ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਕੀ ਕਹਾਉਤਾਂ 22:6 ਦਾ ਹਵਾਲਾ ਇਸ ਗੱਲ ਦੀ ਗਾਰੰਟੀ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਯਹੋਵਾਹ ਦੇ ਰਾਹਾਂ ਤੇ ਚੱਲਣਾ ਸਿਖਾਇਆ ਜਾਂਦਾ ਹੈ, ਉਹ ਯਹੋਵਾਹ ਦਾ ਲੜ ਕਦੇ ਨਹੀਂ ਛੱਡਣਗੇ?
ਇਸ ਆਇਤ ਵਿਚ ਲਿਖਿਆ ਹੈ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।” ਜਿਵੇਂ ਟਹਿਣੀ ਨੂੰ ਵਿੰਗਾ-ਟੇਢਾ ਕਰ ਕੇ ਮਨ-ਪਸੰਦ ਦੇ ਆਕਾਰ ਵਿਚ ਉਗਾਇਆ ਜਾਂਦਾ ਹੈ, ਤਿਵੇਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਉਮੀਦ ਰੱਖੀ ਜਾਂਦੀ ਹੈ ਕਿ ਉਹ ਵੱਡੇ ਹੋ ਕੇ ਯਹੋਵਾਹ ਦੇ ਰਾਹਾਂ ਤੇ ਚੱਲਦੇ ਰਹਿਣ। ਸਾਰੇ ਮਾਪੇ ਜਾਣਦੇ ਹਨ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਸਮੇਂ ਅਤੇ ਮਿਹਨਤ ਦੀ ਲੋੜ ਹੈ। ਬੱਚਿਆਂ ਨੂੰ ਮਸੀਹ ਦੇ ਚੇਲੇ ਬਣਾਉਣ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਧਿਆਨ ਨਾਲ ਉਨ੍ਹਾਂ ਨੂੰ ਸਿੱਖਿਆ ਦੇਣ, ਤਾੜਨ, ਸੁਧਾਰਨ ਅਤੇ ਉਤਸ਼ਾਹਿਤ ਕਰਨ। ਇਸ ਦੇ ਨਾਲ-ਨਾਲ ਮਾਪਿਆਂ ਨੂੰ ਆਪ ਵੀ ਚੰਗੀ ਮਿਸਾਲ ਕਾਇਮ ਕਰਨ ਦੀ ਲੋੜ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਪਿਆਰ ਨਾਲ ਕਈ ਸਾਲਾਂ ਤਕ ਕਰਦੇ ਰਹਿਣਾ ਚਾਹੀਦਾ ਹੈ।
ਫਿਰ ਵੀ ਜੇ ਬੱਚਾ ਯਹੋਵਾਹ ਤੋਂ ਮੂੰਹ ਮੋੜ ਲਵੇ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਮਾਪਿਆਂ ਵੱਲੋਂ ਉਸ ਨੂੰ ਸਿੱਖਿਆ ਦੇਣ ਵਿਚ ਕੋਈ ਕਮੀ ਰਹਿ ਗਈ ਹੈ? ਹੋ ਸਕਦਾ ਹੈ ਕਿ ਕੁਝ ਮਾਪਿਆਂ ਨੇ ਬੱਚਿਆਂ ਨੂੰ ਯਹੋਵਾਹ ਦੀ ਸਿੱਖਿਆ ਅਤੇ ਮੱਤ ਦੇਣ ਵਿਚ ਥੋੜ੍ਹੀ-ਬਹੁਤੀ ਲਾਪਰਵਾਹੀ ਵਰਤੀ ਹੋਵੇ। (ਅਫ਼ਸੀਆਂ 6:4) ਪਰ ਕਹਾਉਤਾਂ ਦਾ ਹਵਾਲਾ ਇਹ ਗਾਰੰਟੀ ਨਹੀਂ ਦਿੰਦਾ ਕਿ ਚੰਗੀ ਸਿੱਖਿਆ ਮਿਲਣ ਦੇ ਕਾਰਨ ਬੱਚਾ ਹਮੇਸ਼ਾ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਦਾ ਰਹੇਗਾ। ਮਾਪੇ ਆਪਣੇ ਬੱਚਿਆਂ ਨੂੰ ਆਪਣੀ ਮਨ-ਪਸੰਦ ਦੇ ਇਨਸਾਨ ਬਣਨ ਲਈ ਮਜਬੂਰ ਨਹੀਂ ਕਰ ਸਕਦੇ। ਸਿਆਣਿਆਂ ਵਾਂਗ ਬੱਚਿਆਂ ਨੂੰ ਵੀ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਹੈ। (ਬਿਵਸਥਾ ਸਾਰ 30:15, 16, 19) ਕੁਝ ਮਾਪਿਆਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਉਨ੍ਹਾਂ ਦੇ ਬੱਚੇ ਯਹੋਵਾਹ ਪ੍ਰਤੀ ਵਫ਼ਾਦਾਰ ਨਹੀਂ ਰਹਿੰਦੇ। ਮਿਸਾਲ ਲਈ, ਕਹਾਉਤਾਂ ਦੇ ਲਿਖਾਰੀ ਸੁਲੇਮਾਨ ਨੇ ਵੀ ਯਹੋਵਾਹ ਤੋਂ ਮੂੰਹ ਮੋੜ ਲਿਆ ਸੀ। ਇਸ ਤੋਂ ਇਲਾਵਾ ਯਹੋਵਾਹ ਦੇ ਕੁਝ ਸਵਰਗੀ ਪੁੱਤਰਾਂ ਨੇ ਵੀ ਉਸ ਨਾਲ ਦਗ਼ਾ ਕੀਤਾ ਸੀ।
ਸੋ ਇਸ ਹਵਾਲੇ ਦਾ ਅਰਥ ਇਹ ਨਹੀਂ ਕਿ ਹਰ ਬੱਚਾ ਜਿਸ ਨੂੰ ਪਰਮੇਸ਼ੁਰ ਦੇ ਰਾਹ ਤੇ ਚੱਲਣਾ ਸਿਖਾਇਆ ਗਿਆ ਹੈ, ਉਹ ‘ਇਸ ਰਾਹ ਤੋਂ ਕਦੀ ਨਾ ਹਟੇਗਾ’, ਪਰ ਆਮ ਤੌਰ ਤੇ ਇਹ ਗੱਲ ਸੱਚ ਸਾਬਤ ਹੁੰਦੀ ਹੈ। ਇਸ ਗੱਲ ਤੋਂ ਮਾਪਿਆਂ ਨੂੰ ਕਿੰਨਾ ਹੌਸਲਾ ਮਿਲਦਾ ਹੈ! ਮਾਪਿਆਂ ਨੂੰ ਇਸ ਗੱਲ ਤੋਂ ਦਿਲਾਸਾ ਪਾਉਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਯਹੋਵਾਹ ਦੇ ਰਾਹਾਂ ਬਾਰੇ ਸਿੱਖਿਆ ਦੇਣ ਦੇ ਉਨ੍ਹਾਂ ਦੇ ਜਤਨ ਸਦਕਾ ਉਨ੍ਹਾਂ ਨੂੰ ਚੰਗਾ ਫਲ ਮਿਲੇਗਾ। ਮਾਪਿਆਂ ਦੀ ਜ਼ਿੰਮੇਵਾਰੀ ਭਾਰੀ ਹੈ ਅਤੇ ਉਨ੍ਹਾਂ ਦਾ ਬੱਚਿਆਂ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ, ਇਸ ਲਈ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਗੰਭੀਰਤਾ ਨਾਲ ਨਿਭਾਉਣੀ ਚਾਹੀਦੀ ਹੈ।—ਬਿਵਸਥਾ ਸਾਰ 6:6, 7.
ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਪਾਲਦੇ ਹਨ, ਉਹ ਉਮੀਦ ਰੱਖ ਸਕਦੇ ਹਨ ਕਿ ਭਾਵੇਂ ਉਨ੍ਹਾਂ ਦੇ ਬੱਚੇ ਯਹੋਵਾਹ ਤੋਂ ਮੂੰਹ ਮੋੜ ਵੀ ਲੈਣ, ਉਹ ਸੁਧਰ ਕੇ ਮੁੜ ਯਹੋਵਾਹ ਨਾਲ ਰਿਸ਼ਤਾ ਜੋੜ ਸਕਦੇ ਹਨ। ਬਾਈਬਲ ਦੀ ਸੱਚਾਈ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਮਾਪਿਆਂ ਦੀ ਸਿੱਖਿਆ ਛੇਤੀ ਨਹੀਂ ਭੁੱਲਦੀ।—ਜ਼ਬੂਰਾਂ ਦੀ ਪੋਥੀ 19:7.