉਣਾ, ਸਗੋਂ ਉਸ ਨੂੰ ਆਪਣੀਆਂ ਉਮੀਦਾਂ ਅਤੇ ਭਾਵਨਾਵਾਂ ਬਾਰੇ ਦੱਸਣਾ ਹੈ।—ਕਹਾਉਤਾਂ 15:1.
ਪਰ ਤੁਸੀਂ ਸ਼ਾਇਦ ਸੋਚੋ ਕਿ ਤੁਹਾਨੂੰ ਉਸ ਨਾਲ ਗੱਲ ਕਿਉਂ ਕਰਨੀ ਚਾਹੀਦੀ ਹੈ? ਜੇ ਉਹ ਤੁਹਾਨੂੰ ਪਿਆਰ ਕਰਦਾ ਹੈ, ਤਾਂ ਕੀ ਉਹ ਤੁਹਾਡੀਆਂ ਲੋੜਾਂ ਨੂੰ ਆਪਣੇ ਆਪ ਨਹੀਂ ਸਮਝ ਜਾਵੇਗਾ? ਪਰ ਹੋ ਸਕਦਾ ਹੈ ਕਿ ਤੁਹਾਡੇ ਸਾਥੀ ਦਾ ਕਿਸੇ ਗੱਲ ਬਾਰੇ ਨਜ਼ਰੀਆ ਅਲੱਗ ਹੋਵੇ। ਇਸ ਲਈ ਜੇ ਤੁਸੀਂ ਉਸ ਨੂੰ ਆਪਣਾ ਨਜ਼ਰੀਆ ਦੱਸੋਗੇ, ਤਾਂ ਸ਼ਾਇਦ ਉਹ ਖ਼ੁਸ਼ੀ-ਖ਼ੁਸ਼ੀ ਤੁਹਾਡੀਆਂ ਲੋੜਾਂ ਪੂਰੀਆਂ ਕਰ ਸਕੇ। ਆਪਣੇ ਸਾਥੀ ਨੂੰ ਆਪਣੀ ਕਿਸੇ ਇੱਛਾ ਬਾਰੇ ਦੱਸਣਾ ਇਸ ਗੱਲ ਦੀ ਨਿਸ਼ਾਨੀ ਨਹੀਂ ਹੈ ਕਿ ਤੁਹਾਡੇ ਰਿਸ਼ਤੇ ਦੀਆਂ ਤੰਦਾਂ ਕੱਚੀਆਂ ਪੈ ਗਈਆਂ ਹਨ ਜਾਂ ਤੁਹਾਡਾ ਸਾਥੀ ਲਾਪਰਵਾਹ ਹੈ।
ਇਸ ਲਈ ਆਪਣੇ ਸਾਥੀ ਨਾਲ ਗੱਲ ਕਰਨੋਂ ਨਾ ਝਿਜਕੋ। ਆਪਾਂ ਪਹਿਲਾਂ ਮੈਰੀ ਤੇ ਡੇਵਿਡ ਬਾਰੇ ਗੱਲ ਕੀਤੀ ਸੀ। ਮੈਰੀ ਡੇਵਿਡ ਨੂੰ ਕਹਿ ਸਕਦੀ ਸੀ: “ਜੀ, ਮੈਨੂੰ ਇੰਨੇ ਸਾਰੇ ਨਵੇਂ ਲੋਕਾਂ ਨਾਲ ਮਿਲਣਾ-ਗਿਲਣਾ ਬਹੁਤ ਔਖਾ ਲੱਗਦਾ। ਨਾਲੇ ਮੈਨੂੰ ਅਜੇ ਇੱਥੇ ਥੋੜ੍ਹਾ ਓਪਰਾ-ਓਪਰਾ ਵੀ ਲੱਗਦਾ। ਜਦੋਂ ਤਕ ਮੇਰਾ ਇਹ ਓਪਰਾਪਣ ਦੂਰ ਨਹੀਂ ਹੋ ਜਾਂਦਾ, ਉਦੋਂ ਤਕ ਕੀ ਤੁਸੀਂ ਮੈਨੂੰ ਆਪ ਦੂਸਰਿਆਂ ਨਾਲ ਮਿਲਾ ਸਕਦੇ ਹੋ?”
‘ਸੁਣਨ ਵਿੱਚ ਕਾਹਲੇ’ ਹੋਵੋ
ਹੁਣ ਤੁਸੀਂ ਇਸ ਮਾਮਲੇ ਨੂੰ ਥੋੜ੍ਹਾ ਵੱਖਰੇ ਨਜ਼ਰੀਏ ਤੋਂ ਦੇਖੋ। ਮੰਨ ਲਓ ਤੁਹਾਡਾ ਸਾਥੀ ਤੁਹਾਡੇ ਨਾਲ ਗੱਲ ਕਰਨ ਲਈ ਆਉਂਦਾ ਹੈ। ਉਹ ਬੜਾ ਪਰੇਸ਼ਾਨ ਹੈ ਕਿਉਂਕਿ ਤੁਸੀਂ ਉਸ ਦੀਆਂ ਜਾਇਜ਼ ਉਮੀਦਾਂ ਪੂਰੀਆਂ ਨਹੀਂ ਕਰ ਰਹੇ ਹੋ। ਜੇ ਇਸ ਤਰ੍ਹਾਂ ਹੁੰਦਾ ਹੈ, ਤਾਂ ਆਪਣੇ ਸਾਥੀ ਦੀ ਗੱਲ ਸੁਣੋ! ਆਪਣੇ ਬਾਰੇ ਸਫ਼ਾਈ ਦੇਣ ਦੀ ਕੋਸ਼ਿਸ਼ ਨਾ ਕਰੋ। ਇਸ ਦੀ ਬਜਾਇ, ਜਿਵੇਂ ਬਾਈਬਲ ਸਲਾਹ ਦਿੰਦੀ ਹੈ: ‘ਸੁਣਨ ਵਿੱਚ ਕਾਹਲੇ ਅਤੇ ਬੋਲਣ ਵਿੱਚ ਧੀਰੇ ਅਤੇ ਕ੍ਰੋਧ ਵਿੱਚ ਵੀ ਧੀਰੇ ਹੋਵੋ।’ (ਯਾਕੂਬ 1:19; ਕਹਾਉਤਾਂ 18:13) ਪੌਲੁਸ ਰਸੂਲ ਨੇ ਮਸੀਹੀਆਂ ਨੂੰ ਤਾਕੀਦ ਕੀਤੀ ਸੀ: “ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਜਤਨ ਕਰੇ।”—1 ਕੁਰਿੰਥੀਆਂ 10:24.
ਸੋ ਤੁਸੀਂ ਆਪਣੇ ਸਾਥੀ ਦੇ ਦਿਲ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਬਾਈਬਲ ਸਲਾਹ ਦਿੰਦੀ ਹੈ: “ਹੇ ਪਤੀਓ, ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵੱਸੋ।” ਜੇ. ਬੀ. ਫਿੱਲਿਪਸ ਨਾਂ ਦੀ ਬਾਈਬਲ ਕਹਿੰਦੀ ਹੈ, “ਹੇ ਪਤੀਓ, ਆਪਣੀਆਂ ਪਤਨੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਨਾਲ ਤੁਸੀਂ ਰਹਿੰਦੇ ਹੋ।” (1 ਪਤਰਸ 3:7) ਪਤਨੀਆਂ ਤੇ ਵੀ ਇਹ ਗੱਲ ਲਾਗੂ ਹੁੰਦੀ ਹੈ ਤੇ ਉਨ੍ਹਾਂ ਨੂੰ ਵੀ ਆਪਣੇ ਪਤੀਆਂ ਨੂੰ ਸਮਝਣਾ ਚਾਹੀਦਾ ਹੈ।
ਯਾਦ ਰੱਖੋ, ਭਾਵੇਂ ਤੁਹਾਡੀ ਇਕ ਦੂਜੇ ਨਾਲ ਜਿੰਨੀ ਮਰਜ਼ੀ ਬਣਦੀ ਹੋਵੇ, ਹਰ ਮਾਮਲੇ ਵਿਚ ਤੁਹਾਡਾ ਨਜ਼ਰੀਆ ਇੱਕੋ ਜਿਹਾ ਨਹੀਂ ਹੋਵੇਗਾ। (“ਇੱਕੋ ਨਜ਼ਾਰਾ, ਪਰ ਦੇਖਣ ਵਾਲੀ ਨਜ਼ਰ ਵੱਖਰੀ” ਨਾਂ ਦੀ ਡੱਬੀ ਦੇਖੋ।) ਇਸ ਲਈ, ਕਿਸੇ ਵੀ ਮਾਮਲੇ ਨੂੰ ਆਪਣੇ ਸਾਥੀ ਦੀਆਂ ਨਜ਼ਰਾਂ ਤੋਂ ਦੇਖਣ ਦਾ ਫ਼ਾਇਦਾ ਹੈ। ਤੁਹਾਡਾ ਦੋਵਾਂ ਦਾ ਪਰਿਵਾਰਕ ਪਿਛੋਕੜ ਅਤੇ ਸਭਿਆਚਾਰ ਵੱਖਰਾ ਹੋਣ ਕਰਕੇ ਤੁਹਾਡੀਆਂ ਤੇ ਤੁਹਾਡੇ ਸਾਥੀ ਦੀਆਂ ਵਿਆਹੁਤਾ ਜ਼ਿੰਦਗੀ ਬਾਰੇ ਵੱਖੋ-ਵੱਖਰੀਆਂ ਉਮੀਦਾਂ ਸਨ। ਇਸ ਕਰਕੇ ਇਕ-ਦੂਜੇ ਨਾਲ ਦਿਲੋਂ-ਜਾਨ ਨਾਲ ਪਿਆਰ ਕਰਦੇ ਹੋਏ ਵੀ ਤੁਹਾਡੀਆਂ ਦੋਵਾਂ ਦੀਆਂ ਕੁਝ ਉਮੀਦਾਂ ਵੱਖਰੀਆਂ ਹੋਣਗੀਆਂ।
ਉਦਾਹਰਣ ਲਈ, ਮਸੀਹੀ ਪਤੀ-ਪਤਨੀ ਬਾਈਬਲ ਵਿਚ ਦੱਸੇ ਸਰਦਾਰੀ ਦੇ ਸਿਧਾਂਤ ਜਾਣਦੇ ਹਨ। (ਅਫ਼ਸੀਆਂ 5:22, 23) ਪਰ ਤੁਹਾਡੇ ਘਰ ਵਿਚ ਪਤੀ ਸਰਦਾਰੀ ਕਿੱਦਾਂ ਕਰੇਗਾ ਹੈ ਅਤੇ ਪਤਨੀ ਆਪਣੇ ਪਤੀ ਦੇ ਅਧੀਨ ਕਿੱਦਾਂ ਰਹੇਗੀ? ਕੀ ਇਸ ਮਾਮਲੇ ਵਿਚ ਤੁਸੀਂ ਬਾਈਬਲ ਦੇ ਇਸ ਅਸੂਲ ਤੇ ਚੱਲਦੇ ਹੋ ਤੇ ਕੀ ਇਸ ਉੱਤੇ ਚੱਲਣ ਦੀ ਦਿਲੋਂ ਕੋਸ਼ਿਸ਼ ਕਰਦੇ ਹੋ?
ਰੋਜ਼ਾਨਾ ਦੇ ਘਰੇਲੂ ਮਸਲਿਆਂ ਬਾਰੇ ਤੁਹਾਡੇ ਵਿਚਾਰ ਵੀ ਸ਼ਾਇਦ ਵੱਖੋ-ਵੱਖਰੇ ਹੋਣ। ਘਰ ਦੇ ਕੰਮ-ਕਾਰ ਕੌਣ ਕਰੇਗਾ? ਤੁਸੀਂ ਰਿਸ਼ਤੇਦਾਰਾਂ ਨੂੰ ਕਦੋਂ ਤੇ ਕਿੰਨਾ ਕੁ ਮਿਲੋ-ਗਿਲੋਗੇ? ਮਸੀਹੀ ਪਤੀ-ਪਤਨੀ ਕਿਵੇਂ ਦਿਖਾਉਂਦੇ ਹਨ ਕਿ ਉਹ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦੇ ਹਨ? (ਮੱਤੀ 6:33) ਘਰ ਦੇ ਖ਼ਰਚੇ ਪੂਰੇ ਕਰਨ ਲਈ ਉਧਾਰ ਲੈਣਾ ਤਾਂ ਆਸਾਨ ਹੈ, ਪਰ ਸੋਚ-ਸਮਝ ਕੇ ਪੈਸਾ ਖ਼ਰਚ ਕਰਨਾ ਫ਼ਾਇਦੇਮੰਦ ਹੈ। ਹੁਣ ਸਵਾਲ ਇਹ ਹੈ ਕਿ ਸਰਫ਼ਾ ਤੇ ਬਚਤ ਕਿਵੇਂ ਕੀਤੀ ਜਾਵੇ? ਅਜਿਹੇ ਮਾਮਲਿਆਂ ਬਾਰੇ ਖੁੱਲ੍ਹ ਕੇ ਤੇ ਅਦਬ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ। ਇਸ ਦਾ ਤੁਹਾਨੂੰ ਹੀ ਫ਼ਾਇਦਾ ਹੋਵੇਗਾ।
ਆਪਣੇ ਘਰੇਲੂ ਮਸਲਿਆਂ ਤੇ ਉਮੀਦਾਂ ਬਾਰੇ ਗੱਲਬਾਤ ਕਰਦੇ ਰਹਿਣ ਨਾਲ ਤੁਹਾਨੂੰ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਖ਼ੁਸ਼ੀ ਮਿਲੇਗੀ, ਭਾਵੇਂ ਅਜੇ ਤਕ ਤੁਹਾਡੀਆਂ ਕੁਝ ਉਮੀਦਾਂ ਪੂਰੀਆਂ ਨਹੀਂ ਵੀ ਹੋਈਆਂ ਹੋਣ। ਨਾਲੇ ਤੁਸੀਂ ਪੌਲੁਸ ਦੀ ਇਸ ਨਸੀਹਤ ਉੱਤੇ ਚੰਗੀ ਤਰ੍ਹਾਂ ਚੱਲ ਸਕੋਗੇ: “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ।”—ਕੁਲੁੱਸੀਆਂ 3:13.
[ਫੁਟਨੋਟ]
^ ਪੈਰਾ 5 ਪਤੀ-ਪਤਨੀ ਲਈ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਂ ਦੀ ਕਿਤਾਬ ਵਿਚ ਬਹੁਤ ਵਧੀਆ ਸਲਾਹ ਦਿੱਤੀ ਗਈ ਹੈ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਨੇ ਛਾਪੀ ਹੈ।
[ਸਫ਼ਾ 10 ਉੱਤੇ ਡੱਬੀ/ਤਸਵੀਰ]
ਇੱਕੋ ਨਜ਼ਾਰਾ, ਪਰ ਦੇਖਣ ਵਾਲੀ ਨਜ਼ਰ ਵੱਖਰੀ
“ਮੰਨ ਲਓ ਕੁਝ ਸੈਲਾਨੀ ਇਕ ਬਹੁਤ ਸੁੰਦਰ ਨਜ਼ਾਰਾ ਦੇਖ ਰਹੇ ਹਨ। ਭਾਵੇਂ ਸਾਰੇ ਜਣੇ ਇੱਕੋ ਨਜ਼ਾਰਾ ਦੇਖ ਰਹੇ ਹਨ, ਪਰ ਹਰ ਵਿਅਕਤੀ ਇਸ ਨਜ਼ਾਰੇ ਨੂੰ ਦੂਸਰਿਆਂ ਵਾਂਗ ਨਹੀਂ ਦੇਖਦਾ। ਕਿਉਂ? ਕਿਉਂਕਿ ਸਾਰੇ ਜਣੇ ਵੱਖੋ-ਵੱਖਰੀ ਥਾਂ ਤੇ ਖੜ੍ਹੇ ਹਨ। ਕੋਈ ਵੀ ਦੋ ਬੰਦੇ ਬਿਲਕੁਲ ਇੱਕੋ ਜਗ੍ਹਾ ਤੇ ਨਹੀਂ ਖੜ੍ਹੇ ਹਨ। ਇਸ ਤੋਂ ਇਲਾਵਾ, ਸਾਰੇ ਜਣੇ ਨਜ਼ਾਰੇ ਦਾ ਇੱਕੋ ਹਿੱਸਾ ਨਹੀਂ ਦੇਖ ਰਹੇ। ਵੱਖੋ-ਵੱਖਰੇ ਲੋਕਾਂ ਨੂੰ ਨਜ਼ਾਰੇ ਦਾ ਵੱਖੋ-ਵੱਖਰਾ ਹਿੱਸਾ ਦਿਲਚਸਪ ਲੱਗਦਾ ਹੈ। ਵਿਆਹੁਤਾ ਜ਼ਿੰਦਗੀ ਵਿਚ ਵੀ ਇਸੇ ਤਰ੍ਹਾਂ ਹੁੰਦਾ ਹੈ। ਭਾਵੇਂ ਪਤੀ-ਪਤਨੀ ਦੀ ਚੰਗੀ ਨਿਭਦੀ ਹੈ, ਪਰ ਉਹ ਦੋਵੇਂ ਹਰ ਮਾਮਲੇ ਨੂੰ ਇੱਕੋ ਨਜ਼ਰ ਨਾਲ ਨਹੀਂ ਦੇਖਦੇ। . . . ਗੱਲਬਾਤ ਕਰ ਕੇ ਆਪਣੀਆਂ ਅਸਹਿਮਤੀਆਂ ਨੂੰ ਸਹਿਮਤੀਆਂ ਵਿਚ ਬਦਲੋ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਗੱਲ ਕਰਨ ਵਾਸਤੇ ਸਮਾਂ ਕੱਢੋ।”—ਪਹਿਰਾਬੁਰਜ (ਅੰਗ੍ਰੇਜ਼ੀ) 1 ਅਗਸਤ 1993, ਸਫ਼ਾ 4.
[ਸਫ਼ਾ 11 ਉੱਤੇ ਡੱਬੀ]
ਤੁਸੀਂ ਕੀ ਕਰ ਸਕਦੇ ਹੋ?
• ਆਪਣੀਆਂ ਉਮੀਦਾਂ ਬਾਰੇ ਮੁੜ ਸੋਚ-ਵਿਚਾਰ ਕਰੋ। ਕੀ ਇਹ ਜਾਇਜ਼ ਹਨ? ਕੀ ਤੁਸੀਂ ਆਪਣੇ ਸਾਥੀ ਤੇ ਹੱਦੋਂ ਵੱਧ ਉਮੀਦਾਂ ਲਾ ਰਹੇ ਹੋ?—ਫ਼ਿਲਿੱਪੀਆਂ 2:4; 4:5.
• ਆਪਣੀਆਂ ਖ਼ਿਆਲੀ ਉਮੀਦਾਂ ਨੂੰ ਬਦਲਣ ਦੀ ਕੋਸ਼ਿਸ਼ ਕਰੋ। ਉਦਾਹਰਣ ਲਈ, ਇਹ ਕਹਿਣ ਦੀ ਬਜਾਇ ਕਿ “ਸਾਡੇ ਵਿਚ ਕਦੇ ਝਗੜਾ ਨਹੀਂ ਹੋਵੇਗਾ,” ਆਪਣੇ ਮਤਭੇਦਾਂ ਨੂੰ ਸ਼ਾਂਤੀ ਨਾਲ ਨਿਪਟਾਉਣ ਦੀ ਕੋਸ਼ਿਸ ਕਰੋ।—ਅਫ਼ਸੀਆਂ 4:32.
• ਆਪਣੀਆਂ ਉਮੀਦਾਂ ਬਾਰੇ ਆਪਣੇ ਸਾਥੀ ਨਾਲ ਗੱਲ ਕਰੋ। ਗੱਲ ਕਰਨ ਨਾਲ ਤੁਹਾਡਾ ਆਪਸੀ ਪਿਆਰ ਤੇ ਇਕ-ਦੂਜੇ ਲਈ ਆਦਰ-ਮਾਣ ਵਧੇਗਾ।—ਅਫ਼ਸੀਆਂ 5:33.
[ਸਫ਼ਾ 9 ਉੱਤੇ ਤਸਵੀਰ]
ਆਪਣੇ ਸਾਥੀ ਦੀ ਪਰੇਸ਼ਾਨੀ ‘ਸੁਣਨ ਵਿੱਚ ਕਾਹਲੇ ਹੋਵੋ’