Skip to content

Skip to table of contents

ਜਲਦੀ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ

ਜਲਦੀ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ

ਜਲਦੀ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ

“ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ।”—ਬਿਵਸਥਾ ਸਾਰ 32:4.

1, 2. (ੳ) ਤੁਸੀਂ ਹਮੇਸ਼ਾ ਦੀ ਜ਼ਿੰਦਗੀ ਜੀਉਣ ਬਾਰੇ ਸੋਚ ਕੇ ਖ਼ੁਸ਼ ਕਿਉਂ ਹੁੰਦੇ ਹੋ? (ਅ) ਕਈ ਲੋਕਾਂ ਲਈ ਰੱਬ ਵਿਚ ਵਿਸ਼ਵਾਸ ਕਰਨਾ ਮੁਸ਼ਕਲ ਕਿਉਂ ਹੈ?

ਕੀ ਤੁਸੀਂ ਫਿਰਦੌਸ ਵਿਚ ਜੀਉਣ ਦੇ ਸੁਪਨੇ ਲੈਣੇ ਪਸੰਦ ਕਰਦੇ ਹੋ? ਤੁਸੀਂ ਆਪਣੇ ਆਪ ਨੂੰ ਕੀ ਕਰਦੇ ਦੇਖਦੇ ਹੋ? ਕੀ ਤੁਸੀਂ ਆਪਣੇ ਆਪ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿਚ ਜਾ ਕੇ ਖੋਜ ਕਰਦੇ ਅਤੇ ਅਨੇਕ ਜੀਵ-ਜੰਤੂਆਂ ਬਾਰੇ ਹੋਰ ਸਿੱਖਦੇ ਹੋਏ ਦੇਖਦੇ ਹੋ? ਜਾਂ ਕੀ ਤੁਸੀਂ ਆਪਣੇ ਆਪ ਨੂੰ ਹੋਰਨਾਂ ਨਾਲ ਮਿਲ ਕੇ ਬਾਗ਼ਬਾਨੀ ਕਰਦੇ ਹੋਏ ਦੇਖਦੇ ਹੋ ਤਾਂਕਿ ਸਾਰੀ ਧਰਤੀ ਬਾਗ਼ ਵਰਗੀ ਸੋਹਣੀ ਬਣਾ ਦਿੱਤੀ ਜਾਵੇ? ਹੋ ਸਕਦਾ ਹੈ ਕਿ ਤੁਸੀਂ ਕਿਸੇ ਹੁਨਰ, ਨਿਰਮਾਣ ਕਲਾ, ਸੰਗੀਤ ਜਾਂ ਹੋਰ ਕੋਈ ਕੰਮ ਕਰਨਾ ਸਿੱਖਣਾ ਚਾਹੋ ਜਿਸ ਲਈ ਅੱਜ-ਕੱਲ੍ਹ ਤੁਹਾਡੇ ਕੋਲ ਵਿਹਲ ਨਹੀਂ ਹੈ। ਤੁਸੀਂ ਉਹ ਜ਼ਿੰਦਗੀ ਜੀਉਣ ਬਾਰੇ ਸੋਚ ਕੇ ਖ਼ੁਸ਼ ਹੁੰਦੇ ਹੋਵੋਗੇ ਜਿਸ ਨੂੰ ਬਾਈਬਲ ਵਿਚ “ਅਸਲ ਜੀਵਨ” ਕਿਹਾ ਗਿਆ ਹੈ। (1 ਤਿਮੋਥਿਉਸ 6:19) ਹਾਂ, ਯਹੋਵਾਹ ਦਾ ਸ਼ੁਰੂ ਤੋਂ ਇਹੋ ਮਕਸਦ ਸੀ ਕਿ ਲੋਕ ਹਮੇਸ਼ਾ ਲਈ ਜੀਉਣ।

2 ਅਸੀਂ ਕਿੰਨੇ ਖ਼ੁਸ਼ ਹੁੰਦੇ ਹਾਂ ਜਦ ਸਾਨੂੰ ਇਸ ਸ਼ਾਨਦਾਰ ਭਵਿੱਖ ਬਾਰੇ ਕਿਸੇ ਨੂੰ ਦੱਸਣ ਦਾ ਮੌਕਾ ਮਿਲਦਾ ਹੈ। ਪਰ ਕਈ ਲੋਕ ਸਾਡੀ ਗੱਲ ਸੁਣਨ ਤੋਂ ਇਨਕਾਰ ਕਰਦੇ ਹਨ। ਉਨ੍ਹਾਂ ਦੇ ਭਾਣੇ ਇਹ ਭੋਲੇ-ਭਾਲੇ ਲੋਕਾਂ ਦਾ ਇਕ ਸੁਪਨਾ ਹੀ ਹੈ ਜੋ ਕਦੇ ਪੂਰਾ ਨਹੀਂ ਹੋਵੇਗਾ। ਹਮੇਸ਼ਾ ਦੀ ਜ਼ਿੰਦਗੀ ਦੇ ਵਾਅਦਿਆਂ ਉੱਤੇ ਵਿਸ਼ਵਾਸ ਕਰਨ ਦੀ ਗੱਲ ਤਾਂ ਇਕ ਪਾਸੇ ਰਹੀ, ਉਨ੍ਹਾਂ ਨੂੰ ਤਾਂ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨਾ ਔਖਾ ਲੱਗਦਾ ਹੈ। ਕਿਉਂ? ਕਿਉਂਕਿ ਉਹ ਮੰਨਦੇ ਹਨ ਕਿ ਜੇ ਰੱਬ ਵਰਗੀ ਕੋਈ ਚੀਜ਼ ਹੁੰਦੀ, ਤਾਂ ਦੁਨੀਆਂ ਵਿਚ ਕਿਸੇ ਨੂੰ ਕੋਈ ਦੁੱਖ-ਤਕਲੀਫ਼ ਨਹੀਂ ਹੋਣੀ ਸੀ। ਉਹ ਇਹ ਵੀ ਮੰਨਦੇ ਹਨ ਕਿ ਜੇ ਰੱਬ ਹੈ, ਤਾਂ ਉਹ ਸਰਬਸ਼ਕਤੀਮਾਨ ਨਹੀਂ ਹੋ ਸਕਦਾ ਤੇ ਨਾ ਹੀ ਉਸ ਨੂੰ ਕਿਸੇ ਦੀ ਪਰਵਾਹ ਹੈ ਕਿਉਂਕਿ ਸਰਬਸ਼ਕਤੀਮਾਨ ਤੇ ਪਿਆਰ ਕਰਨ ਵਾਲਾ ਰੱਬ ਸਾਨੂੰ ਇੰਨਾ ਦੁਖੀ ਦੇਖ ਕੇ ਚੁੱਪ ਨਹੀਂ ਬੈਠ ਸਕਦਾ। ਕਈ ਲੋਕ ਅਜਿਹੀਆਂ ਗੱਲਾਂ ਸੁਣ ਕੇ ਕਾਇਲ ਹੋ ਗਏ ਹਨ। ਸ਼ਤਾਨ ਨੇ ਸੱਚ-ਮੁੱਚ ਲੋਕਾਂ ਦੇ ਮਨਾਂ ਨੂੰ ਅੰਨ੍ਹਾ ਕਰ ਦਿੱਤਾ ਹੈ।—2 ਕੁਰਿੰਥੀਆਂ 4:4.

3. ਅਸੀਂ ਕਿਹੜੇ ਔਖੇ ਸਵਾਲ ਦਾ ਜਵਾਬ ਜਾਣਨ ਵਿਚ ਲੋਕਾਂ ਦੀ ਮਦਦ ਕਰ ਸਕਦੇ ਹਾਂ ਅਤੇ ਸਿਰਫ਼ ਅਸੀਂ ਹੀ ਇਸ ਸਵਾਲ ਦਾ ਜਵਾਬ ਕਿਉਂ ਦੇ ਸਕਦੇ ਹਾਂ?

3 ਯਹੋਵਾਹ ਦੇ ਗਵਾਹ ਹੋਣ ਕਰਕੇ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦੇ ਹਾਂ ਜਿਨ੍ਹਾਂ ਨੂੰ ਸ਼ਤਾਨ ਨੇ ਅਤੇ ਇਸ ਸੰਸਾਰ ਦੀ ਬੁੱਧ ਨੇ ਧੋਖੇ ਵਿਚ ਰੱਖਿਆ ਹੋਇਆ ਹੈ। (1 ਕੁਰਿੰਥੀਆਂ 1:20; 3:19) ਅਸੀਂ ਸਮਝ ਸਕਦੇ ਹਾਂ ਕਿ ਉਹ ਬਾਈਬਲ ਵਿਚ ਦੱਸੇ ਗਏ ਪਰਮੇਸ਼ੁਰ ਦੇ ਵਾਅਦਿਆਂ ਨੂੰ ਕਿਉਂ ਨਹੀਂ ਮੰਨਦੇ। ਉਹ ਯਹੋਵਾਹ ਨੂੰ ਨਹੀਂ ਜਾਣਦੇ। ਉਹ ਨਾ ਉਸ ਦਾ ਨਾਂ ਜਾਣਦੇ ਹਨ ਤੇ ਨਾ ਹੀ ਉਸ ਦੇ ਨਾਂ ਦਾ ਮਤਲਬ ਜਾਣਦੇ ਹਨ। ਇਸ ਤੋਂ ਇਲਾਵਾ, ਉਹ ਰੱਬ ਦੀ ਸ਼ਖ਼ਸੀਅਤ ਤੋਂ ਅਣਜਾਣ ਹਨ ਜੋ ਹਮੇਸ਼ਾ ਆਪਣੇ ਵਾਅਦੇ ਨਿਭਾਉਂਦਾ ਹੈ। ਅਸੀਂ ਜਾਣਦੇ ਹਾਂ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ। ਪਰ ਜੋ ਯਹੋਵਾਹ ਨੂੰ ਨਹੀਂ ਜਾਣਦੇ, ਉਹ ਇਹ ਔਖਾ ਸਵਾਲ ਪੁੱਛਦੇ ਹਨ: “ਰੱਬ ਦੁੱਖ-ਤਕਲੀਫ਼ਾਂ ਅਤੇ ਬੁਰਾਈ ਦਾ ਅੰਤ ਕਿਉਂ ਨਹੀਂ ਕਰਦਾ?” ਤਾਂ ਫਿਰ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ‘ਜਿਨ੍ਹਾਂ ਦੀ ਬੁੱਧ ਅਨ੍ਹੇਰੀ ਹੋਈ ਹੋਈ ਹੈ।’ (ਅਫ਼ਸੀਆਂ 4:18) ਪਹਿਲਾਂ ਆਪਾਂ ਦੇਖਾਂਗੇ ਕਿ ਜਵਾਬ ਦੇਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ। ਫਿਰ ਆਪਾਂ ਦੇਖਾਂਗੇ ਕਿ ਯਹੋਵਾਹ ਨੇ ਦੁਸ਼ਟਤਾ ਨੂੰ ਖ਼ਤਮ ਕਰਨ ਲਈ ਜੋ ਕੀਤਾ ਹੈ, ਉਸ ਤੋਂ ਉਸ ਦੇ ਗੁਣ ਕਿਵੇਂ ਜ਼ਾਹਰ ਹੁੰਦੇ ਹਨ।

ਜਵਾਬ ਦੇਣ ਦਾ ਵਧੀਆ ਤਰੀਕਾ

4, 5. ਜਦੋਂ ਕੋਈ ਪੁੱਛਦਾ ਹੈ ਕਿ ਰੱਬ ਦੁੱਖ-ਤਕਲੀਫ਼ਾਂ ਤੇ ਬੁਰਾਈ ਨੂੰ ਖ਼ਤਮ ਕਿਉਂ ਨਹੀਂ ਕਰਦਾ, ਤਾਂ ਜਵਾਬ ਦੇਣ ਤੋਂ ਪਹਿਲਾਂ ਸਾਨੂੰ ਸ਼ਾਇਦ ਕੀ ਕਰਨਾ ਪਵੇ?

4 ਜਦੋਂ ਤੁਹਾਨੂੰ ਕੋਈ ਪੁੱਛਦਾ ਹੈ ਕਿ ਰੱਬ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ, ਤਾਂ ਤੁਸੀਂ ਕੀ ਜਵਾਬ ਦਿੰਦੇ ਹੋ? ਕਈ ਵਾਰ ਅਸੀਂ ਅਦਨ ਦੇ ਬਾਗ਼ ਦੀ ਕਹਾਣੀ ਛੇੜ ਕੇ ਬੈਠ ਜਾਂਦੇ ਹਾਂ ਤੇ ਲੋਕਾਂ ਨੂੰ ਲੰਬਾ-ਚੌੜਾ ਜਵਾਬ ਦੇਣ ਲੱਗ ਪੈਂਦੇ ਹਾਂ। ਕਦੇ-ਕਦੇ ਇਸ ਤਰ੍ਹਾਂ ਕਰਨਾ ਸ਼ਾਇਦ ਠੀਕ ਹੋਵੇ, ਪਰ ਸਾਨੂੰ ਸਾਵਧਾਨੀ ਵਰਤਣ ਦੀ ਲੋੜ ਹੈ। ਪਹਿਲਾਂ ਸਾਨੂੰ ਜਾਣਨਾ ਚਾਹੀਦਾ ਹੈ ਕਿ ਉਹ ਇਹ ਸਵਾਲ ਕਿਉਂ ਪੁੱਛ ਰਿਹਾ ਹੈ, ਫਿਰ ਅਸੀਂ ਸਹੀ ਤਰੀਕੇ ਨਾਲ ਜਵਾਬ ਦੇ ਸਕਾਂਗੇ। (ਕਹਾਉਤਾਂ 25:11; ਕੁਲੁੱਸੀਆਂ 4:6) ਆਓ ਆਪਾਂ ਤਿੰਨ ਗੱਲਾਂ ਵੱਲ ਧਿਆਨ ਦੇਈਏ ਜਿਨ੍ਹਾਂ ਬਾਰੇ ਸਾਨੂੰ ਜਵਾਬ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।

5 ਪਹਿਲੀ ਗੱਲ, ਜੇ ਕੋਈ ਇਸ ਦੁਨੀਆਂ ਵਿਚ ਫੈਲੀ ਬੁਰਾਈ ਤੋਂ ਪਰੇਸ਼ਾਨ ਹੈ, ਤਾਂ ਹੋ ਸਕਦਾ ਹੈ ਕਿ ਉਹ ਬੁਰਾਈ ਦਾ ਸ਼ਿਕਾਰ ਹੋਇਆ ਹੋਵੇ। ਇਸ ਲਈ ਚੰਗਾ ਹੋਵੇਗਾ ਜੇ ਅਸੀਂ ਗੱਲ ਕਰਨ ਲੱਗਿਆਂ ਪਹਿਲਾਂ ਉਸ ਨਾਲ ਹਮਦਰਦੀ ਜਤਾਈਏ। ਪੌਲੁਸ ਰਸੂਲ ਨੇ ਕਿਹਾ ਸੀ: “ਰੋਣ ਵਾਲਿਆਂ ਨਾਲ ਰੋਵੋ।” (ਰੋਮੀਆਂ 12:15) ਜਦ ਉਹ ਦੇਖੇਗਾ ਕਿ ਅਸੀਂ ਉਸ ਦਾ ਦਰਦ ਸਮਝਦੇ ਹਾਂ ਤੇ ਉਸ ਦੀ ਪਰਵਾਹ ਕਰਦੇ ਹਾਂ, ਤਾਂ ਹੋ ਸਕਦਾ ਹੈ ਕਿ ਉਹ ਸਾਡੀ ਗੱਲ ਸੁਣਨ ਲਈ ਤਿਆਰ ਹੋ ਜਾਵੇ।—1 ਪਤਰਸ 3:8.

6, 7. ਸਾਨੂੰ ਉਸ ਵਿਅਕਤੀ ਦੀ ਸ਼ਲਾਘਾ ਕਿਉਂ ਕਰਨੀ ਚਾਹੀਦੀ ਹੈ ਜੋ ਰੱਬ ਬਾਰੇ ਕੋਈ ਸਵਾਲ ਪੁੱਛਦਾ ਹੈ?

6 ਦੂਜੀ ਗੱਲ, ਇਹ ਸਵਾਲ ਪੁੱਛਣ ਵਾਸਤੇ ਸਾਨੂੰ ਉਸ ਵਿਅਕਤੀ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਕੁਝ ਲੋਕ ਅੰਦਰੋਂ-ਅੰਦਰੀਂ ਬੁਰਾ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਮਨ ਵਿਚ ਅਜਿਹੇ ਸਵਾਲ ਆਏ ਹੀ ਕਿਉਂ। ਸ਼ਾਇਦ ਕਿਸੇ ਪਾਦਰੀ ਜਾਂ ਗਿਆਨੀ ਨੇ ਉਨ੍ਹਾਂ ਨੂੰ ਕਿਹਾ ਹੋਵੇ ਕਿ ਅਜਿਹੇ ਸਵਾਲ ਪੁੱਛਣੇ ਗ਼ਲਤ ਹਨ। ਤੁਸੀਂ ਉਨ੍ਹਾਂ ਨੂੰ ਤਸੱਲੀ ਦੇ ਸਕਦੇ ਹੋ ਕਿ ਸਵਾਲ ਪੁੱਛਣ ਦਾ ਮਤਲਬ ਇਹ ਨਹੀਂ ਕਿ ਉਹ ਪਰਮੇਸ਼ੁਰ ਵਿਚ ਵਿਸ਼ਵਾਸ ਨਹੀਂ ਕਰਦੇ ਜਾਂ ਉਸ ਦਾ ਅਪਮਾਨ ਕਰ ਰਹੇ ਹਨ। ਦਰਅਸਲ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਲੋਕਾਂ ਦੇ ਮਨਾਂ ਵਿਚ ਵੀ ਅਜਿਹੇ ਸਵਾਲ ਆਏ ਸਨ। ਮਿਸਾਲ ਲਈ, ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਪੁੱਛਿਆ: “ਹੇ ਯਹੋਵਾਹ, ਤੂੰ ਦੂਰ ਕਿਉਂ ਖੜਾ ਰਹਿੰਦਾ ਹੈਂ? ਬਿਪਤਾ ਦੇ ਵੇਲੇ ਤੂੰ ਆਪਣੇ ਆਪ ਨੂੰ ਕਿਉਂ ਲੁਕਾਉਂਦਾ ਹੈਂ?” (ਜ਼ਬੂਰਾਂ ਦੀ ਪੋਥੀ 10:1) ਉਸ ਵਾਂਗ ਹਬੱਕੂਕ ਨਬੀ ਨੇ ਵੀ ਪੁੱਛਿਆ ਸੀ: “ਹੇ ਯਹੋਵਾਹ, ਮੈਂ ਕਦ ਤਾਈਂ ਦੁਹਾਈ ਦਿਆਂ, ਅਤੇ ਤੂੰ ਨਾ ਸੁਣੇਂਗਾ? ਯਾ ਮੈਂ ਤੇਰੇ ਅੱਗੇ “ਜ਼ੁਲਮ” ਚਿੱਲਾਵਾਂ, ਅਤੇ ਤੂੰ ਨਾ ਬਚਾਵੇਂਗਾ? ਤੂੰ ਮੈਨੂੰ ਬਦੀ ਕਿਉਂ ਵਿਖਾਉਂਦਾ ਹੈਂ, ਅਤੇ ਕਸ਼ਟ ਉੱਤੇ ਮੇਰਾ ਧਿਆਨ ਲਾਉਂਦਾ ਹੈਂ? ਬਰਬਾਦੀ ਅਤੇ ਜ਼ੁਲਮ ਮੇਰੇ ਅੱਗੇ ਹਨ, ਝਗੜੇ ਹੁੰਦੇ ਹਨ ਅਤੇ ਵਖਾਧ ਉੱਠਦੀ ਹੈ।”—ਹਬੱਕੂਕ 1:2, 3.

7 ਦਾਊਦ ਤੇ ਹਬੱਕੂਕ ਵਫ਼ਾਦਾਰ ਆਦਮੀ ਸਨ ਜੋ ਪਰਮੇਸ਼ੁਰ ਲਈ ਬਹੁਤ ਸ਼ਰਧਾ ਰੱਖਦੇ ਸਨ। ਉਨ੍ਹਾਂ ਦੇ ਸਵਾਲ ਸੁਣ ਕੇ ਕੀ ਯਹੋਵਾਹ ਨਾਰਾਜ਼ ਹੋਇਆ ਸੀ? ਬਿਲਕੁਲ ਨਹੀਂ। ਯਹੋਵਾਹ ਨੇ ਤਾਂ ਉਨ੍ਹਾਂ ਦੇ ਸਵਾਲਾਂ ਨੂੰ ਬਾਈਬਲ ਵਿਚ ਦਰਜ ਕਰਵਾ ਦਿੱਤਾ ਸੀ। ਹੋ ਸਕਦਾ ਹੈ ਕਿ ਜੋ ਲੋਕ ਅੱਜ-ਕੱਲ੍ਹ ਅਜਿਹੇ ਸਵਾਲ ਪੁੱਛਦੇ ਹਨ, ਉਹ ਉਨ੍ਹਾਂ ਜਵਾਬਾਂ ਦੀ ਤਲਾਸ਼ ਵਿਚ ਹਨ ਜੋ ਸਿਰਫ਼ ਬਾਈਬਲ ਹੀ ਦੇ ਸਕਦੀ ਹੈ। ਯਾਦ ਰਹੇ ਕਿ ਯਿਸੂ ਨੇ ਉਨ੍ਹਾਂ ਲੋਕਾਂ ਦੀ ਤਾਰੀਫ਼ ਕੀਤੀ ਸੀ “ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ।” (ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ) ਸਾਨੂੰ ਕਿੰਨਾ ਵੱਡਾ ਸਨਮਾਨ ਮਿਲਿਆ ਹੈ ਕਿ ਅਸੀਂ ਲੋਕਾਂ ਨੂੰ ਸੱਚਾਈ ਸਿਖਾ ਸਕਦੇ ਹਾਂ!

8. ਕਿਹੜੀਆਂ ਗ਼ਲਤ ਸਿੱਖਿਆਵਾਂ ਦੇ ਕਾਰਨ ਲੋਕ ਮੰਨਦੇ ਹਨ ਕਿ ਦੁਨੀਆਂ ਦੇ ਦੁੱਖਾਂ ਲਈ ਪਰਮੇਸ਼ੁਰ ਹੀ ਜ਼ਿੰਮੇਵਾਰ ਹੈ? ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ?

8 ਤੀਜੀ ਗੱਲ, ਬਾਈਬਲ ਤੋਂ ਸਾਨੂੰ ਸ਼ਾਇਦ ਇਹ ਸਾਬਤ ਕਰਨਾ ਪਵੇ ਕਿ ਦੁਨੀਆਂ ਦੇ ਦੁੱਖਾਂ ਲਈ ਪਰਮੇਸ਼ੁਰ ਜ਼ਿੰਮੇਵਾਰ ਨਹੀਂ ਹੈ। ਕਈ ਲੋਕਾਂ ਨੂੰ ਸਿਖਾਇਆ ਜਾਂਦਾ ਹੈ ਕਿ ਦੁਨੀਆਂ ਤੇ ਰੱਬ ਦਾ ਰਾਜ ਚੱਲ ਰਿਹਾ ਹੈ ਅਤੇ ਉਸ ਨੇ ਪਹਿਲਾਂ ਹੀ ਸਭ ਦੀ ਕਿਸਮਤ ਲਿਖੀ ਹੋਈ ਹੈ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਕਦੀ ਵੀ ਉਨ੍ਹਾਂ ਗੱਲਾਂ ਨੂੰ ਨਹੀਂ ਸਮਝ ਸਕਣਗੇ ਜਿਨ੍ਹਾਂ ਕਾਰਨ ਰੱਬ ਲੋਕਾਂ ਤੇ ਦੁੱਖ ਲਿਆਉਂਦਾ ਹੈ। ਇਹ ਸਾਰੀਆਂ ਸਿੱਖਿਆਵਾਂ ਗ਼ਲਤ ਹਨ। ਇਨ੍ਹਾਂ ਨੂੰ ਮੰਨ ਕੇ ਲੋਕ ਰੱਬ ਦਾ ਅਪਮਾਨ ਕਰਦੇ ਹਨ ਕਿਉਂਕਿ ਦੁਨੀਆਂ ਦੀ ਮੰਦੀ ਹਾਲਤ ਪਰਮੇਸ਼ੁਰ ਦੇ ਕਾਰਨ ਨਹੀਂ ਹੈ। ਸੋ ਸਾਨੂੰ ਬਾਈਬਲ ਵਿੱਚੋਂ ਹਵਾਲੇ ਦਿਖਾ ਕੇ ਉਨ੍ਹਾਂ ਦੀ ਸੋਚਣੀ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (2 ਤਿਮੋਥਿਉਸ 3:16) ਇਸ ਦੁਨੀਆਂ ਤੇ ਯਹੋਵਾਹ ਦਾ ਰਾਜ ਨਹੀਂ ਚੱਲ ਰਿਹਾ। ਇਹ ਸ਼ਤਾਨ ਦੇ ਵੱਸ ਵਿਚ ਹੈ। (1 ਯੂਹੰਨਾ 5:19) ਯਹੋਵਾਹ ਨੇ ਕਿਸੇ ਦੀ ਵੀ ਕਿਸਮਤ ਨਹੀਂ ਲਿਖੀ। ਉਸ ਨੇ ਸਾਨੂੰ ਸਾਰਿਆਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਹੋਈ ਹੈ। ਅਸੀਂ ਆਪਣੀ ਮਰਜ਼ੀ ਨਾਲ ਸਹੀ ਜਾਂ ਗ਼ਲਤ ਰਾਹ ਚੁਣ ਸਕਦੇ ਹਾਂ। (ਬਿਵਸਥਾ ਸਾਰ 30:19) ਦੁਨੀਆਂ ਵਿਚ ਫੈਲੀ ਬੁਰਾਈ ਪਿੱਛੇ ਯਹੋਵਾਹ ਦਾ ਹੱਥ ਨਹੀਂ ਹੈ। ਯਹੋਵਾਹ ਦੁਸ਼ਟਤਾ ਤੇ ਬੁਰਿਆਈ ਨਾਲ ਵੈਰ ਕਰਦਾ ਹੈ ਅਤੇ ਉਸ ਨੂੰ ਅਨਿਆਂ ਦੇ ਸ਼ਿਕਾਰ ਲੋਕਾਂ ਦਾ ਫ਼ਿਕਰ ਹੈ।—ਅੱਯੂਬ 34:10; ਕਹਾਉਤਾਂ 6:16-19; 1 ਪਤਰਸ 5:7.

9. ਲੋਕਾਂ ਦੀ ਮਦਦ ਕਰਨ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਸਾਨੂੰ ਕੀ ਦਿੱਤਾ ਹੈ?

9 ਜਦ ਅਸੀਂ ਜਾਣ ਜਾਂਦੇ ਹਾਂ ਕਿ ਕੋਈ ਇਹ ਸਵਾਲ ਕਿਉਂ ਪੁੱਛ ਰਿਹਾ ਹੈ ਕਿ ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ, ਤਾਂ ਅਸੀਂ ਨਾ ਸਿਰਫ਼ ਸਹੀ ਤਰੀਕੇ ਨਾਲ ਜਵਾਬ ਦੇਣ ਲਈ ਤਿਆਰ ਹੁੰਦੇ ਹਾਂ, ਸਗੋਂ ਉਹ ਵੀ ਸਾਡੀ ਗੱਲ ਸੁਣਨ ਲਈ ਤਿਆਰ ਹੁੰਦੇ ਹਨ। ਸਾਡੀ ਮਦਦ ਕਰਨ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਕਾਫ਼ੀ ਕੁਝ ਛਾਪਿਆ ਹੈ। (ਮੱਤੀ 24:45-47) ਮਿਸਾਲ ਲਈ, 2005 ਵਿਚ “ਪਰਮੇਸ਼ੁਰ ਦਾ ਕਹਿਣਾ ਮੰਨੋ” ਜ਼ਿਲ੍ਹਾ ਸੰਮੇਲਨ ਵਿਚ ਇਕ ਟ੍ਰੈਕਟ ਰਿਲੀਸ ਕੀਤਾ ਗਿਆ ਸੀ ਜਿਸ ਦਾ ਵਿਸ਼ਾ ਸੀ: ਜਲਦ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ! ਸਾਨੂੰ ਇਸ ਟ੍ਰੈਕਟ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਦੇਖਣਾ ਚਾਹੀਦਾ ਹੈ। ਇਸੇ ਤਰ੍ਹਾਂ ਸਾਨੂੰ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦੇ 11ਵੇਂ ਅਧਿਆਇ ਨੂੰ ਧਿਆਨ ਨਾਲ ਪੜ੍ਹ ਲੈਣਾ ਚਾਹੀਦਾ ਹੈ ਜੋ ਇਸ ਸਵਾਲ ਦਾ ਜਵਾਬ ਦਿੰਦਾ ਹੈ ਕਿ ਰੱਬ ਨੇ ਹਾਲੇ ਤਕ ਦੁੱਖਾਂ ਦਾ ਅੰਤ ਕਿਉਂ ਨਹੀਂ ਕੀਤਾ। ਇਹ ਕਿਤਾਬ ਹੁਣ 157 ਭਾਸ਼ਾਵਾਂ ਵਿਚ ਮਿਲ ਸਕਦੀ ਹੈ। ਇਸ ਟ੍ਰੈਕਟ ਅਤੇ ਕਿਤਾਬ ਦੀ ਚੰਗੀ ਵਰਤੋਂ ਕਰੋ। ਇਨ੍ਹਾਂ ਵਿਚ ਸਪੱਸ਼ਟ ਤਰੀਕੇ ਨਾਲ ਸਮਝਾਇਆ ਗਿਆ ਹੈ ਕਿ ਸ਼ਤਾਨ ਨੇ ਯਹੋਵਾਹ ਨੂੰ ਕਿਸ ਲਈ ਲਲਕਾਰਿਆ ਸੀ ਅਤੇ ਜਵਾਬ ਵਿਚ ਯਹੋਵਾਹ ਨੇ ਕੀ ਕੀਤਾ ਅਤੇ ਉਸ ਨੇ ਇਸ ਤਰ੍ਹਾਂ ਕਿਉਂ ਕੀਤਾ। ਇਹ ਗੱਲ ਵੀ ਯਾਦ ਰੱਖੋ ਕਿ ਜਦ ਤੁਸੀਂ ਇਸ ਵਿਸ਼ੇ ਤੇ ਗੱਲ ਕਰਦੇ ਹੋ, ਤਾਂ ਤੁਸੀਂ ਆਪਣੇ ਸੁਣਨ ਵਾਲੇ ਨੂੰ ਯਹੋਵਾਹ ਦੇ ਸ਼ਾਨਦਾਰ ਗੁਣਾਂ ਦੀ ਜਾਣਕਾਰੀ ਦੇ ਰਹੇ ਹੋ।

ਯਹੋਵਾਹ ਦੇ ਗੁਣਾਂ ਵੱਲ ਧਿਆਨ ਖਿੱਚੋ

10. ਕਈ ਲੋਕਾਂ ਲਈ ਇਹ ਸਮਝਣਾ ਔਖਾ ਕਿਉਂ ਹੈ ਕਿ ਪਰਮੇਸ਼ੁਰ ਨੇ ਅੱਜ ਤਕ ਬੁਰਾਈ ਨੂੰ ਖ਼ਤਮ ਕਿਉਂ ਨਹੀਂ ਕੀਤਾ ਅਤੇ ਉਨ੍ਹਾਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ?

10 ਜਦ ਤੁਸੀਂ ਲੋਕਾਂ ਦੀ ਇਹ ਸਮਝਣ ਵਿਚ ਮਦਦ ਕਰਦੇ ਹੋ ਕਿ ਯਹੋਵਾਹ ਨੇ ਲੋਕਾਂ ਨੂੰ ਸ਼ਤਾਨ ਅਧੀਨ ਆਪਣੀਆਂ ਹਕੂਮਤਾਂ ਚਲਾਉਣ ਦੀ ਖੁੱਲ੍ਹੀ ਛੁੱਟੀ ਕਿਉਂ ਦਿੱਤੀ ਹੈ, ਤਾਂ ਯਹੋਵਾਹ ਦੇ ਸ਼ਾਨਦਾਰ ਗੁਣਾਂ ਵੱਲ ਉਨ੍ਹਾਂ ਦਾ ਧਿਆਨ ਖਿੱਚਣਾ ਨਾ ਭੁੱਲੋ। ਕਈ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਸ਼ਕਤੀਸ਼ਾਲੀ ਹੈ ਕਿਉਂਕਿ ਉਹ ਬਚਪਨ ਤੋਂ ਇਹ ਗੱਲ ਸੁਣਦੇ ਆਏ ਹਨ। ਪਰ ਸ਼ਾਇਦ ਉਹ ਇਹ ਨਹੀਂ ਸਮਝ ਪਾਏ ਕਿ ਪਰਮੇਸ਼ੁਰ ਆਪਣੀ ਵੱਡੀ ਸ਼ਕਤੀ ਵਰਤ ਕੇ ਅਨਿਆਂ ਤੇ ਬੁਰਾਈ ਨੂੰ ਖ਼ਤਮ ਕਿਉਂ ਨਹੀਂ ਕਰ ਦਿੰਦਾ। ਹੋ ਸਕਦਾ ਹੈ ਕਿ ਉਹ ਪਰਮੇਸ਼ੁਰ ਦੀ ਪਵਿੱਤਰਤਾ, ਬੁੱਧ, ਉਸ ਦੇ ਇਨਸਾਫ਼ ਅਤੇ ਪ੍ਰੇਮ ਵਰਗੇ ਗੁਣਾਂ ਬਾਰੇ ਨਾ ਜਾਣਦੇ ਹੋਣ। ਬਾਈਬਲ ਵਿਚ ਲਿਖਿਆ ਹੈ ਕਿ “ਉਸ ਦੀ ਕਰਨੀ ਪੂਰੀ ਹੈ।” (ਬਿਵਸਥਾ ਸਾਰ 32:4) ਯਹੋਵਾਹ ਦੇ ਸਾਰੇ ਕੰਮ ਇਸ ਅਰਥ ਵਿਚ ਪੂਰੇ-ਪੂਰੇ ਹਨ ਕਿ ਉਸ ਦੇ ਹਰ ਕੰਮ ਵਿਚ ਉਸ ਦੀ ਬੁੱਧ, ਇਨਸਾਫ਼ ਅਤੇ ਪ੍ਰੇਮ ਵਰਗੇ ਗੁਣ ਝਲਕਦੇ ਹਨ। ਲੋਕਾਂ ਦੀ ਗੱਲ ਦਾ ਜਵਾਬ ਦਿੰਦੇ ਸਮੇਂ ਅਸੀਂ ਯਹੋਵਾਹ ਦੇ ਗੁਣਾਂ ਵੱਲ ਉਨ੍ਹਾਂ ਦਾ ਧਿਆਨ ਕਿਵੇਂ ਖਿੱਚ ਸਕਦੇ ਹਾਂ? ਆਓ ਆਪਾਂ ਕੁਝ ਉਦਾਹਰਣਾਂ ਤੇ ਗੌਰ ਕਰੀਏ।

11, 12. (ੳ) ਆਦਮ ਤੇ ਹੱਵਾਹ ਨੂੰ ਮਾਫ਼ੀ ਕਿਉਂ ਨਹੀਂ ਦਿੱਤੀ ਜਾ ਸਕਦੀ ਸੀ? (ਅ) ਯਹੋਵਾਹ ਪਾਪ ਨੂੰ ਹਮੇਸ਼ਾ ਲਈ ਬਰਦਾਸ਼ਤ ਕਿਉਂ ਨਹੀਂ ਕਰੇਗਾ?

11ਕੀ ਯਹੋਵਾਹ ਆਦਮ ਤੇ ਹੱਵਾਹ ਨੂੰ ਮਾਫ਼ ਨਹੀਂ ਕਰ ਸਕਦਾ ਸੀ? ਉਨ੍ਹਾਂ ਨੂੰ ਮਾਫ਼ੀ ਨਹੀਂ ਦਿੱਤੀ ਜਾ ਸਕਦੀ ਸੀ। ਕਿਉਂ ਨਹੀਂ? ਕਿਉਂਕਿ ਪਾਪ ਕਰਨ ਤੋਂ ਪਹਿਲਾਂ ਆਦਮ ਤੇ ਹੱਵਾਹ ਮੁਕੰਮਲ ਸਨ। ਉਨ੍ਹਾਂ ਨੇ ਸ਼ਤਾਨ ਦੀ ਚੁੱਕ ਵਿਚ ਆ ਕੇ ਜਾਣ-ਬੁੱਝ ਕੇ ਯਹੋਵਾਹ ਨੂੰ ਠੁਕਰਾਇਆ ਸੀ। ਇਸ ਤਰ੍ਹਾਂ ਕਰਨ ਦਾ ਉਨ੍ਹਾਂ ਨੂੰ ਕੋਈ ਪਛਤਾਵਾ ਵੀ ਨਹੀਂ ਸੀ। ਪਰ ਜਦ ਲੋਕ ਆਦਮ ਤੇ ਹੱਵਾਹ ਨੂੰ ਮਾਫ਼ ਕਰਨ ਬਾਰੇ ਸਵਾਲ ਕਰਦੇ ਹਨ, ਤਾਂ ਅਸਲ ਵਿਚ ਉਨ੍ਹਾਂ ਦਾ ਸਵਾਲ ਇਹ ਹੈ ਕਿ ਕੀ ਯਹੋਵਾਹ ਆਪਣੇ ਅਸੂਲਾਂ ਨੂੰ ਭੁੱਲ ਕੇ ਪਾਪ ਅਤੇ ਬਗਾਵਤ ਨੂੰ ਸਹਿ ਨਹੀਂ ਸਕਦਾ ਸੀ? ਇਸ ਸਵਾਲ ਦੇ ਜਵਾਬ ਵਿਚ ਪਰਮੇਸ਼ੁਰ ਦੀ ਪਵਿੱਤਰਤਾ ਦੀ ਗੱਲ ਆ ਜਾਂਦੀ ਹੈ।—ਕੂਚ 28:36; 39:30.

12 ਸਾਰੀ ਬਾਈਬਲ ਵਿਚ ਯਹੋਵਾਹ ਦੀ ਪਵਿੱਤਰਤਾ ਉੱਤੇ ਸੈਂਕੜੇ ਵਾਰ ਜ਼ੋਰ ਦਿੱਤਾ ਗਿਆ ਹੈ। ਅਫ਼ਸੋਸ ਦੀ ਗੱਲ ਹੈ ਕਿ ਦੁਨੀਆਂ ਵਿਚ ਬਹੁਤ ਥੋੜ੍ਹੇ ਲੋਕ ਸਮਝਦੇ ਹਨ ਕਿ ਪਵਿੱਤਰਤਾ ਹੈ ਕੀ। ਯਹੋਵਾਹ ਸਾਫ਼ ਤੇ ਸ਼ੁੱਧ ਹੈ ਅਤੇ ਪਾਪ ਤੋਂ ਬੇਦਾਗ਼ ਹੈ। (ਯਸਾਯਾਹ 6:3; 59:2) ਇਸੇ ਲਈ ਉਸ ਨੇ ਪਾਪ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਪ੍ਰਬੰਧ ਕੀਤਾ ਹੋਇਆ ਹੈ। ਜੇ ਯਹੋਵਾਹ ਪਾਪ ਨੂੰ ਹਮੇਸ਼ਾ ਲਈ ਬਰਦਾਸ਼ਤ ਕਰ ਲੈਂਦਾ, ਤਾਂ ਸਾਡੇ ਕੋਲ ਭਵਿੱਖ ਲਈ ਕੋਈ ਉਮੀਦ ਨਹੀਂ ਹੋਣੀ ਸੀ। (ਕਹਾਉਤਾਂ 14:12) ਆਪਣੇ ਠਹਿਰਾਏ ਹੋਏ ਸਮੇਂ ਤੇ ਯਹੋਵਾਹ ਨੇ ਸਾਰੀ ਸ੍ਰਿਸ਼ਟੀ ਨੂੰ ਪਹਿਲਾਂ ਵਰਗੀ ਪਵਿੱਤਰ ਹਾਲਤ ਵਿਚ ਲਿਆਉਣ ਦੀ ਠਾਣੀ ਹੋਈ ਹੈ। ਇਸ ਗੱਲ ਉੱਤੇ ਅਸੀਂ ਯਕੀਨ ਕਰ ਸਕਦੇ ਹਾਂ ਕਿਉਂਕਿ ਇਹ ਸਾਡੇ ਪਵਿੱਤਰ ਪਰਮੇਸ਼ੁਰ ਯਹੋਵਾਹ ਦਾ ਵਾਅਦਾ ਹੈ।

13, 14. ਯਹੋਵਾਹ ਨੇ ਬਾਗ਼ੀਆਂ ਨੂੰ ਉਸੇ ਵਕਤ ਨਾਸ਼ ਕਿਉਂ ਨਹੀਂ ਕਰ ਦਿੱਤਾ?

13ਕੀ ਯਹੋਵਾਹ ਉਸੇ ਵਕਤ ਬਾਗ਼ੀਆਂ ਨੂੰ ਨਾਸ਼ ਕਰ ਕੇ ਨਵੇਂ ਇਨਸਾਨ ਨਹੀਂ ਬਣਾ ਸਕਦਾ ਸੀ? ਇਸ ਤਰ੍ਹਾਂ ਕਰਨ ਦੀ ਉਸ ਕੋਲ ਸ਼ਕਤੀ ਤਾਂ ਸੀ। ਜਲਦੀ ਹੀ ਉਹ ਇਹ ਸ਼ਕਤੀ ਸਾਰੇ ਦੁਸ਼ਟਾਂ ਨੂੰ ਖ਼ਤਮ ਕਰਨ ਲਈ ਵਰਤੇਗਾ। ਪਰ ਕਈ ਸ਼ਾਇਦ ਸੋਚਣ ਕਿ ‘ਜੇ ਉਸ ਕੋਲ ਸ਼ਕਤੀ ਸੀ, ਤਾਂ ਉਸ ਨੇ ਉਸੇ ਪਲ ਉਨ੍ਹਾਂ ਤਿੰਨਾਂ ਬਾਗ਼ੀਆਂ ਨੂੰ ਖ਼ਤਮ ਕਿਉਂ ਨਹੀਂ ਕਰ ਦਿੱਤਾ? ਜੇ ਉਹ ਇਸ ਤਰ੍ਹਾਂ ਕਰ ਦਿੰਦਾ, ਤਾਂ ਕੀ ਦੁਨੀਆਂ ਵਿਚ ਪਾਪ ਨੂੰ ਫੈਲਣ ਤੋਂ ਅਤੇ ਦੁੱਖ-ਤਕਲੀਫ਼ਾਂ ਨੂੰ ਵਧਣ ਤੋਂ ਰੋਕਿਆ ਨਹੀਂ ਜਾ ਸਕਦਾ ਸੀ?’ ਯਹੋਵਾਹ ਨੇ ਇਸ ਤਰ੍ਹਾਂ ਕਿਉਂ ਨਹੀਂ ਕੀਤਾ? ਬਿਵਸਥਾ ਸਾਰ 32:4 ਵਿਚ ਲਿਖਿਆ ਹੈ: “ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ।” ਯਹੋਵਾਹ ਲਈ ਨਿਆਂ ਦਾ ਗੁਣ ਬਹੁਤ ਮਾਅਨੇ ਰੱਖਦਾ ਹੈ। ਦਰਅਸਲ ਬਾਈਬਲ ਵਿਚ ਕਿਹਾ ਗਿਆ ਹੈ ਕਿ “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ।” (ਜ਼ਬੂਰਾਂ ਦੀ ਪੋਥੀ 37:28) ਇਨਸਾਫ਼-ਪਸੰਦ ਹੋਣ ਕਰਕੇ ਯਹੋਵਾਹ ਨੇ ਉਨ੍ਹਾਂ ਪਹਿਲੇ ਬਾਗ਼ੀਆਂ ਨੂੰ ਨਾਸ਼ ਨਹੀਂ ਕੀਤਾ ਸੀ। ਕਿਉਂ ਨਹੀਂ?

14 ਸ਼ਤਾਨ ਨੇ ਬਗਾਵਤ ਕਰ ਕੇ ਯਹੋਵਾਹ ਦੀ ਹਕੂਮਤ ਨੂੰ ਲਲਕਾਰਿਆ ਸੀ ਕਿ ਉਸ ਦਾ ਰਾਜ ਕਰਨ ਦਾ ਤਰੀਕਾ ਗ਼ਲਤ ਸੀ। ਯਹੋਵਾਹ ਦੇ ਇਨਸਾਫ਼ ਅਨੁਸਾਰ ਜ਼ਰੂਰੀ ਸੀ ਕਿ ਸ਼ਤਾਨ ਨੂੰ ਜਵਾਬ ਦਿੱਤਾ ਜਾਵੇ। ਭਾਵੇਂ ਸਾਰੇ ਬਾਗ਼ੀ ਨਾਸ਼ ਕੀਤੇ ਜਾਣ ਦੇ ਲਾਇਕ ਸਨ, ਪਰ ਇਸ ਤਰ੍ਹਾਂ ਕਰਨ ਨਾਲ ਸ਼ਤਾਨ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ ਸੀ। ਉਨ੍ਹਾਂ ਨੂੰ ਨਾਸ਼ ਕਰਨ ਨਾਲ ਸਿਰਫ਼ ਇਕ ਗੱਲ ਦਾ ਸਬੂਤ ਮਿਲਣਾ ਸੀ ਕਿ ਯਹੋਵਾਹ ਬਹੁਤ ਹੀ ਸ਼ਕਤੀਸ਼ਾਲੀ ਸੀ, ਪਰ ਸਵਾਲ ਉਸ ਦੀ ਤਾਕਤ ਦਾ ਨਹੀਂ ਸੀ। ਇਸ ਤੋਂ ਇਲਾਵਾ, ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਆਪਣਾ ਮਕਸਦ ਦੱਸ ਦਿੱਤਾ ਸੀ। ਉਨ੍ਹਾਂ ਨੇ ਆਪਣੀ ਔਲਾਦ ਨਾਲ ਧਰਤੀ ਨੂੰ ਭਰਨਾ ਸੀ, ਉਸ ਨੂੰ ਆਪਣੇ ਵੱਸ ਵਿਚ ਕਰਨਾ ਸੀ ਅਤੇ ਧਰਤੀ ਦੇ ਸਾਰੇ ਜੀਆਂ ਉੱਤੇ ਰਾਜ ਕਰਨਾ ਸੀ। (ਉਤਪਤ 1:28) ਜੇ ਯਹੋਵਾਹ ਆਦਮ ਤੇ ਹੱਵਾਹ ਨੂੰ ਨਾਸ਼ ਕਰ ਦਿੰਦਾ, ਤਾਂ ਉਸ ਦੇ ਇਹ ਸ਼ਬਦ ਅਧੂਰੇ ਰਹਿ ਜਾਣੇ ਸੀ। ਪਰ ਉਹ ਜੋ ਕਹਿੰਦਾ ਹੈ, ਉਹ ਪੂਰਾ ਹੋ ਕੇ ਹੀ ਰਹਿੰਦਾ ਹੈ। ਉਹ ਕਦੇ ਫੋਕੀਆਂ ਗੱਲਾਂ ਨਹੀਂ ਕਰਦਾ। ਨਿਆਂ ਨਾਲ ਪਿਆਰ ਹੋਣ ਕਰਕੇ ਯਹੋਵਾਹ ਆਪਣੇ ਵਾਅਦੇ ਤੋਂ ਕਦੀ ਮੁੱਕਰਦਾ ਨਹੀਂ।—ਯਸਾਯਾਹ 55:10, 11.

15, 16. ਅਸੀਂ ਉਨ੍ਹਾਂ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਜੋ ਅਦਨ ਦੇ ਬਾਗ਼ ਵਿਚ ਖੜ੍ਹੇ ਹੋਏ ਮਸਲੇ ਨੂੰ ਸੁਲਝਾਉਣ ਸੰਬੰਧੀ ਆਪਣੇ ਸੁਝਾਅ ਦਿੰਦੇ ਹਨ?

15ਕੀ ਕੋਈ ਹੋਰ ਇਸ ਮਸਲੇ ਨੂੰ ਯਹੋਵਾਹ ਨਾਲੋਂ ਵਧੀਆ ਤਰੀਕੇ ਨਾਲ ਹੱਲ ਕਰ ਸਕਦਾ ਸੀ? ਕੁਝ ਲੋਕ ਸ਼ਾਇਦ ਅਦਨ ਦੇ ਬਾਗ਼ ਵਿਚ ਖੜ੍ਹੇ ਹੋਏ ਮਸਲੇ ਨੂੰ ਸੁਲਝਾਉਣ ਸੰਬੰਧੀ ਆਪਣੇ ਸੁਝਾਅ ਦੇਣ, ਪਰ ਇਸ ਤਰ੍ਹਾਂ ਕਰਨ ਨਾਲ ਕੀ ਉਹ ਇਹ ਨਹੀਂ ਕਹਿ ਰਹੇ ਹੋਣਗੇ ਕਿ ਉਹ ਮਸਲੇ ਨੂੰ ਹੱਲ ਕਰਨ ਲਈ ਯਹੋਵਾਹ ਨਾਲੋਂ ਵਧੀਆ ਤਰੀਕਾ ਜਾਣਦੇ ਹਨ? ਭਾਵੇਂ ਇਹ ਸੁਝਾਅ ਉਹ ਖੋਟੀ ਨੀਅਤ ਨਾਲ ਨਹੀਂ ਦਿੰਦੇ, ਪਰ ਫਿਰ ਵੀ ਉਹ ਯਹੋਵਾਹ ਤੇ ਉਸ ਦੀ ਅਥਾਹ ਬੁੱਧ ਤੋਂ ਅਣਜਾਣ ਹਨ। ਰੋਮੀਆਂ ਨੂੰ ਖਤ ਲਿਖਦੇ ਵਕਤ ਪੌਲੁਸ ਰਸੂਲ ਨੇ ਪਰਮੇਸ਼ੁਰ ਦੀ ਬੁੱਧ ਬਾਰੇ ਵਿਸਤਾਰ ਨਾਲ ਲਿਖਿਆ। ਉਸ ਨੇ ਯਹੋਵਾਹ ਦੇ ਮਕਸਦ ਦੇ “ਭੇਤ” ਬਾਰੇ ਵੀ ਲਿਖਿਆ ਕਿ ਉਹ ਆਪਣੇ ਰਾਜ ਦੇ ਜ਼ਰੀਏ ਆਪਣੇ ਨਾਂ ਤੇ ਲੱਗੇ ਕਲੰਕ ਨੂੰ ਮਿਟਾਵੇਗਾ ਅਤੇ ਵਫ਼ਾਦਾਰ ਇਨਸਾਨਾਂ ਨੂੰ ਮੁਕਤੀ ਦਿਲਾਵੇਗਾ। ਪੌਲੁਸ ਪਰਮੇਸ਼ੁਰ ਦੀ ਬੁੱਧ ਬਾਰੇ ਕਿਵੇਂ ਮਹਿਸੂਸ ਕਰਦਾ ਸੀ? ਉਸ ਨੇ ਆਪਣੇ ਖਤ ਦੇ ਅਖ਼ੀਰ ਵਿਚ ਕਿਹਾ: “ਉਸ ਅਦੁਤੀ ਬੁੱਧੀਵਾਨ ਪਰਮੇਸ਼ੁਰ ਦੀ, ਹਾਂ, ਉਸੇ ਦੀ ਯਿਸੂ ਮਸੀਹ ਦੇ ਦੁਆਰਾ ਜੁੱਗੋ ਜੁੱਗ ਮਹਿਮਾ ਹੋਵੇ। ਆਮੀਨ!”—ਰੋਮੀਆਂ 11:25; 16:25-27.

16 ਪੌਲੁਸ ਜਾਣਦਾ ਸੀ ਕਿ ਯਹੋਵਾਹ “ਅਦੁਤੀ ਬੁੱਧੀਵਾਨ” ਹੈ ਯਾਨੀ ਉਹੀ ਬੁੱਧ ਦਾ ਸੋਮਾ ਹੈ ਕਿਉਂਕਿ ਉਹ ਸਭ ਚੀਜ਼ਾਂ ਦਾ ਗਿਆਨ ਰੱਖਦਾ ਹੈ। ਪਾਪੀ ਇਨਸਾਨਾਂ ਵਿੱਚੋਂ ਕੌਣ ਹੈ ਜੋ ਯਹੋਵਾਹ ਨਾਲੋਂ ਵਧੀਆ ਤਰੀਕੇ ਨਾਲ ਕਿਸੇ ਵੀ ਮਸਲੇ ਦਾ ਹੱਲ ਕਰ ਸਕਦਾ ਹੈ, ਸ਼ਤਾਨ ਦੀ ਚੁਣੌਤੀ ਦਾ ਜਵਾਬ ਦੇਣਾ ਤਾਂ ਦੂਰ ਦੀ ਗੱਲ ਰਹੀ? ਯਹੋਵਾਹ “ਦਿਲੋਂ ਬੁੱਧੀਮਾਨ” ਹੈ, ਇਸ ਲਈ ਜ਼ਰੂਰੀ ਹੈ ਕਿ ਅਸੀਂ ਲੋਕਾਂ ਦੀ ਮਦਦ ਕਰਦੇ ਵੇਲੇ ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਪਰਮੇਸ਼ੁਰ ਲਈ ਉਹੀ ਸ਼ਰਧਾ ਪੈਦਾ ਕਰੀਏ ਜੋ ਸਾਡੇ ਦਿਲਾਂ ਵਿਚ ਹੈ। (ਅੱਯੂਬ 9:4) ਜਿੰਨਾ ਜ਼ਿਆਦਾ ਅਸੀਂ ਯਹੋਵਾਹ ਦੀ ਬੁੱਧ ਨੂੰ ਸਮਝਾਂਗੇ, ਉੱਨਾ ਹੀ ਜ਼ਿਆਦਾ ਅਸੀਂ ਉਸ ਉੱਤੇ ਭਰੋਸਾ ਕਰਾਂਗੇ ਕਿ ਉਸ ਤੋਂ ਸਿਵਾਇ ਹੋਰ ਕੋਈ ਦੁਨੀਆਂ ਦੇ ਮਸਲਿਆਂ ਦਾ ਹੱਲ ਨਹੀਂ ਕਰ ਸਕਦਾ।—ਕਹਾਉਤਾਂ 3:5, 6.

ਯਹੋਵਾਹ ਦਾ ਉੱਤਮ ਗੁਣ

17. ਯਹੋਵਾਹ ਦੇ ਪਿਆਰ ਨੂੰ ਸਮਝਣ ਨਾਲ ਉਨ੍ਹਾਂ ਲੋਕਾਂ ਨੂੰ ਮਦਦ ਕਿਵੇਂ ਮਿਲ ਸਕਦੀ ਹੈ ਜੋ ਪੁੱਛਦੇ ਹਨ ਕਿ ਪਰਮੇਸ਼ੁਰ ਨੇ ਅੱਜ ਤਕ ਬੁਰਾਈ ਨੂੰ ਖ਼ਤਮ ਕਿਉਂ ਨਹੀਂ ਕੀਤਾ?

17 “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਇਹ ਗੱਲ ਕਹਿ ਕੇ ਬਾਈਬਲ ਸਾਨੂੰ ਯਹੋਵਾਹ ਦੇ ਉੱਤਮ ਗੁਣ ਬਾਰੇ ਦੱਸਦੀ ਹੈ। ਯਹੋਵਾਹ ਦੇ ਬਾਕੀ ਸਾਰਿਆਂ ਗੁਣਾਂ ਨਾਲੋਂ ਜ਼ਿਆਦਾ ਉਸ ਦਾ ਪਿਆਰ ਸਾਡੇ ਦਿਲਾਂ ਨੂੰ ਛੋਂਹਦਾ ਹੈ ਅਤੇ ਉਸ ਦੇ ਇਸ ਪਿਆਰ ਸਦਕਾ ਹੀ ਸਾਨੂੰ ਦੁੱਖਾਂ ਨਾਲ ਭਰੀ ਇਸ ਦੁਨੀਆਂ ਵਿਚ ਦਿਲਾਸਾ ਮਿਲਦਾ ਹੈ। ਆਪਣੀ ਸ੍ਰਿਸ਼ਟੀ ਦੀ ਮਾੜੀ ਦਸ਼ਾ ਸੁਧਾਰਨ ਲਈ ਯਹੋਵਾਹ ਨੇ ਜੋ ਵੀ ਤਰੀਕਾ ਵਰਤਿਆ ਹੈ, ਉਸ ਤੋਂ ਉਸ ਦਾ ਪਿਆਰ ਜ਼ਾਹਰ ਹੁੰਦਾ ਹੈ। ਆਦਮ ਅਤੇ ਹੱਵਾਹ ਦੀ ਔਲਾਦ ਨੂੰ ਚੰਗੇ ਭਵਿੱਖ ਦੀ ਉਮੀਦ ਦੇ ਕੇ ਯਹੋਵਾਹ ਨੇ ਆਪਣੇ ਪਿਆਰ ਦਾ ਸਬੂਤ ਦਿੱਤਾ ਹੈ। (ਉਤਪਤ 3:15) ਇਸ ਤੋਂ ਇਲਾਵਾ, ਪ੍ਰਾਰਥਨਾ ਦੇ ਜ਼ਰੀਏ ਉਹ ਉਸ ਨਾਲ ਗੱਲਬਾਤ ਕਰ ਸਕਦੇ ਹਨ ਤੇ ਉਸ ਨਾਲ ਦੋਸਤੀ ਕਰ ਸਕਦੇ ਹਨ। ਪਿਆਰ ਖ਼ਾਤਰ ਯਹੋਵਾਹ ਨੇ ਆਪਣੇ ਬੇਟੇ ਦੀ ਕੁਰਬਾਨੀ ਦੇ ਕੇ ਪਾਪੀ ਇਨਸਾਨਾਂ ਨੂੰ ਮਾਫ਼ੀ ਦੇਣ ਦਾ ਬੰਦੋਬਸਤ ਕੀਤਾ ਤਾਂਕਿ ਉਹ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰ ਸਕਣ। (ਯੂਹੰਨਾ 3:16) ਹੁਣ ਤਕ ਤਾਂ ਯਹੋਵਾਹ ਕਦੋਂ ਦਾ ਅੰਤ ਲਿਆ ਚੁੱਕਾ ਹੁੰਦਾ, ਪਰ ਉਸ ਨੇ ਧੀਰਜ ਰੱਖ ਕੇ ਲੋਕਾਂ ਨੂੰ ਮੌਕਾ ਦਿੱਤਾ ਹੈ ਤਾਂਕਿ ਉਹ ਸ਼ਤਾਨ ਨੂੰ ਠੁਕਰਾ ਕੇ ਯਹੋਵਾਹ ਦੀ ਹਕੂਮਤ ਨੂੰ ਚੁਣਨ। ਇਹ ਸਭ ਉਸ ਦੇ ਪਿਆਰ ਦਾ ਇਜ਼ਹਾਰ ਹੈ।—2 ਪਤਰਸ 3:9.

18. ਸਾਨੂੰ ਕੀ ਪਤਾ ਹੈ ਜੋ ਬਾਕੀ ਲੋਕਾਂ ਨੂੰ ਨਹੀਂ ਪਤਾ? ਅਗਲੇ ਲੇਖ ਵਿਚ ਅਸੀਂ ਕਿਸ ਵਿਸ਼ੇ ਬਾਰੇ ਗੱਲ ਕਰਾਂਗੇ?

18 ਇਕ ਅੱਤਵਾਦੀ ਹਮਲੇ ਦੀ ਬਰਸੀ ਮਨਾਉਣ ਦੇ ਮੌਕੇ ਤੇ ਇਕੱਠੇ ਹੋਏ ਲੋਕਾਂ ਨੂੰ ਇਕ ਪਾਦਰੀ ਨੇ ਕਿਹਾ: “ਸਾਨੂੰ ਨਹੀਂ ਪਤਾ ਕਿ ਪਰਮੇਸ਼ੁਰ ਇਨ੍ਹਾਂ ਬੁਰਾਈਆਂ ਨੂੰ ਰੋਕਦਾ ਕਿਉਂ ਨਹੀਂ ਹੈ।” ਇਹ ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਉਸ ਨੂੰ ਇਸ ਦਾ ਜਵਾਬ ਨਹੀਂ ਪਤਾ ਸੀ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਸਾਨੂੰ ਇਹ ਗੱਲਾਂ ਪਤਾ ਹਨ! (ਬਿਵਸਥਾ ਸਾਰ 29:29) ਸਾਨੂੰ ਇਹ ਵੀ ਪਤਾ ਹੈ ਕਿ ਜਲਦੀ ਹੀ ਪਰਮੇਸ਼ੁਰ ਨੇ ਸਾਰਿਆਂ ਦੁੱਖਾਂ ਦਾ ਖ਼ਾਤਮਾ ਕਰ ਦੇਣਾ ਹੈ ਕਿਉਂਕਿ ਉਹ ਬੁੱਧੀਮਾਨ ਹੈ, ਉਹ ਇਨਸਾਫ਼-ਪਸੰਦ ਹੈ ਤੇ ਸਾਨੂੰ ਪਿਆਰ ਕਰਦਾ ਹੈ। ਉਸ ਨੇ ਹੀ ਦੁੱਖਾਂ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ। (ਪਰਕਾਸ਼ ਦੀ ਪੋਥੀ 21:3, 4) ਪਰ ਕੀ ਉਨ੍ਹਾਂ ਲੋਕਾਂ ਲਈ ਕੋਈ ਉਮੀਦ ਹੈ ਜੋ ਸਦੀਆਂ ਦੌਰਾਨ ਮੌਤ ਦੀ ਨੀਂਦ ਸੌਂ ਗਏ ਹਨ? ਸ਼ਤਾਨ ਦੀ ਲਲਕਾਰ ਦਾ ਜਵਾਬ ਦੇਣ ਦੇ ਨਾਲ-ਨਾਲ ਕੀ ਯਹੋਵਾਹ ਨੇ ਉਨ੍ਹਾਂ ਲਈ ਵੀ ਕੋਈ ਇੰਤਜ਼ਾਮ ਕੀਤਾ ਹੈ? ਜੀ ਹਾਂ, ਯਹੋਵਾਹ ਨੇ ਆਪਣੇ ਪਿਆਰ ਦੇ ਸਬੂਤ ਵਜੋਂ ਉਨ੍ਹਾਂ ਨੂੰ ਦੁਬਾਰਾ ਜ਼ਿੰਦਾ ਕਰਨਾ ਹੈ। ਸਾਡਾ ਅਗਲਾ ਲੇਖ ਇਸ ਵਿਸ਼ੇ ਬਾਰੇ ਗੱਲ ਕਰੇਗਾ।

ਤੁਸੀਂ ਕੀ ਜਵਾਬ ਦਿਓਗੇ?

• ਅਸੀਂ ਉਸ ਵਿਅਕਤੀ ਨੂੰ ਕੀ ਕਹਿ ਸਕਦੇ ਹਾਂ ਜੋ ਪੁੱਛਦਾ ਹੈ ਕਿ ਪਰਮੇਸ਼ੁਰ ਨੇ ਅੱਜ ਤਕ ਬੁਰਾਈ ਨੂੰ ਖ਼ਤਮ ਕਿਉਂ ਨਹੀਂ ਕੀਤਾ?

• ਯਹੋਵਾਹ ਨੇ ਜਿਸ ਤਰੀਕੇ ਨਾਲ ਅਦਨ ਦੇ ਬਾਗ਼ ਵਿਚ ਖੜ੍ਹੇ ਹੋਏ ਮਸਲੇ ਨੂੰ ਸੁਲਝਾਇਆ, ਉਸ ਤੋਂ ਉਸ ਦੀ ਪਵਿੱਤਰਤਾ ਅਤੇ ਇਨਸਾਫ਼ ਕਿਵੇਂ ਜ਼ਾਹਰ ਹੁੰਦੇ ਹਨ?

• ਇਹ ਸਮਝਣ ਵਿਚ ਸਾਨੂੰ ਲੋਕਾਂ ਦੀ ਮਦਦ ਕਿਉਂ ਕਰਨੀ ਚਾਹੀਦੀ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਪਿਆਰ ਕਰਦਾ ਹੈ?

[ਸਵਾਲ]

[ਸਫ਼ਾ 21 ਉੱਤੇ ਤਸਵੀਰ]

ਉਨ੍ਹਾਂ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ ਜੋ ਦੁਨੀਆਂ ਵਿਚ ਫੈਲੀ ਬੁਰਾਈ ਕਾਰਨ ਦੁਖੀ ਹਨ

[ਸਫ਼ਾ 23 ਉੱਤੇ ਤਸਵੀਰਾਂ]

ਦਾਊਦ ਅਤੇ ਹਬੱਕੂਕ  ਨੇ ਸੱਚੇ ਦਿਲੋਂ ਪਰਮੇਸ਼ੁਰ ਨੂੰ ਸਵਾਲ ਪੁੱਛੇ ਸਨ