Skip to content

Skip to table of contents

ਪ੍ਰਚਾਰ ਦੇ ਕੰਮ ਨੂੰ ਪਹਿਲ ਦੇਣ ਦਾ ਸਾਡਾ ਪੱਕਾ ਇਰਾਦਾ

ਪ੍ਰਚਾਰ ਦੇ ਕੰਮ ਨੂੰ ਪਹਿਲ ਦੇਣ ਦਾ ਸਾਡਾ ਪੱਕਾ ਇਰਾਦਾ

ਜੀਵਨੀ

ਪ੍ਰਚਾਰ ਦੇ ਕੰਮ ਨੂੰ ਪਹਿਲ ਦੇਣ ਦਾ ਸਾਡਾ ਪੱਕਾ ਇਰਾਦਾ

ਲੀਨਾ ਡਾਵਿਸਨ ਦੀ ਜ਼ਬਾਨੀ

ਧੀਮੀ ਜਿਹੀ ਆਵਾਜ਼ ਵਿਚ ਸਾਡੇ ਪਾਇਲਟ ਨੇ ਕਿਹਾ, “ਮੇਰੀਆਂ ਅੱਖਾਂ ਸਾਮ੍ਹਣੇ ਹਨੇਰਾ ਹੀ ਹਨੇਰਾ ਛਾ ਗਿਆ ਹੈ। ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ!” ਇਹ ਗੱਲ ਕਹਿ ਕੇ ਉਹ ਬੇਹੋਸ਼ ਹੋ ਗਿਆ ਤੇ ਆਪਣੀ ਸੀਟ ਵਿਚ ਹੀ ਢਹਿ-ਢੇਰੀ ਹੋ ਗਿਆ। ਮੇਰੇ ਪਤੀ ਨੂੰ ਹਵਾਈ-ਜਹਾਜ਼ ਚਲਾਉਣ ਬਾਰੇ ਕੁਝ ਵੀ ਨਹੀਂ ਪਤਾ ਸੀ। ਇਸ ਲਈ ਉਸ ਨੇ ਜਲਦੀ-ਜਲਦੀ ਪਾਇਲਟ ਨੂੰ ਹੋਸ਼ ਵਿਚ ਲਿਆਉਣ ਦੀ ਲੱਖ ਕੋਸ਼ਿਸ਼ ਕੀਤੀ। ਪਰ ਇਹ ਦੱਸਣ ਤੋਂ ਪਹਿਲਾਂ ਕਿ ਉਸ ਦਿਨ ਸਾਡੀਆਂ ਜਾਨਾਂ ਵਾਲ-ਵਾਲ ਕਿਵੇਂ ਬਚੀਆਂ, ਆਓ ਮੈਂ ਤੁਹਾਨੂੰ ਦੱਸਾਂ ਕੇ ਅਸੀਂ ਪਾਪੂਆ ਨਿਊ ਗਿਨੀ ਉੱਤੇ ਦੀ ਉੱਡ ਰਹੇ ਇਸ ਜਹਾਜ਼ ਵਿਚ ਕਰ ਕੀ ਰਹੇ ਸੀ।

ਮੇਰਾ ਜਨਮ 1929 ਵਿਚ ਆਸਟ੍ਰੇਲੀਆ ਵਿਚ ਹੋਇਆ ਸੀ ਅਤੇ ਮੈਂ ਨਿਊ ਸਾਉਥ ਵੇਲਜ਼ ਦੀ ਰਾਜਧਾਨੀ ਸਿਡਨੀ ਵਿਚ ਵੱਡੀ ਹੋਈ। ਭਾਵੇਂ ਮੇਰੇ ਪਿਤਾ ਜੀ ਇਕ ਕਮਿਊਨਿਸਟ ਸਨ, ਪਰ ਫਿਰ ਵੀ ਉਹ ਰੱਬ ਵਿਚ ਵਿਸ਼ਵਾਸ ਕਰਦੇ ਸਨ। 1938 ਵਿਚ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਤੋਂ ਜੋਸਫ਼ ਐੱਫ਼. ਰਦਰਫ਼ਰਡ ਨੂੰ ਸਿਡਨੀ ਟਾਊਨ ਹਾਲ ਵਿਚ ਪ੍ਰਚਾਰ ਕਰਨ ਦੀ ਇਜਾਜ਼ਤ ਦੇਣ ਲਈ ਹੋਰਨਾਂ ਲੋਕਾਂ ਵਾਂਗ ਇਕ ਦਸਤਾਵੇਜ਼ ਤੇ ਦਸਤਖਤ ਵੀ ਕੀਤੇ ਸਨ।

ਪਿਤਾ ਜੀ ਨੇ ਸਾਨੂੰ ਕਿਹਾ ਕਿ “ਉਹ ਜ਼ਰੂਰ ਸਾਨੂੰ ਕੋਈ ਵਧੀਆ ਗੱਲ ਸੁਣਾਉਣਗੇ!” ਅਸੀਂ ਅੱਠ ਸਾਲ ਬਾਅਦ ਉਸ ਸੰਦੇਸ਼ ਦੀ ਅਹਿਮੀਅਤ ਸਮਝੇ। ਪਿਤਾ ਜੀ ਨੇ ਨੋਰਮਨ ਬੇਲੋਟੀ ਨਾਂ ਦੇ ਇਕ ਪਾਇਨੀਅਰ ਭਰਾ ਨੂੰ ਘਰ ਬੁਲਾਇਆ ਤਾਂਕਿ ਉਹ ਸਾਡੇ ਨਾਲ ਬਾਈਬਲ ਬਾਰੇ ਗੱਲਬਾਤ ਕਰ ਸਕੇ। ਸਾਡੇ ਪਰਿਵਾਰ ਨੇ ਜਲਦੀ ਹੀ ਬਾਈਬਲ ਦੀ ਸਿੱਖਿਆ ਨੂੰ ਸਵੀਕਾਰ ਕੀਤਾ ਅਤੇ ਅਸੀਂ ਪਰਮੇਸ਼ੁਰ ਦੀ ਸੇਵਾ ਜੋਸ਼ ਨਾਲ ਕਰਨ ਲੱਗ ਪਏ।

1940 ਦੇ ਦਹਾਕੇ ਦੌਰਾਨ ਮੈਂ ਸਕੂਲ ਛੱਡ ਕੇ ਆਪਣੇ ਮਾਤਾ ਜੀ ਦੀ ਦੇਖ-ਭਾਲ ਕਰਨ ਲੱਗ ਪਈ ਜੋ ਬਹੁਤ ਬੀਮਾਰ ਰਹਿੰਦੇ ਸਨ। ਉਨ੍ਹਾਂ ਦੀ ਦੇਖ-ਭਾਲ ਕਰਨ ਦੇ ਨਾਲ-ਨਾਲ ਮੈਂ ਘਰ ਦਾ ਗੁਜ਼ਾਰਾ ਤੋਰਨ ਲਈ ਸਿਲਾਈ ਦਾ ਕੰਮ ਵੀ ਕਰਦੀ ਸੀ। ਹਰ ਸ਼ਨੀਵਾਰ ਸ਼ਾਮ ਨੂੰ ਮੈਂ ਅਤੇ ਮੇਰੀ ਵੱਡੀ ਭੈਣ ਪਾਇਨੀਅਰਾਂ ਨਾਲ ਪ੍ਰਚਾਰ ਦੇ ਕੰਮ ਵਿਚ ਜਾਂਦੀਆਂ ਹੁੰਦੀਆਂ ਸਨ। ਅਸੀਂ ਸਾਰੇ ਮਿਲ ਕੇ ਸਿਡਨੀ ਟਾਊਨ ਹਾਲ ਦੇ ਬਾਹਰ ਪ੍ਰਚਾਰ ਕਰਦੇ ਹੁੰਦੇ ਸੀ। 1952 ਵਿਚ ਮੇਰਾ ਵੱਡਾ ਭਰਾ ਜੌਨ ਅਮਰੀਕਾ ਵਿਚ ਗਿਲਿਅਡ ਸਕੂਲ ਨੂੰ ਗਿਆ ਅਤੇ ਉਸ ਨੂੰ ਮਿਸ਼ਨਰੀ ਵਜੋਂ ਪਾਕਿਸਤਾਨ ਭੇਜਿਆ ਗਿਆ। ਮੈਂ ਵੀ ਪ੍ਰਚਾਰ ਕਰਨਾ ਬਹੁਤ ਹੀ ਪਸੰਦ ਕਰਦੀ ਸੀ ਅਤੇ ਉਸ ਦੇ ਨਕਸ਼ੇ-ਕਦਮ ਤੇ ਚੱਲਣਾ ਚਾਹੁੰਦੀ ਸੀ। ਇਸ ਲਈ ਅਗਲੇ ਸਾਲ ਮੈਂ ਵੀ ਪਾਇਨੀਅਰੀ ਸ਼ੁਰੂ ਕੀਤੀ।

ਵਿਆਹ ਕਰਾ ਕੇ ਮਿਸ਼ਨਰੀ ਕੰਮ

ਇਸ ਤੋਂ ਕੁਝ ਹੀ ਦੇਰ ਬਾਅਦ ਮੇਰੀ ਮੁਲਾਕਾਤ ਜੌਨ ਡਾਵਿਸਨ ਨਾਲ ਹੋਈ ਜੋ ਆਸਟ੍ਰੇਲੀਆ ਦੇ ਬ੍ਰਾਂਚ ਆਫ਼ਿਸ ਯਾਨੀ ਬੈਥਲ ਵਿਚ ਸੇਵਾ ਕਰਦਾ ਸੀ। ਉਹ ਨਿਮਰ ਸੁਭਾਅ ਵਾਲਾ ਨੇਕ ਇਨਸਾਨ ਸੀ ਜੋ ਚੁੱਪ-ਚਾਪ ਆਪਣੇ ਕੰਮ ਵਿਚ ਰੁੱਝਾ ਰਹਿੰਦਾ ਸੀ। ਦੂਸਰੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਤੋਂ ਇਨਕਾਰ ਕਰਨ ਤੇ ਉਸ ਨੂੰ ਤਿੰਨ ਵਾਰ ਕੈਦ ਦੀ ਸਜ਼ਾ ਕੱਟਣੀ ਪਈ ਸੀ। ਉਸ ਦੇ ਚੰਗੇ ਗੁਣਾਂ ਨੇ ਅਤੇ ਯਹੋਵਾਹ ਦੀ ਸੇਵਾ ਕਰਨ ਦੇ ਉਸ ਦੇ ਪੱਕੇ ਇਰਾਦੇ ਨੇ ਮੇਰਾ ਦਿਲ ਜਿੱਤ ਲਿਆ। ਅਸੀਂ ਇਕੱਠਿਆਂ ਨੇ ਫ਼ੈਸਲਾ ਕੀਤਾ ਕਿ ਪ੍ਰਚਾਰ ਦੇ ਕੰਮ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਮਕਸਦ ਬਣਾਵਾਂਗੇ।

ਜੂਨ 1955 ਵਿਚ ਅਸੀਂ ਵਿਆਹ ਕਰਾ ਲਿਆ। ਅਸੀਂ ਇਕ ਬੱਸ ਖ਼ਰੀਦੀ ਤਾਂਕਿ ਅਸੀਂ ਉਸ ਨੂੰ ਇਕ ਮੋਬਾਇਲ ਘਰ ਵਜੋਂ ਵਰਤ ਸਕੀਏ ਅਤੇ ਆਸਟ੍ਰੇਲੀਆ ਦੇ ਦੂਰ-ਦੁਰੇਡੇ ਇਲਾਕਿਆਂ ਵਿਚ ਸਫ਼ਰ ਕਰ ਕੇ ਪ੍ਰਚਾਰ ਕਰ ਸਕੀਏ। ਪਰ ਅਗਲੇ ਹੀ ਸਾਲ ਸਾਡੀ ਸੰਸਥਾ ਵੱਲੋਂ ਸੱਦਾ ਆਇਆ ਕਿ ਜੇ ਕੋਈ ਨਿਊ ਗਿਨੀ ਵਿਚ ਜਾ ਕੇ ਸੇਵਾ ਕਰ ਸਕਦਾ ਹੈ, ਤਾਂ ਉਹ ਅਰਜ਼ੀ ਭਰੇ। ਨਿਊ ਗਿਨੀ ਆਸਟ੍ਰੇਲੀਆ ਦੇ ਉੱਤਰ ਵੱਲ ਇਕ ਵੱਡੇ ਟਾਪੂ ਦਾ ਉੱਤਰ-ਪੂਰਬੀ ਹਿੱਸਾ ਹੈ। * ਦੁਨੀਆਂ ਦੇ ਉਸ ਹਿੱਸੇ ਵਿਚ ਹਾਲੇ ਤਕ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਨਹੀਂ ਕੀਤਾ ਗਿਆ ਸੀ। ਅਸੀਂ ਇਕਦਮ ਉੱਥੇ ਜਾ ਕੇ ਸੇਵਾ ਕਰਨ ਲਈ ਅਰਜ਼ੀ ਭਰ ਦਿੱਤੀ।

ਉਨ੍ਹੀਂ ਦਿਨੀਂ ਤੁਸੀਂ ਫੁਲ-ਟਾਈਮ ਕੰਮ ਕਰਨ ਦਾ ਠੇਕਾ ਲੈ ਕੇ ਹੀ ਨਿਊ ਗਿਨੀ ਦੇ ਟਾਪੂ ਨੂੰ ਜਾ ਸਕਦੇ ਸੀ। ਇਸ ਲਈ ਜੌਨ ਨੇ ਨੌਕਰੀ ਦੀ ਤਲਾਸ਼ ਕਰਨੀ ਸ਼ੁਰੂ ਕੀਤੀ। ਜਲਦੀ ਹੀ ਲੱਕੜ ਮਿੱਲ ਵਿਚ ਉਸ ਦੀ ਨੌਕਰੀ ਪੱਕੀ ਹੋ ਗਈ। ਇਹ ਮਿੱਲ ਨਿਊ ਬ੍ਰਿਟੇਨ ਵਿਚ ਸੀ ਜੋ ਕਿ ਨਿਊ ਗਿਨੀ ਨਾਲ ਲੱਗਦਾ ਇਕ ਛੋਟਾ ਟਾਪੂ ਹੈ। ਕੁਝ ਹਫ਼ਤਿਆਂ ਬਾਅਦ ਅਸੀਂ ਇਸ ਨਵੇਂ ਇਲਾਕੇ ਵਿਚ ਪ੍ਰਚਾਰ ਕਰਨ ਲਈ ਘਰੋਂ ਤੁਰ ਪਏ। ਅਸੀਂ ਜੁਲਾਈ 1956 ਵਿਚ ਰਾਬੋਲ, ਨਿਊ ਬ੍ਰਿਟੇਨ ਪਹੁੰਚੇ। ਉੱਥੋਂ ਵਾਟਰਫਾਲ ਬੇ ਤਕ ਲਿਜਾਣ ਵਾਲੀ ਕਿਸ਼ਤੀ ਲਈ ਸਾਨੂੰ ਛੇ ਦਿਨਾਂ ਤਕ ਉਡੀਕ ਕਰਨੀ ਪਈ।

ਵਾਟਰਫਾਲ ਬੇ ਵਿਚ ਪ੍ਰਚਾਰ ਕਰਨਾ

ਕਈ ਦਿਨਾਂ ਦੇ ਔਖੇ ਸਮੁੰਦਰੀ ਸਫ਼ਰ ਤੋਂ ਬਾਅਦ ਅਸੀਂ ਵਾਟਰਫਾਲ ਬੇ ਪਹੁੰਚੇ। ਵਾਟਰਫਾਲ ਬੇ ਰਾਬੋਲ ਤੋਂ 150 ਮੀਲ ਦੱਖਣ ਵੱਲ ਹੈ। ਇੱਥੇ ਜੰਗਲ ਵਿਚ ਲੱਕੜ ਮਿੱਲ ਲਈ ਥਾਂ ਪੱਧਰਾ ਕੀਤਾ ਗਿਆ ਸੀ। ਉਸ ਸ਼ਾਮ ਜਦੋਂ ਸਾਰੇ ਮਜ਼ਦੂਰ ਰੋਟੀ ਖਾਣ ਲਈ ਬੈਠੇ, ਤਾਂ ਮੈਨੇਜਰ ਨੇ ਸਾਨੂੰ ਕਿਹਾ: “ਅੱਛਾ, ਤੁਹਾਡੇ ਤੋਂ ਇਕ ਗੱਲ ਪੁੱਛਣੀ ਸੀ। ਇਸ ਕੰਪਨੀ ਦਾ ਇਕ ਦਸਤੂਰ ਹੈ ਕਿ ਇੱਥੇ ਕੰਮ ਕਰਨ ਵਾਲਿਆਂ ਨੂੰ ਦੱਸਣਾ ਪੈਂਦਾ ਹੈ ਕਿ ਉਹ ਕਿਹੜੇ ਧਰਮ ਦੇ ਹਨ। ਸੋ, ਤੁਸੀਂ ਕਿਹੜੇ ਧਰਮ ਦੇ ਹੋ?”

ਸਾਨੂੰ ਪਤਾ ਸੀ ਕਿ ਕੰਪਨੀ ਦਾ ਅਜਿਹਾ ਕੋਈ ਵੀ ਦਸਤੂਰ ਨਹੀਂ ਸੀ। ਪਰ ਕਿਉਂਕਿ ਅਸੀਂ ਸਿਗਰਟ ਪੀਣ ਤੋਂ ਇਨਕਾਰ ਕੀਤਾ ਸੀ ਉਹ ਸਾਨੂੰ ਸ਼ੱਕੀ ਨਜ਼ਰ ਨਾਲ ਦੇਖਣ ਲੱਗ ਪਏ ਸਨ। ਖ਼ੈਰ, ਜੌਨ ਨੇ ਜਵਾਬ ਦਿੱਤਾ: “ਅਸੀਂ ਯਹੋਵਾਹ ਦੇ ਗਵਾਹ ਹਾਂ।” ਚਾਰੋਂ ਤਰਫ਼ ਸੰਨਾਟਾ ਛਾ ਗਿਆ। ਇੱਥੇ ਕੰਮ ਕਰਨ ਵਾਲੇ ਬੰਦੇ ਦੂਸਰੇ ਵਿਸ਼ਵ ਯੁੱਧ ਦੌਰਾਨ ਸਿਪਾਹੀ ਰਹਿ ਚੁੱਕੇ ਸਨ ਅਤੇ ਯਹੋਵਾਹ ਦੇ ਗਵਾਹਾਂ ਤੋਂ ਨਫ਼ਰਤ ਕਰਦੇ ਸਨ ਕਿਉਂਕਿ ਉਨ੍ਹਾਂ ਨੇ ਯੁੱਧ ਵਿਚ ਕੋਈ ਹਿੱਸਾ ਨਹੀਂ ਲਿਆ ਸੀ। ਉਸ ਪਲ ਤੋਂ ਉਨ੍ਹਾਂ ਨੇ ਸਾਡੇ ਲਈ ਕਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ।

ਪਹਿਲਾਂ ਤਾਂ ਮੈਨੇਜਰ ਨੇ ਸਾਨੂੰ ਫਰਿੱਜ ਅਤੇ ਸਟੋਵ ਦੇਣ ਤੋਂ ਇਨਕਾਰ ਕਰ ਦਿੱਤਾ ਭਾਵੇਂ ਕਿ ਇਹ ਚੀਜ਼ਾਂ ਸਾਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ। ਇਸ ਲਈ ਸਾਡਾ ਖਾਣਾ ਸੜ-ਗਲ਼ ਜਾਂਦਾ ਸੀ ਅਤੇ ਸਾਨੂੰ ਇਕ ਟੁੱਟੇ-ਭੱਜੇ ਸਟੋਵ ਤੇ ਖਾਣਾ ਪਕਾਉਣਾ ਪੈਂਦਾ ਸੀ ਜੋ ਸਾਨੂੰ ਜੰਗਲ ਵਿਚ ਲੱਭਿਆ ਸੀ। ਫਿਰ ਮੰਡੀ ਵਿਚ ਤਾਜ਼ੀਆਂ ਸਬਜ਼ੀਆਂ ਦੇ ਦੁਕਾਨਦਾਰਾਂ ਨੂੰ ਸਾਨੂੰ ਕੁਝ ਵੇਚਣ ਤੋਂ ਮਨ੍ਹਾ ਕੀਤਾ ਗਿਆ ਸੀ। ਇਸ ਲਈ ਜੋ ਵੀ ਮਾੜਾ-ਮੋਟਾ ਹੱਥ ਆਉਂਦਾ ਸੀ ਉਸ ਤੇ ਹੀ ਸਾਨੂੰ ਗੁਜ਼ਾਰਾ ਕਰਨਾ ਪੈਂਦਾ ਸੀ। ਸਾਡੇ ਉੱਤੇ ਜਾਸੂਸ ਹੋਣ ਦਾ ਇਲਜ਼ਾਮ ਵੀ ਲਗਾਇਆ ਗਿਆ ਸੀ। ਇਹ ਦੇਖਣ ਲਈ ਸਾਡੇ ਉੱਤੇ ਕੜੀ ਨਜ਼ਰ ਵੀ ਰੱਖੀ ਜਾਂਦੀ ਸੀ ਕਿ ਅਸੀਂ ਕਿਤੇ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦੇਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ। ਫਿਰ ਹੋਰ ਮੁਸੀਬਤ ਆ ਖੜ੍ਹੀ ਹੋਈ ਜਦ ਮੈਨੂੰ ਮਲੇਰੀਆ ਹੋ ਗਿਆ!

ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਅਸੀਂ ਆਪਣੇ ਪ੍ਰਚਾਰ ਕੰਮ ਵਿਚ ਲੱਗੇ ਰਹਿਣ ਦਾ ਪੱਕਾ ਇਰਾਦਾ ਕੀਤਾ। ਲੱਕੜ ਮਿੱਲ ਵਿਚ ਅੰਗ੍ਰੇਜ਼ੀ ਬੋਲਣ ਵਾਲੇ ਦੋ ਮਜ਼ਦੂਰਾਂ ਨੇ ਮੈਲਾਨੇਸ਼ੀਆਈ ਭਾਸ਼ਾ ਸਿੱਖਣ ਵਿਚ ਸਾਡੀ ਮਦਦ ਕੀਤੀ। ਇਸ ਦੇ ਬਦਲੇ ਅਸੀਂ ਉਨ੍ਹਾਂ ਨੂੰ ਬਾਈਬਲ ਵਿੱਚੋਂ ਸੱਚਾਈ ਸਿਖਾਈ। ਅਸੀਂ ਸ਼ਨੀਵਾਰ ਤੇ ਐਤਵਾਰ ਨੂੰ ਸੈਰ ਕਰਨ ਦੇ ਬਹਾਨੇ ਨਾਲ ਦੂਰ-ਦੂਰ ਤਕ ਸਫ਼ਰ ਕਰਦੇ ਸੀ। ਸੈਰ ਕਰਦੇ-ਕਰਦੇ ਅਸੀਂ ਰਾਹ ਵਿਚ ਆਉਂਦੇ ਪਿੰਡਾਂ ਦਿਆਂ ਲੋਕਾਂ ਨੂੰ ਪ੍ਰਚਾਰ ਕਰਦੇ ਸੀ। ਜਿਨ੍ਹਾਂ ਮੁੰਡਿਆਂ ਨਾਲ ਅਸੀਂ ਬਾਈਬਲ ਸਟੱਡੀ ਕਰਦੇ ਸੀ ਉਹ ਸਾਡੇ ਨਾਲ ਜਾ ਕੇ ਤਰਜਮਾ ਕਰਦੇ ਸਨ। ਅਸੀਂ ਤੇਜ਼ ਵੱਗਦੀਆਂ ਨਦੀਆਂ ਪਾਰ ਕੀਤੀਆਂ ਜਿਨ੍ਹਾਂ ਦੇ ਕੰਢਿਆਂ ਤੇ ਵੱਡੇ-ਵੱਡੇ ਮਗਰਮੱਛ ਧੁੱਪ ਸੇਕਦੇ ਸਨ। ਇਨ੍ਹਾਂ ਜਾਨਵਰਾਂ ਤੋਂ ਸਾਨੂੰ ਸਿਰਫ਼ ਇਕ ਵਾਰ ਹੀ ਖ਼ਤਰਾ ਪੇਸ਼ ਹੋਇਆ ਸੀ।

ਪ੍ਰਚਾਰ ਕਰਨ ਦੇ ਵੱਖ-ਵੱਖ ਤਰੀਕੇ

ਦੂਰ-ਦੂਰ ਤਕ ਪ੍ਰਚਾਰ ਕਰਨ ਸੰਬੰਧੀ ਅਸੀਂ ਸੋਚਿਆ ਕਿ ਚੰਗਾ ਹੋਵੇਗਾ ਜੇ ਅਸੀਂ ਬਾਈਬਲ ਦਾ ਇਕ ਸਾਦਾ ਜਿਹਾ ਸੰਦੇਸ਼ ਟਾਈਪ ਕਰ ਲਈਏ ਤਾਂਕਿ ਅਸੀਂ ਇਹ ਦਿਲਚਸਪੀ ਰੱਖਣ ਵਾਲਿਆਂ ਨੂੰ ਦੇ ਸਕੀਏ। ਲੱਕੜ ਮਿੱਲ ਤੇ ਕੰਮ ਕਰਨ ਵਾਲੇ ਸਾਡੇ ਬਾਈਬਲ ਵਿਦਿਆਰਥੀਆਂ ਨੇ ਇਨ੍ਹਾਂ ਸੰਦੇਸ਼ਾਂ ਦਾ ਤਰਜਮਾ ਕਰਨ ਵਿਚ ਸਾਡੀ ਮਦਦ ਕੀਤੀ। ਫਿਰ ਅਸੀਂ ਕਈ ਰਾਤਾਂ ਬੈਠ ਕੇ ਸੈਂਕੜੇ ਟ੍ਰੈਕਟ ਟਾਈਪ ਕੀਤੇ ਅਤੇ ਪਿੰਡ ਦਿਆਂ ਲੋਕਾਂ ਤੇ ਬੰਦਰਗਾਹ ਵਿੱਚੋਂ ਲੰਘ ਰਹੀਆਂ ਕਿਸ਼ਤੀਆਂ ਤੇ ਕੰਮ ਕਰਨ ਵਾਲਿਆਂ ਨੂੰ ਇਹ ਵੰਡੇ।

1957 ਵਿਚ ਜੌਨ ਕਟਫੋਰਥ ਨਾਂ ਦਾ ਤਜਰਬੇਕਾਰ ਸਰਕਟ ਨਿਗਾਹਬਾਨ ਸਾਨੂੰ ਮਿਲਣ ਆਇਆ ਅਤੇ ਉਸ ਨੇ ਸਾਡਾ ਬਹੁਤ ਹੀ ਹੌਸਲਾ ਵਧਾਇਆ। ਉਸ ਨੇ ਸਾਨੂੰ ਸੁਝਾਅ ਦਿੱਤਾ ਕਿ ਅਨਪੜ੍ਹ ਲੋਕਾਂ ਨੂੰ ਸੱਚਾਈ ਸਿਖਾਉਣ ਲਈ ਕਿਉਂ ਨਾ ਅਸੀਂ ਤਸਵੀਰਾਂ ਵਰਤੀਏ। ਉਸ ਨੇ ਮੇਰੇ ਪਤੀ ਨਾਲ ਮਿਲ ਕੇ ਬਾਈਬਲ ਦੀਆਂ ਮੂਲ ਗੱਲਾਂ ਸਮਝਾਉਣ ਲਈ ਕੁਝ ਸਾਧੀਆਂ ਜਿਹੀਆਂ ਤਸਵੀਰਾਂ ਬਣਾਈਆਂ। ਬਾਅਦ ਵਿਚ ਅਸੀਂ ਕਾਪੀਆਂ ਖ਼ਰੀਦ ਕੇ ਇਨ੍ਹਾਂ ਤਸਵੀਰਾਂ ਦੀ ਨਕਲ ਉਤਾਰਨ ਵਿਚ ਕਈ-ਕਈ ਘੰਟੇ ਲਗਾਏ। ਫਿਰ ਅਸੀਂ ਬਾਈਬਲ ਦੇ ਹਰ ਵਿਦਿਆਰਥੀ ਨੂੰ ਤਸਵੀਰਾਂ ਦੀ ਕਾਪੀ ਦਿੱਤੀ ਤਾਂਕਿ ਉਹ ਦੂਸਰਿਆਂ ਨੂੰ ਸਿਖਾਉਣ ਵਿਚ ਇਹ ਵਰਤ ਸਕੇ। ਬਾਅਦ ਵਿਚ ਸਿੱਖਿਆ ਦੇਣ ਦਾ ਇਹ ਤਰੀਕਾ ਸਾਰੇ ਦੇਸ਼ ਵਿਚ ਵਰਤਿਆ ਜਾਣ ਲੱਗਾ।

ਵਾਟਰਫਾਲ ਬੇ ਵਿਚ ਢਾਈ ਸਾਲ ਕੰਮ ਕਰਨ ਤੋਂ ਬਾਅਦ ਸਾਡਾ ਠੇਕਾ ਖ਼ਤਮ ਹੋਣ ਤੇ ਅਸੀਂ ਦੇਸ਼ ਵਿਚ ਪੱਕੇ ਹੋ ਗਏ। ਇਸ ਲਈ ਅਸੀਂ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕਰਨ ਦਾ ਸੱਦਾ ਕਬੂਲ ਕਰ ਲਿਆ।

ਅਸੀਂ ਰਾਬੋਲ ਵਾਪਸ ਗਏ

ਉੱਤਰ ਵੱਲ ਰਾਬੋਲ ਨੂੰ ਵਾਪਸ ਸਮੁੰਦਰੀ ਸਫ਼ਰ ਕਰਦੇ ਹੋਏ ਸਾਡੀ ਕਿਸ਼ਤੀ ਇਕ ਰਾਤ ਲਈ ਵਾਈਡ ਬੇ ਵਿਚ ਖੋਪੇ ਤੇ ਕੋਕੋ ਦੇ ਖੇਤਾਂ ਕੋਲ ਰੁਕੀ। ਇਨ੍ਹਾਂ ਖੇਤਾਂ ਦੇ ਮਾਲਕ ਸਿਆਣੇ ਹੋ ਚੁੱਕੇ ਸਨ ਅਤੇ ਉਹ ਰੀਟਾਇਰ ਹੋ ਕੇ ਵਾਪਸ ਆਸਟ੍ਰੇਲੀਆ ਜਾਣਾ ਚਾਹੁੰਦੇ ਸਨ। ਉਨ੍ਹਾਂ ਨੇ ਜੌਨ ਨੂੰ ਖੇਤਾਂ ਦੀ ਦੇਖ-ਭਾਲ ਕਰਨ ਦੀ ਨੌਕਰੀ ਦੀ ਪੇਸ਼ਕਸ਼ ਕੀਤੀ। ਭਾਵੇਂ ਕਿ ਨੌਕਰੀ ਬਹੁਤ ਹੀ ਚੰਗੀ ਸੀ, ਪਰ ਆਪਸ ਵਿਚ ਇਸ ਬਾਰੇ ਗੱਲ-ਬਾਤ ਕਰਨ ਤੋਂ ਬਾਅਦ ਅਸੀਂ ਸਹਿਮਤ ਹੋਏ ਕਿ ਅਸੀਂ ਨਿਊ ਗਿਨੀ ਪੈਸੇ ਕਮਾਉਣ ਨਹੀਂ ਆਏ ਸੀ। ਸਾਡਾ ਇਰਾਦਾ ਪੱਕਾ ਸੀ ਕਿ ਅਸੀਂ ਪਾਇਨੀਅਰਾਂ ਵਜੋਂ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਾਂਗੇ। ਅਗਲੇ ਦਿਨ ਅਸੀਂ ਉਨ੍ਹਾਂ ਨੂੰ ਆਪਣਾ ਫ਼ੈਸਲਾ ਦੱਸ ਕੇ ਫਿਰ ਤੋਂ ਕਿਸ਼ਤੀ ਵਿਚ ਸਵਾਰ ਹੋ ਗਏ।

ਰਾਬੋਲ ਪਹੁੰਚਣ ਤੋਂ ਬਾਅਦ ਅਸੀਂ ਯਹੋਵਾਹ ਦੇ ਗਵਾਹਾਂ ਦੇ ਇਕ ਛੋਟੇ ਸਮੂਹ ਨਾਲ ਮਿਲ ਗਏ ਜੋ ਹੋਰ ਦੇਸ਼ਾਂ ਤੋਂ ਇਸ ਜਗ੍ਹਾ ਪ੍ਰਚਾਰ ਕਰਨ ਆਏ ਹੋਏ ਸਨ। ਰਾਬੋਲ ਦੇ ਲੋਕਾਂ ਨੂੰ ਬਾਈਬਲ ਦੇ ਸੰਦੇਸ਼ ਵਿਚ ਬਹੁਤ ਦਿਲਚਸਪੀ ਸੀ ਅਤੇ ਅਸੀਂ ਕਈ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ। ਅਸੀਂ ਕਰਾਏ ਤੇ ਲਏ ਇਕ ਹਾਲ ਵਿਚ ਮੀਟਿੰਗਾਂ ਕਰਦੇ ਹੁੰਦੇ ਸੀ ਅਤੇ ਲਗਭਗ 150 ਲੋਕ ਹਾਜ਼ਰ ਹੁੰਦੇ ਸਨ। ਇਨ੍ਹਾਂ ਲੋਕਾਂ ਵਿੱਚੋਂ ਕਈ ਸੱਚਾਈ ਵਿਚ ਆਏ ਅਤੇ ਉਨ੍ਹਾਂ ਨੇ ਖ਼ੁਸ਼ ਖ਼ਬਰੀ ਨੂੰ ਹੋਰ ਇਲਾਕਿਆਂ ਤਕ ਪਹੁੰਚਾਉਣ ਵਿਚ ਹਿੱਸਾ ਲਿਆ।—ਮੱਤੀ 24:14.

ਅਸੀਂ ਵੁਨਾਬਾਲ ਨਾਂ ਦੇ ਪਿੰਡ ਵੀ ਗਏ ਜੋ ਰਾਬੋਲ ਤੋਂ ਕੁਝ 50 ਕਿਲੋਮੀਟਰ ਦੂਰ ਹੈ। ਇੱਥੇ ਕੁਝ ਲੋਕ ਬਾਈਬਲ ਦੇ ਸੰਦੇਸ਼ ਬਾਰੇ ਹੋਰ ਜਾਣਨਾ ਚਾਹੁੰਦੇ ਸਨ। ਪਰ ਉਸ ਪਿੰਡ ਦੇ ਇਕ ਪ੍ਰਭਾਵਸ਼ਾਲੀ ਕੈਥੋਲਿਕ ਨੂੰ ਇਹ ਗੱਲ ਰਾਸ ਨਹੀਂ ਆਈ। ਉਸ ਨੇ ਆਪਣੇ ਚਰਚ ਦੇ ਕੁਝ ਮੈਂਬਰਾਂ ਨੂੰ ਨਾਲ ਲਿਆ ਤੇ ਸਾਡੀ ਹਫ਼ਤੇਵਾਰ ਬਾਈਬਲ ਸਟੱਡੀ ਨੂੰ ਰੋਕ ਕੇ ਸਾਨੂੰ ਪਿੰਡੋਂ ਭਜਾ ਦਿੱਤਾ। ਜਦੋਂ ਸਾਨੂੰ ਪਤਾ ਲਗਾ ਕਿ ਅਗਲੇ ਹਫ਼ਤੇ ਫਿਰ ਹੰਗਾਮਾ ਖੜ੍ਹਾ ਹੋਣ ਵਾਲਾ ਹੈ, ਤਾਂ ਅਸੀਂ ਪੁਲਸ ਨੂੰ ਨਾਲ ਲੈ ਗਏ।

ਸੜਕ ਦੇ ਕਿਨਾਰੇ-ਕਿਨਾਰੇ ਕੈਥੋਲਿਕਾਂ ਦੀ ਕਈ ਮੀਲ ਲੰਬੀ ਲਾਈਨ ਲੱਗੀ ਹੋਈ ਸੀ। ਉਹ ਸਾਰੇ ਮਿਲ ਕੇ ਸਾਡਾ ਮਖੌਲ ਉਡਾ ਰਹੇ ਤੇ ਸਾਨੂੰ ਤਾਅਨੇ ਮਾਰ ਰਹੇ ਸਨ। ਕਈ ਤਾਂ ਪੱਥਰ ਮਾਰਨ ਨੂੰ ਤਿਆਰ ਖੜ੍ਹੇ ਸਨ। ਇਸ ਦੇ ਨਾਲ-ਨਾਲ ਉੱਥੇ ਦੇ ਪਾਦਰੀ ਨੇ ਪਿੰਡ ਦੇ ਸੈਂਕੜੇ ਹੀ ਬੰਦਿਆਂ ਨੂੰ ਇਕੱਠਾ ਕੀਤਾ ਹੋਇਆ ਸੀ। ਪੁਲਸ ਨੇ ਸਾਨੂੰ ਤਸੱਲੀ ਦਿੱਤੀ ਕਿ ਅਸੀਂ ਮੀਟਿੰਗ ਕਰ ਸਕਦੇ ਹਾਂ ਅਤੇ ਲੋਕਾਂ ਨੂੰ ਪਰੇ ਹਟਾਇਆ ਤਾਂਕਿ ਅਸੀਂ ਅੱਗੇ ਲੰਘ ਸਕੀਏ। ਪਰ ਜਦੋਂ ਮੀਟਿੰਗ ਸ਼ੁਰੂ ਹੋਈ, ਤਾਂ ਪਾਦਰੀ ਨੇ ਲੋਕਾਂ ਨੂੰ ਇਸ ਕਦਰ ਉਕਸਾਇਆ ਕਿ ਉਹ ਪਾਗਲ ਹੋ ਗਏ। ਪੁਲਸ ਲੋਕਾਂ ਨੂੰ ਕਾਬੂ ਨਾ ਕਰ ਸਕੀ ਇਸ ਲਈ ਪੁਲਸ ਇਨਸਪੈਕਟਰ ਨੇ ਸਾਨੂੰ ਉੱਥੋਂ ਜਾਣ ਲਈ ਕਿਹਾ ਅਤੇ ਸਾਨੂੰ ਫ਼ੌਰਨ ਸਾਡੀ ਕਾਰ ਤਕ ਪਹੁੰਚਾ ਦਿੱਤਾ।

ਭੀੜ ਨੇ ਸਾਨੂੰ ਚਾਰੋਂ ਤਰਫ਼ ਘੇਰ ਲਿਆ। ਲੋਕ ਗਾਲਾਂ ਕੱਢ ਰਹੇ, ਸਾਡੇ ਤੇ ਥੁੱਕ ਰਹੇ ਅਤੇ ਸਾਨੂੰ ਮੁੱਕੇ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ। ਭਾਵੇਂ ਕਿ ਇੰਨੀ ਹਲਚਲ ਮਚੀ ਹੋਈ ਸੀ, ਪਰ ਪਾਦਰੀ ਮੁਸਕਰਾਉਂਦਾ ਹੋਇਆ ਚੁੱਪ-ਚਾਪ ਖੜ੍ਹਾ ਤਮਾਸ਼ਾ ਦੇਖਦਾ ਰਿਹਾ। ਉੱਥੋਂ ਬਚ ਨਿਕਲਣ ਤੋਂ ਬਾਅਦ ਪੁਲਸ ਇਨਸਪੈਕਟਰ ਨੇ ਕਿਹਾ ਕਿ ਉਸ ਨੇ ਐਸਾ ਹੰਗਾਮਾ ਅੱਗੇ ਕਦੇ ਨਹੀਂ ਦੇਖਿਆ ਸੀ। ਭਾਵੇਂ ਕਿ ਵੁਨਾਬਾਲ ਵਿਚ ਬਾਈਬਲ ਦੇ ਜ਼ਿਆਦਾਤਰ ਵਿਦਿਆਰਥੀ ਭੀੜ ਦੀ ਨਫ਼ਰਤ ਦੇਖ ਕੇ ਡਰ ਗਏ, ਇਕ ਨੇ ਦਲੇਰੀ ਨਾਲ ਸੱਚਾਈ ਦਾ ਪੱਖ ਪੂਰਿਆ। ਉਸ ਵੇਲੇ ਤੋਂ ਨਿਊ ਬ੍ਰਿਟੇਨ ਵਿਚ ਸੈਂਕੜੇ ਹੋਰਨਾਂ ਨੇ ਸੱਚਾਈ ਦਾ ਪੱਖ ਲਿਆ ਹੈ।

ਨਿਊ ਗਿਨੀ ਵਿਚ ਪ੍ਰਚਾਰ ਦਾ ਕੰਮ ਅੱਗੇ ਵਧਿਆ

ਨਵੰਬਰ 1960 ਵਿਚ ਸਾਨੂੰ ਮਾਡਾਂਗ ਨਾਂ ਦੇ ਇਕ ਸ਼ਹਿਰ ਵਿਚ ਪ੍ਰਚਾਰ ਕਰਨ ਲਈ ਭੇਜਿਆ ਗਿਆ। ਇਹ ਸ਼ਹਿਰ ਨਿਊ ਗਿਨੀ ਦੇ ਉੱਤਰੀ ਕਿਨਾਰੇ ਤੇ ਹੈ। ਇੱਥੇ ਮੈਨੂੰ ਤੇ ਜੌਨ ਨੂੰ ਬਹੁਤ ਸਾਰੀਆਂ ਫੁਲ-ਟਾਈਮ ਨੌਕਰੀਆਂ ਪੇਸ਼ ਕੀਤੀਆਂ ਗਈਆਂ। ਇਕ ਕੰਪਨੀ ਚਾਹੁੰਦੀ ਸੀ ਕਿ ਮੈਂ ਉਨ੍ਹਾਂ ਦੇ ਕੱਪੜਿਆਂ ਦੀ ਦੁਕਾਨ ਵਿਚ ਕੰਮ ਕਰਾਂ। ਹੋਰ ਕੰਪਨੀ ਚਾਹੁੰਦੀ ਸੀ ਕਿ ਮੈਂ ਉਨ੍ਹਾਂ ਲਈ ਸਿਲਾਈ ਦਾ ਕੰਮ ਕਰਾਂ। ਬਾਹਰਲੇ ਦੇਸ਼ਾਂ ਤੋਂ ਆਣ ਕੇ ਉੱਥੇ ਰਹਿੰਦੀਆਂ ਕੁਝ ਔਰਤਾਂ ਨੇ ਮੇਰੇ ਲਈ ਕੱਪੜੇ ਸੀਣ ਦੀ ਦੁਕਾਨ ਖੋਲ੍ਹਣ ਦੀ ਪੇਸ਼ਕਸ਼ ਕੀਤੀ। ਪਰ ਅਸੀਂ ਹਮੇਸ਼ਾ ਯਾਦ ਰੱਖਿਆ ਕਿ ਅਸੀਂ ਕਿਸ ਮਕਸਦ ਨਾਲ ਉੱਥੇ ਆਏ ਸੀ। ਇਸ ਲਈ ਅਸੀਂ ਇਨ੍ਹਾਂ ਪੇਸ਼ਕਸ਼ਾਂ ਨੂੰ ਨਾਂਹ ਕਰ ਦਿੱਤੀ।—2 ਤਿਮੋਥਿਉਸ 2:4.

ਮਾਡਾਂਗ ਵਿਚ ਅਸੀਂ ਪ੍ਰਚਾਰ ਦੇ ਕੰਮ ਵਿਚ ਬਹੁਤ ਸਫ਼ਲਤਾ ਪਾਈ ਅਤੇ ਜਲਦੀ ਹੀ ਇਕ ਵਧਦੀ-ਫੁੱਲਦੀ ਕਲੀਸਿਯਾ ਬਣ ਗਈ। ਅਸੀਂ ਪੈਦਲ ਅਤੇ ਮੋਟਰ ਸਾਈਕਲ ਤੇ ਦੂਰ-ਦੁਰੇਡੇ ਪਿੰਡਾਂ ਵਿਚ ਪ੍ਰਚਾਰ ਕਰਨ ਜਾਂਦੇ ਸੀ। ਕਦੀ-ਕਦੀ ਅਸੀਂ ਕਈ ਦਿਨਾਂ ਤਕ ਉਨ੍ਹਾਂ ਪਿੰਡਾਂ ਵਿਚ ਪ੍ਰਚਾਰ ਕਰਦੇ ਰਹਿੰਦੇ। ਅਸੀਂ ਰਸਤੇ ਵਿਚ ਖਾਲੀ ਝੌਂਪੜੀਆਂ ਵਿਚ ਰਾਤ ਗੁਜ਼ਾਰ ਲੈਂਦੇ ਸੀ। ਅਸੀਂ ਜੰਗਲ ਤੋਂ ਘਾਹ ਦੀਆਂ ਤਹਿਆਂ ਲਾ ਕੇ ਉਸ ਉੱਤੇ ਸੌਂ ਜਾਂਦੇ ਸੀ। ਸਾਡੇ ਸਮਾਨ  ਵਿਚ ਸਿਰਫ਼ ਖਾਣਿਆਂ ਦੇ ਟੀਨ, ਬਿਸਕੁਟ ਅਤੇ ਮੱਛਰਦਾਨੀ ਸੀ।

ਇਕ ਵਾਰ ਅਸੀਂ ਮਾਡਾਂਗ ਦੇ ਉੱਤਰ ਵੱਲ ਟਾਲੀਡਿਗ ਨਾਂ ਦੇ ਪਿੰਡ ਵਿਚ ਦਿਲਚਸਪੀ ਰੱਖਣ ਵਾਲੇ ਕੁਝ ਲੋਕਾਂ ਨੂੰ ਮਿਲਣ ਗਏ। ਜਿਉਂ-ਜਿਉਂ ਇਨ੍ਹਾਂ ਲੋਕਾਂ ਨੇ ਤਰੱਕੀ ਕੀਤੀ ਉੱਥੇ ਦੇ ਸਕੂਲ ਦੇ ਹੈਡ ਮਾਸਟਰ ਨੇ ਉਨ੍ਹਾਂ ਨੂੰ ਪਬਲਿਕ ਥਾਂ ਵਿਚ ਬਾਈਬਲ ਸਟੱਡੀ ਕਰਨ ਤੋਂ ਵਰਜ ਦਿੱਤਾ। ਬਾਅਦ ਵਿਚ ਉਸ ਨੇ ਪੁਲਸ ਨੂੰ ਉਕਸਾ ਕੇ ਉਨ੍ਹਾਂ ਨੂੰ ਬੇਘਰ ਕਰਵਾ ਦਿੱਤਾ ਤਾਂਕਿ ਉਹ ਜੰਗਲ ਵਿਚ ਜਾ ਕੇ ਰਹਿਣ ਲਈ ਮਜਬੂਰ ਹੋ ਜਾਣ। ਲੇਕਿਨ ਗੁਆਂਢ ਦੇ ਇਕ ਮੁੱਖੀਏ ਨੇ ਉਨ੍ਹਾਂ ਨੂੰ ਆਪਣੀ ਜ਼ਮੀਨ ਉੱਤੇ ਰਹਿਣ ਦੀ ਇਜਾਜ਼ਤ ਦੇ ਦਿੱਤੀ। ਸਮੇਂ ਦੇ ਬੀਤਣ ਨਾਲ ਇਹ ਮੁੱਖੀਆ ਵੀ ਯਹੋਵਾਹ ਦੀ ਸੇਵਾ ਕਰਨ ਲੱਗ ਪਿਆ ਅਤੇ ਉਸ ਇਲਾਕੇ ਵਿਚ ਇਕ ਨਵਾਂ ਕਿੰਗਡਮ ਹਾਲ ਬਣਾਇਆ ਗਿਆ।

ਤਰਜਮੇ ਅਤੇ ਸਰਕਟ ਦਾ ਕੰਮ

ਅਸੀਂ 1956 ਵਿਚ ਨਿਊ ਬ੍ਰਿਟੇਨ ਪਹੁੰਚੇ। ਇਸ ਤੋਂ ਸਿਰਫ਼ ਦੋ ਸਾਲ ਬਾਅਦ ਸਾਨੂੰ ਮੈਲਾਨੇਸ਼ੀਆਈ ਭਾਸ਼ਾ ਵਿਚ ਬਾਈਬਲ ਦੇ ਕੁਝ ਪ੍ਰਕਾਸ਼ਨਾਂ ਦਾ ਤਰਜਮਾ ਕਰਨ ਦਾ ਕੰਮ ਸੌਂਪਿਆ ਗਿਆ ਸੀ। ਇਹ ਕੰਮ ਸਾਲਾਂ ਦੌਰਾਨ ਜਾਰੀ ਰਿਹਾ। ਫਿਰ 1970 ਵਿਚ ਸਾਨੂੰ ਬੈਥਲ ਵਿਚ ਤਰਜਮੇ ਦਾ ਕੰਮ ਕਰਨ ਲਈ ਸੱਦਿਆ ਗਿਆ। ਬ੍ਰਾਂਚ ਆਫ਼ਿਸ ਪਾਪੂਆ ਨਿਊ ਗਿਨੀ ਦੀ ਰਾਜਧਾਨੀ ਪੋਰਟ ਮੋਰਸਬੀ ਵਿਚ ਸੀ। ਅਸੀਂ ਉੱਥੇ ਭਾਸ਼ਾ ਸਿਖਾਉਣ ਦੀਆਂ ਕਲਾਸਾਂ ਵੀ ਲਗਾਉਂਦੇ ਸੀ।

1975 ਵਿਚ ਅਸੀਂ ਸਰਕਟ ਕੰਮ ਕਰਨ ਲਈ ਨਿਊ ਬ੍ਰਿਟੇਨ ਵਾਪਸ ਗਏ। ਅਗਲੇ 13 ਸਾਲਾਂ ਦੌਰਾਨ ਅਸੀਂ ਦੇਸ਼ ਦੇ ਕੋਣੇ-ਕੋਣੇ ਤਕ ਸਫ਼ਰ ਕੀਤਾ। ਕਈ ਵਾਰ ਅਸੀਂ ਹਵਾਈ ਜਹਾਜ਼ ਵਿਚ ਸਫ਼ਰ ਕਰਦੇ ਤੇ ਕਈ ਵਾਰ ਕਿਸ਼ਤੀ ਜਾਂ ਕਾਰ ਵਿਚ। ਕਦੀ-ਕਦੀ ਤਾਂ ਅਸੀਂ ਪੈਦਲ ਵੀ ਜਾਂਦੇ ਸੀ। ਕਈ ਵਾਰ ਸਾਡੀ ਜਾਨ ਨੂੰ ਖ਼ਤਰਾ ਵੀ ਹੋਇਆ, ਜਿਵੇਂ ਲੇਖ ਦੇ ਸ਼ੁਰੂ ਵਿਚ ਮੈਂ ਦੱਸਿਆ ਸੀ। ਉਸ ਦਿਨ ਤਾਂ ਅਸੀਂ ਵਾਲ-ਵਾਲ ਬਚੇ। ਨਿਊ ਬ੍ਰਿਟੇਨ ਦੀ ਕਨਡਰੀਅਨ ਹਵਾਈ ਪਟੜੀ ਵੱਲ ਅੱਪੜਦੇ ਹੋਏ, ਸਾਡਾ ਪਾਇਲਟ ਪੇਟ ਦੀ ਸੋਜ ਕਾਰਨ ਬੇਹੋਸ਼ ਹੋ ਗਿਆ ਸੀ। ਜਹਾਜ਼ ਨੂੰ ਆਟੋਮੈਟਿਕ ਪਾਇਲਟ ਤੇ ਕਰ ਕੇ ਅਸੀਂ ਆਕਾਸ਼ ਵਿਚ ਚੱਕਰ ਕੱਟੀ ਗਏ ਜਦ ਕਿ ਜੌਨ ਪਾਇਲਟ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕਰਦਾ ਰਿਹਾ। ਅਖ਼ੀਰ ਵਿਚ ਉਸ ਨੂੰ ਹੋਸ਼ ਆ ਗਿਆ ਅਤੇ ਉਸ ਨੂੰ ਜਹਾਜ਼ ਨੂੰ ਥੱਲੇ ਉਤਾਰਨ ਜੋਗਾ ਮਾੜਾ-ਮੋਟਾ ਦਿੱਸਣ ਲੱਗ ਪਿਆ। ਪਰ ਜਹਾਜ਼ ਦੇ ਰੁੱਕਦੇ ਹੀ ਉਹ ਫਿਰ ਬੇਹੋਸ਼ ਹੋ ਗਿਆ।

ਵਧੇਰੀ ਸੇਵਾ ਕਰਨ ਦਾ ਮੌਕਾ

1988 ਵਿਚ ਸਾਨੂੰ ਫਿਰ ਬੈਥਲ ਵਿਚ ਸੇਵਾ ਕਰਨ ਲਈ ਪੋਰਟ ਮੋਰਸਬੀ ਸੱਦਿਆ ਗਿਆ। ਬੈਥਲ ਵਿਚ ਅਸੀਂ 50 ਜਣੇ ਇਕ ਪਰਿਵਾਰ ਵਾਂਗ ਰਹਿੰਦੇ ਸੀ। ਇੱਥੇ ਅਸੀਂ ਹੋਰਨਾਂ ਨੂੰ ਤਰਜਮੇ ਦਾ ਕੰਮ ਕਰਨ ਦੀ ਸਿਖਲਾਈ ਵੀ ਦਿੱਤੀ। ਬੈਥਲ ਵਿਚ ਰਹਿਣ ਲਈ ਸਾਡੇ ਸਾਰਿਆਂ ਕੋਲ ਆਪੋ-ਆਪਣਾ ਛੋਟਾ ਜਿਹਾ ਕਮਰਾ ਸੀ। ਮੈਂ ਤੇ ਜੌਨ ਨੇ ਫ਼ੈਸਲਾ ਕੀਤਾ ਕਿ ਅਸੀਂ ਦਿਨੇ ਆਪਣੇ ਕਮਰੇ ਦਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰੱਖਾਂਗੇ ਤਾਂਕਿ ਪਰਿਵਾਰ ਦੇ ਮੈਂਬਰ ਅਤੇ ਮਹਿਮਾਨ ਜਦੋਂ ਮਰਜ਼ੀ ਅੰਦਰ ਆ ਕੇ ਸਾਡੇ ਨਾਲ ਗੱਲਾਂ-ਬਾਤਾਂ ਕਰ ਸਕਣ। ਇਸ ਤਰ੍ਹਾਂ ਸਾਡਾ ਆਪਸੀ ਪਿਆਰ ਵਧਿਆ ਅਤੇ ਅਸੀਂ ਇਕ ਦੂਸਰੇ ਦਾ ਹੌਸਲਾ ਵੀ ਵਧਾ ਸਕੇ।

1993 ਵਿਚ ਦਿਲ ਦੇ ਦੌਰੇ ਕਾਰਨ ਜੌਨ ਦੀ ਮੌਤ ਹੋ ਗਈ। ਮੈਨੂੰ ਇੰਜ ਲੱਗਾ ਜਿਵੇਂ ਮੇਰਾ ਇਕ ਹਿੱਸਾ ਉਸ ਨਾਲ ਮਰ ਗਿਆ ਸੀ। ਸਾਡੇ ਵਿਆਹ ਨੂੰ 38 ਸਾਲ ਹੋ ਗਏ ਸਨ ਅਤੇ ਅਸੀਂ ਇਹ ਸਮਾਂ ਇਕੱਠੇ ਪ੍ਰਚਾਰ ਵਿਚ ਗੁਜ਼ਾਰਿਆ ਸੀ। ਫਿਰ ਵੀ ਯਹੋਵਾਹ ਦੀ ਤਾਕਤ ਨਾਲ ਮੈਂ ਸੇਵਾ ਕਰੀ ਜਾਣ ਦਾ ਪੱਕਾ ਇਰਾਦਾ ਕੀਤਾ। (2 ਕੁਰਿੰਥੀਆਂ 4:7) ਮੇਰੇ ਕਮਰੇ ਦਾ ਦਰਵਾਜ਼ਾ ਅੱਜ ਵੀ ਖੁੱਲ੍ਹਾ ਹੀ ਰਹਿੰਦਾ ਹੈ ਅਤੇ ਨੌਜਵਾਨ ਭੈਣ-ਭਰਾ ਮੈਨੂੰ ਆ ਕੇ ਮਿਲਦੇ ਹਨ। ਉਨ੍ਹਾਂ ਨੇ ਮੈਨੂੰ ਖ਼ੁਸ਼ ਰਹਿਣ ਵਿਚ ਬਹੁਤ ਮਦਦ ਦਿੱਤੀ ਹੈ।

2003 ਵਿਚ ਮਾੜੀ ਸਿਹਤ ਕਾਰਨ ਮੈਨੂੰ ਆਸਟ੍ਰੇਲੀਆ ਦੇ ਸਿਡਨੀ ਬ੍ਰਾਂਚ ਆਫ਼ਿਸ ਨੂੰ ਭੇਜਿਆ ਗਿਆ। ਹੁਣ ਮੈਂ 77 ਸਾਲਾਂ ਦੀ ਹਾਂ ਅਤੇ ਹਾਲੇ ਵੀ ਟ੍ਰਾਂਸਲੇਸ਼ਨ ਵਿਭਾਗ ਵਿਚ ਕੰਮ ਕਰਦੀ ਹਾਂ। ਮੈਂ ਪ੍ਰਚਾਰ ਦੇ ਕੰਮ ਵਿਚ ਵੀ ਰੁੱਝੀ ਰਹਿੰਦੀ ਹਾਂ। ਮੈਨੂੰ ਆਪਣੇ ਦੋਸਤ-ਮਿੱਤਰਾਂ ਅਤੇ ਉਨ੍ਹਾਂ ਨੂੰ ਮਿਲ ਕੇ ਬੇਹੱਦ ਖ਼ੁਸ਼ੀ ਹੁੰਦੀ ਹੈ ਜਿਨ੍ਹਾਂ ਦੀ ਸੱਚਾਈ ਸਿੱਖਣ ਵਿਚ ਮੈਂ ਤੇ ਜੌਨ ਨੇ ਮਦਦ ਕੀਤੀ ਸੀ।

ਹੁਣ ਵੀ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਰਹਿੰਦਾ ਹੈ ਅਤੇ ਰੋਜ਼ ਕੋਈ-ਨ-ਕੋਈ ਭੈਣ-ਭਰਾ ਮੈਨੂੰ ਮਿਲਣ ਆ ਜਾਂਦਾ ਹੈ। ਦਰਅਸਲ ਜਦ ਕਦੇ ਮੈਂ ਆਪਣਾ ਦਰਵਾਜ਼ਾ ਬੰਦ ਕਰ ਲੈਂਦੀ ਹਾਂ, ਤਾਂ ਅਕਸਰ ਮੇਰਾ ਹਾਲ-ਚਾਲ ਪੁੱਛਣ ਲਈ ਕੋਈ-ਨ-ਕੋਈ ਦਰਵਾਜ਼ਾ ਖਟਖਟਾ ਦਿੰਦਾ ਹੈ। ਜਿੰਨਾ ਚਿਰ ਮੇਰੇ ਵਿਚ ਦਮ ਹੈ, ਉੱਨਾ ਚਿਰ ਮੈਂ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਦੀ ਰਹਾਂਗੀ।—2 ਤਿਮੋਥਿਉਸ 4:5.

[ਫੁਟਨੋਟ]

^ ਪੈਰਾ 10 ਉਸ ਸਮੇਂ ਇਸ ਟਾਪੂ ਦਾ ਪੂਰਬੀ ਹਿੱਸਾ ਦੋ ਵੱਖ-ਵੱਖ ਹਿੱਸਿਆਂ ਵਿਚ ਵੰਡਿਆ ਗਿਆ ਸੀ। ਦੱਖਣੀ ਹਿੱਸੇ ਨੂੰ ਪਾਪੂਆ ਕਿਹਾ ਜਾਂਦਾ ਸੀ ਅਤੇ ਉੱਤਰੀ ਹਿੱਸੇ ਨੂੰ ਨਿਊ ਗਿਨੀ। ਅੱਜ ਟਾਪੂ ਦਾ ਪੱਛਮੀ ਹਿੱਸਾ ਪਾਪੂਆ ਕਹਿਲਾਉਂਦਾ ਹੈ ਅਤੇ ਇਹ ਇੰਡੋਨੇਸ਼ੀਆ ਦੇਸ਼ ਦਾ ਇਲਾਕਾ ਹੈ। ਟਾਪੂ ਦੇ ਪੂਰਬੀ ਹਿੱਸੇ ਨੂੰ ਪਾਪੂਆ ਨਿਊ ਗਿਨੀ ਕਿਹਾ ਜਾਂਦਾ ਹੈ।

[ਸਫ਼ਾ 18 ਉੱਤੇ ਨਕਸ਼ੇ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਨਿਊ ਗਿਨੀ

ਆਸਟ੍ਰੇਲੀਆ

ਸਿਡਨੀ

ਇੰਡੋਨੇਸ਼ੀਆ

ਪਾਪੂਆ ਨਿਊ ਗਿਨੀ

ਟਾਲੀਡਿਗ

ਮਾਡਾਂਗ

ਪੋਰਟ ਮੋਰਸਬੀ

ਨਿਊ ਬ੍ਰਿਟੇਨ

ਰਾਬੋਲ

ਵੁਨਾਬਾਲ

ਵਾਈਡ ਬੇ

ਵਾਟਰਫਾਲ ਬੇ

[ਕ੍ਰੈਡਿਟ ਲਾਈਨ]

Map and globe: Based on NASA/​Visible Earth imagery

[ਸਫ਼ਾ 17 ਉੱਤੇ ਤਸਵੀਰ]

1973 ਵਿਚ ਜੌਨ ਨਾਲ ਲੈਈ ਸ਼ਹਿਰ, ਨਿਊ ਗਿਨੀ ਵਿਚ ਹੋਏ ਮਹਾਂ ਸੰਮੇਲਨ ਤੇ

[ਸਫ਼ਾ 20 ਉੱਤੇ ਤਸਵੀਰ]

2002 ਵਿਚ ਪਾਪੂਆ ਨਿਊ ਗਿਨੀ ਦੇ ਬੈਥਲ ਵਿਚ