Skip to content

Skip to table of contents

ਦੁਸ਼ਟਤਾ ਪਿੱਛੇ ਕਿਸ ਦਾ ਹੱਥ ਹੈ?

ਦੁਸ਼ਟਤਾ ਪਿੱਛੇ ਕਿਸ ਦਾ ਹੱਥ ਹੈ?

ਦੁਸ਼ਟਤਾ ਪਿੱਛੇ ਕਿਸ ਦਾ ਹੱਥ ਹੈ?

ਪਹਿਲੀ ਸਦੀ ਵਿਚ ਕਈ ਯਹੂਦੀ ਮਸੀਹਾ ਦੇ ਆਉਣ ਦੀ ਉਡੀਕ ਵਿਚ ਸਨ। (ਯੂਹੰਨਾ 6:14) ਜਦ ਯਿਸੂ ਧਰਤੀ ਉੱਤੇ ਆਇਆ, ਤਾਂ ਉਸ ਨੇ ਲੋਕਾਂ ਨੂੰ ਦਿਲਾਸਾ ਦਿੱਤਾ ਅਤੇ ਪਰਮੇਸ਼ੁਰ ਦੇ ਬਚਨ ਉੱਤੇ ਰੌਸ਼ਨੀ ਪਾਈ। ਉਸ ਨੇ ਬੀਮਾਰਾਂ ਨੂੰ ਠੀਕ ਕੀਤਾ, ਭੁੱਖਿਆਂ ਨੂੰ ਰੋਟੀ ਖੁਆਈ, ਤੂਫ਼ਾਨ ਨੂੰ ਸ਼ਾਂਤ ਕੀਤਾ ਤੇ ਮੁਰਦਿਆਂ ਨੂੰ ਜ਼ਿੰਦਾ ਕੀਤਾ। (ਮੱਤੀ 8:26; 14:14-21; 15:30, 31; ਮਰਕੁਸ 5:38-43) ਉਸ ਨੇ ਲੋਕਾਂ ਨੂੰ ਯਹੋਵਾਹ ਦੀਆਂ ਗੱਲਾਂ ਦੱਸੀਆਂ ਤੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਦਿੱਤੀ। (ਯੂਹੰਨਾ 3:34) ਯਿਸੂ ਨੇ ਆਪਣੀ ਕਹਿਣੀ ਅਤੇ ਕਰਨੀ ਦੁਆਰਾ ਸਾਬਤ ਕੀਤਾ ਕਿ ਉਹੀ ਮਸੀਹਾ ਸੀ ਜਿਸ ਨੇ ਮਨੁੱਖਜਾਤੀ ਨੂੰ ਪਾਪ ਅਤੇ ਪਾਪ ਦੇ ਬੁਰੇ ਨਤੀਜਿਆਂ ਤੋਂ ਆਜ਼ਾਦ ਕਰਨਾ ਸੀ।

ਯਹੂਦੀ ਧਾਰਮਿਕ ਆਗੂਆਂ ਨੂੰ ਯਿਸੂ ਦਾ ਸੁਆਗਤ ਕਰਨਾ, ਉਸ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨਾ ਤੇ ਖ਼ੁਸ਼ੀ-ਖ਼ੁਸ਼ੀ ਉਸ ਨੂੰ ਕਬੂਲ ਕਰਨਾ ਚਾਹੀਦਾ ਸੀ। ਪਰ ਉਨ੍ਹਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਇਸ ਦੀ ਬਜਾਇ ਉਨ੍ਹਾਂ ਨੇ ਉਸ ਨਾਲ ਨਫ਼ਰਤ ਕੀਤੀ, ਉਸ ਨੂੰ ਸਤਾਇਆ ਅਤੇ ਉਸ ਦੀ ਜਾਨ ਲੈਣ ਦੀ ਸਾਜ਼ਸ਼ ਘੜੀ!—ਮਰਕੁਸ 14:1; 15:1-3, 10-15.

ਯਿਸੂ ਨੇ ਇਨ੍ਹਾਂ ਆਗੂਆਂ ਨੂੰ ਉਨ੍ਹਾਂ ਦੇ ਬੁਰੇ ਕੰਮਾਂ ਲਈ ਦੋਸ਼ੀ ਠਹਿਰਾਇਆ। (ਮੱਤੀ 23:33-35) ਪਰ ਉਸ ਨੂੰ ਪਤਾ ਸੀ ਕਿ ਉਨ੍ਹਾਂ ਦੇ ਦਿਲਾਂ ਵਿਚ ਜੋ ਖੋਟ ਸੀ ਉਸ ਦੇ ਪਿੱਛੇ ਕਿਸੇ ਹੋਰ ਦਾ ਹੱਥ ਵੀ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ ਅਤੇ ਆਪਣੇ ਪਿਉ ਦੀਆਂ ਕਾਮਨਾਂ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ ਅਤੇ ਸਚਿਆਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਸਚਿਆਈ ਹੈ ਨਹੀਂ। ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ।” (ਯੂਹੰਨਾ 8:44) ਸੋ ਭਾਵੇਂ ਯਿਸੂ ਨੇ ਮੰਨਿਆ ਕਿ ਇਨਸਾਨ ਆਪ ਬੁਰੇ ਕੰਮ ਕਰ ਸਕਦੇ ਹਨ, ਫਿਰ ਵੀ ਉਸ ਨੇ ਦਿਖਾਇਆ ਕਿ ਦੁਸ਼ਟ ਕੰਮਾਂ ਦੇ ਪਿੱਛੇ ਸ਼ਤਾਨ ਦਾ ਹੱਥ ਹੈ।

ਯਿਸੂ ਨੇ ਕਿਹਾ ਕਿ ਸ਼ਤਾਨ “ਸਚਿਆਈ ਉੱਤੇ ਟਿਕਿਆ ਨਾ ਰਿਹਾ।” ਉਸ ਨੇ ਦਿਖਾਇਆ ਕਿ ਪਹਿਲਾਂ ਤਾਂ ਉਹ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦਾ ਸੀ, ਪਰ ਫਿਰ ਉਹ ਸਹੀ ਰਾਹ ਤੋਂ ਭਟਕ ਗਿਆ। ਸ਼ਤਾਨ ਯਹੋਵਾਹ ਦੇ ਖ਼ਿਲਾਫ਼ ਕਿਉਂ ਗਿਆ? ਕਿਉਂਕਿ ਉਹ ਘਮੰਡੀ ਬਣ ਗਿਆ ਸੀ ਅਤੇ ਉਹ ਚਾਹੁੰਦਾ ਸੀ ਕਿ ਇਨਸਾਨ ਪਰਮੇਸ਼ੁਰ ਦੀ ਬਜਾਇ ਉਸ ਦੀ ਭਗਤੀ ਕਰਨ। *ਮੱਤੀ 4:8, 9.

ਸ਼ਤਾਨ ਨੇ ਅਦਨ ਦੇ ਬਾਗ਼ ਵਿਚ ਉਦੋਂ ਬਗਾਵਤ ਕੀਤੀ ਜਦ ਉਸ ਨੇ ਹੱਵਾਹ ਨੂੰ ਫਲ ਖਾਣ ਲਈ ਭਰਮਾਇਆ। ਇਹ ਪਹਿਲੀ ਵਾਰ ਸੀ ਕਿ ਕਿਸੇ ਨੇ ਝੂਠ ਬੋਲਿਆ ਤੇ ਯਹੋਵਾਹ ਦੇ ਨਾਂ ਉੱਤੇ ਕਲੰਕ ਲਾਇਆ। ਇਸ ਤਰ੍ਹਾਂ ਸ਼ਤਾਨ ਨੇ ਆਪਣੇ ਆਪ ਨੂੰ “ਝੂਠ ਦਾ ਪਤੰਦਰ” ਬਣਾ ਲਿਆ। ਇਸ ਤੋਂ ਇਲਾਵਾ ਉਸ ਨੇ ਆਦਮ ਤੇ ਹੱਵਾਹ ਨੂੰ ਪਰਮੇਸ਼ੁਰ ਦੀ ਆਗਿਆ ਤੋੜਨ ਲਈ ਭਰਮਾਇਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਉਹ ਪਾਪ ਦੇ ਫੰਦੇ ਵਿਚ ਫਸ ਗਏ ਜਿਸ ਕਰਕੇ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਔਲਾਦ ਨੂੰ ਮੌਤ ਦਾ ਸਾਮ੍ਹਣਾ ਕਰਨਾ ਪਿਆ। ਇਸ ਤਰ੍ਹਾਂ ਸ਼ਤਾਨ ਨੇ ਆਪਣੇ ਆਪ ਨੂੰ “ਮਨੁੱਖ ਘਾਤਕ” ਬਣਾਇਆ। ਦਰਅਸਲ ਉਹ ਸਭ ਤੋਂ ਵੱਡਾ ਰਾਖ਼ਸ਼ ਤੇ ਖ਼ੂਨੀ ਹੈ!—ਉਤਪਤ 3:1-6; ਰੋਮੀਆਂ 5:12.

ਸ਼ਤਾਨ ਨੇ ਫ਼ਰਿਸ਼ਤਿਆਂ ਤੇ ਵੀ ਭੈੜਾ ਅਸਰ ਪਾਇਆ ਅਤੇ ਉਨ੍ਹਾਂ ਨੂੰ ਆਪਣੇ ਨਾਲ ਰਲਾ ਲਿਆ। (2 ਪਤਰਸ 2:4) ਸ਼ਤਾਨ ਵਾਂਗ ਇਨ੍ਹਾਂ ਬੁਰੇ ਦੂਤਾਂ ਨੇ ਵੀ ਇਨਸਾਨਾਂ ਉੱਤੇ ਪ੍ਰਭਾਵ ਪਾਉਣਾ ਸ਼ੁਰੂ ਕੀਤਾ। ਅਜਿਹਾ ਪ੍ਰਭਾਵ ਜੋ ਨਾ ਸਿਰਫ਼ ਗ਼ਲਤ ਸੀ, ਪਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਘਿਣਾਉਣਾ ਸੀ। ਆਓ ਆਪਾਂ ਦੇਖੀਏ ਕਿ ਉਨ੍ਹਾਂ ਨੇ ਕੀ ਕੀਤਾ ਤੇ ਇਸ ਦਾ ਨਤੀਜਾ ਕੀ ਨਿਕਲਿਆ।

ਧਰਤੀ ਦੁਸ਼ਟਤਾ ਨਾਲ ਭਰ ਗਈ

ਬਾਈਬਲ ਸਾਨੂੰ ਦੱਸਦੀ ਹੈ: “ਜਦ ਆਦਮੀ ਜ਼ਮੀਨ ਉੱਤੇ ਵਧਣ ਲੱਗ ਪਏ ਅਰ ਉਨ੍ਹਾਂ ਤੋਂ ਧੀਆਂ ਜੰਮੀਆਂ ਤਾਂ ਪਰਮੇਸ਼ੁਰ ਦੇ ਪੁੱਤ੍ਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ ਭਈ ਓਹ ਸੋਹਣੀਆਂ ਹਨ ਤਦ ਉਨ੍ਹਾਂ ਨੇ ਆਪਣੇ ਲਈ ਸਾਰੀਆਂ ਚੁਣੀਆਂ ਹੋਈਆਂ ਵਿੱਚੋਂ ਤੀਵੀਂਆਂ ਕੀਤੀਆਂ।” (ਉਤਪਤ 6:1, 2) ਇਹ ‘ਪਰਮੇਸ਼ੁਰ ਦੇ ਪੁੱਤ੍ਰ’ ਕੌਣ ਸਨ? ਇੱਥੇ ਇਨਸਾਨਾਂ ਦੀ ਨਹੀਂ ਬਲਕਿ ਫ਼ਰਿਸ਼ਤਿਆਂ ਦੀ ਗੱਲ ਹੋ ਰਹੀ ਹੈ। (ਅੱਯੂਬ 1:6; 2:1) ਸਾਨੂੰ ਇਹ ਕਿਵੇਂ ਪਤਾ ਹੈ? ਇਕ ਗੱਲ ਇਹ ਹੈ ਕਿ ਇਨਸਾਨ ਸ਼ੁਰੂ ਤੋਂ ਇਕ-ਦੂਜੇ ਨਾਲ ਵਿਆਹ ਕਰ ਰਹੇ ਸਨ। ਪਰ ਇਨ੍ਹਾਂ ਆਇਤਾਂ ਵਿਚ ਦੱਸਿਆ ਹੈ ਕਿ “ਪਰਮੇਸ਼ੁਰ ਦੇ ਪੁੱਤ੍ਰਾਂ” ਨੇ ਦੇਹ ਧਾਰ ਕੇ “ਆਦਮੀ ਦੀਆਂ ਧੀਆਂ” ਨਾਲ ਵਿਆਹ ਕਰ ਕੇ ਜਿਨਸੀ ਸੰਬੰਧ ਰੱਖੇ। ਪਰਮੇਸ਼ੁਰ ਨੇ ਫ਼ਰਿਸ਼ਤਿਆਂ ਨੂੰ ਇਹ ਕੰਮ ਕਰਨ ਲਈ ਨਹੀਂ ਬਣਾਇਆ ਸੀ। ਯਹੋਵਾਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਵੱਡਾ ਪਾਪ ਸੀ।

ਇਨ੍ਹਾਂ ਤੀਵੀਆਂ ਦੇ ਬੱਚਿਆਂ ਤੋਂ ਸਾਫ਼ ਦੇਖਿਆ ਜਾ ਸਕਦਾ ਸੀ ਕਿ ਫ਼ਰਿਸ਼ਤਿਆਂ ਤੇ ਤੀਵੀਆਂ ਦਾ ਮੇਲ ਗ਼ਲਤ ਸੀ। ਬਾਈਬਲ ਵਿਚ ਇਨ੍ਹਾਂ ਬੱਚਿਆਂ ਨੂੰ ਨੈਫ਼ਲਿਮ ਕਿਹਾ ਗਿਆ ਹੈ ਤੇ ਇਹ ਵੱਡੇ ਹੋ ਕੇ ਦੈਂਤ ਬਣੇ। ਇਨ੍ਹਾਂ ਨੇ ਲੋਕਾਂ ਉੱਤੇ ਡਾਢਾ ਜ਼ੁਲਮ ਢਾਹਿਆ। ਦਰਅਸਲ “ਨੈਫ਼ਲਿਮ” ਦਾ ਮਤਲਬ ਹੈ “ਢਾਹੁਣ ਵਾਲੇ।” ਇਨ੍ਹਾਂ ਵਹਿਸ਼ੀ ਬੰਦਿਆਂ ਨੂੰ “ਸੂਰਬੀਰ” ਕਿਹਾ ਗਿਆ ਹੈ “ਜਿਹੜੇ ਮੁੱਢੋਂ ਨਾਮੀ ਸਨ।”—ਉਤਪਤ 6:4.

ਨੈਫ਼ਲਿਮ ਅਤੇ ਬੁਰੇ ਦੂਤਾਂ ਕਰਕੇ ਧਰਤੀ ਉੱਤੇ ਬੁਰਾਈ ਦਾ ਬੋਲਬਾਲਾ ਹੋਇਆ ਤੇ ਪਾਪ ਹੋਰ ਵੀ ਵੱਧ ਗਿਆ। ਉਤਪਤ 6:11 ਅਨੁਸਾਰ “ਧਰਤੀ ਪਰਮੇਸ਼ੁਰ ਦੇ ਅੱਗੇ ਬਿਗੜੀ ਹੋਈ ਸੀ ਅਰ . . . ਜ਼ੁਲਮ ਨਾਲ ਭਰੀ ਹੋਈ ਸੀ।” ਜੀ ਹਾਂ, ਇਨ੍ਹਾਂ ਦੇ ਅਸਰ  ਹੇਠ ਇਨਸਾਨ ਵੀ ਹਿੰਸਕ ਅਤੇ ਬਦਚਲਣ ਬਣ ਗਏ ਸਨ।

ਨੈਫ਼ਲਿਮ ਅਤੇ ਬੁਰੇ ਦੂਤ ਇਨਸਾਨਾਂ ਉੱਤੇ ਇੰਨਾ ਬੁਰਾ ਪ੍ਰਭਾਵ ਕਿਵੇਂ ਪਾ ਸਕੇ? ਉਨ੍ਹਾਂ ਨੇ ਇਸ ਗੱਲ ਦਾ ਪੂਰਾ ਫ਼ਾਇਦਾ ਉਠਾਇਆ ਕਿ ਲੋਕਾਂ ਦੇ ਦਿਲ ਵਿਚ ਪਾਪ ਕਰਨ ਦੀ ਇੱਛਾ ਸਮਾਈ ਹੋਈ ਸੀ। ਉਨ੍ਹਾਂ ਨੇ ਇਸ ਕਮਜ਼ੋਰੀ ਦਾ ਫ਼ਾਇਦਾ ਉਠਾ ਕੇ ਇਨਸਾਨਾਂ ਨੂੰ ਗ਼ਲਤ ਕੰਮ ਕਰਨ ਲਈ ਉਕਸਾਇਆ। ਇਸ ਦਾ ਨਤੀਜਾ ਕੀ ਨਿਕਲਿਆ? “ਸਾਰੇ ਸਰੀਰਾਂ ਨੇ ਆਪਣੇ ਮਾਰਗ ਨੂੰ ਧਰਤੀ ਉੱਤੇ ਬਿਗਾੜ ਲਿਆ ਸੀ।” ਅਖ਼ੀਰ ਵਿਚ ਯਹੋਵਾਹ ਨੇ ਜਲ-ਪਰਲੋ ਲਿਆ ਕੇ ਇਨ੍ਹਾਂ ਲੋਕਾਂ ਨੂੰ ਖ਼ਤਮ ਕਰ ਦਿੱਤਾ। ਸਿਰਫ਼ ਨੂਹ ਨਾਂ ਦਾ ਧਰਮੀ ਬੰਦਾ ਅਤੇ ਉਸ ਦਾ ਪਰਿਵਾਰ ਬਚਿਆ। (ਉਤਪਤ 6:5, 12-22) ਜਿਹੜੇ ਬੁਰੇ ਦੂਤ ਦੇਹ ਧਾਰ ਕੇ ਧਰਤੀ ਉੱਤੇ ਆਏ ਸਨ, ਉਹ ਬਦਨਾਮ ਹੋ ਕੇ ਸਵਰਗ ਵਾਪਸ ਚਲੇ ਗਏ। ਉੱਥੇ ਜਾ ਕੇ ਉਹ ਪਰਮੇਸ਼ੁਰ ਅਤੇ ਉਸ ਦੇ ਵਫ਼ਾਦਾਰ ਫ਼ਰਿਸ਼ਤਿਆਂ ਦਾ ਵਿਰੋਧ ਕਰਦੇ ਰਹੇ। ਇਸ ਤਰ੍ਹਾਂ ਲੱਗਦਾ ਹੈ ਕਿ ਉਸ ਸਮੇਂ ਤੋਂ ਪਰਮੇਸ਼ੁਰ ਨੇ ਇਨ੍ਹਾਂ ਬੁਰੇ ਦੂਤਾਂ ਤੋਂ ਦੇਹ ਧਾਰਨ ਦੀ ਸ਼ਕਤੀ ਲੈ ਲਈ। (ਯਹੂਦਾਹ 6) ਭਾਵੇਂ ਉਹ ਦੇਹ ਨਹੀਂ ਧਾਰ ਸਕਦੇ ਸਨ, ਪਰ ਫਿਰ ਵੀ ਉਹ ਇਨਸਾਨਾਂ ਦਿਆਂ ਕੰਮਾਂ ਵਿਚ ਦਖ਼ਲ ਦਿੰਦੇ ਰਹੇ।

ਸ਼ਤਾਨ ਦਾ ਪਰਦਾ-ਫ਼ਾਸ਼!

ਅੱਜ ਸ਼ਤਾਨ ਦਾ ਅਸਰ ਕਿਸ ਹੱਦ ਤਕ ਫੈਲਿਆ ਹੋਇਆ ਹੈ? ਇਸ ਦਾ ਜਵਾਬ 1 ਯੂਹੰਨਾ 5:19 ਵਿਚ ਮਿਲਦਾ ਹੈ: ‘ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।’ ਇਸੇ ਲਈ ਦੁਨੀਆਂ ਉੱਤੇ ਇੰਨੀ ਭਾਰੀ ਆਈ ਹੋਈ ਹੈ। ਉਹ ਪਹਿਲਾਂ ਨਾਲੋਂ ਅੱਜ ਕਿਤੇ ਜ਼ਿਆਦਾ ਦੁਨੀਆਂ ਦਾ ਨੁਕਸਾਨ ਕਰਨ ਤੇ ਤੁਲਿਆ ਹੋਇਆ ਹੈ। ਕਿਉਂ? ਕਿਉਂਕਿ 1914 ਵਿਚ ਪਰਮੇਸ਼ੁਰ ਨੇ ਸਵਰਗ ਵਿਚ ਆਪਣਾ ਰਾਜ ਖੜ੍ਹਾ ਕੀਤਾ ਅਤੇ ਸ਼ਤਾਨ ਤੇ ਉਸ ਦੇ ਬਾਗ਼ੀ ਦੂਤਾਂ ਨੂੰ ਸਵਰਗੋਂ ਕੱਢ ਦਿੱਤਾ। ਬਾਈਬਲ ਵਿਚ ਭਵਿੱਖਬਾਣੀ ਕੀਤੀ ਗਈ ਸੀ ਕਿ ਸ਼ਤਾਨ ਨੂੰ ਧਰਤੀ ਉੱਤੇ ਸੁੱਟਿਆ ਜਾਵੇਗਾ: “ਧਰਤੀ . . . ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” (ਪਰਕਾਸ਼ ਦੀ ਪੋਥੀ 12:7-12) ਤਾਂ ਫਿਰ ਸ਼ਤਾਨ ਅੱਜ ਇਨਸਾਨਾਂ ਉੱਤੇ ਕਿਸ ਤਰ੍ਹਾਂ ਅਸਰ ਪਾਉਂਦਾ ਹੈ?

ਸ਼ਤਾਨ ਲੋਕਾਂ ਵਿਚ ਅਜਿਹਾ ਰਵੱਈਆ ਪੈਦਾ ਕਰਦਾ ਹੈ ਜੋ ਉਨ੍ਹਾਂ ਦੀ ਸੋਚਣੀ ਤੇ ਕਰਨੀ ਉੱਤੇ ਅਸਰ ਪਾਉਂਦਾ ਹੈ। ਦੁਨੀਆਂ ਦੀ ਹਵਾ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੁਨੀਆਂ ਸ਼ਤਾਨ ਦੇ ਵੱਸ ਵਿਚ ਹੈ। ਇਹ ਹਵਾ “ਅਣਆਗਿਆਕਾਰੀ ਦੇ ਪੁੱਤ੍ਰਾਂ ਵਿੱਚ ਅਸਰ ਕਰਦੀ ਹੈ।” (ਅਫ਼ਸੀਆਂ 2:2) ਪਰਮੇਸ਼ੁਰ ਤੋਂ ਡਰਨ ਅਤੇ ਭਲਾਈ ਕਰਨ ਦੀ ਬਜਾਇ ਸ਼ਤਾਨ ਲੋਕਾਂ ਨੂੰ ਪਰਮੇਸ਼ੁਰ ਦੇ ਅਸੂਲਾਂ ਨੂੰ ਤੋੜਨ ਤੇ ਉਸ ਦੇ ਖ਼ਿਲਾਫ਼ ਜਾਣ ਲਈ ਉਕਸਾਉਂਦਾ ਹੈ। ਇਸ ਤਰ੍ਹਾਂ ਸ਼ਤਾਨ ਤੇ ਉਸ ਦੇ ਬੁਰੇ ਦੂਤ ਲੋਕਾਂ ਨੂੰ ਬੁਰੇ ਤੋਂ ਬੁਰੇ ਕੰਮ ਕਰਨ ਲਈ ਚੁੱਕਦੇ ਹਨ। ਇੱਦਾਂ ਉਹ ਦੁਸ਼ਟਤਾ ਫੈਲਾਉਂਦੇ ਹਨ।

“ਆਪਣੇ ਮਨ ਦੀ ਵੱਡੀ ਚੌਕਸੀ ਕਰ”

ਦੁਨੀਆਂ ਵਿਚ ਅਸ਼ਲੀਲਤਾ ਇਕ ਵੱਡੀ ਸਮੱਸਿਆ ਹੈ। ਇਹ ਲੋਕਾਂ ਦੇ ਅੰਦਰ ਕਾਮ-ਵਾਸ਼ਨਾ ਦੀ ਅੱਗ ਲਾ ਦਿੰਦੀ ਹੈ ਜਿਸ ਕਰਕੇ ਉਨ੍ਹਾਂ ਨੂੰ ਗ਼ਲਤ ਤੇ ਗੰਦੇ ਕੰਮ ਚੰਗੇ ਲੱਗਦੇ ਹਨ। (1 ਥੱਸਲੁਨੀਕੀਆਂ 4:3-5) ਮਿਸਾਲ ਲਈ, ਅਸ਼ਲੀਲ ਫ਼ਿਲਮਾਂ ਵਗੈਰਾ ਵਿਚ ਲੋਕਾਂ ਦਾ ਦਿਲ ਬਹਿਲਾਉਣ ਲਈ ਬਲਾਤਕਾਰ, ਸਮੂਹਕ ਬਲਾਤਕਾਰ, ਜਾਨਵਰਾਂ ਨਾਲ ਸੰਭੋਗ ਅਤੇ ਬੱਚਿਆਂ ਨਾਲ ਬਦਫ਼ੈਲੀ ਵਰਗੇ ਗੰਦੇ ਕੰਮ ਦਿਖਾਏ ਜਾਂਦੇ ਹਨ। ਪੋਰਨੋਗ੍ਰਾਫੀ ਦੇ ਕਈ ਹੋਰ ਰੂਪ ਵੀ ਹਨ। ਜਿਹੜੇ ਲੋਕ ਅਸ਼ਲੀਲ ਤਸਵੀਰਾਂ ਦੇਖਦੇ ਜਾਂ ਸਾਹਿੱਤ ਪੜ੍ਹਦੇ ਹਨ ਉਹ ਜਲਦੀ ਹੀ ਇਸ ਦੇ ਆਦੀ ਬਣ ਜਾਂਦੇ ਹਨ। * ਇਹ ਇਕ ਅਜਿਹੀ ਬੁਰੀ ਆਦਤ ਹੈ ਜੋ ਦੂਸਰਿਆਂ ਨਾਲ ਸਾਡਾ ਰਿਸ਼ਤਾ ਖ਼ਰਾਬ ਕਰਨ ਤੋਂ ਇਲਾਵਾ ਪਰਮੇਸ਼ੁਰ ਨਾਲ ਵੀ ਸਾਡਾ ਰਿਸ਼ਤਾ ਤੋੜ ਦਿੰਦੀ ਹੈ। ਅਸ਼ਲੀਲਤਾ ਬੁਰੇ ਦੂਤਾਂ ਦੇ ਘਿਣਾਉਣੇ ਮਨਾਂ ਦਾ ਪ੍ਰਗਟਾਵਾ ਹੈ ਜਿਨ੍ਹਾਂ ਨੇ ਨੂਹ ਦੇ ਜ਼ਮਾਨੇ ਵਿਚ ਗ਼ਲਤ ਤੇ ਗੰਦੇ ਕੰਮ ਕੀਤੇ ਸਨ।

ਇਸੇ ਲਈ ਬੁੱਧੀਮਾਨ ਬਾਦਸ਼ਾਹ ਸੁਲੇਮਾਨ ਨੇ ਸਲਾਹ ਦਿੱਤੀ: “ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ!” (ਕਹਾਉਤਾਂ 4:23) ਪੋਰਨੋਗ੍ਰਾਫੀ ਤੋਂ ਆਪਣੇ ਮਨ ਦੀ ਰੱਖਿਆ ਕਰਨ ਲਈ ਸਾਨੂੰ ਉਦੋਂ ਟੈਲੀਵਿਯਨ ਦਾ ਚੈਨਲ ਬਦਲਣਾ ਜਾਂ ਕੰਪਿਊਟਰ ਬੰਦ ਕਰ ਦੇਣਾ ਚਾਹੀਦਾ ਹੈ ਜਦ ਇਨ੍ਹਾਂ ਤੇ ਗੰਦੀਆਂ ਤਸਵੀਰਾਂ ਵਗੈਰਾ ਦਿਖਾਈਆਂ ਜਾਂਦੀਆਂ ਹਨ। ਇਹ ਜ਼ਰੂਰੀ ਹੈ ਕਿ ਅਸੀਂ ਇਸ ਤਰ੍ਹਾਂ ਇਕਦਮ ਕਰੀਏ। ਮੰਨ ਲਓ ਕਿ ਤੁਸੀਂ ਇਕ ਫ਼ੌਜੀ ਹੋ ਅਤੇ ਦੁਸ਼ਮਣ ਨੇ ਤੁਹਾਡੇ ਦਿਲ ਤੇ ਬੰਦੂਕ ਦਾ ਨਿਸ਼ਾਨਾ ਲਗਾਇਆ ਹੈ। ਸ਼ਤਾਨ ਹੀ ਇਹ ਦੁਸ਼ਮਣ ਹੈ ਜੋ ਤੁਹਾਡੇ ਦਿਲ ਤੇ ਇਹ ਨਿਸ਼ਾਨਾ ਪੋਰਨੋਗ੍ਰਾਫੀ ਰਾਹੀਂ ਲਾ ਰਿਹਾ ਹੈ। ਉਹ ਤੁਹਾਡੇ ਦਿਲ ਨੂੰ ਮੈਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਸਾਨੂੰ ਹਿੰਸਾ ਲਈ ਪਿਆਰ ਪੈਦਾ ਕਰਨ ਤੋਂ ਵੀ ਬਚਣਾ ਚਾਹੀਦਾ ਹੈ ਵਰਨਾ ਅਸੀਂ ਦਿਲ ਹੀ ਦਿਲ ਵਿਚ ਇਸ ਨੂੰ ਪਸੰਦ ਕਰਨ ਲੱਗ ਪਵਾਂਗੇ। ਸ਼ਤਾਨ ਜਾਣਦਾ ਹੈ ਕਿ ਯਹੋਵਾਹ “ਹਿੰਸਾ ਪਰਸਤਾਂ ਨੂੰ ਦਿਲੋਂ ਘਿਰਣਾ ਕਰਦਾ ਹੈ।” (ਭਜਨ 11:5, ਪਵਿੱਤਰ ਬਾਈਬਲ ਨਵਾਂ ਅਨੁਵਾਦ) ਹਿੰਸਕ ਬਣਨ ਦਾ ਇਹ ਮਤਲਬ ਨਹੀਂ ਕਿ ਸ਼ਤਾਨ ਸਾਡੇ ਤੋਂ ਖ਼ੂਨ ਕਰਾ ਕੇ ਸਾਨੂੰ ਪਰਮੇਸ਼ੁਰ ਦਾ ਦੁਸ਼ਮਣ ਬਣਾ ਦੇਵੇ। ਉਸ ਲਈ ਇੰਨਾ ਹੀ ਕਾਫ਼ੀ ਹੈ ਕਿ ਅਸੀਂ ਹਿੰਸਾ ਨੂੰ ਦੇਖਣਾ ਪਸੰਦ ਕਰਨ ਲੱਗ ਪਈਏ। ਤਾਹੀਓਂ ਅੱਜ-ਕੱਲ੍ਹ ਦੀਆਂ ਫ਼ਿਲਮਾਂ, ਕਿਤਾਬਾਂ ਵਗੈਰਾ ਵਿਚ ਆਮ ਕਰਕੇ ਖ਼ੂਨ-ਖ਼ਰਾਬਾ ਅਤੇ ਜਾਦੂ-ਟੂਣਾ ਦਿਖਾਇਆ ਜਾਂਦਾ ਹੈ। ਭਾਵੇਂ ਨੈਫ਼ਲਿਮ ਹੁਣ ਧਰਤੀ ਉੱਤੇ ਨਹੀਂ ਹਨ, ਪਰ ਉਨ੍ਹਾਂ ਦੇ ਔਗੁਣ ਤੇ ਭ੍ਰਿਸ਼ਟ ਕੰਮ ਹਾਲੇ ਵੀ ਹਰ ਪਾਸੇ ਦੇਖੇ ਜਾ ਸਕਦੇ ਹਨ। ਕੀ ਮਨੋਰੰਜਨ ਕਰਦੇ ਹੋਏ ਤੁਸੀਂ ਸ਼ਤਾਨ ਦੇ ਪ੍ਰਭਾਵ ਤੋਂ ਬਚ ਕੇ ਰਹਿੰਦੇ ਹੋ?—2 ਕੁਰਿੰਥੀਆਂ 2:11.

ਸ਼ਤਾਨ ਦੇ ਪ੍ਰਭਾਵ ਤੋਂ ਬਚੋ

ਸਾਨੂੰ ਸ਼ਾਇਦ ਲੱਗੇ ਕਿ ਸ਼ਤਾਨ ਦੇ ਪ੍ਰਭਾਵ ਤੋਂ ਬਚਣਾ ਬਹੁਤ ਮੁਸ਼ਕਲ ਹੈ। ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲਿਆਂ ਦੀ ਲੜਾਈ ਸਿਰਫ਼ ਆਪਣੀਆਂ ਗ਼ਲਤ ਇੱਛਾਵਾਂ ਨਾਲ ਹੀ ਨਹੀਂ, ਸਗੋਂ ਬਾਈਬਲ ਕਹਿੰਦੀ ਹੈ ਕਿ ਉਨ੍ਹਾਂ ਦੀ ‘ਲੜਾਈ ਦੁਸ਼ਟ ਆਤਮਿਆਂ ਨਾਲ’ ਵੀ ਹੈ। ਇਹ ਲੜਾਈ ਜਿੱਤਣ ਲਈ ਅਤੇ ਪਰਮੇਸ਼ੁਰ ਦੀ ਮਿਹਰ ਪਾਉਣ ਲਈ ਸਾਨੂੰ ਉਸ ਦੇ ਪ੍ਰਬੰਧਾਂ ਦਾ ਲਾਭ ਉਠਾਉਣ ਦੀ ਲੋੜ ਹੈ।—ਅਫ਼ਸੀਆਂ 6:12; ਰੋਮੀਆਂ 7:21-25.

ਇਕ ਪ੍ਰਬੰਧ ਪਰਮੇਸ਼ੁਰ ਦੀ ਪਵਿੱਤਰ ਆਤਮਾ ਹੈ ਜਿਸ ਦੇ ਮੁਕਾਬਲੇ ਵਿਚ ਵਿਸ਼ਵ ਵਿਚ ਹੋਰ ਕੋਈ ਸ਼ਕਤੀ ਨਹੀਂ। ਪਹਿਲੀ ਸਦੀ ਵਿਚ ਪੌਲੁਸ ਰਸੂਲ ਨੇ ਯਿਸੂ ਦੇ ਚੇਲਿਆਂ ਨੂੰ ਲਿਖਿਆ: “ਸਾਨੂੰ ਜਗਤ ਦਾ ਆਤਮਾ ਨਹੀਂ ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ੁਰ ਤੋਂ ਹੈ।” (1 ਕੁਰਿੰਥੀਆਂ 2:12) ਪਰਮੇਸ਼ੁਰ ਦੀ ਸ਼ਕਤੀ ਨਾਲ ਅਸੀਂ ਉਨ੍ਹਾਂ ਚੀਜ਼ਾਂ ਨਾਲ ਪਿਆਰ ਕਰਨਾ ਸਿੱਖਾਂਗੇ ਜਿਨ੍ਹਾਂ ਨਾਲ ਪਰਮੇਸ਼ੁਰ ਪਿਆਰ ਕਰਦਾ ਹੈ ਤੇ ਉਨ੍ਹਾਂ ਚੀਜ਼ਾਂ ਨਾਲ ਘਿਣ ਕਰਨਾ ਸਿੱਖਾਂਗੇ ਜਿਨ੍ਹਾਂ ਨਾਲ ਪਰਮੇਸ਼ੁਰ ਘਿਣ ਕਰਦਾ ਹੈ। (ਆਮੋਸ 5:15) ਸਾਨੂੰ ਇਹ ਸ਼ਕਤੀ ਕਿਸ ਤਰ੍ਹਾਂ ਮਿਲ ਸਕਦੀ ਹੈ? ਇਕ ਤਰੀਕਾ ਹੈ ਬਾਈਬਲ ਦਾ ਅਧਿਐਨ ਕਰ ਕੇ ਕਿਉਂਕਿ ਬਾਈਬਲ ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ ਲਿਖੀ ਗਈ ਸੀ। ਇਸ ਦੇ ਨਾਲ-ਨਾਲ ਪ੍ਰਾਰਥਨਾ ਕਰ ਕੇ ਅਤੇ ਉਨ੍ਹਾਂ ਲੋਕਾਂ ਨਾਲ ਸੰਗਤ ਰੱਖ ਕੇ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ।—ਲੂਕਾ 11:13; 2 ਤਿਮੋਥਿਉਸ 3:16; ਇਬਰਾਨੀਆਂ 10:24, 25.

ਇਹ ਸਾਰੇ ਕੰਮ ਕਰ ਕੇ ਅਸੀਂ “ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ” ਪਾਉਣਾ ਸ਼ੁਰੂ ਕਰਦੇ ਹਾਂ ਜੋ ਸਾਨੂੰ “ਸ਼ਤਾਨ ਦੇ ਛਲ ਛਿੱਦ੍ਰਾਂ” ਤੋਂ ਬਚਾਉਣਗੇ। (ਅਫ਼ਸੀਆਂ 6:11-18) ਇਸ ਤਰ੍ਹਾਂ ਕਰਨਾ ਅੱਗੇ ਨਾਲੋਂ ਕਿਤੇ ਜ਼ਰੂਰੀ ਹੈ। ਕਿਉਂ?

ਦੁਸ਼ਟਤਾ ਦਾ ਅੰਤ ਨੇੜੇ!

ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਜਦੋਂ ਦੁਸ਼ਟ ਘਾਹ ਵਾਂਙੁ ਫੁੱਟਦੇ ਹਨ ਅਤੇ ਸਾਰੇ ਬਦਕਾਰ ਫੁੱਲਦੇ ਫਲਦੇ ਹਨ, ਏਹ ਇਸ ਕਰਕੇ ਹੈ ਭਈ ਓਹ ਸਦਾ ਲਈ ਨਾਸ ਹੋ ਜਾਣ।” (ਜ਼ਬੂਰਾਂ ਦੀ ਪੋਥੀ 92:7) ਜੀ ਹਾਂ, ਜਿਸ ਤਰ੍ਹਾਂ ਨੂਹ ਦੇ ਜ਼ਮਾਨੇ ਵਿਚ ਦੁਸ਼ਟਤਾ ਦਾ ਬੋਲਬਾਲਾ ਸੀ ਅਤੇ ਪਰਮੇਸ਼ੁਰ ਨੇ ਉਸ ਦੁਨੀਆਂ ਨੂੰ ਖ਼ਤਮ ਕੀਤਾ ਸੀ, ਅੱਜ ਵੀ ਉਹ ਉਸੇ ਤਰ੍ਹਾਂ ਕਰੇਗਾ। ਉਹ ਸਿਰਫ਼ ਬੁਰੇ ਲੋਕਾਂ ਨੂੰ ਹੀ ਨਹੀਂ, ਸਗੋਂ ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਨੂੰ ਵੀ ਸਜ਼ਾ ਦੇਵੇਗਾ। ਦੁਸ਼ਟ ਲੋਕ ਹਮੇਸ਼ਾ ਲਈ ਖ਼ਤਮ ਕੀਤੇ ਜਾਣਗੇ ਅਤੇ ਸ਼ਤਾਨ ਤੇ ਉਸ ਦੇ ਬੁਰੇ ਦੂਤਾਂ ਨੂੰ ਕੈਦ ਕੀਤਾ ਜਾਵੇਗਾ। ਅੰਤ ਵਿਚ ਉਨ੍ਹਾਂ ਦਾ ਸਰਬਨਾਸ਼ ਕੀਤਾ ਜਾਵੇਗਾ। (2 ਤਿਮੋਥਿਉਸ 3:1-5; ਪਰਕਾਸ਼ ਦੀ ਪੋਥੀ 20:1-3, 7-10) ਪਰਮੇਸ਼ੁਰ ਨੇ ਇਹ ਸਾਰੇ ਕੰਮ ਕਿਸ ਨੂੰ ਸੌਂਪੇ ਹਨ? ਯਿਸੂ ਮਸੀਹ ਨੂੰ ਜਿਸ ਬਾਰੇ ਬਾਈਬਲ ਵਿਚ ਲਿਖਿਆ ਹੈ: “ਪਰਮੇਸ਼ੁਰ ਦਾ ਪੁੱਤ੍ਰ ਇਸੇ ਲਈ ਪਰਗਟ ਹੋਇਆ ਭਈ ਸ਼ਤਾਨ ਦੇ ਕੰਮਾਂ ਨੂੰ ਨਸ਼ਟ ਕਰੇ।”—1 ਯੂਹੰਨਾ 3:8.

ਕੀ ਤੁਸੀਂ ਦੁਸ਼ਟਤਾ ਦਾ ਅੰਤ ਦੇਖਣਾ ਚਾਹੁੰਦੇ ਹੋ? ਜੇ ਹਾਂ, ਤਾਂ ਤੁਸੀਂ ਬਾਈਬਲ ਦੇ ਵਾਅਦਿਆਂ ਤੋਂ ਦਿਲਾਸਾ ਪਾ ਸਕਦੇ ਹੋ। ਸਿਰਫ਼ ਬਾਈਬਲ ਵਿਚ ਹੀ ਸ਼ਤਾਨ ਦਾ ਪਰਦਾ ਫ਼ਾਸ਼ ਕੀਤਾ ਗਿਆ ਹੈ। ਹੋਰ ਕਿਸੇ ਵੀ ਕਿਤਾਬ ਵਿਚ ਇਹ ਨਹੀਂ ਦੱਸਿਆ ਗਿਆ ਕਿ ਸ਼ਤਾਨ ਦਾ ਦੁਸ਼ਟ ਰਾਜ ਕਿਵੇਂ ਖ਼ਤਮ ਹੋਵੇਗਾ। ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਬਾਈਬਲ ਦਾ ਹੋਰ ਗਿਆਨ ਲਓ ਤਾਂਕਿ ਤੁਸੀਂ ਸ਼ਤਾਨ ਦੇ ਪ੍ਰਭਾਵ ਤੋਂ ਆਪਣਾ ਬਚਾ ਕਰ ਸਕੋ ਅਤੇ ਅਜਿਹੇ ਸਮੇਂ ਵਿਚ ਜੀਣ ਦੀ ਉਮੀਦ ਰੱਖ ਸਕੋ ਜਿੱਥੇ ਦੁਸ਼ਟਤਾ ਦਾ ਨਾਮੋ-ਨਿਸ਼ਾਨ ਨਹੀਂ ਹੋਵੇਗਾ।—ਜ਼ਬੂਰਾਂ ਦੀ ਪੋਥੀ 37:9, 10.

[ਫੁਟਨੋਟ]

^ ਪੈਰਾ 5 ਜਿਹੜਾ ਫ਼ਰਿਸ਼ਤਾ ਸ਼ਤਾਨ ਬਣਿਆ, ਉਸ ਦਾ ਅਸਲੀ ਨਾਂ ਅਸੀਂ ਨਹੀਂ ਜਾਣਦੇ। ਉਹ ਪਰਮੇਸ਼ੁਰ ਦਾ ਵਿਰੋਧੀ ਬਣਿਆ ਅਤੇ ਉਸ ਨੇ ਪਰਮੇਸ਼ੁਰ ਤੇ ਤੁਹਮਤ ਲਗਾਈ। ਕੁਝ ਹੱਦ ਤਕ ਸ਼ਤਾਨ ਦੀ ਤੁਲਨਾ ਪ੍ਰਾਚੀਨ ਸੂਰ ਦੇ ਪਾਤਸ਼ਾਹ ਨਾਲ ਕੀਤੀ ਜਾ ਸਕਦੀ ਹੈ। (ਹਿਜ਼ਕੀਏਲ 28:12-19) ਕਿਉਂ? ਕਿਉਂਕਿ ਸ਼ੁਰੂ ਵਿਚ ਇਹ ਦੋਵੇਂ ਸਹੀ ਰਾਹ ਤੇ ਚੱਲ ਰਹੇ ਸਨ, ਪਰ ਬਾਅਦ ਵਿਚ ਘਮੰਡੀ ਬਣ ਗਏ।

^ ਪੈਰਾ 17 ਜਾਗਰੂਕ ਬਣੋ! ਦੇ ਅਕਤੂਬਰ-ਦਸੰਬਰ 2003 ਦੇ ਅੰਕ ਵਿਚ “ਅਸ਼ਲੀਲ ਤਸਵੀਰਾਂ ਸਮਾਜ ਲਈ ਨੁਕਸਾਨਦੇਹ?” ਨਾਂ ਦੀ ਲੇਖ-ਲੜੀ ਦੇਖੋ। ਇਹ ਰਸਾਲਾ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।

[ਸਫ਼ੇ 6 ਉੱਤੇ ਡੱਬੀ/ਤਸਵੀਰ]

ਕਥਾ-ਕਹਾਣੀਆਂ ਵਿਚ ਸੱਚਾਈ ਦੀ ਝਲਕ

ਰਾਖ਼ਸ਼ਾਂ, ਦੈਂਤਾਂ ਅਤੇ ਜਲ-ਪਰਲੋ ਦੀਆਂ ਕਹਾਣੀਆਂ ਸੰਸਾਰ-ਭਰ ਵਿਚ ਪਾਈਆਂ ਜਾਂਦੀਆਂ ਹਨ। ਮਿਸਾਲ ਲਈ, ਗਿਲਗਾਮੇਸ਼ ਨਾਂ ਦੇ ਰਾਜੇ ਬਾਰੇ ਅੱਕਾਦੀ ਲੋਕਾਂ ਦੀ ਕਹਾਣੀ ਵਿਚ ਇਕ ਹੜ੍ਹ, ਇਕ ਕਿਸ਼ਤੀ ਤੇ ਉਨ੍ਹਾਂ ਕੁਝ ਲੋਕਾਂ ਦਾ ਜ਼ਿਕਰ ਆਉਂਦਾ ਹੈ ਜੋ ਹੜ੍ਹ ਵਿੱਚੋਂ ਬਚੇ ਸਨ। ਗਿਲਗਾਮੇਸ਼ ਹਵਸੀ ਤੇ ਹਿੰਸਕ ਰਾਖ਼ਸ਼ ਸੀ। ਐਜ਼ਟੈਕ ਲੋਕਾਂ ਦੀਆਂ ਕਥਾਵਾਂ ਅਨੁਸਾਰ ਇਕ ਅਜਿਹਾ ਸੰਸਾਰ ਹੁੰਦਾ ਸੀ ਜਿੱਥੇ ਦੈਂਤ ਰਹਿੰਦੇ ਸਨ ਅਤੇ ਉਸ ਸਮੇਂ ਇਕ ਵੱਡਾ ਹੜ੍ਹ ਆਇਆ ਸੀ। ਨਾਰਵੇ ਦੀਆਂ ਕਹਾਣੀਆਂ ਵੀ ਦੈਂਤਾਂ ਬਾਰੇ ਦੱਸਦੀਆਂ ਹਨ ਅਤੇ ਇਹ ਕਹਿੰਦੀਆਂ ਹਨ ਕਿ ਬਰਗਲਮੀਰ ਨਾਂ ਦੇ ਬੁੱਧੀਮਾਨ ਆਦਮੀ ਨੇ ਇਕ ਵੱਡੀ ਕਿਸ਼ਤੀ ਬਣਾ ਕੇ ਆਪਣੀ ਤੇ ਆਪਣੀ ਤੀਵੀਂ ਦੀ ਜਾਨ ਬਚਾਈ। ਇਹ ਸਾਰੀਆਂ ਕਥਾ-ਕਹਾਣੀਆਂ ਬਾਈਬਲ ਵਿਚ ਪਾਈ ਜਾਂਦੀ ਜਲ-ਪਰਲੋ ਦੀ ਕਹਾਣੀ ਨੂੰ ਸੱਚ ਸਾਬਤ ਕਰਦੀਆਂ ਹਨ। ਨਾਲੇ ਇਹ ਵੀ ਕਿ ਇਸ ਜਲ-ਪਰਲੋ ਰਾਹੀਂ ਦੁਸ਼ਟ ਲੋਕਾਂ ਨੂੰ ਖ਼ਤਮ ਕੀਤਾ ਗਿਆ ਸੀ ਅਤੇ ਸਾਰੇ ਇਨਸਾਨ ਉਨ੍ਹਾਂ ਲੋਕਾਂ ਦੀ ਔਲਾਦ ਹਨ ਜੋ ਉਸ ਵਿੱਚੋਂ ਬਚ ਨਿਕਲੇ ਸਨ।

[ਤਸਵੀਰ]

ਇਸ ਫੱਟੀ ਤੇ ਗਿਲਗਾਮੇਸ਼ ਦੀ ਕਹਾਣੀ ਲਿਖੀ ਹੈ

[ਕ੍ਰੈਡਿਟ ਲਾਈਨ]

The University Museum, University of Pennsylvania (neg. # 22065)

[ਸਫ਼ਾ 5 ਉੱਤੇ ਤਸਵੀਰ]

ਅੱਜ ਲੋਕਾਂ ਵਿਚ ਨੈਫ਼ਲਿਮ ਦੇ ਔਗੁਣ ਦੇਖੇ ਜਾ ਸਕਦੇ ਹਨ

[ਸਫ਼ਾ 7 ਉੱਤੇ ਤਸਵੀਰ]

ਬਾਈਬਲ ਦਾ ਗਿਆਨ ਲੈ ਕੇ ਅਸੀਂ ਸ਼ਤਾਨ ਦੇ ਪ੍ਰਭਾਵ ਤੋਂ ਬਚ ਸਕਦੇ ਹਾਂ