Skip to content

Skip to table of contents

“ਤੇਰੇ ਮਨੋਰਥ ਪੂਰੇ ਹੋਣਗੇ”

“ਤੇਰੇ ਮਨੋਰਥ ਪੂਰੇ ਹੋਣਗੇ”

“ਤੇਰੇ ਮਨੋਰਥ ਪੂਰੇ ਹੋਣਗੇ”

ਰਾਜਾ ਦਾਊਦ ਨੇ ਇਕ ਗੀਤ ਲਿਖਿਆ ਸੀ ਜਿਸ ਦੇ ਬੋਲ ਕੁਝ ਇਸ ਤਰ੍ਹਾਂ ਸਨ: “ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ। ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇਹ, ਅਤੇ ਆਪਣੇ ਪਰਮ ਆਤਮਾ ਨਾਲ ਮੈਨੂੰ ਸੰਭਾਲ।” (ਜ਼ਬੂਰਾਂ ਦੀ ਪੋਥੀ 51:10, 12) ਬਥ-ਸ਼ਬਾ ਨਾਲ ਵਿਭਚਾਰ ਕਰਨ ਤੋਂ ਬਾਅਦ ਦਾਊਦ ਆਪਣੀ ਕੀਤੀ ਤੇ ਬਹੁਤ ਪਛਤਾਇਆ। ਉਸ ਨੇ ਇਸ ਗੀਤ ਵਿਚ ਯਹੋਵਾਹ ਪਰਮੇਸ਼ੁਰ ਅੱਗੇ ਤਰਲੇ ਕੀਤੇ ਕਿ ਉਹ ਉਸ ਦੇ ਮਨ ਨੂੰ ਸ਼ੁੱਧ ਕਰੇ ਅਤੇ ਉਸ ਅੰਦਰ ਸਹੀ ਕੰਮ ਕਰਨ ਦੀ ਰੁਝਾਨ ਪੈਦਾ ਕਰੇ।

ਕੀ ਯਹੋਵਾਹ ਸੱਚ-ਮੁੱਚ ਸਾਡੇ ਅੰਦਰ ਨਵਾਂ ਮਨ ਪੈਦਾ ਕਰਦਾ ਹੈ? ਜਾਂ ਕੀ ਸਾਨੂੰ ਆਪਣੇ ਅੰਦਰ ਸ਼ੁੱਧ ਮਨ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਇਸ ਦੀ ਰਾਖੀ ਕਰਨੀ ਚਾਹੀਦੀ ਹੈ? ਬਾਈਬਲ ਕਹਿੰਦੀ ਹੈ ਕਿ “ਮਨਾਂ ਦਾ ਪਰਖਣ ਵਾਲਾ ਯਹੋਵਾਹ ਹੈ।” ਪਰ ਯਹੋਵਾਹ ਕਿਸ ਹੱਦ ਤਕ ਸਾਡੇ ਮਨਾਂ ਨੂੰ ਪਰਖਦਾ ਹੈ? (ਕਹਾਉਤਾਂ 17:3; ਯਿਰਮਿਯਾਹ 17:10) ਉਹ ਕਿਸ ਹੱਦ ਤਕ ਸਾਡੀ ਜ਼ਿੰਦਗੀ, ਸਾਡੇ ਮਨੋਰਥਾਂ ਤੇ ਕੰਮਾਂ ਉੱਤੇ ਪ੍ਰਭਾਵ ਪਾਉਂਦਾ ਹੈ?

ਕਹਾਉਤਾਂ ਦੇ ਸੋਲ੍ਹਵੇਂ ਅਧਿਆਇ ਦੀਆਂ ਪਹਿਲੀਆਂ ਨੌਂ ਆਇਤਾਂ ਵਿਚ ਯਹੋਵਾਹ ਦਾ ਨਾਂ ਅੱਠ ਵਾਰ ਇਸਤੇਮਾਲ ਕਰ ਕੇ ਦਿਖਾਇਆ ਗਿਆ ਹੈ ਕਿ ਅਸੀਂ ਪਰਮੇਸ਼ੁਰ ਦੇ ਅਧੀਨ ਕਿਵੇਂ ਹੋ ਸਕਦੇ ਹਾਂ ਤਾਂਕਿ ‘ਸਾਡੇ ਮਨੋਰਥ ਪੂਰੇ ਹੋਣ।’ (ਕਹਾਉਤਾਂ 16:3) ਆਇਤਾਂ 10 ਤੋਂ 15 ਵਿਚ ਰਾਜੇ ਜਾਂ ਸ਼ਾਸਕ ਦੀ ਜ਼ਿੰਮੇਵਾਰੀ ਬਾਰੇ ਗੱਲ ਕੀਤੀ ਗਈ ਹੈ।

“ਮਨ ਦੀਆਂ ਜੁਗਤਾਂ”—ਕਿਸ ਦੇ ਵੱਸ ਵਿਚ?

ਕਹਾਉਤਾਂ 16:1ੳ ਕਹਿੰਦਾ ਹੈ ਕਿ “ਮਨ ਦੀਆਂ ਜੁਗਤਾਂ ਤਾਂ ਆਦਮੀ ਦੇ ਵੱਸ ਵਿੱਚ ਹਨ।” ਇਸ ਤੋਂ ਪਤਾ ਲੱਗਦਾ ਹੈ ਕਿ “ਮਨ ਦੀਆਂ ਜੁਗਤਾਂ” ਸਾਡੇ ਵੱਸ ਵਿਚ ਹਨ। ਯਹੋਵਾਹ ਚਮਤਕਾਰ ਕਰ ਕੇ ਸਾਡੀਆਂ ਸੋਚਾਂ ਨਹੀਂ ਬਦਲਦਾ। ਸਾਨੂੰ ਆਪਣੇ ਮਨ ਦੇ ਵਿਚਾਰਾਂ ਨੂੰ ਯਹੋਵਾਹ ਦੇ ਵਿਚਾਰਾਂ ਅਨੁਸਾਰ ਲਿਆਉਣ ਲਈ ਉਸ ਦੇ ਬਚਨ ਬਾਈਬਲ ਦਾ ਸਹੀ ਗਿਆਨ ਲੈਣ ਲਈ ਮਿਹਨਤ ਕਰਨੀ ਪਵੇਗੀ। ਇਸ ਤੋਂ ਇਲਾਵਾ ਅਸੀਂ ਜੋ ਸਿੱਖਦੇ ਹਾਂ, ਸਾਨੂੰ ਉਸ ਉੱਤੇ ਮਨਨ ਕਰਨਾ ਪਵੇਗਾ।—ਕਹਾਉਤਾਂ 2:10, 11.

ਦਾਊਦ ਆਪਣੇ ਪਾਪੀ ਮਨ ਤੋਂ ਚੰਗੀ ਤਰ੍ਹਾਂ ਵਾਕਫ਼ ਸੀ ਤੇ ਉਹ ਜਾਣਦਾ ਸੀ ਕਿ ਮਨ ਨੂੰ ਸਾਫ਼ ਕਰਨ ਲਈ ਯਹੋਵਾਹ ਦੀ ਮਦਦ ਦੀ ਲੋੜ ਹੈ। ਇਸ ਲਈ ਉਸ ਨੇ “ਪਾਕ ਮਨ” ਲਈ ਪ੍ਰਾਰਥਨਾ ਕੀਤੀ। ਨਾਮੁਕੰਮਲ ਹੋਣ ਕਰਕੇ ਅਸੀਂ ਸ਼ਾਇਦ “ਸਰੀਰ ਦੇ ਕੰਮ” ਕਰਨ ਦੇ ਲਾਲਚ ਵਿਚ ਆ ਜਾਈਏ। (ਗਲਾਤੀਆਂ 5:19-21) ਅਸੀਂ ਯਹੋਵਾਹ ਦੀ ਮਦਦ ਨਾਲ ਹੀ ‘ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਅਰਥਾਤ ਹਰਾਮਕਾਰੀ, ਗੰਦ ਮੰਦ, ਕਾਮਨਾ, ਬੁਰੀ ਇੱਛਿਆ ਅਤੇ ਲੋਭ’ ਤੇ ਕਾਬੂ ਪਾ ਸਕਦੇ ਹਾਂ। (ਕੁਲੁੱਸੀਆਂ 3:5) ਇਸ ਲਈ ਪਰਤਾਵਿਆਂ ਤੋਂ ਬਚਣ ਅਤੇ ਆਪਣੇ ਮਨ ਵਿੱਚੋਂ ਪਾਪ ਕੱਢਣ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਜ਼ਰੂਰੀ ਹੈ।

ਕੀ ਅਸੀਂ ਮਨ ਨੂੰ “ਵੱਸ” ਵਿਚ ਕਰਨ ਵਿਚ ਦੂਸਰਿਆਂ ਦੀ ਮਦਦ ਕਰ ਸਕਦੇ ਹਾਂ? ਬਾਈਬਲ ਦੱਸਦੀ ਹੈ: “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” (ਕਹਾਉਤਾਂ 12:18) ਅਸੀਂ ਆਪਣੀ ਜ਼ਬਾਨ ਨਾਲ ਦੂਸਰਿਆਂ ਤੇ ਚੰਗਾ ਅਸਰ ਕਿਵੇਂ ਪਾ ਸਕਦੇ ਹਾਂ? ਸਿਰਫ਼ ਉਦੋਂ ਜਦੋਂ “ਜ਼ਬਾਨੋਂ ਉੱਤਰ ਯਹੋਵਾਹ ਵੱਲੋਂ ਹੁੰਦਾ ਹੈ” ਯਾਨੀ ਜਦੋਂ ਅਸੀਂ ਸੱਚਾਈ ਦੇ ਬਚਨ ਬੋਲਦੇ ਹਾਂ।—ਕਹਾਉਤਾਂ 16:1ਅ.

ਬਾਈਬਲ ਵਿਚ ਦੱਸਿਆ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?” (ਯਿਰਮਿਯਾਹ 17:9) ਗ਼ਲਤੀ ਕਰਨ ਤੇ ਸਾਡਾ ਮਨ ਸਫ਼ਾਈ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਆਪਣੇ ਆਪ ਨੂੰ ਧੋਖਾ ਦਿੰਦਾ ਹੈ। ਇਸ ਖ਼ਤਰੇ ਤੋਂ ਖ਼ਬਰਦਾਰ ਕਰਦੇ ਹੋਏ ਪ੍ਰਾਚੀਨ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਕਿਹਾ: “ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸੁੱਧ ਹੈ, ਪਰ ਯਹੋਵਾਹ ਰੂਹਾਂ ਨੂੰ ਜਾਚਦਾ ਹੈ।”ਕਹਾਉਤਾਂ 16:2.

ਆਪਣੇ ਆਪ ਨਾਲ ਪਿਆਰ ਹੋਣ ਕਾਰਨ ਅਸੀਂ ਗ਼ਲਤੀਆਂ ਕਰ ਕੇ ਸਫ਼ਾਈ ਪੇਸ਼ ਕਰਦੇ ਹਾਂ, ਆਪਣੀਆਂ ਮਾੜੀਆਂ ਆਦਤਾਂ ਲੁਕਾਉਂਦੇ ਹਾਂ ਅਤੇ ਸਾਨੂੰ ਆਪਣੀਆਂ ਕਮਜ਼ੋਰੀਆਂ ਦਿਖਾਈ ਨਹੀਂ ਦਿੰਦੀਆਂ। ਪਰ ਯਹੋਵਾਹ ਨੂੰ ਅਸੀਂ ਧੋਖਾ ਨਹੀਂ ਦੇ ਸਕਦੇ ਕਿਉਂਕਿ ਉਹ ਰੂਹਾਂ ਨੂੰ ਜਾਂਚਦਾ ਹੈ। ਇੱਥੇ ਰੂਹ ਦਾ ਮਤਲਬ ਹੈ ਇਨਸਾਨ ਦਾ ਸੁਭਾਅ ਜਾਂ ਰਵੱਈਆ। ਸਾਡੀਆਂ ਸੋਚਾਂ ਅਤੇ ਜਜ਼ਬਾਤਾਂ ਦਾ ਸਾਡੇ ਸੁਭਾਅ ਉੱਤੇ ਬਹੁਤ ਅਸਰ ਪੈਂਦਾ ਹੈ। “ਮਨਾਂ ਦਾ ਪਰਖਣ ਵਾਲਾ” ਸਾਡੇ ਸੁਭਾਅ ਨੂੰ ਪਰਖਦਾ ਹੈ ਅਤੇ ਇਹ ਕਰਨ ਵੇਲੇ ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਇਸ ਲਈ ਆਪਣੇ ਸੁਭਾਅ ਜਾਂ ਰਵੱਈਏ ਦੀ ਰਾਖੀ ਕਰਨੀ ਸਮਝਦਾਰੀ ਹੈ।

“ਆਪਣੇ ਕੰਮਾਂ ਨੂੰ ਯਹੋਵਾਹ ਉੱਤੇ ਛੱਡ ਦੇਹ”

ਯੋਜਨਾਵਾਂ ਬਣਾਉਣ ਵੇਲੇ ਸਾਨੂੰ ਬਹੁਤ ਸੋਚਣਾ-ਵਿਚਾਰਨਾ ਪੈਂਦਾ ਹੈ। ਯੋਜਨਾ ਬਣਾਉਣ ਤੋਂ ਬਾਅਦ ਉਸ ਅਨੁਸਾਰ ਕੰਮ ਕੀਤਾ ਜਾਂਦਾ ਹੈ। ਆਪਣੀਆਂ ਯੋਜਨਾਵਾਂ ਵਿਚ ਕਾਮਯਾਬ ਹੋਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਸੁਲੇਮਾਨ ਨੇ ਕਿਹਾ: “ਆਪਣੇ ਕੰਮਾਂ ਨੂੰ ਯਹੋਵਾਹ ਉੱਤੇ ਛੱਡ ਦੇਹ, ਤਾਂ ਤੇਰੇ ਮਨੋਰਥ ਪੂਰੇ ਹੋਣਗੇ।” (ਕਹਾਉਤਾਂ 16:3) ਆਪਣੇ ਕੰਮ ਯਹੋਵਾਹ ਉੱਤੇ ਛੱਡਣ ਦਾ ਮਤਲਬ ਹੈ ਕਿ ਅਸੀਂ ਉਸ ਉੱਤੇ ਭਰੋਸਾ ਰੱਖੀਏ, ਉਸ ਦੇ ਅਧੀਨ ਹੋਈਏ ਅਤੇ ਆਪਣਾ ਭਾਰ ਉਸ ਉੱਤੇ ਸੁੱਟੀਏ। ਜ਼ਬੂਰਾਂ ਦੇ ਲਿਖਾਰੀ ਨੇ ਇਕ ਗਾਣੇ ਵਿਚ ਕਿਹਾ: “ਆਪਣਾ ਰਾਹ ਯਹੋਵਾਹ ਦੇ ਗੋਚਰਾ ਕਰ, ਅਤੇ ਉਸ ਉੱਤੇ ਭਰੋਸਾ ਰੱਖ ਅਤੇ ਉਹ ਪੂਰਿਆਂ ਕਰੇਗਾ।”—ਜ਼ਬੂਰਾਂ ਦੀ ਪੋਥੀ 37:5.

ਪਰ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਯੋਜਨਾਵਾਂ ਸਫ਼ਲ ਹੋਣ, ਤਾਂ ਸਾਨੂੰ ਪਰਮੇਸ਼ੁਰ ਦੇ ਬਚਨ ਦੇ ਅਨੁਸਾਰ ਚੱਲਣਾ ਚਾਹੀਦਾ ਹੈ। ਇਨ੍ਹਾਂ ਯੋਜਨਾਵਾਂ ਦਾ ਮੰਤਵ ਵੀ ਸਹੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਸਾਨੂੰ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਬਾਈਬਲ ਵਿਚ ਦਿੱਤੀ ਸਲਾਹ ਉੱਤੇ ਦਿਲੋਂ ਚੱਲਣਾ ਚਾਹੀਦਾ ਹੈ। ਜਦੋਂ ਅਸੀਂ ਮੁਸ਼ਕਲਾਂ ਵਿਚ ਹੁੰਦੇ ਹਾਂ, ਸਾਨੂੰ ਉਦੋਂ ਖ਼ਾਸ ਤੌਰ ਤੇ ‘ਆਪਣਾ ਭਾਰ ਯਹੋਵਾਹ ਉੱਤੇ ਸੁੱਟਣਾ’ ਚਾਹੀਦਾ ਹੈ ਕਿਉਂਕਿ ‘ਉਹ ਸਾਨੂੰ ਸੰਭਾਲੇਗਾ।’ ਯਹੋਵਾਹ “ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।”—ਜ਼ਬੂਰਾਂ ਦੀ ਪੋਥੀ 55:22.

“ਯਹੋਵਾਹ ਨੇ ਸਾਰੀਆਂ ਵਸਤਾਂ ਖਾਸ ਪਰੋਜਨ ਲਈ ਬਣਾਈਆਂ”

ਆਪਣੇ ਕੰਮ ਯਹੋਵਾਹ ਉੱਤੇ ਛੱਡ ਦੇਣ ਦਾ ਕੀ ਫ਼ਾਇਦਾ ਹੋਵੇਗਾ? ਰਾਜਾ ਸੁਲੇਮਾਨ ਨੇ ਕਿਹਾ: “ਯਹੋਵਾਹ ਨੇ ਸਾਰੀਆਂ ਵਸਤਾਂ ਖਾਸ ਪਰੋਜਨ [ਯਾਨੀ ਮਕਸਦ] ਲਈ ਬਣਾਈਆਂ।” (ਕਹਾਉਤਾਂ 16:4ੳ) ਦੁਨੀਆਂ ਦੇ ਸਿਰਜਣਹਾਰ ਦੇ ਹਰ ਕੰਮ ਦਾ ਇਕ ਮਕਸਦ ਹੁੰਦਾ ਹੈ। ਜਦੋਂ ਅਸੀਂ ਆਪਣੇ ਕੰਮ ਯਹੋਵਾਹ ਉੱਤੇ ਛੱਡ ਦਿੰਦੇ ਹਾਂ, ਤਾਂ ਸਾਡੀਆਂ ਜ਼ਿੰਦਗੀਆਂ ਮਕਸਦ ਵਾਲੇ ਕੰਮਾਂ ਨਾਲ ਭਰ ਜਾਂਦੀਆਂ ਹਨ। ਇਹ ਐਵੇਂ ਵਿਅਰਥ ਨਹੀਂ ਜਾਂਦੀਆਂ। ਯਹੋਵਾਹ ਨੇ ਧਰਤੀ ਅਤੇ ਇਨਸਾਨ ਨੂੰ ਹਮੇਸ਼ਾ ਰਹਿਣ ਦੇ ਮਕਸਦ ਨਾਲ ਬਣਾਇਆ ਹੈ। (ਅਫ਼ਸੀਆਂ 3:11) ਉਸ ਨੇ ਧਰਤੀ ਨੂੰ “ਵੱਸਣ ਲਈ ਸਾਜਿਆ।” (ਯਸਾਯਾਹ 45:18) ਇਸ ਤੋਂ ਇਲਾਵਾ, ਇਨਸਾਨ ਲਈ ਪਰਮੇਸ਼ੁਰ ਦਾ ਜੋ ਮਕਸਦ ਹੈ, ਉਹ ਜ਼ਰੂਰ ਪੂਰਾ ਹੋਵੇਗਾ। (ਉਤਪਤ 1:28) ਜੋ ਇਨਸਾਨ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਦਾ ਹੈ, ਉਹ ਸਦਾ ਦੀ ਜ਼ਿੰਦਗੀ ਜੀਣ ਦੀ ਉਮੀਦ ਰੱਖਦਾ ਹੈ ਅਤੇ ਉਸ ਦੀ ਜ਼ਿੰਦਗੀ ਦਾ ਹਮੇਸ਼ਾ ਮਕਸਦ ਹੋਵੇਗਾ।

ਯਹੋਵਾਹ ਨੇ “ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ” ਬਣਾਇਆ ਹੈ। (ਕਹਾਉਤਾਂ 16:4ਅ) ਲੋਕ ਦੁਸ਼ਟ ਆਪੇ ਬਣਦੇ ਹਨ, ਨਾ ਕਿ ਪਰਮੇਸ਼ੁਰ ਉਨ੍ਹਾਂ ਨੂੰ ਬਣਾਉਂਦਾ ਹੈ ਕਿਉਂਕਿ “ਉਸ ਦੀ ਕਰਨੀ ਪੂਰੀ ਹੈ।” (ਬਿਵਸਥਾ ਸਾਰ 32:4) ਪਰ ਉਸ ਨੇ ਉਨ੍ਹਾਂ ਨੂੰ ਉਦੋਂ ਤਕ ਜੀਉਂਦੇ ਰਹਿਣ ਦਿੱਤਾ ਹੈ ਜਦੋਂ ਤਕ ਉਹ ਉਨ੍ਹਾਂ ਨੂੰ ਢੁਕਵੇਂ ਸਮੇਂ ਤੇ ਉਨ੍ਹਾਂ ਦੇ ਮਾੜੇ ਕੰਮਾਂ ਦੀ ਸਜ਼ਾ ਨਹੀਂ ਦਿੰਦਾ। ਉਦਾਹਰਣ ਲਈ, ਯਹੋਵਾਹ ਨੇ ਮਿਸਰ ਦੇ ਫਿਰਊਨ ਨੂੰ ਕਿਹਾ ਸੀ: “ਮੈਂ ਤੈਨੂੰ ਏਸ ਕਰਕੇ ਘਲਿਆਰਿਆ ਅਤੇ ਏਸ ਕਰਕੇ ਤੈਨੂੰ ਆਪਣਾ ਬਲ ਵਿਖਾਇਆ ਤਾਂ ਜੋ ਮੇਰਾ ਨਾਮ ਸਾਰੀ ਧਰਤੀ ਵਿੱਚ ਪਰਗਟ ਹੋ ਜਾਵੇ।” (ਕੂਚ 9:16) ਮਿਸਰ ਉੱਤੇ ਆਈਆਂ ਦਸ ਬਵਾਂ ਅਤੇ ਲਾਲ ਸਮੁੰਦਰ ਵਿਚ ਫਿਰਊਨ ਅਤੇ ਉਸ ਦੀ ਫ਼ੌਜ ਦਾ ਖ਼ਾਤਮਾ ਯਹੋਵਾਹ ਦੀ ਅਸੀਮ ਤਾਕਤ ਦਾ ਸਬੂਤ ਸੀ।

ਯਹੋਵਾਹ ਹਾਲਾਤਾਂ ਨੂੰ ਅਜਿਹੇ ਤਰੀਕੇ ਨਾਲ ਵਰਤ ਸਕਦਾ ਹੈ ਕਿ ਦੁਸ਼ਟ ਅਣਜਾਣੇ ਵਿਚ ਉਸ ਦੇ ਮਕਸਦ ਨੂੰ ਪੂਰਾ ਕਰਨ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ: “ਸੱਚ ਮੁੱਚ ਆਦਮੀ ਦਾ ਗੁੱਸਾ ਤੇਰੀ [ਯਹੋਵਾਹ ਦੀ] ਸਲਾਹਤ ਕਰਾਵੇਗਾ, ਅਤੇ ਗੁੱਸੇ ਦੇ ਬਕੀਏ ਨਾਲ ਤੂੰ ਕਮਰ ਕੱਸੇਂਗਾ।” (ਜ਼ਬੂਰਾਂ ਦੀ ਪੋਥੀ 76:10) ਯਹੋਵਾਹ ਆਪਣੇ ਸੇਵਕਾਂ ਨੂੰ ਤਾੜਨਾ ਅਤੇ ਸਿਖਲਾਈ ਦੇਣ ਲਈ ਆਪਣੇ ਵੈਰੀਆਂ ਨੂੰ ਇਕ ਹੱਦ ਤਕ ਉਨ੍ਹਾਂ ਉੱਤੇ ਗੁੱਸਾ ਕੱਢਣ ਦੀ ਇਜਾਜ਼ਤ ਦਿੰਦਾ ਹੈ। ਵੈਰੀਆਂ ਦਾ ਗੁੱਸਾ ਹੱਦ ਪਾਰ ਕਰ ਜਾਣ ਤੇ ਯਹੋਵਾਹ ਦਖ਼ਲਅੰਦਾਜ਼ੀ ਕਰਦਾ ਹੈ।

ਯਹੋਵਾਹ ਨਿਮਰ ਲੋਕਾਂ ਨੂੰ ਸੰਭਾਲਦਾ ਹੈ। ਪਰ ਉਹ ਘਮੰਡੀ ਤੇ ਆਕੜਖ਼ੋਰ ਲੋਕਾਂ ਨਾਲ ਕਿਵੇਂ ਪੇਸ਼ ਆਉਂਦਾ ਹੈ? ਰਾਜਾ ਸੁਲੇਮਾਨ ਨੇ ਕਿਹਾ: “ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪੱਕ ਮੰਨੋ ਉਹ ਬਿਨਾ ਡੰਨ ਨਾ ਛੁੱਟੇਗਾ।” (ਕਹਾਉਤਾਂ 16:5) ਜਿਨ੍ਹਾਂ ਦੇ “ਮਨ ਵਿੱਚ ਹੰਕਾਰ” ਹੈ, ਭਾਵੇਂ ਉਹ ਇਕ-ਦੂਜੇ ਦੀ ਕਿੰਨੀ ਹੀ ਹਿਮਾਇਤ ਕਿਉਂ ਨਾ ਕਰਨ, ਪਰ ਇਕ ਦਿਨ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲਦੀ ਹੈ। ਇਸ ਲਈ ਆਪਣੇ ਅੰਦਰ ਨਿਮਰਤਾ ਪੈਦਾ ਕਰਨੀ ਸਮਝਦਾਰੀ ਹੈ, ਭਾਵੇਂ ਅਸੀਂ ਜਿੰਨੇ ਮਰਜ਼ੀ ਗਿਆਨਵਾਨ ਹੋਈਏ ਜਾਂ ਕਲੀਸਿਯਾ ਵਿਚ ਜੋ ਮਰਜ਼ੀ ਸਨਮਾਨ ਸਾਨੂੰ ਮਿਲੇ ਹੋਣ।

“ਯਹੋਵਾਹ ਦਾ ਭੈ”

ਪਾਪੀ ਪੈਦਾ ਹੋਣ ਕਰਕੇ ਸਾਡੇ ਤੋਂ ਗ਼ਲਤੀਆਂ ਹੋ ਹੀ ਜਾਂਦੀਆਂ ਹਨ। (ਰੋਮੀਆਂ 3:23; 5:12) ਅਸੀਂ ਅਜਿਹੀਆਂ ਯੋਜਨਾਵਾਂ ਬਣਾਉਣ ਤੋਂ ਕਿਵੇਂ ਬਚ ਸਕਦੇ ਹਾਂ ਜੋ ਸਾਨੂੰ ਗ਼ਲਤ ਰਾਹੇ ਲੈ ਜਾ ਸਕਦੀਆਂ ਹਨ? ਕਹਾਉਤਾਂ 16:6 ਵਿਚ ਕਿਹਾ ਹੈ: “ਦਯਾ ਅਤੇ ਸਚਿਆਈ ਨਾਲ ਕੁਧਰਮ ਢੱਕਿਆ ਜਾਂਦਾ ਹੈ, ਅਤੇ ਯਹੋਵਾਹ ਦਾ ਭੈ ਮੰਨਣ ਕਰਕੇ ਲੋਕ ਬੁਰਿਆਈ ਤੋਂ ਪਰੇ ਰਹਿੰਦੇ ਹਨ।” ਭਾਵੇਂ ਯਹੋਵਾਹ ਦਇਆ ਅਤੇ ਸੱਚਾਈ ਕਰਕੇ ਸਾਡੇ ਪਾਪ ਮਾਫ਼ ਕਰ ਦਿੰਦਾ ਹੈ, ਪਰ ਉਸ ਦਾ ਭੈ ਸਾਨੂੰ ਪਾਪ ਕਰਦੇ ਰਹਿਣ ਤੋਂ ਰੋਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕਰਨ ਅਤੇ ਉਸ ਦੀ ਦਇਆ ਦੀ ਕਦਰ ਕਰਨ ਦੇ ਨਾਲ-ਨਾਲ ਉਸ ਨੂੰ ਨਾਰਾਜ਼ ਕਰਨ ਤੋਂ ਡਰੀਏ ਵੀ।

ਜਦੋਂ ਸਾਡੇ ਮਨ ਵਿਚ ਪਰਮੇਸ਼ੁਰ ਦੀ ਅਥਾਹ ਤਾਕਤ ਲਈ ਗਹਿਰੀ ਸ਼ਰਧਾ ਪੈਦਾ ਹੁੰਦੀ ਹੈ, ਤਾਂ ਸਾਡੇ ਅੰਦਰ ਆਪਣੇ ਆਪ ਉਸ ਦਾ ਡਰ ਵੀ ਆ ਜਾਂਦਾ ਹੈ। ਜ਼ਰਾ ਸ੍ਰਿਸ਼ਟੀ ਦੀਆਂ ਚੀਜ਼ਾਂ ਤੋਂ ਨਜ਼ਰ ਆਉਂਦੀ ਉਸ ਦੀ ਤਾਕਤ ਬਾਰੇ ਸੋਚੋ! ਜਦੋਂ ਅੱਯੂਬ ਨੂੰ ਸ੍ਰਿਸ਼ਟੀ ਦੀਆਂ ਉਦਾਹਰਣਾਂ ਦੇ ਕੇ ਪਰਮੇਸ਼ੁਰ ਦੀ ਤਾਕਤ ਬਾਰੇ ਯਾਦ ਕਰਾਇਆ ਗਿਆ, ਤਾਂ ਅੱਯੂਬ ਨੇ ਆਪਣੀ ਸੋਚ ਨੂੰ ਬਦਲਿਆ। (ਅੱਯੂਬ 42:1-6) ਜਦੋਂ ਅਸੀਂ ਬਾਈਬਲ ਵਿਚ ਪੜ੍ਹਦੇ ਹਾਂ ਕਿ ਯਹੋਵਾਹ ਨੇ ਆਪਣੇ ਲੋਕਾਂ ਲਈ ਕੀ-ਕੀ ਕੀਤਾ ਤੇ ਉਨ੍ਹਾਂ ਗੱਲਾਂ ਤੇ ਮਨਨ ਕਰਦੇ ਹਾਂ, ਤਾਂ ਅਸੀਂ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦੇ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ: “ਆਓ, ਪਰਮੇਸ਼ੁਰ ਦੇ ਕੰਮਾਂ ਨੂੰ ਵੇਖੋ, ਆਦਮ ਵੰਸੀਆਂ ਦੀ ਵੱਲ ਉਹ ਦੀ ਕਰਨੀ ਭਿਆਣਕ ਹੈ।” (ਜ਼ਬੂਰਾਂ ਦੀ ਪੋਥੀ 66:5) ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਯਹੋਵਾਹ ਸਾਡੇ ਤੇ ਦਇਆ ਕਰਦਾ ਰਹੇਗਾ। ਜਦੋਂ ਇਸਰਾਏਲੀ ‘ਆਕੀ ਹੋ ਗਏ, ਅਤੇ ਪਰਮੇਸ਼ੁਰ ਦੇ ਪਵਿੱਤਰ ਆਤਮਾ ਨੂੰ ਗਰੰਜ ਕੀਤਾ, ਉਹ ਉਲਟਾ ਓਹਨਾਂ ਦਾ ਵੈਰੀ ਬਣ ਗਿਆ, ਅਤੇ ਆਪ ਓਹਨਾਂ ਨਾਲ ਲੜਿਆ।’ (ਯਸਾਯਾਹ 63:10) ਦੂਸਰੇ ਪਾਸੇ, “ਜਦ ਕਿਸੇ ਦੀ ਚਾਲ ਯਹੋਵਾਹ ਨੂੰ ਭਾਉਂਦੀ ਹੈ, ਤਾਂ ਉਹ ਉਸ ਦੇ ਵੈਰੀਆਂ ਦਾ ਵੀ ਉਸ ਨਾਲ ਮੇਲ ਕਰਾਉਂਦਾ ਹੈ।” (ਕਹਾਉਤਾਂ 16:7) ਯਹੋਵਾਹ ਦਾ ਭੈ ਸੱਚ-ਮੁੱਚ ਸਾਡੇ ਲਈ ਪਨਾਹ ਹੈ!

ਰਾਜਾ ਸੁਲੇਮਾਨ ਨੇ ਕਿਹਾ: “ਧਰਮ ਨਾਲ ਥੋੜਾ ਜਿਹਾ ਕੁਨਿਆਉਂ ਦੀ ਵੱਡੀ ਆਮਦਨੀ ਨਾਲੋਂ ਚੰਗਾ ਹੈ।” (ਕਹਾਉਤਾਂ 16:8) ਕਹਾਉਤਾਂ 15:16 ਵਿਚ ਕਿਹਾ ਗਿਆ ਹੈ: “ਉਹ ਥੋੜਾ ਜਿਹਾ ਜੋ ਯਹੋਵਾਹ ਦੇ ਭੈ ਨਾਲ ਹੋਵੇ, ਉਸ ਵੱਡੇ ਖ਼ਜ਼ਾਨੇ ਨਾਲੋਂ ਚੰਗਾ ਹੈ ਜਿਹਦੇ ਨਾਲ ਘਬਰਾਹਟ ਹੋਵੇ।” ਸਹੀ ਰਸਤੇ ਤੇ ਚੱਲਦੇ ਰਹਿਣ ਵਾਸਤੇ ਪਰਮੇਸ਼ੁਰ ਲਈ ਸ਼ਰਧਾ ਹੋਣੀ ਜ਼ਰੂਰੀ ਹੈ।

“ਆਦਮੀ ਦਾ ਮਨ ਉਹ ਦਾ ਰਾਹ ਠਹਿਰਾਉਂਦਾ ਹੈ”

ਪਰਮੇਸ਼ੁਰ ਨੇ ਇਨਸਾਨ ਨੂੰ ਆਪਣੇ ਫ਼ੈਸਲੇ ਆਪ ਕਰਨ ਅਤੇ ਸਹੀ ਤੇ ਗ਼ਲਤ ਦੀ ਚੋਣ ਕਰਨ ਦੀ ਕਾਬਲੀਅਤ ਦਿੱਤੀ ਹੈ। (ਬਿਵਸਥਾ ਸਾਰ 30:19, 20) ਸਾਡੇ ਵਿਚ ਸੋਚ-ਵਿਚਾਰ ਕਰ ਕੇ ਫ਼ੈਸਲਾ ਕਰਨ ਦੀ ਕਾਬਲੀਅਤ ਹੈ ਕਿ ਕਿਹੜੀ ਗੱਲ ਸਾਡੇ ਲਈ ਠੀਕ ਰਹੇਗੀ। ਸੁਲੇਮਾਨ ਨੇ ਫ਼ੈਸਲੇ ਕਰਨ ਦੀ ਜ਼ਿੰਮੇਵਾਰੀ ਬਾਰੇ ਕਿਹਾ: “ਆਦਮੀ ਦਾ ਮਨ ਉਹ ਦਾ ਰਾਹ ਠਹਿਰਾਉਂਦਾ ਹੈ।” ਜਦੋਂ ਅਸੀਂ ਫ਼ੈਸਲਾ ਕਰ ਲੈਂਦੇ ਹਾਂ, ਤਾਂ ‘ਯਹੋਵਾਹ ਸਾਡੇ ਪੈਰਾਂ ਦੀ ਅਗਵਾਈ ਕਰਦਾ ਹੈ।’ (ਕਹਾਉਤਾਂ 16:9) ਯਹੋਵਾਹ ਸਾਡੀ ਅਗਵਾਈ ਕਰਦਾ ਹੈ, ਇਸ ਕਰਕੇ ‘ਆਪਣੇ ਮਨੋਰਥ ਪੂਰੇ ਕਰਨ ਲਈ’ ਉਸ ਦੀ ਮਦਦ ਲੈਣੀ ਸਮਝਦਾਰੀ ਹੈ।

ਜਿਵੇਂ ਅਸੀਂ ਉੱਪਰ ਦੇਖਿਆ ਸੀ, ਦਿਲ ਧੋਖੇਬਾਜ਼ ਹੈ ਅਤੇ ਗ਼ਲਤ ਦਲੀਲ ਦੇ ਸਕਦਾ ਹੈ। ਉਦਾਹਰਣ ਲਈ, ਪਾਪ ਕਰਨ ਤੋਂ ਬਾਅਦ ਸਾਡਾ ਦਿਲ ਸ਼ਾਇਦ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ ਸਫ਼ਾਈ ਦੇਣ ਦੀ ਕੋਸ਼ਿਸ਼ ਕਰੇ। ਗ਼ਲਤ ਕੰਮ ਕਰਨੇ ਛੱਡਣ ਦੀ ਬਜਾਇ ਅਸੀਂ ਸ਼ਾਇਦ ਦਲੀਲ ਦੇਈਏ ਕਿ ਪਰਮੇਸ਼ੁਰ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਉਹ ਦਿਆਲੂ ਤੇ ਮਾਫ਼ ਕਰਨ ਵਾਲਾ ਹੈ। ਅਸੀਂ ਸ਼ਾਇਦ ਆਪਣੇ ਦਿਲ ਵਿਚ ਇਹ ਕਹੀਏ: “ਪਰਮੇਸ਼ੁਰ ਭੁੱਲ ਗਿਆ ਹੈ, ਉਸ ਆਪਣਾ ਮੂੰਹ ਛਿਪਾਇਆ ਹੈ, ਉਹ ਕਦੀ ਵੀ ਨਾ ਵੇਖੇਗਾ!” (ਜ਼ਬੂਰਾਂ ਦੀ ਪੋਥੀ 10:11) ਪਰ ਇਹ ਸੋਚਣਾ ਗ਼ਲਤ ਅਤੇ ਖ਼ਤਰਨਾਕ ਹੈ ਕਿ ਪਰਮੇਸ਼ੁਰ ਸਾਡੇ ਤੇ ਹਮੇਸ਼ਾ ਦਇਆ ਕਰਦਾ ਰਹੇਗਾ।

“ਸੱਚੀ ਤੱਕੜੀ ਤੇ ਪਲੜੇ ਯਹੋਵਾਹ ਦੇ ਹਨ”

ਇਨਸਾਨ ਦੇ ਦਿਲ ਅਤੇ ਕੰਮਾਂ ਦੀ ਗੱਲ ਕਰਨ ਤੋਂ ਬਾਅਦ ਸੁਲੇਮਾਨ ਰਾਜੇ ਦੇ ਬਾਰੇ ਕਹਿੰਦਾ ਹੈ: “ਪਾਤਸ਼ਾਹ ਦੇ ਬੁੱਲ੍ਹਾਂ ਤੋਂ ਸੁਰਗੀ ਬਚਨ ਨਿੱਕਲਦਾ ਹੈ, ਨਿਆਉਂ ਵਿੱਚ ਉਹ ਦਾ ਮੂੰਹ ਭੁੱਲ ਨਹੀਂ ਕਰਦਾ।” (ਕਹਾਉਤਾਂ 16:10) ਇਹ ਗੱਲ ਰਾਜਾ ਯਿਸੂ ਮਸੀਹ ਬਾਰੇ ਸੱਚ ਹੈ। ਉਹ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਧਰਤੀ ਉੱਤੇ ਰਾਜ ਕਰੇਗਾ।

ਨਿਆਂ ਅਤੇ ਧਾਰਮਿਕਤਾ ਦੇ ਸੋਮੇ ਦੀ ਪਛਾਣ ਕਰਾਉਂਦੇ ਹੋਏ ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ: “ਸੱਚੀ ਤੱਕੜੀ ਤੇ ਪਲੜੇ ਯਹੋਵਾਹ ਦੇ ਹਨ, ਗੁੱਥਲੀ ਦੇ ਸਾਰੇ ਵੱਟੇ ਓਸੇ ਦਾ ਕੰਮ ਹਨ।” (ਕਹਾਉਤਾਂ 16:11) ਸਹੀ ਤੱਕੜੀ ਅਤੇ ਪਲੜੇ ਯਾਨੀ ਸਹੀ ਮਿਆਰ ਯਹੋਵਾਹ ਨੇ ਦਿੱਤੇ ਹਨ। ਕੋਈ ਵੀ ਰਾਜਾ ਆਪਣੀ ਮਨ-ਮਰਜ਼ੀ ਨਾਲ ਨਿਆਂ ਅਤੇ ਧਾਰਮਿਕਤਾ ਦੇ ਮਿਆਰ ਕਾਇਮ ਨਹੀਂ ਕਰ ਸਕਦਾ। ਧਰਤੀ ਉੱਤੇ ਰਹਿੰਦਿਆਂ ਯਿਸੂ ਨੇ ਕਿਹਾ ਸੀ: “ਮੈਂ ਆਪ ਕੁਝ ਨਹੀਂ ਕਰ ਸੱਕਦਾ। ਜਿਹਾ ਮੈਂ ਸੁਣਦਾ ਹਾਂ ਤਿਹਾ ਹੀ ਨਿਆਉਂ ਕਰਦਾ ਹਾਂ ਅਰ ਮੇਰਾ ਨਿਆਉਂ ਸੱਚਾ ਹੈ ਕਿਉਂ ਜੋ ਮੈਂ ਆਪਣੀ ਮਰਜ਼ੀ ਨਹੀਂ ਭਾਲਦਾ ਪਰ ਉਹ ਦੀ ਮਰਜ਼ੀ ਜਿਹ ਨੇ ਮੈਨੂੰ ਘੱਲਿਆ।” ਅਸੀਂ ਯਿਸੂ ਮਸੀਹ ਤੋਂ ਸੱਚੇ ਨਿਆਂ ਦੀ ਆਸ ਰੱਖ ਸਕਦੇ ਹਾਂ ਕਿਉਂਕਿ ਉਸ ਦੇ ਪਿਤਾ ਨੇ “ਸਾਰਾ ਨਿਆਉਂ ਪੁੱਤ੍ਰ ਨੂੰ ਸੌਂਪ ਦਿੱਤਾ ਹੈ।”—ਯੂਹੰਨਾ 5:22, 30.

ਪਰਮੇਸ਼ੁਰ ਦੇ ਰਾਜੇ ਤੋਂ ਅਸੀਂ ਇਸੇ ਗੱਲ ਦੀ ਆਸ ਰੱਖਦੇ ਹਾਂ। ਰਾਜਾ ਸੁਲੇਮਾਨ ਨੇ ਕਿਹਾ: “ਬੁਰਿਆਈ ਕਰਨੀ ਪਾਤਸ਼ਾਹਾਂ ਲਈ ਘਿਣਾਉਣੀ ਹੈ, ਕਿਉਂ ਜੋ ਉਨ੍ਹਾਂ ਦੀ ਗੱਦੀ ਦਾ ਧਰਮ ਨਾਲ ਹੀ ਟਿਕਾਓ ਹੁੰਦਾ ਹੈ।” (ਕਹਾਉਤਾਂ 16:12) ਮਸੀਹ ਸ਼ਾਸਨ ਕਰਦੇ ਵੇਲੇ ਪਰਮੇਸ਼ੁਰ ਦੇ ਧਰਮੀ ਅਸੂਲਾਂ ਤੇ ਚੱਲਦਾ ਹੈ। ਉਸ ਨੇ “ਬਰਬਾਦੀ ਦੀ ਰਾਜ ਗੱਦੀ” ਨਾਲ ਕੋਈ ਸਾਂਝ ਨਹੀਂ ਰੱਖੀ ਹੈ।—ਜ਼ਬੂਰਾਂ ਦੀ ਪੋਥੀ 94:20; ਯੂਹੰਨਾ 18:36; 1 ਯੂਹੰਨਾ 5:19.

ਰਾਜੇ ਦੀ ਮਿਹਰ ਪਾਓ

ਮਹਾਨ ਰਾਜੇ ਦੀ ਪਰਜਾ ਦਾ ਰਵੱਈਆ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਸੁਲੇਮਾਨ ਨੇ ਕਿਹਾ: “ਧਰਮੀ ਬੁੱਲ੍ਹਾਂ ਤੋਂ ਪਾਤਸ਼ਾਹ ਪਰਸੰਨ ਹੁੰਦੇ ਹਨ, ਅਤੇ ਜਿਹੜਾ ਸਿੱਧੀ ਗੱਲ ਕਰਦਾ ਹੈ ਉਹ ਦੇ ਨਾਲ ਉਹ ਪ੍ਰੇਮ ਰੱਖਦਾ ਹੈ। ਪਾਤਸ਼ਾਹ ਦਾ ਗੁੱਸਾ ਮੌਤ ਦੇ ਦੂਤਾਂ ਵਰਗਾ ਹੈ, ਪਰ ਬੁੱਧਵਾਨ ਪੁਰਸ਼ ਉਹ ਨੂੰ ਠੰਡਿਆਂ ਕਰਦਾ ਹੈ।” (ਕਹਾਉਤਾਂ 16:13, 14) ਯਹੋਵਾਹ ਦੇ ਗਵਾਹ ਇਸ ਸਲਾਹ ਉੱਤੇ ਚੱਲਦੇ ਹਨ ਅਤੇ ਰਾਜ ਦੇ ਪ੍ਰਚਾਰ ਕੰਮ ਅਤੇ ਚੇਲੇ ਬਣਾਉਣ ਵਿਚ ਰੁੱਝੇ ਰਹਿੰਦੇ ਹਨ। (ਮੱਤੀ 24:14; 28:19, 20) ਉਹ ਜਾਣਦੇ ਹਨ ਕਿ ਉਹ ਆਪਣੇ ਬੁੱਲ੍ਹਾਂ ਨੂੰ ਪ੍ਰਚਾਰ ਦੇ ਕੰਮ ਵਿਚ ਇਸਤੇਮਾਲ ਕਰ ਕੇ ਰਾਜਾ ਯਿਸੂ ਮਸੀਹ ਨੂੰ ਖ਼ੁਸ਼ ਕਰ ਸਕਦੇ ਹਨ। ਸ਼ਕਤੀਸ਼ਾਲੀ ਇਨਸਾਨੀ ਰਾਜੇ ਦੇ ਗੁੱਸੇ ਤੋਂ ਬਚਣਾ ਅਤੇ ਉਸ ਦੀ ਮਿਹਰ ਪਾਉਣ ਦੀ ਕੋਸ਼ਿਸ਼ ਕਰਨੀ ਸਮਝਦਾਰੀ ਦੀ ਗੱਲ ਹੁੰਦੀ ਸੀ। ਰਾਜਾ ਯਿਸੂ ਮਸੀਹ ਦੀ ਮਿਹਰ ਪਾਉਣ ਦੀ ਕੋਸ਼ਿਸ਼ ਕਰਨੀ ਹੋਰ ਵੀ ਸਮਝਦਾਰੀ ਦੀ ਗੱਲ ਹੈ।

ਸੁਲੇਮਾਨ ਨੇ ਅੱਗੇ ਕਿਹਾ: “ਪਾਤਸ਼ਾਹ ਦੇ ਮੁਖ ਦੇ ਚਾਨਣ ਵਿੱਚ ਜੀਉਣ ਹੈ, ਅਤੇ ਉਹ ਦੀ ਕਿਰਪਾ ਬਰਸਾਤ ਦੇ ਛੇਕੜ ਦੀ ਬੱਦਲੀ ਵਰਗੀ ਹੁੰਦੀ ਹੈ।” (ਕਹਾਉਤਾਂ 16:15) “ਪਾਤਸ਼ਾਹ ਦੇ ਮੁਖ ਦੇ ਚਾਨਣ” ਦਾ ਮਤਲਬ ਹੈ ਉਸ ਦੀ ਮਿਹਰ। ਇਸ ਲਈ ‘ਯਹੋਵਾਹ ਦੇ ਮੁਖੜੇ ਦੇ ਚਾਨਣ’ ਦਾ ਮਤਲਬ ਹੈ ਯਹੋਵਾਹ ਦੀ ਮਿਹਰ। (ਜ਼ਬੂਰਾਂ ਦੀ ਪੋਥੀ 44:3; 89:15) ਜਿਵੇਂ ਕਾਲੇ ਬੱਦਲ ਮੀਂਹ ਆਉਣ ਦੀ ਨਿਸ਼ਾਨੀ ਹਨ ਜਿਸ ਨਾਲ ਫ਼ਸਲਾਂ ਦੀ ਸਿੰਜਾਈ ਹੋਵੇਗੀ ਤੇ ਉਹ ਪੱਕਣਗੀਆਂ, ਇਸੇ ਤਰ੍ਹਾਂ ਰਾਜੇ ਦੀ ਮਿਹਰ ਖ਼ੁਸ਼ੀਆਂ ਮਿਲਣ ਦੀ ਨਿਸ਼ਾਨੀ ਹੈ। ਯਿਸੂ ਮਸੀਹ ਦੇ ਰਾਜ ਵਿਚ ਜ਼ਿੰਦਗੀ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ, ਜਿਵੇਂ ਰਾਜਾ ਸੁਲੇਮਾਨ ਦੇ ਰਾਜ ਵਿਚ ਕੁਝ ਹੱਦ ਤਕ ਸਨ।—ਜ਼ਬੂਰਾਂ ਦੀ ਪੋਥੀ 72:1-17.

ਪਰਮੇਸ਼ੁਰ ਦੇ ਰਾਜ ਦੀ ਉਡੀਕ ਕਰਦਿਆਂ ਹੁਣ ਸਾਨੂੰ ਆਪਣੇ ਮਨਾਂ ਨੂੰ ਸਾਫ਼ ਕਰਨ ਲਈ ਉਸ ਦੀ ਸਹਾਇਤਾ ਮੰਗਣੀ ਚਾਹੀਦੀ ਹੈ। ਸਾਨੂੰ ਯਹੋਵਾਹ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਉਸ ਤੋਂ ਡਰਨਾ ਚਾਹੀਦਾ ਹੈ। ਫਿਰ ਅਸੀਂ ਪੂਰੇ ਭਰੋਸੇ ਨਾਲ ਕਹਿ ਸਕਦੇ ਹਾਂ ਕਿ ‘ਸਾਡੇ ਮਨੋਰਥ ਪੂਰੇ ਹੋਣਗੇ।’—ਕਹਾਉਤਾਂ 16:3.

[ਸਫ਼ਾ 18 ਉੱਤੇ ਤਸਵੀਰ]

ਕਿਸ ਅਰਥ ਵਿਚ ਯਹੋਵਾਹ ਨੇ “ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ” ਰੱਖ ਛੱਡਿਆ ਹੈ?