Skip to content

Skip to table of contents

ਪਰਮੇਸ਼ੁਰ ਦੇ ਬਚਨ ਦੇ ਚਾਨਣ ਵਿਚ ਚੱਲੋ

ਪਰਮੇਸ਼ੁਰ ਦੇ ਬਚਨ ਦੇ ਚਾਨਣ ਵਿਚ ਚੱਲੋ

ਪਰਮੇਸ਼ੁਰ ਦੇ ਬਚਨ ਦੇ ਚਾਨਣ ਵਿਚ ਚੱਲੋ

“ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।”—ਜ਼ਬੂਰਾਂ ਦੀ ਪੋਥੀ 119:105.

1, 2. ਜ਼ਿਆਦਾਤਰ ਇਨਸਾਨ ਖ਼ੁਸ਼ੀ ਅਤੇ ਸ਼ਾਂਤੀ ਕਿਉਂ ਨਹੀਂ ਪਾ ਸਕੇ?

ਕੀ ਤੁਹਾਨੂੰ ਕਦੇ ਰਸਤਾ ਭੁੱਲਣ ਕਰਕੇ ਕਿਸੇ ਤੋਂ ਰਾਹ ਪੁੱਛਣਾ ਪਿਆ ਹੈ? ਹੋ ਸਕਦਾ ਹੈ ਕਿ ਤੁਸੀਂ ਆਪਣੀ ਮੰਜ਼ਲ ਦੇ ਲਾਗੇ ਹੀ ਸੀ, ਪਰ ਤੁਸੀਂ ਅਖ਼ੀਰਲੇ ਕੁਝ ਮੋੜ ਭੁੱਲ ਗਏ। ਜਾਂ ਸ਼ਾਇਦ ਤੁਸੀਂ ਆਪਣੀ ਮੰਜ਼ਲ ਤੋਂ ਬਹੁਤ ਦੂਰ ਨਿਕਲ ਗਏ ਅਤੇ ਤੁਹਾਨੂੰ ਵਾਪਸ ਮੁੜਨਾ ਪਿਆ। ਜਿੱਦਾਂ ਵੀ ਹੋਇਆ ਹੋਵੇ, ਕੀ ਅਜਿਹੇ ਵਿਅਕਤੀ ਤੋਂ ਰਸਤਾ ਪੁੱਛਣਾ ਅਕਲਮੰਦੀ ਦੀ ਗੱਲ ਨਹੀਂ ਜੋ ਉਸ ਇਲਾਕੇ ਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ? ਅਜਿਹਾ ਵਿਅਕਤੀ ਮੰਜ਼ਲ ਤਕ ਪਹੁੰਚਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ।

2 ਹਜ਼ਾਰਾਂ ਸਾਲਾਂ ਤੋਂ ਇਨਸਾਨ ਪਰਮੇਸ਼ੁਰ ਦੀ ਮਦਦ ਤੋਂ ਬਗੈਰ ਆਪਣਾ ਰਾਹ ਖ਼ੁਦ ਤੈਅ ਕਰਦੇ ਆਏ ਹਨ। ਪਰ ਆਪਣੀ ਮਨ-ਮਰਜ਼ੀ ਕਰਨ ਦੇ ਨਤੀਜੇ ਵਜੋਂ ਇਨਸਾਨ ਪੂਰੀ ਤਰ੍ਹਾਂ ਗੁਮਰਾਹ ਹੋ ਗਏ ਹਨ। ਉਹ ਆਪਣੇ ਬਲਬੂਤੇ ਤੇ ਖ਼ੁਸ਼ੀ ਅਤੇ ਸ਼ਾਂਤੀ ਨਹੀਂ ਪਾ ਸਕਦੇ। ਕਿਉਂ? ਕਿਉਂਕਿ ਕੁਝ 2,500 ਸਾਲ ਪਹਿਲਾਂ ਯਿਰਮਿਯਾਹ ਨਬੀ ਨੇ ਕਿਹਾ ਸੀ: “ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਜੋ ਵੀ ਇਨਸਾਨ ਵਧੀਆ ਸੇਧ ਤੋਂ ਬਗੈਰ ਆਪਣਾ ਰਸਤਾ ਖ਼ੁਦ ਤੈਅ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਅਖ਼ੀਰ ਵਿਚ ਮਾਯੂਸ ਹੀ ਹੁੰਦਾ ਹੈ। ਹਾਂ, ਇਨਸਾਨਾਂ ਨੂੰ ਨਿਰਦੇਸ਼ਨ ਦੀ ਜ਼ਰੂਰਤ ਹੈ!

3. ਇਨਸਾਨਾਂ ਨੂੰ ਨਿਰਦੇਸ਼ਨ ਦੇਣ ਲਈ ਯਹੋਵਾਹ ਪਰਮੇਸ਼ੁਰ ਹੀ ਕਿਉਂ ਸਭ ਤੋਂ ਕਾਬਲ ਹੈ ਅਤੇ ਉਹ ਕਿਹੜਾ ਵਾਅਦਾ ਕਰਦਾ ਹੈ?

3 ਸਾਨੂੰ ਸਹੀ ਨਿਰਦੇਸ਼ਨ ਦੇਣ ਲਈ ਯਹੋਵਾਹ ਪਰਮੇਸ਼ੁਰ ਹੀ ਸਭ ਤੋਂ ਕਾਬਲ ਹੈ। ਕਿਉਂ? ਕਿਉਂਕਿ ਉਹ ਇਨਸਾਨਾਂ ਦੀ ਰਗ-ਰਗ ਤੋਂ ਵਾਕਫ਼ ਹੈ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਸ਼ੁਰੂ ਵਿਚ ਇਨਸਾਨ ਸਹੀ ਰਾਹ ਤੋਂ ਕਿਵੇਂ ਭਟਕ ਗਏ ਸਨ। ਉਹ ਇਹ ਵੀ ਜਾਣਦਾ ਹੈ ਕਿ ਉਨ੍ਹਾਂ ਨੂੰ ਸਹੀ ਰਾਹ ਤੇ ਵਾਪਸ ਲਿਆਉਣ ਲਈ ਕਿਸ ਚੀਜ਼ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ, ਯਹੋਵਾਹ ਸਾਡਾ ਕਰਤਾਰ ਹੈ ਅਤੇ ਉਹ ਜਾਣਦਾ ਹੈ ਕਿ ਸਾਡੇ ਲਈ ਸਭ ਤੋਂ ਵਧੀਆ ਰਾਹ ਕਿਹੜਾ ਹੈ। (ਯਸਾਯਾਹ 48:17) ਇਸ ਲਈ, ਅਸੀਂ ਜ਼ਬੂਰਾਂ ਦੀ ਪੋਥੀ 32:8 ਵਿਚ ਦਰਜ ਪਰਮੇਸ਼ੁਰ ਦੇ ਇਸ ਵਾਅਦੇ ਤੇ ਪੱਕਾ ਭਰੋਸਾ ਰੱਖ ਸਕਦੇ ਹਾਂ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।” ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਹੀ ਸਾਨੂੰ ਸਭ ਤੋਂ ਵਧੀਆ ਨਿਰਦੇਸ਼ਨ ਦੇ ਸਕਦਾ ਹੈ। ਪਰ ਉਹ ਇਹ ਨਿਰਦੇਸ਼ਨ ਕਿਸ ਤਰ੍ਹਾਂ ਦਿੰਦਾ ਹੈ?

4, 5. ਪਰਮੇਸ਼ੁਰ ਦੀ ਸਲਾਹ ਸਾਨੂੰ ਕਿਵੇਂ ਸਹੀ ਰਾਹ ਤੇ ਪਾ ਸਕਦੀ ਹੈ?

4 ਜ਼ਬੂਰਾਂ ਦੇ ਲਿਖਾਰੀ ਨੇ ਪ੍ਰਾਰਥਨਾ ਵਿਚ ਯਹੋਵਾਹ ਨੂੰ ਕਿਹਾ: “ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।” (ਜ਼ਬੂਰਾਂ ਦੀ ਪੋਥੀ 119:105) ਪਰਮੇਸ਼ੁਰ ਦੀ ਸਲਾਹ ਅਤੇ ਉਸ ਦੀਆਂ ਹਿਦਾਇਤਾਂ ਬਾਈਬਲ ਵਿਚ ਪਾਈਆਂ ਜਾਂਦੀਆਂ ਹਨ। ਇਹ ਰਾਹ ਵਿਚ ਆਉਂਦੀਆਂ ਰੁਕਾਵਟਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ। ਜਦ ਅਸੀਂ ਬਾਈਬਲ ਨੂੰ ਪੜ੍ਹਦੇ ਹਾਂ ਤੇ ਉਸ ਦੀ ਸੇਧ ਵਿਚ ਚੱਲਦੇ ਹਾਂ, ਤਾਂ ਅਸੀਂ ਯਸਾਯਾਹ 30:21 ਵਿਚ ਪਾਏ ਜਾਂਦੇ ਇਨ੍ਹਾਂ ਸ਼ਬਦਾਂ ਦੀ ਸੱਚਾਈ ਅਨੁਭਵ ਕਰਦੇ ਹਾਂ: “ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।”

5 ਧਿਆਨ ਦਿਓ ਕਿ ਜ਼ਬੂਰਾਂ ਦੀ ਪੋਥੀ 119:105 ਵਿਚ ਪਰਮੇਸ਼ੁਰ ਦੇ ਬਚਨ ਦੀਆਂ ਦੋ ਗੱਲਾਂ ਵੱਲ ਧਿਆਨ ਖਿੱਚਿਆ ਗਿਆ ਹੈ। ਪਹਿਲੀ ਗੱਲ ਹੈ ਕਿ ਇਹ ਪੈਰਾਂ ਲਈ ਇਕ ਦੀਪਕ ਹੈ। ਜਦ ਅਸੀਂ ਜ਼ਿੰਦਗੀ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਬਾਈਬਲ ਵਿਚ ਪਾਏ ਜਾਂਦੇ ਸਿਧਾਂਤ ਸਹੀ ਕਦਮ ਚੁੱਕਣ ਵਿਚ ਸਾਡੀ ਮਦਦ ਕਰਦੇ ਹਨ। ਇਸ ਮਦਦ ਨਾਲ ਅਸੀਂ ਸਹੀ ਫ਼ੈਸਲੇ ਕਰਾਂਗੇ ਤੇ ਇਸ ਦੁਨੀਆਂ ਦੇ ਜਾਲ ਵਿਚ ਫਸਣ ਤੋਂ ਬਚਾਂਗੇ। ਦੂਜੀ ਗੱਲ ਹੈ ਕਿ ਪਰਮੇਸ਼ੁਰ ਦੀਆਂ ਹਿਦਾਇਤਾਂ ਸਾਡੇ ਰਾਹ ਨੂੰ ਚਾਨਣ ਕਰਦੀਆਂ ਹਨ। ਜੇ ਸਾਡਾ ਰਾਹ ਚੰਗੀ ਤਰ੍ਹਾਂ ਰੌਸ਼ਨ ਹੈ, ਤਾਂ ਅਸੀਂ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਇਸ ਦੇ ਚੰਗੇ ਤੇ ਬੁਰੇ ਨਤੀਜੇ ਜਾਣ ਸਕਾਂਗੇ। ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਅਸੀਂ ਸੁੰਦਰ ਧਰਤੀ ਉੱਤੇ ਸਦਾ ਲਈ ਜੀ ਸਕਾਂਗੇ, ਇਸ ਲਈ ਅਸੀਂ ਆਪਣੀ ਉਮੀਦ ਨੂੰ ਮਨ ਵਿਚ ਰੱਖਦੇ ਹੋਏ ਸਹੀ ਕਦਮ ਚੁੱਕਾਂਗੇ। (ਰੋਮੀਆਂ 14:21; 1 ਤਿਮੋਥਿਉਸ 6:9; ਪਰਕਾਸ਼ ਦੀ ਪੋਥੀ 22:12) ਆਓ ਆਪਾਂ ਦੇਖੀਏ ਕਿ ਬਾਈਬਲ ਵਿਚ ਪਾਈ ਜਾਂਦੀ ਪਰਮੇਸ਼ੁਰ ਦੀ ਸਲਾਹ ਸਾਡੇ ਪੈਰਾਂ ਲਈ ਦੀਪਕ ਤੇ ਰਾਹ ਲਈ ਚਾਨਣ ਕਿਵੇਂ ਹੋ ਸਕਦੀ ਹੈ।

“ਮੇਰੇ ਪੈਰਾਂ ਲਈ ਦੀਪਕ”

6. ਪਰਮੇਸ਼ੁਰ ਦਾ ਬਚਨ ਕਿਨ੍ਹਾਂ ਹਾਲਾਤਾਂ ਵਿਚ ਸਾਡੇ ਪੈਰਾਂ ਲਈ ਦੀਪਕ ਹੋ ਸਕਦਾ ਹੈ?

6 ਅਸੀਂ ਹਰ ਰੋਜ਼ ਫ਼ੈਸਲੇ ਕਰਦੇ ਹਾਂ। ਕੁਝ ਫ਼ੈਸਲੇ ਸ਼ਾਇਦ ਸਾਨੂੰ ਛੋਟੇ-ਮੋਟੇ ਲੱਗਣ, ਪਰ ਕਈ ਵਾਰ ਅਜਿਹੇ ਹਾਲਾਤ ਪੈਦਾ ਹੋ ਸਕਦੇ ਹਨ ਜੋ ਸਾਡੇ ਨੇਕ ਚਾਲ-ਚਲਣ, ਸਾਡੀ ਈਮਾਨਦਾਰੀ ਜਾਂ ਸਾਡੀ ਨਿਰਪੱਖਤਾ ਨੂੰ ਪਰਖਣ। ਅਜਿਹੀਆਂ ਅਜ਼ਮਾਇਸ਼ਾਂ ਦਾ ਸਫ਼ਲਤਾ ਨਾਲ ਸਾਮ੍ਹਣਾ ਕਰਨ ਲਈ ਸਾਨੂੰ ਆਪਣੀਆਂ “ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ” ਸਾਧਣ ਦੀ ਲੋੜ ਹੈ। (ਇਬਰਾਨੀਆਂ 5:14) ਪਰਮੇਸ਼ੁਰ ਦੇ ਬਚਨ ਤੋਂ ਗਿਆਨ ਲੈ ਕੇ ਅਤੇ ਉਸ ਵਿਚ ਪਾਏ ਜਾਂਦੇ ਸਿਧਾਂਤਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਅਸੀਂ ਅਜਿਹੇ ਫ਼ੈਸਲੇ ਕਰ ਸਕਾਂਗੇ ਜੋ ਪਰਮੇਸ਼ੁਰ ਦੇ ਦਿਲ ਨੂੰ ਖ਼ੁਸ਼ ਕਰਨਗੇ।—ਕਹਾਉਤਾਂ 3:21.

7. ਅਜਿਹੀ ਸਥਿਤੀ ਬਾਰੇ ਦੱਸੋ ਜਦ ਕੋਈ ਮਸੀਹੀ ਸ਼ਾਇਦ ਆਪਣੇ ਨਾਲ ਕੰਮ ਕਰਨ ਵਾਲੇ ਕੁਝ ਲੋਕਾਂ ਨਾਲ ਸੰਗਤ ਰੱਖਣ ਬਾਰੇ ਸੋਚੇ।

7 ਜ਼ਰਾ ਇਸ ਮਿਸਾਲ ਉੱਤੇ ਗੌਰ ਕਰੋ। ਕੀ ਤੁਸੀਂ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ? (ਕਹਾਉਤਾਂ 27:11) ਜੇਕਰ ਹਾਂ, ਤਾਂ ਤੁਸੀਂ ਤਾਰੀਫ਼ ਦੇ ਕਾਬਲ ਹੋ। ਪਰ ਜ਼ਰਾ ਕਲਪਨਾ ਕਰੋ ਕਿ ਤੁਹਾਡੇ ਨਾਲ ਕੰਮ ਕਰਨ ਵਾਲੇ ਪਿਕਨਿਕ ਤੇ ਜਾਂ ਕੋਈ ਫ਼ਿਲਮ ਦੇਖਣ ਜਾ ਰਹੇ ਹਨ ਅਤੇ ਉਹ ਤੁਹਾਨੂੰ ਵੀ ਨਾਲ ਲੈ ਜਾਣਾ ਚਾਹੁੰਦੇ ਹਨ। ਹੋ ਸਕਦਾ ਹੈ ਕਿ ਉਨ੍ਹਾਂ ਨੇ ਤੁਹਾਡੇ ਲਈ ਫ਼ਿਲਮ ਦੀ ਟਿਕਟ ਵੀ ਖ਼ਰੀਦ ਲਈ ਹੈ। ਉਨ੍ਹਾਂ ਨੂੰ ਤੁਹਾਡੇ ਨਾਲ ਕੰਮ ਕਰਨਾ ਬਹੁਤ ਚੰਗਾ ਲੱਗਦਾ ਹੈ ਤੇ ਹੁਣ ਉਹ ਕੰਮ ਤੋਂ ਬਾਅਦ ਵੀ ਤੁਹਾਡੇ ਨਾਲ ਸਮਾਂ ਗੁਜ਼ਾਰਨਾ ਚਾਹੁੰਦੇ ਹਨ। ਸ਼ਾਇਦ ਤੁਹਾਨੂੰ ਲੱਗੇ ਕਿ ਉਹ ਇੰਨੇ ਬੁਰੇ ਨਹੀਂ ਹਨ। ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਵਿਚ ਕੁਝ ਚੰਗੇ ਗੁਣ ਅਤੇ ਚੰਗੀਆਂ ਕਦਰਾਂ-ਕੀਮਤਾਂ ਹੋਣ। ਇਸ ਸਥਿਤੀ ਵਿਚ ਤੁਸੀਂ ਕੀ ਕਰੋਗੇ? ਕੀ ਉਨ੍ਹਾਂ ਦੇ ਸੱਦੇ ਨੂੰ ਕਬੂਲ ਕਰਨ ਵਿਚ ਕੋਈ ਖ਼ਤਰਾ ਹੋ ਸਕਦਾ ਹੈ? ਇਸ ਮਾਮਲੇ ਵਿਚ ਸਹੀ ਫ਼ੈਸਲਾ ਕਰਨ ਵਿਚ ਬਾਈਬਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?

8. ਸੰਗਤ ਕਰਨ ਦੇ ਮਾਮਲੇ ਵਿਚ ਬਾਈਬਲ ਦੇ ਕਿਹੜੇ ਸਿਧਾਂਤ ਸਾਡੀ ਮਦਦ ਕਰਦੇ ਹਨ?

8 ਬਾਈਬਲ ਦੇ ਕੁਝ ਸਿਧਾਂਤਾਂ ਵੱਲ ਧਿਆਨ ਦਿਓ। ਪਹਿਲਾ ਸਿਧਾਂਤ ਜੋ ਮਨ ਵਿਚ ਆਉਂਦਾ ਹੈ, ਉਹ 1 ਕੁਰਿੰਥੀਆਂ 15:33 ਵਿਚ ਪਾਇਆ ਜਾਂਦਾ ਹੈ। ਇਸ ਵਿਚ ਲਿਖਿਆ ਹੈ: “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” ਕੀ ਇਸ ਸਿਧਾਂਤ ਦਾ ਮਤਲਬ ਇਹ ਹੈ ਕਿ ਸਾਨੂੰ ਦੁਨੀਆਂ ਦੇ ਲੋਕਾਂ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੀਦਾ? ਨਹੀਂ, ਬਾਈਬਲ ਸਾਨੂੰ ਇਸ ਤਰ੍ਹਾਂ ਕਰਨ ਲਈ ਨਹੀਂ ਕਹਿੰਦੀ। ਪੌਲੁਸ ਰਸੂਲ ਦੀ ਹੀ ਮਿਸਾਲ ਲੈ ਲਓ। ਉਸ ਨੇ “ਸਭਨਾਂ” ਨਾਲ ਪਿਆਰ ਕੀਤਾ ਸੀ, ਇੱਥੋਂ ਤਕ ਕਿ ਅਵਿਸ਼ਵਾਸੀਆਂ ਨਾਲ ਵੀ। (1 ਕੁਰਿੰਥੀਆਂ 9:22) ਮਸੀਹੀ ਹੋਣ ਦਾ ਮਤਲਬ ਹੀ ਇਹ ਹੈ ਕਿ ਅਸੀਂ ਦੂਸਰਿਆਂ ਵਿਚ ਦਿਲਚਸਪੀ ਰੱਖੀਏ, ਉਨ੍ਹਾਂ ਵਿਚ ਵੀ ਜੋ ਸਾਡੇ ਵਿਸ਼ਵਾਸਾਂ ਨਾਲ ਸਹਿਮਤ ਨਹੀਂ ਹਨ। (ਰੋਮੀਆਂ 10:13-15) ਇਸ ਤੋਂ ਇਲਾਵਾ, ਅਸੀਂ ‘ਸਭਨਾਂ ਨਾਲ ਭਲਾ ਕਰਨ’ ਦੀ ਸਲਾਹ ਕਿਵੇਂ ਲਾਗੂ ਕਰ ਸਕਦੇ ਹਾਂ ਜੇ ਅਸੀਂ ਉਨ੍ਹਾਂ ਲੋਕਾਂ ਤੋਂ ਦੂਰ ਰਹੀਏ ਜਿਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੈ?—ਗਲਾਤੀਆਂ 6:10.

9. ਕੰਮ ਦੀ ਥਾਂ ਤੇ ਲੋਕਾਂ ਨਾਲ ਦੋਸਤੀ ਕਰਨ ਬਾਰੇ ਬਾਈਬਲ ਕਿਹੜੀ ਸਲਾਹ ਦਿੰਦੀ ਹੈ?

9 ਲੇਕਿਨ, ਕੰਮ ਦੀ ਥਾਂ ਤੇ ਕਿਸੇ ਨੂੰ ਹੱਸ ਕੇ ਬੁਲਾਉਣ ਵਿਚ ਅਤੇ ਉਨ੍ਹਾਂ ਨਾਲ ਗੂੜ੍ਹੀ ਦੋਸਤੀ ਰੱਖਣ ਵਿਚ ਬਹੁਤ ਫ਼ਰਕ ਹੈ। ਇਸ ਗੱਲ ਨੂੰ ਸਮਝਣ ਲਈ ਇਕ ਹੋਰ ਹਵਾਲਾ ਸਾਡੀ ਮਦਦ ਕਰ ਸਕਦਾ ਹੈ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਸੀ: “ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋ।” (2 ਕੁਰਿੰਥੀਆਂ 6:14) ਇਸ ਦਾ ਕੀ ਮਤਲਬ ਹੈ ਕਿ ਉਨ੍ਹਾਂ ਨਾਲ “ਅਣਸਾਵੇਂ ਨਾ ਜੁੱਤੋ”? ਕੁਝ ਪੰਜਾਬੀ ਬਾਈਬਲਾਂ ਵਿਚ ਇਨ੍ਹਾਂ ਸ਼ਬਦਾਂ ਦਾ ਤਰਜਮਾ ਇਸ ਤਰ੍ਹਾਂ ਕੀਤਾ ਗਿਆ ਹੈ ਕਿ “ਉਨ੍ਹਾਂ ਦੇ ਨਾਲ ਨਾ ਜੁੜੋ” ਜਾਂ ਉਨ੍ਹਾਂ “ਦੀ ਤਰ੍ਹਾਂ ਬਣਨ ਦੀ ਕੋਸ਼ਿਸ਼ ਨਾ ਕਰੋ।” ਤਾਂ ਫਿਰ ਕੰਮ ਦੀ ਥਾਂ ਤੇ ਕਿਸੇ ਨਾਲ ਸਾਡਾ ਰਿਸ਼ਤਾ ਗ਼ਲਤ ਕਦੋਂ ਹੋ ਸਕਦਾ ਹੈ? ਅਸੀਂ ਦੋਸਤੀ ਦੀ ਹੱਦ ਪਾਰ ਕਦੋਂ ਕਰ ਜਾਂਦੇ ਹਾਂ? ਪਰਮੇਸ਼ੁਰ ਦਾ ਬਚਨ ਇਸ ਮਾਮਲੇ ਵਿਚ ਤੁਹਾਡੀ ਮਦਦ ਕਰ ਸਕਦਾ ਹੈ।

10. (ੳ) ਯਿਸੂ ਨੇ ਆਪਣੇ ਦੋਸਤ ਕਿਵੇਂ ਚੁਣੇ ਸਨ? (ਅ) ਚੰਗੇ ਦੋਸਤ ਚੁਣਨ ਸੰਬੰਧੀ ਸਾਨੂੰ ਆਪਣੇ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

10 ਯਿਸੂ ਦੀ ਮਿਸਾਲ ਤੇ ਗੌਰ ਕਰੋ ਜਿਸ ਨੇ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੀ ਇਨਸਾਨਾਂ ਨਾਲ ਪਿਆਰ ਕੀਤਾ ਹੈ। (ਕਹਾਉਤਾਂ 8:31) ਜਦ ਉਹ ਧਰਤੀ ਤੇ ਸੀ, ਤਦ ਉਸ ਨੇ ਆਪਣੇ ਚੇਲਿਆਂ ਨਾਲ ਗੂੜ੍ਹਾ ਰਿਸ਼ਤਾ ਕਾਇਮ ਕੀਤਾ ਸੀ। (ਯੂਹੰਨਾ 13:1) ਯਿਸੂ ਦੇ ਦਿਲ ਵਿਚ ਤਾਂ ਉਸ ਆਦਮੀ ਲਈ ਵੀ “ਪਿਆਰ” ਸੀ ਜੋ ਰੂਹਾਨੀ ਤੌਰ ਤੇ ਗੁਮਰਾਹ ਹੋ ਚੁੱਕਾ ਸੀ। (ਮਰਕੁਸ 10:17-22) ਪਰ ਯਿਸੂ ਆਪਣੇ ਦੋਸਤ ਬਹੁਤ ਸੋਚ-ਸਮਝ ਕੇ ਚੁਣਦਾ ਸੀ। ਉਹ ਉਨ੍ਹਾਂ ਲੋਕਾਂ ਨਾਲ ਨਜ਼ਦੀਕੀ ਸੰਬੰਧ ਨਹੀਂ ਰੱਖਦਾ ਸੀ ਜੋ ਉਸ ਦੇ ਪਿਤਾ ਦੀ ਇੱਛਾ ਪੂਰੀ ਨਹੀਂ ਕਰਨੀ ਚਾਹੁੰਦੇ ਸਨ। ਇਕ ਮੌਕੇ ਤੇ ਯਿਸੂ ਨੇ ਕਿਹਾ ਸੀ: “ਜੇ ਤੁਸੀਂ ਓਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤ੍ਰ ਹੋ।” (ਯੂਹੰਨਾ 15:14) ਹਾਂ, ਇਹ ਸੱਚ ਹੈ ਕਿ ਕੰਮ ਦੀ ਥਾਂ ਤੇ ਸ਼ਾਇਦ ਕਿਸੇ ਨਾਲ ਤੁਹਾਡੀ ਬਹੁਤ ਬਣਦੀ ਹੋਵੇ। ਪਰ ਜ਼ਰਾ ਆਪਣੇ ਆਪ ਤੋਂ ਪੁੱਛੋ: ‘ਕੀ ਉਹ ਯਿਸੂ ਦੇ ਹੁਕਮਾਂ ਅਨੁਸਾਰ ਚੱਲਣ ਲਈ ਤਿਆਰ ਹੈ? ਕੀ ਉਹ ਯਹੋਵਾਹ ਬਾਰੇ ਸਿੱਖਣਾ ਚਾਹੁੰਦਾ ਹੈ ਜਿਸ ਦੀ ਭਗਤੀ ਕਰਨ ਦਾ ਯਿਸੂ ਨੇ ਸਾਨੂੰ ਹੁਕਮ ਦਿੱਤਾ ਹੈ? ਕੀ ਉਹ ਉਨ੍ਹਾਂ ਮਿਆਰਾਂ ਤੇ ਚੱਲਦਾ ਹੈ ਜਿਨ੍ਹਾਂ ਤੇ ਮਸੀਹੀ ਹੋਣ ਵਜੋਂ ਮੈਂ ਚੱਲਦਾ ਹਾਂ?’ (ਮੱਤੀ 4:10) ਜੇ ਤੁਸੀਂ ਕੰਮ ਵਾਲਿਆਂ ਨਾਲ ਗੱਲ ਕਰਦੇ ਸਮੇਂ ਬਾਈਬਲ ਦੇ ਮਿਆਰਾਂ ਨੂੰ ਲਾਗੂ ਕਰੋ, ਤਾਂ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਖ਼ੁਦ ਮਿਲ ਜਾਣਗੇ।

11. ਕੁਝ ਹਾਲਾਤਾਂ ਬਾਰੇ ਦੱਸੋ ਜਿਨ੍ਹਾਂ ਵਿਚ ਪਰਮੇਸ਼ੁਰ ਦਾ ਬਚਨ ਸਾਡੇ ਪੈਰਾਂ ਲਈ ਦੀਪਕ ਬਣ ਸਕਦਾ ਹੈ।

11 ਹੋਰ ਵੀ ਕਈ ਮਾਮਲਿਆਂ ਵਿਚ ਪਰਮੇਸ਼ੁਰ ਦੀ ਸਲਾਹ ਸਾਡੇ ਪੈਰਾਂ ਲਈ ਦੀਪਕ ਸਾਬਤ ਹੋ ਸਕਦੀ ਹੈ। ਮਿਸਾਲ ਲਈ, ਕਲਪਨਾ ਕਰੋ ਕਿ ਇਕ ਬੇਰੋਜ਼ਗਾਰ ਮਸੀਹੀ ਨੂੰ ਕੋਈ ਨੌਕਰੀ ਪੇਸ਼ ਕੀਤੀ ਜਾਂਦੀ ਹੈ। ਆਪਣਾ ਗੁਜ਼ਾਰਾ ਤੋਰਨ ਲਈ ਇਸ ਨੌਕਰੀ ਦੀ ਉਸ ਨੂੰ ਸਖ਼ਤ ਜ਼ਰੂਰਤ ਹੈ। ਪਰ, ਉਸ ਤੋਂ ਕੰਮ ਤੇ ਜ਼ਿਆਦਾ ਸਮਾਂ ਲਾਉਣ ਤੇ ਸਖ਼ਤ ਮਿਹਨਤ ਕਰਨ ਦੀ ਮੰਗ ਕੀਤੀ ਜਾਂਦੀ ਹੈ। ਜੇ ਉਹ ਨੌਕਰੀ ਕਬੂਲ ਕਰਦਾ ਹੈ, ਤਾਂ ਉਹ ਕਈ ਮੀਟਿੰਗਾਂ ਵਿਚ ਹਾਜ਼ਰ ਨਹੀਂ ਹੋ ਸਕੇਗਾ ਅਤੇ ਕਲੀਸਿਯਾ ਦੇ ਹੋਰ ਕੰਮਾਂ ਵਿਚ ਹਿੱਸਾ ਲੈਣ ਲਈ ਵੀ ਉਸ ਕੋਲ ਸਮਾਂ ਨਹੀਂ ਹੋਵੇਗਾ। (ਜ਼ਬੂਰਾਂ ਦੀ ਪੋਥੀ 37:25) ਕਿਸੇ ਹੋਰ ਮਸੀਹੀ ਦਾ ਸ਼ਾਇਦ ਟੀ. ਵੀ. ਤੇ ਅਜਿਹਾ ਕੁਝ ਦੇਖਣ ਨੂੰ ਜੀਅ ਕਰੇ ਜੋ ਬਾਈਬਲ ਸਿਧਾਂਤਾਂ ਦੇ ਖ਼ਿਲਾਫ਼ ਹੈ। (ਅਫ਼ਸੀਆਂ 4:17-19) ਹੋਰ ਕੋਈ ਭੈਣ ਜਾਂ ਭਰਾ ਸ਼ਾਇਦ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਕਾਰਨ ਨਾਰਾਜ਼ ਹੋ ਜਾਵੇ। (ਕੁਲੁੱਸੀਆਂ 3:13) ਇਨ੍ਹਾਂ ਸਾਰਿਆਂ ਮਾਮਲਿਆਂ ਵਿਚ ਸਾਨੂੰ ਪਰਮੇਸ਼ੁਰ ਦੇ ਬਚਨ ਵਿਚ ਦਿੱਤੀ ਗਈ ਸਲਾਹ ਉੱਤੇ ਚੱਲਣਾ ਚਾਹੀਦਾ ਹੈ। ਬਾਈਬਲ ਦੇ ਸਿਧਾਂਤਾਂ ਤੇ ਚੱਲ ਕੇ ਅਸੀਂ ਜ਼ਿੰਦਗੀ ਵਿਚ ਆਈ ਕਿਸੇ ਵੀ ਚੁਣੌਤੀ ਦਾ ਸਫ਼ਲਤਾ ਨਾਲ ਸਾਮ੍ਹਣਾ ਕਰ ਸਕਾਂਗੇ। ਪਰਮੇਸ਼ੁਰ ਦਾ ਬਚਨ “ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।”—2 ਤਿਮੋਥਿਉਸ 3:16.

“ਮੇਰੇ ਰਾਹ ਦਾ ਚਾਨਣ”

12. ਪਰਮੇਸ਼ੁਰ ਦਾ ਬਚਨ ਸਾਡੇ ਰਾਹ ਦਾ ਚਾਨਣ ਕਿਵੇਂ ਹੈ?

12ਜ਼ਬੂਰਾਂ ਦੀ ਪੋਥੀ 119:105 ਵਿਚ ਇਹ ਵੀ ਲਿਖਿਆ ਹੈ ਕਿ ਪਰਮੇਸ਼ੁਰ ਦਾ ਬਚਨ ਸਾਡੇ ਰਾਹ ਦਾ ਚਾਨਣ ਹੈ। ਹਾਂ, ਉਹ ਸਾਡੇ ਰਾਹ ਨੂੰ ਰੌਸ਼ਨ ਕਰ ਸਕਦਾ ਹੈ। ਅਸੀਂ ਆਪਣੇ ਭਵਿੱਖ ਬਾਰੇ ਹਨੇਰੇ ਵਿਚ ਨਹੀਂ ਹਾਂ ਕਿਉਂਕਿ ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਅੱਜ ਦੇ ਹਾਲਾਤ ਕੀ ਮਾਅਨਾ ਰੱਖਦੇ ਹਨ ਅਤੇ ਅਖ਼ੀਰ ਵਿਚ ਕੀ ਹੋਵੇਗਾ। ਸਾਨੂੰ ਪਤਾ ਹੈ ਕਿ ਅਸੀਂ ਇਸ ਦੁਸ਼ਟ ਦੁਨੀਆਂ ਦੇ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1-5) ਇਹ ਜਾਣਨ ਨਾਲ ਕਿ ਭਵਿੱਖ ਵਿਚ ਕੀ ਹੋਵੇਗਾ ਸਾਡੀ ਜ਼ਿੰਦਗੀ ਉੱਤੇ ਵੱਡਾ ਪ੍ਰਭਾਵ ਪੈਣਾ ਚਾਹੀਦਾ ਹੈ। ਪਤਰਸ ਰਸੂਲ ਨੇ ਲਿਖਿਆ: “ਜਦੋਂ ਏਹ ਸੱਭੇ ਵਸਤਾਂ ਇਉਂ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ? ਅਤੇ ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ।”—2 ਪਤਰਸ 3:11, 12.

13. ਅੱਜ ਅਸੀਂ ਜਿਸ ਨਾਜ਼ੁਕ ਦੌਰ ਵਿਚ ਜੀ ਰਹੇ ਹਾਂ, ਉਸ ਦਾ ਸਾਡੀ ਸੋਚਣੀ ਤੇ ਜ਼ਿੰਦਗੀ ਉੱਤੇ ਕਿਹੋ ਜਿਹਾ ਅਸਰ ਪੈਣਾ ਚਾਹੀਦਾ ਹੈ?

13 ਸਾਡੀ ਸੋਚਣੀ ਅਤੇ ਜੀਉਣ ਦੇ ਤੌਰ-ਤਰੀਕੇ ਤੋਂ ਇਸ ਗੱਲ ਵਿਚ ਸਾਡਾ ਪੱਕਾ ਵਿਸ਼ਵਾਸ ਜ਼ਾਹਰ ਹੋਣਾ ਚਾਹੀਦਾ ਹੈ ਕਿ “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ।” (1 ਯੂਹੰਨਾ 2:17) ਬਾਈਬਲ ਦੀ ਸੇਧ ਤੇ ਚੱਲ ਕੇ ਅਸੀਂ ਆਪਣੇ ਭਵਿੱਖ ਬਾਰੇ ਚੰਗੇ ਫ਼ੈਸਲੇ ਕਰ ਸਕਾਂਗੇ। ਮਿਸਾਲ ਲਈ, ਯਿਸੂ ਨੇ ਕਿਹਾ ਸੀ: “ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।” (ਮੱਤੀ 6:33) ਜਿਹੜੇ ਨੌਜਵਾਨ ਯਿਸੂ ਦੇ ਇਨ੍ਹਾਂ ਸ਼ਬਦਾਂ ਵਿਚ ਨਿਹਚਾ ਰੱਖ ਕੇ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਹੋਏ ਹਨ, ਉਨ੍ਹਾਂ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ। ਕਈ ਜਣੇ ਤਾਂ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦੇਸ਼ਾਂ ਵਿਚ ਰਹਿਣ ਚਲੇ ਗਏ ਹਨ ਜਿੱਥੇ ਰਾਜ ਦੇ ਪ੍ਰਚਾਰਕਾਂ ਦੀ ਜ਼ਿਆਦਾ ਜ਼ਰੂਰਤ ਹੈ। ਕੁਝ ਪਰਿਵਾਰਾਂ ਨੇ ਵੀ ਇਸ ਤਰ੍ਹਾਂ ਕਰਨ ਦਾ ਫ਼ੈਸਲਾ ਕੀਤਾ ਹੈ।

14. ਇਕ ਪਰਿਵਾਰ ਨੇ ਪ੍ਰਚਾਰ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਕੀ ਕੀਤਾ?

14 ਜ਼ਰਾ ਇਕ ਮਸੀਹੀ ਪਰਿਵਾਰ ਵੱਲ ਧਿਆਨ ਦਿਓ ਜੋ ਅਮਰੀਕਾ ਤੋਂ ਡਮਿਨੀਕਨ ਗਣਰਾਜ ਦੀ ਇਕ ਕਲੀਸਿਯਾ ਵਿਚ ਸੇਵਾ ਕਰਨ ਗਿਆ। ਜਿਸ ਨਗਰ ਵਿਚ ਇਹ ਕਲੀਸਿਯਾ ਹੈ, ਉਸ ਦੀ ਆਬਾਦੀ 50,000 ਹੈ। ਕਲੀਸਿਯਾ ਵਿਚ 130 ਪ੍ਰਕਾਸ਼ਕ ਹਨ, ਪਰ 12 ਅਪ੍ਰੈਲ 2006 ਨੂੰ ਮਸੀਹ ਦੀ ਮੌਤ ਦੀ ਯਾਦਗਾਰ ਤੇ ਤਕਰੀਬਨ 1,300 ਲੋਕ ਹਾਜ਼ਰ ਹੋਏ ਸਨ! ਉਸ ਇਲਾਕੇ ਵਿਚ ਖੇਤ “ਪੱਕ ਕੇ” ਇੰਨੇ ‘ਪੀਲੇ ਹੋ ਗਏ’ ਹਨ ਕਿ ਸਿਰਫ਼ ਪੰਜਾਂ ਮਹੀਨਿਆਂ ਵਿਚ ਇਸ ਪਰਿਵਾਰ ਦੇ ਚਾਰੇ ਜੀਅ 30 ਬਾਈਬਲ ਸਟੱਡੀਆਂ ਕਰਵਾਉਣ ਲੱਗ ਪਏ। (ਯੂਹੰਨਾ 4:35) ਪਿਤਾ ਦੱਸਦਾ ਹੈ: “ਕਲੀਸਿਯਾ ਵਿਚ 30 ਭੈਣ-ਭਰਾ ਹਨ ਜੋ ਹੋਰਨਾਂ ਥਾਵਾਂ ਤੋਂ ਮਦਦ ਕਰਨ ਵਾਸਤੇ ਇੱਥੇ ਆਏ ਹਨ। ਇਨ੍ਹਾਂ ਵਿੱਚੋਂ 20 ਕੁ ਅਮਰੀਕਾ ਤੋਂ ਆਏ ਹਨ ਤੇ ਬਾਕੀ ਬਹਾਮਾ, ਕੈਨੇਡਾ, ਇਟਲੀ, ਨਿਊਜ਼ੀਲੈਂਡ ਅਤੇ ਸਪੇਨ ਤੋਂ ਆਏ ਹਨ। ਜਦ ਉਹ ਇੱਥੇ ਪਹੁੰਚੇ, ਤਾਂ ਉਹ ਪ੍ਰਚਾਰ ਵਿਚ ਜਾਣ ਲਈ ਬੜੇ ਬੇਚੈਨ ਸਨ। ਉਨ੍ਹਾਂ ਦਾ ਜੋਸ਼ ਦੇਖ ਕੇ ਇੱਥੇ ਰਹਿਣ ਵਾਲੇ ਭੈਣ-ਭਰਾ ਵੀ ਜੋਸ਼ ਨਾਲ ਭਰ ਗਏ ਹਨ।”

15. ਪਰਮੇਸ਼ੁਰ ਦੀ ਸੇਵਾ ਨੂੰ ਜ਼ਿੰਦਗੀ ਵਿਚ ਪਹਿਲੀ ਥਾਂ ਦੇਣ ਨਾਲ ਤੁਸੀਂ ਕਿਹੜੀਆਂ ਬਰਕਤਾਂ ਪਾਈਆਂ ਹਨ?

15 ਇਹ ਸੱਚ ਹੈ ਕਿ ਸਾਰਿਆਂ ਦੇ ਅਜਿਹੇ ਹਾਲਾਤ ਨਹੀਂ ਹਨ ਕਿ ਉਹ ਵਿਦੇਸ਼ ਜਾ ਕੇ ਸੇਵਾ ਕਰ ਸਕਣ। ਪਰ ਜਿਨ੍ਹਾਂ ਦੇ ਹਾਲਾਤ ਇਸ ਤਰ੍ਹਾਂ ਕਰਨ ਦੀ ਇਜਾਜ਼ਤ ਦਿੰਦੇ ਹਨ ਜਾਂ ਜੋ ਆਪਣੇ ਹਾਲਾਤਾਂ ਵਿਚ ਤਬਦੀਲੀਆਂ ਕਰ ਕੇ ਆਪਣੀ ਸੇਵਾ ਨੂੰ ਵਧਾ ਸਕਦੇ ਹਨ, ਉਨ੍ਹਾਂ ਨੂੰ ਆਪਣੀ ਮਿਹਨਤ ਸਦਕਾ ਅਣਗਿਣਤ ਬਰਕਤਾਂ ਮਿਲਣਗੀਆਂ। ਪਰ ਯਾਦ ਰੱਖੋ ਕਿ ਤੁਸੀਂ ਭਾਵੇਂ ਜਿੱਥੇ ਮਰਜ਼ੀ ਯਹੋਵਾਹ ਦੀ ਸੇਵਾ ਕਰਦੇ ਹੋਵੋ, ਜੇ ਤੁਸੀਂ ਆਪਣੇ ਸਾਰੇ ਬਲ ਨਾਲ ਯਹੋਵਾਹ ਦੀ ਸੇਵਾ ਕਰਦੇ ਹੋ, ਤਾਂ ਉਹ ਤੁਹਾਨੂੰ ਬਰਕਤਾਂ ਜ਼ਰੂਰ ਦੇਵੇਗਾ। ਜੇ ਤੁਸੀਂ ਪਰਮੇਸ਼ੁਰ ਦੀ ਸੇਵਾ ਨੂੰ ਜ਼ਿੰਦਗੀ ਵਿਚ ਪਹਿਲੀ ਥਾਂ ਤੇ ਰੱਖੋਗੇ, ਤਾਂ ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ‘ਤੁਹਾਡੇ ਲਈ ਬਰਕਤ ਵਰ੍ਹਾਵੇਗਾ ਏਥੋਂ ਤੀਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ।’—ਮਲਾਕੀ 3:10.

ਯਹੋਵਾਹ ਦੀ ਅਗਵਾਈ ਤੋਂ ਫ਼ਾਇਦਾ ਉਠਾਓ

16. ਪਰਮੇਸ਼ੁਰ ਦੇ ਬਚਨ ਦੀ ਸੇਧ ਵਿਚ ਚੱਲ ਕੇ ਸਾਨੂੰ ਕਿਵੇਂ ਫ਼ਾਇਦਾ ਹੋਵੇਗਾ?

16 ਜਿਵੇਂ ਅਸੀਂ ਦੇਖਿਆ ਹੈ ਯਹੋਵਾਹ ਦਾ ਬਚਨ ਸਾਨੂੰ ਦੋ ਤਰੀਕਿਆਂ ਨਾਲ ਸੇਧ ਦਿੰਦਾ ਹੈ। ਉਹ ਸਾਡੇ ਪੈਰਾਂ ਲਈ ਦੀਪਕ ਹੈ ਯਾਨੀ ਉਹ ਸਾਨੂੰ ਸਹੀ ਰਾਹ ਤੇ ਚੱਲਦੇ ਰਹਿਣ ਅਤੇ ਸਹੀ ਫ਼ੈਸਲੇ ਕਰਨ ਵਿਚ ਮਦਦ ਦਿੰਦਾ ਹੈ। ਅਤੇ ਉਹ ਸਾਡੇ ਰਾਹ ਦਾ ਚਾਨਣ ਹੈ ਜਿਸ ਰਾਹੀਂ ਅਸੀਂ ਦੇਖ ਸਕਦੇ ਹਾਂ ਕਿ ਸਾਡਾ ਆਉਣ ਵਾਲਾ ਕੱਲ੍ਹ ਕਿੱਦਾਂ ਦਾ ਹੋਵੇਗਾ। ਇਹ ਜਾਣਨ ਨਾਲ ਸਾਨੂੰ ਪਤਰਸ ਦੀ ਇਸ ਸਲਾਹ ਤੇ ਚੱਲਣ ਵਿਚ ਮਦਦ ਮਿਲਦੀ ਹੈ: “ਤੁਸੀਂ ਆਪਣੀ ਬੁੱਧ ਦਾ ਲੱਕ ਬੰਨ੍ਹ ਕੇ ਸੁਚੇਤ ਰਹੋ ਅਤੇ ਓਸ ਕਿਰਪਾ ਦੀ ਪੂਰੀ ਆਸ ਰੱਖੋ ਜਿਹੜੀ ਯਿਸੂ ਮਸੀਹ ਦੇ ਪਰਕਾਸ਼ ਹੋਣ ਦੇ ਸਮੇਂ ਤੁਹਾਡੇ ਉੱਤੇ ਹੋਣ ਵਾਲੀ ਹੈ।”—1 ਪਤਰਸ 1:13.

17. ਬਾਈਬਲ ਦੀ ਪੜ੍ਹਾਈ ਪਰਮੇਸ਼ੁਰ ਦੀ ਅਗਵਾਈ ਅਨੁਸਾਰ ਚੱਲਣ ਵਿਚ ਤੁਹਾਡੀ ਮਦਦ ਕਿਵੇਂ ਕਰੇਗੀ?

17 ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਸਾਡੀ ਅਗਵਾਈ ਕਰਦਾ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ: ਕੀ ਅਸੀਂ ਉਸ ਦੀ ਅਗਵਾਈ ਅਧੀਨ ਚੱਲਾਂਗੇ? ਯਹੋਵਾਹ ਦੀ ਅਗਵਾਈ ਨੂੰ ਸਮਝਣ ਲਈ ਉਸ ਦੇ ਬਚਨ ਦਾ ਇਕ ਹਿੱਸਾ ਰੋਜ਼ ਪੜ੍ਹਨ ਦਾ ਫ਼ੈਸਲਾ ਕਰੋ। ਪੜ੍ਹੀਆਂ ਗੱਲਾਂ ਉੱਤੇ ਡੂੰਘਾਈ ਨਾਲ ਸੋਚ-ਵਿਚਾਰ ਕਰ ਕੇ ਪਰਮੇਸ਼ੁਰ ਦੀ ਸੋਚਣੀ ਜਾਣਨ ਦੀ ਕੋਸ਼ਿਸ਼ ਕਰੋ। ਇਸ ਦੇ ਨਾਲ-ਨਾਲ ਇਹ ਵੀ ਸੋਚੋ ਕਿ ਤੁਸੀਂ ਇਨ੍ਹਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹੋ।  (1 ਤਿਮੋਥਿਉਸ 4:15) ਫਿਰ, ਸੋਚ-ਸਮਝ ਕੇ ਸਹੀ ਫ਼ੈਸਲੇ ਕਰੋ।

18. ਜੇ ਅਸੀਂ ਪਰਮੇਸ਼ੁਰ ਦੇ ਬਚਨ ਦੀ ਅਗਵਾਈ ਵਿਚ ਚੱਲਦੇ ਰਹਾਂਗੇ, ਤਾਂ ਸਾਨੂੰ ਕਿਹੜੀ ਬਰਕਤ ਮਿਲੇਗੀ?

18 ਜੇ ਅਸੀਂ ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਸਿਧਾਂਤਾਂ ਅਨੁਸਾਰ ਚੱਲਦੇ ਹਾਂ, ਤਾਂ ਇਹ ਸਾਨੂੰ ਸਮਝਦਾਰ ਬਣਾਉਣਗੇ ਅਤੇ ਫ਼ੈਸਲੇ ਕਰਨ ਵੇਲੇ ਸਾਨੂੰ ਸੇਧ ਦੇਣਗੇ। ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦੇ ਬੋਲ ‘ਭੋਲੇ ਨੂੰ ਬੁੱਧਵਾਨ’ ਕਰਦੇ ਹਨ। (ਜ਼ਬੂਰਾਂ ਦੀ ਪੋਥੀ 19:7) ਜਦ ਅਸੀਂ ਬਾਈਬਲ ਦੀ ਸੇਧ ਵਿਚ ਚੱਲਦੇ ਹਾਂ, ਤਦ ਸਾਡਾ ਜ਼ਮੀਰ ਸ਼ੁੱਧ ਹੁੰਦਾ ਹੈ ਅਤੇ ਅਸੀਂ ਇਹ ਜਾਣ ਕੇ ਖ਼ੁਸ਼ ਹੁੰਦੇ ਹਾਂ ਕਿ ਅਸੀਂ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦੇ ਹਾਂ। (1 ਤਿਮੋਥਿਉਸ 1:18, 19) ਇਸ ਦੇ ਨਾਲ-ਨਾਲ ਜੇ ਅਸੀਂ ਹਰ ਰੋਜ਼ ਪਰਮੇਸ਼ੁਰ ਦੇ ਬਚਨ ਦੀ ਅਗਵਾਈ ਵਿਚ ਚੱਲਦੇ ਰਹਾਂਗੇ, ਤਾਂ ਯਹੋਵਾਹ ਸਾਨੂੰ ਸਦਾ ਦੀ ਜ਼ਿੰਦਗੀ ਦੇਵੇਗਾ।—ਯੂਹੰਨਾ 17:3.

ਕੀ ਤੁਹਾਨੂੰ ਯਾਦ ਹੈ?

• ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੇ ਦੱਸੇ ਰਾਹ ਤੇ ਚੱਲੀਏ?

• ਪਰਮੇਸ਼ੁਰ ਦਾ ਬਚਨ ਸਾਡੇ ਪੈਰਾਂ ਲਈ ਦੀਪਕ ਕਿਵੇਂ ਹੋ ਸਕਦਾ ਹੈ?

• ਪਰਮੇਸ਼ੁਰ ਦੇ ਬੋਲ ਸਾਡੇ ਰਾਹ ਦਾ ਚਾਨਣ ਕਿਵੇਂ ਹੋ ਸਕਦੇ ਹਨ?

• ਬਾਈਬਲ ਦੀ ਪੜ੍ਹਾਈ ਪਰਮੇਸ਼ੁਰ ਦੀ ਅਗਵਾਈ ਅਨੁਸਾਰ ਚੱਲਣ ਵਿਚ ਸਾਡੀ ਮਦਦ ਕਿਵੇਂ ਕਰ ਸਕਦੀ ਹੈ?

[ਸਵਾਲ]

[ਸਫ਼ਾ 15 ਉੱਤੇ ਤਸਵੀਰ]

ਅਸੀਂ ਦੋਸਤੀ ਦੀ ਹੱਦ ਕਦੋਂ ਪਾਰ ਕਰ ਜਾਂਦੇ ਹਾਂ?

[ਸਫ਼ਾ 16 ਉੱਤੇ ਤਸਵੀਰ]

ਯਿਸੂ ਦੇ ਜਿਗਰੀ ਦੋਸਤ ਉਹ ਸਨ ਜੋ ਯਹੋਵਾਹ ਦੀ ਸੇਵਾ ਕਰ ਰਹੇ ਸਨ

[ਸਫ਼ਾ 17 ਉੱਤੇ ਤਸਵੀਰਾਂ]

ਕੀ ਸਾਡੀ ਜ਼ਿੰਦਗੀ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇ ਰਹੇ ਹਾਂ?