Skip to content

Skip to table of contents

ਬਿਰਧ ਭੈਣ-ਭਰਾ—ਨੌਜਵਾਨਾਂ ਲਈ ਬਰਕਤ

ਬਿਰਧ ਭੈਣ-ਭਰਾ—ਨੌਜਵਾਨਾਂ ਲਈ ਬਰਕਤ

ਬਿਰਧ ਭੈਣ-ਭਰਾ—ਨੌਜਵਾਨਾਂ ਲਈ ਬਰਕਤ

“ਬੁਢੇਪੇ ਤੇ ਧੌਲਿਆਂ ਤੀਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ, ਜਦ ਤੀਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ, ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ।”—ਜ਼ਬੂਰਾਂ ਦੀ ਪੋਥੀ 71:18.

1, 2. ਪਰਮੇਸ਼ੁਰ ਦੇ ਬਿਰਧ ਸੇਵਕਾਂ ਨੂੰ ਕਿਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਅਸੀਂ ਹੁਣ ਕਿਸ ਗੱਲ ਤੇ ਗੌਰ ਕਰਾਂਗੇ?

ਪੱਛਮੀ ਅਫ਼ਰੀਕਾ ਵਿਚ ਇਕ ਕਲੀਸਿਯਾ ਦਾ ਨਿਗਾਹਬਾਨ ਇਕ ਮਸਹ ਕੀਤੇ ਹੋਏ ਬਿਰਧ ਭਰਾ ਨੂੰ ਮਿਲਣ ਗਿਆ ਤੇ ਉਸ ਦਾ ਹਾਲ ਪੁੱਛਿਆ, “ਕਿੱਦਾਂ ਜੀ, ਕੀ ਹਾਲ ਹੈ?” ਉਸ ਭਰਾ ਨੇ ਜਵਾਬ ਦਿੱਤਾ, ‘ਦੇਖ ਮੈਂ ਕੀ-ਕੀ ਕਰ ਸਕਦਾ ਹਾਂ। ਮੈਂ ਦੌੜ ਸਕਦਾ ਹਾਂ ਅਤੇ ਛਾਲਾਂ ਤੇ ਟਪੂਸੀਆਂ ਮਾਰ ਸਕਦਾ ਹਾਂ।’ ਅੱਗੇ ਉਸ ਨੇ ਕਿਹਾ, “ਪਰ ਮੈਂ ਉੱਡ ਨਹੀਂ ਸਕਦਾ।” ਨਿਗਾਹਬਾਨ ਉਸ ਦੀ ਗੱਲ ਦਾ ਮਤਲਬ ਸਮਝ ਗਿਆ। ਉਹ ਜੋ ਕੰਮ ਕਰ ਸਕਦਾ ਸੀ, ਉਸ ਨੂੰ ਖ਼ੁਸ਼ੀ ਨਾਲ ਕਰਦਾ ਸੀ, ਪਰ ਜੋ ਕੰਮ ਉਹ ਨਹੀਂ ਕਰ ਸਕਦਾ ਸੀ, ਉਸ ਬਾਰੇ ਉਹ ਫ਼ਿਕਰ ਨਹੀਂ ਕਰਦਾ ਸੀ। ਇਹ ਨਿਗਾਹਬਾਨ ਹੁਣ 85 ਕੁ ਸਾਲਾਂ ਦਾ ਹੈ ਅਤੇ ਅਜੇ ਵੀ ਉਸ ਭਰਾ ਦੇ ਮਜ਼ਾਕੀਆ ਸੁਭਾਅ ਅਤੇ ਉਸ ਦੀ ਵਫ਼ਾਦਾਰੀ ਨੂੰ ਚੇਤੇ ਕਰਦਾ ਹੈ।

2 ਕਿਸੇ ਬਿਰਧ ਭੈਣ ਜਾਂ ਭਰਾ ਦੇ ਸਦਗੁਣ ਦੇਖ ਕੇ ਹੋਰਨਾਂ ਉੱਤੇ ਜ਼ਬਰਦਸਤ ਪ੍ਰਭਾਵ ਪੈਂਦਾ ਹੈ। ਪਰ ਸਿਰਫ਼ ਉਮਰ ਵਧਣ ਨਾਲ ਹੀ ਨਾ ਕੋਈ ਸਮਝਦਾਰ ਬਣ ਜਾਂਦਾ ਤੇ ਨਾ ਹੀ ਉਸ ਵਿਚ ਮਸੀਹ ਵਰਗੇ ਗੁਣ ਆਪਣੇ ਆਪ ਪੈਦਾ ਹੋ ਜਾਂਦੇ ਹਨ। (ਉਪਦੇਸ਼ਕ ਦੀ ਪੋਥੀ 4:13) ਬਾਈਬਲ ਵਿਚ ਲਿਖਿਆ ਹੈ: “ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।” (ਕਹਾਉਤਾਂ 16:31) ਜੇ ਤੁਸੀਂ ਬਿਰਧ ਹੋ, ਤਾਂ ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਤੁਹਾਡੀਆਂ ਗੱਲਾਂ ਅਤੇ ਕੰਮਾਂ ਦਾ ਹੋਰਨਾਂ ਉੱਤੇ ਕਿੰਨਾ ਚੰਗਾ ਅਸਰ ਪੈ ਸਕਦਾ ਹੈ? ਬਾਈਬਲ ਦੀਆਂ ਕੁਝ ਮਿਸਾਲਾਂ ਤੇ ਗੌਰ ਕਰੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਬਿਰਧ ਸੇਵਕ ਨੌਜਵਾਨਾਂ ਲਈ ਕਿੰਨੀ ਵੱਡੀ ਬਰਕਤ ਹਨ।

ਨਿਹਚਾ ਦੇ ਜ਼ਬਰਦਸਤ ਪ੍ਰਭਾਵ

3. ਨੂਹ ਦੀ ਵਫ਼ਾਦਾਰੀ ਦਾ ਅੱਜ ਜੀਉਂਦੇ ਲੋਕਾਂ ਨਾਲ ਕੀ ਤਅੱਲਕ ਹੈ?

3 ਨੂਹ ਦੀ ਨਿਹਚਾ ਅਤੇ ਵਫ਼ਾਦਾਰੀ ਦਾ ਸਾਨੂੰ ਅੱਜ ਵੀ ਫ਼ਾਇਦਾ ਹੁੰਦਾ ਹੈ। ਨੂਹ 600 ਸਾਲਾਂ ਦੀ ਉਮਰ ਦਾ ਹੋਣ ਵਾਲਾ ਸੀ ਜਦ ਉਸ ਨੇ ਕਿਸ਼ਤੀ ਬਣਾਈ, ਜਾਨਵਰਾਂ ਨੂੰ ਇਕੱਠਾ ਕੀਤਾ ਅਤੇ ਲੋਕਾਂ ਨੂੰ ਆਉਣ ਵਾਲੀ ਜਲ-ਪਰਲੋ ਬਾਰੇ ਚੇਤਾਵਨੀ ਦਿੱਤੀ। (ਉਤਪਤ 7:6; 2 ਪਤਰਸ 2:5) ਪਰਮੇਸ਼ੁਰ ਲਈ ਗਹਿਰੀ ਸ਼ਰਧਾ ਅਤੇ ਡਰ ਰੱਖਣ ਕਾਰਨ ਨੂਹ ਆਪਣੇ ਪਰਿਵਾਰ ਸਮੇਤ ਜਲ-ਪਰਲੋ ਵਿੱਚੋਂ ਬਚ ਗਿਆ ਅਤੇ ਉਹ ਅੱਜ ਧਰਤੀ ਉੱਤੇ ਜੀਉਂਦੇ ਸਾਰੇ ਲੋਕਾਂ ਦਾ ਪੂਰਵਜ ਬਣਿਆ। ਨੂਹ ਉਸ ਜ਼ਮਾਨੇ ਵਿਚ ਰਹਿੰਦਾ ਸੀ ਜਦ ਲੋਕ ਲੰਬੀ ਉਮਰ ਜੀਉਂਦੇ ਸਨ। ਉਹ ਸੈਂਕੜੇ ਸਾਲਾਂ ਦੀ ਉਮਰ ਵਿਚ ਵੀ ਵਫ਼ਾਦਾਰ ਰਿਹਾ। ਆਓ ਆਪਾਂ ਦੇਖੀਏ ਕਿ ਇਸ ਵਫ਼ਾਦਾਰੀ ਦੇ ਕਿਹੜੇ ਚੰਗੇ ਨਤੀਜੇ ਨਿਕਲੇ।

4. ਨੂਹ ਦੀ ਵਫ਼ਾਦਾਰੀ ਦੇ ਕਾਰਨ ਅੱਜ ਪਰਮੇਸ਼ੁਰ ਦੇ ਸੇਵਕਾਂ ਨੂੰ ਫ਼ਾਇਦਾ ਕਿਵੇਂ ਹੁੰਦਾ ਹੈ?

4 ਨੂਹ ਤਕਰੀਬਨ 800 ਸਾਲਾਂ ਦਾ ਸੀ ਜਦ ਨਿਮਰੋਦ ਨੇ ਬਾਬਲ ਦਾ ਬੁਰਜ ਬਣਾਉਣਾ ਸ਼ੁਰੂ ਕੀਤਾ ਸੀ। ਨਿਮਰੋਦ ਬੁਰਜ ਬਣਾ ਕੇ ਲੋਕਾਂ ਨੂੰ ਇੱਕੋ ਥਾਂ ਤੇ ਰੱਖਣਾ ਚਾਹੁੰਦਾ ਸੀ। ਉਸ ਦਾ ਇਹ ਕੰਮ ਆਦਮ ਤੇ ਹੱਵਾਹ ਨੂੰ ਦਿੱਤੇ ਯਹੋਵਾਹ ਦੇ ਇਸ ਹੁਕਮ ਦੇ ਉਲਟ ਸੀ ਕਿ “ਧਰਤੀ ਨੂੰ ਭਰ ਦਿਓ।” (ਉਤਪਤ 9:1; 11:1-9) ਨੂਹ ਨੇ ਨਿਮਰੋਦ ਦੀ ਬਗਾਵਤ ਵਿਚ ਉਸ ਦਾ ਸਾਥ ਨਹੀਂ ਦਿੱਤਾ। ਇਸ ਲਈ ਸੰਭਵ ਹੈ ਕਿ ਜਦ ਯਹੋਵਾਹ ਨੇ ਉਸ ਦੇ ਜ਼ਮਾਨੇ ਦੇ ਲੋਕਾਂ ਦੀ ਭਾਸ਼ਾ ਨੂੰ ਬਦਲ ਦਿੱਤਾ ਸੀ, ਤਾਂ ਨੂਹ ਦੀ ਭਾਸ਼ਾ ਨਹੀਂ ਬਦਲੀ ਸੀ। ਨੂਹ ਨਾ ਸਿਰਫ਼ ਬੁਢਾਪੇ ਵਿਚ ਨਿਹਚਾਵਾਨ ਅਤੇ ਵਫ਼ਾਦਾਰ ਰਿਹਾ, ਸਗੋਂ ਆਪਣੀ ਪੂਰੀ ਲੰਬੀ ਜ਼ਿੰਦਗੀ ਦੌਰਾਨ ਵਫ਼ਾਦਾਰ ਰਿਹਾ। ਪਰਮੇਸ਼ੁਰ ਦੇ ਹਰ ਉਮਰ ਦੇ ਸੇਵਕ ਨੂੰ ਉਸ ਦੀ ਮਿਸਾਲ ਤੇ ਚੱਲਣਾ ਚਾਹੀਦਾ ਹੈ।—ਇਬਰਾਨੀਆਂ 11:7.

ਪਰਿਵਾਰ ਦੇ ਜੀਆਂ ਤੇ ਅਸਰ

5, 6. (ੳ) ਜਦ ਅਬਰਾਹਾਮ 75 ਸਾਲਾਂ ਦਾ ਸੀ, ਤਾਂ ਯਹੋਵਾਹ ਨੇ ਉਸ ਨੂੰ ਕੀ ਕਰਨ ਲਈ ਕਿਹਾ ਸੀ? (ਅ) ਅਬਰਾਹਾਮ ਨੇ ਪਰਮੇਸ਼ੁਰ ਦਾ ਹੁਕਮ ਸੁਣ ਕੇ ਕੀ ਕੀਤਾ?

5 ਪਰਿਵਾਰ ਦੇ ਜੀਆਂ ਦੀ ਨਿਹਚਾ ਉੱਤੇ ਬਿਰਧ ਸੇਵਕਾਂ ਦਾ ਕੀ ਅਸਰ ਪੈ ਸਕਦਾ ਹੈ? ਇਹ ਅਸੀਂ ਨੂਹ ਤੋਂ ਬਾਅਦ ਆਏ ਲੋਕਾਂ ਦੀਆਂ ਜ਼ਿੰਦਗੀਆਂ ਤੋਂ ਦੇਖ ਸਕਦੇ ਹਾਂ। ਮਿਸਾਲ ਲਈ, ਅਬਰਾਹਾਮ 75 ਸਾਲਾਂ ਦਾ ਸੀ ਜਦ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਤੂੰ ਆਪਣੇ ਦੇਸ ਤੋਂ ਅਰ ਆਪਣੇ ਸਾਕਾਂ ਤੋਂ ਅਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿੱਕਲ ਤੁਰ ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਰ ਮੈਂ ਤੈਨੂੰ ਅਸੀਸ ਦਿਆਂਗਾ ਅਰ ਮੈਂ ਤੇਰਾ ਨਾਉਂ ਵੱਡਾ ਕਰਾਂਗਾ ਅਰ ਤੂੰ ਬਰਕਤ ਦਾ ਕਾਰਨ ਹੋ।”—ਉਤਪਤ 12:1, 2.

6 ਜ਼ਰਾ ਕਲਪਨਾ ਕਰੋ। ਜੇ ਤੁਹਾਨੂੰ ਕੋਈ ਕਹੇ ਕਿ ਤੁਸੀਂ ਆਪਣਾ ਦੇਸ਼, ਘਰ, ਦੋਸਤ-ਮਿੱਤਰ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਅਜਿਹੇ ਦੇਸ਼ ਵਿਚ ਚਲੇ ਜਾਓ ਜਿਸ ਬਾਰੇ ਤੁਸੀਂ ਕੁਝ ਨਹੀਂ ਜਾਣਦੇ, ਤਾਂ ਤੁਸੀਂ ਕੀ ਕਰੋਗੇ? ਅਬਰਾਹਾਮ ਨੂੰ ਇਸੇ ਤਰ੍ਹਾਂ ਕਰਨ ਲਈ ਕਿਹਾ ਗਿਆ ਸੀ। “ਅਬਰਾਮ ਜਿਵੇਂ ਯਹੋਵਾਹ ਉਹ ਨੂੰ ਬੋਲਿਆ ਸੀ ਚੱਲਿਆ।” ਬਾਕੀ ਦੀ ਜ਼ਿੰਦਗੀ ਉਸ ਨੇ ਇਕ ਪਰਦੇਸੀ ਵਾਂਗ ਕਨਾਨ ਦੇਸ਼ ਵਿਚ ਤੰਬੂਆਂ ਵਿਚ ਗੁਜ਼ਾਰੀ। (ਉਤਪਤ 12:4; ਇਬਰਾਨੀਆਂ 11:8, 9) ਹਾਲਾਂਕਿ ਯਹੋਵਾਹ ਨੇ ਅਬਰਾਹਾਮ ਨੂੰ ਕਿਹਾ ਸੀ ਕਿ ਉਸ ਤੋਂ “ਇੱਕ ਵੱਡੀ ਕੌਮ” ਬਣੇਗੀ, ਪਰ ਉਹ ਆਪਣੀ ਔਲਾਦ ਨੂੰ ਵਧਦੀ-ਫੁੱਲਦੀ ਦੇਖਣ ਤੋਂ ਕਾਫ਼ੀ ਚਿਰ ਪਹਿਲਾਂ ਹੀ ਮਰ ਗਿਆ। ਉਸ ਦੀ ਪਤਨੀ ਸਾਰਾਹ ਉਸ ਦੇ ਲਈ ਸਿਰਫ਼ ਇੱਕੋ ਪੁੱਤਰ ਇਸਹਾਕ ਨੂੰ ਜਣੀ। ਉਹ ਵੀ ਵਾਅਦਾ ਕੀਤੇ ਹੋਏ ਦੇਸ਼ ਵਿਚ 25 ਸਾਲ ਥਾਂ-ਥਾਂ ਘੁੰਮਣ ਤੋਂ ਬਾਅਦ। (ਉਤਪਤ 21:2, 5) ਪਰ ਅਬਰਾਹਾਮ ਥੱਕ-ਟੁੱਟ ਕੇ ਆਪਣੇ ਜੱਦੀ ਸ਼ਹਿਰ ਵਾਪਸ ਨਹੀਂ ਪਰਤਿਆ। ਵਾਕਈ ਉਹ ਨਿਹਚਾ ਅਤੇ ਧੀਰਜ ਦੀ ਬੇਮਿਸਾਲ ਉਦਾਹਰਣ ਹੈ!

7. ਅਬਰਾਹਾਮ ਦੇ ਧੀਰਜ ਦਾ ਉਸ ਦੇ ਪੁੱਤਰ ਇਸਹਾਕ ਉੱਤੇ ਕੀ ਅਸਰ ਪਿਆ ਅਤੇ ਇਸ ਦਾ ਮਨੁੱਖਜਾਤੀ ਨੂੰ ਕੀ ਫ਼ਾਇਦਾ ਹੋਇਆ?

7 ਅਬਰਾਹਾਮ ਦੇ ਧੀਰਜ ਦਾ ਉਸ ਦੇ ਪੁੱਤਰ ਇਸਹਾਕ ਉੱਤੇ ਗਹਿਰਾ ਅਸਰ ਹੋਇਆ ਜਿਸ ਨੇ ਇਕ ਪਰਦੇਸੀ ਵਜੋਂ ਆਪਣੀ ਜ਼ਿੰਦਗੀ ਦੇ 180 ਸਾਲ ਕਨਾਨ ਦੇਸ਼ ਵਿਚ ਗੁਜ਼ਾਰੇ। ਇਸਹਾਕ ਨੂੰ ਪਰਮੇਸ਼ੁਰ ਦੇ ਵਾਅਦੇ ਵਿਚ ਪੱਕੀ ਨਿਹਚਾ ਸੀ ਜੋ ਉਸ ਦੇ ਬਿਰਧ ਮਾਪਿਆਂ ਨੇ ਉਸ ਵਿਚ ਪੈਦਾ ਕੀਤੀ ਸੀ। ਇਸ ਨਿਹਚਾ ਸਦਕਾ ਹੀ ਉਹ ਧੀਰਜ ਰੱਖ ਸਕਿਆ। ਫਿਰ ਬਾਅਦ ਵਿਚ ਜਦ ਯਹੋਵਾਹ ਨੇ ਉਸ ਨਾਲ ਵੀ ਸੰਤਾਨ ਦਾ ਵਾਅਦਾ ਕੀਤਾ, ਤਾਂ ਉਸ ਦੀ ਨਿਹਚਾ ਹੋਰ ਵੀ ਮਜ਼ਬੂਤ ਹੋ ਗਈ। (ਉਤਪਤ 26:2-5) ਇਸਹਾਕ ਦੇ ਵਫ਼ਾਦਾਰ ਰਹਿਣ ਕਾਰਨ ਉਸ ਨੇ ਯਹੋਵਾਹ ਦੇ ਇਸ ਵਾਅਦੇ ਦੀ ਪੂਰਤੀ ਵਿਚ ਅਹਿਮ ਭੂਮਿਕਾ ਨਿਭਾਈ। ਯਹੋਵਾਹ ਨੇ ਕਿਹਾ ਸੀ ਕਿ ਅਬਰਾਹਾਮ ਦੇ ਖ਼ਾਨਦਾਨ ਵਿੱਚੋਂ ਪੈਦਾ ਹੋਣ ਵਾਲੀ “ਅੰਸ” ਰਾਹੀਂ ਸਾਰੀ ਮਨੁੱਖਜਾਤੀ ਨੂੰ ਬਰਕਤਾਂ ਮਿਲਣੀਆਂ ਸਨ। ਸਦੀਆਂ ਬਾਅਦ ਯਿਸੂ ਮਸੀਹ ਅਬਰਾਹਾਮ ਦੇ ਖ਼ਾਨਦਾਨ ਵਿਚ ਪੈਦਾ ਹੋਇਆ ਸੀ। ਉਸ ਨੇ ਉਨ੍ਹਾਂ ਸਾਰੇ ਲੋਕਾਂ ਲਈ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਅਤੇ ਸਦੀਪਕ ਜੀਵਨ ਪਾਉਣ ਦਾ ਰਾਹ ਖੋਲ੍ਹਿਆ ਜੋ ਉਸ ਵਿਚ ਨਿਹਚਾ ਕਰਦੇ ਹਨ।—ਗਲਾਤੀਆਂ 3:16; ਯੂਹੰਨਾ 3:16.

8. ਯਾਕੂਬ ਨੇ ਆਪਣੀ ਪੱਕੀ ਨਿਹਚਾ ਦਾ ਸਬੂਤ ਕਿਵੇਂ ਦਿੱਤਾ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

8 ਇਸਹਾਕ ਨੇ ਵੀ ਆਪਣੇ ਪੁੱਤਰ ਯਾਕੂਬ ਨੂੰ ਯਹੋਵਾਹ ਦੇ ਵਾਅਦਿਆਂ ਵਿਚ ਪੱਕੀ ਨਿਹਚਾ ਕਰਨੀ ਸਿਖਾਈ ਜਿਸ ਕਰਕੇ ਉਹ ਬੁਢਾਪੇ ਵਿਚ ਵੀ ਵਫ਼ਾਦਾਰ ਰਿਹਾ। ਯਾਕੂਬ 97 ਸਾਲਾਂ ਦਾ ਸੀ ਜਦ ਉਹ ਬਰਕਤ ਲੈਣ ਵਾਸਤੇ ਸਾਰੀ ਰਾਤ ਇਕ ਦੂਤ ਨਾਲ ਘੁਲ਼ਦਾ ਰਿਹਾ। (ਉਤਪਤ 32:24-28) 147 ਸਾਲਾਂ ਦੀ ਉਮਰ ਵਿਚ ਮਰਨ ਤੋਂ ਪਹਿਲਾਂ ਯਾਕੂਬ ਨੇ ਹਿੰਮਤ ਜੁਟਾਈ ਤੇ ਆਪਣੇ 12 ਪੁੱਤਰਾਂ ਨੂੰ ਅਸੀਸ ਦਿੱਤੀ। (ਉਤਪਤ 47:28) ਉਸ ਦੀਆਂ ਇਹ ਅਸੀਸਾਂ ਉਤਪਤ 49:1-28 ਵਿਚ ਦਰਜ ਹਨ। ਇਹ ਸ਼ਬਦ ਸੱਚ ਸਾਬਤ ਹੋਏ ਅਤੇ ਅਜੇ ਵੀ ਇਨ੍ਹਾਂ ਦੀ ਪੂਰਤੀ ਹੋ ਰਹੀ ਹੈ।

9. ਬਿਰਧ ਭੈਣਾਂ-ਭਰਾਵਾਂ ਦੇ ਆਪਣੇ ਪਰਿਵਾਰ ਉੱਤੇ ਪੈਂਦੇ ਅਸਰ ਬਾਰੇ ਕੀ ਕਿਹਾ ਜਾ ਸਕਦਾ ਹੈ?

9 ਅੱਜ ਵੀ ਪਰਮੇਸ਼ੁਰ ਦੇ ਵਫ਼ਾਦਾਰ ਬਿਰਧ ਸੇਵਕ ਆਪਣੇ ਪਰਿਵਾਰ ਦੇ ਜੀਆਂ ਉੱਤੇ ਚੰਗਾ ਅਸਰ ਪਾ ਸਕਦੇ ਹਨ। ਉਹ ਬੱਚਿਆਂ ਨੂੰ ਬਾਈਬਲ ਦੀ ਸਿੱਖਿਆ ਦੇਣ ਦੇ ਨਾਲ-ਨਾਲ ਵਧੀਆ ਸਲਾਹ ਵੀ ਦੇ ਸਕਦੇ ਹਨ। ਉਨ੍ਹਾਂ ਦੇ ਧੀਰਜ ਦਾ ਬੱਚਿਆਂ ਦੀ ਜ਼ਿੰਦਗੀ ਤੇ ਗਹਿਰਾ ਪ੍ਰਭਾਵ ਪੈ ਸਕਦਾ ਹੈ। ਉਹ ਵੱਡੇ ਹੋਣ ਦੇ ਨਾਲ-ਨਾਲ ਨਿਹਚਾ ਵਿਚ ਵੀ ਵਧਦੇ ਜਾਣਗੇ। (ਕਹਾਉਤਾਂ 22:6) ਇਸ ਲਈ ਬਿਰਧ ਭੈਣਾਂ-ਭਰਾਵਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਉਹ ਆਪਣੇ ਪਰਿਵਾਰ ਦੇ ਜੀਆਂ ਉੱਤੇ ਕਿੰਨਾ ਚੰਗਾ ਅਸਰ ਪਾ ਸਕਦੇ ਹਨ।

ਪਰਮੇਸ਼ੁਰ ਦੇ ਹੋਰਨਾਂ ਸੇਵਕਾਂ ਤੇ ਅਸਰ

10. ਯੂਸੁਫ਼ ਨੇ “ਆਪਣੀਆਂ ਹੱਡੀਆਂ ਦੇ ਵਿਖੇ” ਕੀ ਹੁਕਮ ਦਿੱਤਾ ਸੀ ਅਤੇ ਇਸ ਦਾ ਹੋਰਨਾਂ ਤੇ ਕੀ ਅਸਰ ਪਿਆ?

10 ਬਿਰਧ ਸੇਵਕਾਂ ਦਾ ਪਰਮੇਸ਼ੁਰ ਦੇ ਹੋਰਨਾਂ ਸੇਵਕਾਂ ਉੱਤੇ ਵੀ ਚੰਗਾ ਅਸਰ ਪੈ ਸਕਦਾ ਹੈ। ਯਾਕੂਬ ਦੇ ਪੁੱਤਰ ਯੂਸੁਫ਼ ਨੇ ਬੁਢਾਪੇ ਵਿਚ ਇਕ ਛੋਟੀ ਜਿਹੀ ਗੱਲ ਕਹਿ ਕੇ ਆਪਣੀ ਨਿਹਚਾ ਜ਼ਾਹਰ ਕੀਤੀ ਜਿਸ ਦਾ ਅਸਰ ਬਾਅਦ ਵਿਚ ਯਹੋਵਾਹ ਦੇ ਲੱਖਾਂ ਭਗਤਾਂ ਤੇ ਪਿਆ। ਉਹ 110 ਸਾਲਾਂ ਦਾ ਸੀ ਜਦ ਉਸ ਨੇ ਇਸਰਾਏਲੀਆਂ ਨੂੰ “ਆਪਣੀਆਂ ਹੱਡੀਆਂ ਦੇ ਵਿਖੇ ਹੁਕਮ ਦਿੱਤਾ।” (ਇਬਰਾਨੀਆਂ 11:22; ਉਤਪਤ 50:25) ਉਸ ਨੇ ਕਿਹਾ ਸੀ ਕਿ ਜਦ ਇਸਰਾਏਲੀ ਮਿਸਰ ਛੱਡਣਗੇ, ਤਾਂ ਉਸ ਵੇਲੇ ਉਹ ਉਸ ਦੀਆਂ ਹੱਡੀਆਂ ਨੂੰ ਆਪਣੇ ਨਾਲ ਲੈ ਕੇ ਜਾਣ। ਯੂਸੁਫ਼ ਦੀ ਮੌਤ ਤੋਂ ਬਾਅਦ ਇਸਰਾਏਲੀਆਂ ਨੂੰ ਮਿਸਰੀਆਂ ਨੇ ਗ਼ੁਲਾਮ ਬਣਾ ਲਿਆ ਤੇ ਉਨ੍ਹਾਂ ਤੋਂ ਕਈ ਸਾਲ ਸਖ਼ਤ ਮਿਹਨਤ ਕਰਵਾਈ। ਇਨ੍ਹਾਂ ਸਾਲਾਂ ਦੌਰਾਨ ਇਸਰਾਏਲੀਆਂ ਨੂੰ ਯੂਸੁਫ਼ ਦੇ ਹੁਕਮ ਤੋਂ ਉਮੀਦ ਦੀ ਕਿਰਨ ਮਿਲੀ ਕਿ ਯਹੋਵਾਹ ਉਨ੍ਹਾਂ ਨੂੰ ਇਸ ਗ਼ੁਲਾਮੀ ਤੋਂ ਆਜ਼ਾਦ ਕਰਵਾਏਗਾ।

11. ਬਿਰਧ ਮੂਸਾ ਦਾ ਯਹੋਸ਼ੁਆ ਤੇ ਕੀ ਪ੍ਰਭਾਵ ਪਿਆ?

11 ਯੂਸੁਫ਼ ਦੀ ਨਿਹਚਾ ਤੋਂ ਬਹੁਤ ਸਾਰੇ ਲੋਕਾਂ ਨੂੰ ਹੌਸਲਾ ਮਿਲਿਆ ਸੀ ਜਿਨ੍ਹਾਂ ਵਿੱਚੋਂ ਇਕ ਸੀ ਮੂਸਾ। ਉਹ 80 ਸਾਲਾਂ ਦਾ ਸੀ ਜਦ ਉਸ ਨੂੰ ਮਿਸਰ ਦੇਸ਼ ਤੋਂ ਯੂਸੁਫ਼ ਦੀਆਂ ਹੱਡੀਆਂ ਲੈ ਜਾਣ ਦਾ ਸਨਮਾਨ ਮਿਲਿਆ। (ਕੂਚ 13:19) ਤਕਰੀਬਨ ਉਸੇ ਸਮੇਂ ਉਸ ਦੀ ਮੁਲਾਕਾਤ ਯਹੋਸ਼ੁਆ ਨਾਲ ਹੋਈ ਜੋ ਉਮਰ ਵਿਚ ਉਸ ਤੋਂ ਕਾਫ਼ੀ ਛੋਟਾ ਸੀ। ਯਹੋਸ਼ੁਆ ਅਗਲੇ 40 ਸਾਲਾਂ ਤਕ ਮੂਸਾ ਦਾ ਖ਼ਾਸ ਸੇਵਕ ਰਿਹਾ। (ਗਿਣਤੀ 11:28) ਉਹ ਮੂਸਾ ਦੇ ਨਾਲ ਸੀਨਈ ਪਹਾੜ ਤੇ ਗਿਆ ਸੀ ਅਤੇ ਜਦ ਮੂਸਾ ਸਾਖੀ ਦੀਆਂ ਫੱਟੀਆਂ ਲੈ ਕੇ ਵਾਪਸ ਆਇਆ, ਤਾਂ ਯਹੋਸ਼ੁਆ ਉਸ ਨੂੰ ਮਿਲਣ ਲਈ ਤਿਆਰ ਖੜ੍ਹਾ ਸੀ। (ਕੂਚ 24:12-18; 32:15-17) ਯਹੋਸ਼ੁਆ ਨੂੰ ਬਿਰਧ ਮੂਸਾ ਤੋਂ ਕਿੰਨੀ ਸਲਾਹ ਤੇ ਬੁੱਧ ਮਿਲੀ ਹੋਣੀ!

12. ਯਹੋਸ਼ੁਆ ਜਿੰਨੀ ਦੇਰ ਜ਼ਿੰਦਾ ਰਿਹਾ, ਉਸ ਨੇ ਇਸਰਾਏਲ ਦੀ ਕੌਮ ਤੇ ਚੰਗਾ ਅਸਰ ਕਿਵੇਂ ਪਾਇਆ?

12 ਯਹੋਸ਼ੁਆ ਵੀ ਉਮਰ ਭਰ ਇਸਰਾਏਲੀ ਕੌਮ ਦੀ ਹੌਸਲਾ-ਅਫ਼ਜ਼ਾਈ ਕਰਦਾ ਰਿਹਾ। ਨਿਆਈਆਂ 2:7 ਵਿਚ ਲਿਖਿਆ ਹੈ: “ਓਹ ਲੋਕ ਯਹੋਸ਼ੁਆ ਦੇ ਜੀਉਂਦੇ ਜੀਅ ਅਤੇ ਜਦ ਤੀਕ ਓਹ ਬਜ਼ੁਰਗ ਜੀਉਂਦੇ ਰਹੇ ਜਿਹੜੇ ਯਹੋਸ਼ੁਆ ਦੇ ਪਿੱਛੋਂ ਜੀਉਂਦੇ ਸਨ ਜਿਨ੍ਹਾਂ ਨੇ ਯਹੋਵਾਹ ਦੇ ਸਾਰੇ ਵੱਡੇ ਕੰਮ ਡਿੱਠੇ ਜੋ ਉਸ ਨੇ ਇਸਰਾਏਲ ਦੇ ਲਈ ਕੀਤੇ ਤਦ ਤੀਕ ਯਹੋਵਾਹ ਦੀ ਉਪਾਸਨਾ ਕਰਦੇ ਰਹੇ।” ਯਹੋਸ਼ੁਆ ਅਤੇ ਹੋਰਨਾਂ ਬਜ਼ੁਰਗਾਂ ਦੇ ਮਰਨ ਤੋਂ ਬਾਅਦ ਇਕ ਅਜਿਹਾ ਦੌਰ ਸ਼ੁਰੂ ਹੋਇਆ ਜਿਸ ਵਿਚ ਲੋਕ ਸੱਚੀ ਭਗਤੀ ਅਤੇ ਝੂਠੀ ਭਗਤੀ ਸੰਬੰਧੀ ਦੁਬਿਧਾ ਵਿਚ ਪੈ ਗਏ ਸਨ। ਇਹ ਮਾੜਾ ਦੌਰ ਤਿੰਨ ਸੌ ਸਾਲਾਂ ਤਾਈਂ ਸਮੂਏਲ ਨਬੀ ਦੇ ਦਿਨਾਂ ਤਕ ਚੱਲਦਾ ਰਿਹਾ।

ਸਮੂਏਲ ਨੇ “ਧਰਮ ਦੇ ਕੰਮ ਕੀਤੇ”

13. ਸਮੂਏਲ ਨੇ ਧਰਮ ਦੇ ਕਿਹੜੇ ਕੰਮ ਕੀਤੇ?

13 ਬਾਈਬਲ ਨਹੀਂ ਦੱਸਦੀ ਕਿ ਸਮੂਏਲ ਕਿੰਨੀ ਉਮਰ ਦਾ ਹੋ ਕੇ ਮਰਿਆ ਸੀ, ਪਰ ਸਮੂਏਲ ਦੀ ਪਹਿਲੀ ਪੋਥੀ ਵਿਚ 102 ਸਾਲਾਂ ਦੀਆਂ ਘਟਨਾਵਾਂ ਦਾ ਇਤਿਹਾਸ ਹੈ। ਸਮੂਏਲ ਇਨ੍ਹਾਂ ਵਿੱਚੋਂ ਜ਼ਿਆਦਾਤਰ ਘਟਨਾਵਾਂ ਦਾ ਚਸ਼ਮਦੀਦ ਗਵਾਹ ਸੀ। ਇਬਰਾਨੀਆਂ 11:32, 33 ਵਿਚ ਅਸੀਂ ਪੜ੍ਹਦੇ ਹਾਂ ਕਿ ਨਿਆਈਆਂ ਅਤੇ ਨਬੀਆਂ ਨੇ “ਧਰਮ ਦੇ ਕੰਮ ਕੀਤੇ” ਸਨ। ਸਮੂਏਲ ਨੇ ਆਪਣੇ ਜ਼ਮਾਨੇ ਦੇ ਕੁਝ ਲੋਕਾਂ ਨੂੰ ਬੁਰੇ ਕੰਮ ਨਾ ਕਰਨ ਜਾਂ ਉਨ੍ਹਾਂ ਕੰਮਾਂ ਨੂੰ ਛੱਡਣ ਲਈ ਪ੍ਰੇਰਿਆ। (1 ਸਮੂਏਲ 7:2-4) ਕਿਸ ਤਰ੍ਹਾਂ? ਉਹ ਸਾਰੀ ਜ਼ਿੰਦਗੀ ਯਹੋਵਾਹ ਦਾ ਵਫ਼ਾਦਾਰ ਰਿਹਾ। (1 ਸਮੂਏਲ 12:2-5) ਉਹ ਰਾਜੇ ਨੂੰ ਵੀ ਸਖ਼ਤ ਤਾੜਨਾ ਦੇਣ ਤੋਂ ਨਹੀਂ ਡਰਿਆ। (1 ਸਮੂਏਲ 15:16-29) ਇਸ ਤੋਂ ਇਲਾਵਾ, ਜਦ ਸਮੂਏਲ ‘ਬੁੱਢਾ ਹੋ ਗਿਆ ਅਤੇ ਉਸ ਦਾ ਸਿਰ ਚਿੱਟਾ ਹੋ ਗਿਆ,’ ਤਾਂ ਉਸ ਨੇ ਦੂਸਰਿਆਂ ਲਈ ਪ੍ਰਾਰਥਨਾ ਕਰ ਕੇ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਕਿਹਾ ਕਿ ਜੇ ਉਸ ਨੇ ਇਸਰਾਏਲੀਆਂ ਲਈ ਪ੍ਰਾਰਥਨਾ ਕਰਨੀ ਛੱਡੀ, ਤਾਂ ਉਹ ਵੱਡਾ ਪਾਪੀ ਠਹਿਰੇਗਾ।—1 ਸਮੂਏਲ 12:2, 23.

14, 15. ਪ੍ਰਾਰਥਨਾ ਦੇ ਸੰਬੰਧ ਵਿਚ ਬਿਰਧ ਭੈਣ-ਭਰਾ ਸਮੂਏਲ ਦੀ ਰੀਸ ਕਿਵੇਂ ਕਰ ਸਕਦੇ ਹਨ?

14 ਇਨ੍ਹਾਂ ਉਦਾਹਰਣਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਦੇ ਬਿਰਧ ਸੇਵਕ ਕਿਵੇਂ ਹੋਰਨਾਂ ਉੱਤੇ ਵਧੀਆ ਅਸਰ ਪਾ ਸਕਦੇ ਹਨ। ਮਾੜੀ ਸਿਹਤ ਜਾਂ ਹੋਰਨਾਂ ਹਾਲਾਤਾਂ ਦੇ ਕਾਰਨ ਜ਼ਿਆਦਾ ਕੁਝ ਨਾ ਕਰਨ ਦੇ ਬਾਵਜੂਦ, ਉਹ ਦੂਜਿਆਂ ਲਈ ਪ੍ਰਾਰਥਨਾ ਕਰ ਸਕਦੇ ਹਨ। ਬਿਰਧ ਭੈਣੋ ਤੇ ਭਰਾਵੋ, ਕੀ ਤੁਹਾਨੂੰ ਪਤਾ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਤੋਂ ਕਲੀਸਿਯਾ ਨੂੰ ਕਿੰਨਾ ਲਾਭ ਹੁੰਦਾ ਹੈ? ਤੁਸੀਂ ਮਸੀਹ ਦੇ ਲਹੂ ਵਿਚ ਨਿਹਚਾ ਕਰ ਕੇ ਯਹੋਵਾਹ ਨਾਲ ਚੰਗਾ ਰਿਸ਼ਤਾ ਕਾਇਮ ਕੀਤਾ ਹੈ। ਤੁਹਾਡੇ ਧੀਰਜ ਕਾਰਨ ਤੁਹਾਡੀ ਨਿਹਚਾ “ਪਰਖੀ” ਹੋਈ ਹੈ। (ਯਾਕੂਬ 1:3; 1 ਪਤਰਸ 1:7) ਇਹ ਵੀ ਨਾ ਭੁੱਲੋ ਕਿ “ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ।”—ਯਾਕੂਬ 5:16.

15 ਤੁਹਾਡੀਆਂ ਪ੍ਰਾਰਥਨਾਵਾਂ ਕਲੀਸਿਯਾ ਅਤੇ ਪ੍ਰਚਾਰ ਦੇ ਕੰਮ ਲਈ ਬਹੁਤ ਜ਼ਰੂਰੀ ਹਨ। ਸਾਡੇ ਕੁਝ ਭਰਾ ਸਿਆਸੀ ਮਾਮਲਿਆਂ ਵਿਚ ਹਿੱਸਾ ਨਾ ਲੈਣ ਕਰਕੇ ਜੇਲ੍ਹ ਵਿਚ ਹਨ। ਕਈ ਕੁਦਰਤੀ ਆਫ਼ਤਾਂ, ਯੁੱਧਾਂ ਅਤੇ ਦੰਗੇ-ਫ਼ਸਾਦਾਂ ਦੇ ਸ਼ਿਕਾਰ ਹੋਏ ਹਨ। ਕਈ ਭੈਣ-ਭਰਾ ਪਰਤਾਵਿਆਂ ਜਾਂ ਸਤਾਹਟਾਂ ਦਾ ਸਾਮ੍ਹਣਾ ਕਰ ਰਹੇ ਹਨ। (ਮੱਤੀ 10:35, 36) ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰਨ ਵਾਲੇ ਭਰਾਵਾਂ ਅਤੇ ਕਲੀਸਿਯਾ ਦੇ ਨਿਗਾਹਬਾਨਾਂ ਨੂੰ ਵੀ ਤੁਹਾਡੀਆਂ ਪ੍ਰਾਰਥਨਾਵਾਂ ਦੀ ਲੋੜ ਹੈ। (ਅਫ਼ਸੀਆਂ 6:18, 19; ਕੁਲੁੱਸੀਆਂ 4:2, 3) ਇਹ ਕਿੰਨੀ ਵਧੀਆ ਗੱਲ ਹੈ ਜੇ ਤੁਸੀਂ ਇਪਫ੍ਰਾਸ ਵਾਂਗ ਆਪਣੀਆਂ ਪ੍ਰਾਰਥਨਾਵਾਂ ਵਿਚ ਆਪਣੇ ਭੈਣਾਂ-ਭਰਾਵਾਂ ਦਾ ਜ਼ਿਕਰ ਕਰੋ।—ਕੁਲੁੱਸੀਆਂ 4:12.

ਆਉਣ ਵਾਲੀ ਪੀੜ੍ਹੀ ਨੂੰ ਸਿਖਾਓ

16, 17. ਜ਼ਬੂਰ 71:18 ਵਿਚ ਕੀ ਦੱਸਿਆ ਗਿਆ ਸੀ ਤੇ ਇਹ ਕਿਵੇਂ ਪੂਰਾ ਹੋਇਆ?

16 ਸਵਰਗੀ ਜੀਵਨ ਪਾਉਣ ਵਾਲੇ “ਛੋਟੇ ਝੁੰਡ” ਦੇ ਵਫ਼ਾਦਾਰ ਮੈਂਬਰਾਂ ਨਾਲ ਸੰਗਤ ਕਰ ਕੇ ‘ਹੋਰ ਭੇਡਾਂ’ ਯਾਨੀ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਰੱਖਣ ਵਾਲੇ ਲੋਕਾਂ ਨੂੰ ਵਧੀਆ ਸਿਖਲਾਈ ਮਿਲੀ ਹੈ। (ਲੂਕਾ 12:32; ਯੂਹੰਨਾ 10:16) ਇਸ ਬਾਰੇ ਜ਼ਬੂਰ 71:18 ਵਿਚ ਪਹਿਲਾਂ ਹੀ ਦੱਸਿਆ ਗਿਆ ਸੀ: “ਬੁਢੇਪੇ ਤੇ ਧੌਲਿਆਂ ਤੀਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ, ਜਦ ਤੀਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ, ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ।” ਮਸਹ ਕੀਤੇ ਹੋਏ ਮਸੀਹੀ ਸਵਰਗ ਵਿਚ ਯਿਸੂ ਮਸੀਹ ਕੋਲ ਜਾਣ ਤੋਂ ਪਹਿਲਾਂ ਆਪਣੇ ਸਾਥੀਆਂ ਯਾਨੀ ਹੋਰ ਭੇਡਾਂ ਨੂੰ ਜੋਸ਼ ਨਾਲ ਸਿਖਲਾਈ ਦਿੰਦੇ ਹਨ ਤਾਂਕਿ ਉਹ ਜ਼ਿਆਦਾ ਤੋਂ ਜ਼ਿਆਦਾ ਜ਼ਿੰਮੇਵਾਰੀਆਂ ਸੰਭਾਲ ਸਕਣ।

17 “ਸਾਰੇ ਆਉਣ ਵਾਲਿਆਂ” ਨੂੰ ਸਿਖਲਾਈ ਦੇਣ ਸੰਬੰਧੀ ਜ਼ਬੂਰ 71:18 ਹੋਰ ਭੇਡਾਂ ਤੇ ਵੀ ਲਾਗੂ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੇ ਪਰਮੇਸ਼ੁਰ ਦੇ ਮਸਹ ਕੀਤੇ ਹੋਇਆਂ ਤੋਂ ਸਿਖਲਾਈ ਹਾਸਲ ਕੀਤੀ ਹੈ। ਯਹੋਵਾਹ ਨੇ ਬਿਰਧ ਭੈਣਾਂ-ਭਰਾਵਾਂ ਨੂੰ ਇਹ ਸਨਮਾਨ ਬਖ਼ਸ਼ਿਆ ਹੈ ਕਿ ਉਹ ਉਸ ਦੇ ਕੰਮਾਂ ਬਾਰੇ ਉਨ੍ਹਾਂ ਲੋਕਾਂ ਨੂੰ ਦੱਸਣ ਜੋ ਸੱਚਾਈ ਵਿਚ ਆ ਰਹੇ ਹਨ। (ਯੋਏਲ 1:2, 3) ਮਸਹ ਕੀਤੇ ਹੋਏ ਮਸੀਹੀਆਂ ਤੋਂ ਸਿੱਖਿਆ ਲੈ ਕੇ ਹੋਰ ਭੇਡਾਂ ਬਹੁਤ ਖ਼ੁਸ਼ ਹਨ। ਬਦਲੇ ਵਿਚ ਇਹ ਲੋਕ ਬਾਈਬਲ ਦੀ ਸਿੱਖਿਆ ਹੋਰਨਾਂ ਨੂੰ ਵੀ ਦਿੰਦੇ ਹਨ ਜੋ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਨ।—ਪਰਕਾਸ਼ ਦੀ ਪੋਥੀ 7:9, 10.

18, 19. (ੳ) ਯਹੋਵਾਹ ਦੇ ਕਈ ਬਿਰਧ ਸੇਵਕ ਕਿਹੜੀਆਂ ਮਹੱਤਵਪੂਰਣ ਇਤਿਹਾਸਕ ਘਟਨਾਵਾਂ ਬਾਰੇ ਦੱਸ ਸਕਦੇ ਹਨ? (ਅ) ਬਿਰਧ ਮਸੀਹੀਆਂ ਨੂੰ ਕਿਸ ਗੱਲ ਦਾ ਯਕੀਨ ਕਰਨਾ ਚਾਹੀਦਾ ਹੈ?

18 ਯਹੋਵਾਹ ਦੇ ਕਈ ਬਿਰਧ ਸੇਵਕ, ਚਾਹੇ ਉਹ ਸਵਰਗ ਜਾਣ ਦੀ ਉਮੀਦ ਰੱਖਦੇ ਹਨ ਜਾਂ ਧਰਤੀ ਤੇ ਰਹਿਣ ਦੀ, ਮਹੱਤਵਪੂਰਣ ਇਤਿਹਾਸਕ ਘਟਨਾਵਾਂ ਦੇ ਚਸ਼ਮਦੀਦ ਗਵਾਹ ਹਨ। ਕੁਝ ਭੈਣ-ਭਰਾ ਉਸ ਜ਼ਮਾਨੇ ਦੇ ਹਨ ਜਦੋਂ “ਸ੍ਰਿਸ਼ਟੀ ਦਾ ਫੋਟੋ ਡਰਾਮਾ” ਦਿਖਾਇਆ ਜਾਂਦਾ ਸੀ। ਕੁਝ ਭੈਣ-ਭਰਾ ਉਨ੍ਹਾਂ ਜ਼ਿੰਮੇਵਾਰ ਭਰਾਵਾਂ ਨੂੰ ਜਾਣਦੇ ਸਨ ਜਿਨ੍ਹਾਂ ਨੂੰ 1918 ਵਿਚ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ। ਕੁਝ ਭੈਣ-ਭਰਾ ਅਜਿਹੇ ਹਨ ਜੋ ਯਹੋਵਾਹ ਦੇ ਗਵਾਹਾਂ ਦੇ ਰੇਡੀਓ ਸਟੇਸ਼ਨ ਡਬਲਯੂ. ਬੀ. ਬੀ. ਆਰ. ਤੋਂ ਪ੍ਰੋਗ੍ਰਾਮ ਪੇਸ਼ ਕਰਦੇ ਸਨ। ਕਈ ਭੈਣ-ਭਰਾ ਤੁਹਾਨੂੰ ਉਸ ਸਮੇਂ ਦੀਆਂ ਦਾਸਤਾਨਾਂ ਸੁਣਾ ਸਕਦੇ ਹਨ ਜਦੋਂ ਯਹੋਵਾਹ ਦੇ ਗਵਾਹ ਸੁਪਰੀਮ ਕੋਰਟਾਂ ਵਿਚ ਧਾਰਮਿਕ ਆਜ਼ਾਦੀ ਲਈ ਮੁਕੱਦਮੇ ਲੜ ਰਹੇ ਸਨ। ਕਈ ਤਾਨਾਸ਼ਾਹ ਸਰਕਾਰਾਂ ਦੀ ਹਕੂਮਤ ਅਧੀਨ ਦ੍ਰਿੜ੍ਹਤਾ ਨਾਲ ਸੱਚੀ ਭਗਤੀ ਕਰਦੇ ਰਹੇ। ਜੀ ਹਾਂ, ਬਿਰਧ ਭੈਣ-ਭਰਾ ਦੱਸ ਸਕਦੇ ਹਨ ਕਿ ਕਿਵੇਂ ਸੱਚਾਈ ਦੀ ਸਮਝ ਹੌਲੀ-ਹੌਲੀ ਵਧਦੀ ਗਈ। ਬਾਈਬਲ ਸਾਨੂੰ ਉਨ੍ਹਾਂ ਦੇ ਤਜਰਬੇ ਤੋਂ ਲਾਭ ਹਾਸਲ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ।—ਬਿਵਸਥਾ ਸਾਰ 32:7.

19 ਬਿਰਧ ਭੈਣੋ ਤੇ ਭਰਾਵੋ ਤੁਹਾਨੂੰ ਉਤਸ਼ਾਹ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣੇ ਨਾਲੋਂ ਘੱਟ ਉਮਰ ਵਾਲਿਆਂ ਲਈ ਚੰਗੀ ਮਿਸਾਲ ਬਣੋ। (ਤੀਤੁਸ 2:2-4) ਇਸ ਵੇਲੇ ਸ਼ਾਇਦ ਤੁਹਾਨੂੰ ਨਾ ਲੱਗਦਾ ਹੋਵੇ ਕਿ ਹੋਰਨਾਂ ਉੱਤੇ ਤੁਹਾਡੇ ਧੀਰਜ, ਪ੍ਰਾਰਥਨਾਵਾਂ ਅਤੇ ਸਲਾਹ ਦਾ ਅਸਰ ਹੋ ਰਿਹਾ ਹੈ। ਨੂਹ, ਅਬਰਾਹਾਮ, ਯੂਸੁਫ਼, ਮੂਸਾ ਅਤੇ ਹੋਰਨਾਂ ਨੂੰ ਵੀ ਨਹੀਂ ਪਤਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਉੱਤੇ ਉਨ੍ਹਾਂ ਦੀ ਵਫ਼ਾਦਾਰੀ ਤੇ ਨਿਹਚਾ ਦਾ ਕਿੰਨਾ ਵਧੀਆ ਅਸਰ ਪਵੇਗਾ। ਇਸੇ ਤਰ੍ਹਾਂ ਤੁਹਾਡੀ ਮਿਸਾਲ ਦਾ ਵੀ ਅੱਜ ਦੀ ਪੀੜ੍ਹੀ ਤੇ ਅਸਰ ਪੈਂਦਾ ਹੈ।

20. ਅੰਤ ਤਕ ਆਪਣੀ ਉਮੀਦ ਪੱਕੀ ਰੱਖਣ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

20 ਭਾਵੇਂ ਤੁਸੀਂ ‘ਵੱਡੇ ਕਸ਼ਟ’ ਵਿੱਚੋਂ ਬਚਾਏ ਜਾਓਗੇ ਜਾਂ ਦੁਬਾਰਾ ਜੀਉਂਦਾ ਕੀਤੇ ਜਾਓਗੇ, ਪਰ “ਅਸਲ ਜੀਵਨ” ਪਾ ਕੇ ਵਾਕਈ ਤੁਹਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਹੇਗਾ! (ਮੱਤੀ 24:21; 1 ਤਿਮੋਥਿਉਸ 6:19) ਜ਼ਰਾ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੀ ਕਲਪਨਾ ਕਰੋ ਜਦ ਯਹੋਵਾਹ ਬੁਢਾਪੇ ਦੇ ਅਸਰਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ। ਉਸ ਵੇਲੇ ਸਾਡੇ ਸਰੀਰਾਂ ਵਿਚ ਕੋਈ ਵਿਗਾੜ ਆਉਣ ਦੀ ਬਜਾਇ ਅਸੀਂ ਹਰ ਰੋਜ਼ ਤੰਦਰੁਸਤ ਹੁੰਦੇ ਜਾਵਾਂਗੇ। ਸਾਡੇ ਵਿਚ ਤਾਕਤ ਆ ਜਾਵੇਗੀ, ਸਾਡੀ ਨਜ਼ਰ ਤੇਜ਼ ਹੋ ਜਾਵੇਗੀ, ਅਸੀਂ ਚੰਗੀ ਤਰ੍ਹਾਂ ਸੁਣ ਸਕਾਂਗੇ ਅਤੇ ਸਾਡੀ ਖ਼ੂਬਸੂਰਤੀ ਵਧਦੀ ਜਾਵੇਗੀ! (ਅੱਯੂਬ 33:25; ਯਸਾਯਾਹ 35:5, 6) ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜੀਣ ਵਾਲੇ ਲੋਕ ਹਮੇਸ਼ਾ ਜਵਾਨ ਰਹਿਣਗੇ ਤੇ ਕਦੇ ਮਰਨਗੇ ਨਹੀਂ। (ਯਸਾਯਾਹ 65:22) ਇਸ ਲਈ ਆਓ ਆਪਾਂ ਅੰਤ ਤਕ ਆਪਣੀ ਉਮੀਦ ਪੱਕੀ ਰੱਖੀਏ ਅਤੇ ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੀਏ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ ਅਤੇ ਜੋ ਕੁਝ ਵੀ ਉਹ ਕਰੇਗਾ, ਉਹ ਸਾਡੀਆਂ ਉਮੀਦਾਂ ਨਾਲੋਂ ਕਿਤੇ ਵਧ ਹੋਵੇਗਾ।—ਜ਼ਬੂਰਾਂ ਦੀ ਪੋਥੀ 37:4; 145:16.

ਤੁਸੀਂ ਕਿਵੇਂ ਜਵਾਬ ਦਿਓਗੇ?

• ਬਿਰਧ ਨੂਹ ਦੀ ਵਫ਼ਾਦਾਰੀ ਕਾਰਨ ਸਾਰੀ ਮਨੁੱਖਜਾਤੀ ਨੂੰ ਕੀ ਫ਼ਾਇਦਾ ਹੋਇਆ?

• ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਬਿਰਧ ਸੇਵਕਾਂ ਦੀ ਨਿਹਚਾ ਦਾ ਉਨ੍ਹਾਂ ਦੀ ਔਲਾਦ ਤੇ ਕੀ ਅਸਰ ਪਿਆ?

• ਬੁਢਾਪੇ ਵਿਚ ਯੂਸੁਫ਼, ਮੂਸਾ, ਯਹੋਸ਼ੁਆ ਅਤੇ ਸਮੂਏਲ ਨੇ ਪਰਮੇਸ਼ੁਰ ਦੇ ਹੋਰਨਾਂ ਸੇਵਕਾਂ ਨੂੰ ਮਜ਼ਬੂਤ ਕਿਵੇਂ ਕੀਤਾ?

• ਬਿਰਧ ਭੈਣਾਂ-ਭਰਾਵਾਂ ਦੀ ਵਫ਼ਾਦਾਰੀ ਦਾ ਦੂਸਰਿਆਂ ਤੇ ਕੀ ਅਸਰ ਪੈ ਸਕਦਾ ਹੈ?

[ਸਵਾਲ]

[ਸਫ਼ਾ 26 ਉੱਤੇ ਤਸਵੀਰ]

ਅਬਰਾਹਾਮ ਦੇ ਧੀਰਜ ਦਾ ਇਸਹਾਕ ਉੱਤੇ ਜ਼ਬਰਦਸਤ ਪ੍ਰਭਾਵ ਪਿਆ

[ਸਫ਼ਾ 28 ਉੱਤੇ ਤਸਵੀਰ]

ਮੂਸਾ ਦੀ ਸਲਾਹ ਤੋਂ ਯਹੋਸ਼ੁਆ ਨੂੰ ਹੌਸਲਾ ਮਿਲਿਆ

[ਸਫ਼ਾ 29 ਉੱਤੇ ਤਸਵੀਰ]

ਦੂਜਿਆਂ ਲਈ ਕੀਤੀਆਂ ਤੁਹਾਡੀਆਂ ਪ੍ਰਾਰਥਨਾਵਾਂ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ

[ਸਫ਼ਾ 30 ਉੱਤੇ ਤਸਵੀਰ]

ਵਫ਼ਾਦਾਰ ਬਿਰਧ ਭੈਣਾਂ-ਭਰਾਵਾਂ ਦੀਆਂ ਗੱਲਾਂ ਸੁਣ ਕੇ ਬੱਚਿਆਂ ਨੂੰ ਫ਼ਾਇਦਾ ਹੁੰਦਾ ਹੈ