Skip to content

Skip to table of contents

ਨੌਜਵਾਨੋ, ਉਹ ਟੀਚੇ ਰੱਖੋ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ

ਨੌਜਵਾਨੋ, ਉਹ ਟੀਚੇ ਰੱਖੋ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ

ਨੌਜਵਾਨੋ, ਉਹ ਟੀਚੇ ਰੱਖੋ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ

“ਭਗਤੀ ਲਈ ਆਪ ਸਾਧਨਾ ਕਰ।”—1 ਤਿਮੋਥਿਉਸ 4:7.

1, 2. (ੳ) ਪੌਲੁਸ ਨੇ ਤਿਮੋਥਿਉਸ ਦੀ ਸਿਫ਼ਤ ਕਿਉਂ ਕੀਤੀ ਸੀ? (ਅ) ਅੱਜ ਨੌਜਵਾਨ “ਭਗਤੀ ਲਈ ਆਪ ਸਾਧਨਾ” ਕਿਵੇਂ ਕਰ ਰਹੇ ਹਨ?

“ਉਹ ਦੇ ਸਮਾਨ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੇ ਲਈ ਚਿੰਤਾ ਕਰੇ। . . . ਜਿਵੇਂ ਪੁੱਤ੍ਰ ਪਿਉ ਦੀ ਸੇਵਾ ਕਰਦਾ ਹੈ ਤਿਵੇਂ ਉਸ ਨੇ ਮੇਰੇ ਨਾਲ ਇੰਜੀਲੀ ਸੇਵਾ ਕੀਤੀ।” (ਫ਼ਿਲਿੱਪੀਆਂ 2:20, 22) ਪਹਿਲੀ ਸਦੀ ਵਿਚ ਫ਼ਿਲਿੱਪੈ ਦੇ ਮਸੀਹੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਰਸੂਲ ਨੇ ਕਿਸੇ ਦੀ ਇਸ ਤਰ੍ਹਾਂ ਸਿਫ਼ਤ ਕੀਤੀ। ਪੌਲੁਸ ਕਿਸ ਦੀ ਗੱਲ ਕਰ ਰਿਹਾ ਸੀ? ਉਹ ਆਪਣੇ ਨੌਜਵਾਨ ਹਮਸਫ਼ਰ ਤਿਮੋਥਿਉਸ ਦੀ ਗੱਲ ਕਰ ਰਿਹਾ ਸੀ। ਜ਼ਰਾ ਕਲਪਨਾ ਕਰੋ ਕਿ ਪੌਲੁਸ ਦੇ ਇਹ ਪਿਆਰ ਭਰੇ ਸ਼ਬਦ ਸੁਣ ਕੇ ਤਿਮੋਥਿਉਸ ਕਿੰਨਾ ਖ਼ੁਸ਼ ਹੋਇਆ ਹੋਣਾ!

2 ਤਿਮੋਥਿਉਸ ਵਰਗੇ ਨੌਜਵਾਨ ਜੋ ਪਰਮੇਸ਼ੁਰ ਦਾ ਭੈ ਰੱਖਦੇ ਹਨ, ਯਹੋਵਾਹ ਦੀਆਂ ਨਜ਼ਰਾਂ ਵਿਚ ਹਮੇਸ਼ਾ ਅਨਮੋਲ ਰਹੇ ਹਨ। (ਜ਼ਬੂਰਾਂ ਦੀ ਪੋਥੀ 110:3) ਅੱਜ ਪਰਮੇਸ਼ੁਰ ਦੇ ਸੰਗਠਨ ਵਿਚ ਬਹੁਤ ਸਾਰੇ ਨੌਜਵਾਨ ਹਨ। ਇਨ੍ਹਾਂ ਵਿੱਚੋਂ ਕਈ ਪਾਇਨੀਅਰਾਂ ਤੇ ਮਿਸ਼ਨਰੀਆਂ ਵਜੋਂ ਸੇਵਾ ਕਰਦੇ ਹਨ, ਕਈ ਉਸਾਰੀ ਦਾ ਕੰਮ ਕਰਦੇ ਹਨ ਅਤੇ ਕਈ ਬੈਥਲ ਵਿਚ ਸੇਵਾ ਕਰਦੇ ਹਨ। ਉਨ੍ਹਾਂ ਨੂੰ ਵੀ ਸਲਾਹਿਆ ਜਾਂਦਾ ਹੈ ਜੋ ਹੋਰ ਜ਼ਿੰਮੇਵਾਰੀਆਂ ਸੰਭਾਲਣ ਦੇ ਨਾਲ-ਨਾਲ ਕਲੀਸਿਯਾ ਦੇ ਕੰਮਾਂ ਵਿਚ ਵੀ ਜੋਸ਼ ਨਾਲ ਹਿੱਸਾ ਲੈਂਦੇ ਹਨ। ਇਹ ਨੌਜਵਾਨ ਅਜਿਹੇ ਟੀਚੇ ਰੱਖ ਕੇ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ ਸੱਚੀ ਖ਼ੁਸ਼ੀ ਪਾਉਂਦੇ ਹਨ। ਉਹ ਸੱਚ-ਮੁੱਚ “ਭਗਤੀ ਲਈ ਆਪ ਸਾਧਨਾ ਕਰ” ਰਹੇ ਹਨ ਯਾਨੀ ਯਹੋਵਾਹ ਦੀ ਭਗਤੀ ਨੂੰ ਪਹਿਲ ਦੇ ਰਹੇ ਹਨ।—1 ਤਿਮੋਥਿਉਸ 4:7, 8.

3. ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?

3 ਜੇਕਰ ਤੁਸੀਂ ਨੌਜਵਾਨ ਹੋ, ਤਾਂ ਕੀ ਤੁਸੀਂ ਅਜਿਹੇ ਟੀਚੇ ਰੱਖ ਰਹੇ ਹੋ ਜਿਨ੍ਹਾਂ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ? ਅਜਿਹੇ ਟੀਚੇ ਰੱਖਣ ਲਈ ਤੁਸੀਂ ਮਦਦ ਤੇ ਹੌਸਲਾ ਕਿੱਥੋਂ ਪਾ ਸਕਦੇ ਹੋ? ਦੁਨੀਆਂ ਤਾਂ ਧਨ-ਦੌਲਤ ਪਿੱਛੇ ਲੱਗੀ ਹੋਈ ਹੈ, ਪਰ ਤੁਸੀਂ ਦੁਨੀਆਂ ਦੀ ਇਸ ਹਵਾ ਤੋਂ ਕਿਵੇਂ ਬਚ ਸਕਦੇ ਹੋ? ਜੇ ਤੁਸੀਂ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਟੀਚੇ ਰੱਖੋਗੇ ਅਤੇ ਉਨ੍ਹਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰੋਗੇ, ਤਾਂ ਤੁਹਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ? ਆਓ ਆਪਾਂ ਤਿਮੋਥਿਉਸ ਦੀ ਮਿਸਾਲ ਉੱਤੇ ਗੌਰ ਕਰ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਪਾਈਏ।

ਤਿਮੋਥਿਉਸ ਦਾ ਪਿਛੋਕੜ

4. ਤਿਮੋਥਿਉਸ ਦੀ ਸੇਵਕਾਈ ਬਾਰੇ ਦੱਸੋ।

4 ਤਿਮੋਥਿਉਸ ਲੁਸਤ੍ਰਾ ਨਗਰ ਵਿਚ ਵੱਡਾ ਹੋਇਆ ਸੀ। ਇਹ ਛੋਟਾ ਜਿਹਾ ਨਗਰ ਰੋਮ ਦੇ ਗਲਾਤਿਯਾ ਸੂਬੇ ਵਿਚ ਸੀ। ਲੱਗਦਾ ਹੈ ਕਿ ਜਦ ਪੌਲੁਸ ਲਗਭਗ 47 ਈ. ਵਿਚ ਲੁਸਤ੍ਰਾ ਵਿਚ ਪ੍ਰਚਾਰ ਕਰ ਰਿਹਾ ਸੀ, ਤਾਂ ਉਦੋਂ ਨੌਜਵਾਨ ਤਿਮੋਥਿਉਸ ਨੂੰ ਸੱਚਾਈ ਬਾਰੇ ਪਤਾ ਲੱਗਾ ਸੀ। ਤਿਮੋਥਿਉਸ ਨੇ ਜਲਦੀ ਹੀ ਮਸੀਹੀ ਭਰਾਵਾਂ ਵਿਚ ਨੇਕ ਨਾਮ ਕਮਾ ਲਿਆ। ਦੋ ਸਾਲ ਬਾਅਦ ਲੁਸਤ੍ਰਾ ਵਾਪਸ ਆਉਣ ਤੇ ਪੌਲੁਸ ਨੇ ਤਿਮੋਥਿਉਸ ਦੀ ਤਰੱਕੀ ਬਾਰੇ ਸੁਣਿਆ ਅਤੇ ਮਿਸ਼ਨਰੀ ਸੇਵਾ ਵਿਚ ਆਪਣੇ ਹਮਸਫ਼ਰ ਵਜੋਂ ਉਸ ਨੂੰ ਚੁਣਿਆ। (ਰਸੂਲਾਂ ਦੇ ਕਰਤੱਬ 14:5-20; 16:1-3) ਜਿਉਂ-ਜਿਉਂ ਤਿਮੋਥਿਉਸ ਤਰੱਕੀ ਕਰਦਾ ਗਿਆ, ਉਸ ਨੂੰ ਜ਼ਿਆਦਾ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਜਿਨ੍ਹਾਂ ਵਿਚ ਭਰਾਵਾਂ ਨੂੰ ਤਕੜਾ ਕਰਨ ਦੀ ਖ਼ਾਸ ਜ਼ਿੰਮੇਵਾਰੀ ਵੀ ਸ਼ਾਮਲ ਸੀ। ਜਦ ਪੌਲੁਸ ਨੇ ਲਗਭਗ 65 ਈ. ਵਿਚ ਰੋਮ ਦੀ ਜੇਲ੍ਹ ਵਿਚ ਕੈਦ ਕੱਟਦੇ ਸਮੇਂ ਤਿਮੋਥਿਉਸ ਨੂੰ ਚਿੱਠੀ ਲਿਖੀ ਸੀ, ਉਦੋਂ ਤਿਮੋਥਿਉਸ ਅਫ਼ਸੁਸ ਦੀ ਕਲੀਸਿਯਾ ਵਿਚ ਇਕ ਮਸੀਹੀ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਸੀ।

5. ਦੂਜਾ ਤਿਮੋਥਿਉਸ 3:14, 15 ਦੇ ਮੁਤਾਬਕ ਕਿਨ੍ਹਾਂ ਦੋ ਗੱਲਾਂ ਨੇ ਤਿਮੋਥਿਉਸ ਦੀ ਚੰਗੇ ਟੀਚੇ ਰੱਖਣ ਵਿਚ ਮਦਦ ਕੀਤੀ ਸੀ?

5 ਇਹ ਗੱਲ ਸਾਫ਼ ਹੈ ਕਿ ਤਿਮੋਥਿਉਸ ਨੇ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਦਾ ਫ਼ੈਸਲਾ ਕੀਤਾ ਸੀ। ਪਰ ਇਹ ਫ਼ੈਸਲਾ ਕਰਨ ਵਿਚ ਕਿਹੜੀਆਂ ਗੱਲਾਂ ਨੇ ਉਸ ਦੀ ਮਦਦ ਕੀਤੀ ਸੀ? ਤਿਮੋਥਿਉਸ ਨੂੰ ਲਿਖੀ ਦੂਸਰੀ ਚਿੱਠੀ ਵਿਚ ਪੌਲੁਸ ਨੇ ਦੋ ਗੱਲਾਂ ਦਾ ਜ਼ਿਕਰ ਕੀਤਾ ਸੀ। ਉਸ ਨੇ ਲਿਖਿਆ: ‘ਤੂੰ ਉਨ੍ਹਾਂ ਗੱਲਾਂ ਉੱਤੇ ਜਿਹੜੀਆਂ ਤੈਂ ਸਿੱਖੀਆਂ ਅਤੇ ਸਤ ਮੰਨੀਆਂ ਟਿਕਿਆ ਰਹੁ ਕਿਉਂ ਜੋ ਤੂੰ ਜਾਣਦਾ ਹੈਂ ਭਈ ਕਿਨ੍ਹਾਂ ਕੋਲੋਂ ਸਿੱਖੀਆਂ ਸਨ। ਅਤੇ ਇਹ ਜੋ ਤੂੰ ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ ਹੈਂ।’ (2 ਤਿਮੋਥਿਉਸ 3:14, 15) ਆਓ ਆਪਾਂ ਪਹਿਲਾਂ ਇਹ ਦੇਖੀਏ ਕਿ ਦੂਸਰੇ ਮਸੀਹੀਆਂ ਨੇ ਤਿਮੋਥਿਉਸ ਦੀ ਕਿਵੇਂ ਮਦਦ ਕੀਤੀ ਸੀ।

ਚੰਗੀ ਮਿਸਾਲ ਦੇ ਫ਼ਾਇਦੇ

6. ਤਿਮੋਥਿਉਸ ਨੂੰ ਕਿਹੜੀ ਸਿਖਲਾਈ ਮਿਲੀ ਸੀ ਅਤੇ ਉਸ ਨੇ ਇਸ ਦਾ ਕਿਵੇਂ ਫ਼ਾਇਦਾ ਉਠਾਇਆ?

6 ਤਿਮੋਥਿਉਸ ਦੇ ਪਰਿਵਾਰ ਦੇ ਸਾਰੇ ਜੀਅ ਯਹੋਵਾਹ ਦੇ ਭਗਤ ਨਹੀਂ ਸਨ। ਉਸ ਦਾ ਪਿਤਾ ਯੂਨਾਨੀ ਸੀ ਅਤੇ ਉਸ ਦੀ ਮਾਂ ਯੂਨੀਕਾ ਅਤੇ ਉਸ ਦੀ ਨਾਨੀ ਲੋਇਸ ਯਹੂਦਣਾਂ ਸਨ। (ਰਸੂਲਾਂ ਦੇ ਕਰਤੱਬ 16:1) ਯੂਨੀਕਾ ਤੇ ਲੋਇਸ ਨੇ ਤਿਮੋਥਿਉਸ ਨੂੰ ਛੋਟੀ ਉਮਰ ਵਿਚ ਹੀ ਇਬਰਾਨੀ ਸ਼ਾਸਤਰ ਤੋਂ ਸੱਚਾਈ ਸਿਖਾਈ ਸੀ। ਮਸੀਹੀ ਬਣਨ ਤੋਂ ਬਾਅਦ ਯੂਨੀਕਾ ਤੇ ਲੋਇਸ ਨੇ ਤਿਮੋਥਿਉਸ ਦੀ ਮਸੀਹੀ ਸਿੱਖਿਆਵਾਂ ਨੂੰ ਮੰਨਣ ਵਿਚ ਮਦਦ ਜ਼ਰੂਰ ਕੀਤੀ ਹੋਵੇਗੀ। ਤਿਮੋਥਿਉਸ ਨੇ ਇਸ ਵਧੀਆ ਸਿਖਲਾਈ ਦਾ ਪੂਰਾ ਫ਼ਾਇਦਾ ਉਠਾਇਆ। ਪੌਲੁਸ ਨੇ ਕਿਹਾ ਸੀ: “ਮੈਨੂੰ ਤੇਰੀ ਨਿਸ਼ਕਪਟ ਨਿਹਚਾ ਚੇਤੇ ਆਉਂਦੀ ਹੈ ਜਿਹੜੀ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਤਾ ਯੂਨੀਕਾ ਵਿੱਚ ਸੀ ਅਤੇ ਮੈਨੂੰ ਪਰਤੀਤ ਹੈ ਜੋ ਉਹ ਤੇਰੇ ਵਿੱਚ ਭੀ ਹੈ।”—2 ਤਿਮੋਥਿਉਸ 1:5.

7. ਕੁਝ ਨੌਜਵਾਨਾਂ ਨੂੰ ਕਿਹੜੀ ਬਰਕਤ ਮਿਲਦੀ ਹੈ ਅਤੇ ਉਹ ਇਸ ਤੋਂ ਕਿਵੇਂ ਫ਼ਾਇਦਾ ਉਠਾ ਸਕਦੇ ਹਨ?

7 ਅੱਜ ਵੀ ਕਈ ਨੌਜਵਾਨ ਹਨ ਜਿਨ੍ਹਾਂ ਦੇ ਮਾਪੇ, ਦਾਦਕੇ ਅਤੇ ਨਾਨਕੇ ਲੋਇਸ ਤੇ ਯੂਨੀਕਾ ਵਾਂਗ ਯਹੋਵਾਹ ਦਾ ਭੈ ਰੱਖਦੇ ਤੇ ਉਸ ਦੀ ਸੇਵਾ ਕਰਨ ਦੀ ਮਹੱਤਤਾ ਸਮਝਦੇ ਹਨ। ਉਹ ਇਨ੍ਹਾਂ ਨੌਜਵਾਨਾਂ ਲਈ ਬਹੁਤ ਵੱਡੀ ਬਰਕਤ ਹਨ। ਜ਼ਰਾ ਸਮੀਰਾ ਨਾਂ ਦੀ ਕੁੜੀ ਦੀ ਮਿਸਾਲ ਉੱਤੇ ਗੌਰ ਕਰੋ। ਸਮੀਰਾ ਹੁਣ ਵੀ ਉਨ੍ਹਾਂ ਗੱਲਾਂ-ਬਾਤਾਂ ਨੂੰ ਯਾਦ ਕਰਦੀ ਹੈ ਜੋ ਉਹ ਆਪਣੇ ਮਾਪਿਆਂ ਨਾਲ ਕਰਦੀ ਹੁੰਦੀ ਸੀ। ਉਹ ਕਹਿੰਦੀ ਹੈ: “ਮੇਰੇ ਮਾਤਾ-ਪਿਤਾ ਨੇ ਮੈਨੂੰ ਯਹੋਵਾਹ ਦਾ ਨਜ਼ਰੀਆ ਅਪਣਾਉਣਾ ਅਤੇ ਪ੍ਰਚਾਰ ਦੇ ਕੰਮ ਨੂੰ ਪਹਿਲ ਦੇਣਾ ਸਿਖਾਇਆ। ਉਨ੍ਹਾਂ ਨੇ ਹਮੇਸ਼ਾ ਮੈਨੂੰ ਯਹੋਵਾਹ ਦੀ ਸੇਵਾ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।” ਸਮੀਰਾ ਨੇ ਆਪਣੇ ਮਾਪਿਆਂ ਦੀ ਚੰਗੀ ਸਲਾਹ ਮੰਨੀ ਤੇ ਹੁਣ ਉਹ ਆਪਣੇ ਦੇਸ਼ ਦੇ ਬੈਥਲ ਵਿਚ ਸੇਵਾ ਕਰ ਰਹੀ ਹੈ। ਜੇ ਤੁਹਾਡੇ ਮਾਪੇ ਤੁਹਾਨੂੰ ਅਜਿਹੇ ਟੀਚੇ ਰੱਖਣ ਲਈ ਉਤਸ਼ਾਹਿਤ ਕਰਦੇ ਹਨ ਜੋ ਯਹੋਵਾਹ ਦੀ ਸੇਵਾ ਵਿਚ ਤਰੱਕੀ ਕਰਨ ਵਿਚ ਤੁਹਾਡੀ ਮਦਦ ਕਰਨਗੇ, ਤਾਂ ਧਿਆਨ ਨਾਲ ਉਨ੍ਹਾਂ ਦੀ ਸਲਾਹ ਉੱਤੇ ਵਿਚਾਰ ਕਰੋ। ਉਹ ਇਹ ਸਭ ਕੁਝ ਤੁਹਾਡੇ ਹੀ ਭਲੇ ਲਈ ਕਹਿ ਰਹੇ ਹਨ।—ਕਹਾਉਤਾਂ 1:5.

8. ਤਿਮੋਥਿਉਸ ਨੂੰ ਚੰਗੇ ਸਾਥੀ ਚੁਣਨ ਦਾ ਕੀ ਲਾਭ ਹੋਇਆ?

8 ਤੁਹਾਡੇ ਲਈ ਇਹ ਵੀ ਬਹੁਤ ਜ਼ਰੂਰੀ ਹੈ ਕਿ ਕਲੀਸਿਯਾ ਵਿਚ ਤੁਹਾਡੇ ਚੰਗੇ ਸਾਥੀ ਹੋਣ। ਤਿਮੋਥਿਉਸ ਦਾ ਆਪਣੀ ਕਲੀਸਿਯਾ ਦੇ ਬਜ਼ੁਰਗਾਂ ਤੇ ਇਕੋਨਿਯੁਮ ਦੀ ਕਲੀਸਿਯਾ ਦੇ ਭਰਾਵਾਂ ਵਿਚ ਵੀ ਨੇਕਨਾਮ ਸੀ, ਭਾਵੇਂ ਕਿ ਇਹ ਕਲੀਸਿਯਾ ਕੁਝ 30 ਕਿਲੋਮੀਟਰ ਦੂਰ ਸੀ। (ਰਸੂਲਾਂ ਦੇ ਕਰਤੱਬ 16:1, 2) ਉਸ ਦੀ ਪੌਲੁਸ ਨਾਲ ਗੂੜ੍ਹੀ ਦੋਸਤੀ ਸੀ ਜੋ ਕਿ ਬਹੁਤ ਹੀ ਜੋਸ਼ੀਲਾ ਸੀ। (ਫ਼ਿਲਿੱਪੀਆਂ 3:14) ਪੌਲੁਸ ਦੀਆਂ ਚਿੱਠੀਆਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਤਿਮੋਥਿਉਸ ਦਿੱਤੀ ਗਈ ਸਲਾਹ ਨੂੰ ਛੇਤੀ ਮੰਨ ਲੈਂਦਾ ਸੀ ਤੇ ਦੂਸਰਿਆਂ ਦੀ ਚੰਗੀ ਮਿਸਾਲ ਦੀ ਰੀਸ ਕਰਨ ਵਿਚ ਦੇਰ ਨਹੀਂ ਕਰਦਾ ਸੀ। (1 ਕੁਰਿੰਥੀਆਂ 4:17; 1 ਤਿਮੋਥਿਉਸ 4:6, 12-16) ਪੌਲੁਸ ਨੇ ਲਿਖਿਆ: ‘ਤੈਂ ਮੇਰੀ ਸਿੱਖਿਆ, ਚਾਲ ਚਲਣ, ਮਨਸ਼ਾ, ਨਿਹਚਾ, ਧੀਰਜ, ਪ੍ਰੇਮ ਅਤੇ ਸਬਰ’ ਦੀ ਚੰਗੀ ਤਰ੍ਹਾਂ ਰੀਸ ਕੀਤੀ। (2 ਤਿਮੋਥਿਉਸ 3:10) ਹਾਂ, ਤਿਮੋਥਿਉਸ ਪੌਲੁਸ ਦੇ ਨਕਸ਼ੇ-ਕਦਮਾਂ ਤੇ ਚੱਲਿਆ ਸੀ। ਇਸੇ ਤਰ੍ਹਾਂ, ਜੇ ਤੁਸੀਂ ਉਨ੍ਹਾਂ ਨਾਲ ਸੰਗਤ ਕਰੋ ਜੋ ਪਰਮੇਸ਼ੁਰ ਦੀ ਸੇਵਾ ਵਿਚ ਚੰਗੀ ਤਰੱਕੀ ਕਰ ਰਹੇ ਹਨ, ਤਾਂ ਤੁਹਾਨੂੰ ਰੂਹਾਨੀ ਟੀਚੇ ਰੱਖਣ ਵਿਚ ਮਦਦ ਮਿਲੇਗੀ।—2 ਤਿਮੋਥਿਉਸ 2:20-22.

“ਪਵਿੱਤਰ ਲਿਖਤਾਂ” ਦੀ ਜਾਂਚ ਕਰੋ

9. ਚੰਗੇ ਦੋਸਤ-ਮਿੱਤਰ ਚੁਣਨ ਦੇ ਨਾਲ-ਨਾਲ ਯਹੋਵਾਹ ਦੀ ਭਗਤੀ ਨੂੰ ਪਹਿਲ ਦੇਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

9 ਪਰ ਕੀ ਯਹੋਵਾਹ ਦੀ ਸੇਵਾ ਵਿਚ ਆਪਣੇ ਟੀਚੇ ਹਾਸਲ ਕਰਨ ਲਈ ਤੁਹਾਨੂੰ ਸਿਰਫ਼ ਚੰਗੇ ਦੋਸਤ-ਮਿੱਤਰਾਂ ਦੀ ਹੀ ਲੋੜ ਹੈ? ਨਹੀਂ! ਤਿਮੋਥਿਉਸ ਵਾਂਗ ਤੁਹਾਨੂੰ “ਪਵਿੱਤਰ ਲਿਖਤਾਂ” ਦੀ ਚੰਗੀ ਜਾਂਚ ਕਰਨ ਦੀ ਲੋੜ ਹੈ। ਹੋ ਸਕਦਾ ਹੈ ਕਿ ਤੁਸੀਂ ਪੜ੍ਹਾਈ ਕਰਨੀ ਪਸੰਦ ਨਹੀਂ ਕਰਦੇ, ਪਰ ਯਾਦ ਰੱਖੋ ਕਿ ਤਿਮੋਥਿਉਸ ਨੂੰ ਵੀ ‘ਭਗਤੀ ਲਈ ਆਪ ਸਾਧਨਾ’ ਕਰਨ ਯਾਨੀ ਯਹੋਵਾਹ ਦੀ ਭਗਤੀ ਨੂੰ ਪਹਿਲ ਦੇਣ ਲਈ ਆਪਣੇ ਆਪ ਨੂੰ ਤਿਆਰ ਕਰਨਾ ਪਿਆ ਸੀ। ਖਿਡਾਰੀ ਆਪਣੇ ਟੀਚੇ ਹਾਸਲ ਕਰਨ ਲਈ ਅਕਸਰ ਕਈ-ਕਈ ਮਹੀਨੇ ਤਿਆਰੀ ਕਰਨ ਵਿਚ ਲੱਗੇ ਰਹਿੰਦੇ ਹਨ। ਇਸੇ ਤਰ੍ਹਾਂ, ਰੂਹਾਨੀ ਟੀਚਿਆਂ ਨੂੰ ਹਾਸਲ ਕਰਨ ਲਈ ਸਾਨੂੰ ਕੁਰਬਾਨੀਆਂ ਤੇ ਸਖ਼ਤ ਮਿਹਨਤ ਕਰਨ ਦੀ ਲੋੜ ਪਵੇਗੀ। (1 ਤਿਮੋਥਿਉਸ 4:7, 8, 10) ਪਰ ਤੁਸੀਂ ਸ਼ਾਇਦ ਪੁੱਛੋ ਕਿ ‘ਟੀਚੇ ਹਾਸਲ ਕਰਨ ਵਿਚ ਬਾਈਬਲ ਦੀ ਸਟੱਡੀ ਮੇਰੀ ਕਿਵੇਂ ਮਦਦ ਕਰੇਗੀ?’ ਆਓ ਆਪਾਂ ਤਿੰਨ ਤਰੀਕਿਆਂ ਵੱਲ ਧਿਆਨ ਦੇਈਏ।

10, 11. ਬਾਈਬਲ ਤੁਹਾਨੂੰ ਰੂਹਾਨੀ ਟੀਚੇ ਹਾਸਲ ਕਰਨ ਲਈ ਕਿਵੇਂ ਪ੍ਰੇਰਿਤ ਕਰ ਸਕਦੀ ਹੈ? ਮਿਸਾਲ ਦਿਓ।

10 ਪਹਿਲੀ ਗੱਲ ਹੈ ਕਿ ਬਾਈਬਲ ਦੀ ਸਟੱਡੀ ਕਰਨ ਦੁਆਰਾ ਤੁਹਾਨੂੰ ਪ੍ਰੇਰਣਾ ਮਿਲੇਗੀ। ਬਾਈਬਲ ਪੜ੍ਹ ਕੇ ਅਸੀਂ ਆਪਣੇ ਸਵਰਗੀ ਪਿਤਾ ਦੇ ਅਦਭੁਤ ਸੁਭਾਅ ਬਾਰੇ, ਸਾਡੇ ਲਈ ਉਸ ਦੇ ਪਿਆਰ ਦੇ ਸਭ ਤੋਂ ਵੱਡੇ ਸਬੂਤ ਬਾਰੇ ਅਤੇ ਉਨ੍ਹਾਂ ਸ਼ਾਨਦਾਰ ਬਰਕਤਾਂ ਬਾਰੇ ਸਿੱਖਦੇ ਹਾਂ ਜੋ ਉਸ ਦੇ ਵਫ਼ਾਦਾਰ ਸੇਵਕਾਂ ਨੂੰ ਮਿਲਣਗੀਆਂ। (ਆਮੋਸ 3:7; ਯੂਹੰਨਾ 3:16; ਰੋਮੀਆਂ 15:4) ਜਿਉਂ-ਜਿਉਂ ਯਹੋਵਾਹ ਬਾਰੇ ਤੁਹਾਡਾ ਗਿਆਨ ਵਧੇਗਾ, ਤਿਉਂ-ਤਿਉਂ ਉਸ ਲਈ ਤੁਹਾਡਾ ਪਿਆਰ ਵੀ ਵਧੇਗਾ ਅਤੇ ਉਸ ਦੀ ਸੇਵਾ ਕਰਨ ਦੀ ਤੁਹਾਡੇ ਦਿਲ ਵਿਚ ਇੱਛਾ ਪੈਦਾ ਹੋਵੇਗੀ।

11 ਕਈ ਨੌਜਵਾਨ ਮਸੀਹੀ ਦੱਸਦੇ ਹਨ ਕਿ ਯਹੋਵਾਹ ਦੀਆਂ ਗੱਲਾਂ ਨੂੰ ਦਿਲ ਵਿਚ ਬਿਠਾਉਣ ਅਤੇ ਸੱਚਾਈ ਦੇ ਰਾਹ ਤੇ ਚੱਲਣ ਵਿਚ ਬਾਕਾਇਦਾ ਬਾਈਬਲ ਸਟੱਡੀ ਕਰਨ ਨਾਲ ਉਨ੍ਹਾਂ ਦੀ ਬਹੁਤ ਮਦਦ ਹੋਈ ਹੈ। ਮਿਸਾਲ ਲਈ, ਅਡੈਲ ਨਾਂ ਦੀ ਇਕ ਭੈਣ ਦੇ ਮਾਪਿਆਂ ਨੇ ਬਚਪਨ ਤੋਂ ਉਸ ਨੂੰ ਯਹੋਵਾਹ ਦੇ ਰਾਹਾਂ ਤੇ ਚੱਲਣਾ ਸਿਖਾਇਆ ਸੀ, ਪਰ ਅਡੈਲ ਨੇ ਕਦੀ ਖ਼ੁਦ ਕੋਈ ਟੀਚਾ ਨਹੀਂ ਰੱਖਿਆ ਸੀ। ਉਹ ਦੱਸਦੀ ਹੈ: “ਮੇਰੇ ਮਾਪੇ ਮੈਨੂੰ ਮੀਟਿੰਗਾਂ ਤੇ ਲੈ ਜਾਂਦੇ ਸਨ, ਪਰ ਮੈਂ ਨਾ ਤਾਂ ਸਟੱਡੀ ਕਰਦੀ ਸੀ ਤੇ ਨਾ ਹੀ ਮੀਟਿੰਗਾਂ ਵਿਚ ਦੱਸੀਆਂ ਜਾਂਦੀਆਂ ਗੱਲਾਂ ਨੂੰ ਸੁਣਦੀ ਸੀ।” ਪਰ ਜਦ ਅਡੈਲ ਦੀ ਭੈਣ ਨੇ ਬਪਤਿਸਮਾ ਲਿਆ, ਤਦ ਅਡੈਲ ਸੱਚਾਈ ਬਾਰੇ ਗੰਭੀਰਤਾ ਨਾਲ ਸੋਚਣ ਲੱਗੀ। ਉਸ ਨੇ ਕਿਹਾ: “ਮੈਂ ਤੈਅ ਕੀਤਾ ਕਿ ਮੈਂ ਪੂਰੀ ਬਾਈਬਲ ਪੜ੍ਹਾਂਗੀ। ਮੈਂ ਥੋੜ੍ਹਾ ਜਿਹਾ ਪੜ੍ਹਦੀ ਸੀ ਤੇ ਫਿਰ ਪੜ੍ਹੀਆਂ ਗੱਲਾਂ ਬਾਰੇ ਇਕ ਟਿੱਪਣੀ ਲਿਖ ਲੈਂਦੀ ਸੀ। ਲਿਖੀਆਂ ਉਹ ਸਾਰੀਆਂ ਗੱਲਾਂ ਹਾਲੇ ਵੀ ਮੇਰੇ ਕੋਲ ਹਨ। ਮੈਂ ਪੂਰੀ ਦੀ ਪੂਰੀ ਬਾਈਬਲ ਇਕ ਸਾਲ ਵਿਚ ਪੜ੍ਹ ਲਈ।” ਇਸ ਦੇ ਨਤੀਜੇ ਵਜੋਂ ਅਡੈਲ ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕਰਨ ਲਈ ਪ੍ਰੇਰਿਤ ਹੋਈ। ਭਾਵੇਂ ਕਿ ਅਡੈਲ ਅਪਾਹਜ ਹੈ, ਫਿਰ ਵੀ ਉਹ ਪਾਇਨੀਅਰ ਵਜੋਂ ਸੇਵਾ ਕਰ ਰਹੀ ਹੈ।

12, 13. (ੳ) ਬਾਈਬਲ ਸਟੱਡੀ ਨੌਜਵਾਨਾਂ ਨੂੰ ਆਪਣੇ ਵਿਚ ਕਿਹੜੀਆਂ ਤਬਦੀਲੀਆਂ ਕਰਨ ਵਿਚ ਮਦਦ ਕਰੇਗੀ ਅਤੇ ਕਿਵੇਂ? (ਅ) ਪਰਮੇਸ਼ੁਰ ਦੇ ਬਚਨ ਵਿਚ ਕਿਹੋ ਜਿਹੀ ਸੇਧ ਮਿਲਦੀ ਹੈ?

12 ਦੂਸਰੀ ਗੱਲ ਹੈ ਕਿ ਬਾਈਬਲ ਦੀ ਸਟੱਡੀ ਕਰਨ ਦੁਆਰਾ ਤੁਹਾਨੂੰ ਆਪਣੇ ਸੁਭਾਅ ਵਿਚ ਤਬਦੀਲੀਆਂ ਕਰਨ ਲਈ ਮਦਦ ਮਿਲੇਗੀ। ਪੌਲੁਸ ਨੇ ਤਿਮੋਥਿਉਸ ਨੂੰ ਕਿਹਾ ਸੀ ਕਿ “ਪਵਿੱਤਰ ਲਿਖਤਾਂ” ‘ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹਨ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।’ (2 ਤਿਮੋਥਿਉਸ 3:16, 17) ਪਰਮੇਸ਼ੁਰ ਦੇ ਬਚਨ ਵਿਚ ਪਾਈਆਂ ਜਾਂਦੀਆਂ ਗੱਲਾਂ ਉੱਤੇ ਡੂੰਘਾ ਸੋਚ-ਵਿਚਾਰ ਕਰਨ ਅਤੇ ਬਾਈਬਲ ਦੇ ਸਿਧਾਂਤਾਂ ਨੂੰ ਜ਼ਿੰਦਗੀ ਵਿਚ ਲਾਗੂ ਕਰਨ ਦੁਆਰਾ ਤੁਸੀਂ ਆਪਣੇ ਸੁਭਾਅ ਵਿਚ ਤਬਦੀਲੀਆਂ ਕਰਨ ਲਈ ਪ੍ਰੇਰਿਤ ਹੋਵੋਗੇ। ਪਰਮੇਸ਼ੁਰ ਦੀ ਆਤਮਾ ਤੁਹਾਡੇ ਵਿਚ ਜ਼ਰੂਰੀ ਗੁਣ ਪੈਦਾ ਕਰੇਗੀ ਜਿਵੇਂ ਕਿ ਨਿਮਰਤਾ, ਦ੍ਰਿੜ੍ਹਤਾ, ਲਗਨ ਅਤੇ ਸੰਗੀ ਮਸੀਹੀਆਂ ਲਈ ਸੱਚਾ ਪਿਆਰ। (1 ਤਿਮੋਥਿਉਸ 4:15) ਤਿਮੋਥਿਉਸ ਨੇ ਆਪਣੇ ਵਿਚ ਇਹ ਗੁਣ ਪੈਦਾ ਕੀਤੇ ਸਨ ਅਤੇ ਇਨ੍ਹਾਂ ਕਰਕੇ ਉਹ ਪੌਲੁਸ ਦੀ ਅਤੇ ਕਲੀਸਿਯਾਵਾਂ ਦੀ ਮਦਦ ਕਰ ਸਕਿਆ ਸੀ।—ਫ਼ਿਲਿੱਪੀਆਂ 2:20-22.

13 ਤੀਸਰੀ ਗੱਲ ਹੈ ਕਿ ਪਰਮੇਸ਼ੁਰ ਦਾ ਬਚਨ ਬੁੱਧ ਦਾ ਭੰਡਾਰ ਹੈ। (ਜ਼ਬੂਰਾਂ ਦੀ ਪੋਥੀ 1:1-3; 19:7; 2 ਤਿਮੋਥਿਉਸ 2:7; 3:15) ਇਹ ਤੁਹਾਨੂੰ ਸੋਚ-ਸਮਝ ਕੇ ਦੋਸਤ-ਮਿੱਤਰ ਬਣਾਉਣ ਅਤੇ ਚੰਗਾ ਮਨੋਰੰਜਨ ਚੁਣਨ ਵਿਚ ਮਦਦ ਕਰੇਗਾ। ਇਸ ਦੀ ਮਦਦ ਨਾਲ ਤੁਸੀਂ ਹੋਰ ਵੀ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕਰ ਸਕੋਗੇ। (ਉਤਪਤ 34:1, 2; ਜ਼ਬੂਰਾਂ ਦੀ ਪੋਥੀ 119:37; 1 ਕੁਰਿੰਥੀਆਂ 7:36) ਜੇ ਤੁਸੀਂ ਆਪਣੇ ਰੂਹਾਨੀ ਟੀਚੇ ਹਾਸਲ ਕਰਨੇ ਚਾਹੁੰਦੇ ਹੋ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਬਾਈਬਲ ਦੀ ਸੇਧ ਵਿਚ ਚੱਲ ਕੇ ਸਹੀ ਫ਼ੈਸਲੇ ਕਰੋ।

“ਚੰਗੀ ਲੜਾਈ ਲੜ”

14. ਰੂਹਾਨੀ ਟੀਚਿਆਂ ਨੂੰ ਪਹਿਲ ਦੇਣਾ ਸੌਖਾ ਕਿਉਂ ਨਹੀਂ?

14 ਉਨ੍ਹਾਂ ਟੀਚਿਆਂ ਨੂੰ ਪਹਿਲ ਦੇਣਾ ਜਿਨ੍ਹਾਂ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ ਸੌਖਾ ਨਹੀਂ ਹੈ, ਪਰ ਫਿਰ ਵੀ ਇੱਦਾਂ ਕਰਨਾ ਸਭ ਤੋਂ ਅਕਲਮੰਦੀ ਦੀ ਗੱਲ ਹੈ। ਮਿਸਾਲ ਲਈ, ਜਦ ਤੁਸੀਂ ਜ਼ਿੰਦਗੀ ਵਿਚ ਕੋਈ ਕੰਮ-ਧੰਦਾ ਕਰਨ ਦਾ ਫ਼ੈਸਲਾ ਕਰਦੇ ਹੋ, ਤਾਂ ਹੋ ਸਕਦਾ ਹੈ ਕਿ ਦੋਸਤ-ਮਿੱਤਰ, ਰਿਸ਼ਤੇਦਾਰ ਅਤੇ ਅਧਿਆਪਕ ਤੁਹਾਡੇ ਤੇ ਕਾਫ਼ੀ ਦਬਾਅ ਪਾਉਣ ਕਿਉਂਕਿ ਉਨ੍ਹਾਂ ਦੇ ਭਾਣੇ ਉੱਚੀ ਵਿੱਦਿਆ ਤੇ ਚੰਗੀ ਨੌਕਰੀ ਹਾਸਲ ਕਰਨ ਨਾਲ ਹੀ ਸੱਚੀ ਖ਼ੁਸ਼ੀ ਤੇ ਕਾਮਯਾਬੀ ਮਿਲਦੀ ਹੈ। (ਰੋਮੀਆਂ 12:2) ਤਿਮੋਥਿਉਸ ਵਾਂਗ ਤੁਹਾਨੂੰ ਵੀ ‘ਨਿਹਚਾ ਦੀ ਚੰਗੀ ਲੜਾਈ ਲੜਨੀ’ ਪਵੇਗੀ ਤਾਂਕਿ ਤੁਸੀਂ “ਸਦੀਪਕ ਜੀਵਨ ਨੂੰ ਫੜ” ਸਕੋ ਜਿਸ ਦਾ ਵਾਅਦਾ ਯਹੋਵਾਹ ਨੇ ਤੁਹਾਡੇ ਨਾਲ ਕੀਤਾ ਹੈ।—1 ਤਿਮੋਥਿਉਸ 6:12; 2 ਤਿਮੋਥਿਉਸ 3:12.

15. ਤਿਮੋਥਿਉਸ ਨੂੰ ਕਿਹੋ ਜਿਹੀ ਪਰੀਖਿਆ ਦਾ ਸਾਮ੍ਹਣਾ ਕਰਨਾ ਪਿਆ ਸੀ?

15 ਜੇ ਤੁਹਾਡੇ ਘਰ ਵਾਲੇ ਯਹੋਵਾਹ ਦੇ ਸੇਵਕ ਨਹੀਂ ਹਨ, ਤਾਂ ਹੋ ਸਕਦਾ ਹੈ ਕਿ ਉਹ ਤੁਹਾਡੇ ਫ਼ੈਸਲਿਆਂ ਨੂੰ ਨਾ ਮੰਨਣ। ਇਹ ਤੁਹਾਡੇ ਲਈ ਇਕ ਵੱਡੀ ਪਰੀਖਿਆ ਹੋ ਸਕਦੀ ਹੈ। ਸ਼ਾਇਦ ਤਿਮੋਥਿਉਸ ਨੂੰ ਵੀ ਅਜਿਹੀ ਪਰੀਖਿਆ ਦਾ ਸਾਮ੍ਹਣਾ ਕਰਨਾ ਪਿਆ ਸੀ। ਇਕ ਕਿਤਾਬ ਦੱਸਦੀ ਹੈ ਕਿ ਸੰਭਵ ਹੈ ਕਿ ਤਿਮੋਥਿਉਸ ਦਾ ਪਰਿਵਾਰ “ਉਨ੍ਹਾਂ ਵਿੱਚੋਂ ਸੀ ਜਿਨ੍ਹਾਂ ਨੇ ਉੱਚੀ ਵਿੱਦਿਆ ਹਾਸਲ ਕੀਤੀ ਸੀ ਅਤੇ ਅਮੀਰ ਸਨ।” ਹੋ ਸਕਦਾ ਹੈ ਕਿ ਤਿਮੋਥਿਉਸ ਦੇ ਪਿਤਾ ਨੇ ਉਸ ਤੇ ਇਹ ਆਸ ਲਾ ਰੱਖੀ ਸੀ ਕਿ ਉਹ ਉੱਚੀ ਵਿੱਦਿਆ ਹਾਸਲ ਕਰ ਕੇ ਪਰਿਵਾਰ ਦੇ ਕਾਰੋਬਾਰ ਨੂੰ ਸੰਭਾਲੇਗਾ। * ਜ਼ਰਾ ਸੋਚੋ ਕਿ ਤਿਮੋਥਿਉਸ ਦੇ ਪਿਤਾ ਉੱਤੇ ਕੀ ਬੀਤੀ ਹੋਵੇਗੀ ਜਦ ਉਸ ਨੂੰ ਪਤਾ ਲੱਗਾ ਕਿ ਤਿਮੋਥਿਉਸ ਪੌਲੁਸ ਨਾਲ ਮਿਸ਼ਨਰੀ ਸੇਵਾ ਕਰਨੀ ਚਾਹੁੰਦਾ ਸੀ—ਅਜਿਹਾ ਕੰਮ ਜਿਸ ਵਿਚ ਜਾਨ ਨੂੰ ਖ਼ਤਰਾ ਸੀ ਅਤੇ ਮਾਲੀ ਤੌਰ ਤੇ ਕੋਈ ਫ਼ਾਇਦਾ ਨਹੀਂ ਸੀ!

16. ਇਕ ਨੌਜਵਾਨ ਨੇ ਆਪਣੇ ਪਿਤਾ ਦੇ ਵਿਰੋਧ ਦਾ ਕਿਵੇਂ ਸਾਮ੍ਹਣਾ ਕੀਤਾ?

16 ਅੱਜ ਵੀ ਨੌਜਵਾਨ ਅਜਿਹੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ। ਮੈਥਿਊ ਨਾਂ ਦਾ ਇਕ ਭਰਾ ਜੋ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦਾ ਹੈ, ਕਹਿੰਦਾ ਹੈ: “ਜਦ ਮੈਂ ਪਾਇਨੀਅਰ ਵਜੋਂ ਸੇਵਾ ਸ਼ੁਰੂ ਕੀਤੀ, ਤਾਂ ਮੇਰੇ ਪਿਤਾ ਜੀ ਮੇਰੇ ਨਾਲ ਬੜੇ ਨਾਰਾਜ਼ ਹੋਏ। ਪਾਇਨੀਅਰੀ ਕਰਨ ਦੇ ਨਾਲ-ਨਾਲ ਮੈਂ ਆਪਣਾ ਗੁਜ਼ਾਰਾ ਤੋਰਨ ਲਈ ਕਲੀਨਰ ਦੀ ਨੌਕਰੀ ਕਰਨ ਲੱਗ ਪਿਆ, ਪਰ ਪਿਤਾ ਜੀ ਨੂੰ ਲੱਗਾ ਕਿ ਜੋ ਵੀ ਪੜ੍ਹਾਈ-ਲਿਖਾਈ ਮੈਂ ਕੀਤੀ ਸੀ, ਉਹ ਸਭ ‘ਫਜ਼ੂਲ’ ਗਈ। ਉਹ ਮੈਨੂੰ ਤਾਅਨੇ ਮਾਰ ਕੇ ਸੁਣਾਉਂਦੇ ਰਹਿੰਦੇ ਸਨ ਕਿ ਮੈਂ ਕਿੰਨੇ ਪੈਸੇ ਕਮਾ ਸਕਦਾ ਸੀ ਜੇ ਮੈਂ ਕੋਈ ਫੁਲ-ਟਾਈਮ ਨੌਕਰੀ ਕਰਦਾ।” ਮੈਥਿਊ ਨੇ ਇਸ ਵਿਰੋਧਤਾ ਦਾ ਕਿਵੇਂ ਸਾਮ੍ਹਣਾ ਕੀਤਾ? ਉਹ ਦੱਸਦਾ ਹੈ: “ਮੈਂ ਬਾਈਬਲ ਦੀ ਪੜ੍ਹਾਈ ਕਰਨੀ ਨਹੀਂ ਛੱਡੀ ਅਤੇ ਮੈਂ ਲਗਾਤਾਰ ਪ੍ਰਾਰਥਨਾ ਕਰਦਾ ਰਿਹਾ, ਖ਼ਾਸ ਕਰਕੇ ਉਨ੍ਹਾਂ ਮੌਕਿਆਂ ਤੇ ਜਦ ਮੈਨੂੰ ਬਹੁਤ ਗੁੱਸਾ ਆਉਂਦਾ ਸੀ।” ਮੈਥਿਊ ਦੀ ਦ੍ਰਿੜ੍ਹਤਾ ਦੇ ਚੰਗੇ ਨਤੀਜੇ ਨਿਕਲੇ। ਸਮੇਂ ਦੇ ਬੀਤਣ ਨਾਲ ਉਸ ਦੇ ਪਿਤਾ ਨਾਲ ਉਸ ਦਾ ਰਿਸ਼ਤਾ ਠੀਕ ਹੁੰਦਾ ਗਿਆ। ਯਹੋਵਾਹ ਨਾਲ ਵੀ ਮੈਥਿਊ ਦਾ ਰਿਸ਼ਤਾ ਹੋਰ ਮਜ਼ਬੂਤ ਹੋ ਗਿਆ ਹੈ। ਮੈਥਿਊ ਕਹਿੰਦਾ ਹੈ: “ਮੈਂ ਦੇਖਿਆ ਹੈ ਕਿ ਯਹੋਵਾਹ ਨੇ ਕਿਸ ਤਰ੍ਹਾਂ ਮੇਰਾ ਖ਼ਿਆਲ ਰੱਖਿਆ, ਮੈਨੂੰ ਹੌਸਲਾ ਦਿੱਤਾ ਅਤੇ ਗ਼ਲਤ ਫ਼ੈਸਲੇ ਕਰਨ ਤੋਂ ਮੈਨੂੰ ਬਚਾਇਆ। ਪਰ ਮੈਂ ਇਹ ਸਭ ਕੁਝ ਇਸ ਲਈ ਅਨੁਭਵ ਕਰ ਸਕਿਆ ਹਾਂ ਕਿਉਂਕਿ ਮੈਂ ਚੰਗੇ ਟੀਚੇ ਰੱਖੇ ਸਨ ਅਤੇ ਉਨ੍ਹਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।”

ਰੂਹਾਨੀ ਟੀਚਿਆਂ ਉੱਤੇ ਨਜ਼ਰ ਰੱਖੋ

17. ਕਈ ਸ਼ਾਇਦ ਅਣਜਾਣੇ ਵਿਚ ਉਨ੍ਹਾਂ ਦਾ ਹੌਸਲਾ ਕਿਵੇਂ ਢਾਹ ਸਕਦੇ ਹਨ ਜੋ ਪਾਇਨੀਅਰੀ ਕਰਨ ਬਾਰੇ ਸੋਚ ਰਹੇ ਹਨ? (ਮੱਤੀ 16:22)

17 ਹੋ ਸਕਦਾ ਹੈ ਕਿ ਬਿਨਾਂ ਸੋਚੇ-ਸਮਝੇ ਸੰਗੀ ਮਸੀਹੀ ਵੀ ਤੁਹਾਡੇ ਉੱਤੇ ਰੂਹਾਨੀ ਟੀਚੇ ਨਾ ਰੱਖਣ ਦਾ ਦਬਾਅ ਪਾਉਣ। ਕੁਝ ਸ਼ਾਇਦ ਕਹਿਣ ‘ਪਾਇਨੀਅਰ ਬਣਨ ਦੀ ਕੀ ਲੋੜ ਹੈ? ਤੁਸੀਂ ਆਮ ਜ਼ਿੰਦਗੀ ਜੀ ਕੇ ਵੀ ਤਾਂ ਪ੍ਰਚਾਰ ਵਿਚ ਹਿੱਸਾ ਲੈ ਸਕਦੇ ਹੋ। ਚੰਗੀ ਨੌਕਰੀ ਕਰੋ ਤੇ ਆਉਣ ਵਾਲੇ ਕੱਲ੍ਹ ਲਈ ਕੁਝ ਪੈਸੇ ਜਮ੍ਹਾ ਕਰੋ।’ ਸ਼ਾਇਦ ਇਹ ਸਲਾਹ ਤੁਹਾਨੂੰ ਠੀਕ ਲੱਗੇ, ਪਰ ਕੀ ਇਸ ਤਰ੍ਹਾਂ ਕਰ ਕੇ ਤੁਸੀਂ ਪਰਮੇਸ਼ੁਰ ਦੀ ਭਗਤੀ ਨੂੰ ਪਹਿਲ ਦੇ ਰਹੇ ਹੋਵੋਗੇ?

18, 19. (ੳ) ਤੁਸੀਂ ਰੂਹਾਨੀ ਟੀਚਿਆਂ ਉੱਤੇ ਆਪਣੀ ਨਜ਼ਰ ਕਿਵੇਂ ਟਿਕਾਈ ਰੱਖ ਸਕਦੇ ਹੋ? (ਅ) ਤੁਸੀਂ ਇਕ ਨੌਜਵਾਨ ਵਜੋਂ ਯਹੋਵਾਹ ਦੀ ਸੇਵਾ ਕਰਨ ਲਈ ਕਿਹੜੀਆਂ ਕੁਰਬਾਨੀਆਂ ਕਰ ਰਹੇ ਹੋ?

18 ਤਿਮੋਥਿਉਸ ਦੇ ਜ਼ਮਾਨੇ ਵਿਚ ਕੁਝ ਮਸੀਹੀਆਂ ਨੇ ਇਸੇ ਤਰ੍ਹਾਂ ਕੀਤਾ ਸੀ। (1 ਤਿਮੋਥਿਉਸ 6:17) ਯਹੋਵਾਹ ਦੀ ਸੇਵਾ ਉੱਤੇ ਧਿਆਨ ਲਾਈ ਰੱਖਣ ਵਿਚ ਤਿਮੋਥਿਉਸ ਦੀ ਮਦਦ ਕਰਨ ਲਈ ਪੌਲੁਸ ਨੇ ਇਹ ਕਹਿੰਦੇ ਹੋਏ ਉਸ ਨੂੰ ਉਤਸ਼ਾਹਿਤ ਕੀਤਾ: “ਕੋਈ ਸਿਪਾਹਗਰੀ ਕਰਦਾ ਹੋਇਆ ਆਪਣੇ ਆਪ ਨੂੰ ਸੰਸਾਰ ਦੇ ਵਿਹਾਰਾਂ ਵਿੱਚ ਨਹੀਂ ਫਸਾਉਂਦਾ ਭਈ ਆਪਣੀ ਭਰਤੀ ਕਰਨ ਵਾਲੇ ਨੂੰ ਪਰਸੰਨ ਕਰੇ।” (2 ਤਿਮੋਥਿਉਸ 2:4) ਜਦ ਸਿਪਾਹੀ ਡਿਊਟੀ ਤੇ ਹੁੰਦਾ ਹੈ, ਤਾਂ ਉਹ ਦੂਸਰੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦਾ। ਉਸ ਦੀ ਜ਼ਿੰਦਗੀ ਅਤੇ ਦੂਸਰਿਆਂ ਦੀਆਂ ਜ਼ਿੰਦਗੀਆਂ ਇਸ ਤੇ ਨਿਰਭਰ ਹੁੰਦੀਆਂ ਹਨ ਕਿ ਉਹ ਹਮੇਸ਼ਾ ਆਪਣੇ ਅਫ਼ਸਰ ਦੇ ਹੁਕਮ ਨੂੰ ਮੰਨਣ ਲਈ ਤਿਆਰ ਹੋਵੇ। ਮਸੀਹ ਦੇ ਸਿਪਾਹੀਆਂ ਵਜੋਂ ਤੁਹਾਨੂੰ ਵੀ ਠਾਣ ਲੈਣਾ ਚਾਹੀਦਾ ਹੈ ਕਿ ਤੁਸੀਂ ਦੁਨੀਆਂ ਦੀਆਂ ਫ਼ਜ਼ੂਲ ਗੱਲਾਂ ਵਿਚ ਨਹੀਂ ਫਸੋਗੇ ਜੋ ਪ੍ਰਚਾਰ ਦੇ ਕੰਮ ਵਿਚ ਪੂਰੀ ਤਰ੍ਹਾਂ ਹਿੱਸਾ ਲੈਣ ਵਿਚ ਤੁਹਾਡੇ ਲਈ ਰੁਕਾਵਟ ਬਣ ਸਕਦੀਆਂ ਹਨ।—ਮੱਤੀ 6:24; 1 ਤਿਮੋਥਿਉਸ 4:16; 2 ਤਿਮੋਥਿਉਸ 4:2, 5.

19 ਆਰਾਮ ਦੀ ਜ਼ਿੰਦਗੀ ਜੀਣ ਦੀ ਤਮੰਨਾ ਰੱਖਣ ਦੀ ਬਜਾਇ ਆਪਾ ਵਾਰਨ ਲਈ ਤਿਆਰ ਹੋਵੋ। “ਮਸੀਹ ਯਿਸੂ ਦੇ ਸਿਪਾਹੀ ਵਜੋਂ ਐਸ਼ੋ-ਆਰਾਮ ਦੀ ਜ਼ਿੰਦਗੀ ਨੂੰ ਤਿਆਗਣ ਲਈ ਤਿਆਰ ਰਹੋ।” (2 ਤਿਮੋਥਿਉਸ 2:3, ਦ ਇੰਗਲਿਸ਼ ਬਾਈਬਲ ਇਨ ਬੇਸਿਕ ਇੰਗਲਿਸ਼) ਪੌਲੁਸ ਦੇ ਨਾਲ ਸੇਵਾ ਕਰ ਕੇ ਤਿਮੋਥਿਉਸ ਨੇ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿਚ ਵੀ ਖ਼ੁਸ਼ ਰਹਿਣਾ ਸਿੱਖ ਲਿਆ ਸੀ। (ਫ਼ਿਲਿੱਪੀਆਂ 4:11, 12; 1 ਤਿਮੋਥਿਉਸ 6:6-8) ਤੁਸੀਂ ਵੀ ਇਸੇ ਤਰ੍ਹਾਂ ਕਰ ਸਕਦੇ ਹੋ। ਕੀ ਤੁਸੀਂ ਯਹੋਵਾਹ ਦੀ ਸੇਵਾ ਵਿਚ ਆਪਾ ਵਾਰਨ ਲਈ ਤਿਆਰ ਹੋ?

ਹੁਣ ਅਤੇ ਆਉਣ ਵਾਲੇ ਸਮੇਂ ਵਿਚ ਬਰਕਤਾਂ

20, 21. (ੳ) ਕੁਝ ਬਰਕਤਾਂ ਬਾਰੇ ਦੱਸੋ ਜੋ ਰੂਹਾਨੀ ਟੀਚੇ ਰੱਖਣ ਨਾਲ ਮਿਲਦੀਆਂ ਹਨ। (ਅ) ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?

20 ਤਿਮੋਥਿਉਸ ਨੇ 15 ਕੁ ਸਾਲਾਂ ਤਕ ਪੌਲੁਸ ਦਾ ਸਾਥ ਦਿੱਤਾ। ਜਿਉਂ-ਜਿਉਂ ਖ਼ੁਸ਼ ਖ਼ਬਰੀ ਉੱਤਰੀ ਭੂਮੱਧ ਸਾਗਰ ਦੇ ਤਕਰੀਬਨ ਸਾਰੇ ਇਲਾਕਿਆਂ ਵਿਚ ਫੈਲਦੀ ਗਈ, ਤਿਮੋਥਿਉਸ ਨੇ ਆਪਣੀ ਅੱਖੀਂ ਨਵੀਆਂ ਕਲੀਸਿਯਾਵਾਂ ਸ਼ੁਰੂ ਹੁੰਦੀਆਂ ਦੇਖੀਆਂ। ਜੇ ਉਹ ਆਮ ਲੋਕਾਂ ਵਾਂਗ ਦੁਨੀਆਂ ਵਿਚ ਕੁਝ ਬਣਨ ਦੀ ਕੋਸ਼ਿਸ਼ ਕਰਦਾ, ਤਾਂ ਉਸ ਨੇ ਕਦੀ ਵੀ ਇੰਨੀ ਖ਼ੁਸ਼ੀ ਨਹੀਂ ਪਾਉਣੀ ਸੀ ਜੋ ਉਸ ਨੇ ਯਹੋਵਾਹ ਦੀ ਸੇਵਾ ਵਿਚ ਪਾਈ। ਰੂਹਾਨੀ ਟੀਚੇ ਰੱਖ ਕੇ ਤੁਸੀਂ ਵੀ ਬੇਸ਼ੁਮਾਰ ਬਰਕਤਾਂ ਪਾਓਗੇ। ਯਹੋਵਾਹ ਨਾਲ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ ਅਤੇ ਤੁਸੀਂ ਮਸੀਹੀ ਭੈਣਾਂ-ਭਰਾਵਾਂ ਤੋਂ ਪਿਆਰ ਤੇ ਇੱਜ਼ਤ ਪਾਓਗੇ। ਧਨ-ਦੌਲਤ ਪਿੱਛੇ ਭੱਜਣ ਕਾਰਨ ਦੁਖੀ ਤੇ ਮਾਯੂਸ ਹੋਣ ਦੀ ਬਜਾਇ ਤੁਸੀਂ ਉਹ ਸੁੱਖ ਪਾਓਗੇ ਜੋ ਆਪਾ ਵਾਰਨ ਨਾਲ ਮਿਲਦਾ ਹੈ। ਪਰ ਸਭ ਤੋਂ ਵੱਧ ਤੁਸੀਂ ‘ਉਸ ਜੀਵਨ ਨੂੰ ਫੜ ਲਵੋਗੇ ਜਿਹੜਾ ਅਸਲ ਜੀਵਨ ਹੈ’ ਯਾਨੀ ਸੁੰਦਰ ਧਰਤੀ ਉੱਤੇ ਸਦਾ ਦਾ ਜੀਵਨ।—1 ਤਿਮੋਥਿਉਸ 6:9, 10, 17-19; ਰਸੂਲਾਂ ਦੇ ਕਰਤੱਬ 20:35.

21 ਤਾਂ ਫਿਰ, ਜੇ ਤੁਸੀਂ ਹਾਲੇ ਤਕ ਯਹੋਵਾਹ ਦੀ ਭਗਤੀ ਕਰਨ ਲਈ ਆਪਣੇ ਆਪ ਨੂੰ ਤਿਆਰ ਨਹੀਂ ਕੀਤਾ, ਤਾਂ ਅਸੀਂ ਤੁਹਾਨੂੰ ਉਤਸ਼ਾਹਿਤ ਕਰਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਕਲੀਸਿਯਾ ਦੇ ਉਨ੍ਹਾਂ ਭੈਣਾਂ-ਭਰਾਵਾਂ ਦੇ ਨਜ਼ਦੀਕ ਰਹੋ ਅਤੇ ਉਨ੍ਹਾਂ ਦੀ ਮਦਦ ਮੰਗੋ ਜੋ ਤੁਹਾਨੂੰ ਆਪਣੇ ਟੀਚੇ ਹਾਸਲ ਕਰਨ ਵਿਚ ਮਦਦ ਦੇਣਗੇ। ਬਾਕਾਇਦਾ ਨਿੱਜੀ ਬਾਈਬਲ ਸਟੱਡੀ ਨੂੰ ਪਹਿਲ ਦਿਓ। ਧਨ-ਦੌਲਤ ਪਿੱਛੇ ਭੱਜ ਰਹੀ ਇਸ ਦੁਨੀਆਂ ਦੀ ਹਵਾ ਤੋਂ ਬਚਣ ਦਾ ਪੱਕਾ ਇਰਾਦਾ ਕਰੋ। ਅਤੇ ਹਮੇਸ਼ਾ ਯਾਦ ਰੱਖੋ ਕਿ ਜੇ ਤੁਸੀਂ ਯਹੋਵਾਹ ਦੀ ਮਹਿਮਾ ਕਰਨ ਵਾਲੇ ਟੀਚੇ ਰੱਖੋਗੇ, ਤਾਂ ਉਹ ਵਾਅਦਾ ਕਰਦਾ ਹੈ ਕਿ ਉਹ ਹੁਣ ਅਤੇ ਆਉਣ ਵਾਲੇ ਸਮੇਂ ਵਿਚ ਤੁਹਾਨੂੰ ਜ਼ਰੂਰ ਬਰਕਤਾਂ ਦੇਵੇਗਾ, ਕਿਉਂਕਿ ਯਹੋਵਾਹ “ਖੁਲ੍ਹ ਦਿਲੀ ਨਾਲ ਸਭ ਚੀਜ਼ਾਂ ਦਾ ਦਾਨ ਸੁਖੀ ਜੀਵਣ ਦੇ ਲਈ” ਦੇਣ ਵਾਲਾ ਹੈ।—1 ਤਿਮੋਥਿਉਸ 6:17, ਪਵਿੱਤਰ ਬਾਈਬਲ ਨਵਾਂ ਅਨੁਵਾਦ।

[ਫੁਟਨੋਟ]

^ ਪੈਰਾ 15 ਯੂਨਾਨੀ ਸਮਾਜ ਵਿਚ ਲੋਕ ਉੱਚੀ ਵਿੱਦਿਆ ਹਾਸਲ ਕਰਨੀ ਬਹੁਤ ਜ਼ਰੂਰੀ ਸਮਝਦੇ ਸਨ। ਤਿਮੋਥਿਉਸ ਦੇ ਜ਼ਮਾਨੇ ਵਿਚ ਰਹਿਣ ਵਾਲੇ ਪਲੂਟਾਰਕ ਨੇ ਲਿਖਿਆ: “ਚੰਗੀ ਵਿੱਦਿਆ ਭਲਾਈ ਦਾ ਮੁੱਢ ਤੇ ਜੜ੍ਹ ਹੈ। . . . ਮੇਰੇ ਖ਼ਿਆਲ ਵਿਚ ਪੜ੍ਹਾਈ ਕਰਨ ਨਾਲ ਹੀ ਅਸੀਂ ਜ਼ਿੰਦਗੀ ਵਿਚ ਅੱਗੇ ਵਧ ਸਕਦੇ ਹਾਂ ਅਤੇ ਇਹੀ ਸਾਨੂੰ ਨੇਕ ਕੰਮ ਕਰਨ ਤੇ ਖ਼ੁਸ਼ੀ ਪਾਉਣ ਵਿਚ ਮਦਦ ਕਰਦੀ ਹੈ। . . . ਹੋਰ ਸਾਰੀਆਂ ਗੱਲਾਂ ਮਾਮੂਲੀ ਹਨ ਤੇ ਉਨ੍ਹਾਂ ਉੱਤੇ ਧਿਆਨ ਦੇਣਾ ਫਜ਼ੂਲ ਹੈ।”—ਮੋਰਾਲਿਆ, 1, “ਬੱਚਿਆਂ ਦੀ ਸਿਖਲਾਈ” (ਅੰਗ੍ਰੇਜ਼ੀ)।

ਕੀ ਤੁਹਾਨੂੰ ਯਾਦ ਹੈ?

• ਰੂਹਾਨੀ ਟੀਚੇ ਰੱਖਣ ਲਈ ਨੌਜਵਾਨ ਕਿੱਥੋਂ ਮਦਦ ਪਾ ਸਕਦੇ ਹਨ?

• ਧਿਆਨ ਨਾਲ ਬਾਈਬਲ ਸਟੱਡੀ ਕਰਨੀ ਕਿਉਂ ਜ਼ਰੂਰੀ ਹੈ?

• ਨੌਜਵਾਨ ਦੁਨੀਆਂ ਵਾਂਗ ਧਨ-ਦੌਲਤ ਪਿੱਛੇ ਭੱਜਣ ਤੋਂ ਕਿਵੇਂ ਦੂਰ ਰਹਿ ਸਕਦੇ ਹਨ?

• ਰੂਹਾਨੀ ਟੀਚੇ ਰੱਖਣ ਨਾਲ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

[ਸਵਾਲ]

[ਸਫ਼ਾ 24 ਉੱਤੇ ਤਸਵੀਰ]

ਤਿਮੋਥਿਉਸ ਨੇ ਚੰਗੇ ਟੀਚੇ ਰੱਖੇ ਸਨ

[ਸਫ਼ਾ 25 ਉੱਤੇ ਤਸਵੀਰਾਂ]

ਤਿਮੋਥਿਉਸ ਦੀ ਕਿਨ੍ਹਾਂ ਨੇ ਮਦਦ ਕੀਤੀ ਸੀ?

[ਸਫ਼ਾ 26 ਉੱਤੇ ਤਸਵੀਰਾਂ]

ਕੀ ਤੁਸੀਂ ਰੂਹਾਨੀ ਟੀਚੇ ਰੱਖੇ ਹਨ?