ਕੀ ਤੁਹਾਨੂੰ ਭਵਿੱਖ ਦੀ ਚਿੰਤਾ ਹੈ?
ਕੀ ਤੁਹਾਨੂੰ ਭਵਿੱਖ ਦੀ ਚਿੰਤਾ ਹੈ?
ਅੱਜ ਲੋਕਾਂ ਦੀਆਂ ਜ਼ਿੰਦਗੀਆਂ ਡਰ ਦੇ ਸ਼ਿਕੰਜੇ ਵਿਚ ਹਨ। ਕਈ ਲੋਕ ਇਸ ਗੱਲੋਂ ਡਰਦੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਧਰਤੀ ਦੇ ਵਾਤਾਵਰਣ ਤੇ ਕੀ ਅਸਰ ਪਵੇਗਾ। ਇਸ ਬਾਰੇ 3 ਅਪ੍ਰੈਲ 2006 ਦੇ ਟਾਈਮ ਰਸਾਲੇ ਨੇ ਕਿਹਾ, “ਧਰਤੀ ਦਾ ਵਾਤਾਵਰਣ ਲਗਾਤਾਰ ਬਦਲ ਰਿਹਾ ਹੈ। ਕਿਤੇ ਕਹਿਰਾਂ ਦੀ ਗਰਮੀ ਪੈ ਰਹੀ ਹੈ, ਕਿਤੇ ਤੂਫ਼ਾਨਾਂ ਤੇ ਹੜ੍ਹਾਂ ਨੇ ਤਬਾਹੀ ਮਚਾ ਰੱਖੀ ਹੈ, ਕਿਤੇ ਅੱਗ ਜੰਗਲਾਂ ਨੂੰ ਤਬਾਹ ਕਰ ਰਹੀ ਹੈ ਤੇ ਕਿਤੇ ਪਹਾੜਾਂ ਤੇ ਜੰਮੀ ਬਰਫ਼ ਪਿਘਲ ਰਹੀ ਹੈ।”
ਮਈ 2002 ਵਿਚ ਸੰਯੁਕਤ ਰਾਸ਼ਟਰ ਨੇ ਵਾਤਾਵਰਣ ਬਾਰੇ ਇਕ ਰਿਪੋਰਟ ਰਿਲੀਸ ਕੀਤੀ ਸੀ। ਇਹ ਰਿਪੋਰਟ ਵਾਤਾਵਰਣ ਦੇ ਖੇਤਰ ਵਿਚ 1,000 ਤੋਂ ਜ਼ਿਆਦਾ ਮਾਹਰਾਂ ਦੀ ਮਦਦ ਨਾਲ ਤਿਆਰ ਕੀਤੀ ਗਈ ਸੀ। ਇਕ ਅਖ਼ਬਾਰ ਦੇ ਮੁਤਾਬਕ ਇਸ ਵਿਚ ਇਹ ਗੱਲ ਲਿਖੀ ਗਈ ਸੀ: “ਅੱਜ ਸਾਨੂੰ ਆਪਣੀ ਧਰਤੀ ਸੰਬੰਧੀ ਅਹਿਮ ਫ਼ੈਸਲੇ ਕਰਨੇ ਪੈਣਗੇ ਕਿਉਂਕਿ ਧਰਤੀ ਦੇ ਜੰਗਲ, ਸਮੁੰਦਰ, ਦਰਿਆ, ਪਹਾੜ, ਜੀਵ-ਜੰਤੂ ਤੇ ਹੋਰ ਕੁਦਰਤੀ ਚੱਕਰ ਸਭ ਖ਼ਤਰੇ ਵਿਚ ਹਨ। ਇਨ੍ਹਾਂ ਉੱਤੇ ਅੱਜ ਤੇ ਕੱਲ੍ਹ ਨੂੰ ਆਉਣ ਵਾਲੀਆਂ ਪੀੜ੍ਹੀਆਂ ਨਿਰਭਰ ਕਰਦੀਆਂ ਹਨ।”
ਅੱਜ ਧਰਤੀ ਦੇ ਵਾਤਾਵਰਣ ਵਿਚ ਆ ਰਹੀਆਂ ਤਬਦੀਲੀਆਂ ਚਿੰਤਾ ਦਾ ਸਿਰਫ਼ ਇਕ ਕਾਰਨ ਹਨ। ਦੁਨੀਆਂ ਭਰ ਵਿਚ ਲੋਕ ਅੱਤਵਾਦੀਆਂ ਦੇ ਹਮਲਿਆਂ ਦੇ ਡਰ ਦੇ ਸਾਏ ਹੇਠ ਜੀਉਂਦੇ ਹਨ। ਕੈਨੇਡਾ ਦੀ ਇਕ ਉੱਚ ਜਾਸੂਸੀ ਏਜੰਸੀ ਦੇ ਡਾਇਰੈਕਟਰ ਨੇ ਕਿਹਾ: “ਅਸੀਂ ਰਾਤ-ਭਰ ਜਾਗ ਕੇ ਫ਼ਿਕਰ ਕਰਦੇ ਰਹਿੰਦੇ ਹਾਂ, ਇਸ ਲਈ ਕਿ ਸਾਨੂੰ ਪਤਾ ਨਹੀਂ ਕਿ ਅੱਤਵਾਦੀਆਂ ਨੇ ਆਪਣਾ ਅਗਲਾ ਹਮਲਾ ਕਦੋਂ ਤੇ ਕਿੱਥੇ ਕਰਨਾ ਹੈ।” ਹਾਂ, ਦੁਨੀਆਂ ਵਿਚ ਇੰਨੀ ਅੱਤ ਮਚੀ ਹੋਈ ਹੈ ਕਿ ਟੀ. ਵੀ. ਤੇ ਸ਼ਾਮ ਦੀਆਂ ਖ਼ਬਰਾਂ ਸੁਣ ਕੇ ਲੋਕਾਂ ਦਾ ਡਰ ਹੋਰ ਵੀ ਵਧ ਜਾਂਦਾ ਹੈ!
ਥਾਂ-ਥਾਂ ਲੋਕਾਂ ਨੂੰ ਕੰਮ ਤੋਂ ਕੱਢਿਆ ਜਾ ਰਿਹਾ ਹੈ, ਫੈਕਟਰੀਆਂ ਤੇ ਤਾਲੇ ਲੱਗ ਰਹੇ ਹਨ, ਨੌਕਰੀਆਂ ਤੇ ਮੁਕਾਬਲੇਬਾਜ਼ੀ ਹੈ ਤੇ ਮਾਲਕਾਂ ਦੀਆਂ ਮੰਗਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਕੁਝ ਗੱਲਾਂ ਕਰਕੇ ਲੋਕਾਂ ਨੂੰ ਪਤਾ ਨਹੀਂ ਕਿ ਉਨ੍ਹਾਂ ਕੋਲ ਕੱਲ੍ਹ ਨੂੰ ਨੌਕਰੀ ਹੋਵੇਗੀ ਕਿ ਨਹੀਂ। ਨੌਜਵਾਨਾਂ ਨੂੰ ਇਹ ਚਿੰਤਾ ਖਾਂਦੀ ਰਹਿੰਦੀ ਹੈ ਕਿ ਉਨ੍ਹਾਂ ਦੇ ਦੋਸਤ-ਮਿੱਤਰ ਉਨ੍ਹਾਂ ਨੂੰ ਪਸੰਦ ਕਰਦੇ
ਹਨ ਕਿ ਨਹੀਂ। ਕਈ ਨੌਜਵਾਨਾਂ ਦੇ ਮਨਾਂ ਵਿਚ ਇਹ ਡਰ ਹੁੰਦਾ ਹੈ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਪਿਆਰ ਨਹੀਂ ਕਰਦੇ। ਦੁਨੀਆਂ ਦੇ ਹਾਲਾਤ ਦੇਖ ਕੇ ਜ਼ਰਾ ਸੋਚੋ ਕਿ ਨੌਜਵਾਨਾਂ ਦੇ ਦਿਲਾਂ ਤੇ ਕੀ ਬੀਤਦੀ ਹੈ। ਇਕ ਮਾਂ ਨੇ ਕਿਹਾ: “ਮਾਸੂਮ ਨੌਜਵਾਨਾਂ ਲਈ ਘਰ ਤੋਂ ਬਾਹਰ ਦੀ ਦੁਨੀਆਂ ਖ਼ਤਰਨਾਕ ਜਗ੍ਹਾ ਬਣ ਗਈ ਹੈ।” ਦੁਨੀਆਂ ਦੇ ਦਿਨ-ਭਰ-ਦਿਨ ਡਿੱਗਦੇ ਨੈਤਿਕ ਮਿਆਰਾਂ ਵੱਲ ਦੇਖ ਕੇ ਕਈ ਮਾਪਿਆਂ ਨੂੰ ਇਹੀ ਚਿੰਤਾ ਖਾਈ ਜਾਂਦੀ ਹੈ ਕਿ ਇਨ੍ਹਾਂ ਦਾ ਉਨ੍ਹਾਂ ਦੇ ਬੱਚਿਆਂ ਤੇ ਕੀ ਪ੍ਰਭਾਵ ਪੈ ਰਿਹਾ ਹੈ।ਬਜ਼ੁਰਗ ਲੋਕਾਂ ਦੀਆਂ ਆਪਣੀਆਂ ਚਿੰਤਾਵਾਂ ਹੁੰਦੀਆਂ ਹਨ ਜਿਵੇਂ ਕਿ ਉਹ ਅਕਸਰ ਪੌੜੀਆਂ ਤੋਂ ਡਿੱਗਣ ਤੋਂ ਡਰਦੇ ਹਨ ਜਾਂ ਫਿਰ ਲੋਕਾਂ ਦੀ ਬੇਰਹਿਮੀ ਕਾਰਨ ਉਹ ਅੰਦਰ-ਬਾਹਰ ਆਉਣ-ਜਾਣ ਤੋਂ ਡਰਦੇ ਹਨ। ਬਾਈਬਲ ਸੱਚ ਕਹਿੰਦੀ ਹੈ ਕਿ ਬਜ਼ੁਰਗ ‘ਉਚੀ ਥਾਂ ਤੇ ਜਾਣ ਤੋਂ ਡਰਨਗੇ ਅਤੇ ਚਲਣਾ ਉਨ੍ਹਾਂ ਲਈ ਖ਼ਤਰਨਾਕ ਹੋਵੇਗਾ।’ (ਉਪਦੇਸ਼ਕ 12:5, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਤੋਂ ਇਲਾਵਾ, ਬਜ਼ੁਰਗਾਂ ਨੂੰ ਬੀਮਾਰੀਆਂ ਲੱਗਣ ਦਾ ਡਰ ਸਤਾਉਂਦਾ ਰਹਿੰਦਾ ਹੈ। ਰੋਜ਼ ਨਵੀਆਂ ਤੋਂ ਨਵੀਆਂ ਅਤੇ ਖ਼ਤਰਨਾਕ ਬੀਮਾਰੀਆਂ ਦੇ ਨਾਂ ਸੁਣਨ ਵਿਚ ਆਉਂਦੇ ਹਨ ਜਿਨ੍ਹਾਂ ਕਰਕੇ ਸਾਡਾ ਸਰੀਰ ਨਕਾਰਾ ਹੋ ਸਕਦਾ ਹੈ ਜਾਂ ਸਾਡੀ ਜਾਨ ਜਾ ਸਕਦੀ ਹੈ। ਇਨ੍ਹਾਂ ਬੀਮਾਰੀਆਂ ਦਾ ਡਰ ਸਾਡੇ ਦਿਲਾਂ ਵਿਚ ਉਦੋਂ ਕੁਝ ਜ਼ਿਆਦਾ ਹੀ ਬੈਠ ਜਾਂਦਾ ਹੈ ਜਦੋਂ ਅਸੀਂ ਤੰਦਰੁਸਤ ਲੋਕਾਂ ਨੂੰ ਇਨ੍ਹਾਂ ਦੀ ਮਾਰ ਹੇਠ ਆਉਂਦੇ ਦੇਖਦੇ ਹਾਂ। ਅਸੀਂ ਸ਼ਾਇਦ ਮਨ ਵਿਚ ਸੋਚੀਏ ਕਿ ਇਹ ਬੀਮਾਰੀਆਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਵੀ ਤਾਂ ਆਪਣੀ ਲਪੇਟ ਵਿਚ ਲੈ ਸਕਦੀਆਂ ਹਨ। ਕੀ ਤੁਹਾਡਾ ਦਿਲ ਨਹੀਂ ਤੜਫਦਾ ਜਦੋਂ ਤੁਸੀਂ ਬੀਮਾਰ ਬੰਦੇ ਦੀਆਂ ਅੱਖਾਂ ਵਿਚ ਨਾਉਮੀਦੀ ਦੇਖਦੇ ਹੋ?
ਸਾਨੂੰ ਸਾਰਿਆਂ ਨੂੰ ਵੱਖ-ਵੱਖ ਤਰ੍ਹਾਂ ਦਾ ਡਰ ਸਤਾਉਂਦਾ ਹੈ। ਪਰ ਇਸ ਦੇ ਬਾਵਜੂਦ ਕੀ ਅਸੀਂ ਚੰਗੇ ਭਵਿੱਖ ਦੀ ਆਸ਼ਾ ਰੱਖ ਸਕਦੇ ਹਾਂ? ਖ਼ੁਸ਼ੀ ਨੂੰ ਬਰਕਰਾਰ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲਾ ਲੇਖ ਦੇਵੇਗਾ।
[ਸਫ਼ਾ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
© Jeroen Oerlemans/Panos Pictures