ਮੀਟਿੰਗਾਂ ਵਿਚ ਹਾਜ਼ਰ ਹੋਣ ਦੀ ਅਹਿਮੀਅਤ
ਮੀਟਿੰਗਾਂ ਵਿਚ ਹਾਜ਼ਰ ਹੋਣ ਦੀ ਅਹਿਮੀਅਤ
ਲਗਭਗ 20 ਸਾਲ ਇਕੱਠਿਆਂ ਜ਼ਿੰਦਗੀ ਬਿਤਾਉਣ ਤੋਂ ਬਾਅਦ ਕ੍ਰਿਸਟੀਨ ਦਾ ਪਤੀ ਅਚਾਨਕ ਉਸ ਨੂੰ ਛੱਡ ਕੇ ਚਲਾ ਗਿਆ। ਉਹ ਹੁਣ ਇਕੱਲੀ ਸੱਤਾਂ ਪੁੱਤਰਾਂ ਤੇ ਇਕ ਧੀ ਦੀ ਪਰਵਰਿਸ਼ ਕਿੱਦਾਂ ਕਰਦੀ? ਬੱਚੇ 7 ਤੋਂ 18 ਸਾਲ ਦੀ ਉਮਰ ਦੇ ਸਨ। ਕ੍ਰਿਸਟੀਨ ਨੇ ਕਿਹਾ: “ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਪਈ। ਇਹ ਜ਼ਿੰਮੇਵਾਰੀ ਇਕੱਲਿਆਂ ਨਿਭਾਉਣੀ ਮੇਰੇ ਲਈ ਬਹੁਤ ਮੁਸ਼ਕਲ ਸੀ। ਮੈਂ ਚਾਹੁੰਦੀ ਸੀ ਕਿ ਕੋਈ ਮੇਰੀ ਮਦਦ ਕਰੇ ਤੇ ਮੈਨੂੰ ਦੱਸੇ ਕਿ ਮੈਂ ਕੀ ਕਰਾਂ।” ਆਖ਼ਰ ਉਸ ਨੂੰ ਮਦਦ ਕਿੱਥੋਂ ਮਿਲੀ?
ਉਸ ਨੇ ਕਿਹਾ, “ਮਸੀਹੀ ਮੀਟਿੰਗਾਂ ਵਿਚ ਜਾਂਦੇ ਰਹਿਣ ਨਾਲ ਮੈਨੂੰ ਤੇ ਮੇਰੇ ਪਰਿਵਾਰ ਨੂੰ ਸੰਭਾਲਣ ਵਿਚ ਮਦਦ ਮਿਲੀ। ਸਾਨੂੰ ਮੀਟਿੰਗਾਂ ਵਿਚ ਭੈਣ-ਭਰਾਵਾਂ ਅਤੇ ਬਾਈਬਲ ਤੋਂ ਬਹੁਤ ਹੌਸਲਾ-ਅਫ਼ਜ਼ਾਈ ਮਿਲੀ। ਮੀਟਿੰਗਾਂ ਵਿਚ ਬਾਕਾਇਦਾ ਜਾਣ ਨਾਲ ਸਾਨੂੰ ਹਰ ਅਹਿਮ ਜ਼ਿੰਮੇਵਾਰੀ ਨੂੰ ਪੂਰਾ ਕਰਨ ਵਿਚ ਮਦਦ ਮਿਲੀ।”
ਇਨ੍ਹਾਂ ‘ਭੈੜਿਆਂ ਸਮਿਆਂ’ ਵਿਚ ਸਾਨੂੰ ਸਾਰਿਆਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। (2 ਤਿਮੋਥਿਉਸ 3:1) ਸ਼ਾਇਦ ਤੁਸੀਂ ਵੀ ਕ੍ਰਿਸਟੀਨ ਵਾਂਗ ਇਹੀ ਸੋਚਦੇ ਹੋ ਕਿ ਮੀਟਿੰਗਾਂ ਸੱਚ-ਮੁੱਚ ਯਹੋਵਾਹ ਦੀ ਭਗਤੀ ਦਾ ਅਹਿਮ ਹਿੱਸਾ ਹਨ ਜਿਨ੍ਹਾਂ ਵਿਚ ਹਾਜ਼ਰ ਹੋਣ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ। ਹਰ ਹਫ਼ਤੇ ਹੁੰਦੀਆਂ ਪੰਜ ਮੀਟਿੰਗਾਂ ਪਰਮੇਸ਼ੁਰ ਲਈ ਸਾਡਾ ਪਿਆਰ ਵਧਾਉਂਦੀਆਂ ਹਨ, ਭਵਿੱਖ ਲਈ ਸਾਡੀ ਉਮੀਦ ਪੱਕੀ ਕਰਦੀਆਂ ਹਨ ਤੇ ਦਿਨ-ਬ-ਦਿਨ ਮੁਸ਼ਕਲਾਂ ਨਾਲ ਨਿਭਣ ਲਈ ਬਾਈਬਲ ਵਿੱਚੋਂ ਸਲਾਹ ਦਿੰਦੀਆਂ ਹਨ।
ਲੇਕਿਨ ਕਈਆਂ ਭੈਣਾਂ-ਭਰਾਵਾਂ ਨੂੰ ਮੀਟਿੰਗਾਂ ਵਿਚ ਬਾਕਾਇਦਾ ਜਾਣਾ ਮੁਸ਼ਕਲ ਲੱਗਦਾ ਹੈ। ਉਹ ਸਾਰਾ ਦਿਨ ਕੰਮ ਕਰਦੇ-ਕਰਦੇ ਥੱਕ ਜਾਂਦੇ ਹਨ ਤੇ ਉਨ੍ਹਾਂ ਨੂੰ ਸ਼ਾਮ ਨੂੰ ਤਿਆਰ ਹੋ ਕੇ ਮੀਟਿੰਗਾਂ ਵਿਚ ਜਾਣਾ ਬੋਝ ਲੱਗਦਾ ਹੈ। ਕਈਆਂ ਦੇ ਕੰਮ ਦਾ ਸਮਾਂ ਅਤੇ ਮੀਟਿੰਗਾਂ ਦਾ ਸਮਾਂ ਆਪਸ ਵਿਚ ਟਕਰਾਉਂਦਾ ਹੈ ਜਿਸ ਕਰਕੇ ਉਹ ਹਰ ਮੀਟਿੰਗ ਵਿਚ ਨਹੀਂ ਜਾ ਪਾਉਂਦੇ। ਸਾਰੀਆਂ ਮੀਟਿੰਗਾਂ ਵਿਚ ਹਾਜ਼ਰ ਹੋਣ ਲਈ ਉਨ੍ਹਾਂ ਦੀ ਸ਼ਾਇਦ ਤਨਖ਼ਾਹ ਕੱਟੀ ਜਾਵੇ ਜਾਂ ਨੌਕਰੀ ਹੀ ਚਲੀ ਜਾਵੇ। ਕੁਝ ਭੈਣ-ਭਰਾ ਇਸ ਕਰਕੇ ਮੀਟਿੰਗਾਂ ਵਿਚ ਨਹੀਂ ਜਾਂਦੇ ਕਿਉਂਕਿ ਉਹ ਕਲੀਸਿਯਾ ਵਿਚ ਸੰਗਤ ਕਰਨ ਨਾਲੋਂ ਮਨੋਰੰਜਨ ਕਰਨਾ ਜ਼ਿਆਦਾ ਪਸੰਦ ਕਰਦੇ ਹਨ।
ਤਾਂ ਫਿਰ ਮੀਟਿੰਗਾਂ ਵਿਚ ਹਾਜ਼ਰ ਹੋਣਾ ਇੰਨਾ ਜ਼ਰੂਰੀ ਕਿਉਂ ਹੈ? ਤੁਸੀਂ ਮੀਟਿੰਗਾਂ ਤੋਂ ਨਿੱਜੀ ਤੌਰ ਤੇ ਕਿਵੇਂ ਤਾਜ਼ਗੀ ਹਾਸਲ ਕਰ ਸਕਦੇ ਹੋ? ਇਨ੍ਹਾਂ ਸਵਾਲਾਂ ਦੇ ਜਵਾਬ ਲਈ ਆਓ ਆਪਾਂ ਮੱਤੀ 11:28-30 ਵਿਚ ਦਰਜ ਯਿਸੂ ਦੇ ਪਿਆਰ ਭਰੇ ਸੱਦੇ ਉੱਤੇ ਗੌਰ ਕਰੀਏ। ਉਸ ਨੇ ਕਿਹਾ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ। ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।”
“ਮੇਰੇ ਕੋਲ ਆਓ”
ਯਿਸੂ ਨੇ ਕਿਹਾ: “ਮੇਰੇ ਕੋਲ ਆਓ।” ਅੱਜ ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? ਇਕ ਤਰੀਕਾ ਹੈ ਸਾਰੀਆਂ ਮੀਟਿੰਗਾਂ ਵਿਚ ਹਾਜ਼ਰ ਹੋਣਾ। ਕਿਉਂ? ਕਿਉਂਕਿ ਯਿਸੂ ਨੇ ਕਿਹਾ: “ਜਿੱਥੇ ਦੋ ਯਾ ਤਿੰਨ ਮੇਰੇ ਨਾਮ ਉੱਤੇ ਇਕੱਠੇ ਹੋਣ ਉੱਥੇ ਮੈਂ ਉਨ੍ਹਾਂ ਦੇ ਵਿਚਕਾਰ ਹਾਂ।”—ਮੱਤੀ 18:20.
ਮੱਤੀ 4:18-22) ਹੋਰਨਾਂ ਨੇ ਉਸ ਦੇ ਮਗਰ ਨਾ ਤੁਰਨ ਦੇ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾਏ। (ਮਰਕੁਸ 10:21, 22; ਲੂਕਾ 9:57-62) ਯਿਸੂ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ: “ਤੁਸਾਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ।”—ਯੂਹੰਨਾ 15:16.
ਪਹਿਲੀ ਸਦੀ ਵਿਚ ਯਿਸੂ ਨੇ ਖ਼ੁਦ ਕਈਆਂ ਲੋਕਾਂ ਨੂੰ ਉਸ ਦੇ ਚੇਲੇ ਬਣਨ ਲਈ ਕਿਹਾ ਸੀ। ਜੋ ਲੋਕ ਉਸ ਦੇ ਚੇਲੇ ਬਣੇ, ਉਨ੍ਹਾਂ ਨੂੰ ਉਸ ਦਾ ਸਾਥ ਮਾਣਨ ਦਾ ਮੌਕਾ ਮਿਲਿਆ। ਕੁਝ ਬੰਦੇ ਝੱਟ ਸਭ ਕੁਝ ਛੱਡ ਕੇ ਉਸ ਦੇ ਮਗਰ ਤੁਰਨ ਲੱਗ ਪਏ। (ਯਿਸੂ ਮਰਨ ਅਤੇ ਦੁਬਾਰਾ ਜੀ ਉੱਠਣ ਤੋਂ ਬਾਅਦ ਸਵਰਗ ਚਲੇ ਗਿਆ ਸੀ। ਭਾਵੇਂ ਉਹ ਸਵਰਗ ਵਿਚ ਸੀ, ਫਿਰ ਵੀ ਉਹ ਇਸ ਭਾਵ ਵਿਚ ਆਪਣੇ ਚੇਲਿਆਂ ਦੇ ਸੰਗ ਰਿਹਾ ਕਿ ਉਹ ਉਨ੍ਹਾਂ ਦੀ ਪ੍ਰਚਾਰ ਕਰਨ ਵਿਚ ਅਗਵਾਈ ਕਰਦਾ ਸੀ ਤੇ ਉਨ੍ਹਾਂ ਉੱਤੇ ਨਿਗਾਹ ਰੱਖਦਾ ਸੀ ਕਿ ਉਹ ਉਸ ਦੀ ਸਲਾਹ ਤੇ ਚੱਲਦੇ ਸਨ ਜਾਂ ਨਹੀਂ। ਮਿਸਾਲ ਦੇ ਤੌਰ ਤੇ, ਯਿਸੂ ਦੇ ਸਵਰਗ ਵਾਪਸ ਜਾਣ ਤੋਂ 70 ਸਾਲ ਬਾਅਦ ਉਸ ਨੇ ਏਸ਼ੀਆ ਮਾਈਨਰ ਵਿਚ ਸੱਤ ਕਲੀਸਿਯਾਵਾਂ ਨੂੰ ਤਾੜਨਾ ਤੇ ਹੌਸਲਾ-ਅਫ਼ਜ਼ਾਈ ਦਿੱਤੀ। ਉਸ ਦੀਆਂ ਗੱਲਾਂ ਤੋਂ ਪਤਾ ਲੱਗਦਾ ਸੀ ਕਿ ਉਹ ਉਨ੍ਹਾਂ ਕਲੀਸਿਯਾਵਾਂ ਵਿਚ ਭੈਣਾਂ-ਭਰਾਵਾਂ ਦੇ ਗੁਣ ਅਤੇ ਕਮੀਆਂ-ਕਮਜ਼ੋਰੀਆਂ ਚੰਗੀ ਤਰ੍ਹਾਂ ਜਾਣਦਾ ਸੀ।—ਪਰਕਾਸ਼ ਦੀ ਪੋਥੀ 2:1–3:22.
ਯਿਸੂ ਅੱਜ ਵੀ ਆਪਣੇ ਹਰੇਕ ਚੇਲੇ ਵਿਚ ਦਿਲਚਸਪੀ ਰੱਖਦਾ ਹੈ। ਉਸ ਨੇ ਵਾਅਦਾ ਕੀਤਾ ਹੈ: “ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” (ਮੱਤੀ 28:20) ਅਸੀਂ ਅੰਤ ਦੇ ਸਮੇਂ ਵਿਚ ਰਹਿ ਰਹੇ ਹਾਂ, ਇਸ ਲਈ ਸਾਨੂੰ ਯਿਸੂ ਦੇ ਸੱਦੇ ਅਨੁਸਾਰ ਉਸ ਨੇ ਮਗਰ ਤੁਰਨਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਮੀਟਿੰਗਾਂ ਵਿਚ ਬਾਕਾਇਦਾ ਹਾਜ਼ਰ ਹੋਣਾ ਚਾਹੀਦਾ ਹੈ। ਯਿਸੂ ਚਾਹੁੰਦਾ ਹੈ ਕਿ ਅਸੀਂ ਮੀਟਿੰਗਾਂ ਵਿਚ ਬਾਈਬਲ ਅਧਿਐਨ ਤੇ ਭਾਸ਼ਣਾਂ ਰਾਹੀਂ ਉਸ ਦੀ ਗੱਲ ਸੁਣੀਏ ਤਾਂਕਿ ਅਸੀਂ ‘ਉਸ ਵਿੱਚ ਸਿਖਾਏ’ ਜਾਈਏ। (ਅਫ਼ਸੀਆਂ 4:20, 21) ਕੀ ਤੁਸੀਂ ਯਿਸੂ ‘ਕੋਲ ਆਉਣ’ ਦਾ ਸੱਦਾ ਸਵੀਕਾਰ ਕਰ ਰਹੇ ਹੋ?
“ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ”
ਮਸੀਹੀ ਮੀਟਿੰਗਾਂ ਵਿਚ ਹਾਜ਼ਰ ਹੋਣ ਦਾ ਇਕ ਵੱਡਾ ਕਾਰਨ ਇਹ ਹੈ ਕਿ ਸਾਨੂੰ ਇਨ੍ਹਾਂ ਵਿਚ ਹੌਸਲਾ-ਅਫ਼ਜ਼ਾਈ ਮਿਲਦੀ ਹੈ। (ਇਬਰਾਨੀਆਂ 10:24, 25) ਸਾਡੇ ਵਿੱਚੋਂ ਬਹੁਤ ਜਣੇ ‘ਥੱਕੇ ਤੇ ਭਾਰ ਹੇਠ ਦੱਬੇ ਹੋਏ’ ਹਨ। ਤੁਸੀਂ ਸ਼ਾਇਦ ਮਾੜੀ ਸਿਹਤ ਤੇ ਹੋਰ ਕਈ ਨਿੱਜੀ ਸਮੱਸਿਆਵਾਂ ਦੇ ਭਾਰ ਹੇਠ ਦੱਬੇ ਹੋਏ ਹੋਵੋ। ਮੀਟਿੰਗਾਂ ਵਿਚ ਅਸੀਂ ਇਕ-ਦੂਜੇ ਦੀ ਹੌਸਲਾ-ਅਫ਼ਜ਼ਾਈ ਕਰਦੇ ਹਨ। (ਰੋਮੀਆਂ 1:11, 12) ਮਿਸਾਲ ਲਈ, ਤੁਸੀਂ ਉੱਥੇ ਨਿਹਚਾ ਮਜ਼ਬੂਤ ਕਰਨ ਵਾਲੀਆਂ ਟਿੱਪਣੀਆਂ ਸੁਣਦੇ ਹੋ ਅਤੇ ਤੁਹਾਨੂੰ ਆਪਣੀ ਬਾਈਬਲ-ਆਧਾਰਿਤ ਉਮੀਦ ਯਾਦ ਕਰਾਈ ਜਾਂਦੀ ਹੈ। ਇਸ ਦੇ ਨਾਲ-ਨਾਲ ਤੁਸੀਂ ਮੁਸ਼ਕਲਾਂ ਦੇ ਬਾਵਜੂਦ ਦ੍ਰਿੜ੍ਹ ਰਹੇ ਮਸੀਹੀਆਂ ਦੀ ਨਿਹਚਾ ਦੀ ਜੀਉਂਦੀ-ਜਾਗਦੀ ਮਿਸਾਲ ਦੇਖ ਸਕਦੇ ਹੋ। ਇਹ ਸਾਰੀਆਂ ਗੱਲਾਂ ਕਰਕੇ ਤੁਹਾਨੂੰ ਆਪਣੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਮਿਲੇਗੀ ਅਤੇ ਤੁਹਾਡੀ ਚਿੰਤਾ ਵੀ ਘਟੇਗੀ।
ਯਹੋਵਾਹ ਦੀ ਇਕ ਗਵਾਹ ਉੱਤੇ ਗੌਰ ਕਰੋ ਜੋ ਹਮੇਸ਼ਾ ਬੀਮਾਰ ਰਹਿੰਦੀ ਹੈ ਤੇ ਜ਼ਿਆਦਾ ਕੁਝ ਨਹੀਂ ਕਰ ਪਾਉਂਦੀ। ਉਸ ਨੇ ਕਿਹਾ: “ਆਪਣੀ ਬੀਮਾਰੀ ਕਰਕੇ ਮੈਨੂੰ ਸਮੇਂ-ਸਮੇਂ ਤੇ ਹਸਪਤਾਲ ਵਿਚ ਰਹਿਣਾ ਪੈਂਦਾ ਹੈ। ਹਸਪਤਾਲ ਵਿਚ ਰਹਿਣ ਤੋਂ ਬਾਅਦ ਕਮਜ਼ੋਰ ਹੋਣ ਕਰਕੇ ਮੇਰੇ ਲਈ ਮੀਟਿੰਗਾਂ ਵਿਚ ਜਾਣਾ ਮੁਸ਼ਕਲ ਹੁੰਦਾ ਹੈ। ਪਰ ਮੈਂ ਜਾਣਦੀ ਹਾਂ ਕਿ ਉੱਥੇ ਜਾਣ ਵਿਚ ਮੇਰਾ ਹੀ ਭਲਾ ਹੈ। ਭੈਣ-ਭਰਾ ਮੈਨੂੰ ਬਹੁਤ ਪਿਆਰ ਕਰਦੇ ਹਨ ਤੇ ਮੈਂ ਉਨ੍ਹਾਂ ਨੂੰ ਮਿਲ ਕੇ ਬਹੁਤ ਖ਼ੁਸ਼ ਹੁੰਦੀ ਹਾਂ। ਇਸ ਦੇ ਨਾਲ-ਨਾਲ ਯਹੋਵਾਹ ਤੇ ਯਿਸੂ ਦੀਆਂ ਸਿੱਖਿਆਵਾਂ ਮੇਰੀ ਜ਼ਿੰਦਗੀ ਨੂੰ ਮਕਸਦ ਦਿੰਦੀਆਂ ਹਨ।”
“ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ”
ਧਿਆਨ ਦਿਓ ਕਿ ਚਰਚਾ ਕੀਤੀ ਜਾ ਰਹੀ ਆਇਤ ਵਿਚ ਯਿਸੂ ਨੇ ਕਿਹਾ: “ਮੈਥੋਂ ਸਿੱਖੋ।” ਯਿਸੂ ਤੋਂ ਸਿੱਖ ਕੇ ਅਸੀਂ ਉਸ ਦੇ ਚੇਲੇ ਬਣਦੇ ਹਾਂ ਤੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਤੋਂ ਬਾਅਦ ਬਪਤਿਸਮਾ ਲੈ ਕੇ ਉਸ ਦਾ ਜੂਲਾ ਆਪਣੇ ਉੱਤੇ ਲੈ ਲੈਂਦੇ ਹਾਂ। (ਮੱਤੀ 28:19, 20) ਯਿਸੂ ਦੇ ਚੇਲੇ ਬਣੇ ਰਹਿਣ ਲਈ ਸਾਨੂੰ ਮੀਟਿੰਗਾਂ ਵਿਚ ਬਾਕਾਇਦਾ ਹਿੱਸਾ ਲੈਣ ਦੀ ਲੋੜ ਹੈ। ਕਿਉਂ? ਕਿਉਂਕਿ ਮੀਟਿੰਗਾਂ ਵਿਚ ਅਸੀਂ ਯਿਸੂ, ਉਸ ਦੀਆਂ ਸਿੱਖਿਆਵਾਂ ਅਤੇ ਉਸ ਦੇ ਸਿੱਖਿਆ ਦੇਣ ਦੇ ਤਰੀਕਿਆਂ ਬਾਰੇ ਸਿੱਖਦੇ ਹਾਂ।
ਉਹ ਭਾਰ ਕੀ ਹੈ ਜੋ ਯਿਸੂ ਚਾਹੁੰਦਾ ਹੈ ਕਿ ਅਸੀਂ ਚੁੱਕੀਏ? ਇਹ ਉਹ ਭਾਰ ਹੈ ਜੋ ਉਹ ਖ਼ੁਦ ਚੁੱਕਦਾ ਹੈ, ਅਰਥਾਤ ਪਰਮੇਸ਼ੁਰ ਦੀ ਮਰਜ਼ੀ ਉੱਤੇ ਚੱਲਣ ਦੀ ਜ਼ਿੰਮੇਵਾਰੀ। (ਯੂਹੰਨਾ 4:34; 15:8) ਸਾਨੂੰ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਜਤਨ ਕਰਨਾ ਚਾਹੀਦਾ ਹੈ, ਪਰ ਇਹ ਜ਼ਿੰਮੇਵਾਰੀ ਇੰਨੀ ਭਾਰੀ ਨਹੀਂ ਹੈ। ਇਹ ਸਾਨੂੰ ਉਦੋਂ ਭਾਰੀ ਲੱਗਦੀ ਹੈ ਜਦੋਂ ਅਸੀਂ ਇਸ ਨੂੰ ਆਪਣੀ ਹੀ ਤਾਕਤ ਨਾਲ ਚੁੱਕਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਜੇ ਅਸੀਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰਾਂਗੇ ਤੇ ਮੀਟਿੰਗਾਂ ਵਿਚ ਪੇਸ਼ ਕੀਤੀ ਜਾਂਦੀ ਸਿੱਖਿਆ ਤੋਂ ਲਾਭ ਉਠਾਵਾਂਗੇ, ਤਾਂ ਪਰਮੇਸ਼ੁਰ ਸਾਨੂੰ ਆਪਣੀ “ਮਹਾ-ਸ਼ਕਤੀ” ਬਖ਼ਸ਼ੇਗਾ। (2 ਕੁਰਿੰਥੀਆਂ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਮੀਟਿੰਗਾਂ ਦੀ ਤਿਆਰੀ ਕਰਨ ਤੇ ਉਨ੍ਹਾਂ ਵਿਚ ਹਿੱਸਾ ਲੈਣ ਨਾਲ ਯਹੋਵਾਹ ਲਈ ਸਾਡਾ ਪਿਆਰ ਵਧਦਾ ਰਹਿੰਦਾ ਹੈ। ਇਸ ਤੋਂ ਇਲਾਵਾ, ਜੇ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਦੇ ਹੁਕਮ “ਔਖੇ ਨਹੀਂ” ਲੱਗਣਗੇ।—1 ਯੂਹੰਨਾ 5:3.
ਲੋਕਾਂ ਨੂੰ ਆਮ ਤੌਰ ਤੇ ਕਈ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਕਈਆਂ ਲਈ ਆਪਣਾ ਗੁਜ਼ਾਰਾ ਤੋਰਨਾ ਔਖਾ ਹੈ ਤੇ ਕਈ ਸਿਹਤ ਸਮੱਸਿਆਵਾਂ ਤੇ ਹੋਰ ਪਰੇਸ਼ਾਨੀਆਂ ਨਾਲ ਜੂਝ ਰਹੇ ਹਨ। ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਸਾਨੂੰ ਇਨਸਾਨ ਦੀ ਬੁੱਧ ਤੇ ਨਿਰਭਰ ਨਹੀਂ ਕਰਨਾ ਚਾਹੀਦਾ। ਕਲੀਸਿਯਾ ਦੀਆਂ ਮੀਟਿੰਗਾਂ ਸਾਨੂੰ ‘ਚਿੰਤਾ ਨਾ ਕਰਨ’ ਵਿਚ ਮਦਦ ਕਰਦੀਆਂ ਹਨ ਕਿਉਂਕਿ ਯਹੋਵਾਹ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ ਤੇ ਸਾਨੂੰ ਸਮੱਸਿਆਵਾਂ ਨੂੰ ਸੁਲਝਾਉਣ ਦੀ ਬੁੱਧੀ ਦਿੰਦਾ ਹੈ। (ਮੱਤੀ 6:25-33) ਵਾਕਈ ਮਸੀਹੀ ਮੀਟਿੰਗਾਂ ਸਾਡੇ ਲਈ ਪਰਮੇਸ਼ੁਰ ਦੇ ਪਿਆਰ ਦਾ ਇਜ਼ਹਾਰ ਹਨ।
“ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ”
ਯਿਸੂ ਬਾਕਾਇਦਾ ਯਹੂਦੀ ਸਭਾ-ਘਰ ਜਾਂਦਾ ਹੁੰਦਾ ਸੀ ਜਿੱਥੇ ਪਰਮੇਸ਼ੁਰ ਦੇ ਬਚਨ ਦੀ ਚਰਚਾ ਕੀਤੀ ਜਾਂਦੀ ਸੀ। ਇਕ ਵਾਰ ਉਸ ਨੇ ਯਸਾਯਾਹ ਦੀ ਪੋਥੀ ਵਿੱਚੋਂ ਇਹ ਵਾਕ ਪੜ੍ਹੇ: “ਪ੍ਰਭੁ [ਯਹੋਵਾਹ] ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹ ਨੇ ਮੈਨੂੰ ਮਸਹ ਕੀਤਾ ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ। ਓਸ ਮੈਨੂੰ ਘੱਲਿਆ ਹੈ ਕਿ ਬੰਧੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪਰਚਾਰ ਕਰਾਂ, ਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂ, ਅਤੇ ਪ੍ਰਭੁ [ਯਹੋਵਾਹ] ਦੀ ਮਨਜ਼ੂਰੀ ਦੇ ਵਰ੍ਹੇ ਦਾ ਪਰਚਾਰ ਕਰਾਂ।” (ਲੂਕਾ 4:16, 18, 19) ਲੋਕ ਯਿਸੂ ਨੂੰ ਇਹ ਕਹਿੰਦਿਆਂ ਸੁਣ ਕੇ ਕਿੰਨੇ ਖ਼ੁਸ਼ ਹੋਏ ਹੋਣੇ ਕਿ ‘ਇਹ ਲਿਖਤ ਅੱਜ ਪੂਰੀ ਹੋਈ ਹੈ’!—ਲੂਕਾ 4:21.
ਨਿਮਰ ਸੁਭਾਅ ਵਾਲਾ “ਸਰਦਾਰ ਅਯਾਲੀ” ਯਿਸੂ ਹਾਲੇ ਵੀ ਰੂਹਾਨੀ ਤੌਰ ਤੇ ਆਪਣੇ ਚੇਲਿਆਂ ਦੀ ਚਰਵਾਹੀ ਕਰਦਾ ਹੈ। (1 ਪਤਰਸ 5:1-4) ਉਸ ਦੀ ਨਿਗਰਾਨੀ ਹੇਠ “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਭਰਾਵਾਂ ਨੂੰ ਚਰਵਾਹਿਆਂ ਵਜੋਂ ਨਿਯੁਕਤ ਕੀਤਾ ਹੈ। (ਮੱਤੀ 24:45-47; ਤੀਤੁਸ 1:5-9) ਇਹ ਭਰਾ ਨਿਮਰਤਾ ਨਾਲ “ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ” ਕਰਦੇ ਹਨ ਤੇ ਬਾਕਾਇਦਾ ਮੀਟਿੰਗਾਂ ਵਿਚ ਹਾਜ਼ਰ ਹੋ ਕੇ ਚੰਗੀ ਮਿਸਾਲ ਕਾਇਮ ਕਰਦੇ ਹਨ। ਤੁਸੀਂ ਮੀਟਿੰਗਾਂ ਵਿਚ ਹਾਜ਼ਰ ਹੋ ਕੇ ਦਿਖਾਉਂਦੇ ਹੋ ਕਿ ਤੁਸੀਂ ‘ਮਨੁੱਖਾਂ ਨੂੰ ਦਿੱਤੇ ਦਾਨ’ ਦੀ ਬਹੁਤ ਕਦਰ ਕਰਦੇ ਹੋ। ਤੁਸੀਂ ਮੀਟਿੰਗਾਂ ਵਿਚ ਹਿੱਸਾ ਲੈ ਕੇ ਵੀ ਦੂਸਰਿਆਂ ਦਾ ਹੌਸਲਾ ਵਧਾ ਸਕਦੇ ਹੋ।—ਰਸੂਲਾਂ ਦੇ ਕਰਤੱਬ 15:30-33; 20:28; ਅਫ਼ਸੀਆਂ 4:8, 11, 12.
“ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ”
ਮੀਟਿੰਗਾਂ ਵਿਚ ਹਾਜ਼ਰ ਹੋ ਕੇ ਅਸੀਂ ਆਪਣੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ? ਇਕ ਤਰੀਕਾ ਹੈ ਯਿਸੂ ਦੀ ਸਲਾਹ ਨੂੰ ਲਾਗੂ ਕਰਨਾ: “ਚੌਕਸ ਰਹੋ ਜੋ [ਤੁਸੀਂ] ਕਿਸ ਤਰਾਂ ਸੁਣਦੇ ਹੋ।” (ਲੂਕਾ 8:18) ਯਿਸੂ ਦੇ ਜ਼ਮਾਨੇ ਵਿਚ ਜੋ ਲੋਕ ਉਸ ਦੀਆਂ ਗੱਲਾਂ ਚੰਗੀ ਤਰ੍ਹਾਂ ਸਮਝਣੀਆਂ ਚਾਹੁੰਦੇ ਸਨ, ਉਹ ਪੂਰਾ ਧਿਆਨ ਲਾ ਕੇ ਸੁਣਦੇ ਸਨ। ਉਨ੍ਹਾਂ ਨੇ ਯਿਸੂ ਨੂੰ ਆਪਣੇ ਦ੍ਰਿਸ਼ਟਾਂਤ ਸਮਝਾਉਣ ਲਈ ਕਿਹਾ ਜਿਸ ਨਾਲ ਉਨ੍ਹਾਂ ਦੀ ਸਮਝ ਹੋਰ ਵੀ ਡੂੰਘੀ ਹੋਈ।—ਮੱਤੀ 13:10-16.
ਤੁਸੀਂ ਵੀ ਮੀਟਿੰਗਾਂ ਵਿਚ ਪੂਰੇ ਧਿਆਨ ਨਾਲ ਭਾਸ਼ਣ ਸੁਣ ਕੇ ਪਰਮੇਸ਼ੁਰ ਦੇ ਗਿਆਨ ਦੇ ਭੁੱਖੇ ਇਨਸਾਨਾਂ ਦੀ ਨਕਲ ਕਰ ਸਕਦੇ ਹੋ। (ਮੱਤੀ 5:3, 6) ਭਾਸ਼ਣ ਸੁਣਦਿਆਂ ਇਹ ਸੋਚਣ ਦੀ ਕੋਸ਼ਿਸ਼ ਕਰੋ ਕਿ ਭਾਸ਼ਣਕਾਰ ਅੱਗੇ ਕੀ ਕਹੇਗਾ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਧਿਆਨ ਨਹੀਂ ਭਟਕੇਗਾ। ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਸਵਾਲ ਪੁੱਛ ਸਕਦੇ ਹੋ: ‘ਮੈਂ ਇਹ ਜਾਣਕਾਰੀ ਆਪਣੀ ਜ਼ਿੰਦਗੀ ਵਿਚ ਕਿਵੇਂ ਵਰਤ ਸਕਦਾ ਹਾਂ? ਦੂਸਰਿਆਂ ਦੀ ਮਦਦ ਕਰਨ ਲਈ ਇਹ ਕਿਵੇਂ ਵਰਤੀ ਜਾ ਸਕਦੀ ਹੈ? ਮੈਂ ਕਿਸੇ ਹੋਰ ਨੂੰ ਇਹ ਗੱਲ ਕਿਵੇਂ ਸਮਝਾ ਸਕਦਾ ਹਾਂ?’ ਇਸ ਤੋਂ ਇਲਾਵਾ, ਭਾਸ਼ਣਕਾਰ ਦੁਆਰਾ ਆਪਣੇ ਅਹਿਮ ਨੁਕਤਿਆਂ ਦੇ ਸੰਬੰਧ ਵਿਚ ਵਰਤੇ ਜਾ ਰਹੇ ਬਾਈਬਲ ਦੇ ਹਵਾਲੇ ਪੜ੍ਹੋ। ਮੀਟਿੰਗਾਂ ਵਿਚ ਤੁਸੀਂ ਜਿੰਨਾ ਜ਼ਿਆਦਾ ਧਿਆਨ ਨਾਲ ਸੁਣੋਗੇ, ਮੀਟਿੰਗਾਂ ਤੁਹਾਡੇ ਲਈ ਉੱਨੀਆਂ ਹੀ ਤਾਜ਼ਗੀਦਾਇਕ ਸਾਬਤ ਹੋਣਗੀਆਂ।
ਮੀਟਿੰਗ ਤੋਂ ਬਾਅਦ ਭੈਣਾਂ-ਭਰਾਵਾਂ ਨਾਲ ਪ੍ਰੋਗ੍ਰਾਮ ਬਾਰੇ ਗੱਲਾਂ ਕਰੋ। ਮੁੱਖ ਨੁਕਤਿਆਂ ਬਾਰੇ ਸੋਚੋ ਕਿ ਉਹ ਕਿੱਦਾਂ ਲਾਗੂ ਕੀਤੇ ਜਾ ਸਕਦੇ ਹਨ। ਹੌਸਲੇ ਵਾਲੀਆਂ ਗੱਲਾਂ ਕਰਨ ਨਾਲ ਮੀਟਿੰਗਾਂ ਬਹੁਤ ਮਜ਼ੇਦਾਰ ਬਣਦੀਆਂ ਹਨ।
ਨਿਸ਼ਚੇ ਹੀ ਸਾਡੇ ਕੋਲ ਮੀਟਿੰਗਾਂ ਵਿਚ ਜਾਣ ਦੇ ਬਹੁਤ ਵਧੀਆ ਕਾਰਨ ਹਨ। ਇਨ੍ਹਾਂ ਫ਼ਾਇਦਿਆਂ ਦੀ ਚਰਚਾ ਕਰਨ ਤੋਂ ਬਾਅਦ, ਕਿਉਂ ਨਾ ਆਪਣੇ ਆਪ ਨੂੰ ਪੁੱਛੋ, ‘ਕੀ ਮੈਂ ਯਿਸੂ ਦੇ ਸੱਦੇ ਨੂੰ ਸਵੀਕਾਰ ਕਰ ਰਿਹਾ ਹਾਂ, “ਮੇਰੇ ਕੋਲ ਆਓ”?’
[ਸਫ਼ਾ 11 ਉੱਤੇ ਤਸਵੀਰਾਂ]
ਕੀ ਮੀਟਿੰਗਾਂ ਵਿਚ ਜਾਣ ਦੀ ਬਜਾਇ ਤੁਸੀਂ ਹੋਰਨਾਂ ਚੀਜ਼ਾਂ ਨੂੰ ਅਹਿਮੀਅਤ ਦੇ ਰਹੇ ਹੋ?