Skip to content

Skip to table of contents

ਕੀ ਤੁਹਾਨੂੰ ਪੱਕਾ ਵਿਸ਼ਵਾਸ ਹੈ ਕਿ ਮਰੇ ਹੋਏ ਲੋਕ ਦੁਬਾਰਾ ਜ਼ਿੰਦਾ ਕੀਤੇ ਜਾਣਗੇ?

ਕੀ ਤੁਹਾਨੂੰ ਪੱਕਾ ਵਿਸ਼ਵਾਸ ਹੈ ਕਿ ਮਰੇ ਹੋਏ ਲੋਕ ਦੁਬਾਰਾ ਜ਼ਿੰਦਾ ਕੀਤੇ ਜਾਣਗੇ?

ਕੀ ਤੁਹਾਨੂੰ ਪੱਕਾ ਵਿਸ਼ਵਾਸ ਹੈ ਕਿ ਮਰੇ ਹੋਏ ਲੋਕ ਦੁਬਾਰਾ ਜ਼ਿੰਦਾ ਕੀਤੇ ਜਾਣਗੇ?

“ਜੀ ਉੱਠਣਾ ਹੋਵੇਗਾ।”​—ਰਸੂਲਾਂ ਦੇ ਕਰਤੱਬ 24:15.

1. ਇਸ ਤਰ੍ਹਾਂ ਕਿਉਂ ਲੱਗਦਾ ਹੈ ਕਿ ਮੌਤ ਅਟੱਲ ਹੈ?

ਅਮਰੀਕੀ ਸਿਆਸਤਦਾਨ ਬੈਂਜਮਿਨ ਫਰੈਂਕਲਿਨ ਨੇ 1789 ਵਿਚ ਲਿਖਿਆ ਸੀ ਕਿ “ਟੈਕਸ ਅਤੇ ਮੌਤ ਤੋਂ ਸਿਵਾਇ ਦੁਨੀਆਂ ਵਿਚ ਹੋਰ ਕੁਝ ਵੀ ਅਟੱਲ ਨਹੀਂ ਹੈ।” ਕਈਆਂ ਨੇ ਉਸ ਦੀ ਗੱਲ ਨੂੰ ਸਿਆਣਪ ਭਰੀ ਸਮਝਿਆ ਹੈ। ਪਰ ਸੱਚ ਤਾਂ ਇਹ ਹੈ ਕਿ ਕਈ ਬੇਈਮਾਨ ਲੋਕ ਟੈਕਸ ਭਰਦੇ ਹੀ ਨਹੀਂ। ਇਸ ਲਈ ਕਿਹਾ ਜਾ ਸਕਦਾ ਹੈ ਕਿ ਸਿਰਫ਼ ਮੌਤ ਹੀ ਅਟੱਲ ਹੈ। ਮੌਤ ਅੱਗੇ ਸਾਨੂੰ ਸਾਰਿਆਂ ਨੂੰ ਹਾਰ ਮੰਨਣੀ ਪੈਂਦੀ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਹ ਇਕ ਦੁਸ਼ਮਣ ਵਾਂਗ ਹੱਥ ਧੋ ਕੇ ਸਾਡੇ ਪਿੱਛੇ ਪਈ ਹੋਈ ਹੈ। ਹਬੱਕੂਕ 2:5 ਵਿਚ ਲਿਖਿਆ ਹੈ ਕਿ ‘ਮੌਤ ਰੱਜਦੀ ਨਹੀਂ।’ ਸਾਡੇ ਅਜ਼ੀਜ਼ਾਂ ਨੂੰ ਨਿਗਲਣ ਨਾਲ ਵੀ ਇਸ ਦਾ ਪੇਟ ਨਹੀਂ ਭਰਦਾ। ਪਰ ਹੁਣ ਦਿਲਾਸੇ ਵਾਲੀ ਇਕ ਗੱਲ ਸੁਣੋ।

2, 3. (ੳ) ਕੁਝ ਲੋਕਾਂ ਨੂੰ ਮਰਨਾ ਕਿਉਂ ਨਹੀਂ ਪਵੇਗਾ? (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਤਿੰਨ ਸਵਾਲਾਂ ਤੇ ਗੌਰ ਕਰਾਂਗੇ?

2 ਬਾਈਬਲ ਵਿਚ ਸਾਨੂੰ ਵਿਸ਼ਵਾਸ ਦਿਲਾਇਆ ਜਾਂਦਾ ਹੈ ਕਿ ਮਰੇ ਹੋਏ ਲੋਕ ਦੁਬਾਰਾ ਜ਼ਿੰਦਾ ਕੀਤੇ ਜਾਣਗੇ। ਇਹ ਕੋਈ ਸੁਪਨਾ ਨਹੀਂ ਹੈ ਅਤੇ ਨਾ ਹੀ ਇਸ ਉਮੀਦ ਨੂੰ ਹਕੀਕਤ ਵਿਚ ਬਦਲਣ ਤੋਂ ਯਹੋਵਾਹ ਨੂੰ ਕੋਈ ਰੋਕ ਸਕਦਾ ਹੈ। ਪਰ ਕੁਝ ਲੋਕ ਹਨ ਜਿਨ੍ਹਾਂ ਨੂੰ ਕਦੀ ਵੀ ਮਰਨਾ ਨਹੀਂ ਪਵੇਗਾ। ਕਿਉਂ ਨਹੀਂ? ਦੁਨੀਆਂ ਤੇ ਆ ਰਹੀ “ਵੱਡੀ ਬਿਪਤਾ” ਵਿੱਚੋਂ ਅਣਗਿਣਤ ਲੋਕਾਂ ਦੀ ਇਕ “ਵੱਡੀ ਭੀੜ” ਬਚ ਨਿਕਲੇਗੀ। (ਪਰਕਾਸ਼ ਦੀ ਪੋਥੀ 7:9, 10, 14) ਬਿਪਤਾ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਹਮੇਸ਼ਾ ਲਈ ਜ਼ਿੰਦਾ ਰਹਿਣ ਦਾ ਮੌਕਾ ਮਿਲੇਗਾ। ਇਸ ਤਰ੍ਹਾਂ ਇਨ੍ਹਾਂ ਲਈ ਮੌਤ ਅਟੱਲ ਨਹੀਂ ਹੈ। ਇਸ ਤੋਂ ਇਲਾਵਾ ਬਾਈਬਲ ਕਹਿੰਦੀ ਹੈ ਕਿ ਮੌਤ ਦਾ ਨਾਸ਼ ਕੀਤਾ ਜਾਵੇਗਾ।​—1 ਕੁਰਿੰਥੀਆਂ 15:26.

3 ਪੌਲੁਸ ਰਸੂਲ ਵਾਂਗ ਸਾਨੂੰ ਪੱਕਾ ਯਕੀਨ ਹੋਣਾ ਚਾਹੀਦਾ ਹੈ ਕਿ ਮੁਰਦਿਆਂ ਨੂੰ ਦੁਬਾਰਾ ਜੀ ਉਠਾਇਆ ਜਾਵੇਗਾ। ਉਸ ਨੇ ਕਿਹਾ ਸੀ: “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂਲਾਂ ਦੇ ਕਰਤੱਬ 24:15) ਆਓ ਆਪਾਂ ਮਰੇ ਹੋਏ ਲੋਕਾਂ ਦੇ ਦੁਬਾਰਾ ਜੀ ਉੱਠਣ ਦੀ ਉਮੀਦ ਬਾਰੇ ਤਿੰਨ ਸਵਾਲਾਂ ਤੇ ਗੌਰ ਕਰੀਏ। ਪਹਿਲਾ, ਕਿਹੜੀ ਗੱਲ ਇਸ ਉਮੀਦ ਨੂੰ ਹਕੀਕਤ ਬਣਾਉਂਦੀ ਹੈ? ਦੂਜਾ, ਤੁਹਾਨੂੰ ਇਸ ਉਮੀਦ ਤੋਂ ਦਿਲਾਸਾ ਕਿਵੇਂ ਮਿਲ ਸਕਦਾ ਹੈ? ਤੀਜਾ, ਇਸ ਉਮੀਦ ਦਾ ਅੱਜ ਤੁਹਾਡੀ ਜ਼ਿੰਦਗੀ ਤੇ ਕੀ ਪ੍ਰਭਾਵ ਪੈ ਸਕਦਾ ਹੈ?

ਮਰੇ ਹੋਏ ਲੋਕਾਂ ਦਾ ਜੀ ਉੱਠਣਾ ਇਕ ਹਕੀਕਤ ਹੈ

4. ਯਹੋਵਾਹ ਦਾ ਮਕਸਦ ਪੂਰਾ ਹੋਣ ਲਈ ਮੁਰਦਿਆਂ ਦਾ ਜੀ ਉੱਠਣਾ ਜ਼ਰੂਰੀ ਕਿਉਂ ਹੈ?

4 ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮਰੇ ਹੋਏ ਲੋਕਾਂ ਦਾ ਜੀ ਉੱਠਣਾ ਇਕ ਹਕੀਕਤ ਹੈ? ਇਸ ਦੇ ਕਈ ਕਾਰਨ ਹਨ। ਸਭ ਤੋਂ ਪਹਿਲਾ ਕਾਰਨ ਹੈ ਕਿ ਯਹੋਵਾਹ ਦਾ ਮਕਸਦ ਪੂਰਾ ਹੋਣ ਲਈ ਮੁਰਦਿਆਂ ਦਾ ਜੀ ਉੱਠਣਾ ਜ਼ਰੂਰੀ ਹੈ। ਯਾਦ ਕਰੋ ਕਿ ਸਭ ਤੋਂ ਪਹਿਲੇ ਇਨਸਾਨੀ ਜੋੜੇ ਨੇ ਸ਼ਤਾਨ ਦੀ ਚੁੱਕ ਵਿਚ ਆ ਕੇ ਪਾਪ ਕੀਤਾ ਸੀ ਜਿਸ ਦੇ ਨਤੀਜੇ ਵਜੋਂ ਮੌਤ ਆਈ। ਇਸੇ ਕਰਕੇ ਯਿਸੂ ਮਸੀਹ ਨੇ ਸ਼ਤਾਨ ਬਾਰੇ ਕਿਹਾ: “ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ।” (ਯੂਹੰਨਾ 8:44) ਪਰ ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਸ਼ਤਾਨ ਨੂੰ ਹਮੇਸ਼ਾ ਲਈ ਨਾਸ਼ ਕੀਤਾ ਜਾਵੇਗਾ। ਯਹੋਵਾਹ ਨੇ ਕਿਹਾ ਕਿ ਉਸ ਦੀ “ਤੀਵੀਂ” (ਸਵਰਗ ਵਿਚ ਉਸ ਦੀ ਪਤਨੀ ਸਮਾਨ ਸੰਸਥਾ) ਤੋਂ ਇਕ “ਸੰਤਾਨ” (ਯਿਸੂ) ਉਤਪੰਨ ਹੋਵੇਗੀ ਜਿਸ ਦੀ ਅੱਡੀ ਹੇਠ ਉਸ ‘ਪੁਰਾਣੇ ਸੱਪ’ (ਸ਼ਤਾਨ) ਦਾ ਸਿਰ ਫੇਹ ਦਿੱਤਾ ਜਾਵੇਗਾ। (ਉਤਪਤ 3:1-6, 15; ਪਰਕਾਸ਼ ਦੀ ਪੋਥੀ 12:9, 10; 20:10) ਸਮੇਂ ਦੇ ਬੀਤਣ ਨਾਲ ਯਹੋਵਾਹ ਨੇ ਹੌਲੀ-ਹੌਲੀ ਆਪਣੇ ਮਕਸਦ ਦਾ ਭੇਤ ਖੋਲ੍ਹਿਆ ਜਿਸ ਤੋਂ ਇਹ ਗੱਲ ਜ਼ਾਹਰ ਹੋਈ ਕਿ ਯਿਸੂ ਸ਼ਤਾਨ ਨੂੰ ਖ਼ਤਮ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰੇਗਾ। ਬਾਈਬਲ ਵਿਚ ਲਿਖਿਆ ਹੈ: “ਪਰਮੇਸ਼ੁਰ ਦਾ ਪੁੱਤ੍ਰ ਇਸੇ ਲਈ ਪਰਗਟ ਹੋਇਆ ਭਈ ਸ਼ਤਾਨ ਦੇ ਕੰਮਾਂ ਨੂੰ ਨਸ਼ਟ ਕਰੇ।” (1 ਯੂਹੰਨਾ 3:8) ਸ਼ਤਾਨ ਦੇ ਕੰਮਾਂ ਵਿਚ ਮੁੱਖ ਤੌਰ ਤੇ ਮੌਤ ਸ਼ਾਮਲ ਹੈ ਜੋ ਆਦਮ ਦੇ ਪਾਪ ਕਰਕੇ ਸਾਨੂੰ ਵਿਰਸੇ ਵਿਚ ਮਿਲੀ ਹੈ। ਤਾਂ ਫਿਰ ਯਹੋਵਾਹ ਦਾ ਇਹ ਮਕਸਦ ਹੈ ਕਿ ਯਿਸੂ ਮਸੀਹ ਦੇ ਰਾਹੀਂ ਉਹ ਸ਼ਤਾਨ ਦੇ ਇਸ ਕੰਮ ਨੂੰ ਨਸ਼ਟ ਕਰ ਦੇਵੇ। ਇਸ ਮਕਸਦ ਨੂੰ ਪੂਰਾ ਕਰਨ ਲਈ ਯਿਸੂ ਦੀ ਕੁਰਬਾਨੀ ਦੇਣੀ ਅਤੇ ਉਸ ਦਾ ਮੁਰਦਿਆਂ ਵਿੱਚੋਂ ਜੀ ਉੱਠਣਾ ਬਹੁਤ ਜ਼ਰੂਰੀ ਸੀ।​—ਰਸੂਲਾਂ ਦੇ ਕਰਤੱਬ 2:22-24; ਰੋਮੀਆਂ 6:23.

5. ਮਰੇ ਹੋਏ ਲੋਕਾਂ ਦੇ ਜ਼ਿੰਦਾ ਕੀਤੇ ਜਾਣ ਨਾਲ ਯਹੋਵਾਹ ਦੇ ਨਾਂ ਦੀ ਵਡਿਆਈ ਕਿਵੇਂ ਹੋਵੇਗੀ?

5ਯਹੋਵਾਹ ਨੇ ਆਪਣੇ ਪਵਿੱਤਰ ਨਾਂ ਤੇ ਲੱਗਾ ਕਲੰਕ ਮਿਟਾਉਣ ਦੀ ਠਾਣ ਲਈ ਹੈ। ਸ਼ਤਾਨ ਨੇ ਯਹੋਵਾਹ ਦੇ ਨਾਂ ਤੇ ਤੁਹਮਤ ਲਾਈ ਹੈ ਅਤੇ ਝੂਠੀਆਂ ਸਿੱਖਿਆਵਾਂ ਨੂੰ ਫੈਲਾਇਆ ਹੈ। ਉਸ ਨੇ ਆਦਮ ਤੇ ਹੱਵਾਹ ਨੂੰ ਇਹ ਕਹਿ ਕੇ ਧੋਖਾ ਦਿੱਤਾ ਕਿ ਜੇ ਉਹ ਮਨ੍ਹਾ ਕੀਤੇ ਹੋਏ ਫਲ ਨੂੰ ਖਾ ਲੈਣ, ਤਾਂ ਉਹ ‘ਕਦੀ ਨਾ ਮਰਨਗੇ।’ (ਉਤਪਤ 2:16, 17; 3:4) ਉਸ ਸਮੇਂ ਤੋਂ ਸ਼ਤਾਨ ਨੇ ਕਈ ਝੂਠੀਆਂ ਸਿੱਖਿਆਵਾਂ ਫੈਲਾਈਆਂ ਹਨ ਜਿਵੇਂ ਕਿ ਮੌਤ ਹੋਣ ਤੇ ਦੇਹ ਮਰ ਜਾਂਦੀ ਹੈ ਪਰ ਆਤਮਾ ਜ਼ਿੰਦਾ ਰਹਿੰਦੀ ਹੈ। ਯਹੋਵਾਹ ਨੇ ਮਰੇ ਹੋਏ ਲੋਕਾਂ ਨੂੰ ਜ਼ਿੰਦਾ ਕਰ ਕੇ ਇਸ ਝੂਠ ਨੂੰ ਨੰਗਿਆਂ ਕਰ ਦੇਣਾ ਹੈ। ਇਸ ਤਰ੍ਹਾਂ ਯਹੋਵਾਹ ਸਾਬਤ ਕਰ ਦੇਵੇਗਾ ਕਿ ਸਿਰਫ਼ ਉਹੀ ਸਾਨੂੰ ਬਚਾ ਸਕਦਾ ਹੈ ਤੇ ਮਰੇ ਹੋਏ ਲੋਕਾਂ ਨੂੰ ਜ਼ਿੰਦਾ ਕਰ ਸਕਦਾ ਹੈ।

6, 7. ਯਹੋਵਾਹ ਮਰੇ ਹੋਏ ਲੋਕਾਂ ਨੂੰ ਜ਼ਿੰਦਾ ਕਰਨ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਅਤੇ ਸਾਨੂੰ ਉਸ ਦੇ ਜਜ਼ਬਾਤਾਂ ਬਾਰੇ ਕਿਵੇਂ ਪਤਾ ਹੈ?

6ਯਹੋਵਾਹ ਲੋਕਾਂ ਨੂੰ ਮੁੜ ਜ਼ਿੰਦਾ ਕਰਨ ਲਈ ਤਰਸ ਰਿਹਾ ਹੈ। ਬਾਈਬਲ ਵਿਚ ਸਾਨੂੰ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਯਹੋਵਾਹ ਮੁਰਦਿਆਂ ਦੇ ਜੀ ਉੱਠਣ ਬਾਰੇ ਕਿਵੇਂ ਮਹਿਸੂਸ ਕਰਦਾ ਹੈ। ਮਿਸਾਲ ਲਈ, ਅੱਯੂਬ ਦੇ ਕਹੇ ਇਨ੍ਹਾਂ ਸ਼ਬਦਾਂ ਤੇ ਗੌਰ ਕਰੋ: “ਜੇ ਪੁਰਖ ਮਰ ਜਾਵੇ ਤਾਂ ਉਹ ਫੇਰ ਜੀਵੇਗਾ? ਆਪਣੇ ਜੁੱਧ ਦੇ ਸਾਰੇ ਦਿਨ ਮੈਂ ਉਡੀਕ ਵਿੱਚ ਰਹਾਂਗਾ, ਜਦ ਤੀਕ ਮੇਰੀ ਵਾਰੀ ਨਾ ਆਵੇ। ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ।” (ਅੱਯੂਬ 14:14, 15) ਅੱਯੂਬ ਦੇ ਕਹਿਣ ਦਾ ਕੀ ਮਤਲਬ ਸੀ?

7 ਅੱਯੂਬ ਜਾਣਦਾ ਸੀ ਕਿ ਉਸ ਨੂੰ ਥੋੜ੍ਹੀ ਦੇਰ ਵਾਸਤੇ ਮੌਤ ਦੀ ਨੀਂਦ ਸੌਣਾ ਪੈਣਾ ਸੀ। ਕਿਉਂਜੋ ਉਹ ਆਪ ਮੌਤ ਤੋਂ ਆਜ਼ਾਦ ਨਹੀਂ ਹੋ ਸਕਦਾ ਸੀ, ਇਸ ਲਈ ਉਹ ਉਸ ਸਮੇਂ ਦੀ ਉਡੀਕ ਕਰਨ ਲਈ ਤਿਆਰ ਸੀ ਜਦੋਂ ਉਸ ਨੂੰ ਜੀ ਉਠਾਇਆ ਜਾਵੇਗਾ। ਉਸ ਨੂੰ ਪੱਕਾ ਵਿਸ਼ਵਾਸ ਸੀ ਕਿ ਉਹ ਮੌਤ ਦੇ ਬੰਧਨਾਂ ਤੋਂ ਆਜ਼ਾਦ ਜ਼ਰੂਰ ਹੋਵੇਗਾ। ਕਿਉਂ? ਕਿਉਂਕਿ ਉਹ ਯਹੋਵਾਹ ਦੇ ਜਜ਼ਬਾਤਾਂ ਨੂੰ ਸਮਝਦਾ ਸੀ। ਯਹੋਵਾਹ ਆਪਣੇ ਵਫ਼ਾਦਾਰ ਭਗਤ ਅੱਯੂਬ ਨੂੰ ਫਿਰ ਤੋਂ ਜ਼ਿੰਦਾ ਦੇਖਣ ਲਈ ਤਰਸਦਾ ਹੈ। ਉਹ ਸਾਰੇ ਧਰਮੀ ਲੋਕਾਂ ਨੂੰ ਜੀਵਨ ਦੇਣਾ ਚਾਹੁੰਦਾ ਹੈ। ਧਰਮੀ ਲੋਕਾਂ ਤੋਂ ਇਲਾਵਾ ਯਹੋਵਾਹ ਹੋਰਨਾਂ ਨੂੰ ਵੀ ਧਰਤੀ ਤੇ ਹਮੇਸ਼ਾ ਲਈ ਜ਼ਿੰਦਾ ਰਹਿਣ ਦਾ ਮੌਕਾ ਦੇਵੇਗਾ। (ਜ਼ਬੂਰਾਂ ਦੀ ਪੋਥੀ 37:29; ਯੂਹੰਨਾ 5:28, 29) ਇਹ ਯਹੋਵਾਹ ਦਾ ਵਾਅਦਾ ਹੈ ਤੇ ਕੋਈ ਵੀ ਉਸ ਨੂੰ ਇਹ ਵਾਅਦਾ ਪੂਰਾ ਕਰਨ ਤੋਂ ਨਹੀਂ ਰੋਕ ਸਕਦਾ।

8. ਯਹੋਵਾਹ ਨੇ ਸਾਡੇ ਭਵਿੱਖ ਦੀ ਗਾਰੰਟੀ ਕਿਵੇਂ ਦਿੱਤੀ ਹੈ?

8ਯਿਸੂ ਦਾ ਜੀ ਉੱਠਣਾ ਇਸ ਗੱਲ ਦੀ ਗਾਰੰਟੀ ਹੈ ਕਿ ਭਵਿੱਖ ਵਿਚ ਵੀ ਮਰੇ ਲੋਕਾਂ ਨੂੰ ਜ਼ਿੰਦਾ ਕੀਤਾ ਜਾਵੇਗਾ। ਪੌਲੁਸ ਰਸੂਲ ਨੇ ਅਥੇਨੈ ਵਿਚ ਭਾਸ਼ਣ ਦਿੰਦੇ ਹੋਏ ਕਿਹਾ ਕਿ ਪਰਮੇਸ਼ੁਰ ਨੇ “ਇੱਕ ਦਿਨ ਠਹਿਰਾ ਛੱਡਿਆ ਹੈ ਜਿਹ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਉਂ ਕਰੇਗਾ ਓਸ ਮਨੁੱਖ ਦੇ ਰਾਹੀਂ ਜਿਹ ਨੂੰ ਉਸ ਨੇ ਠਹਿਰਾਇਆ ਅਤੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲ ਕੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ।” (ਰਸੂਲਾਂ ਦੇ ਕਰਤੱਬ 17:31) ਮੁਰਦਿਆਂ ਦੇ ਜੀ ਉੱਠਣ ਬਾਰੇ ਪੌਲੁਸ ਦੀ ਗੱਲ ਸੁਣ ਕੇ ਕਈ ਉਸ ਦਾ ਮਖੌਲ ਉਡਾਉਣ ਲੱਗ ਪਏ। ਪਰ ਕੁਝ ਲੋਕਾਂ ਨੂੰ ਸ਼ਾਇਦ ਇਹ ਗੱਲ ਸਹੀ ਜਾਪੀ ਤੇ ਉਹ ਵਿਸ਼ਵਾਸ ਕਰਨ ਲੱਗ ਪਏ। ਯਹੋਵਾਹ ਨੇ ਯਿਸੂ ਨੂੰ ਦੁਬਾਰਾ ਜ਼ਿੰਦਾ ਕਰ ਕੇ ਸਭ ਤੋਂ ਵੱਡੀ ਕਰਾਮਾਤ ਕੀਤੀ ਸੀ। ਉਸ ਨੇ ਆਪਣੇ ਪੁੱਤਰ ਨੂੰ ਆਤਮਿਕ ਰੂਪ ਵਿਚ ਜ਼ਿੰਦਾ ਕੀਤਾ ਸੀ। (1 ਪਤਰਸ 3:18) ਧਰਤੀ ਤੇ ਆਉਣ ਤੋਂ ਪਹਿਲਾਂ ਯਿਸੂ ਸਵਰਗ ਵਿਚ ਉੱਚਾ ਰੁਤਬਾ ਰੱਖਦਾ ਸੀ, ਪਰ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਉਸ ਨੂੰ ਪਹਿਲਾਂ ਨਾਲੋਂ ਵੀ ਵੱਡਾ ਰੁਤਬਾ ਦਿੱਤਾ ਗਿਆ। ਉਸ ਤੋਂ ਜ਼ਿਆਦਾ ਤਾਕਤਵਰ ਸਿਰਫ਼ ਯਹੋਵਾਹ ਪਰਮੇਸ਼ੁਰ ਹੀ ਹੈ। ਹੁਣ ਉਹ ਆਪਣੇ ਪਿਤਾ ਤੋਂ ਵਧੀਆ ਜ਼ਿੰਮੇਵਾਰੀਆਂ ਲੈਣ ਦੇ ਕਾਬਲ ਸੀ। ਯਿਸੂ ਦੇ ਜ਼ਰੀਏ ਯਹੋਵਾਹ ਬਾਕੀ ਸਾਰਿਆਂ ਨੂੰ ਜ਼ਿੰਦਾ ਕਰੇਗਾ ਜਿਨ੍ਹਾਂ ਵਿੱਚੋਂ ਕੁਝ ਸਵਰਗ ਜਾਣਗੇ ਤੇ ਕੁਝ ਧਰਤੀ ਤੇ ਰਹਿਣਗੇ। ਯਿਸੂ ਮਸੀਹ ਨੇ ਆਪਣੇ ਬਾਰੇ ਕਿਹਾ ਸੀ ਕਿ ਮੈਂ ਹੀ “ਮੁਰਦਿਆਂ ਨੂੰ ਜੀਵਣ ਦੇਣ ਵਾਲਾ ਹਾਂ।” (ਯੂਹੰਨਾ 5:25; 11:25, ਪਵਿੱਤਰ ਬਾਈਬਲ ਨਵਾਂ ਅਨੁਵਾਦ, ਫੁਟਨੋਟ) ਯਿਸੂ ਨੂੰ ਦੁਬਾਰਾ ਜ਼ਿੰਦਾ ਕਰ ਕੇ ਯਹੋਵਾਹ ਨੇ ਇਸ ਗੱਲ ਦੀ ਗਾਰੰਟੀ ਦਿੱਤੀ ਹੈ ਕਿ ਉਸ ਦੇ ਸਾਰੇ ਵਫ਼ਾਦਾਰ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।

9. ਬਾਈਬਲ ਵਿਚ ਦਰਜ ਜੀ ਉਠਾਏ ਗਏ ਲੋਕਾਂ ਦੇ ਬਿਰਤਾਂਤਾਂ ਤੋਂ ਸਾਨੂੰ ਕਿਸ ਗੱਲ ਦਾ ਯਕੀਨ ਹੋ ਜਾਂਦਾ ਹੈ?

9ਮੁਰਦਿਆਂ ਨੂੰ ਲੋਕਾਂ ਦੇ ਸਾਮ੍ਹਣੇ ਜ਼ਿੰਦਾ ਕੀਤਾ ਗਿਆ ਸੀ ਤੇ ਫਿਰ ਇਨ੍ਹਾਂ ਚਮਤਕਾਰਾਂ ਨੂੰ ਪਰਮੇਸ਼ੁਰ ਦੇ ਬਚਨ ਵਿਚ ਦਰਜ ਕੀਤਾ ਗਿਆ। ਬਾਈਬਲ ਵਿਚ ਅੱਠ ਵਿਅਕਤੀਆਂ ਬਾਰੇ ਲਿਖਿਆ ਗਿਆ ਹੈ ਜਿਨ੍ਹਾਂ ਨੂੰ ਇਨਸਾਨੀ ਰੂਪ ਵਿਚ ਧਰਤੀ ਤੇ ਦੁਬਾਰਾ ਜ਼ਿੰਦਾ ਕੀਤਾ ਗਿਆ ਸੀ। ਇਹ ਚਮਤਕਾਰ ਗੁਪਤ ਵਿਚ ਨਹੀਂ ਕੀਤੇ ਗਏ ਸਨ, ਸਗੋਂ ਸਭ ਦੀਆਂ ਅੱਖਾਂ ਸਾਮ੍ਹਣੇ ਕੀਤੇ ਗਏ ਸਨ। ਲਾਜ਼ਰ ਨਾਂ ਦੇ ਆਦਮੀ ਨੂੰ ਮਰਿਆਂ ਚਾਰ ਦਿਨ ਹੋ ਚੁੱਕੇ ਸਨ ਜਦ ਯਿਸੂ ਨੇ ਉਸ ਨੂੰ ਉਸ ਦੇ ਰਿਸ਼ਤੇਦਾਰਾਂ, ਦੋਸਤਾਂ ਅਤੇ ਗੁਆਂਢੀਆਂ ਦੀ ਇਕ ਵੱਡੀ ਭੀੜ ਦੇ ਸਾਮ੍ਹਣੇ ਮੌਤ ਦੀ ਨੀਂਦ ਤੋਂ ਜਗਾ ਦਿੱਤਾ। ਯਿਸੂ ਦੇ ਜ਼ਰੀਏ ਪਰਮੇਸ਼ੁਰ ਨੇ ਆਪਣੀ ਸ਼ਕਤੀ ਦਾ ਵੱਡਾ ਸਬੂਤ ਦਿੱਤਾ ਸੀ। ਯਿਸੂ ਦੇ ਦੁਸ਼ਮਣਾਂ ਨੇ ਕਦੇ ਵੀ ਇਨਕਾਰ ਨਹੀਂ ਕੀਤਾ ਕਿ ਯਿਸੂ ਨੇ ਮਰੇ ਹੋਏ ਲੋਕਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਸੀ। ਪਰ ਉਨ੍ਹਾਂ ਨੇ ਮਤਾ ਪਕਾਇਆ ਕਿ ਸਿਰਫ਼ ਯਿਸੂ ਨੂੰ ਹੀ ਨਹੀਂ, ਸਗੋਂ ਲਾਜ਼ਰ ਨੂੰ ਵੀ ਜਾਨੋਂ ਮਾਰ ਦਿੱਤਾ ਜਾਵੇ! (ਯੂਹੰਨਾ 11:17-44, 53; 12:9-11) ਯਕੀਨਨ ਅਸੀਂ ਪੂਰਾ ਵਿਸ਼ਵਾਸ ਕਰ ਸਕਦੇ ਹਾਂ ਕਿ ਮਰੇ ਹੋਏ ਮੁੜ ਜ਼ਿੰਦਾ ਕੀਤੇ ਜਾਣਗੇ। ਪਰਮੇਸ਼ੁਰ ਨੇ ਸਾਨੂੰ ਦਿਲਾਸਾ ਦੇਣ ਲਈ ਅਤੇ ਸਾਡੀ ਨਿਹਚਾ ਮਜ਼ਬੂਤ ਕਰਨ ਲਈ ਜੀ ਉਠਾਏ ਗਏ ਲੋਕਾਂ ਦੇ ਬਿਰਤਾਂਤ ਬਾਈਬਲ ਵਿਚ ਰਿਕਾਰਡ ਕਰਵਾਏ ਹਨ।

ਦਿਲਾਸਾ ਦੇਣ ਵਾਲੀ ਉਮੀਦ

10. ਅਸੀਂ ਬਾਈਬਲ ਵਿਚ ਦਰਜ ਜੀ ਉਠਾਏ ਗਏ ਲੋਕਾਂ ਦੇ ਬਿਰਤਾਂਤਾਂ ਤੋਂ ਦਿਲਾਸਾ ਕਿਵੇਂ ਪਾ ਸਕਦੇ ਹਾਂ?

10 ਕੀ ਤੁਸੀਂ ਮੌਤ ਦਾ ਸਾਮ੍ਹਣਾ ਕਰਦੇ ਵੇਲੇ ਦਿਲਾਸਾ ਪਾਉਣ ਲਈ ਤਰਸਦੇ ਹੋ? ਬਾਈਬਲ ਵਿਚ ਦਰਜ ਜੀ ਉਠਾਏ ਗਏ ਲੋਕਾਂ ਦੇ ਬਿਰਤਾਂਤਾਂ ਤੋਂ ਸਾਨੂੰ ਜ਼ਰੂਰ ਦਿਲਾਸਾ ਮਿਲਦਾ ਹੈ। ਇਨ੍ਹਾਂ ਬਿਰਤਾਂਤਾਂ ਨੂੰ ਪੜ੍ਹ ਕੇ, ਇਨ੍ਹਾਂ ਤੇ ਮਨਨ ਕਰ ਕੇ ਅਤੇ ਇਨ੍ਹਾਂ ਦੀ ਕਲਪਨਾ ਕਰ ਕੇ ਅਸੀਂ ਆਪਣੀ ਉਮੀਦ ਹੋਰ ਵੀ ਪੱਕੀ ਕਰ ਸਕਦੇ ਹਾਂ। (ਰੋਮੀਆਂ 15:4) ਇਹ ਸਿਰਫ਼ ਕਹਾਣੀਆਂ ਨਹੀਂ ਹਨ। ਇਹ ਸੱਚੀਆਂ ਗੱਲਾਂ ਸਾਡੇ ਵਰਗੇ ਲੋਕਾਂ ਨਾਲ ਹੋਈਆਂ ਸਨ ਜੋ ਸੱਚ-ਮੁੱਚ ਕਿਸੇ ਥਾਂ ਤੇ ਅਤੇ ਕਿਸੇ ਸਮੇਂ ਤੇ ਰਹਿੰਦੇ ਸਨ। ਆਓ ਆਪਾਂ ਬਾਈਬਲ ਦੇ ਉਸ ਪਹਿਲੇ ਬਿਰਤਾਂਤ ਤੇ ਗੌਰ ਕਰੀਏ ਜਿਸ ਵਿਚ ਇਕ ਵਿਅਕਤੀ ਨੂੰ ਜ਼ਿੰਦਾ ਕੀਤੇ ਜਾਣ ਦਾ ਜ਼ਿਕਰ ਹੈ।

11, 12. (ੳ) ਸਾਰਫਥ ਦੀ ਇਕ ਵਿਧਵਾ ਉੱਤੇ ਦੁੱਖਾਂ ਦਾ ਕਿਹੜਾ ਪਹਾੜ ਟੁੱਟ ਪਿਆ ਸੀ ਅਤੇ ਉਸ ਨੇ ਫਿਰ ਕੀ ਕੀਤਾ? (ਅ) ਯਹੋਵਾਹ ਨੇ ਆਪਣੇ ਨਬੀ ਏਲੀਯਾਹ ਦੇ ਜ਼ਰੀਏ ਉਸ ਵਿਧਵਾ ਲਈ ਕੀ ਕੀਤਾ ਸੀ?

11 ਜ਼ਰਾ ਇਸ ਘਟਨਾ ਨੂੰ ਮਨ ਦੀਆਂ ਅੱਖਾਂ ਨਾਲ ਦੇਖਣ ਦੀ ਕੋਸ਼ਿਸ਼ ਕਰੋ। ਏਲੀਯਾਹ ਨਬੀ ਕੁਝ ਹਫ਼ਤਿਆਂ ਤਕ ਸਾਰਫਥ ਦੀ ਇਕ ਵਿਧਵਾ ਦੇ ਘਰ ਦੇ ਚੁਬਾਰੇ ਵਿਚ ਮਹਿਮਾਨ ਦੇ ਤੌਰ ਤੇ ਰਹਿ ਰਿਹਾ ਸੀ। ਉਸ ਸਮੇਂ ਸਾਰੇ ਲੋਕਾਂ ਦੀ ਹਾਲਤ ਬੜੀ ਮੰਦੀ ਸੀ। ਉਸ ਪੂਰੇ ਇਲਾਕੇ ਵਿਚ ਕਾਫ਼ੀ ਚਿਰ ਤੋਂ ਕਾਲ ਤੇ ਸੋਕਾ ਪਿਆ ਹੋਇਆ ਸੀ। ਬਹੁਤ ਸਾਰੇ ਲੋਕ ਭੁੱਖ ਨਾਲ ਮਰ ਰਹੇ ਸਨ। ਯਹੋਵਾਹ ਨੇ ਪਹਿਲਾਂ ਵੀ ਏਲੀਯਾਹ ਦੇ ਰਾਹੀਂ ਇਸ ਵਿਧਵਾ ਲਈ ਇਕ ਕਰਾਮਾਤ ਕੀਤੀ ਸੀ। ਕਿਹੜੀ ਕਰਾਮਾਤ? ਇਸ ਵਿਧਵਾ ਕੋਲ ਆਪਣੇ ਪੁੱਤਰ ਅਤੇ ਆਪਣੇ ਲਈ ਸਿਰਫ਼ ਇਕ ਡੰਗ ਜੋਗੀ ਰੋਟੀ ਬਚੀ ਸੀ ਜਿਸ ਤੋਂ ਬਾਅਦ ਇਹ ਭੁੱਖੇ ਮਰਨ ਵਾਲੇ ਸਨ। ਏਲੀਯਾਹ ਨਬੀ ਨੇ ਕਰਾਮਾਤ ਕੀਤੀ ਜਿਸ ਕਰਕੇ ਉਸ ਵਿਧਦਾ ਦਾ ਥੋੜ੍ਹਾ ਜਿਹਾ ਆਟਾ ਅਤੇ ਤੇਲ ਕਦੇ ਨਹੀਂ ਮੁੱਕਿਆ। ਪਰ ਹੁਣ ਉਸ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਉਸ ਦਾ ਪੁੱਤਰ ਬੀਮਾਰ ਹੋ ਕੇ ਮੌਤ ਦੀ ਨੀਂਦ ਸੌਂ ਗਿਆ ਸੀ। ਜ਼ਰਾ ਉਸ ਵਿਧਵਾ ਦੀ ਹਾਲਤ ਬਾਰੇ ਸੋਚੋ। ਪਹਿਲਾਂ ਉਸ ਦਾ ਸੁਹਾਗ ਉਜੜ ਗਿਆ ਸੀ ਤੇ ਹੁਣ ਉਸ ਦਾ ਇਕਲੌਤਾ ਪੁੱਤਰ ਦਮ ਤੋੜ ਗਿਆ ਜਿਸ ਦੇ ਸਹਾਰੇ ਉਹ ਜੀ ਰਹੀ ਸੀ। ਦੁੱਖ ਦੀ ਮਾਰੀ ਇਹ ਵਿਧਵਾ ਏਲੀਯਾਹ ਨੂੰ ਅਤੇ ਉਸ ਦੇ ਪਰਮੇਸ਼ੁਰ ਯਹੋਵਾਹ ਨੂੰ ਉਲਾਹਮਾ ਦੇਣ ਲੱਗੀ। ਇਹ ਸਭ ਦੇਖ ਕੇ ਏਲੀਯਾਹ ਨੇ ਕੀ ਕੀਤਾ?

12 ਉਲਾਹਮਾ ਸੁਣ ਕੇ ਏਲੀਯਾਹ ਨੇ ਵਿਧਵਾ ਨੂੰ ਡਾਂਟਿਆ ਨਹੀਂ। ਇਸ ਦੀ ਬਜਾਇ ਉਸ ਨੇ ਕਿਹਾ: “ਆਪਣਾ ਪੁੱਤ੍ਰ ਮੈਨੂੰ ਦੇਹ।” ਫਿਰ ਉਹ ਮੁੰਡੇ ਨੂੰ ਚੁੱਕ ਕੇ ਚੁਬਾਰੇ ਵਿਚ ਲੈ ਗਿਆ ਅਤੇ ਯਹੋਵਾਹ ਨੂੰ ਵਾਰ-ਵਾਰ ਬੇਨਤੀ ਕਰਨ ਲੱਗਾ ਕਿ ਬੱਚੇ ਦੀ ਜਾਨ ਉਸ ਵਿਚ ਵਾਪਸ ਆ ਜਾਵੇ। ਫਿਰ ਯਹੋਵਾਹ ਨੇ ਕਮਾਲ ਕਰ ਦਿੱਤਾ! ਅਸੀਂ ਏਲੀਯਾਹ ਦੀ ਖ਼ੁਸ਼ੀ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਜਦੋਂ ਉਸ ਨੇ ਮੁੰਡੇ ਨੂੰ ਸਾਹ ਲੈਂਦਿਆਂ ਅਤੇ ਆਪਣੀਆਂ ਅੱਖਾਂ ਖੋਲ੍ਹਦਿਆਂ ਦੇਖਿਆ। ਮੁੰਡੇ ਨੂੰ ਚੁਬਾਰੇ ਤੋਂ ਥੱਲੇ ਲਿਆ ਕੇ ਏਲੀਯਾਹ ਨੇ ਉਸ ਦੀ ਮਾਂ ਨੂੰ ਕਿਹਾ: “ਵੇਖ ਤੇਰਾ ਪੁੱਤ੍ਰ ਜੀਉਂਦਾ ਹੈ!” ਉਸ ਸਮੇਂ ਉਸ ਮਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ! ਉਸ ਨੇ ਕਿਹਾ: “ਹੁਣ ਮੈਂ ਜਾਤਾ ਕਿ ਤੂੰ ਪਰਮੇਸ਼ੁਰ ਦਾ ਬੰਦਾ ਹੈਂ ਅਤੇ ਯਹੋਵਾਹ ਦਾ ਬਚਨ ਜੋ ਤੇਰੇ ਮੂੰਹ ਵਿੱਚ ਹੈ ਸੋ ਸੱਚਾ ਹੈ।” (1 ਰਾਜਿਆਂ 17:8-24) ਯਹੋਵਾਹ ਅਤੇ ਉਸ ਦੇ ਨਬੀ ਵਿਚ ਉਸ ਦੀ ਨਿਹਚਾ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਗਈ।

13. ਏਲੀਯਾਹ ਦੁਆਰਾ ਵਿਧਵਾ ਦੇ ਮੁੰਡੇ ਦੇ ਮੁੜ ਜ਼ਿੰਦਾ ਕੀਤੇ ਜਾਣ ਬਾਰੇ ਪੜ੍ਹ ਕੇ ਅੱਜ ਸਾਨੂੰ ਦਿਲਾਸਾ ਕਿਉਂ ਮਿਲਦਾ ਹੈ?

13 ਬਾਈਬਲ ਦੇ ਅਜਿਹੇ ਬਿਰਤਾਂਤ ਉੱਤੇ ਗੌਰ ਕਰ ਕੇ ਸਾਨੂੰ ਦਿਲਾਸਾ ਜ਼ਰੂਰ ਮਿਲਦਾ ਹੈ। ਅਸੀਂ ਕਿੰਨੀ ਸਾਫ਼ ਤਰ੍ਹਾਂ ਦੇਖ ਸਕਦੇ ਹਾਂ ਕਿ ਯਹੋਵਾਹ ਸਾਡੀ ਵੈਰਨ ਮੌਤ ਨੂੰ ਹਰਾ ਸਕਦਾ ਹੈ। ਹੁਣ ਜ਼ਰਾ ਉਸ ਸਮੇਂ ਬਾਰੇ ਸੋਚੋ ਜਦੋਂ ਦੁਨੀਆਂ ਦੇ ਲੱਖਾਂ ਲੋਕ ਉਸ ਵਿਧਵਾ ਵਾਂਗ ਆਪਣੇ ਸਕੇ-ਸੰਬੰਧੀਆਂ ਨੂੰ ਮੁੜ ਜ਼ਿੰਦਾ ਦੇਖ ਕੇ ਖ਼ੁਸ਼ ਹੋਣਗੇ! ਸਵਰਗ ਵਿਚ ਵੀ ਖ਼ੁਸ਼ੀਆਂ ਮਨਾਈਆਂ ਜਾਣਗੀਆਂ ਜਦੋਂ ਯਹੋਵਾਹ ਪਰਮੇਸ਼ੁਰ ਆਪਣੇ ਬੇਟੇ ਦੇ ਜ਼ਰੀਏ ਦੁਨੀਆਂ ਭਰ ਵਿਚ ਮਰੇ ਹੋਏ ਲੋਕਾਂ ਨੂੰ ਜ਼ਿੰਦਾ ਕਰੇਗਾ। (ਯੂਹੰਨਾ 5:28, 29) ਕੀ ਤੁਹਾਡੇ ਘਰ ਦਾ ਕੋਈ ਜੀਅ ਮੌਤ ਦੀ ਗੋਦ ਵਿਚ ਚਲਾ ਗਿਆ ਹੈ? ਇਹ ਜਾਣ ਕੇ ਅਸੀਂ ਕਿੰਨੇ ਖ਼ੁਸ਼ ਹੁੰਦੇ ਹਾਂ ਕਿ ਯਹੋਵਾਹ ਉਨ੍ਹਾਂ ਨੂੰ ਦੁਬਾਰਾ ਜ਼ਿੰਦਾ ਕਰ ਸਕਦਾ ਹੈ ਤੇ ਉਹ ਇਸ ਤਰ੍ਹਾਂ ਕਰਨਾ ਚਾਹੁੰਦਾ ਵੀ ਹੈ!

ਇਸ ਉਮੀਦ ਦਾ ਸਾਡੀ ਜ਼ਿੰਦਗੀ ਤੇ ਪ੍ਰਭਾਵ

14. ਮੁਰਦਿਆਂ ਨੂੰ ਜ਼ਿੰਦਾ ਕੀਤੇ ਜਾਣ ਦੀ ਉਮੀਦ ਦਾ ਤੁਹਾਡੀ ਜ਼ਿੰਦਗੀ ਤੇ ਕੀ ਪ੍ਰਭਾਵ ਪੈ ਸਕਦਾ ਹੈ?

14 ਭਵਿੱਖ ਵਿਚ ਮੁਰਦਿਆਂ ਦੇ ਜ਼ਿੰਦਾ ਕੀਤੇ ਜਾਣ ਦੀ ਉਮੀਦ ਦਾ ਸਾਡੀ ਜ਼ਿੰਦਗੀ ਤੇ ਹੁਣ ਕੀ ਪ੍ਰਭਾਵ ਪੈ ਸਕਦਾ ਹੈ? ਇਸ ਉਮੀਦ ਤੋਂ ਤੁਹਾਨੂੰ ਉਸ ਸਮੇਂ ਤਾਕਤ ਮਿਲ ਸਕਦੀ ਹੈ ਜਦੋਂ ਤੁਸੀਂ ਕਿਸੇ ਮੁਸੀਬਤ, ਦੁੱਖ-ਤਕਲੀਫ਼, ਸਤਾਹਟ ਜਾਂ ਖ਼ਤਰੇ ਦਾ ਸਾਮ੍ਹਣਾ ਕਰ ਰਹੇ ਹੁੰਦੇ ਹੋ। ਸ਼ਤਾਨ ਤੁਹਾਨੂੰ ਮੌਤ ਦੇ ਡਰ ਵਿਚ ਰੱਖਣਾ ਚਾਹੁੰਦਾ ਹੈ। ਉਸ ਦੇ ਭਾਣੇ ਤੁਸੀਂ ਆਪਣੀ ਜਾਨ ਬਚਾਉਣ ਲਈ ਕੁਝ ਵੀ ਕਰਨ ਲਈ ਤਿਆਰ ਹੋਵੋਗੇ, ਯਹੋਵਾਹ ਨੂੰ ਛੱਡਣ ਲਈ ਵੀ ਤਿਆਰ ਹੋਵੇਗੇ। ਯਾਦ ਕਰੋ ਕਿ ਸ਼ਤਾਨ ਨੇ ਯਹੋਵਾਹ ਨੂੰ ਕਿਹਾ ਸੀ: “ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।” (ਅੱਯੂਬ 2:4) ਇਹ ਗੱਲ ਕਹਿ ਕੇ ਸ਼ਤਾਨ ਨੇ ਸਾਨੂੰ ਸਾਰਿਆਂ ਨੂੰ ਬਦਨਾਮ ਕੀਤਾ ਸੀ। ਕੀ ਇਹ ਸੱਚ ਹੈ ਕਿ ਜੇ ਤੁਹਾਡੀ ਜਾਨ ਖ਼ਤਰੇ ਵਿਚ ਪੈ ਜਾਵੇ, ਤਾਂ ਤੁਸੀਂ ਯਹੋਵਾਹ ਤੋਂ ਆਪਣਾ ਮੂੰਹ ਮੋੜ ਲਵੋਗੇ? ਮੁਰਦਿਆਂ ਨੂੰ ਜ਼ਿੰਦਾ ਕੀਤੇ ਜਾਣ ਦੀ ਉਮੀਦ ਉੱਤੇ ਮਨਨ ਕਰ ਕੇ ਅਸੀਂ ਆਪਣਾ ਇਰਾਦਾ ਪੱਕਾ ਕਰ ਸਕਦੇ ਹਾਂ ਕਿ ਅਸੀਂ ਕਦੇ ਵੀ ਆਪਣੇ ਸਵਰਗੀ ਪਿਤਾ ਦੀ ਮਰਜ਼ੀ ਪੂਰੀ ਕਰਨੋਂ ਨਹੀਂ ਹਟਾਂਗੇ।

15. ਜੇ ਸਾਡੀ ਜਾਨ ਨੂੰ ਕਦੀ ਖ਼ਤਰਾ ਹੋਵੇ, ਤਾਂ ਮੱਤੀ 10:28 ਵਿਚ ਦਰਜ ਯਿਸੂ ਦੇ ਸ਼ਬਦਾਂ ਤੋਂ ਸਾਨੂੰ ਦਿਲਾਸਾ ਕਿਵੇਂ ਮਿਲ ਸਕਦਾ ਹੈ?

15 ਯਿਸੂ ਮਸੀਹ ਨੇ ਕਿਹਾ ਸੀ: “ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸੱਕਦੇ ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹੀ ਅਤੇ ਰੂਹ ਦੋਹਾਂ ਦਾ ਨਰਕ ਵਿੱਚ ਨਾਸ ਕਰ ਸੱਕਦਾ ਹੈ।” (ਮੱਤੀ 10:28) ਸਾਨੂੰ ਨਾ ਤਾਂ ਸ਼ਤਾਨ ਤੋਂ ਅਤੇ ਨਾ ਹੀ ਉਸ ਦੇ ਕਾਰਿੰਦਿਆਂ ਤੋਂ ਡਰਨ ਦੀ ਲੋੜ ਹੈ। ਜ਼ਿਆਦਾ ਤੋਂ ਜ਼ਿਆਦਾ ਉਹ ਸਾਡਾ ਕੀ ਵਿਗਾੜ ਦੇਣਗੇ, ਬਸ ਸਾਨੂੰ ਜਾਨੋਂ ਹੀ ਮਾਰ ਦੇਣਗੇ! ਉਨ੍ਹਾਂ ਵੱਲੋਂ ਦਿੱਤੇ ਹਰ ਦੁੱਖ ਨੂੰ ਯਹੋਵਾਹ ਹਟਾ ਸਕਦਾ ਹੈ। ਅਸੀਂ ਮਰ ਵੀ ਗਏ, ਤਾਂ ਵੀ ਯਹੋਵਾਹ ਸਾਨੂੰ ਦੁਬਾਰਾ ਜ਼ਿੰਦਾ ਕਰ ਸਕਦਾ ਹੈ! ਸਿਰਫ਼ ਯਹੋਵਾਹ ਹੀ ਸਾਡੀ ਸ਼ਰਧਾ, ਭੈ ਅਤੇ ਆਦਰ-ਸਤਿਕਾਰ ਦੇ ਲਾਇਕ ਹੈ। ਸਿਰਫ਼ ਉਹੀ ਇਨਸਾਨ ਨੂੰ ਅਜਿਹੀ ਮੌਤ ਮਾਰ ਸਕਦਾ ਹੈ ਜਿਸ ਤੋਂ ਦੁਬਾਰਾ ਜੀ ਉਠਾਇਆ ਨਹੀਂ ਜਾ ਸਕਦਾ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਯਹੋਵਾਹ ਪੱਥਰ-ਦਿਲ ਨਹੀਂ ਜੋ ਸਾਡੇ ਨਾਲ ਇਸ ਤਰ੍ਹਾਂ ਹੁੰਦਾ ਦੇਖਣਾ ਚਾਹੇ। (2 ਪਤਰਸ 3:9) ਦੁਬਾਰਾ ਜੀਉਂਦਾ ਹੋਣ ਦੀ ਸਾਡੀ ਉਮੀਦ ਪੱਕੀ ਹੋਣ ਕਰਕੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਕਿ ਸਾਡਾ ਭਵਿੱਖ ਸੁਰੱਖਿਅਤ ਹੋਵੇਗਾ। ਜਿੰਨਾ ਚਿਰ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਾਂਗੇ, ਉੱਨਾ ਚਿਰ ਸਾਨੂੰ ਆਪਣੇ ਭਵਿੱਖ ਬਾਰੇ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ। ਸ਼ਤਾਨ ਤੇ ਉਸ ਦੇ ਸਾਥੀ ਸਾਡਾ ਕੁਝ ਨਹੀਂ ਵਿਗਾੜ ਸਕਦੇ।​—ਜ਼ਬੂਰਾਂ ਦੀ ਪੋਥੀ 118:6; ਇਬਰਾਨੀਆਂ 13:6.

16. ਮੁੜ ਜੀਉਂਦਾ ਹੋਣ ਦੀ ਸਾਡੀ ਉਮੀਦ ਦਾ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦੇਣ ਨਾਲ ਕੀ ਸੰਬੰਧ ਹੈ?

16 ਜੇਕਰ ਅਸੀਂ ਸੱਚ-ਮੁੱਚ ਮੰਨਦੇ ਹਾਂ ਕਿ ਮਰੇ ਹੋਏ ਦੁਬਾਰਾ ਜ਼ਿੰਦਾ ਕੀਤੇ ਜਾਣਗੇ, ਤਾਂ ਇਸ ਦਾ ਸਾਡੀ ਜ਼ਿੰਦਗੀ ਤੇ ਵੱਡਾ ਪ੍ਰਭਾਵ ਪਵੇਗਾ। ਸਾਨੂੰ ਅਹਿਸਾਸ ਹੈ ਕਿ “ਭਾਵੇਂ ਜੀਵੀਏ ਭਾਵੇਂ ਮਰੀਏ ਪਰ ਹਾਂ ਅਸੀਂ ਪ੍ਰਭੁ ਦੇ ਹੀ।” (ਰੋਮੀਆਂ 14:7, 8) ਅਸੀਂ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦਿੰਦੇ ਹਾਂ ਕਿਉਂਕਿ ਅਸੀਂ ਪੌਲੁਸ ਰਸੂਲ ਦੀ ਇਹ ਸਲਾਹ ਮੰਨਦੇ ਹਾਂ: “ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” (ਰੋਮੀਆਂ 12:2) ਕਈ ਲੋਕ ਆਪਣੀ ਹਰ ਅਭਿਲਾਸ਼ਾ ਪੂਰੀ ਕਰਨ ਲਈ ਇਕ ਤੋਂ ਬਾਅਦ ਇਕ ਚੀਜ਼ ਮਗਰ ਭੱਜਦੇ ਰਹਿੰਦੇ ਹਨ। ਉਨ੍ਹਾਂ ਕੋਲ ਭਵਿੱਖ ਲਈ ਕੋਈ ਉਮੀਦ ਨਹੀਂ ਹੈ, ਇਸ ਲਈ ਉਹ ਆਪਣੀ ਇਸ ਛੋਟੀ ਜਿਹੀ ਜ਼ਿੰਦਗੀ ਵਿਚ ਆਪਣੀ ਹਰ ਖਾਹਸ਼ ਪੂਰੀ ਕਰਨੀ ਚਾਹੁੰਦੇ ਹਨ। ਉਨ੍ਹਾਂ ਨੂੰ ਪਰਮੇਸ਼ੁਰ ਦੀ ਇੱਛਾ ਦਾ ਕੋਈ ਫ਼ਿਕਰ ਨਹੀਂ ਹੈ।

17, 18. (ੳ) ਬਾਈਬਲ ਵਿਚ ਇਨਸਾਨ ਦੀ ਛੋਟੀ ਜਿਹੀ ਜ਼ਿੰਦਗੀ ਬਾਰੇ ਕੀ ਲਿਖਿਆ ਹੈ, ਪਰ ਪਰਮੇਸ਼ੁਰ ਸਾਡੇ ਲਈ ਕੀ ਚਾਹੁੰਦਾ ਹੈ? (ਅ) ਅਸੀਂ ਹਰ ਰੋਜ਼ ਯਹੋਵਾਹ ਦੀ ਮਹਿਮਾ ਕਿਉਂ ਕਰਨੀ ਚਾਹੁੰਦੇ ਹਾਂ?

17 ਇਹ ਸੱਚ ਹੈ ਕਿ ਜ਼ਿੰਦਗੀ ਬਹੁਤ ਛੋਟੀ ਹੈ। ਸਾਡੇ 70 ਜਾਂ 80 ਸਾਲ “ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ।” (ਜ਼ਬੂਰਾਂ ਦੀ ਪੋਥੀ 90:10) ਇਨਸਾਨ ਹਰੇ ਘਾਹ ਵਾਂਗ ਹਨ ਜੋ ਛੇਤੀ ਸੁੱਕ ਜਾਂਦਾ ਹੈ। ਉਹ ਸਾਹ ਅਤੇ ਛਾਂ ਵਾਂਗ ਥੋੜ੍ਹੇ-ਚਿਰ ਲਈ ਆਉਂਦੇ-ਜਾਂਦੇ ਹਨ। (ਜ਼ਬੂਰਾਂ ਦੀ ਪੋਥੀ 103:15; 144:3, 4) ਪਰਮੇਸ਼ੁਰ ਦਾ ਕਦੇ ਵੀ ਇਹ ਮਕਸਦ ਨਹੀਂ ਸੀ ਕਿ ਲੋਕ ਕੁਝ ਸਾਲ ਵੱਡੇ ਹੋ ਕੇ ਥੋੜ੍ਹਾ ਗਿਆਨ ਤੇ ਤਜਰਬਾ ਹਾਸਲ ਕਰਨ ਤੇ ਫਿਰ ਅਖ਼ੀਰ ਵਿਚ ਬੀਮਾਰ ਹੋ ਕੇ ਮਰ ਜਾਣ। ਯਹੋਵਾਹ ਨੇ ਇਨਸਾਨਾਂ ਨੂੰ ਹਮੇਸ਼ਾ ਜ਼ਿੰਦਾ ਰਹਿਣ ਦੀ ਇੱਛਾ ਨਾਲ ਬਣਾਇਆ ਸੀ। ਬਾਈਬਲ ਵਿਚ ਕਿਹਾ ਗਿਆ ਕਿ “ਉਸ ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ।” (ਉਪਦੇਸ਼ਕ ਦੀ ਪੋਥੀ 3:11) ਕੀ ਪਰਮੇਸ਼ੁਰ ਇੰਨਾ ਪੱਥਰ-ਦਿਲ ਹੈ ਕਿ ਉਸ ਨੇ ਸਾਡੇ ਵਿਚ ਹਮੇਸ਼ਾ ਜ਼ਿੰਦਾ ਰਹਿਣ ਦੀ ਇੱਛਾ ਤਾਂ ਪੈਦਾ ਕਰ ਦਿੱਤੀ ਹੈ, ਪਰ ਇਸ ਨੂੰ ਪੂਰੀ ਨਹੀਂ ਕਰੇਗਾ? ਜੀ ਨਹੀਂ, ਉਹ ਇਸ ਤਰ੍ਹਾਂ ਨਹੀਂ ਕਰ ਸਕਦਾ ਕਿਉਂਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਉਹ ਮਰੇ ਹੋਇਆਂ ਨੂੰ ਦੁਬਾਰਾ ਜ਼ਿੰਦਾ ਕਰ ਕੇ ਉਨ੍ਹਾਂ ਲਈ ਹਮੇਸ਼ਾ ਜ਼ਿੰਦਾ ਰਹਿਣਾ ਮੁਮਕਿਨ ਬਣਾਵੇਗਾ।

18 ਇਸ ਉਮੀਦ ਸਦਕਾ ਅਸੀਂ ਭਵਿੱਖ ਦੀ ਚਿੰਤਾ ਤੋਂ ਆਜ਼ਾਦ ਹੋ ਸਕਦੇ ਹਾਂ। ਸਾਨੂੰ ਇਹ ਸੋਚ ਕੇ ਆਪਣੀ ਹਰ ਖ਼ਾਹਸ਼ ਪੂਰੀ ਕਰਨ ਦੀ ਲੋੜ ਨਹੀਂ ਹੈ ਕਿ ਸਾਡੀ ਉਮਰ ਲੰਘ ਜਾਵੇਗੀ। ਸਾਨੂੰ ਇਸ ਦੁਨੀਆਂ ਨੂੰ “ਹੱਦੋਂ ਵਧਕੇ” ਵਰਤਣ ਦੀ ਲੋੜ ਨਹੀਂ ਹੈ। (1 ਕੁਰਿੰਥੀਆਂ 7:29-31; 1 ਯੂਹੰਨਾ 2:17) ਅਸੀਂ ਉਨ੍ਹਾਂ ਲੋਕਾਂ ਵਰਗੇ ਨਹੀਂ ਜਿਨ੍ਹਾਂ ਕੋਲ ਭਵਿੱਖ ਲਈ ਕੋਈ ਉਮੀਦ ਨਹੀਂ ਹੈ। ਅਸੀਂ ਤਾਂ ਜਾਣਦੇ ਹਾਂ ਕਿ ਜੇ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ, ਤਾਂ ਸਾਡੇ ਕੋਲ ਉਸ ਦੇ ਜਸ ਗਾਉਣ ਅਤੇ ਜ਼ਿੰਦਗੀ ਦਾ ਪੂਰਾ ਲੁਤਫ਼ ਉਠਾਉਣ ਲਈ ਹਮੇਸ਼ਾ ਦੀ ਜ਼ਿੰਦਗੀ ਹੋਵੇਗੀ। ਤਾਂ ਫਿਰ ਆਓ ਆਪਾਂ ਹਰ ਰੋਜ਼ ਯਹੋਵਾਹ ਪਰਮੇਸ਼ੁਰ ਦੀ ਮਹਿਮਾ ਕਰੀਏ ਜਿਸ ਨੇ ਸਾਨੂੰ ਇਹ ਸ਼ਾਨਦਾਰ ਉਮੀਦ ਦਿੱਤੀ ਹੈ!

ਤੁਸੀਂ ਕੀ ਜਵਾਬ ਦਿਓਗੇ?

• ਮੁਰਦਿਆਂ ਨੂੰ ਜ਼ਿੰਦਾ ਕੀਤੇ ਜਾਣ ਬਾਰੇ ਸਾਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?

• ਅਸੀਂ ਇਸ ਉਮੀਦ ਦੇ ਪੂਰਾ ਹੋਣ ਦਾ ਯਕੀਨ ਕਿਉਂ ਕਰ ਸਕਦੇ ਹਾਂ?

• ਤੁਹਾਨੂੰ ਇਸ ਉਮੀਦ ਤੋਂ ਦਿਲਾਸਾ ਕਿਵੇਂ ਮਿਲ ਸਕਦਾ ਹੈ?

• ਇਸ ਉਮੀਦ ਦਾ ਤੁਹਾਡੀ ਜ਼ਿੰਦਗੀ ਤੇ ਕੀ ਪ੍ਰਭਾਵ ਪੈ ਸਕਦਾ ਹੈ?

[ਸਵਾਲ]

[ਸਫ਼ਾ 28 ਉੱਤੇ ਤਸਵੀਰ]

ਅੱਯੂਬ ਜਾਣਦਾ ਸੀ ਕਿ ਯਹੋਵਾਹ ਧਰਮੀ ਲੋਕਾਂ ਨੂੰ ਮੁੜ ਜ਼ਿੰਦਾ ਕਰਨ ਲਈ ਤਰਸਦਾ ਹੈ

[ਸਫ਼ਾ 29 ਉੱਤੇ ਤਸਵੀਰ]

“ਵੇਖ ਤੇਰਾ ਪੁੱਤ੍ਰ ਜੀਉਂਦਾ ਹੈ”