ਜੀਭ ਦੀ ਤਾਕਤ
ਜੀਭ ਦੀ ਤਾਕਤ
ਜਿਰਾਫ ਆਪਣੀ 18 ਇੰਚ ਲੰਬੀ, ਤੇਜ਼ ਤੇ ਮਜ਼ਬੂਤ ਜੀਭ ਵਰਤ ਕੇ ਆਸਾਨੀ ਨਾਲ ਦਰਖ਼ਤਾਂ ਦੇ ਪੱਤੇ ਤੋੜ ਸਕਦਾ ਹੈ। ਨੀਲੀ ਵ੍ਹੇਲ ਮੱਛੀ ਦੀ ਜੀਭ ਦਾ ਭਾਰ ਇਕ ਹਾਥੀ ਜਿੰਨਾ ਹੈ। ਜ਼ਰਾ ਕਲਪਨਾ ਕਰੋ ਕਿ ਵ੍ਹੇਲ ਮੱਛੀ ਦੀ ਜੀਭ ਨੂੰ ਚੁੱਕਣ ਲਈ ਕਿੰਨਾ ਜ਼ੋਰ ਲਾਉਣਾ ਪਵੇਗਾ!
ਇਨ੍ਹਾਂ ਜਾਨਵਰਾਂ ਦੀਆਂ ਜੀਭਾਂ ਦੀ ਤੁਲਨਾ ਵਿਚ ਇਨਸਾਨ ਦੀ ਜੀਭ ਦੇਖਣ ਨੂੰ ਬਹੁਤ ਹੀ ਛੋਟੀ ਹੈ। ਨਾ ਇਹ ਬਹੁਤੀ ਭਾਰੀ ਹੈ ਤੇ ਨਾ ਹੀ ਇਸ ਵਿਚ ਬਹੁਤਾ ਜ਼ੋਰ ਹੈ। ਲੇਕਿਨ, ਇਨਸਾਨ ਦੀ ਜੀਭ ਇਨ੍ਹਾਂ ਜੀਭਾਂ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ। ਇਨਸਾਨ ਦੀ ਜੀਭ ਬਾਰੇ ਬਾਈਬਲ ਕਹਿੰਦੀ ਹੈ: “ਮੌਤ ਅਤੇ ਜੀਉਣ ਦੋਵੇਂ ਜੀਭ ਦੇ ਵੱਸ ਵਿੱਚ ਹਨ।” (ਕਹਾਉਤਾਂ 18:21) ਅਸੀਂ ਕਿੰਨੀ ਵਾਰ ਸੁਣਦੇ ਹਾਂ ਕਿ ਲੋਕ ਜੀਭ ਨੂੰ ਇਕ ਤਿੱਖੀ ਤਲਵਾਰ ਵਾਂਗ ਵਰਤ ਕੇ ਲੋਕਾਂ ਦਾ ਕਿੰਨਾ ਨੁਕਸਾਨ ਕਰਦੇ ਹਨ। ਕਈਆਂ ਨੇ ਝੂਠ ਬੋਲ ਕੇ ਜਾਂ ਝੂਠੀ ਗਵਾਹੀ ਦੇ ਕੇ ਬੇਕਸੂਰ ਇਨਸਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਹਨ ਜਾਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਲੋਕਾਂ ਦੇ ਰੁੱਖੇ ਸ਼ਬਦਾਂ ਕਾਰਨ ਚਿਰਾਂ ਤੋਂ ਬਣੀਆਂ ਦੋਸਤੀਆਂ ਟੁੱਟ ਗਈਆਂ ਹਨ ਅਤੇ ਕਿੰਨੇ ਦਿਲ ਚੀਰੇ ਗਏ ਹਨ। ਅੱਯੂਬ ਦੀ ਹੀ ਮਿਸਾਲ ਲੈ ਲਓ। ਉਸ ਨੇ ਆਪਣੇ ਦੋਸਤਾਂ ਨੂੰ ਕਿਹਾ: “ਤੁਸੀਂ ਕਦ ਤੀਕ ਮੇਰੀ ਜਾਨ ਨੂੰ ਸਤਾਓਗੇ, ਅਤੇ ਮੈਨੂੰ ਗੱਲਾਂ ਨਾਲ ਚੂਰ ਚਾਰ ਕਰੋਗੇ?” (ਅੱਯੂਬ 19:2) ਯਿਸੂ ਦੇ ਚੇਲੇ ਯਾਕੂਬ ਨੇ ਵਧੀਆ ਤਰੀਕੇ ਨਾਲ ਸਮਝਾਇਆ ਕਿ ਬੇਲਗਾਮ ਜੀਭ ਕਿੰਨਾ ਨੁਕਸਾਨ ਕਰ ਸਕਦੀ ਹੈ। ਉਸ ਨੇ ਕਿਹਾ: “ਜੀਭ ਵੀ ਇੱਕ ਛੋਟਾ ਜਿਹਾ ਅੰਗ ਹੈ ਪਰ ਵੱਡੇ ਫੌੜ ਮਾਰਦੀ ਹੈ,—ਵੇਖੋ, ਕੇਡਾ ਵੱਡਾ ਬਣ ਕਿਹੀ ਨਿੱਕੀ ਜਿਹੀ ਅੱਗ ਨਾਲ ਬਲ ਉੱਠਦਾ ਹੈ! ਜੀਭ ਵੀ ਇੱਕ ਅੱਗ ਹੈ!”—ਯਾਕੂਬ 3:5, 6.
ਦੂਜੇ ਪਾਸੇ, ਜੀਭ ਵਿਚ ਜ਼ਿੰਦਗੀ ਦੇਣ ਦੀ ਵੀ ਤਾਕਤ ਹੈ। ਮਿਸਾਲ ਲਈ, ਕਈ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਕਿਸੇ ਦੇ ਦਿਲਾਸੇ ਭਰੇ ਸ਼ਬਦਾਂ ਨੇ ਉਦਾਸ ਵਿਅਕਤੀ ਨੂੰ ਡਿਪਰੈਸ਼ਨ ਵਿਚ ਡੁੱਬਣ ਅਤੇ ਆਤਮ-ਹੱਤਿਆ ਕਰਨ ਤੋਂ ਬਚਾਇਆ ਹੈ। ਕਈ ਵਾਰ ਕਿਸੇ ਦੀ ਵਧੀਆ ਸਲਾਹ ਨੇ ਨਸ਼ੇ ਕਰਨ ਵਾਲਿਆਂ ਅਤੇ ਵਹਿਸ਼ੀ ਮੁਜਰਮਾਂ ਨੂੰ ਮੌਤ ਦੇ ਮੂੰਹ ਵਿੱਚੋਂ ਬਚਾਇਆ ਹੈ। ਵਾਕਈ, ਧਰਮੀ ਇਨਸਾਨ ਦੇ ਮਿੱਠੇ ਬੋਲ “ਜੀਉਣ ਦਾ ਬਿਰਛ” ਹਨ ਅਤੇ “ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।”—ਕਹਾਉਤਾਂ 15:4; 25:11.
ਜ਼ਬਾਨ ਨੂੰ ਵਰਤਣ ਦਾ ਸਭ ਤੋਂ ਵਧੀਆ ਤਰੀਕਾ ਯਹੋਵਾਹ ਪਰਮੇਸ਼ੁਰ ਦੀ ਉਸਤਤ ਕਰਨਾ ਹੈ। ਜੀ ਹਾਂ, ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਅਤੇ ਉਨ੍ਹਾਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਣ ਤੋਂ ਬਿਹਤਰ ਹੋਰ ਕੁਝ ਨਹੀਂ ਹੋ ਸਕਦਾ। ਕਿਉਂ ਨਹੀਂ? ਯਿਸੂ ਨੇ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।”—ਯੂਹੰਨਾ 17:3; ਮੱਤੀ 24:14; 28:19, 20.