ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਮਸੀਹੀਆਂ ਨੂੰ ਸਵਰਗ ਜਾਣ ਦਾ ਸੱਦਾ ਮਿਲਣਾ ਕਦੋਂ ਬੰਦ ਹੋਇਆ ਸੀ?
ਬਾਈਬਲ ਇਸ ਸਵਾਲ ਦਾ ਕੋਈ ਪੱਕਾ ਜਵਾਬ ਨਹੀਂ ਦਿੰਦੀ। ਪਰ ਅਸੀਂ ਇਹ ਜਾਣਦੇ ਹਾਂ ਕਿ ਯਿਸੂ ਦੇ ਚੇਲਿਆਂ ਨੂੰ ਸਵਰਗੀ ਜੀਵਨ ਲਈ ਮਸਹ ਕਰਨਾ 33 ਈਸਵੀ ਵਿਚ ਸ਼ੁਰੂ ਹੋਇਆ ਸੀ। (ਰਸੂਲਾਂ ਦੇ ਕਰਤੱਬ 2:1-4) ਅਸੀਂ ਇਹ ਵੀ ਜਾਣਦੇ ਹਾਂ ਕਿ ਰਸੂਲਾਂ ਦੀ ਮੌਤ ਤੋਂ ਬਾਅਦ ਮਸਹ ਕੀਤੇ ਹੋਏ ਅਸਲੀ ਮਸੀਹੀਆਂ (“ਕਣਕ”) ਅਤੇ ਨਕਲੀ ਮਸੀਹੀਆਂ (“ਜੰਗਲੀ ਬੂਟੀ”) “ਦੋਹਾਂ ਨੂੰ ਰਲੇ ਮਿਲੇ ਵਧਣ” ਦਿੱਤਾ ਗਿਆ ਸੀ। (ਮੱਤੀ 13:24-30) ਫਿਰ 1800 ਦੇ ਦਹਾਕੇ ਦੇ ਆਖ਼ਰੀ ਸਾਲਾਂ ਵਿਚ ਮਸਹ ਕੀਤੇ ਹੋਏ ਮਸੀਹੀ ਦੁਬਾਰਾ ਜੋਸ਼ ਨਾਲ ਸੇਵਾ ਕਰਨ ਲੱਗ ਪਏ। 1919 ਵਿਚ “ਧਰਤੀ ਦੀ ਫ਼ਸਲ” ਵੱਢਣ ਦਾ ਸਮਾਂ ਆ ਗਿਆ ਸੀ ਜਿਸ ਵਿਚ ਮਸਹ ਕੀਤੇ ਹੋਏ ਮਸੀਹੀਆਂ ਦੇ ਆਖ਼ਰੀ ਮੈਂਬਰਾਂ ਨੂੰ ਇਕੱਠਾ ਕਰਨਾ ਵੀ ਸ਼ਾਮਲ ਸੀ।—ਪਰਕਾਸ਼ ਦੀ ਪੋਥੀ 14:15, 16.
1800 ਦੇ ਦਹਾਕੇ ਦੇ ਅੰਤ ਤੋਂ ਲੈ ਕੇ 1931 ਤਕ ਪ੍ਰਚਾਰ ਦਾ ਕੰਮ ਖ਼ਾਸ ਕਰਕੇ ਮਸਹ ਕੀਤੇ ਹੋਏ ਮਸੀਹੀਆਂ ਦੇ ਆਖ਼ਰੀ ਮੈਂਬਰਾਂ ਨੂੰ ਇਕੱਠਾ ਕਰਨ ਲਈ ਕੀਤਾ ਗਿਆ ਸੀ। ਸਾਲ 1931 ਵਿਚ ਬਾਈਬਲ ਸਟੂਡੈਂਟਸ ਨੇ ਯਹੋਵਾਹ ਦੇ ਗਵਾਹ ਨਾਂ ਅਪਣਾਇਆ ਸੀ ਅਤੇ 15 ਨਵੰਬਰ 1933 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ ਸਮਝਾਇਆ ਗਿਆ ਸੀ ਕਿ ਇਹ ਖ਼ਾਸ ਨਾਂ ਉਸ “ਅੱਠਿਆਨੀ” ਦੁਆਰਾ ਦਰਸਾਇਆ ਗਿਆ ਸੀ ਜਿਸ ਦਾ ਜ਼ਿਕਰ ਮੱਤੀ 20:1-16 ਵਿਚ ਦਰਜ ਯਿਸੂ ਦੇ ਦ੍ਰਿਸ਼ਟਾਂਤ ਵਿਚ ਕੀਤਾ ਗਿਆ ਸੀ। ਬਾਈਬਲ ਸਟੂਡੈਂਟਸ ਸਮਝਦੇ ਸਨ ਕਿ ਇਸ ਦ੍ਰਿਸ਼ਟਾਂਤ ਵਿਚ ਜਿਨ੍ਹਾਂ 12 ਘੰਟਿਆਂ ਦੀ ਗੱਲ ਕੀਤੀ ਗਈ ਸੀ, ਉਹ 1919 ਤੋਂ ਲੈ ਕੇ 1931 ਤਕ 12 ਸਾਲਾਂ ਨੂੰ ਦਰਸਾਉਂਦੇ ਸਨ। ਇਸ ਤੋਂ ਕਈ ਸਾਲ ਬਾਅਦ ਇਹੀ ਮੰਨਿਆ ਜਾਂਦਾ ਸੀ ਕਿ ਸਵਰਗੀ ਜੀਵਨ ਲਈ ਸੱਦਾ ਮਿਲਣਾ 1931 ਵਿਚ ਬੰਦ ਹੋ ਗਿਆ ਸੀ। ਜਿਨ੍ਹਾਂ ਮਸੀਹੀਆਂ ਨੂੰ 1930 ਅਤੇ 1931 ਵਿਚ ਯਿਸੂ ਨਾਲ ਰਾਜ ਕਰਨ ਲਈ ਬੁਲਾਇਆ ਗਿਆ ਸੀ, ਉਨ੍ਹਾਂ ਨੂੰ ‘ਪਿਛਲੇ’ ਜਾਂ ਅਖ਼ੀਰਲੇ ਮੈਂਬਰ ਸਮਝਿਆ ਜਾਂਦਾ ਸੀ। (ਮੱਤੀ 20:6-8) ਲੇਕਿਨ, 1966 ਵਿਚ ਯਿਸੂ ਦੇ ਇਸ ਦ੍ਰਿਸ਼ਟਾਂਤ ਉੱਤੇ ਹੋਰ ਚਾਨਣ ਪਾਇਆ ਗਿਆ ਸੀ। ਉਸ ਵੇਲੇ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਇਸ ਦ੍ਰਿਸ਼ਟਾਂਤ ਦਾ ਮਸਹ ਕੀਤੇ ਹੋਏ ਮਸੀਹੀਆਂ ਨੂੰ ਮਿਲੇ ਸਵਰਗੀ ਸੱਦੇ ਦੇ ਬੰਦ ਹੋਣ ਨਾਲ ਕੋਈ ਤਅੱਲਕ ਨਹੀਂ ਸੀ।
1935 ਵਿਚ ਪਤਾ ਲੱਗਾ ਕਿ ਪਰਕਾਸ਼ ਦੀ ਪੋਥੀ 7:9-15 ਵਿਚ ਜ਼ਿਕਰ ਕੀਤੀ “ਵੱਡੀ ਭੀੜ” ਯਿਸੂ ਦੀਆਂ ‘ਹੋਰ ਭੇਡਾਂ’ ਹਨ ਜੋ ਅੰਤ ਦੇ ਸਮੇਂ ਵਿਚ ਧਰਤੀ ਉੱਤੇ ਹੋਣਗੀਆਂ। ਇਹ ਮਸੀਹੀ ਇਕ ਸਮੂਹ ਵਜੋਂ ਆਰਮਾਗੇਡਨ ਦੇ ਯੁੱਧ ਵਿੱਚੋਂ ਬਚ ਕੇ ਸਦਾ ਲਈ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਦੇ ਹਨ। (ਯੂਹੰਨਾ 10:16; 2 ਤਿਮੋਥਿਉਸ 3:1; ਪਰਕਾਸ਼ ਦੀ ਪੋਥੀ 21:3, 4) ਇਸ ਸਾਲ ਤੋਂ ਬਾਅਦ ਪ੍ਰਚਾਰ ਕਰਨ ਦੁਆਰਾ ਵੱਡੀ ਭੀੜ ਦੇ ਮੈਂਬਰਾਂ ਨੂੰ ਇਕੱਠਾ ਕਰਨ ਉੱਤੇ ਜ਼ੋਰ ਦਿੱਤਾ ਗਿਆ ਸੀ। ਇਸ ਲਈ, ਖ਼ਾਸ ਕਰਕੇ 1966 ਤੋਂ ਬਾਅਦ ਇਹ ਮੰਨਿਆ ਜਾਣ ਲੱਗ ਪਿਆ ਸੀ ਕਿ ਸਵਰਗ ਜਾਣ ਦਾ ਸੱਦਾ 1935 ਵਿਚ ਮਿਲਣਾ ਬੰਦ ਹੋ ਗਿਆ ਸੀ। ਇਸ ਸਾਲ ਤੋਂ ਬਾਅਦ ਬਪਤਿਸਮਾ ਲੈਣ ਵਾਲੇ ਤਕਰੀਬਨ ਸਾਰੇ ਵਿਅਕਤੀ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਰੱਖਦੇ ਸਨ ਜੋ ਇਸ ਗੱਲ ਦਾ ਸੰਕੇਤ ਸੀ ਕਿ ਸ਼ਾਇਦ ਸਵਰਗੀ ਜੀਵਨ ਦਾ ਸੱਦਾ ਮਿਲਣਾ ਬੰਦ ਹੋ ਗਿਆ ਸੀ। ਇਸ ਲਈ ਮੰਨਿਆ ਜਾਂਦਾ ਸੀ ਕਿ ਜਿਹੜੇ ਨਵੇਂ ਵਿਅਕਤੀ ਸਵਰਗੀ ਜੀਵਨ ਲਈ 1935 ਤੋਂ ਬਾਅਦ ਚੁਣੇ ਗਏ ਸਨ, ਉਹ ਉਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਦੀ ਥਾਂ ਚੁਣੇ ਗਏ ਸਨ ਜੋ ਬੇਵਫ਼ਾ ਹੋ ਗਏ ਸਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇ ਮਸਹ ਕੀਤੇ ਹੋਏ ਮਸੀਹੀਆਂ ਵਿੱਚੋਂ ਕੋਈ ਬੇਵਫ਼ਾ ਹੋ ਜਾਏ, ਤਾਂ ਉਸ ਦੀ ਥਾਂ ਯਹੋਵਾਹ ਕਿਸੇ ਹੋਰ ਵਿਅਕਤੀ ਨੂੰ ਚੁਣ ਲੈਂਦਾ ਹੈ। (ਰੋਮੀਆਂ 11:17-22) ਲੇਕਿਨ, ਅਸੀਂ ਜਾਣਦੇ ਹਾਂ ਕਿ ਬਹੁਤ ਹੀ ਘੱਟ ਮਸਹ ਕੀਤੇ ਹੋਏ ਮਸੀਹੀ ਬੇਵਫ਼ਾ ਸਾਬਤ ਹੋਏ ਹਨ। ਇਸ ਤੋਂ ਇਲਾਵਾ, ਸਮੇਂ ਦੇ ਬੀਤਣ ਨਾਲ 1935 ਤੋਂ ਬਾਅਦ ਬਪਤਿਸਮਾ ਲੈਣ ਵਾਲੇ ਕੁਝ ਮਸੀਹੀਆਂ ਨੂੰ ਪਰਮੇਸ਼ੁਰ ਦੀ ਪਵਿੱਤਰ ਆਤਮਾ ਨੇ ਸਾਖੀ ਦਿੱਤੀ ਸੀ ਕਿ ਉਹ ਸਵਰਗੀ ਜੀਵਨ ਲਈ ਚੁਣੇ ਗਏ ਸਨ। (ਰੋਮੀਆਂ 8:16, 17) ਇਸ ਲਈ, ਅਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਵਰਗੀ ਜੀਵਨ ਲਈ ਸੱਦਾ ਮਿਲਣਾ ਕਦੋਂ ਬੰਦ ਹੋਵੇਗਾ।
ਤਾਂ ਫਿਰ, ਸਾਨੂੰ ਉਸ ਵਿਅਕਤੀ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ ਜਿਸ ਨੇ ਆਪਣੇ ਦਿਲ ਵਿਚ ਠਾਣ ਲਿਆ ਹੈ ਕਿ ਉਹ ਮਸਹ ਕੀਤਾ ਹੋਇਆ ਹੈ ਅਤੇ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਸਮੇਂ ਰੋਟੀ ਖਾਣ ਤੇ ਮੈ ਪੀਣ ਲੱਗ ਪਿਆ ਹੈ? ਸਾਨੂੰ ਉਸ ਨੂੰ ਦੋਸ਼ੀ ਠਹਿਰਾਉਣ ਜਾਂ ਉਸ ਤੇ ਸ਼ੱਕ ਕਰਨ ਦਾ ਕੋਈ ਹੱਕ ਨਹੀਂ। ਇਹ ਉਸ ਦਾ ਅਤੇ ਯਹੋਵਾਹ ਦਾ ਆਪਸੀ ਮਾਮਲਾ ਹੈ। (ਰੋਮੀਆਂ 14:12) ਪਰ ਮਸਹ ਕੀਤੇ ਹੋਏ ਸੱਚੇ ਮਸੀਹੀ ਆਪਣੇ ਵੱਲ ਖ਼ਾਸ ਧਿਆਨ ਨਹੀਂ ਖਿੱਚਦੇ। ਉਹ ਇਹ ਨਹੀਂ ਮੰਨਦੇ ਕਿ ਉਨ੍ਹਾਂ ਦੇ ਮਸਹ ਕੀਤੇ ਹੋਏ ਕਾਰਨ ਉਨ੍ਹਾਂ ਕੋਲ ਜ਼ਿਆਦਾ “ਗਿਆਨ” ਹੈ ਕਿਉਂਕਿ ਵੱਡੀ ਭੀੜ ਦੇ ਤਜਰਬੇਕਾਰ ਮੈਂਬਰਾਂ ਕੋਲ ਵੀ ਬਹੁਤ ਗਿਆਨ ਹੋ ਸਕਦਾ ਹੈ। ਉਹ ਇਹ ਨਹੀਂ ਮੰਨਦੇ ਕਿ ਉਨ੍ਹਾਂ ਨੂੰ ਵੱਡੀ ਭੀੜ ਨਾਲੋਂ ਜ਼ਿਆਦਾ ਪਵਿੱਤਰ ਆਤਮਾ ਬਖ਼ਸ਼ੀ ਗਈ ਹੈ। ਉਹ ਇਹ ਵੀ ਨਹੀਂ ਸਮਝਦੇ ਕਿ ਉਨ੍ਹਾਂ ਨੂੰ ਕਲੀਸਿਯਾ ਵਿਚ ਬਜ਼ੁਰਗਾਂ ਤੋਂ ਉੱਚੀਆਂ ਪਦਵੀਆਂ ਮਿਲਣੀਆਂ ਚਾਹੀਦੀਆਂ ਹਨ ਜਾਂ ਉਨ੍ਹਾਂ ਦੀ ਸੇਵਾ ਕੀਤੀ ਜਾਣੀ ਚਾਹੀਦੀ ਹੈ। ਸਗੋਂ ਉਹ ਨਿਮਰਤਾ ਨਾਲ ਯਾਦ ਰੱਖਦੇ ਹਨ ਕਿ ਪਹਿਲੀ ਸਦੀ ਵਿਚ ਕੁਝ ਮਸਹ ਕੀਤੇ ਹੋਏ ਮਸੀਹੀਆਂ ਨੂੰ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਵਜੋਂ ਸੇਵਾ ਕਰਨ ਲਈ ਨਿਯੁਕਤ ਨਹੀਂ ਕੀਤਾ ਗਿਆ ਸੀ। (1 ਤਿਮੋਥਿਉਸ 3:1-10, 12, 13; ਤੀਤੁਸ 1:5-9; ਯਾਕੂਬ 3:1) ਉਸ ਸਮੇਂ ਕੁਝ ਮਸਹ ਕੀਤੇ ਹੋਏ ਮਸੀਹੀ ਨਿਹਚਾ ਵਿਚ ਕਮਜ਼ੋਰ ਵੀ ਹੋ ਗਏ ਸਨ। (1 ਥੱਸਲੁਨੀਕੀਆਂ 5:14) ਅਤੇ ਭੈਣਾਂ ਨੂੰ ਕਲੀਸਿਯਾ ਵਿਚ ਸਿੱਖਿਆ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਭਾਵੇਂ ਉਹ ਮਸਹ ਕੀਤੇ ਹੋਏ ਮਸੀਹੀਆਂ ਵਿੱਚੋਂ ਸਨ।—1 ਤਿਮੋਥਿਉਸ 2:11, 12.
ਇਸ ਲਈ, ਮਸਹ ਕੀਤੇ ਹੋਏ ਮਸੀਹੀ ਅਤੇ ਵੱਡੀ ਭੀੜ ਦੇ ਮੈਂਬਰ ਨਿਹਚਾ ਵਿਚ ਮਜ਼ਬੂਤ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਨਾਲ-ਨਾਲ ਉਹ ਸਭ ਆਪਣੇ ਵਿਚ ਪਵਿੱਤਰ ਆਤਮਾ ਦੇ ਫਲ ਪੈਦਾ ਕਰਨ ਅਤੇ ਕਲੀਸਿਯਾ ਵਿਚ ਸ਼ਾਂਤੀ ਬਣਾਈ ਰੱਖਣ ਦੀ ਵੀ ਕੋਸ਼ਿਸ਼ ਕਰਦੇ ਹਨ। ਸਾਰੇ ਮਸੀਹੀ, ਚਾਹੇ ਉਹ ਮਸਹ ਕੀਤੇ ਹੋਏ ਹੋਣ ਜਾਂ ਵੱਡੀ ਭੀੜ ਵਿੱਚੋਂ ਹੋਣ, ਪ੍ਰਬੰਧਕ ਸਭਾ ਦੀ ਨਿਗਰਾਨੀ ਹੇਠ ਤਨ-ਮਨ ਲਾ ਕੇ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਰੁੱਝੇ ਹੋਏ ਹਨ। ਜਦ ਤਕ ਮਸਹ ਕੀਤੇ ਹੋਏ ਮਸੀਹੀ ਪਰਮੇਸ਼ੁਰ ਦੀ ਮਰਜ਼ੀ ਨਾਲ ਧਰਤੀ ਉੱਤੇ ਹਨ, ਉਹ ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਰਹੇ ਹਨ।