Skip to content

Skip to table of contents

ਬੱਚੇ ਦੀ ਮੌਤ ਦਾ ਗਮ ਭੁਲਾਇਆਂ ਨਹੀਂ ਭੁੱਲਦਾ

ਬੱਚੇ ਦੀ ਮੌਤ ਦਾ ਗਮ ਭੁਲਾਇਆਂ ਨਹੀਂ ਭੁੱਲਦਾ

ਬੱਚੇ ਦੀ ਮੌਤ ਦਾ ਗਮ ਭੁਲਾਇਆਂ ਨਹੀਂ ਭੁੱਲਦਾ

ਕੁਝ ਚਿਰ ਪਹਿਲਾਂ ਇਕ ਲੇਖਕ ਨੇ ਜਾਣਨਾ ਚਾਹਿਆ ਕਿ ਬੱਚੇ ਦੀ ਮੌਤ ਦਾ ਗਮ ਹੌਲੀ-ਹੌਲੀ ਘੱਟਦਾ ਹੈ ਜਾਂ ਨਹੀਂ। ਇਸ ਲਈ ਉਸ ਨੇ ਕੁਝ ਮਾਪਿਆਂ ਨੂੰ ਸਵਾਲ ਲਿਖ ਕੇ ਭੇਜੇ ਜਿਨ੍ਹਾਂ ਦੇ ਬੱਚੇ ਕਈ ਸਾਲ ਪਹਿਲਾਂ ਮਰ ਗਏ ਸਨ। ਕੁਝ ਮਾਪਿਆਂ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਕਿਉਂ ਨਹੀਂ? ਕਿਉਂਕਿ ਉਹ ਆਪਣੇ ਗਮ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ ਸਨ। ਵਲਾਡੀਮੀਰ ਨਾਂ ਦੇ ਇਕ ਪਿਤਾ ਨੇ ਕਿਹਾ ਕਿ ਭਾਵੇਂ ਉਸ ਦੇ ਪੁੱਤਰ ਦੀ ਮੌਤ ਨੂੰ ਪੰਜ ਸਾਲ ਹੋ ਗਏ ਹਨ, ਫਿਰ ਵੀ ਉਸ ਨੂੰ ਆਪਣੇ ਪੁੱਤਰ ਬਾਰੇ ਗੱਲ ਕਰਨੀ ਬਹੁਤ ਮੁਸ਼ਕਲ ਲੱਗਦੀ ਹੈ। *

ਇਹ ਆਮ ਦੇਖਿਆ ਜਾਂਦਾ ਹੈ ਕਿ ਬੱਚਿਆਂ ਦੀ ਮੌਤ ਤੋਂ ਬਾਅਦ ਮਾਪੇ ਲੰਬੇ ਅਰਸੇ ਤਕ ਗਮ ਵਿੱਚੋਂ ਬਾਹਰ ਨਹੀਂ ਨਿਕਲ ਪਾਉਂਦੇ। ਦਸ ਸਾਲ ਪਹਿਲਾਂ ਵਿਲੀਅਮ ਦਾ ਮੁੰਡਾ ਡੁੱਬ ਕੇ ਮਰ ਗਿਆ ਸੀ। ਵਿਲੀਅਮ ਨੇ ਲਿਖਿਆ: “ਹਾਲੇ ਵੀ ਮੈਨੂੰ ਉਸ ਦਾ ਵਿਛੋੜਾ ਭੁੱਲਦਾ ਨਹੀਂ। ਉਸ ਦੀ ਯਾਦ ਹਮੇਸ਼ਾ ਮੈਨੂੰ ਸਤਾਉਂਦੀ ਰਹੇਗੀ।” ਪੰਜ ਸਾਲ ਪਹਿਲਾਂ ਲੂਸੀ ਦਾ ਪੁੱਤਰ ਅਚਾਨਕ ਬੀਮਾਰ ਹੋ ਕੇ ਗੁਜ਼ਰ ਗਿਆ ਸੀ। ਲੂਸੀ ਨੇ ਲਿਖਿਆ: “ਕੁਝ ਦਿਨਾਂ ਤਕ ਮੈਨੂੰ ਯਕੀਨ ਹੀ ਨਹੀਂ ਆਇਆ ਕਿ ਉਹ ਸੱਚ-ਮੁੱਚ ਮੌਤ ਦੀ ਗੋਦ ਵਿਚ ਚਲਾ ਗਿਆ ਸੀ। ਮੈਨੂੰ ਲੱਗਦਾ ਸੀ ਕਿ ਮੈਂ ਕੋਈ ਡਰਾਉਣਾ ਸੁਪਨਾ ਦੇਖ ਰਹੀ ਸੀ ਅਤੇ ਮੈਂ ਜਲਦੀ ਹੀ ਜਾਗ ਜਾਵਾਂਗੀ। ਪਰ ਹੌਲੀ-ਹੌਲੀ ਮੈਨੂੰ ਅਹਿਸਾਸ ਹੋਣ ਲੱਗਾ ਕਿ ਉਹ ਕਦੀ ਵਾਪਸ ਨਹੀਂ ਆਵੇਗਾ। ਇਸ ਗੱਲ ਨੂੰ ਭਾਵੇਂ ਪੰਜ ਸਾਲ ਹੋ ਚੁੱਕੇ ਹਨ, ਪਰ ਕਦੀ-ਕਦੀ ਜਦ ਮੈਂ ਇਕੱਲੀ ਹੁੰਦੀ ਹਾਂ, ਤਾਂ ਮੈਂ ਉਸ ਨੂੰ ਯਾਦ ਕਰ-ਕਰ ਕੇ ਬਹੁਤ ਰੋਂਦੀ ਹਾਂ।”

ਵਲਾਡੀਮੀਰ, ਵਿਲੀਅਮ ਅਤੇ ਲੂਸੀ ਵਰਗੇ ਮਾਪੇ ਲੰਬੇ ਅਰਸੇ ਤਕ ਗਮ ਵਿਚ ਕਿਉਂ ਡੁੱਬੇ ਰਹਿੰਦੇ ਹਨ? ਆਓ ਆਪਾਂ ਕੁਝ ਕਾਰਨਾਂ ਉੱਤੇ ਗੌਰ ਕਰੀਏ।

ਇੰਨਾ ਗਮ ਕਿਉਂ?

ਬੱਚੇ ਦੇ ਜਨਮ ਵੇਲੇ ਮਾਪੇ ਇਕ ਖ਼ਾਸ ਕਿਸਮ ਦੀ ਖ਼ੁਸ਼ੀ ਮਹਿਸੂਸ ਕਰਦੇ ਹਨ ਜੋ ਬਾਕੀ ਸਾਰੇ ਜਜ਼ਬਾਤਾਂ ਤੋਂ ਵੱਖਰੀ ਹੁੰਦੀ ਹੈ। ਉਸ ਨੰਨ੍ਹੀ ਜਾਨ ਨੂੰ ਬਾਹਾਂ ਵਿਚ ਲੈ ਕੇ, ਉਸ ਨੂੰ ਸੁੱਤੇ ਹੋਏ ਦੇਖ ਕੇ ਜਾਂ ਉਸ ਦੀ ਮੁਸਕਰਾਹਟ ਦੇਖ ਕੇ ਮਾਪਿਆਂ ਦੀ ਖ਼ੁਸ਼ੀ ਦੀ ਹੱਦ ਨਹੀਂ ਰਹਿੰਦੀ। ਮਾਪੇ ਬੜੀ ਰੀਝ ਨਾਲ ਆਪਣੇ ਬੱਚਿਆਂ ਨੂੰ ਪਾਲਦੇ ਹਨ। ਉਹ ਉਨ੍ਹਾਂ ਨੂੰ ਤਮੀਜ਼ ਨਾਲ ਉੱਠਣਾ-ਬੈਠਣਾ ਤੇ ਦੂਸਰਿਆਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣਾ ਸਿਖਾਉਂਦੇ ਹਨ। (1 ਥੱਸਲੁਨੀਕੀਆਂ 2:7, 11) ਜਿੱਦਾਂ-ਜਿੱਦਾਂ ਬੱਚੇ ਵੱਡੇ ਹੁੰਦੇ ਹਨ, ਤਾਂ ਮਾਪਿਆਂ ਨੂੰ ਇਹ ਦੇਖ ਕੇ ਬੜਾ ਫ਼ਖ਼ਰ ਹੁੰਦਾ ਹੈ ਕਿ ਬੱਚੇ ਉਨ੍ਹਾਂ ਦੇ ਸਿਖਾਏ ਸੰਸਕਾਰਾਂ ਤੇ ਚੱਲ ਰਹੇ ਹਨ।

ਮਾਪੇ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ। ਆਪਣੇ ਬੱਚਿਆਂ ਦਾ ਭਵਿੱਖ ਸੁਆਰਨ ਲਈ ਉਹ ਪੈਸਾ-ਪੈਸਾ ਜੋੜ ਕੇ ਰੱਖਦੇ ਹਨ ਤਾਂਕਿ ਵੱਡੇ ਹੋ ਕੇ ਬੱਚੇ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਣ। (2 ਕੁਰਿੰਥੀਆਂ 12:14) ਮਾਪੇ ਆਪਣਾ ਸਮਾਂ ਅਤੇ ਤਨ-ਮਨ-ਧਨ ਲਾ ਕੇ ਆਪਣੇ ਬੱਚਿਆਂ ਲਈ ਇਹ ਸਭ ਕੁਝ ਕਿਉਂ ਕਰਦੇ ਹਨ? ਕਿਉਂਕਿ ਉਹ ਆਪਣੇ ਬੱਚਿਆਂ ਨੂੰ ਵੱਡੇ ਹੁੰਦੇ ਤੇ ਅੱਗੋਂ ਆਪਣਾ ਘਰ ਵਸਾਉਂਦੇ ਦੇਖਣਾ ਚਾਹੁੰਦੇ ਹਨ। ਪਰ ਜਦ ਬੱਚਾ ਛੋਟੀ ਉਮਰ ਵਿਚ ਹੀ ਮਰ ਜਾਂਦਾ ਹੈ, ਤਾਂ ਮਾਪਿਆਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਜਾਂਦਾ ਹੈ। ਮੌਤ ਅੱਗੇ ਮਾਪਿਆਂ ਦੇ ਪਿਆਰ ਦਾ ਕੋਈ ਵੱਸ ਨਹੀਂ ਚੱਲਦਾ। ਉਨ੍ਹਾਂ ਦਾ ਕਲੇਜਾ ਵਿੰਨ੍ਹਿਆ ਜਾਂਦਾ ਹੈ ਤੇ ਉਨ੍ਹਾਂ ਦੀ ਦੁਨੀਆਂ ਉਜੜ ਜਾਂਦੀ ਹੈ।

ਬਾਈਬਲ ਵਿਚ ਅਜਿਹੇ ਮਾਪਿਆਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਆਪਣੇ ਬੱਚਿਆਂ ਦੀ ਮੌਤ ਦਾ ਗਮ ਸਹਿਣਾ ਪਿਆ। ਮਿਸਾਲ ਲਈ, ਜਦ ਯਾਕੂਬ ਨੂੰ ਖ਼ਬਰ ਮਿਲੀ ਕਿ ਜੰਗਲੀ ਜਾਨਵਰ ਨੇ ਉਸ ਦੇ ਪੁੱਤਰ ਯੂਸੁਫ਼ ਨੂੰ ਪਾੜ ਖਾਧਾ ਸੀ, ਤਾਂ ਬਾਈਬਲ ਕਹਿੰਦੀ ਹੈ ਕਿ “ਯਾਕੂਬ ਨੇ ਆਪਣੇ ਬਸਤਰ ਪਾੜੇ ਅਤੇ ਤੱਪੜ ਆਪਣੀ ਕਮਰ ਉੱਤੇ ਪਾਕੇ ਬਹੁਤ ਦਿਨਾਂ ਤੀਕਰ ਆਪਣੇ ਪੁੱਤ੍ਰ ਦਾ ਸੋਗ ਕਰਦਾ ਰਿਹਾ ਅਤੇ ਉਹ ਦੇ ਸਾਰੇ ਪੁੱਤ੍ਰ ਧੀਆਂ ਉਹ ਦੇ ਸ਼ਾਂਤ ਕਰਨ ਲਈ ਉੱਠੇ ਪਰ ਉਹ ਨੇ ਸ਼ਾਂਤ ਹੋਣਾ ਨਾ ਚਾਹਿਆ ਪਰ ਆਖਿਆ, ਮੈਂ ਪਤਾਲ ਵਿੱਚ ਆਪਣੇ ਪੁੱਤ੍ਰ ਕੋਲ ਰੋਂਦਾ ਰੋਂਦਾ ਉੱਤਰਾਂਗਾ।” ਕਈ ਸਾਲ ਬਾਅਦ ਵੀ ਯਾਕੂਬ ਆਪਣੇ ਪੁੱਤਰ ਨੂੰ ਯਾਦ ਕਰ ਕੇ ਰੋਂਦਾ ਸੀ। (ਉਤਪਤ 37:34, 35; 42:36-38) ਇਕ ਹੋਰ ਉਦਾਹਰਣ ਨਾਓਮੀ ਦੀ ਹੈ ਜੋ ਵਫ਼ਾਦਾਰੀ ਨਾਲ ਯਹੋਵਾਹ ਦੀ ਭਗਤੀ ਕਰਦੀ ਸੀ। ਮੌਤ ਨੇ ਉਸ ਦੇ ਦੋਵੇਂ ਮੁੰਡਿਆਂ ਨੂੰ ਨਿਗਲ ਲਿਆ ਸੀ। ਗਮ ਵਿਚ ਡੁੱਬੀ ਨਾਓਮੀ ਨੇ ਕਿਹਾ: “ਮੈਨੂੰ ਨਾਓਮੀ ਅਰਥਾਤ ਭਾਗਾਂਵਾਲੀ ਨਾ ਕਹੋ, ਸਗੋਂ ਮੈਨੂੰ ਮਾਰਾ ਅਰਥਾਤ ਅਭਾਗਣ ਕਹੋ।”—ਰੂਥ 1:3-5, 20, 21, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਪਰ ਬਾਈਬਲ ਵਿਚ ਸਿਰਫ਼ ਇਹ ਨਹੀਂ ਦੱਸਿਆ ਗਿਆ ਕਿ ਮਾਪਿਆਂ ਨੂੰ ਬੱਚੇ ਦੀ ਮੌਤ ਹੋਣ ਕਰਕੇ ਬਹੁਤ ਦੁੱਖ ਹੁੰਦਾ ਹੈ, ਸਗੋਂ ਇਹ ਵੀ ਦੱਸਿਆ ਹੈ ਕਿ ਯਹੋਵਾਹ ਸੋਗ ਕਰਨ ਵਾਲਿਆਂ ਨੂੰ ਤਾਕਤ ਕਿਵੇਂ ਬਖ਼ਸ਼ਦਾ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਪਰਮੇਸ਼ੁਰ ਕਿਨ੍ਹਾਂ ਤਰੀਕਿਆਂ ਨਾਲ ਉਨ੍ਹਾਂ ਨੂੰ ਦਿਲਾਸਾ ਦਿੰਦਾ ਹੈ ਜੋ ਗਮ ਵਿਚ ਡੁੱਬੇ ਹੋਏ ਹਨ।

[ਫੁਟਨੋਟ]

^ ਪੈਰਾ 2 ਕੁਝ ਨਾਂ ਬਦਲੇ ਗਏ ਹਨ।