Skip to content

Skip to table of contents

ਵਾਈਯੂ ਦੇਸ਼ ਦੀ ‘ਖੇਤੀ ਪੱਕੀ ਹੋਈ ਹੈ’

ਵਾਈਯੂ ਦੇਸ਼ ਦੀ ‘ਖੇਤੀ ਪੱਕੀ ਹੋਈ ਹੈ’

ਵਾਈਯੂ ਦੇਸ਼ ਦੀ ‘ਖੇਤੀ ਪੱਕੀ ਹੋਈ ਹੈ’

ਗਵਾਹੀਰਾ ਪ੍ਰਾਇਦੀਪ ਦੱਖਣੀ ਅਮਰੀਕਾ ਦੇ ਉੱਤਰੀ ਸਿਰੇ ਤੇ ਸਥਿਤ ਹੈ। ਇਹ ਉੱਤਰੀ ਕੋਲੰਬੀਆ ਅਤੇ ਉੱਤਰ-ਪੱਛਮੀ ਵੈਨੇਜ਼ੁਏਲਾ ਵੱਲ ਹੈ। ਕਹਿਰਾਂ ਦੀ ਗਰਮੀ ਅਤੇ ਮੀਂਹ ਘੱਟ ਪੈਣ ਕਾਰਨ ਇਸ ਜਗ੍ਹਾ ਦੀ ਹਾਲਤ ਉਜਾੜ ਵਰਗੀ ਹੈ ਅਤੇ ਤਾਪਮਾਨ 43 ਡਿਗਰੀ ਸੈਲਸੀਅਸ ਤਕ ਪਹੁੰਚ ਜਾਂਦਾ ਹੈ। ਪਰ ਗਰਮੀ ਦੇ ਬਾਵਜੂਦ ਇੱਥੇ ਦੇ ਲੋਕ ਖੇਤੀ-ਬਾੜੀ ਦੇ ਕੰਮ ਵਿਚ ਰੁੱਝੇ ਰਹਿੰਦੇ ਹਨ। ਸਮੁੰਦਰ ਵੱਲੋਂ ਆਉਂਦੀ ਠੰਢੀ ਹਵਾ ਅਤੇ ਉੱਤਰ-ਪੂਰਬੀ ਪੌਣਾਂ ਕਾਰਨ ਹੀ ਇੰਨੀ ਗਰਮੀ ਸਹੀ ਜਾ ਸਕਦੀ ਹੈ ਅਤੇ ਸੈਲਾਨੀ ਇੱਥੇ ਦੇ ਸ਼ਾਨਦਾਰ ਨਜ਼ਾਰਿਆਂ ਦਾ ਮਜ਼ਾ ਲੈ ਸਕਦੇ ਹਨ।

ਵਾਈਯੂ ਇੰਡੀਅਨਾਂ ਦੇ ਦੇਸ਼ ਵਿਚ ਤੁਹਾਡਾ ਸੁਆਗਤ ਹੈ। ਇੱਥੇ ਤਕਰੀਬਨ 3,05,000 ਵਾਈਯੂ ਲੋਕ ਹਨ ਅਤੇ ਇਨ੍ਹਾਂ ਵਿੱਚੋਂ 1,35,000 ਕੋਲੰਬੀਆ ਵਿਚ ਰਹਿੰਦੇ ਹਨ। ਕੋਲੰਬੀਆ ਵਿਚ ਸਪੇਨੀ ਬਸਤੀਆਂ ਬਣਨ ਤੋਂ ਬਹੁਤ ਚਿਰ ਪਹਿਲਾਂ ਵਾਈਯੂ ਲੋਕ ਇੱਥੇ ਰਹਿੰਦੇ ਸਨ।

ਜ਼ਿਆਦਾਤਰ ਵਾਈਯੂ ਲੋਕ ਖੇਤੀ-ਬਾੜੀ ਤੇ ਪਸ਼ੂਆਂ ਦਾ ਪਾਲਣ-ਪੋਸ਼ਣ ਕਰ ਕੇ ਆਪਣਾ ਗੁਜ਼ਾਰਾ ਕਰਦੇ ਹਨ। ਉਹ ਮੱਛੀਆਂ ਦਾ ਸ਼ਿਕਾਰ ਅਤੇ ਨੇੜਲਿਆਂ ਦੇਸ਼ਾਂ ਨਾਲ ਵਪਾਰ ਵੀ ਕਰਦੇ ਹਨ। ਵਾਈਯੂ ਔਰਤਾਂ ਬਹੁਤ ਵਧੀਆ ਰੰਗ-ਬਰੰਗੀਆਂ ਚੀਜ਼ਾਂ ਬੁਣਦੀਆਂ ਹਨ ਜੋ ਸੈਲਾਨੀਆਂ ਨੂੰ ਬਹੁਤ ਹੀ ਪਸੰਦ ਆਉਂਦੀਆਂ ਹਨ।

ਵਾਈਯੂ ਲੋਕ ਆਪਣੇ ਨੇਕ ਸੁਭਾਅ ਅਤੇ ਪਰਾਹੁਣਚਾਰੀ ਕਰਨ ਲਈ ਜਾਣੇ ਜਾਂਦੇ ਹਨ। ਲੇਕਿਨ, ਉਹ ਵੀ ‘ਭੈੜੇ ਸਮਿਆਂ’ ਵਿਚ ਜੀ ਰਹੇ ਹਨ ਅਤੇ ਬੁਰੇ ਹਾਲਾਤਾਂ ਦੇ ਸ਼ਿਕਾਰ ਬਣਦੇ ਹਨ। (2 ਤਿਮੋਥਿਉਸ 3:1) ਗ਼ਰੀਬੀ ਉਨ੍ਹਾਂ ਦੀ ਇਕ ਵੱਡੀ ਸਮੱਸਿਆ ਹੈ। ਗ਼ਰੀਬੀ ਦੇ ਨਤੀਜੇ ਵਜੋਂ ਹੋਰ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ ਜਿਵੇਂ ਕਿ ਅਨਪੜ੍ਹਤਾ, ਬੱਚਿਆਂ ਲਈ ਖ਼ੁਰਾਕ ਦੀ ਕਮੀ, ਦਵਾਈਆਂ ਦੀ ਘਾਟ ਅਤੇ ਕੁਝ ਥਾਵਾਂ ਤੇ ਅਪਰਾਧ ਵਿਚ ਵਾਧਾ।

ਕਈਆਂ ਸਾਲਾਂ ਤੋਂ ਈਸਾਈ-ਜਗਤ ਦੇ ਚਰਚ ਵਾਈਯੂ ਲੋਕਾਂ ਵਿਚਕਾਰ ਰਹਿਣ ਲਈ ਮਿਸ਼ਨਰੀਆਂ ਨੂੰ ਭੇਜਦੇ ਰਹੇ ਹਨ। ਨਤੀਜੇ ਵਜੋਂ, ਅਧਿਆਪਕਾਂ ਨੂੰ ਸਿਖਲਾਈ ਦੇਣ ਵਾਲੇ ਬਹੁਤ ਸਾਰੇ ਸਕੂਲਾਂ ਅਤੇ ਬੋਰਡਿੰਗ ਸਕੂਲਾਂ ਉੱਤੇ ਚਰਚ ਦਾ ਇਖ਼ਤਿਆਰ ਹੈ। ਕਈ ਵਾਈਯੂ ਲੋਕਾਂ ਨੇ ਈਸਾਈ ਧਰਮ ਦੇ ਦਸਤੂਰ ਅਪਣਾ ਲਏ ਹਨ ਜਿਵੇਂ ਕਿ ਮੂਰਤੀਆਂ ਦੀ ਪੂਜਾ ਕਰਨੀ ਅਤੇ ਛੋਟੇ ਬੱਚਿਆਂ ਨੂੰ ਬਪਤਿਸਮਾ ਦੇਣਾ। ਪਰ ਉਨ੍ਹਾਂ ਨੇ ਆਪਣੇ ਪੁਰਾਣੇ ਰੀਤੀ-ਰਿਵਾਜਾਂ ਤੇ ਵਹਿਮਾਂ-ਭਰਮਾਂ ਨੂੰ ਨਹੀਂ ਛੱਡਿਆ।

ਆਮ ਤੌਰ ਤੇ ਵਾਈਯੂ ਲੋਕ ਪਰਮੇਸ਼ੁਰ ਦਾ ਭੈ ਰੱਖਦੇ ਹਨ ਅਤੇ ਯਹੋਵਾਹ ਦੇ ਗਵਾਹਾਂ ਦੁਆਰਾ ਸੁਣਾਏ ਜਾਂਦੇ ਬਾਈਬਲ ਦੇ ਸੰਦੇਸ਼ ਨੂੰ ਪਸੰਦ ਕਰਦੇ ਹਨ। 1980 ਦੇ ਦਹਾਕੇ ਦੇ ਸ਼ੁਰੂ ਵਿਚ ਗਵਾਹੀਰਾ ਵਿਚ ਸਿਰਫ਼ ਸੱਤ ਵਾਈਯੂ ਲੋਕ ਯਹੋਵਾਹ ਦੇ ਗਵਾਹ ਸਨ। ਉਨ੍ਹਾਂ ਵਿੱਚੋਂ ਤਿੰਨ ਰਿਓਚਾ ਵਿਚ ਰਹਿੰਦੇ ਸਨ ਜੋ ਕਿ ਗਵਾਹੀਰਾ ਦੀ ਰਾਜਧਾਨੀ ਹੈ। ਇਨ੍ਹਾਂ ਦੇ ਨਾਲ-ਨਾਲ 20 ਹੋਰ ਗਵਾਹ ਸਪੇਨੀ ਭਾਸ਼ਾ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਸਨ।

ਆਪਣੀ ਮਾਂ-ਬੋਲੀ ਵਿਚ ਸੰਦੇਸ਼ ਸੁਣਨਾ

ਰਿਓਚਾ ਵਿਚ ਰਹਿਣ ਵਾਲੇ ਜ਼ਿਆਦਾਤਰ ਵਾਈਯੂ ਲੋਕ ਬਹੁਤ ਘੱਟ ਸਪੇਨੀ ਭਾਸ਼ਾ ਬੋਲਦੇ ਹਨ। ਇਸ ਲਈ ਗਵਾਹਾਂ ਨੂੰ ਪਹਿਲਾਂ-ਪਹਿਲ ਪ੍ਰਚਾਰ ਦੇ ਕੰਮ ਵਿਚ ਥੋੜ੍ਹੀ ਹੀ ਸਫ਼ਲਤਾ ਮਿਲੀ। ਵਾਈਯੂ ਲੋਕ ਵਿਦੇਸ਼ੀਆਂ ਨਾਲ ਗੱਲ ਕਰਨ ਤੋਂ ਝਿਜਕਦੇ ਸਨ। ਜਦ ਗਵਾਹ ਉਨ੍ਹਾਂ ਦੇ ਘਰ ਜਾਂਦੇ ਸਨ, ਤਾਂ ਜ਼ਿਆਦਾਤਰ ਵਾਈਯੂ ਲੋਕ ਸਪੇਨੀ ਭਾਸ਼ਾ ਦੀ ਬਜਾਇ ਆਪਣੀ ਮਾਂ-ਬੋਲੀ (ਵਾਈਯੂਨਿਕੀ) ਵਿਚ ਗੱਲ ਕਰਦੇ ਸਨ। ਇਕ ਦੂਸਰੇ ਦੀ ਗੱਲ ਨਾ ਸਮਝਣ ਕਾਰਨ ਗਵਾਹ ਅਗਲੇ ਘਰ ਚਲੇ ਜਾਂਦੇ ਸਨ।

ਪਰ 1994 ਦੇ ਅੰਤ ਤਕ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੇ ਕੁਝ ਸਪੈਸ਼ਲ ਪਾਇਨੀਅਰਾਂ ਨੂੰ ਰਿਓਚਾ ਦੀ ਕਲੀਸਿਯਾ ਵਿਚ ਸੇਵਾ ਕਰਨ ਲਈ ਭੇਜਿਆ। ਇਨ੍ਹਾਂ ਪਾਇਨੀਅਰਾਂ ਨੇ ਇਕ ਵਾਈਯੂ ਭਰਾ ਨੂੰ ਪੁੱਛਿਆ ਕਿ ਉਹ ਉਨ੍ਹਾਂ ਨੂੰ ਵਾਈਯੂਨਿਕੀ ਭਾਸ਼ਾ ਸਿਖਾਵੇ। ਇਨ੍ਹਾਂ ਪਾਇਨੀਅਰਾਂ ਨੇ ਬਾਈਬਲ ਦਾ ਸੰਦੇਸ਼ ਸੁਣਾਉਣ ਲਈ ਕੁਝ ਸਾਦੇ ਜਿਹੇ ਵਾਕ ਸਿੱਖ ਲਏ। ਫਿਰ ਜਦ ਉਹ ਪ੍ਰਚਾਰ ਦੇ ਕੰਮ ਵਿਚ ਗਏ, ਤਾਂ ਉਨ੍ਹਾਂ ਨੇ ਲੋਕਾਂ ਦੇ ਰਵੱਈਏ ਵਿਚ ਵੱਡੀ ਤਬਦੀਲੀ ਦੇਖੀ। ਭਾਵੇਂ ਕਿ ਉਹ ਪਾਇਨੀਅਰ ਟੁੱਟੀ-ਫੁੱਟੀ ਵਾਈਯੂਨਿਕੀ ਵਿਚ ਬੋਲਦੇ ਸਨ, ਲੋਕ ਉਨ੍ਹਾਂ ਨੂੰ ਸੁਣ ਕੇ ਹੈਰਾਨ ਹੋ ਗਏ। ਨਤੀਜੇ ਵਜੋਂ, ਲੋਕ ਉਨ੍ਹਾਂ ਦਾ ਸੰਦੇਸ਼ ਸੁਣਨ ਲਈ ਵੀ ਤਿਆਰ ਸਨ। ਕਦੀ-ਕਦੀ ਵਾਈਯੂ ਲੋਕ ਟੁੱਟੀ-ਫੁੱਟੀ ਸਪੇਨੀ ਭਾਸ਼ਾ ਬੋਲ ਕੇ ਗੱਲਬਾਤ ਨੂੰ ਜਾਰੀ ਰੱਖਦੇ ਸਨ।

“ਖੇਤੀ ਪੱਕੀ ਹੋਈ” ਹੈ

ਪੌਲੁਸ ਰਸੂਲ ਨੇ ਚੇਲੇ ਬਣਾਉਣ ਦੇ ਕੰਮ ਦੀ ਤੁਲਨਾ ਖੇਤੀਬਾੜੀ ਨਾਲ ਕੀਤੀ ਸੀ। (1 ਕੁਰਿੰਥੀਆਂ 3:5-9) ਵਾਈਯੂ ਲੋਕ ਇਸ ਦ੍ਰਿਸ਼ਟਾਂਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿਉਂਕਿ ਉਹ ਖ਼ੁਦ ਖੇਤੀਬਾੜੀ ਦਾ ਕੰਮ ਕਰਦੇ ਹਨ। ਵਾਈਯੂ ਖੇਤਰ ਸੱਚ-ਮੁੱਚ “ਵਾਢੀ ਦੇ ਲਈ ਪੱਕ” ਚੁੱਕਾ ਹੈ।—ਯੂਹੰਨਾ 4:35.

ਨੀਲ ਇਕ ਵਾਈਯੂ ਬੰਦਾ ਹੈ ਜੋ ਮਾਨੋਰੀ ਵਿਚ ਰਹਿੰਦਾ ਹੈ। ਜਨਮ ਤੋਂ ਹੀ ਨੀਲ ਰੋਗੀ ਸੀ। ਉਹ ਇਸ ਨੂੰ ਰੱਬ ਦਾ ਭਾਣਾ ਸਮਝ ਕੇ ਇਸ ਹੱਦ ਤਕ ਨਿਰਾਸ਼ ਹੋ ਗਿਆ ਕਿ ਉਸ ਨੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਕ ਯਹੋਵਾਹ ਦਾ ਗਵਾਹ, ਜੋ ਕੰਮ ਦੇ ਸਿਲਸਿਲੇ ਵਿਚ ਵੱਖੋ-ਵੱਖਰੇ ਸ਼ਹਿਰਾਂ ਨੂੰ ਜਾਂਦਾ ਹੁੰਦਾ ਸੀ ਅਤੇ ਹਮੇਸ਼ਾ ਪ੍ਰਚਾਰ ਕਰਨ ਦੇ ਮੌਕੇ ਭਾਲਦਾ ਰਹਿੰਦਾ ਸੀ, ਨੇ ਨੀਲ ਨਾਲ ਯਹੋਵਾਹ ਦੇ ਰਾਜ ਬਾਰੇ ਗੱਲ ਕੀਤੀ। ਉਸ ਵਕਤ ਨੀਲ ਸਿਰਫ਼ 14 ਸਾਲਾਂ ਦਾ ਸੀ। ਨੀਲ ਦੀ ਦਿਲਚਸਪੀ ਦੇਖ ਕੇ ਉਸ ਗਵਾਹ ਨੇ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਯਹੋਵਾਹ ਦੇ ਚੰਗੇ ਗੁਣਾਂ ਬਾਰੇ ਸਿੱਖ ਕੇ ਨੀਲ ਬਹੁਤ ਹੀ ਖ਼ੁਸ਼ ਹੋਇਆ ਕਿਉਂਕਿ ਉਸ ਨੂੰ ਪਤਾ ਲੱਗਾ ਕਿ ਰੱਬ ਨੇ ਉਸ ਨੂੰ ਇਹ ਦੁੱਖ ਨਹੀਂ ਦਿੱਤਾ ਸੀ। ਇਸ ਗੱਲ ਨੇ ਉਸ ਦੇ ਦਿਲ ਨੂੰ ਛੋਹ ਲਿਆ ਕਿ ਪਰਮੇਸ਼ੁਰ ਨੇ ਧਰਤੀ ਨੂੰ ਫਿਰਦੌਸ ਬਣਾਉਣ ਦਾ ਵਾਅਦਾ ਕੀਤਾ ਹੈ ਜਿੱਥੇ ਕੋਈ ਵੀ ਬੀਮਾਰੀ ਨਹੀਂ ਹੋਵੇਗੀ!—ਯਸਾਯਾਹ 33:24; ਮੱਤੀ 6:9, 10.

ਉਸ ਵੇਲੇ, ਨੀਲ ਦੇ ਪਰਿਵਾਰ ਅਤੇ ਇਕ ਹੋਰ ਪਰਿਵਾਰ ਵਿਚਕਾਰ ਖ਼ਾਨਦਾਨੀ ਦੁਸ਼ਮਣੀ ਚੱਲ ਰਹੀ ਸੀ। ਆਪਣੀ ਰੱਖਿਆ ਲਈ ਨੀਲ ਦੇ ਰਿਸ਼ਤੇਦਾਰ ਕਈ ਕਬਾਇਲੀ ਰਸਮਾਂ-ਰੀਤਾਂ ਪੂਰੀਆਂ ਕਰਨ ਲੱਗ ਪਏ। ਨੀਲ ਕਹਿੰਦਾ ਹੈ: “ਪਹਿਲਾਂ-ਪਹਿਲ ਤਾਂ ਮੈਂ ਆਪਣੇ ਪਰਿਵਾਰ ਨੂੰ, ਖ਼ਾਸ ਕਰ ਕੇ ਪਰਿਵਾਰ ਦੇ ਇੱਜ਼ਤਦਾਰ ਬਜ਼ੁਰਗਾਂ ਨੂੰ, ਇਹ ਦੱਸਣ ਤੋਂ ਡਰਦਾ ਸੀ ਕਿ ਮੈਂ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰ ਰਿਹਾ ਹਾਂ।” ਨੀਲ ਦੇ ਮਾਪੇ ਬਹੁਤ ਹੀ ਗੁੱਸੇ ਹੋਏ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਨੀਲ ਅਜਿਹਾ ਕੋਈ ਵੀ ਕੰਮ ਨਹੀਂ ਕਰੇਗਾ ਜੋ ਬਾਈਬਲ ਦੇ ਖ਼ਿਲਾਫ਼ ਹੈ ਅਤੇ ਨਾ ਹੀ ਜਾਦੂਗਰੀ ਨਾਲ ਸੰਬੰਧ ਰੱਖਣ ਵਾਲੀਆਂ ਰੀਤਾਂ ਵਿਚ ਹਿੱਸਾ ਲਵੇਗਾ। ਫਿਰ ਨੀਲ ਰਿਓਚਾ ਰਹਿਣ ਚਲਾ ਗਿਆ ਅਤੇ ਉੱਥੇ ਦੀ ਕਲੀਸਿਯਾ ਵਿਚ ਜਾਣ ਲੱਗ ਪਿਆ। ਕੁਝ ਦੇਰ ਬਾਅਦ ਉਸ ਨੇ ਬਪਤਿਸਮਾ ਲੈ ਲਿਆ। ਫਿਰ 1993 ਵਿਚ ਉਸ ਨੂੰ ਸਹਾਇਕ ਸੇਵਕ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ ਅਤੇ ਤਿੰਨ ਸਾਲ ਬਾਅਦ ਉਹ ਪਾਇਨੀਅਰੀ ਕਰਨ ਲੱਗ ਪਿਆ। 1997 ਵਿਚ ਉਸ ਨੂੰ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ। ਅਤੇ ਸਾਲ 2000 ਵਿਚ ਉਸ ਨੇ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਗੁਜ਼ਾਰਨ ਲਈ ਸਪੈਸ਼ਲ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ।

ਜ਼ਰਾ ਟਰੀਜ਼ਾ ਨਾਂ ਦੀ ਇਕ ਵਾਈਯੂ ਔਰਤ ਦੀ ਉਦਾਹਰਣ ਉੱਤੇ ਵੀ ਗੌਰ ਕਰੋ ਜਿਸ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਸ਼ੁਰੂ ਕੀਤੀ ਸੀ। ਟਰੀਜ਼ਾ ਡਾਨਿਏਲ ਨਾਂ ਦੇ ਆਦਮੀ ਨਾਲ ਰਹਿੰਦੀ ਸੀ। ਡਾਨਿਏਲ ਉਸ ਨੂੰ ਤੇ ਉਨ੍ਹਾਂ ਦੇ ਤਿੰਨ ਬੱਚਿਆਂ ਨੂੰ ਬੁਰਾ-ਭਲਾ ਕਹਿੰਦਾ ਅਤੇ ਬਹੁਤ ਮਾਰਦਾ-ਕੁੱਟਦਾ ਹੁੰਦਾ ਸੀ। ਭਾਵੇਂ ਕਿ ਡਾਨਿਏਲ ਨੇ ਵੀ ਬਾਈਬਲ ਸਟੱਡੀ ਸ਼ੁਰੂ ਕੀਤੀ ਸੀ, ਪਰ ਉਹ ਅਕਸਰ ਆਪਣੇ ਦੋਸਤਾਂ ਨਾਲ ਸ਼ਰਾਬਾਂ ਪੀਣ ਤੇ ਮੌਜ-ਮਸਤੀ ਕਰਨ ਲਈ ਚਲਾ ਜਾਂਦਾ ਸੀ। ਕਦੀ-ਕਦਾਈਂ ਉਹ ਚਾਰ-ਪੰਜ ਦਿਨਾਂ ਬਾਅਦ ਘਰ ਆਉਂਦਾ ਸੀ। ਉਸ ਦੀਆਂ ਹਰਕਤਾਂ ਕਾਰਨ ਉਸ ਦਾ ਪਰਿਵਾਰ ਕੰਗਾਲ ਹੋ ਗਿਆ। ਪਰ ਫਿਰ ਵੀ ਟਰੀਜ਼ਾ ਸਟੱਡੀ ਕਰਦੀ ਰਹੀ ਤੇ ਮੀਟਿੰਗਾਂ ਵਿਚ ਜਾਂਦੀ ਰਹੀ। ਟਰੀਜ਼ਾ ਦੀ ਮਿਸਾਲ ਦੇਖ ਕੇ ਡਾਨਿਏਲ ਨੂੰ ਪਤਾ ਲੱਗਾ ਕਿ ਬਾਈਬਲ ਦੀ ਸਟੱਡੀ ਕਰਨੀ ਕਿੰਨੀ ਮਹੱਤਵਪੂਰਣ ਹੈ। ਫਿਰ ਇਕ ਦਿਨ ਉਨ੍ਹਾਂ ਦਾ ਇਕ ਬੱਚਾ ਉਬਲਦੇ ਪਾਣੀ ਦੇ ਪਤੀਲੇ ਵਿਚ ਡਿੱਗ ਪਿਆ ਅਤੇ ਇੰਨੀ ਬੁਰੀ ਤਰ੍ਹਾਂ ਜਲ ਗਿਆ ਕਿ ਉਸ ਦੀ ਮੌਤ ਹੋ ਗਈ। ਆਪਣੇ ਬੇਟੇ ਦੀ ਮੌਤ ਦਾ ਸਦਮਾ ਸਹਿਣਾ ਟਰੀਜ਼ਾ ਲਈ ਬਹੁਤ ਹੀ ਔਖਾ ਸੀ। ਇਸ ਦੇ ਨਾਲ-ਨਾਲ ਦੋਸਤਾਂ-ਮਿੱਤਰਾਂ ਤੇ ਗੁਆਂਢੀਆਂ ਨੇ ਉਸ ਉੱਤੇ ਬਹੁਤ ਹੀ ਦਬਾਅ ਪਾਇਆ ਕਿ ਉਹ ਆਪਣੇ ਬੇਟੇ ਦੇ ਦਾਗ਼ਾਂ ਤੇ ਅਜਿਹੀਆਂ ਰੀਤਾਂ-ਰਸਮਾਂ ਨਿਭਾਵੇ ਜੋ ਬਾਈਬਲ ਦੇ ਖ਼ਿਲਾਫ਼ ਸਨ।

ਉਸ ਔਖੀ ਘੜੀ ਦੌਰਾਨ ਆਲੇ-ਦੁਆਲੇ ਦੀਆਂ ਕਲੀਸਿਯਾਵਾਂ ਦੇ ਭੈਣਾਂ-ਭਰਾਵਾਂ ਨੇ ਟਰੀਜ਼ਾ ਤੇ ਡਾਨਿਏਲ ਦੀ ਮਦਦ ਕੀਤੀ ਤੇ ਉਨ੍ਹਾਂ ਨੂੰ ਹੌਸਲਾ ਦਿੱਤਾ। ਦਾਗ਼ਾਂ ਤੋਂ ਬਾਅਦ ਵੀ ਵਾਈਯੂ ਭਾਸ਼ਾ ਦੀ ਕਲੀਸਿਯਾ ਦੇ ਭੈਣ-ਭਰਾ ਉਨ੍ਹਾਂ ਨੂੰ ਹੌਸਲਾ ਦੇਣ ਲਈ ਮਿਲਣ ਆਉਂਦੇ ਰਹੇ। ਭੈਣਾਂ-ਭਰਾਵਾਂ ਦੇ ਪਿਆਰ ਨੇ ਡਾਨਿਏਲ ਦੇ ਦਿਲ ਨੂੰ ਇਸ ਕਦਰ ਛੋਹ ਲਿਆ ਕਿ ਉਹ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਲੱਗ ਪਿਆ। ਉਸ ਨੇ ਸ਼ਰਾਬ ਪੀਣੀ ਛੱਡ ਦਿੱਤੀ ਅਤੇ ਉਹ ਟਰੀਜ਼ਾ ਨਾਲ ਵੀ ਚੰਗਾ ਵਰਤਾਅ ਕਰਨ ਲੱਗਾ। ਡਾਨਿਏਲ ਤੇ ਟਰੀਜ਼ਾ ਨੇ ਵਿਆਹ ਕਰਵਾ ਲਿਆ ਅਤੇ ਡਾਨਿਏਲ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕੰਮ ਤੇ ਲੱਗ ਗਿਆ। ਉਨ੍ਹਾਂ ਦੋਹਾਂ ਨੇ ਚੰਗੀ ਤਰੱਕੀ ਕੀਤੀ ਅਤੇ 2003 ਵਿਚ ਬਪਤਿਸਮਾ ਲੈ ਲਿਆ। ਹੁਣ ਦੋਵੇਂ ਦੂਸਰਿਆਂ ਨੂੰ ਬਾਈਬਲ ਸਟੱਡੀਆਂ ਕਰਾਉਂਦੇ ਹਨ। ਟਰੀਜ਼ਾ ਦੀ ਵਧੀਆ ਮਿਸਾਲ ਦੇਖ ਕੇ ਉਸ ਦੇ ਕੁਝ ਰਿਸ਼ਤੇਦਾਰ ਵੀ ਹੁਣ ਘਰ ਆਏ ਯਹੋਵਾਹ ਦੇ ਗਵਾਹਾਂ ਦੀ ਗੱਲਬਾਤ ਸੁਣਨ ਲੱਗ ਪਏ ਹਨ। ਡਾਨਿਏਲ ਦਾ ਇਕ ਭਾਣਜਾ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣ ਗਿਆ ਹੈ ਅਤੇ ਉਸ ਦੀ ਭਤੀਜੀ ਅਤੇ ਭਾਣਜੀ ਵੀ ਸਟੱਡੀ ਕਰ ਰਹੀਆਂ ਹਨ ਅਤੇ ਮੀਟਿੰਗਾਂ ਵਿਚ ਜਾਂਦੀਆਂ ਹਨ। ਟਰੀਜ਼ਾ ਦੀ ਨਣਾਣ ਦਾ ਇਕ ਬੇਟਾ ਵੀ ਹਾਦਸੇ ਵਿਚ ਗੁਜ਼ਰ ਗਿਆ ਸੀ। ਹੁਣ ਉਹ ਅਤੇ ਉਸ ਦਾ ਪਰਿਵਾਰ ਵੀ ਬਾਈਬਲ ਸਟੱਡੀ ਕਰਨੀ ਚਾਹੁੰਦੇ ਹਨ।

ਵਾਈਯੂਨਿਕੀ ਵਿਚ ਅਧਿਆਤਮਿਕ ਭੋਜਨ

1998 ਵਿਚ ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ! * ਨਾਮਕ ਪੁਸਤਿਕਾ ਵਾਈਯੂਨਿਕੀ ਵਿਚ ਛਾਪੀ ਗਈ ਸੀ। ਵਾਈਯੂ ਲੋਕਾਂ ਨੂੰ ਬਾਈਬਲ ਸਟੱਡੀਆਂ ਕਰਾਉਣ ਵਿਚ ਇਹ ਪੁਸਤਿਕਾ ਬਹੁਤ ਹੀ ਮਹੱਤਵਪੂਰਣ ਸਾਬਤ ਹੋਈ। ਸਾਲ 2003 ਵਿਚ ਕੁਝ ਭਰਾਵਾਂ ਨੂੰ ਸਿਖਲਾਈ ਦਿੱਤੀ ਗਈ ਸੀ ਤਾਂਕਿ ਉਹ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨਾਂ ਦਾ ਤਰਜਮਾ ਵਾਈਯੂਨਿਕੀ ਵਿਚ ਕਰ ਸਕਣ। ਰਿਓਚਾ ਵਿਚ ਇਨ੍ਹਾਂ ਅਨੁਵਾਦਕਾਂ ਦੀ ਸਖ਼ਤ ਮਿਹਨਤ ਕਾਰਨ ਹੋਰ ਪੁਸਤਿਕਾਵਾਂ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਮਦਦ ਨਾਲ ਕਈ ਹੋਰ ਵਾਈਯੂਨਿਕੀ ਬੋਲਣ ਵਾਲੇ ਲੋਕ ਸੱਚਾਈ ਵਿਚ ਆਏ ਹਨ।

ਸਾਲ 2001 ਤੋਂ ਜ਼ਿਲ੍ਹਾ ਸੰਮੇਲਨ ਪ੍ਰੋਗ੍ਰਾਮ ਦੇ ਕੁਝ ਹਿੱਸਿਆਂ ਦਾ ਤਰਜਮਾ ਵਾਈਯੂਨਿਕੀ ਵਿਚ ਕੀਤਾ ਗਿਆ ਹੈ। ਜਦ ਬਾਈਬਲ ਦੇ ਵਿਦਿਆਰਥੀ ਆਪਣੀ ਮਾਂ-ਬੋਲੀ ਵਿਚ ਪ੍ਰੋਗ੍ਰਾਮ ਨੂੰ ਸੁਣਦੇ ਹਨ, ਤਾਂ ਉਹ ਜੋਸ਼ ਨਾਲ ਭਰ ਜਾਂਦੇ ਹਨ। ਉਹ ਬੇਸਬਰੀ ਨਾਲ ਉਸ ਦਿਨ ਦਾ ਇੰਤਜ਼ਾਰ ਕਰਦੇ ਹਨ ਜਦ ਬਾਈਬਲ ਡਰਾਮਾ ਵਾਈਯੂਨਿਕੀ ਵਿਚ ਪੇਸ਼ ਕੀਤਾ ਜਾਵੇਗਾ।

ਵਧ-ਫੁੱਲ ਰਿਹਾ ਖੇਤ

ਯੂਰੀਬਿਯਾ ਨਗਰ ਰਿਓਚਾ ਤੋਂ ਉੱਤਰ-ਪੂਰਬ ਵੱਲ ਕੁਝ 100 ਕਿਲੋਮੀਟਰ ਦੂਰ ਹੈ। ਯੂਰੀਬਿਯਾ ਵਾਈਯੂ ਕਲੀਸਿਯਾ ਵਿਚ 16 ਪ੍ਰਕਾਸ਼ਕ ਹਨ ਜਿਨ੍ਹਾਂ ਵਿੱਚੋਂ ਕਈ ਉਨ੍ਹਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਦੂਰ ਦੇ ਛੋਟੇ-ਛੋਟੇ ਪਿੰਡਾਂ ਵਿਚ ਰਹਿੰਦੇ ਹਨ। ਉਸ ਕਲੀਸਿਯਾ ਦਾ ਇਕ ਬਜ਼ੁਰਗ ਕਹਿੰਦਾ ਹੈ: “ਇਕ ਵਾਰ ਅਸੀਂ ਅਜਿਹੀ ਥਾਂ ਤੇ ਪ੍ਰਚਾਰ ਕਰਨ ਗਏ ਜਿੱਥੇ ਨੀਵੀਆਂ ਛੱਤਾਂ ਅਤੇ ਛੋਟੀਆਂ ਖਿੜਕੀਆਂ ਵਾਲੇ ਬਾਰਾਂ ਕੁ ਘਰ ਸਨ। ਹਰ ਘਰ ਦੇ ਸਾਮ੍ਹਣੇ ਇਕ ਚਪਟੀ ਛੱਤ ਸੀ ਜੋ ਕੈਕਟਸ ਨਾਂ ਦੇ ਪੌਦੇ ਦੇ ਤਣੇ ਤੋਂ ਬਣਾਈ ਗਈ ਸੀ। ਘਰ ਵਾਲੇ ਤੇ ਪਰਾਹੁਣੇ ਧੁੱਪ ਵਿਚ ਇਸ ਛੱਤ ਦੀ ਠੰਢੀ ਛਾਂ ਹੇਠਾਂ ਬੈਠ ਕੇ ਆਰਾਮ ਕਰਦੇ ਸਨ। ਉੱਥੇ ਕਈ ਜਣਿਆਂ ਨੇ ਸਾਡੇ ਸੰਦੇਸ਼ ਵਿਚ ਦਿਲਚਸਪੀ ਦਿਖਾਈ, ਇਸ ਲਈ ਅਸੀਂ ਵਾਪਸ ਜਾ ਕੇ ਬਾਈਬਲ ਸਟੱਡੀਆਂ ਸ਼ੁਰੂ ਕਰਨ ਦਾ ਪ੍ਰੋਗ੍ਰਾਮ ਬਣਾਇਆ। ਵਾਪਸ ਜਾਣ ਤੇ ਸਾਨੂੰ ਪਤਾ ਲੱਗਾ ਕਿ ਉਨ੍ਹਾਂ ਵਿੱਚੋਂ ਕਈ ਅਨਪੜ੍ਹ ਸਨ। ਉਨ੍ਹਾਂ ਨੇ ਸਾਨੂੰ ਉੱਥੇ ਦੇ ਸਕੂਲ ਬਾਰੇ ਦੱਸਿਆ ਜੋ ਬੰਦ ਕੀਤਾ ਗਿਆ ਸੀ ਕਿਉਂਕਿ ਉਸ ਨੂੰ ਚਲਾਉਣ ਲਈ ਪੈਸੇ ਨਹੀਂ ਸੀ। ਪਰ ਸਕੂਲ ਦੇ ਰਖਵਾਲੇ ਨੇ ਸਾਨੂੰ ਇਕ ਕਲਾਸ-ਰੂਮ ਵਰਤਣ ਦੀ ਇਜਾਜ਼ਤ ਦੇ ਦਿੱਤੀ ਤਾਂਕਿ ਅਸੀਂ ਪੜ੍ਹਾਈ-ਲਿਖਾਈ ਦੀਆਂ ਕਲਾਸਾਂ ਸ਼ੁਰੂ ਕਰ ਸਕੀਏ ਤੇ ਬਾਈਬਲ ਸਟੱਡੀਆਂ ਕਰਾ ਸਕੀਏ। ਛੇ ਵਾਈਯੂ ਲੋਕਾਂ ਨੇ ਪੜ੍ਹਨਾ-ਲਿਖਣਾ ਸਿੱਖ ਲਿਆ ਅਤੇ ਉਹ ਬਾਈਬਲ ਸਟੱਡੀ ਵਿਚ ਵੀ ਤਰੱਕੀ ਕਰ ਰਹੇ ਹਨ। ਉਨ੍ਹਾਂ ਦੁਆਰਾ ਦਿਖਾਈ ਗਈ ਕਦਰ ਨੇ ਸਾਡੇ ਦਿਲਾਂ ਨੂੰ ਛੋਹ ਲਿਆ। ਇਸ ਲਈ ਅਸੀਂ ਉਸ ਪਿੰਡ ਵਿਚ ਮੀਟਿੰਗਾਂ ਕਰਨ ਦੀ ਸਲਾਹ ਕੀਤੀ ਹੈ।”

ਕਈ ਵਿਦੇਸ਼ੀ ਲੋਕਾਂ ਨੇ ਵਾਈਯੂਨਿਕੀ ਭਾਸ਼ਾ ਸਿੱਖੀ ਹੈ ਅਤੇ ਉਨ੍ਹਾਂ ਦੀ ਮਦਦ ਦੀ ਬਹੁਤ ਕਦਰ ਕੀਤੀ ਜਾਂਦੀ ਹੈ। ਗਵਾਹੀਰਾ ਪ੍ਰਾਇਦੀਪ ਉੱਤੇ ਇਸ ਭਾਸ਼ਾ ਵਿਚ ਹੁਣ ਅੱਠ ਕਲੀਸਿਯਾਵਾਂ ਤੇ ਦੋ ਗਰੁੱਪ ਹਨ।

ਇਨ੍ਹਾਂ ਭੈਣਾਂ-ਭਰਾਵਾਂ ਦੀ ਮਿਹਨਤ ਉੱਤੇ ਯਹੋਵਾਹ ਦੀ ਬਰਕਤ ਦੇਖੀ ਜਾ ਸਕਦੀ ਹੈ। ਬਿਨਾਂ ਸ਼ੱਕ ਹਾਲੇ ਵਾਈਯੂ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਹੋਰ ਬਹੁਤ ਕੰਮ ਕਰਨ ਵਾਲਾ ਹੈ। ਅਨੇਕ ਲੋਕ ਪਰਮੇਸ਼ੁਰ ਨੂੰ ਜਾਣਨ ਦੀ ਜ਼ਰੂਰਤ ਨੂੰ ਪਛਾਣ ਕੇ ਉਸ ਦੇ ਸੇਵਕ ਬਣ ਰਹੇ ਹਨ। ਸਾਡੀ ਇਹੀ ਦੁਆ ਹੈ ਕਿ ਖੇਤੀ ਦੀ ਵਾਢੀ ਕਰਨ ਲਈ ਯਹੋਵਾਹ ਹੋਰ ਕਾਮੇ ਭੇਜੇ ਕਿਉਂਕਿ “ਖੇਤੀ ਪੱਕੀ ਹੋਈ” ਹੈ।—ਮੱਤੀ 9:37, 38.

[ਫੁਟਨੋਟ]

^ ਪੈਰਾ 18 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ।

[ਸਫ਼ਾ 16 ਉੱਤੇ ਨਕਸ਼ੇ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਵੈਨੇਜ਼ੁਏਲਾ

ਕੋਲੰਬੀਆ

ਲਾ ਗਵਾਹੀਰਾ

ਮਾਨੋਰੀ

ਰਿਓਚਾ

ਯੂਰੀਬਿਯਾ

[ਸਫ਼ਾ 16 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Wayuu camp below: Victor Englebert