Skip to content

Skip to table of contents

ਹੀਰਿਆਂ ਦੀ ਤਲਾਸ਼ ਵਿਚ ਬਰਕਤਾਂ ਹੀ ਬਰਕਤਾਂ

ਹੀਰਿਆਂ ਦੀ ਤਲਾਸ਼ ਵਿਚ ਬਰਕਤਾਂ ਹੀ ਬਰਕਤਾਂ

ਜੀਵਨੀ

ਹੀਰਿਆਂ ਦੀ ਤਲਾਸ਼ ਵਿਚ ਬਰਕਤਾਂ ਹੀ ਬਰਕਤਾਂ

ਡੌਰਥੀਆ ਸਮਿਥ ਅਤੇ ਡੋਰਾ ਵੌਰਡ ਦੀ ਜ਼ਬਾਨੀ

ਅਸੀਂ ਕਿਹੜੇ ਹੀਰੇ ਲੱਭ ਰਹੀਆਂ ਸੀ? ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ ਕਿ “ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।” (ਮੱਤੀ 28:19) ਸੋ ਅਸੀਂ ਦੋਵੇਂ ਜਣੀਆਂ ਇਸ ਹੁਕਮ ਮੁਤਾਬਕ ਉਨ੍ਹਾਂ ਹੀਰੇ ਵਰਗੇ ਲੋਕਾਂ ਨੂੰ ਲੱਭ ਰਹੀਆਂ ਸੀ ਜੋ ਸੱਚੇ ਪਰਮੇਸ਼ੁਰ ਦੀ ਸੇਵਾ ਕਰਨਗੇ। ਆਓ ਆਪਾਂ ਤੁਹਾਨੂੰ ਦੱਸੀਏ ਕਿ ਇਸ ਤਲਾਸ਼ ਵਿਚ ਸਾਨੂੰ ਕੀ ਕੁਝ ਲੱਭਿਆ।

ਡੌਰਥੀਆ: ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੋਂ ਕੁਝ ਹੀ ਸਮੇਂ ਬਾਅਦ 1915 ਵਿਚ ਮੇਰਾ ਜਨਮ ਹੋਇਆ। ਮੇਰਾ ਇਕ ਵੱਡਾ ਭਰਾ ਵਿਲਿਸ ਅਤੇ ਵੱਡੀ ਭੈਣ ਵਾਇਓਲਾ ਸੀ। ਸਾਡਾ ਪਰਿਵਾਰ ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਹਾਉਅਲ ਸ਼ਹਿਰ ਦੇ ਨੇੜੇ ਰਹਿੰਦਾ ਸੀ। ਪਿਤਾ ਜੀ ਧਾਰਮਿਕ ਖ਼ਿਆਲਾਂ ਵਾਲੇ ਨਹੀਂ ਸਨ, ਪਰ ਮਾਤਾ ਜੀ ਸਨ। ਸੋ ਮਾਤਾ ਜੀ ਨੇ ਪੂਰੀ ਕੋਸ਼ਿਸ਼ ਕੀਤੀ ਕਿ ਅਸੀਂ ਬਾਈਬਲ ਵਿਚ ਦਿੱਤੇ ਦਸ ਹੁਕਮਾਂ ਤੇ ਚੱਲੀਏ। ਉਨ੍ਹਾਂ ਨੂੰ ਬੜਾ ਫ਼ਿਕਰ ਸੀ ਕਿ ਅਸੀਂ ਤਿੰਨੇ ਬੱਚੇ ਕਿਤੇ ਨਾਸਤਿਕ ਨਾ ਬਣ ਜਾਈਏ ਕਿਉਂਕਿ ਅਸੀਂ ਕਿਸੇ ਚਰਚ ਦੇ ਮੈਂਬਰ ਨਹੀਂ ਸਾਂ।

ਜਦੋਂ ਮੈਂ 12 ਸਾਲਾਂ ਦੀ ਹੋਈ, ਤਾਂ ਮਾਤਾ ਜੀ ਨੇ ਚਾਹਿਆ ਕਿ ਮੈਂ ਬਪਤਿਸਮਾ ਲੈ ਕੇ ਪ੍ਰੈਸਬੀਟੀਰੀਅਨ ਚਰਚ ਦੀ ਮੈਂਬਰ ਬਣ ਜਾਵਾਂ। ਮੈਨੂੰ ਅਜੇ ਵੀ ਉਹ ਦਿਨ ਚੰਗੀ ਤਰ੍ਹਾਂ ਯਾਦ ਹੈ। ਉਸ ਦਿਨ ਮੇਰੇ ਤੋਂ ਇਲਾਵਾ ਦੋ ਕੁੱਛੜ ਚੁੱਕੇ ਨਿਆਣਿਆਂ ਨੂੰ ਵੀ ਬਪਤਿਸਮਾ ਦਿੱਤਾ ਗਿਆ ਸੀ। ਉਨ੍ਹਾਂ ਨਾਲ ਬਪਤਿਸਮਾ ਲੈਂਦੇ ਸਮੇਂ ਮੈਨੂੰ ਬੜੀ ਸ਼ਰਮ ਆਈ। ਪਾਦਰੀ ਮੇਰੇ ਸਿਰ ਤੇ ਪਾਣੀ ਛਿੜਕਦਾ ਹੋਇਆ ਕੁਝ-ਕੁਝ ਬੋਲੀ ਜਾ ਰਿਹਾ ਸੀ ਜੋ ਬਿਲਕੁਲ ਮੇਰੇ ਪੱਲੇ ਨਹੀਂ ਪਿਆ। ਵੇਖਿਆ ਜਾਵੇ ਤਾਂ ਮੇਰੀ ਹਾਲਤ ਵੀ ਉਨ੍ਹਾਂ ਨਿਆਣਿਆਂ ਵਰਗੀ ਸੀ। ਨਾ ਉਨ੍ਹਾਂ ਨੂੰ ਬਪਤਿਸਮੇ ਬਾਰੇ ਕੁਝ ਪਤਾ ਸੀ ਤੇ ਨਾ ਹੀ ਮੈਨੂੰ!

1932 ਵਿਚ ਇਕ ਦਿਨ ਸਾਡੇ ਘਰ ਦੇ ਸਾਮ੍ਹਣੇ ਇਕ ਕਾਰ ਆ ਖਲੋਤੀ। ਉਸ ਵਿੱਚੋਂ ਦੋ ਨੌਜਵਾਨ ਉੱਤਰੇ। ਉਹ ਯਹੋਵਾਹ ਦੇ ਗਵਾਹ ਸਨ। ਉਨ੍ਹਾਂ ਵਿੱਚੋਂ ਇਕ ਨੇ ਆਪਣਾ ਨਾਂ ਐਲਬਰਟ ਸ਼੍ਰੋਡਰ ਦੱਸਿਆ। ਉਸ ਨੇ ਮਾਤਾ ਜੀ ਨੂੰ ਕੁਝ ਕਿਤਾਬਾਂ ਦਿੱਤੀਆਂ ਜਿਨ੍ਹਾਂ ਨੂੰ ਪੜ੍ਹ ਕੇ ਮਾਤਾ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਉਨ੍ਹਾਂ ਨੂੰ ਸੱਚਾਈ ਲੱਭ ਪਈ ਸੀ।

ਹੀਰਿਆਂ ਦੀ ਤਲਾਸ਼

ਸਮਾਂ ਪਾ ਕੇ ਮੈਂ ਆਪਣੀ ਦੀਦੀ ਵਾਇਓਲਾ ਨਾਲ ਰਹਿਣ ਲਈ ਡੈਟਰਾਇਟ ਚਲੀ ਗਈ। ਉੱਥੇ ਮੈਂ ਇਕ ਬਜ਼ੁਰਗ ਤੀਵੀਂ ਨੂੰ ਮਿਲੀ ਜੋ ਦੀਦੀ ਨੂੰ ਬਾਈਬਲ ਪੜ੍ਹਾਉਂਦੇ ਸਨ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਚੇਤੇ ਆਇਆ ਕਿ ਇਹੋ ਗੱਲਾਂ ਹਰ ਹਫ਼ਤੇ ਮੈਂ ਤੇ ਮਾਤਾ ਜੀ ਇਕ ਰੇਡੀਓ ਪ੍ਰੋਗ੍ਰਾਮ ਵਿਚ ਸੁਣਿਆ ਕਰਦੀਆਂ ਸਾਂ। ਉਸ ਪ੍ਰੋਗ੍ਰਾਮ ਵਿਚ ਭਰਾ ਜੇ. ਐੱਫ਼. ਰਦਰਫ਼ਰਡ ਕਿਸੇ ਇਕ ਵਿਸ਼ੇ ਉੱਤੇ 15 ਮਿੰਟਾਂ ਲਈ ਚਰਚਾ ਕਰਦੇ ਸਨ। ਭਰਾ ਰਦਰਫ਼ਰਡ ਉਦੋਂ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਦੀ ਦੇਖ-ਰੇਖ ਕਰਦੇ ਸਨ। ਸਾਲ 1937 ਵਿਚ ਅਸੀਂ ਡੈਟਰਾਇਟ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਅਗਲੇ ਸਾਲ ਮੈਂ ਬਪਤਿਸਮਾ ਲੈ ਲਿਆ।

ਸਾਲ 1942 ਵਿਚ ਅਸੀਂ ਸੁਣਿਆ ਕਿ ਯਹੋਵਾਹ ਦੇ ਗਵਾਹ ਨਿਊਯਾਰਕ ਰਾਜ ਦੇ ਸਾਉਥ ਲੈਂਸਿੰਗ ਸੂਬੇ ਵਿਚ ਗਿਲਿਅਡ ਸਕੂਲ ਖੋਲ੍ਹ ਰਹੇ ਸਨ ਜਿਸ ਵਿਚ ਭੈਣਾਂ-ਭਰਾਵਾਂ ਨੂੰ ਮਿਸ਼ਨਰੀ ਬਣਨ ਦੀ ਸਿਖਲਾਈ ਦਿੱਤੀ ਜਾਵੇਗੀ। ਜਦੋਂ ਮੈਂ ਸੁਣਿਆ ਕਿ ਕਈਆਂ ਨੂੰ ਹੋਰ ਦੇਸ਼ਾਂ ਵਿਚ ਜਾ ਕੇ ਸੇਵਾ ਕਰਨ ਦਾ ਮੌਕਾ ਮਿਲੇਗਾ, ਤਾਂ ਮੈਂ ਮਨ ਹੀ ਮਨ ਸੋਚਿਆ ਕਿ ‘ਮੈਂ ਵੀ ਗਿਲਿਅਡ ਜਾਵਾਂਗੀ!’ ਮੈਂ ਸੋਚਣ ਲੱਗ ਪਈ ਕਿ ਕਾਸ਼ ਮੈਨੂੰ ਵੀ ਹੋਰਨਾਂ ਦੇਸ਼ਾਂ ਵਿਚ ਜਾ ਕੇ ਹੀਰੇ ਵਰਗੇ ਲੋਕਾਂ ਦੀ ਤਲਾਸ਼ ਕਰਨ ਦਾ ਸੁਹਾਵਣਾ ਮੌਕਾ ਮਿਲੇ ਜੋ ਯਿਸੂ ਮਸੀਹ ਦੇ ਚੇਲੇ ਬਣਨ ਲਈ ਤਰਸ ਰਹੇ ਹਨ!—ਹੱਜਈ 2:6, 7.

ਗਿਲਿਅਡ ਵੱਲ ਪਹਿਲਾ ਕਦਮ

ਅਪ੍ਰੈਲ 1942 ਵਿਚ ਮੈਂ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਓਹੀਓ ਦੇ ਫਿੰਡਲੀ ਸ਼ਹਿਰ ਵਿਚ ਹੋਰ ਪੰਜ ਭੈਣਾਂ ਨਾਲ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਉਸ ਸ਼ਹਿਰ ਵਿਚ ਕੋਈ ਕਲੀਸਿਯਾ ਨਹੀਂ ਸੀ ਜਿੱਥੇ ਅਸੀਂ ਸਭਾਵਾਂ ਤੇ ਜਾ ਸਕਦੀਆਂ। ਸੋ ਅਸੀਂ ਇਕੱਠੀਆਂ ਹੋ ਕੇ ਬਾਈਬਲ ਬਾਰੇ ਕਿਸੇ ਕਿਤਾਬ ਜਾਂ ਰਸਾਲੇ ਵਿੱਚੋਂ ਲੇਖ ਪੜ੍ਹ ਕੇ ਇਕ-ਦੂਸਰੇ ਦੀ ਨਿਹਚਾ ਮਜ਼ਬੂਤ ਕਰਦੀਆਂ ਸੀ। ਉਸ ਪਹਿਲੇ ਮਹੀਨੇ ਵਿਚ ਮੈਂ ਪ੍ਰਚਾਰ ਕਰਦਿਆਂ 95 ਕਿਤਾਬਾਂ ਵੰਡੀਆਂ! ਫਿੰਡਲੀ ਵਿਚ ਡੇਢ ਸਾਲ ਪ੍ਰਚਾਰ ਕਰਨ ਤੋਂ ਬਾਅਦ ਮੈਨੂੰ ਸਪੈਸ਼ਲ ਪਾਇਨੀਅਰ ਦੇ ਤੌਰ ਤੇ ਪੈਨਸਿਲਵੇਨੀਆ ਵਿਚ ਚੇਂਬਰਜ਼ਬਰਗ ਭੇਜ ਦਿੱਤਾ ਗਿਆ। ਉੱਥੇ ਮੈਂ ਪੰਜ ਹੋਰ ਪਾਇਨੀਅਰਾਂ ਨਾਲ ਪ੍ਰਚਾਰ ਕੀਤਾ ਜਿਨ੍ਹਾਂ ਵਿਚ ਡੋਰਾ ਵੌਰਡ ਵੀ ਸੀ। ਡੋਰਾ ਆਇਓਵਾ ਤੋਂ ਆਈ ਸੀ। ਉਹ ਮੇਰੀ ਪਾਇਨੀਅਰ ਸਾਥਣ ਬਣ ਗਈ। ਸਾਡਾ ਦੋਨਾਂ ਦਾ ਬਪਤਿਸਮਾ ਇੱਕੋ ਸਾਲ ਵਿਚ ਹੋਇਆ ਸੀ। ਮੇਰੇ ਵਾਂਗ ਡੋਰਾ ਵੀ ਗਿਲਿਅਡ ਸਕੂਲ ਜਾਣ ਅਤੇ ਹੋਰ ਦੇਸ਼ਾਂ ਵਿਚ ਮਿਸ਼ਨਰੀ ਵਜੋਂ ਸੇਵਾ ਕਰਨ ਦੇ ਸੁਪਨੇ ਦੇਖਦੀ ਸੀ।

ਫਿਰ 1944 ਵਿਚ ਆਖ਼ਰ ਉਹ ਦਿਨ ਆ ਹੀ ਗਿਆ ਜਿਸ ਦਾ ਸਾਨੂੰ ਇੰਤਜ਼ਾਰ ਸੀ! ਸਾਨੂੰ ਦੋਨਾਂ ਨੂੰ ਗਿਲਿਅਡ ਸਕੂਲ ਦੀ ਚੌਥੀ ਕਲਾਸ ਲਈ ਬੁਲਾਇਆ ਗਿਆ। ਅਸੀਂ ਅਗਸਤ ਦੇ ਮਹੀਨੇ ਵਿਚ ਇਸ ਕਲਾਸ ਲਈ ਆਪਣੇ ਨਾਂ ਦੇ ਦਿੱਤੇ। ਪਰ ਅੱਗੇ ਦੱਸਣ ਤੋਂ ਪਹਿਲਾਂ, ਆਓ ਆਪਾਂ ਡੋਰਾ ਤੋਂ ਉਸ ਦੀ ਕਹਾਣੀ ਸੁਣੀਏ।

ਪਾਇਨੀਅਰੀ ਸ਼ੁਰੂ ਕਰਨ ਲਈ ਬੇਚੈਨ

ਡੋਰਾ: ਮੇਰੇ ਮਾਤਾ ਜੀ ਬਾਈਬਲ ਦੀਆਂ ਗੱਲਾਂ ਨੂੰ ਸਮਝਣ ਲਈ ਹਮੇਸ਼ਾ ਦੁਆ ਕਰਿਆ ਕਰਦੇ ਸਨ। ਇਕ ਦਿਨ ਐਤਵਾਰ ਨੂੰ ਅਸੀਂ ਰੇਡੀਓ ਤੇ ਭਰਾ ਜੇ. ਐੱਫ਼. ਰਦਰਫ਼ਰਡ ਦਾ ਲੈਕਚਰ ਸੁਣਿਆ। ਲੈਕਚਰ ਸੁਣ ਕੇ ਮਾਤਾ ਜੀ ਫੁੱਲੇ ਨਹੀਂ ਸਮਾਏ ਅਤੇ ਕਹਿਣ ਲੱਗੇ ਕਿ “ਮੈਨੂੰ ਸੱਚਾਈ ਮਿਲ ਗਈ!” ਕੁਝ ਹੀ ਸਮੇਂ ਬਾਅਦ ਅਸੀਂ ਯਹੋਵਾਹ ਦੇ ਗਵਾਹਾਂ ਦੀਆਂ ਕਿਤਾਬਾਂ ਦਾ ਅਧਿਐਨ ਕਰਨ ਲੱਗ ਪਈਆਂ। 1935 ਵਿਚ 12 ਸਾਲ ਦੀ ਉਮਰ ਤੇ ਮੈਂ ਯਹੋਵਾਹ ਦੇ ਗਵਾਹਾਂ ਦੀ ਇਕ ਸਭਾ ਵਿਚ ਬਪਤਿਸਮੇ ਬਾਰੇ ਭਾਸ਼ਣ ਸੁਣਿਆ। ਇਹ ਭਾਸ਼ਣ ਸੁਣ ਕੇ ਮੇਰੇ ਦਿਲ ਵਿਚ ਇੱਛਾ ਪੈਦਾ ਹੋਈ ਕਿ ਮੈਂ ਵੀ ਆਪਣਾ ਜੀਵਨ ਯਹੋਵਾਹ ਦੀ ਸੇਵਾ ਵਿਚ ਲਗਾ ਦਿਆਂ। ਤਿੰਨ ਸਾਲ ਬਾਅਦ ਮੈਂ ਬਪਤਿਸਮਾ ਲੈ ਲਿਆ। ਇਸ ਤਰ੍ਹਾਂ ਕਰ ਕੇ ਮੈਨੂੰ ਯਹੋਵਾਹ ਦੀ ਸੇਵਾ ਵਿਚ ਲੱਗੀ ਰਹਿਣ ਦੀ ਤਾਕਤ ਮਿਲੀ। ਉਦੋਂ ਮੈਂ ਅਜੇ ਸਕੂਲੇ ਪੜ੍ਹਦੀ ਸੀ, ਪਰ ਮੈਂ ਬੜੀ ਬੇਸਬਰੀ ਨਾਲ ਉਡੀਕ ਕਰ ਰਹੀ ਸੀ ਕਿ ਕਦੋਂ ਮੇਰੀ ਪੜ੍ਹਾਈ ਖ਼ਤਮ ਹੋਵੇ ਤੇ ਕਦੋਂ ਮੈਂ ਪਾਇਨੀਅਰੀ ਸ਼ੁਰੂ ਕਰਾਂ।

ਉਨ੍ਹੀਂ ਦਿਨੀਂ ਅਸੀਂ ਆਇਓਵਾ ਦੇ ਫੋਰਟ ਡੌਜ ਸ਼ਹਿਰ ਵਿਚ ਸਭਾਵਾਂ ਤੇ ਜਾਂਦੀਆਂ ਸੀ। ਸਭਾਵਾਂ ਵਿਚ ਜਾਣ ਤੋਂ ਪਹਿਲਾਂ ਸਾਨੂੰ ਕਾਫ਼ੀ ਤਿਆਰੀ ਕਰਨੀ ਪੈਂਦੀ ਸੀ। ਉਦੋਂ ਪਹਿਰਾਬੁਰਜ ਦੇ ਅਧਿਐਨ ਲੇਖਾਂ ਵਿਚ ਸਵਾਲ ਨਹੀਂ ਦਿੱਤੇ ਜਾਂਦੇ ਸਨ ਜਿਸ ਕਰਕੇ ਸਾਨੂੰ ਪੂਰੇ ਲੇਖ ਲਈ ਸਵਾਲ ਤਿਆਰ ਕਰ ਕੇ ਅਧਿਐਨ ਕਰਾਉਣ ਵਾਲੇ ਭਰਾ ਨੂੰ ਦੇਣ ਲਈ ਕਿਹਾ ਜਾਂਦਾ ਸੀ। ਸੋ ਹਰ ਸੋਮਵਾਰ ਮੈਂ ਤੇ ਮਾਤਾ ਜੀ ਸ਼ਾਮੀਂ ਬੈਠ ਕੇ ਹਰ ਪੈਰੇ ਲਈ ਸਵਾਲ ਬਣਾਉਂਦੀਆਂ ਸੀ।

ਸਮੇਂ-ਸਮੇਂ ਤੇ ਕੋਈ ਸਫ਼ਰੀ ਨਿਗਾਹਬਾਨ ਸਾਡੀ ਕਲੀਸਿਯਾ ਨੂੰ ਮਿਲਣ ਲਈ ਆਉਂਦਾ ਸੀ। ਇਕ ਸਫ਼ਰੀ ਨਿਗਾਹਬਾਨ ਭਰਾ ਜੌਨ ਬੂਥ ਸਨ। ਮੈਨੂੰ ਯਾਦ ਹੈ ਕਿ ਜਦ ਮੈਂ 12 ਸਾਲ ਦੀ ਸੀ, ਤਾਂ ਉਸ ਨੇ ਮੈਨੂੰ ਘਰ-ਘਰ ਪ੍ਰਚਾਰ ਕਰਨਾ ਸਿਖਾਇਆ। ਫਿਰ 17 ਸਾਲ ਦੀ ਉਮਰ ਤੇ ਉਸੇ ਭਰਾ ਬੂਥ ਦੀ ਮਦਦ ਨਾਲ ਮੈਂ ਪਾਇਨੀਅਰੀ ਵਾਸਤੇ ਫਾਰਮ ਭਰਿਆ। ਉਦੋਂ ਮੈਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਅਸੀਂ ਸਾਲਾਂ ਬਾਅਦ ਦੁਬਾਰਾ ਮਿਲਾਂਗੇ ਅਤੇ ਪੱਕੇ ਦੋਸਤ ਬਣ ਜਾਵਾਂਗੇ!

ਪਾਇਨੀਅਰ ਬਣਨ ਤੋਂ ਬਾਅਦ ਮੈਂ ਅਕਸਰ ਭੈਣ ਡੌਰਥੀ ਆਰੋਂਸਨ ਨਾਲ ਪ੍ਰਚਾਰ ਕਰਨ ਜਾਂਦੀ ਸੀ। ਉਹ ਵੀ ਪਾਇਨੀਅਰ ਸਨ ਤੇ ਉਮਰ ਵਿਚ ਮੇਰੇ ਤੋਂ 15 ਸਾਲ ਵੱਡੇ ਸਨ। ਫਿਰ 1943 ਵਿਚ ਭੈਣ ਆਰੋਂਸਨ ਨੂੰ ਗਿਲਿਅਡ ਸਕੂਲ ਦੀ ਪਹਿਲੀ ਕਲਾਸ ਲਈ ਬੁਲਾਇਆ ਗਿਆ। ਉਨ੍ਹਾਂ ਦੇ ਜਾਣ ਤੋਂ ਬਾਅਦ ਮੈਂ ਇਕੱਲੀ ਪਾਇਨੀਅਰੀ ਕਰਦੀ ਰਹੀ।

ਵਿਰੋਧ ਦੇ ਬਾਵਜੂਦ ਅਸੀਂ ਪ੍ਰਚਾਰ ਕਰਨਾ ਨਹੀਂ ਛੱਡਿਆ

1940 ਦਾ ਦਹਾਕਾ ਬਹੁਤ ਹੀ ਮੁਸ਼ਕਲਾਂ ਭਰਿਆ ਸੀ। ਉਦੋਂ ਦੂਜਾ ਵਿਸ਼ਵ ਯੁੱਧ ਆਪਣੇ ਜ਼ੋਰਾਂ ਤੇ ਸੀ ਅਤੇ ਸਾਰਿਆਂ ਤੇ ਦੇਸ਼-ਭਗਤੀ ਦਾ ਭੂਤ ਸਵਾਰ ਸੀ। ਜਦੋਂ ਅਸੀਂ ਘਰ-ਘਰ ਪ੍ਰਚਾਰ ਕਰਨ ਜਾਂਦੇ, ਤਾਂ ਅਕਸਰ ਸਾਡੇ ਤੇ ਗਲੇ-ਸੜੇ ਆਂਡਿਆਂ ਅਤੇ ਟਮਾਟਰਾਂ ਤੋਂ ਇਲਾਵਾ ਕਦੇ-ਕਦੇ ਪੱਥਰਾਂ ਦੀ ਵੀ ਬਰਸਾਤ ਕੀਤੀ ਜਾਂਦੀ! ਪਰ ਸੜਕਾਂ ਤੇ ਖੜ੍ਹ ਕੇ ਰਾਹ ਜਾਂਦੇ ਲੋਕਾਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਦੇਣ ਦਾ ਕੰਮ ਮੈਨੂੰ ਹੋਰ ਵੀ ਔਖਾ ਲੱਗਦਾ ਸੀ। ਪਾਦਰੀਆਂ ਦੀ ਚੁੱਕ ਵਿਚ ਆ ਕੇ ਪੁਲਸ ਸਾਨੂੰ ਧਮਕਾਉਂਦੀ ਸੀ ਕਿ ਜੇ ਅਸੀਂ ਦੁਬਾਰਾ ਪਬਲਿਕ ਥਾਵਾਂ ਤੇ ਪ੍ਰਚਾਰ ਕੀਤਾ, ਤਾਂ ਸਾਨੂੰ ਜੇਲ੍ਹ ਵਿਚ ਸੁੱਟ ਦਿੱਤਾ ਜਾਵੇਗਾ।

ਪਰ ਅਸੀਂ ਪ੍ਰਚਾਰ ਕਰਨਾ ਨਹੀਂ ਛੱਡਿਆ ਜਿਸ ਕਰਕੇ ਪੁੱਛ-ਗਿੱਛ ਲਈ ਸਾਨੂੰ ਥਾਣੇ ਲੈ ਜਾਇਆ ਜਾਂਦਾ ਸੀ। ਰਿਹਾ ਹੋਣ ਤੋਂ ਬਾਅਦ ਅਸੀਂ ਮੁੜ ਉਸੇ ਸੜਕ ਤੇ ਲੋਕਾਂ ਨੂੰ ਰਸਾਲੇ ਦੇਣ ਲੱਗ ਪੈਂਦੇ। ਜ਼ਿੰਮੇਵਾਰ ਭਰਾਵਾਂ ਨੇ ਸਾਨੂੰ ਸਲਾਹ ਦਿੱਤੀ ਕਿ ਅਸੀਂ ਯਸਾਯਾਹ 61:1, 2 ਦਾ ਹਵਾਲਾ ਦੇ ਕੇ ਪੁਲਸ ਅੱਗੇ ਆਪਣੀ ਸਫ਼ਾਈ ਪੇਸ਼ ਕਰੀਏ। ਸੋ ਇਕ ਵਾਰ ਜਦੋਂ ਇਕ ਪੁਲਸ ਵਾਲਾ ਮੇਰੇ ਕੋਲ ਆਇਆ, ਤਾਂ ਮੈਂ ਡਰਦੀ-ਡਰਦੀ ਨੇ ਉਸ ਨੂੰ ਮੂੰਹ-ਜ਼ਬਾਨੀ ਯਸਾਯਾਹ ਦਾ ਹਵਾਲਾ ਸੁਣਾ ਦਿੱਤਾ। ਇਹ ਸੁਣ ਕੇ ਉਹ ਬਿਨਾਂ ਕੁਝ ਕਹੇ ਉੱਥੋਂ ਚਲਾ ਗਿਆ! ਮੈਂ ਬੜੀ ਹੈਰਾਨ ਹੋਈ, ਪਰ ਉਸ ਦਿਨ ਮੈਨੂੰ ਵਿਸ਼ਵਾਸ ਹੋ ਗਿਆ ਕਿ ਪਰਮੇਸ਼ੁਰ ਦੇ ਦੂਤ ਸਾਡੀ ਰਾਖੀ ਕਰ ਰਹੇ ਸਨ।

ਖ਼ੁਸ਼ੀ ਦਾ ਦਿਨ

1941 ਵਿਚ ਮੈਨੂੰ ਮਿਸੂਰੀ ਰਾਜ ਦੇ ਸੇਂਟ ਲੂਈ ਸ਼ਹਿਰ ਵਿਚ ਇਕ ਪੰਜ-ਦਿਨਾ ਸੰਮੇਲਨ ਵਿਚ ਜਾਣ ਦਾ ਮੌਕਾ ਮਿਲਿਆ। ਉਸ ਸੰਮੇਲਨ ਵਿਚ ਭਰਾ ਰਦਰਫ਼ਰਡ ਨੇ 5 ਤੋਂ 18 ਸਾਲਾਂ ਦੇ ਸਾਰੇ ਬੱਚਿਆਂ ਨੂੰ ਮੰਚ ਦੇ ਬਿਲਕੁਲ ਸਾਮ੍ਹਣੇ ਵਾਲੀਆਂ ਸੀਟਾਂ ਤੇ ਬੈਠਣ ਲਈ ਕਿਹਾ ਸੀ। ਫਿਰ ਭਰਾ ਰਦਰਫ਼ਰਡ ਨੇ ਰੁਮਾਲ ਹਿਲਾ ਕੇ ਸਾਡਾ ਸੁਆਗਤ ਕੀਤਾ ਅਤੇ ਅਸੀਂ ਸਾਰਿਆਂ ਨੇ ਵੀ ਆਪਣੇ ਹੱਥ ਹਿਲਾਏ। ਇਕ ਘੰਟੇ ਦਾ ਭਾਸ਼ਣ ਦੇਣ ਮਗਰੋਂ ਭਰਾ ਰਦਰਫ਼ਰਡ ਨੇ ਕਿਹਾ: “ਤੁਹਾਡੇ ਵਿੱਚੋਂ ਜਿਨ੍ਹਾਂ ਨੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਅਤੇ ਉਸ ਦੇ ਰਾਜ ਦਾ ਪੱਖ ਲੈਣ ਦਾ ਫ਼ੈਸਲਾ ਕੀਤਾ ਹੈ ਅਤੇ ਜੋ ਪਰਮੇਸ਼ੁਰ ਤੇ ਉਸ ਦੇ ਚੁਣੇ ਹੋਏ ਰਾਜੇ ਦੀ ਗੱਲ ਮੰਨਣ ਲਈ ਤਿਆਰ ਹਨ, ਖੜ੍ਹੇ ਹੋ ਜਾਣ।” ਉਦੋਂ ਮੈਂ 15,000 ਬੱਚਿਆਂ ਸਮੇਤ ਖੜ੍ਹੀ ਹੋ ਗਈ! ਫਿਰ ਭਰਾ ਰਦਰਫ਼ਰਡ ਨੇ ਕਿਹਾ: “ਜੋ ਬੱਚੇ ਪੂਰੀ ਹਿੰਮਤ ਨਾਲ ਪਰਮੇਸ਼ੁਰ ਦੇ ਰਾਜ ਅਤੇ ਇਸ ਦੀਆਂ ਬਰਕਤਾਂ ਬਾਰੇ ਦੂਸਰਿਆਂ ਨੂੰ ਦੱਸਣ ਲਈ ਤਿਆਰ ਹਨ, ਉਹ ਸਭ ‘ਹਾਂ’ ਬੋਲਣ।” ਜਦੋਂ ਅਸੀਂ ਸਾਰਿਆਂ ਨੇ ਮਿਲ ਕੇ ਉੱਚੀ ਆਵਾਜ਼ ਵਿਚ ‘ਹਾਂ’ ਕਿਹਾ, ਤਾਂ ਪੂਰਾ ਸਟੇਡੀਅਮ ਤਾੜੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ।

ਇਸ ਉਪਰੰਤ ਭਰਾ ਰਦਰਫ਼ਰਡ ਨੇ ਅੰਗ੍ਰੇਜ਼ੀ ਦੀ ਇਕ ਕਿਤਾਬ ਰਿਲੀਜ਼ ਕੀਤੀ ਜਿਸ ਦਾ ਨਾਂ ਸੀ ਬੱਚੇ। * ਉਨ੍ਹਾਂ ਨੇ ਆਪ ਸਾਰੇ ਬੱਚਿਆਂ ਨੂੰ ਇਸ ਨਵੀਂ ਕਿਤਾਬ ਦੀ ਇਕ-ਇਕ ਕਾਪੀ ਦਿੱਤੀ। ਮੈਨੂੰ ਯਾਦ ਹੈ ਕਿ ਕਿਤਾਬ ਲੈਣ ਲਈ ਉਤਾਵਲੇ ਬੱਚਿਆਂ ਦੀ ਕਿੰਨੀ ਹੀ ਲੰਬੀ ਲਾਈਨ ਬਣ ਗਈ ਸੀ! ਉਨ੍ਹਾਂ ਬੱਚਿਆਂ ਵਿੱਚੋਂ ਅੱਜ ਵੀ ਕਈ ਪੂਰੇ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। ਉਹ ਸਾਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਧਰਮੀ ਮਿਆਰਾਂ ਬਾਰੇ ਦੂਸਰਿਆਂ ਨੂੰ ਦੱਸਦਿਆਂ ਨਹੀਂ ਥੱਕਦੇ।—ਜ਼ਬੂਰਾਂ ਦੀ ਪੋਥੀ 148:12, 13.

ਤਿੰਨ ਸਾਲ ਤਕ ਇਕੱਲੀ ਪਾਇਨੀਅਰੀ ਕਰਨ ਤੋਂ ਬਾਅਦ ਮੈਂ ਬਹੁਤ ਖ਼ੁਸ਼ ਹੋਈ ਜਦੋਂ ਮੈਨੂੰ ਸਪੈਸ਼ਲ ਪਾਇਨੀਅਰ ਵਜੋਂ ਚੇਂਬਰਜ਼ਬਰਗ ਭੇਜਿਆ ਗਿਆ। ਉੱਥੇ ਮੇਰੀ ਮੁਲਾਕਾਤ ਡੌਰਥੀਆ ਨਾਲ ਹੋਈ ਅਤੇ ਅਸੀਂ ਛੇਤੀ ਹੀ ਪੱਕੀਆਂ ਸਹੇਲੀਆਂ ਬਣ ਗਈਆਂ। ਉਦੋਂ ਅਸੀਂ ਜਵਾਨ ਸੀ ਤੇ ਸਾਡੇ ਵਿਚ ਪਰਮੇਸ਼ੁਰ ਦੀ ਸੇਵਾ ਕਰਨ ਦਾ ਡਾਢਾ ਜੋਸ਼ ਸੀ। ਸੋ ਅਸੀਂ ਦੋਨੋਂ ਨਿਕਲ ਪਈਆਂ ਹੀਰਿਆਂ ਦੀ ਤਲਾਸ਼ ਵਿਚ! ਇੰਨੇ ਸਾਲਾਂ ਬਾਅਦ ਅਸੀਂ ਅੱਜ ਵੀ ਇਕੱਠੀਆਂ ਸੇਵਾ ਕਰ ਰਹੀਆਂ ਹਾਂ।—ਜ਼ਬੂਰਾਂ ਦੀ ਪੋਥੀ 110:3.

ਸਪੈਸ਼ਲ ਪਾਇਨੀਅਰੀ ਸ਼ੁਰੂ ਕਰਨ ਤੋਂ ਕੁਝ ਮਹੀਨਿਆਂ ਬਾਅਦ ਅਸੀਂ ਐਲਬਰਟ ਮੈਨ ਨਾਂ ਦੇ ਇਕ ਭਰਾ ਨੂੰ ਮਿਲੀਆਂ ਜੋ ਉਦੋਂ ਗਿਲਿਅਡ ਸਕੂਲ ਦੀ ਪਹਿਲੀ ਕਲਾਸ ਤੋਂ ਨਵਾਂ-ਨਵਾਂ ਗ੍ਰੈਜੂਏਟ ਹੋ ਕੇ ਆਇਆ ਸੀ। ਉਹ ਮਿਸ਼ਨਰੀ ਦੇ ਤੌਰ ਤੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਉਸ ਨੇ ਸਾਨੂੰ ਪ੍ਰੇਰਣਾ ਦਿੱਤੀ ਕਿ ਜੇ ਸਾਨੂੰ ਕਦੇ ਕਿਸੇ ਹੋਰ ਦੇਸ਼ ਵਿਚ ਸੇਵਾ ਕਰਨ ਦਾ ਮੌਕਾ ਮਿਲੇ, ਤਾਂ ਅਸੀਂ ਇਸ ਨੂੰ ਖਿੜੇ ਮੱਥੇ ਕਬੂਲ ਕਰੀਏ।

ਗਿਲਿਅਡ ਸਕੂਲ ਵਿਚ ਇਕੱਠੀਆਂ

ਡੋਰਾ ਅਤੇ ਡੌਰਥੀਆ: ਅਸੀਂ ਦੱਸ ਨਹੀਂ ਸਕਦੀਆਂ ਕਿ ਮਿਸ਼ਨਰੀ ਬਣਨ ਦੀ ਟ੍ਰੇਨਿੰਗ ਸ਼ੁਰੂ ਹੋਣ ਤੇ ਸਾਨੂੰ ਕਿੰਨੀ ਖ਼ੁਸ਼ੀ ਹੋ ਰਹੀ ਸੀ! ਸਕੂਲ ਦੇ ਪਹਿਲੇ ਦਿਨ ਤੇ ਸਾਡਾ ਨਾਂ ਰਜਿਸਟਰ ਕਰਨ ਵਾਲਾ ਹੋਰ ਕੋਈ ਨਹੀਂ, ਸਗੋਂ ਭਰਾ ਐਲਬਰਟ ਸ਼੍ਰੋਡਰ ਸੀ ਜਿਸ ਨੇ 12 ਸਾਲ ਪਹਿਲਾਂ ਡੌਰਥੀਆ ਦੇ ਘਰ ਜਾ ਕੇ ਉਸ ਦੇ ਮਾਤਾ ਜੀ ਨੂੰ ਕਿਤਾਬਾਂ ਦਿੱਤੀਆਂ ਸਨ। ਭਰਾ ਜੌਨ ਬੂਥ ਵੀ ਉੱਥੇ ਸਨ। ਉਦੋਂ ਉਹ ਕਿੰਗਡਮ ਫਾਰਮ ਦੇ ਨਿਗਾਹਬਾਨ ਵਜੋਂ ਸੇਵਾ ਕਰ ਰਹੇ ਸਨ ਜਿਸ ਜਗ੍ਹਾ ਗਿਲਿਅਡ ਸਕੂਲ ਲੱਗਿਆ ਕਰਦਾ ਸੀ। ਬਾਅਦ ਵਿਚ ਭਰਾ ਸ਼੍ਰੋਡਰ ਅਤੇ ਭਰਾ ਬੂਥ ਦੋਵਾਂ ਨੇ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰਾਂ ਵਜੋਂ ਸੇਵਾ ਕੀਤੀ।

ਗਿਲਿਅਡ ਸਕੂਲ ਵਿਚ ਅਸੀਂ ਬਾਈਬਲ ਦੀਆਂ ਡੂੰਘੀਆਂ ਗੱਲਾਂ ਦਾ ਅਧਿਐਨ ਕੀਤਾ। ਇਹ ਸਿਖਲਾਈ ਵਾਕਈ ਲਾਜਵਾਬ ਸੀ! ਸਾਡੀ ਕਲਾਸ ਵਿਚ 104 ਵਿਦਿਆਰਥੀ ਸਨ। ਮੈਕਸੀਕੋ ਦੇ ਇਕ ਭਰਾ ਨੂੰ ਛੱਡ ਕੇ ਬਾਕੀ ਅਸੀਂ ਸਾਰੇ ਅਮਰੀਕੀ ਸਾਂ। ਮੈਕਸੀਕੋ ਦਾ ਭਰਾ ਗਿਲਿਅਡ ਟ੍ਰੇਨਿੰਗ ਲੈਣ ਵਾਲਾ ਪਹਿਲਾ ਵਿਦੇਸ਼ੀ ਵਿਦਿਆਰਥੀ ਸੀ। ਉਸ ਨੇ ਸਾਡੇ ਨਾਲ ਗੱਲਬਾਤ ਕਰ ਕੇ ਹੋਰ ਚੰਗੀ ਤਰ੍ਹਾਂ ਅੰਗ੍ਰੇਜ਼ੀ ਬੋਲਣੀ ਸਿੱਖੀ ਅਤੇ ਸਾਨੂੰ ਵੀ ਸਪੇਨੀ ਭਾਸ਼ਾ ਸਿਖਾਉਣ ਦੀ ਕੋਸ਼ਿਸ਼ ਕੀਤੀ। ਫਿਰ ਇਕ ਦਿਨ ਭਰਾ ਨੇਥਨ ਐੱਚ. ਨੌਰ ਨੇ ਸਾਨੂੰ ਦੱਸਿਆ ਕਿ ਅਸੀਂ ਮਿਸ਼ਨਰੀ ਦੇ ਤੌਰ ਤੇ ਕਿੱਥੇ ਸੇਵਾ ਕਰਨੀ ਸੀ। ਜ਼ਿਆਦਾਤਰ ਭੈਣਾਂ-ਭਰਾਵਾਂ ਨੂੰ ਮੱਧ ਅਤੇ ਦੱਖਣੀ ਅਮਰੀਕਾ ਭੇਜਿਆ ਗਿਆ ਤੇ ਅਸੀਂ ਮਿਸ਼ਨਰੀਆਂ ਦੇ ਤੌਰ ਤੇ ਚਿੱਲੀ ਵਿਚ ਸੇਵਾ ਕਰਨੀ ਸੀ।

ਚਿੱਲੀ ਵਿਚ ਹੀਰਿਆਂ ਦੀ ਤਲਾਸ਼

ਚਿੱਲੀ ਵਿਚ ਜਾਣ ਲਈ ਸਾਨੂੰ ਵੀਜ਼ੇ ਦੀ ਲੋੜ ਸੀ ਜਿਸ ਨੂੰ ਹਾਸਲ ਕਰਨ ਲਈ ਕਾਫ਼ੀ ਸਮਾਂ ਲੱਗ ਗਿਆ। ਸੋ ਜਨਵਰੀ 1945 ਵਿਚ ਗ੍ਰੈਜੂਏਸ਼ਨ ਤੋਂ ਬਾਅਦ ਅਸੀਂ ਵਾਸ਼ਿੰਗਟਨ ਡੀ. ਸੀ. ਵਿਚ ਡੇਢ ਸਾਲ ਪਾਇਨੀਅਰੀ ਕੀਤੀ। ਆਖ਼ਰਕਾਰ ਜਦੋਂ ਸਾਨੂੰ ਵੀਜ਼ੇ ਮਿਲੇ, ਤਾਂ ਅਸੀਂ ਹੋਰ ਸੱਤ ਮਿਸ਼ਨਰੀਆਂ ਸਮੇਤ ਚਿੱਲੀ ਲਈ ਰਵਾਨਾ ਹੋ ਗਏ। ਇਹ ਸਾਰੇ ਮਿਸ਼ਨਰੀ ਗਿਲਿਅਡ ਦੀਆਂ ਪਹਿਲੀਆਂ ਤਿੰਨ ਕਲਾਸਾਂ ਦੇ ਗ੍ਰੈਜੂਏਟ ਸਨ।

ਜਦੋਂ ਅਸੀਂ ਚਿੱਲੀ ਦੀ ਰਾਜਧਾਨੀ ਸੈਂਟੀਆਗੋ ਪਹੁੰਚੇ, ਤਾਂ ਉੱਥੇ ਕਈ ਭਰਾ ਸਾਨੂੰ ਲੈਣ ਲਈ ਆਏ ਹੋਏ ਸਨ। ਉਨ੍ਹਾਂ ਵਿਚ ਇਕ ਐਲਬਰਟ ਮੈਨ ਵੀ ਸੀ ਜਿਸ ਨੇ ਕੁਝ ਸਾਲ ਪਹਿਲਾਂ ਸਾਡੀ ਕਾਫ਼ੀ ਹੌਸਲਾ-ਅਫ਼ਜ਼ਾਈ ਕੀਤੀ ਸੀ। ਉਹ ਅਤੇ ਜੋਸਫ਼ ਫੇਰਾਰੀ (ਗਿਲਿਅਡ ਦੀ ਦੂਜੀ ਕਲਾਸ ਦਾ ਗ੍ਰੈਜੂਏਟ) ਇਕ ਸਾਲ ਪਹਿਲਾਂ ਚਿੱਲੀ ਆ ਗਏ ਸਨ। ਜਦੋਂ ਅਸੀਂ ਚਿੱਲੀ ਆਏ, ਉਦੋਂ ਉੱਥੇ 100 ਤੋਂ ਵੀ ਘੱਟ ਭੈਣ-ਭਰਾ ਸਨ। ਸੋ ਅਸੀਂ ਚਿੱਲੀ ਵਿਚ ਹੋਰ ਜ਼ਿਆਦਾ ਹੀਰੇ ਵਰਗੇ ਨੇਕਦਿਲ ਲੋਕਾਂ ਦੀ ਤਲਾਸ਼ ਕਰਨ ਲਈ ਬੇਕਰਾਰ ਸਾਂ।

ਸੈਂਟੀਆਗੋ ਵਿਚ ਅਸੀਂ ਮਿਸ਼ਨਰੀ ਘਰ ਵਿਚ ਹੋਰਨਾਂ ਭੈਣਾਂ-ਭਰਾਵਾਂ ਨਾਲ ਰਹੀਆਂ। ਇਹ ਸਾਡੇ ਲਈ ਇਕ ਨਵਾਂ ਤਜਰਬਾ ਸੀ। ਪ੍ਰਚਾਰ ਦਾ ਕੰਮ ਕਰਨ ਤੋਂ ਇਲਾਵਾ ਹਰ ਮਿਸ਼ਨਰੀ ਨੇ ਹਫ਼ਤੇ ਵਿਚ ਇਕ ਵਾਰ ਸਾਰਿਆਂ ਲਈ ਰੋਟੀ ਬਣਾਉਣੀ ਸੀ। ਜਦੋਂ ਸਾਡੀ ਵਾਰੀ ਆਈ, ਤਾਂ ਅਸੀਂ ਨਾਸ਼ਤੇ ਲਈ ਡਬਲ ਰੋਟੀ ਬਣਾਉਣ ਦਾ ਫ਼ੈਸਲਾ ਕੀਤਾ। ਪਰ ਜਦੋਂ ਅਸੀਂ ਓਵਨ ਵਿੱਚੋਂ ਰੋਟੀਆਂ ਕੱਢੀਆਂ, ਤਾਂ ਸਾਰੀ ਰਸੋਈ ਵਿਚ ਗੰਦੀ ਜਿਹੀ ਬੋ ਫੈਲ ਗਈ। ਸਾਨੂੰ ਇਹ ਦੇਖ ਕੇ ਬੜੀ ਸ਼ਰਮ ਆਈ ਕਿ ਅਸੀਂ ਰੋਟੀ ਬਣਾਉਂਦੇ ਵੇਲੇ ਉਸ ਵਿਚ ਗ਼ਲਤ ਚੀਜ਼ ਪਾ ਦਿੱਤੀ ਸੀ!

ਪਰ ਸਪੇਨੀ ਭਾਸ਼ਾ ਸਿੱਖਦਿਆਂ ਅਸੀਂ ਜਿਹੜੀਆਂ ਗ਼ਲਤੀਆਂ ਕੀਤੀਆਂ, ਉਨ੍ਹਾਂ ਤੇ ਅਸੀਂ ਹੋਰ ਵੀ ਜ਼ਿਆਦਾ ਸ਼ਰਮਸਾਰ ਹੋਈਆਂ। ਮਿਸਾਲ ਲਈ, ਅਸੀਂ ਇਕ ਸਪੇਨੀ ਪਰਿਵਾਰ ਨੂੰ ਬਾਈਬਲ ਸਟੱਡੀ ਕਰਾਉਂਦੀਆਂ ਸੀ, ਪਰ ਉਨ੍ਹਾਂ ਨੂੰ ਸਾਡੀ ਗੱਲ ਸਮਝ ਨਹੀਂ ਸੀ ਆਉਂਦੀ। ਇਕ ਵਾਰ ਤਾਂ ਉਨ੍ਹਾਂ ਨੇ ਥੱਕ-ਹਾਰ ਕੇ ਸਟੱਡੀ ਹੀ ਛੱਡਣੀ ਚਾਹੀ! ਪਰ ਤਾਂ ਵੀ ਉਨ੍ਹਾਂ ਨੇ ਸਪੇਨੀ ਬਾਈਬਲ ਵਿੱਚੋਂ ਆਇਤਾਂ ਪੜ੍ਹ-ਪੜ੍ਹ ਕੇ ਸੱਚਾਈ ਸਿੱਖ ਲਈ। ਉਸ ਪਰਿਵਾਰ ਦੇ ਪੰਜ ਮੈਂਬਰ ਹੁਣ ਯਹੋਵਾਹ ਦੀ ਸੇਵਾ ਕਰਦੇ ਹਨ। ਉਨ੍ਹੀਂ ਦਿਨੀਂ ਮਿਸ਼ਨਰੀਆਂ ਨੂੰ ਨਵੀਂ ਭਾਸ਼ਾ ਸਿਖਾਉਣ ਦਾ ਕੋਈ ਇੰਤਜ਼ਾਮ ਨਹੀਂ ਸੀ। ਉਹ ਕਿਸੇ ਦੇਸ਼ ਵਿਚ ਪਹੁੰਚਦਿਆਂ ਹੀ ਪ੍ਰਚਾਰ ਕਰਨ ਲੱਗ ਪੈਂਦੇ ਤੇ ਲੋਕਾਂ ਨਾਲ ਗੱਲਾਂ ਕਰਨ ਦੁਆਰਾ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰਦੇ ਸਨ।

ਅਸੀਂ ਕਈ ਲੋਕਾਂ ਨਾਲ ਬਾਈਬਲ ਸਟੱਡੀ ਕੀਤੀ। ਕਈਆਂ ਨੇ ਤੇਜ਼ੀ ਨਾਲ ਤਰੱਕੀ ਕੀਤੀ, ਪਰ ਕਈਆਂ ਨੂੰ ਜ਼ਿਆਦਾ ਸਮਾਂ ਲੱਗਾ। ਮਿਸਾਲ ਲਈ, ਟੇਰੇਸਾ ਟੈਲੋ ਨਾਂ ਦੀ ਇਕ ਮੁਟਿਆਰ ਨੇ ਸਾਡੀ ਗੱਲ ਸੁਣ ਕੇ ਕਿਹਾ, “ਦੁਬਾਰਾ ਜ਼ਰੂਰ ਆਇਓ। ਮੈਂ ਇਸ ਬਾਰੇ ਹੋਰ ਜਾਣਨਾ ਚਾਹੁੰਦੀ ਹਾਂ।” ਪਰ ਉਸ ਨੂੰ ਦੁਬਾਰਾ ਮਿਲਣ ਲਈ ਸਾਨੂੰ 12 ਵਾਰ ਉਸ ਦੇ ਘਰ ਦੇ ਚੱਕਰ ਲਾਉਣੇ ਪਏ। ਇਸ ਤਰ੍ਹਾਂ ਤਿੰਨ ਸਾਲ ਲੰਘ ਗਏ। ਫਿਰ ਇਕ ਵਾਰ ਸੈਂਟੀਆਗੋ ਦੇ ਇਕ ਥੀਏਟਰ ਵਿਚ ਸੰਮੇਲਨ ਹੋਇਆ। ਐਤਵਾਰ ਨੂੰ ਸੰਮੇਲਨ ਖ਼ਤਮ ਹੋਣ ਤੇ ਜਦੋਂ ਅਸੀਂ ਬਾਹਰ ਆ ਰਹੀਆਂ ਸੀ, ਤਾਂ ਮੈਂ ਕਿਸੇ ਨੂੰ “ਡੋਰਾ ਭੈਣਜੀ, ਡੋਰਾ ਭੈਣਜੀ” ਪੁਕਾਰਦੇ ਸੁਣਿਆ। ਪਿਛਾਹਾਂ ਮੁੜ ਕੇ ਅਸੀਂ ਦੇਖਿਆ ਕਿ ਇਹ ਤਾਂ ਟੇਰੇਸਾ ਸੀ। ਉਸ ਦੀ ਭੈਣ ਸੜਕ ਦੇ ਦੂਜੇ ਪਾਸੇ ਰਹਿੰਦੀ ਸੀ ਅਤੇ ਟੇਰੇਸਾ ਉਸ ਨੂੰ ਮਿਲਣ ਆਈ ਹੋਈ ਸੀ। ਉਹ ਇਹ ਦੇਖਣ ਲਈ ਥੀਏਟਰ ਵਿਚ ਆਈ ਕਿ ਇੱਥੇ ਕੀ ਹੋ ਰਿਹਾ ਹੈ। ਉਸ ਨੂੰ ਮਿਲ ਕੇ ਅਸੀਂ ਬਹੁਤ ਖ਼ੁਸ਼ ਹੋਈਆਂ! ਅਸੀਂ ਉਸ ਨਾਲ ਬਾਈਬਲ ਸਟੱਡੀ ਕਰਨ ਦਾ ਇੰਤਜ਼ਾਮ ਕੀਤਾ ਅਤੇ ਛੇਤੀ ਹੀ ਟੇਰੇਸਾ ਨੇ ਬਪਤਿਸਮਾ ਲੈ ਲਿਆ। ਬਾਅਦ ਵਿਚ ਉਹ ਸਪੈਸ਼ਲ ਪਾਇਨੀਅਰ ਬਣ ਗਈ। ਅੱਜ 45 ਕੁ ਸਾਲਾਂ ਬਾਅਦ ਟੇਰੇਸਾ ਅਜੇ ਵੀ ਪਾਇਨੀਅਰ ਵਜੋਂ ਸੇਵਾ ਕਰਦੀ ਹੈ।—ਉਪਦੇਸ਼ਕ ਦੀ ਪੋਥੀ 11:1.

‘ਰੇਤੇ’ ਵਿਚ ਹੀਰੇ

ਸੰਨ 1959 ਵਿਚ ਅਸੀਂ ਪੁੰਟਾ ਆਰੇਨਾਸ ਨੂੰ ਚਲੀਆਂ ਗਈਆਂ ਜਿਸ ਦਾ ਅਰਥ ਹੈ “ਰੇਤਲੀ ਥਾਂ।” ਇਹ ਸ਼ਹਿਰ ਚਿੱਲੀ ਦੇ 4,300 ਕਿਲੋਮੀਟਰ ਲੰਬੇ ਤੱਟਵਰਤੀ ਇਲਾਕੇ ਦੇ ਧੁਰ ਦੱਖਣੀ ਸਿਰੇ ਤੇ ਸਥਿਤ ਹੈ। ਪੁੰਟਾ ਆਰੇਨਾਸ ਬਹੁਤ ਹੀ ਵਿਲੱਖਣ ਜਗ੍ਹਾ ਹੈ। ਇੱਥੇ ਗਰਮੀਆਂ ਵਿਚ ਦਿਨ ਇੰਨੇ ਲੰਬੇ ਹੁੰਦੇ ਹਨ ਕਿ ਰਾਤ ਦੇ ਸਾਢੇ ਗਿਆਰਾਂ ਵਜੇ ਤਕ ਰੌਸ਼ਨੀ ਰਹਿੰਦੀ ਹੈ। ਸੋ ਅਸੀਂ ਲੰਬੇ ਸਮੇਂ ਤਕ ਪ੍ਰਚਾਰ ਕਰ ਸਕਦੀਆਂ ਸੀ। ਪਰ ਗਰਮੀ ਦੇ ਮੌਸਮ ਦੀ ਇਕ ਮਾੜੀ ਗੱਲ ਇਹ ਸੀ ਕਿ ਅੰਟਾਰਕਟਿਕਾ ਤੋਂ ਤੇਜ਼ ਹਵਾਵਾਂ ਵਗਦੀਆਂ ਸਨ। ਸਿਆਲਾਂ ਵਿਚ ਡਾਢੀ ਠੰਢ ਪੈਂਦੀ ਸੀ ਅਤੇ ਦਿਨ ਬਹੁਤ ਛੋਟੇ ਹੁੰਦੇ ਸਨ।

ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਪੁੰਟਾ ਆਰੇਨਾਸ ਦੀਆਂ ਕਈ ਗੱਲਾਂ ਸਾਨੂੰ ਚੰਗੀਆਂ ਲੱਗੀਆਂ। ਗਰਮ ਰੁੱਤੇ ਪੱਛਮੀ ਦਿਸ਼ਾ ਤੋਂ ਲਗਾਤਾਰ ਬੱਦਲ ਆ ਕੇ ਅਚਾਨਕ ਵਰ੍ਹ ਪੈਂਦੇ ਸਨ। ਪਰ ਫਿਰ ਤੇਜ਼ ਹਵਾਵਾਂ ਸਾਡੇ ਕੱਪੜੇ ਛੇਤੀ ਹੀ ਸੁਕਾ ਦਿੰਦੀਆਂ ਸਨ। ਆਸਮਾਨ ਵਿਚ ਸਤਰੰਗੀ ਪੀਂਘ ਘੰਟਿਆਂ ਬੱਧੀ ਨਜ਼ਰ ਆਉਂਦੀ। ਜਦੋਂ ਸੂਰਜ ਬੱਦਲਾਂ ਨਾਲ ਲੁਕਣ-ਮੀਚੀ ਖੇਡਦਾ, ਤਾਂ ਆਸਮਾਨੀ ਪੀਂਘ ਦੇ ਰੰਗ ਕਦੇ ਫਿੱਕੇ ਤੇ ਕਦੇ ਗੂੜ੍ਹੇ ਹੋ ਜਾਂਦੇ।—ਅੱਯੂਬ 37:14.

ਉਨ੍ਹੀਂ ਦਿਨੀਂ ਪੁੰਟਾ ਆਰੇਨਾਸ ਵਿਚ ਬਹੁਤ ਘੱਟ ਯਹੋਵਾਹ ਦੇ ਗਵਾਹ ਸਨ। ਛੋਟੀ ਜਿਹੀ ਕਲੀਸਿਯਾ ਵਿਚ ਅਸੀਂ ਭੈਣਾਂ ਹੀ ਸਭਾਵਾਂ ਚਲਾਉਂਦੀਆਂ ਸੀ। ਪਰ ਯਹੋਵਾਹ ਦੀ ਕਿਰਪਾ ਨਾਲ ਸਾਡੀ ਮਿਹਨਤ ਨੇ ਰੰਗ ਲਿਆਂਦਾ। ਸੈਂਤੀ ਸਾਲਾਂ ਬਾਅਦ ਜਦੋਂ ਅਸੀਂ ਇਸ ਸ਼ਹਿਰ ਵਿਚ ਵਾਪਸ ਆਈਆਂ, ਤਾਂ ਇੱਥੇ ਛੇ ਵੱਡੀਆਂ ਕਲੀਸਿਯਾਵਾਂ ਅਤੇ ਤਿੰਨ ਸੋਹਣੇ ਕਿੰਗਡਮ ਹਾਲ ਸਨ। ਅਸੀਂ ਯਹੋਵਾਹ ਦਾ ਦਿਲੋਂ ਧੰਨਵਾਦ ਕੀਤਾ ਕਿ ਉਸ ਨੇ ਇਸ ਰੇਤਲੀ ਥਾਂ ਵਿਚ ਹੀਰੇ ਵਰਗੇ ਲੋਕਾਂ ਨੂੰ ਲੱਭਣ ਵਿਚ ਸਾਡੀ ਮਦਦ ਕੀਤੀ।—ਜ਼ਕਰਯਾਹ 4:10.

ਪਲਾਯਾ ਆਂਚਾ ਵਿਚ ਹੋਰ ਜ਼ਿਆਦਾ ਹੀਰੇ ਲੱਭੇ

ਪੁੰਟਾ ਆਰੇਨਾਸ ਵਿਚ ਸਾਢੇ ਤਿੰਨ ਸਾਲ ਪ੍ਰਚਾਰ ਕਰਨ ਤੋਂ ਬਾਅਦ ਅਸੀਂ ਵਾਲਪੈਰੇਜ਼ੋ ਸ਼ਹਿਰ ਗਈਆਂ। ਸ਼ਾਂਤ ਮਹਾਂਸਾਗਰ ਦੀ ਇਕ ਖਾੜੀ ਤੇ ਸਥਿਤ ਇਹ ਸੋਹਣਾ ਸ਼ਹਿਰ 41 ਪਹਾੜੀਆਂ ਉੱਤੇ ਬਣਿਆ ਹੈ। ਅਸੀਂ ਪਲਾਯਾ ਆਂਚਾ ਨਾਂ ਦੀ ਇਕ ਪਹਾੜੀ ਉੱਤੇ ਪ੍ਰਚਾਰ ਕੀਤਾ। ਉੱਥੇ ਅਸੀਂ 16 ਸਾਲ ਬਿਤਾਏ ਜਿਸ ਦੌਰਾਨ ਅਸੀਂ ਕਈ ਨੌਜਵਾਨ ਭਰਾਵਾਂ ਨੂੰ ਪੂਰੇ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਦੇ ਦੇਖਿਆ। ਉਨ੍ਹਾਂ ਵਿੱਚੋਂ ਕੁਝ ਅੱਜ ਸਫ਼ਰੀ ਨਿਗਾਹਬਾਨ ਹਨ ਤੇ ਕੁਝ ਚਿੱਲੀ ਦੀਆਂ ਵੱਖ-ਵੱਖ ਕਲੀਸਿਯਾਵਾਂ ਵਿਚ ਬਜ਼ੁਰਗਾਂ ਦੇ ਤੌਰ ਤੇ ਸੇਵਾ ਕਰ ਰਹੇ ਹਨ।

ਵਾਲਪੈਰੇਜ਼ੋ ਤੋਂ ਬਾਅਦ ਅਸੀਂ ਵੀਨਆ ਦੇਲ ਮਾਰ ਗਈਆਂ ਜਿੱਥੇ ਅਸੀਂ ਸਾਢੇ ਤਿੰਨ ਸਾਲ ਸੇਵਾ ਕੀਤੀ। ਫਿਰ ਜਦੋਂ ਭੁਚਾਲ ਆਉਣ ਕਰਕੇ ਮਿਸ਼ਨਰੀ ਘਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਤਾਂ ਅਸੀਂ ਸੈਂਟੀਆਗੋ ਵਾਪਸ ਚਲੀਆਂ ਗਈਆਂ ਜਿੱਥੇ ਅਸੀਂ 40 ਸਾਲ ਪਹਿਲਾਂ ਮਿਸ਼ਨਰੀ ਸੇਵਾ ਸ਼ੁਰੂ ਕੀਤੀ ਸੀ। ਪਰ ਹੁਣ ਤਕ ਕਾਫ਼ੀ ਕੁਝ ਬਦਲ ਗਿਆ ਸੀ। ਸੈਂਟੀਆਗੋ ਵਿਚ ਨਵੀਂ ਬ੍ਰਾਂਚ ਬਣ ਗਈ ਸੀ। ਪੁਰਾਣੀ ਬ੍ਰਾਂਚ ਚਿੱਲੀ ਦੇ ਸਾਰੇ ਮਿਸ਼ਨਰੀਆਂ ਲਈ ਮਿਸ਼ਨਰੀ ਘਰ ਵਜੋਂ ਵਰਤੀ ਜਾ ਰਹੀ ਸੀ। ਬਾਅਦ ਵਿਚ ਇਸ ਮਿਸ਼ਨਰੀ ਘਰ ਨੂੰ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਲਈ ਵਰਤਿਆ ਜਾਣ ਲੱਗਾ। ਉਦੋਂ ਯਹੋਵਾਹ ਨੇ ਸਾਡੇ ਤੇ ਇਹ ਕਿਰਪਾ ਕੀਤੀ ਕਿ ਤਿੰਨ ਹੋਰ ਬਿਰਧ ਮਿਸ਼ਨਰੀਆਂ ਨਾਲ ਸਾਨੂੰ ਵੀ ਬੈਥਲ ਵਿਚ ਰਹਿਣ ਲਈ ਬੁਲਾਇਆ ਗਿਆ। ਪਿਛਲੇ 57 ਸਾਲਾਂ ਦੌਰਾਨ ਅਸੀਂ ਚਿੱਲੀ ਵਿਚ 15 ਵੱਖ-ਵੱਖ ਥਾਵਾਂ ਤੇ ਸੇਵਾ ਕੀਤੀ ਹੈ। ਅਸੀਂ ਇਸ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਨੂੰ 100 ਤੋਂ ਵਧ ਕੇ ਲਗਭਗ 70,000 ਹੁੰਦੇ ਦੇਖਿਆ ਹੈ! ਚਿੱਲੀ ਵਿਚ ਹੀਰੇ ਵਰਗੇ ਲੋਕਾਂ ਦੀ ਤਲਾਸ਼ ਵਿਚ ਬਿਤਾਏ ਇਹ ਸਾਲ ਵਾਕਈ ਹੀ ਖ਼ੁਸ਼ੀ ਭਰੇ ਸਾਲ ਸਾਬਤ ਹੋਏ ਹਨ!

ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਨੇਕਦਿਲ ਲੋਕਾਂ ਨੂੰ ਲੱਭਣ ਵਿਚ ਸਾਡੀ ਮਦਦ ਕੀਤੀ ਜੋ ਅੱਜ ਵਧ-ਚੜ੍ਹ ਕੇ ਉਸ ਦੀ ਸੇਵਾ ਕਰ ਰਹੇ ਹਨ। ਪਿਛਲੇ 60 ਕੁ ਸਾਲਾਂ ਤੋਂ ਇਕੱਠੀਆਂ ਯਹੋਵਾਹ ਦੀ ਸੇਵਾ ਕਰਨ ਤੋਂ ਬਾਅਦ ਅਸੀਂ ਵੀ ਯਹੋਵਾਹ ਦੀ ਪ੍ਰਸ਼ੰਸਾ ਵਿਚ ਉਹੋ ਕਹਾਂਗੀਆਂ ਜੋ ਰਾਜਾ ਦਾਊਦ ਨੇ ਕਿਹਾ ਸੀ: “ਕੇਡੀ ਵੱਡੀ ਹੈ ਤੇਰੀ ਭਲਿਆਈ! ਜਿਹੜੀ ਤੈਂ ਆਪਣੇ ਭੈ ਮੰਨਣ ਵਾਲਿਆਂ ਦੇ ਲਈ ਗੁਪਤ ਕਰ ਰੱਖੀ ਹੈ।”—ਜ਼ਬੂਰਾਂ ਦੀ ਪੋਥੀ 31:19.

[ਫੁਟਨੋਟ]

^ ਪੈਰਾ 24 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਸੀ, ਪਰ ਹੁਣ ਨਹੀਂ ਛਾਪੀ ਜਾਂਦੀ।

[ਸਫ਼ਾ 9 ਉੱਤੇ ਤਸਵੀਰਾਂ]

ਡੌਰਥੀਆ 2002 ਵਿਚ ਅਤੇ 1943 ਵਿਚ ਪ੍ਰਚਾਰ ਕਰਦੀ ਹੋਈ

[ਸਫ਼ਾ 10 ਉੱਤੇ ਤਸਵੀਰ]

1942 ਵਿਚ ਆਇਓਵਾ ਦੇ ਫੋਰਟ ਡੌਜ ਸ਼ਹਿਰ ਵਿਚ ਸੜਕ ਤੇ ਪ੍ਰਚਾਰ ਕਰਦੀ ਹੋਈ

[ਸਫ਼ਾ 10 ਉੱਤੇ ਤਸਵੀਰ]

ਡੋਰਾ, 2002

[ਸਫ਼ਾ 12 ਉੱਤੇ ਤਸਵੀਰ]

1946 ਵਿਚ ਡੌਰਥੀਆ ਤੇ ਡੋਰਾ ਚਿੱਲੀ ਵਿਚ ਆਪਣੇ ਪਹਿਲੇ ਮਿਸ਼ਨਰੀ ਘਰ ਦੇ ਬਾਹਰ