Skip to content

Skip to table of contents

ਹੱਥ ਹੈ ਨਹੀਂ ਲੇਕਿਨ ਸੇਵਾ ਕਰਨ ਲਈ ਤਿਆਰ-ਬਰ-ਤਿਆਰ

ਹੱਥ ਹੈ ਨਹੀਂ ਲੇਕਿਨ ਸੇਵਾ ਕਰਨ ਲਈ ਤਿਆਰ-ਬਰ-ਤਿਆਰ

ਹੱਥ ਹੈ ਨਹੀਂ ਲੇਕਿਨ ਸੇਵਾ ਕਰਨ ਲਈ ਤਿਆਰ-ਬਰ-ਤਿਆਰ

ਜਦ ਲੋਕ ਲਿਓਨਾਰਡੋ ਨੂੰ ਪਹਿਲੀ ਵਾਰ ਦੇਖਦੇ ਹਨ, ਤਾਂ ਉਨ੍ਹਾਂ ਨੂੰ ਸ਼ਾਇਦ ਉਹ ਉਸਾਰੀ ਪ੍ਰਾਜੈਕਟ ਉੱਤੇ ਕੰਮ ਕਰਨ ਵਾਲਾ ਮਜ਼ਦੂਰ ਨਾ ਲੱਗੇ। ਕੁਝ ਸਮਾਂ ਪਹਿਲਾਂ ਕੰਮ ਕਰਦਿਆਂ ਇਕ ਹਾਦਸੇ ਵਿਚ ਉਹ ਆਪਣੇ ਦੋਨੋਂ ਹੱਥ ਗੁਆ ਬੈਠਾ। ਅਪਾਹਜ ਹੋਣ ਦੇ ਬਾਵਜੂਦ ਲਿਓਨਾਰਡੋ ਨੇ ਐਲ ਸੈਲਵੇਡਾਰ ਦੇ ਇਕ ਸ਼ਹਿਰ, ਅਕਾਹੁਤਲਾ ਵਿਚ ਇਕ ਉਸਾਰੀ ਪ੍ਰਾਜੈਕਟ ਉੱਤੇ ਸਖ਼ਤ ਮਿਹਨਤ ਕੀਤੀ ਜਿਵੇਂ ਤੁਸੀਂ ਤਸਵੀਰ ਵਿਚ ਦੇਖ ਸਕਦੇ ਹੋ।

ਉਸਾਰੀ ਪ੍ਰਾਜੈਕਟ ਵਿਚ ਹਿੱਸਾ ਲੈਣ ਲਈ ਲਿਓਨਾਰਡੋ ਨੇ ਆਪਣੇ ਸੰਦ ਆਪ ਬਣਾਏ। ਉਸ ਨੇ ਬੇਲਚੇ ਅਤੇ ਰੇੜੀ ਦੇ ਹੈਂਡਲਾਂ ਉੱਤੇ ਲੋਹੇ ਦੇ ਛੱਲੇ ਲਾਏ ਸਨ। ਪਹਿਲਾਂ ਉਹ ਬੇਲਚੇ ਉੱਤੇ ਲੱਗੇ ਛੱਲੇ ਵਿਚ ਆਪਣੀ ਸੱਜੀ ਬਾਂਹ ਪਾ ਕੇ ਬੇਲਚੇ ਨਾਲ ਰੇੜੀ ਵਿਚ ਮਿੱਟੀ ਪਾਉਂਦਾ ਸੀ। ਫਿਰ ਰੇੜੀ ਦੇ ਹੈਂਡਲਾਂ ਤੇ ਲੱਗੇ ਛੱਲਿਆਂ ਵਿਚ ਬਾਹਾਂ ਪਾ ਕੇ ਰੇੜੀ ਨੂੰ ਧੱਕਦਾ ਸੀ। ਲਿਓਨਾਰਡੋ ਨੇ ਇਸ ਪ੍ਰਾਜੈਕਟ ਵਿਚ ਹਿੱਸਾ ਕਿਉਂ ਲਿਆ?

ਲਿਓਨਾਰਡੋ ਚਾਹੁੰਦਾ ਸੀ ਕਿ ਉਹ ਕਿਸੇ ਕਿੰਗਡਮ ਹਾਲ ਦੀ ਉਸਾਰੀ ਵਿਚ ਹਿੱਸਾ ਲਵੇ ਜਿਸ ਵਿਚ ਉਸ ਇਲਾਕੇ ਦੇ ਯਹੋਵਾਹ ਦੇ ਗਵਾਹ ਮਿਲ ਕੇ ਯਹੋਵਾਹ ਦੀ ਭਗਤੀ ਕਰ ਸਕਣ। ਲਿਓਨਾਰਡੋ ਕਈ ਬਹਾਨੇ ਬਣਾ ਕੇ ਇਸ ਪ੍ਰਾਜੈਕਟ ਵਿਚ ਹਿੱਸਾ ਨਾ ਲੈਣ ਬਾਰੇ ਸੋਚ ਸਕਦਾ ਸੀ। ਅਪਾਹਜ ਹੁੰਦੇ ਹੋਏ ਵੀ ਉਹ ਕੰਮ ਕਰਦਾ ਹੈ ਅਤੇ ਕਲੀਸਿਯਾ ਵਿਚ ਇਕ ਸਹਾਇਕ ਸੇਵਕ ਵਜੋਂ ਸੇਵਾ ਕਰਦਾ ਹੈ। ਇੰਨਾ ਕੁਝ ਕਰਨ ਦੇ ਬਾਵਜੂਦ ਉਹ ਉਸਾਰੀ ਪ੍ਰਾਜੈਕਟ ਵਿਚ ਹਿੱਸਾ ਲੈ ਕੇ ਪਰਮੇਸ਼ੁਰ ਦੇ ਕੰਮ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣਾ ਚਾਹੁੰਦਾ ਸੀ।

ਕੀ ਤੁਸੀਂ ਵੀ ਯਹੋਵਾਹ ਦੀ ਸੇਵਾ ਕਰਨ ਲਈ ਇੰਨੇ ਬੇਚੈਨ ਹੋ? ਲਿਓਨਾਰਡੋ ਅਪਾਹਜ ਹੈ ਲੇਕਿਨ ਉਸ ਨੇ ਇਸ ਗੱਲ ਨੂੰ ਬਹਾਨਾ ਨਹੀਂ ਬਣਾਇਆ। ਉਸ ਨੇ ਆਪਣਾ ਦਿਮਾਗ਼ ਵਰਤ ਕੇ ਆਪਣੇ ਸੰਦ ਬਣਾਏ ਅਤੇ ਅਸੰਭਵ ਕੰਮ ਨੂੰ ਸੰਭਵ ਬਣਾਇਆ। ਲਿਓਨਾਰਡੋ “ਆਪਣੀ ਸਾਰੀ ਬੁੱਧ” ਨਾਲ ਪਰਮੇਸ਼ੁਰ ਦੀ ਸੇਵਾ ਕਰ ਰਿਹਾ ਹੈ। (ਮੱਤੀ 22:37) ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲਾਂ ਨੂੰ ਉਸਾਰਨ ਵਿਚ ਹੱਥ ਵਟਾਉਣ ਵਾਲੇ ਮਸੀਹੀ ਸੱਚ-ਮੁੱਚ ਪਰਮੇਸ਼ੁਰ ਨੂੰ ਪਹਿਲ ਦੇ ਰਹੇ ਹਨ। ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਕੋਈ ਵੀ ਆ ਸਕਦਾ ਹੈ ਅਤੇ ਤੁਹਾਨੂੰ ਵੀ ਸੱਦਾ ਦਿੱਤਾ ਜਾਂਦਾ ਹੈ।