ਦੁਨੀਆਂ ਵਿਚ ਬੇਰਹਿਮੀ ਦਾ ਬੋਲਬਾਲਾ
ਦੁਨੀਆਂ ਵਿਚ ਬੇਰਹਿਮੀ ਦਾ ਬੋਲਬਾਲਾ
ਇਕੱਲੀ ਰਹਿੰਦੀ 64-ਸਾਲਾ ਮਰੀਆ ਨਾਂ ਦੀ ਔਰਤ ਆਪਣੇ ਘਰ ਮਰੀ ਪਈ ਮਿਲੀ। ਕਿਸੇ ਨੇ ਉਸ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਤੇ ਫਿਰ ਰੱਸੇ ਨਾਲ ਉਸ ਦੀ ਸੰਘੀ ਨੱਪ ਦਿੱਤੀ।
ਗੁੱਸੇ ਵਿਚ ਪਾਗਲ ਹੋਈ ਭੀੜ ਨੇ ਤਿੰਨ ਪੁਲਸੀਆਂ ਨੂੰ ਕੁੱਟ-ਕੁੱਟ ਕੇ ਅਧਮੋਏ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਪੁਲਸੀਆਂ ਨੇ ਦੋ ਮੁੰਡਿਆਂ ਨੂੰ ਅਗਵਾ ਕੀਤਾ ਸੀ। ਇਨ੍ਹਾਂ ਲੋਕਾਂ ਨੇ ਦੋ ਪੁਲਸੀਆਂ ਉੱਤੇ ਪਟਰੋਲ ਛਿੜਕ ਕੇ ਉਨ੍ਹਾਂ ਨੂੰ ਜ਼ਿੰਦਾ ਜਲਾ ਦਿੱਤਾ। ਤੀਸਰੇ ਨੂੰ ਬਚਾ ਲਿਆ ਗਿਆ।
ਇਕ ਅਣਜਾਣ ਵਿਅਕਤੀ ਨੇ ਪੁਲਸ ਨੂੰ ਟੈਲੀਫ਼ੋਨ ਕਰ ਕੇ ਕਤਲ ਦੀ ਖ਼ਬਰ ਦਿੱਤੀ। ਖ਼ਬਰ ਦੇ ਆਧਾਰ ਤੇ ਪੁਲਸ ਨੂੰ ਇਕ ਬਾਗ਼ ਵਿਚ ਚਾਰ ਬੰਦਿਆਂ ਦੀਆਂ ਲਾਸ਼ਾਂ ਦੱਬੀਆਂ ਮਿਲੀਆਂ। ਇਹ ਬੰਦੇ ਇਕੱਠੇ ਛੁੱਟੀਆਂ ਮਨਾਉਣ ਆਏ ਹੋਏ ਸਨ। ਉਨ੍ਹਾਂ ਦੀਆਂ ਅੱਖਾਂ ਉੱਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਹੱਥ ਵੀ ਬੰਨ੍ਹੇ ਹੋਏ ਸਨ। ਲਾਸ਼ਾਂ ਦੀ ਜਾਂਚ-ਪੜਤਾਲ ਕਰਨ ਤੇ ਪਤਾ ਲੱਗਾ ਕਿ ਉਹ ਜ਼ਿੰਦਾ ਦਫ਼ਨਾਏ ਗਏ ਸਨ!
ਇਹ ਜੁਰਮ ਕਿਸੇ ਡਰਾਉਣੀ ਫ਼ਿਲਮ ਦੇ ਸੀਨ ਨਹੀਂ ਹਨ, ਸਗੋਂ ਇਹ ਘਟਨਾਵਾਂ ਇਕ ਲਾਤੀਨੀ-ਅਮਰੀਕੀ ਦੇਸ਼ ਵਿਚ ਹਾਲ ਹੀ ਵਿਚ ਸੱਚ-ਮੁੱਚ ਵਾਪਰੀਆਂ ਸਨ। ਦੇਖਿਆ ਜਾਵੇ ਤਾਂ ਇਸ ਤਰ੍ਹਾਂ ਦੀ ਬੇਰਹਿਮੀ ਇਸੇ ਦੇਸ਼ ਵਿਚ ਹੀ ਨਹੀਂ ਪਾਈ ਜਾਂਦੀ। ਬੇਰਹਿਮ ਲੋਕ ਸਾਰੀਆਂ ਦੁਨੀਆਂ ਵਿਚ ਹਨ।
ਅੱਜ-ਕੱਲ੍ਹ ਬੰਬ ਧਮਾਕੇ, ਅੱਤਵਾਦੀ ਹਮਲੇ, ਕਤਲ, ਹਿੰਸਾ, ਗੋਲੀਬਾਰੀ, ਬਲਾਤਕਾਰ ਵਰਗੇ ਜੁਰਮ ਸੰਸਾਰ ਭਰ ਵਿਚ ਆਮ ਹੋ ਗਏ ਹਨ। ਹਰ ਦਿਨ ਟੈਲੀਵਿਯਨ ਤੇ ਇਸ ਤਰ੍ਹਾਂ ਦੀਆਂ ਭੈੜੀਆਂ ਖ਼ਬਰਾਂ ਸੁਣ-ਸੁਣ ਕੇ ਜਾਂ ਅਖ਼ਬਾਰਾਂ ਵਿਚ ਪੜ੍ਹ-ਪੜ੍ਹ ਕੇ ਲੋਕ ਵੀ ਹੁਣ ਪਹਿਲਾਂ ਵਾਂਗ ਪਰੇਸ਼ਾਨ ਨਹੀਂ ਹੁੰਦੇ।
ਤੁਸੀਂ ਸ਼ਾਇਦ ਸੋਚੋ, ‘ਦੁਨੀਆਂ ਨੂੰ ਕੀ ਹੋ ਗਿਆ ਹੈ? ਕੀ ਇਨਸਾਨ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ?’ ਦੁਨੀਆਂ ਇੰਨੀ ਬੇਰਹਿਮ ਕਿਉਂ ਹੈ?
ਹੁਣ ਜ਼ਰਾ ਕੈਨੇਡਾ ਵਿਚ ਰਹਿੰਦੇ 69-ਸਾਲਾ ਹੈਰੀ ਬਾਰੇ ਸੋਚੋ ਜਿਸ ਨੂੰ ਕੈਂਸਰ ਹੈ। ਉਸ ਦੀ ਪਤਨੀ ਨੂੰ ਮਲਟਿਪਲ ਸਕਲਿਰੋਸਿਸ ਨਾਂ ਦੀ ਬੀਮਾਰੀ ਹੈ। ਪਰ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੇ ਦੋਸਤ-ਮਿੱਤਰ ਰਲ-ਮਿਲ ਕੇ ਉਨ੍ਹਾਂ ਦੀ ਦੇਖ-ਭਾਲ ਕਰਦੇ ਹਨ। ਹੈਰੀ ਨੇ ਕਿਹਾ ਕਿ “ਇਨ੍ਹਾਂ ਰਹਿਮਦਿਲ ਲੋਕਾਂ ਤੋਂ ਬਿਨਾਂ ਪਤਾ ਨਹੀਂ ਸਾਡਾ ਕੀ ਬਣਦਾ।” ਕੈਨੇਡਾ ਵਿਚ ਕੀਤੇ ਗਏ ਇਕ ਸਰਵੇਖਣ ਤੋਂ ਪਤਾ ਲੱਗਾ ਕਿ ਜਿਹੜੇ ਲੋਕ ਬਜ਼ੁਰਗਾਂ ਦੀ ਦੇਖ-ਭਾਲ ਕਰਦੇ ਹਨ, ਉਨ੍ਹਾਂ ਵਿੱਚੋਂ ਅੱਧਿਆਂ ਤੋਂ ਜ਼ਿਆਦਾ ਲੋਕਾਂ ਦਾ ਇਨ੍ਹਾਂ ਬਜ਼ੁਰਗਾਂ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ। ਤੁਸੀਂ ਵੀ ਉਨ੍ਹਾਂ ਲੋਕਾਂ ਨੂੰ ਜ਼ਰੂਰ ਜਾਣਦੇ ਹੋਵੋਗੇ ਜੋ ਆਂਢ-ਗੁਆਂਢ ਵਿਚ ਪਿਆਰ ਨਾਲ ਇਕ ਦੂਜੇ ਦੀ ਸਹਾਇਤਾ ਕਰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਬੇਰਹਿਮ ਦੁਨੀਆਂ ਵਿਚ ਰਹਿੰਦਿਆਂ ਹੋਇਆਂ ਵੀ ਲੋਕ ਇਕ ਦੂਜੇ ਨਾਲ ਚੰਗਾ ਸਲੂਕ ਕਰਨ ਦੇ ਯੋਗ ਹਨ।
ਪਰ ਫਿਰ ਦੁਨੀਆਂ ਵਿਚ ਇੰਨੀ ਬੇਰਹਿਮੀ ਕਿਉਂ ਹੈ? ਲੋਕ ਕਿਉਂ ਇੰਨੇ ਜ਼ਾਲਮ ਹਨ? ਕੀ ਅਜਿਹੇ ਲੋਕ ਬਦਲ ਸਕਦੇ ਹਨ? ਕੀ ਬੇਰਹਿਮੀ ਕਦੇ ਖ਼ਤਮ ਹੋਵੇਗੀ? ਜੇ ਹੋਵੇਗੀ, ਤਾਂ ਕਿੱਦਾਂ ਤੇ ਕਦੋਂ?
[ਸਫ਼ਾ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Train: CORDON PRESS