ਬਰਿਯਾ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ
ਬਰਿਯਾ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ
ਲਗਭਗ 50 ਈ. ਵਿਚ ਪੌਲੁਸ ਅਤੇ ਸੀਲਾਸ ਨਾਂ ਦੇ ਦੋ ਮਿਸ਼ਨਰੀਆਂ ਨੂੰ ਰਾਤੋ-ਰਾਤ ਥੱਸਲੁਨੀਕਾ (ਥੈਸਾਲਾਨੀਕੀ) ਤੋਂ ਭੱਜ ਕੇ ਬਰਿਯਾ ਜਾਣਾ ਪਿਆ। ਕਿਉਂ? ਕਿਉਂਕਿ ਇਕ ਭੀੜ ਉਨ੍ਹਾਂ ਉੱਤੇ ਟੁੱਟ ਕੇ ਪਈ। ਲੋਕਾਂ ਨੇ ਉਨ੍ਹਾਂ ਦੇ ਪ੍ਰਚਾਰ ਉੱਤੇ ਪਰਮੇਸ਼ੁਰ ਦੀ ਬਰਕਤ ਦੇਖੀ ਸੀ ਜਿਸ ਕਰਕੇ ਬਹੁਤ ਸਾਰੇ ਲੋਕ ਯਿਸੂ ਦੇ ਚੇਲੇ ਬਣ ਗਏ। ਇਸ ਲਈ ਭਰਾਵਾਂ ਨੇ ਫ਼ੈਸਲਾ ਕੀਤਾ ਕਿ ਨਵੀਂ ਬਣੀ ਕਲੀਸਿਯਾ ਦੀ ਖ਼ਾਤਰ ਅਤੇ ਇਨ੍ਹਾਂ ਦੋ ਮਿਸ਼ਨਰੀਆਂ ਦੀ ਜਾਨ ਬਚਾਉਣ ਲਈ ਇਹ ਦੋਵੇਂ ਫ਼ੌਰਨ ਹੀ ਸ਼ਹਿਰ ਛੱਡ ਕੇ ਚਲੇ ਜਾਣ। ਬਰਿਯਾ ਪਹੁੰਚ ਕੇ ਉਨ੍ਹਾਂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ।
ਪਹਿਲੀ ਸਦੀ ਵਾਂਗ ਅੱਜ ਵੀ ਦੂਰੋਂ ਆਉਂਦਿਆਂ ਤੁਸੀਂ ਹਰੇ-ਭਰੇ ਵਰਮੀਓ ਪਹਾੜ ਦੇ ਪੂਰਬ ਵੱਲ ਬਰਿਯਾ ਸ਼ਹਿਰ ਦੇਖ ਸਕਦੇ ਹੋ। ਇਹ ਸ਼ਹਿਰ ਥੱਸਲੁਨੀਕਾ ਦੇ ਦੱਖਣ-ਪੱਛਮ ਵੱਲ ਤਕਰੀਬਨ 65 ਕਿਲੋਮੀਟਰ ਅਤੇ ਏਜੀਅਨ ਸਾਗਰ ਦੇ ਕਿਨਾਰੇ ਤੋਂ ਤਕਰੀਬਨ 40 ਕਿਲੋਮੀਟਰ ਦੂਰ ਹੈ। ਓਲਿੰਪਸ ਪਹਾੜ ਇਸ ਦੇ ਦੱਖਣ ਵੱਲ ਹੈ ਜਿੱਥੇ ਯੂਨਾਨੀ ਮਿਥਿਹਾਸ ਅਨੁਸਾਰ ਪ੍ਰਾਚੀਨ ਯੂਨਾਨੀ ਦੇਵੀ-ਦੇਵਤੇ ਰਹਿੰਦੇ ਸਨ।
ਬਾਈਬਲ ਦਾ ਅਧਿਐਨ ਕਰਨ ਵਾਲੇ ਲੋਕ ਬਰਿਯਾ ਵਿਚ ਕਾਫ਼ੀ ਦਿਲਚਸਪੀ ਲੈਂਦੇ ਹਨ ਕਿਉਂਕਿ ਇੱਥੇ ਪੌਲੁਸ ਨੇ ਪ੍ਰਚਾਰ ਕੀਤਾ ਸੀ ਜਿਸ ਕਰਕੇ ਕਈ ਲੋਕ ਯਿਸੂ ਦੇ ਚੇਲੇ ਬਣ ਗਏ ਸਨ। (ਰਸੂਲਾਂ ਦੇ ਕਰਤੱਬ 17:10-15) ਆਓ ਆਪਾਂ ਇਸ ਸ਼ਹਿਰ ਦੇ ਇਤਿਹਾਸ ਵੱਲ ਝਾਤੀ ਮਾਰੀਏ ਅਤੇ ਦੇਖੀਏ ਕਿ ਪੌਲੁਸ ਕਿੱਥੇ-ਕਿੱਥੇ ਗਿਆ ਸੀ।
ਪ੍ਰਾਚੀਨ ਬਰਿਯਾ
ਕਿਸੇ ਨੂੰ ਪੱਕਾ ਨਹੀਂ ਪਤਾ ਕਿ ਬਰਿਯਾ ਸ਼ਹਿਰ ਦੇ ਪਹਿਲੇ ਵਾਸੀ ਕੌਣ ਸਨ। ਹੋ ਸਕਦਾ ਹੈ ਕਿ ਇਹ ਪੁਰਾਣੇ ਫਰੀਜੀਆਈ ਕਬੀਲਿਆਂ ਦੇ ਲੋਕ ਸਨ। ਲਗਭਗ ਸੱਤਵੀਂ ਸਦੀ ਈ.ਪੂ. ਵਿਚ ਮਕਦੂਨੀ ਲੋਕਾਂ ਨੇ ਇਨ੍ਹਾਂ ਨੂੰ ਕੱਢ ਕੇ ਆਪ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਇਸ ਤੋਂ ਤਿੰਨ ਸਦੀਆਂ ਬਾਅਦ ਸਿਕੰਦਰ ਮਹਾਨ ਦੀਆਂ ਜਿੱਤਾਂ ਨੇ ਮਕਦੂਨਿਯਾ ਦੇ ਇਲਾਕੇ ਨੂੰ ਅਮੀਰ ਬਣਾ ਦਿੱਤਾ ਅਤੇ ਇਸ ਵਿਚ ਵੱਡੀਆਂ-ਵੱਡੀਆਂ ਤੇ ਸ਼ਾਨਦਾਰ ਇਮਾਰਤਾਂ ਅਤੇ ਕੰਧਾਂ ਖੜ੍ਹੀਆਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਜ਼ੂਸ, ਅਰਤਿਮਿਸ, ਅਪਾਲੋ, ਅਥੀਨਾ ਤੇ ਹੋਰ ਯੂਨਾਨੀ ਦੇਵੀ-ਦੇਵਤਿਆਂ ਲਈ ਆਲੀਸ਼ਾਨ ਮੰਦਰ ਬਣਾਏ ਗਏ।
ਇਤਿਹਾਸ ਦੀ ਇਕ ਪੁਸਤਕ ਮੁਤਾਬਕ ਸਦੀਆਂ ਦੌਰਾਨ ਬਰਿਯਾ “ਇਕ ਮਹੱਤਵਪੂਰਣ ਸ਼ਹਿਰ ਸੀ ਜਿਸ ਦਾ ਅਸਰ ਆਲੇ-ਦੁਆਲੇ ਦੇ ਇਲਾਕੇ ਤੋਂ ਇਲਾਵਾ ਉੱਤਰੀ ਯੂਨਾਨ ਉੱਤੇ ਵੀ ਪਿਆ।” ਇਹ ਸ਼ਹਿਰ ਖ਼ਾਸ ਕਰਕੇ ਮਕਦੂਨਿਯਾ ਦੇ ਆਖ਼ਰੀ ਸ਼ਾਹੀ ਖ਼ਾਨਦਾਨ (ਐਂਟਿਗੋਨਿਡ ਖ਼ਾਨਦਾਨ 306-168 ਈ.ਪੂ.) ਦੇ ਰਾਜ ਦੌਰਾਨ ਮਸ਼ਹੂਰ ਹੋਇਆ ਸੀ। ਪਰ ਅਖ਼ੀਰ ਵਿਚ ਰੋਮੀਆਂ ਨੇ ਇਸ ਖ਼ਾਨਦਾਨ ਦਾ ਰਾਜ ਖ਼ਤਮ ਕਰ ਦਿੱਤਾ ਸੀ।
ਇਕ ਵਿਸ਼ਵ ਕੋਸ਼ ਦੇ ਮੁਤਾਬਕ ਜਦ ਰੋਮੀਆਂ ਨੇ 197 ਈ.ਪੂ. ਵਿਚ ਮਕਦੂਨਿਯਾ ਦੇ ਬਾਦਸ਼ਾਹ ਫਿਲਿਪ ਪੰਜਵੇਂ ਨੂੰ ਹਰਾ ਦਿੱਤਾ, ਤਾਂ “ਰੋਮ ਭੂਮੱਧ ਸਾਗਰ ਦੇ ਪੂਰਬੀ ਦੇਸ਼ਾਂ ਉੱਤੇ ਪ੍ਰਬਲ ਹੋਣ ਲੱਗ ਪਿਆ।” 168 ਈ.ਪੂ. ਵਿਚ ਬਰਿਯਾ ਦੇ ਦੱਖਣ ਵੱਲ ਪਿਡਨਾ ਸ਼ਹਿਰ ਵਿਖੇ ਇਕ ਰੋਮੀ ਜਰਨੈਲ ਨੇ ਪਰਸੂਸ ਨਾਂ ਦੇ ਦਾਨੀਏਲ 7:6, 7, 23) ਇਸ ਜੰਗ ਤੋਂ ਬਾਅਦ ਬਰਿਯਾ ਮਕਦੂਨਿਯਾ ਵਿੱਚੋਂ ਇਕ ਪਹਿਲਾ ਸ਼ਹਿਰ ਸੀ ਜਿਸ ਨੇ ਰੋਮ ਅੱਗੇ ਹਾਰ ਮੰਨੀ।
ਆਖ਼ਰੀ ਮਕਦੂਨੀ ਰਾਜੇ ਉੱਤੇ ਮਹਾਨ ਜਿੱਤ ਹਾਸਲ ਕੀਤੀ। ਇਸ ਸਮੇਂ ਬਾਈਬਲ ਦੀ ਉਹ ਭਵਿੱਖਬਾਣੀ ਪੂਰੀ ਹੋਈ ਜਿਸ ਵਿਚ ਦੱਸਿਆ ਗਿਆ ਸੀ ਕਿ ਰੋਮ ਨੇ ਯੂਨਾਨੀ ਵਿਸ਼ਵ ਸ਼ਕਤੀ ਦੀ ਥਾਂ ਲੈ ਲੈਣੀ ਸੀ। (ਪਹਿਲੀ ਸਦੀ ਈ.ਪੂ. ਵਿਚ ਮਕਦੂਨਿਯਾ ਮੈਦਾਨੇ-ਜੰਗ ਬਣ ਗਿਆ ਜਦ ਜੂਲੀਅਸ ਕੈਸਰ ਆਪਣੇ ਜਰਨੈਲ ਪੌਂਪੀ ਨਾਲ ਲੜ ਰਿਹਾ ਸੀ। ਦਰਅਸਲ ਪੌਂਪੀ ਦੀਆਂ ਫ਼ੌਜਾਂ ਅਤੇ ਹੈੱਡ-ਕੁਆਰਟਰ ਬਰਿਯਾ ਦੇ ਲਾਗੇ ਸਨ।
ਰੋਮੀ ਰਾਜ ਅਧੀਨ ਸ਼ਹਿਰ ਦੀ ਤਰੱਕੀ
ਰੋਮ ਦੇ ਰਾਜ ਦੌਰਾਨ ਬਰਿਯਾ ਵਿਚ ਪੱਥਰਾਂ ਨਾਲ ਬਣੀਆਂ ਸੜਕਾਂ ਸਨ ਜੋ ਦੋਵੇਂ ਪਾਸੇ ਵੱਡੇ-ਵੱਡੇ ਥੰਮ੍ਹਾਂ ਨਾਲ ਸਜੀਆਂ ਹੋਈਆਂ ਸਨ। ਸ਼ਹਿਰ ਵਿਚ ਇਸ਼ਨਾਨ-ਘਰ, ਨਾਟਕ-ਘਰ, ਲਾਇਬ੍ਰੇਰੀਆਂ ਤੇ ਤਲਵਾਰੀ ਮੁਕਾਬਲਿਆਂ ਲਈ ਰੰਗਸ਼ਾਲਾ ਸਨ। ਨਾਲੀਆਂ ਰਾਹੀਂ ਸਾਫ਼ ਪਾਣੀ ਦੇ ਪ੍ਰਬੰਧ ਤੋਂ ਇਲਾਵਾ ਜ਼ਮੀਨ ਹੇਠਾਂ ਗੰਦੇ ਪਾਣੀ ਲਈ ਨਾਲੀਆਂ ਵੀ ਸਨ। ਬਰਿਯਾ ਇਕ ਵਪਾਰਕ ਕੇਂਦਰ ਵਜੋਂ ਮਸ਼ਹੂਰ ਹੋਇਆ ਜਿੱਥੇ ਵਪਾਰੀ, ਕਲਾਕਾਰ ਅਤੇ ਖਿਡਾਰੀ ਆਉਂਦੇ-ਜਾਂਦੇ ਸਨ। ਇੱਥੇ ਖੇਡਾਂ ਤੇ ਹੋਰ ਮੁਕਾਬਲੇ ਦੇਖਣ ਬਹੁਤ ਦੁਨੀਆਂ ਆਉਂਦੀ ਸੀ। ਇੱਥੇ ਕਈ ਕਿਸਮ ਦੇ ਮੰਦਰ ਸਨ ਜਿੱਥੇ ਹਰ ਕੋਈ ਆਪੋ-ਆਪਣੀ ਧਾਰਮਿਕ ਰੀਤ ਪੂਰੀ ਕਰ ਸਕਦਾ ਸੀ। ਇਸ ਸ਼ਹਿਰ ਵਿਚ ਲੋਕ ਰੋਮੀ ਸਾਮਰਾਜ ਦੇ ਕੋਨੇ-ਕੋਨੇ ਤੋਂ ਆ ਕੇ ਇਕ-ਦੂਜੇ ਨਾਲ ਰਲਦੇ-ਮਿਲਦੇ ਸਨ।
ਬਰਿਯਾ ਦੇ ਲੋਕ ਮਰ ਚੁੱਕੇ ਰੋਮੀ ਬਾਦਸ਼ਾਹਾਂ ਦੀ ਪੂਜਾ ਕਰਨ ਲੱਗੇ। ਇਹ ਬਰਿਯਾ ਦੇ ਲੋਕਾਂ ਲਈ ਅਜੀਬ ਨਹੀਂ ਸੀ ਕਿਉਂਕਿ ਸਿਕੰਦਰ ਮਹਾਨ ਦੀ ਮੌਤ ਤੋਂ ਬਾਅਦ ਉਹ ਉਸ ਨੂੰ ਵੀ ਦੇਵਤਾ ਮੰਨਦੇ ਸਨ। ਇਕ ਯੂਨਾਨੀ ਪੁਸਤਕ ਕਹਿੰਦੀ ਹੈ: ‘ਰੋਮ ਦੇ ਸਾਮਰਾਜ ਦੇ ਪੂਰਬੀ ਹਿੱਸੇ ਵਿਚ ਯੂਨਾਨੀ ਲੋਕਾਂ ਦੀ ਪਹਿਲਾਂ ਤੋਂ ਰੀਤ
ਸੀ ਕਿ ਉਹ ਕਿਸੇ ਰਾਜੇ ਦੇ ਜੀਉਂਦੇ-ਜੀ ਉਸ ਨੂੰ ਦੇਵਤਾ ਮੰਨਣ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਹ ਰੋਮੀ ਬਾਦਸ਼ਾਹਾਂ ਦੀ ਵੀ ਖ਼ੁਸ਼ੀ-ਖ਼ੁਸ਼ੀ ਪੂਜਾ ਕਰਨ ਲੱਗੇ। ਉਨ੍ਹਾਂ ਦੇ ਸਿੱਕਿਆਂ ਉੱਤੇ ਬਾਦਸ਼ਾਹ ਨੂੰ ਦੇਵਤੇ ਦੇ ਰੂਪ ਵਿਚ ਦਿਖਾਇਆ ਜਾਂਦਾ ਸੀ। ਲੋਕ ਬਾਕੀ ਦੇਵੀ-ਦੇਵਤਿਆਂ ਵਾਂਗ ਭਜਨਾਂ ਤੇ ਅਰਦਾਸਾਂ ਨਾਲ ਉਸ ਦੀ ਵੀ ਜੈ-ਜੈਕਾਰ ਕਰਦੇ ਸਨ।’ ਉਸ ਲਈ ਵੇਦੀਆਂ ਅਤੇ ਮੰਦਰ ਬਣਾਏ ਗਏ ਜਿੱਥੇ ਲੋਕ ਚੜ੍ਹਾਵੇ ਚੜ੍ਹਾਉਂਦੇ ਸਨ। ਬਾਦਸ਼ਾਹ ਵੀ ਇੱਥੇ ਆਣ ਕੇ ਧਾਰਮਿਕ ਤਿਉਹਾਰ ਮਨਾਉਂਦੇ ਸਨ। ਇਨ੍ਹਾਂ ਰੌਣਕ-ਮੇਲਿਆਂ ਦੌਰਾਨ ਖੇਡਾਂ ਤੋਂ ਇਲਾਵਾ ਕਲਾ ਤੇ ਸਾਹਿੱਤ ਸੰਬੰਧੀ ਮੁਕਾਬਲੇ ਵੀ ਹੁੰਦੇ ਸਨ।ਬਰਿਯਾ ਵਿਚ ਦੇਵੀ-ਦੇਵਤਿਆਂ ਦੀ ਇੰਨੀ ਪੂਜਾ ਕਿਉਂ ਕੀਤੀ ਜਾਂਦੀ ਸੀ? ਕਿਉਂਕਿ ਇੱਥੇ ਮਕਦੂਨਿਯਾ ਦੇ ਸ਼ਹਿਰਾਂ ਤੋਂ ਮੰਨੇ-ਪ੍ਰਮੰਨੇ ਲੋਕਾਂ ਦੀ ਸਭਾ ਲੱਗਦੀ ਸੀ। ਇਹ ਸਭਾ ਰੋਮੀ ਸਾਮਰਾਜ ਵਿਚ ਪੂਜਾ ਕਰਨ ਦੇ ਰੀਤੀ-ਰਿਵਾਜ ਦੀ ਨਿਗਰਾਨੀ ਕਰਦੀ ਸੀ। ਇਸ ਤੋਂ ਇਲਾਵਾ ਇਹ ਲੋਕ ਬਰਿਯਾ ਵਿਚ ਆਪਣੇ ਸ਼ਹਿਰਾਂ ਤੇ ਸੂਬੇ ਦੇ ਵੱਖ-ਵੱਖ ਮਾਮਲਿਆਂ ਬਾਰੇ ਗੱਲਾਂ ਕਰਨ ਲਈ ਬਾਕਾਇਦਾ ਇਕੱਠੇ ਹੁੰਦੇ ਸਨ ਅਤੇ ਰੋਮੀਆਂ ਦੀ ਨਿਗਰਾਨੀ ਹੇਠ ਇਨ੍ਹਾਂ ਗੱਲਾਂ ਦਾ ਫ਼ੈਸਲਾ ਕਰਦੇ ਸਨ।
ਪੌਲੁਸ ਅਤੇ ਸੀਲਾਸ ਥੱਸਲੁਨੀਕਾ ਤੋਂ ਭੱਜ ਕੇ ਬਰਿਯਾ ਸ਼ਹਿਰ ਦੇ ਇਸ ਮਾਹੌਲ ਵਿਚ ਆਏ ਸਨ। ਉਸ ਸਮੇਂ ਤਕ ਬਰਿਯਾ ਉੱਤੇ ਦੋ ਸਦੀਆਂ ਤੋਂ ਰੋਮ ਦਾ ਰਾਜ ਚੱਲਦਾ ਆਇਆ ਸੀ।
ਬਰਿਯਾ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ
ਬਰਿਯਾ ਪਹੁੰਚ ਕੇ ਪੌਲੁਸ ਨੇ ਯਹੂਦੀ ਸਭਾ-ਘਰ ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ। ਕੀ ਲੋਕਾਂ ਨੇ ਉਸ ਦੀ ਗੱਲ ਸੁਣੀ ਸੀ? ਬਾਈਬਲ ਵਿਚ ਸਾਨੂੰ ਇਸ ਬਾਰੇ ਦੱਸਿਆ ਜਾਂਦਾ ਹੈ ਕਿ “ਏਥੇ ਦੇ ਲੋਕ ਥੱਸਲੁਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ ਇਸ ਲਈ ਜੋ ਏਹਨਾਂ ਨੇ ਦਿਲ ਦੀ ਵੱਡੀ ਚਾਹ ਨਾਲ ਬਚਨ ਨੂੰ ਮੰਨ ਲਿਆ ਅਤੇ ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ ਭਈ ਏਹ ਗੱਲਾਂ ਇਸੇ ਤਰਾਂ ਹਨ ਕਿ ਨਹੀਂ।” (ਰਸੂਲਾਂ ਦੇ ਕਰਤੱਬ 17:10, 11) ਬਰਿਯਾ ਦੇ ਲੋਕ “ਬਹੁਤ ਚੰਗੇ” ਸਨ ਕਿਉਂਕਿ ਉਨ੍ਹਾਂ ਨੇ ਆਪਣੇ ਰੀਤੀ-ਰਿਵਾਜਾਂ ਨੂੰ ਫੜੀ ਰੱਖਣ ਦੀ ਜ਼ਿੱਦ ਨਹੀਂ ਕੀਤੀ। ਭਾਵੇਂ ਪੌਲੁਸ ਉਨ੍ਹਾਂ ਨੂੰ ਨਵੀਆਂ ਗੱਲਾਂ ਦੱਸ ਰਿਹਾ ਸੀ, ਪਰ ਉਨ੍ਹਾਂ ਨੇ ਨਾ ਤਾਂ ਉਸ ਨੂੰ ਸ਼ੱਕੀ ਨਜ਼ਰ ਨਾਲ ਦੇਖਿਆ ਤੇ ਨਾ ਹੀ ਉਹ ਉਸ ਨਾਲ ਗੁੱਸੇ ਹੋਏ। ਪੌਲੁਸ ਦੇ ਸੰਦੇਸ਼ ਨੂੰ ਰੱਦ ਕਰਨ ਦੀ ਬਜਾਇ ਉਨ੍ਹਾਂ ਨੇ ਧਿਆਨ ਨਾਲ ਅਤੇ ਖੁੱਲ੍ਹੇ ਮਨ ਨਾਲ ਉਸ ਦੀਆਂ ਗੱਲਾਂ ਸੁਣੀਆਂ।
ਇਨ੍ਹਾਂ ਯਹੂਦੀਆਂ ਨੂੰ ਕਿਵੇਂ ਪਤਾ ਲੱਗ ਸਕਦਾ ਸੀ ਕਿ ਪੌਲੁਸ ਸੱਚੀਆਂ ਗੱਲਾਂ ਕਰ ਰਿਹਾ ਸੀ ਕਿ ਨਹੀਂ? ਉਨ੍ਹਾਂ ਨੇ ਸਿਰਫ਼ ਸੁਣੀਆਂ-ਸੁਣਾਈਆਂ ਗੱਲਾਂ ਨਹੀਂ ਮੰਨੀਆਂ, ਸਗੋਂ ਧਿਆਨ ਨਾਲ ਬਾਈਬਲ ਵਿੱਚੋਂ ਖੋਜ ਕੀਤੀ ਕਿ ਪੌਲੁਸ ਦੀਆਂ ਗੱਲਾਂ ਸਹੀ ਸਨ ਕਿ ਨਹੀਂ। ਬਾਈਬਲ ਦੇ ਇਕ ਵਿਦਵਾਨ ਨੇ ਕਿਹਾ: “ਪੌਲੁਸ ਨੇ ਬਾਈਬਲ ਦੇ ਆਧਾਰ ਤੇ ਗੱਲ ਕੀਤੀ ਸੀ। ਉਸ ਨੇ ਆਪਣੀਆਂ ਗੱਲਾਂ ਦਾ ਸਬੂਤ ਦੇਣ ਲਈ ਪੁਰਾਣੇ ਨੇਮ ਵਿੱਚੋਂ ਹਵਾਲੇ ਦਿੱਤੇ ਸਨ। ਇਸ ਕਰਕੇ ਯਹੂਦੀ ਲੋਕ ਬਾਈਬਲ ਵਿਚ ਇਹ ਗੱਲਾਂ ਖ਼ੁਦ ਪੜ੍ਹ ਕੇ ਉਨ੍ਹਾਂ ਦਾ ਅਰਥ ਸਮਝ ਸਕਦੇ ਸਨ। ਉਹ ਇਕ ਆਇਤ ਦੀ ਦੂਜੀ ਆਇਤ ਨਾਲ ਤੁਲਨਾ ਕਰ ਸਕਦੇ ਸਨ। ਉਹ ਪੌਲੁਸ ਦੀਆਂ ਗੱਲਾਂ ਦੀ ਜਾਂਚ ਕਰ ਕੇ ਦੇਖ ਸਕਦੇ
ਸਨ ਕਿ ਕੀ ਉਹ ਸਹੀ ਸਨ ਕਿ ਨਹੀਂ। ਇਹ ਸਭ ਕਰਨ ਤੋਂ ਬਾਅਦ ਉਹ ਆਪ ਫ਼ੈਸਲਾ ਕਰ ਸਕਦੇ ਸਨ ਕਿ ਉਹ ਇਨ੍ਹਾਂ ਗੱਲਾਂ ਨੂੰ ਮੰਨਣਗੇ ਕਿ ਨਹੀਂ।”ਬਰਿਯਾ ਦੇ ਲੋਕ ਉੱਪਰੋਂ-ਉੱਪਰੋਂ ਹੀ ਗੱਲਾਂ ਨਹੀਂ ਦੇਖ ਰਹੇ ਸਨ ਬਲਕਿ ਮਨ ਲਾ ਕੇ ਡੂੰਘੀ ਤਰ੍ਹਾਂ ਅਧਿਐਨ ਕਰ ਰਹੇ ਸਨ। ਉਨ੍ਹਾਂ ਨੇ ਸਿਰਫ਼ ਸਬਤ ਦੇ ਦਿਨ ਤੇ ਹੀ ਇਸ ਤਰ੍ਹਾਂ ਨਹੀਂ ਕੀਤਾ ਸੀ, ਸਗੋਂ ਉਹ ਰੋਜ਼ ਸਮਾਂ ਕੱਢ ਕੇ ਇਸ ਤਰ੍ਹਾਂ ਕਰਦੇ ਸਨ।
ਇਸ ਦਾ ਨਤੀਜਾ ਕੀ ਨਿਕਲਿਆ? ਬਰਿਯਾ ਦੇ ਬਹੁਤ ਸਾਰੇ ਯਹੂਦੀਆਂ ਨੇ ਪੌਲੁਸ ਦੀਆਂ ਗੱਲਾਂ ਨੂੰ ਮੰਨਿਆ ਅਤੇ ਉਹ ਯਿਸੂ ਦੇ ਚੇਲੇ ਬਣ ਗਏ। ਕਈ ਯੂਨਾਨੀ ਲੋਕਾਂ ਨੇ ਵੀ ਇਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਕੀਤਾ ਤੇ ਸ਼ਾਇਦ ਇਨ੍ਹਾਂ ਵਿੱਚੋਂ ਕਈਆਂ ਨੇ ਪਹਿਲਾਂ ਹੀ ਯਹੂਦੀ ਧਰਮ ਅਪਣਾਇਆ ਹੋਇਆ ਸੀ। ਪਰ ਇਹ ਦੇਖ ਕੇ ਸਾਰੇ ਲੋਕ ਖ਼ੁਸ਼ ਨਹੀਂ ਸਨ। ਜਦ ਥੱਸਲੁਨੀਕਾ ਵਿਚ ਰਹਿਣ ਵਾਲੇ ਯਹੂਦੀਆਂ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਛੇਤੀ ਬਰਿਯਾ ਨੂੰ ਆ ਕੇ ਲੋਕਾਂ ਨੂੰ ਪੌਲੁਸ ਦੇ ਖ਼ਿਲਾਫ਼ ਭੜਕਾਉਣ ਲੱਗੇ।—ਰਸੂਲਾਂ ਦੇ ਕਰਤੱਬ 17:4, 12, 13.
ਭਾਵੇਂ ਪੌਲੁਸ ਨੂੰ ਮਜਬੂਰ ਹੋ ਕੇ ਬਰਿਯਾ ਤੋਂ ਜਾਣਾ ਪਿਆ, ਪਰ ਉਸ ਨੇ ਪ੍ਰਚਾਰ ਕਰਨਾ ਨਹੀਂ ਛੱਡਿਆ। ਇਸ ਵਾਰ ਉਹ ਜਹਾਜ਼ ਫੜ ਕੇ ਅਥੇਨੈ (ਐਥਿਨਜ਼) ਚਲਾ ਗਿਆ। (ਰਸੂਲਾਂ ਦੇ ਕਰਤੱਬ 17:14, 15) ਫਿਰ ਵੀ ਉਹ ਖ਼ੁਸ਼ ਸੀ ਕਿ ਬਰਿਯਾ ਵਿਚ ਉਸ ਦੇ ਪ੍ਰਚਾਰ ਕਰਕੇ ਕਈ ਲੋਕ ਯਿਸੂ ਦੇ ਚੇਲੇ ਬਣੇ। ਅੱਜ ਵੀ ਬਰਿਯਾ ਵਿਚ ਯਿਸੂ ਦੇ ਚੇਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਜੀ ਹਾਂ, ਹੁਣ ਵੀ ਬਰਿਯਾ ਵਿਚ ਅਜਿਹੇ ਲੋਕ ਹਨ ਜੋ ਬੜੇ ਧਿਆਨ ਨਾਲ ਬਾਈਬਲ ਦੀ ਜਾਂਚ ਕਰ ਕੇ ‘ਸਭਨਾਂ ਗੱਲਾਂ ਨੂੰ ਪਰਖਦੇ’ ਹਨ ਅਤੇ ਸੱਚਾਈ ਨੂੰ ‘ਫੜੀ ਰੱਖਦੇ’ ਹਨ। (1 ਥੱਸਲੁਨੀਕੀਆਂ 5:21) ਇੱਥੇ ਯਹੋਵਾਹ ਦੇ ਗਵਾਹਾਂ ਦੀਆਂ ਦੋ ਕਲੀਸਿਯਾਵਾਂ ਹਨ ਤੇ ਇਹ ਭੈਣ-ਭਰਾ ਪੌਲੁਸ ਵਾਂਗ ਹੋਰਨਾਂ ਨੂੰ ਬਾਈਬਲ ਦੀਆਂ ਗੱਲਾਂ ਸੁਣਾ ਰਹੇ ਹਨ। ਉਹ ਨੇਕਦਿਲ ਲੋਕਾਂ ਨੂੰ ਲੱਭ ਕੇ ਬਾਈਬਲ ਵਰਤਦੇ ਹੋਏ ਉਨ੍ਹਾਂ ਦੀ ਮਦਦ ਕਰਦੇ ਹਨ ਤਾਂਕਿ ਉਹ ਵੀ ਸੱਚੇ ਪਰਮੇਸ਼ੁਰ ਯਹੋਵਾਹ ਨੂੰ ਜਾਣ ਸਕਣ।—ਇਬਰਾਨੀਆਂ 4:12.
[ਸਫ਼ਾ 13 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਕੁਝ ਥਾਂ ਜਿੱਥੇ ਪੌਲੁਸ ਆਪਣੇ ਦੂਸਰੇ ਮਿਸ਼ਨਰੀ ਦੌਰੇ ਤੇ ਗਿਆ ਸੀ
ਮੁਸਿਯਾ
ਤ੍ਰੋਆਸ
ਨਿਯਾਪੁਲਿਸ
ਫ਼ਿਲਿੱਪੈ
ਮਕਦੂਨਿਯਾ
ਅਮਫ਼ਿਪੁਲਿਸ
ਥੱਸਲੁਨੀਕਾ
ਬਰਿਯਾ
ਯੂਨਾਨ
ਅਥੇਨੈ
ਕੁਰਿੰਥੁਸ
ਅਖਾਯਾ
ਅਸਿਯਾ
ਅਫ਼ਸੁਸ
ਰੋਦੁਸ
[ਸਫ਼ਾ 13 ਉੱਤੇ ਤਸਵੀਰ]
ਚਾਂਦੀ ਦਾ ਸਿੱਕਾ ਜਿਸ ਤੇ ਸਿਕੰਦਰ ਮਹਾਨ ਨੂੰ ਦੇਵਤੇ ਦੇ ਰੂਪ ਵਿਚ ਦਿਖਾਇਆ ਗਿਆ ਹੈ
[ਕ੍ਰੈਡਿਟ ਲਾਈਨ]
Coin: Pictorial Archive (Near Eastern History) Est.
[ਸਫ਼ਾ 14 ਉੱਤੇ ਤਸਵੀਰ]
ਬਰਿਯਾ ਵਿਚ ਯਹੂਦੀਆਂ ਦਾ ਇਲਾਕਾ
[ਸਫ਼ਾ 15 ਉੱਤੇ ਤਸਵੀਰ]
ਅੱਜ ਬਰਿਯਾ ਵਿਚ ਯਹੂਦੀਆਂ ਦਾ ਪੁਰਾਣਾ ਸਭਾ-ਘਰ