Skip to content

Skip to table of contents

ਲਪੇਟੀ ਹੋਈ ਲਿਖਤ ਤੋਂ ਕੋਡੈਕਸ—ਬਾਈਬਲ ਇਕ ਕਿਤਾਬ ਕਿਵੇਂ ਬਣੀ

ਲਪੇਟੀ ਹੋਈ ਲਿਖਤ ਤੋਂ ਕੋਡੈਕਸ—ਬਾਈਬਲ ਇਕ ਕਿਤਾਬ ਕਿਵੇਂ ਬਣੀ

ਲਪੇਟੀ ਹੋਈ ਲਿਖਤ ਤੋਂ ਕੋਡੈਕਸ​—ਬਾਈਬਲ ਇਕ ਕਿਤਾਬ ਕਿਵੇਂ ਬਣੀ

ਸਦੀਆਂ ਦੌਰਾਨ ਲੋਕਾਂ ਨੇ ਵੱਖੋ-ਵੱਖਰੇ ਤਰੀਕਿਆਂ ਨਾਲ ਜਾਣਕਾਰੀ ਨੂੰ ਸਾਂਭ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਜ਼ਮਾਨਿਆਂ ਵਿਚ ਲਿਖਾਰੀਆਂ ਨੇ ਆਪਣੇ ਸ਼ਬਦ ਸਾਂਭ ਕੇ ਰੱਖਣ ਲਈ ਪੱਥਰ, ਲੱਕੜ ਦੀਆਂ ਫੱਟੀਆਂ, ਚਮੜੀ ਅਤੇ ਹੋਰ ਅਜਿਹੀਆਂ ਚੀਜ਼ਾਂ ਵਰਤੀਆਂ। ਪਹਿਲੀ ਸਦੀ ਤਕ ਮੱਧ ਪੂਰਬੀ ਦੇਸ਼ਾਂ ਵਿਚ ਲਿਖਾਈ ਲਈ ਲਪੇਟੇ ਹੋਏ ਕਾਗਜ਼ ਆਮ ਤੌਰ ਤੇ ਵਰਤੇ ਜਾਣ ਲੱਗ ਪਏ। ਫਿਰ ਇਸ ਦੀ ਥਾਂ ਕੋਡੈਕਸ ਦੀ ਵਰਤੋਂ ਸ਼ੁਰੂ ਹੋ ਗਈ। ਕੋਡੈਕਸ ਜਾਣਕਾਰੀ ਸਾਂਭਣ ਦਾ ਸਭ ਤੋਂ ਆਮ ਤਰੀਕਾ ਬਣ ਗਿਆ। ਕੋਡੈਕਸ ਸਦਕਾ ਬਾਈਬਲ ਦਾ ਸੰਦੇਸ਼ ਲੋਕਾਂ ਤਕ ਪਹੁੰਚਣ ਲੱਗ ਪਿਆ। ਪਰ ਕੋਡੈਕਸ ਹੈ ਕੀ ਅਤੇ ਇਸ ਦੀ ਵਰਤੋਂ ਕਿਵੇਂ ਸ਼ੁਰੂ ਹੋਈ?

ਅੱਜ ਦੀ ਕਿਤਾਬ ਦੇ ਮੁਢਲੇ ਰੂਪ ਨੂੰ ਕੋਡੈਕਸ ਕਿਹਾ ਜਾਂਦਾ ਹੈ। ਕੋਡੈਕਸ ਵਿਚ ਕਾਗਜ਼ਾਂ ਨੂੰ ਦੂਹਰਾ ਕੀਤਾ ਜਾਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਇਕੱਠੇ ਕਰ ਕੇ ਇਕ ਪਾਸਿਓਂ ਬੰਨ੍ਹਿਆ ਜਾਂਦਾ ਸੀ। ਕਾਗਜ਼ਾਂ ਦੇ ਦੋਹਾਂ ਪਾਸਿਆਂ ਤੇ ਲਿਖਿਆ ਜਾਂਦਾ ਸੀ ਅਤੇ ਇਨ੍ਹਾਂ ਨੂੰ ਸਾਂਭ ਕੇ ਰੱਖਣ ਲਈ ਇਨ੍ਹਾਂ ਤੇ ਇਕ ਜਿਲਦ ਲਗਾਈ ਜਾਂਦੀ ਸੀ। ਮੁਢਲੇ ਕੋਡੈਕਸ ਅੱਜ ਦੀਆਂ ਕਿਤਾਬਾਂ ਵਾਂਗ ਨਹੀਂ ਲੱਗਦੇ ਸਨ, ਪਰ ਦੂਸਰੀਆਂ ਚੀਜ਼ਾਂ ਵਾਂਗ ਸਮੇਂ ਤੇ ਬੀਤਣ ਨਾਲ ਇਸ ਦਾ ਡੀਜ਼ਾਈਨ ਬਦਲਿਆ ਤੇ ਸੁਧਾਰਿਆ ਗਿਆ। ਕੋਡੈਕਸ ਨੂੰ ਵਰਤਣ ਵਾਲਿਆਂ ਦੀਆਂ ਜ਼ਰੂਰਤਾਂ ਤੇ ਉਨ੍ਹਾਂ ਦੀ ਪਸੰਦ ਮੁਤਾਬਕ ਬਦਲਿਆ ਗਿਆ ਸੀ।

ਲੱਕੜ, ਮੋਮ ਅਤੇ ਚਮੜੀ

ਸ਼ੁਰੂ ਵਿਚ ਕੋਡੈਕਸ ਮੋਮ ਨਾਲ ਲਿੱਪੀਆਂ ਹੋਈਆਂ ਲੱਕੜ ਦੀਆਂ ਫੱਟੀਆਂ ਤੋਂ ਬਣਾਏ ਜਾਂਦੇ ਸਨ। ਮੋਮ ਨਾਲ ਲਿੱਪੀਆਂ ਅਜਿਹੀਆਂ ਕੁਝ ਫੱਟੀਆਂ ਹਰਕੁਲੈਨੀਅਮ ਨਾਂ ਦੇ ਸ਼ਹਿਰ ਵਿਚ ਲੱਭੀਆਂ ਗਈਆਂ ਸਨ। ਇਹ ਸ਼ਹਿਰ ਪੌਂਪੇ ਸ਼ਹਿਰ ਦੇ ਨਾਲ 79 ਈ. ਵਿਚ ਵਿਸੂਵੀਅਸ ਜੁਆਲਾਮੁਖੀ ਪਰਬਤ ਦੇ ਫਟਣ ਕਾਰਨ ਤਬਾਹ ਹੋਇਆ ਸੀ। ਆਖ਼ਰਕਾਰ ਲੱਕੜ ਦੀਆਂ ਫੱਟੀਆਂ ਦੀ ਥਾਂ ਅਜਿਹਾ ਸਮਾਨ ਵਰਤਿਆ ਜਾਣ ਲੱਗਾ ਜਿਸ ਦੀ ਤਹਿ ਲਗਾਈ ਜਾ ਸਕਦੀ ਸੀ। ਲਾਤੀਨੀ ਭਾਸ਼ਾ ਵਿਚ ਇਨ੍ਹਾਂ ਕੋਡੈਕਸਾਂ ਜਾਂ ਕਿਤਾਬਾਂ ਨੂੰ ਚੰਮ-ਪੱਤਰ ਸੱਦਿਆ ਜਾਂਦਾ ਸੀ ਕਿਉਂਕਿ ਆਮ ਤੌਰ ਤੇ ਇਨ੍ਹਾਂ ਦੇ ਸਫ਼ੇ ਚਮੜੀ ਦੇ ਬਣੇ ਹੋਏ ਸਨ।

ਅੱਜ ਤਕ ਸਾਂਭ ਕੇ ਰੱਖੇ ਗਏ ਕੁਝ ਕੋਡੈਕਸ ਪਪਾਇਰਸ ਤੋਂ ਬਣੇ ਹਨ। ਬਾਈਬਲ ਦੀਆਂ ਲਿਖਤਾਂ ਦੇ ਸਭ ਤੋਂ ਪੁਰਾਣੇ ਕੋਡੈਕਸ ਨੂੰ ਪੇਪਾਇਰੀ ਕਿਹਾ ਜਾਂਦਾ ਹੈ। ਮਿਸਰ ਦੇ ਕੁਝ ਖ਼ੁਸ਼ਕ ਇਲਾਕਿਆਂ ਦੇ ਤਾਪਮਾਨ ਸਦਕਾ ਇਹ ਕੋਡੈਕਸ ਬਰਬਾਦ ਨਹੀਂ ਹੋਏ।

ਲਪੇਟੀ ਹੋਈ ਲਿਖਤ ਜਾਂ ਕੋਡੈਕਸ?

ਇਸ ਤਰ੍ਹਾਂ ਲੱਗਦਾ ਹੈ ਕਿ ਪਹਿਲੀ ਸਦੀ ਦੇ ਅੰਤ ਤਕ ਮਸੀਹੀ ਆਮ ਤੌਰ ਤੇ ਲਪੇਟੀ ਹੋਈ ਲਿਖਤ ਹੀ ਵਰਤਦੇ ਹੁੰਦੇ ਸਨ। ਪਹਿਲੀ ਸਦੀ ਦੇ ਅੰਤ ਤੋਂ ਲੈ ਕੇ ਤੀਜੀ ਸਦੀ ਤਕ ਇਨ੍ਹਾਂ ਲਿਖਤਾਂ ਨੂੰ ਵਰਤਣ ਵਾਲੇ ਅਤੇ ਕੋਡੈਕਸ ਦੀ ਤਰੱਕੀ ਕਰਾਉਣ ਵਾਲੇ ਇਕ ਦੂਸਰੇ ਦਾ ਵਿਰੋਧ ਕਰਦੇ ਰਹੇ। ਕੁਝ ਲੋਕ ਜਾਣੀ-ਪਛਾਣੀ ਚੀਜ਼ ਨੂੰ ਛੱਡ ਕੇ ਅਣਜਾਣੀ ਨੂੰ ਅਪਣਾਉਣ ਤੋਂ ਹਿਚਕਿਚਾਉਂਦੇ ਸਨ। ਉਹ ਲਪੇਟੀ ਹੋਈ ਲਿਖਤ ਨੂੰ ਹੀ ਪਸੰਦ ਕਰਦੇ ਸਨ। ਪਰ ਜ਼ਰਾ ਸੋਚੋ ਕਿ ਇਨ੍ਹਾਂ ਲਿਖਤਾਂ ਨੂੰ ਪੜ੍ਹਿਆ ਕਿਵੇਂ ਜਾਂਦਾ ਸੀ। ਇਕ ਲਿਖਤ ਵਿਚ ਕਈ ਪਪਾਇਰਸ ਜਾਂ ਚਮੜੀ ਦੇ ਬਣੇ ਸਫ਼ੇ ਹੁੰਦੇ ਸਨ। ਇਕ ਲੰਬਾ ਪੱਤਰ ਬਣਾਉਣ ਲਈ ਇਨ੍ਹਾਂ ਸਫ਼ਿਆਂ ਨੂੰ ਇਕ ਦੂਸਰੇ ਨਾਲ ਜੋੜਿਆ ਜਾਂਦਾ ਸੀ ਅਤੇ ਫਿਰ ਇਸ ਨੂੰ ਲਪੇਟਿਆ ਜਾਂਦਾ ਸੀ। ਇਸ ਦੇ ਮੁਹਰਲੇ ਪਾਸੇ ਕਾਲਮਾਂ ਵਿਚ ਲਿਖਾਈ ਹੁੰਦੀ ਸੀ। ਜੇ ਤੁਸੀਂ ਇਸ ਵਿੱਚੋਂ ਕੁਝ ਪੜ੍ਹਨਾ ਚਾਹੁੰਦੇ ਸੀ, ਤਾਂ ਤੁਹਾਨੂੰ ਲਿਖਤ ਖੋਲ੍ਹ ਕੇ ਸਹੀ ਜਗ੍ਹਾ ਲੱਭਣੀ ਪੈਂਦੀ ਸੀ। ਪੜ੍ਹਨ ਤੋਂ ਬਾਅਦ ਇਸ ਨੂੰ ਫਿਰ ਤੋਂ ਲਪੇਟਣਾ ਪੈਂਦਾ ਸੀ। (ਲੂਕਾ 4:16-20) ਅਕਸਰ ਇਕ ਪੋਥੀ ਪੜ੍ਹਨ ਲਈ ਵਾਰੀ-ਵਾਰੀ ਕਈ ਲਪੇਟੀਆਂ ਲਿਖਤਾਂ ਖੋਲ੍ਹਣੀਆਂ ਪੈਂਦੀਆਂ ਸਨ ਜਿਸ ਕਾਰਨ ਇਨ੍ਹਾਂ ਨੂੰ ਵਰਤਣਾ ਮੁਸ਼ਕਲ ਸੀ। ਭਾਵੇਂ ਕਿ ਦੂਸਰੀ ਸਦੀ ਦੇ ਕਈ ਲੋਕ ਕੋਡੈਕਸ ਵਰਤਣਾ ਜ਼ਿਆਦਾ ਪਸੰਦ ਕਰਦੇ ਸਨ, ਫਿਰ ਵੀ ਲਪੇਟੀਆਂ ਲਿਖਤਾਂ ਦੀ ਵਰਤੋਂ ਸਦੀਆਂ ਤਕ ਚੱਲਦੀ ਰਹੀ। ਮਾਹਰਾਂ ਦਾ ਕਹਿਣਾ ਹੈ ਕਿ ਮਸੀਹੀਆਂ ਦੁਆਰਾ ਕੋਡੈਕਸ ਦੀ ਵਰਤੋਂ ਨੇ ਇਸ ਨੂੰ ਆਮ ਲੋਕਾਂ ਵਿਚ ਪ੍ਰਚਲਿਤ ਕੀਤਾ।

ਕੋਡੈਕਸ ਦੇ ਫ਼ਾਇਦੇ ਸਾਫ਼-ਸਾਫ਼ ਦੇਖੇ ਜਾ ਸਕਦੇ ਸਨ। ਇਸ ਵਿਚ ਜ਼ਿਆਦਾ ਜਾਣਕਾਰੀ ਪਾਈ ਜਾ ਸਕਦੀ ਸੀ, ਇਹ ਆਸਾਨੀ ਨਾਲ ਵਰਤਿਆ ਜਾ ਸਕਦਾ ਸੀ ਅਤੇ ਹਰ ਜਗ੍ਹਾ ਇਸ ਨੂੰ ਆਪਣੇ ਨਾਲ ਲਿਜਾਇਆ ਜਾ ਸਕਦਾ ਸੀ। ਭਾਵੇਂ ਕਿ ਲੋਕ ਇਨ੍ਹਾਂ ਫ਼ਾਇਦਿਆਂ ਨੂੰ ਪਛਾਣਦੇ ਸਨ, ਪਰ ਫਿਰ ਵੀ ਬਹੁਤ ਸਾਰੇ ਲਪੇਟੀ ਲਿਖਤ ਦੀ ਵਰਤੋਂ ਛੱਡਣਾ ਨਹੀਂ ਚਾਹੁੰਦੇ ਸਨ। ਲੇਕਿਨ ਅਗਲੀਆਂ ਸਦੀਆਂ ਦੌਰਾਨ ਕੋਡੈਕਸ ਦੀ ਵਰਤੋਂ ਆਮ ਹੋ ਗਈ।

ਲਪੇਟੀਆਂ ਲਿਖਤਾਂ ਨਾਲੋਂ ਕੋਡੈਕਸ ਦੀ ਵਰਤੋਂ ਬਿਹਤਰ ਸਾਬਤ ਹੋਈ। ਇਸ ਦੇ ਸਫ਼ਿਆਂ ਦੇ ਦੋਨੋਂ ਪਾਸਿਆਂ ਤੇ ਲਿਖਿਆ ਜਾ ਸਕਦਾ ਸੀ ਅਤੇ ਕਈਆਂ ਕਿਤਾਬਾਂ ਨੂੰ ਇਕ ਸਾਥ ਜਿਲਦਬੱਧ ਕੀਤਾ ਜਾ ਸਕਦਾ ਸੀ। ਕੋਡੈਕਸ ਵਿਚ ਜਲਦੀ ਹੀ ਸਹੀ ਪੈਰਾ ਜਾਂ ਹਵਾਲਾ ਲੱਭਿਆ ਜਾ ਸਕਦਾ ਸੀ। ਇਸੇ ਲਈ ਕਈਆਂ ਦਾ ਕਹਿਣਾ ਹੈ ਕਿ ਮਸੀਹੀਆਂ ਅਤੇ ਵਕੀਲਾਂ ਵਰਗੇ ਪੇਸ਼ਾਵਰ ਲੋਕਾਂ ਨੇ ਇਸ ਨੂੰ ਜਲਦੀ ਅਪਣਾ ਲਿਆ। ਮਸੀਹੀਆਂ ਲਈ ਬਾਈਬਲ ਦੇ ਹਵਾਲਿਆਂ ਦੀ ਛੋਟੀ ਜਹੀ ਕਿਤਾਬ ਪ੍ਰਚਾਰ ਦੇ ਕੰਮ ਵਿਚ ਬਹੁਤ ਹੀ ਫ਼ਾਇਦੇਮੰਦ ਸਾਬਤ ਹੋਈ। ਹੋਰ ਤਾਂ ਹੋਰ ਕੋਡੈਕਸ ਦੀ ਜਿਲਦ ਅਕਸਰ ਲੱਕੜ ਦੀ ਬਣੀ ਹੁੰਦੀ ਸੀ ਜਿਸ ਕਾਰਨ ਇਸ ਨੂੰ ਲਪੇਟੀ ਹੋਈ ਲਿਖਤ ਨਾਲੋਂ ਜ਼ਿਆਦਾ ਚਿਰ ਸਾਂਭ ਕੇ ਰੱਖਿਆ ਜਾ ਸਕਦਾ ਸੀ।

ਕੋਡੈਕਸ ਨਿੱਜੀ ਪੜ੍ਹਾਈ ਲਈ ਵੀ ਬਹੁਤ ਫ਼ਾਇਦੇਮੰਦ ਸੀ। ਤੀਜੀ ਸਦੀ ਦੇ ਅੰਤ ਤਕ ਮਸੀਹੀਆਂ ਵਿਚਕਾਰ ਅੰਜੀਲ ਦੇ ਛੋਟੇ ਸਾਈਜ਼ ਦੇ ਚੰਮ-ਪੱਤਰ ਵਰਤੇ ਜਾ ਰਹੇ ਸਨ। ਉਦੋਂ ਤੋਂ ਲੈ ਕੇ ਹੁਣ ਤਕ ਪੂਰੀ ਬਾਈਬਲ ਜਾਂ ਉਸ ਦੇ ਕੁਝ ਹਿੱਸਿਆਂ ਦੀਆਂ ਅਰਬਾਂ ਹੀ ਕਾਪੀਆਂ ਕੋਡੈਕਸ ਦੇ ਰੂਪ ਵਿਚ ਬਣਾਈਆਂ ਗਈਆਂ ਹਨ।

ਅੱਜ ਲੋਕ ਕਈ ਤਰੀਕਿਆਂ ਨਾਲ ਬਾਈਬਲ ਵਿਚ ਪਾਈ ਜਾਂਦੀ ਪਰਮੇਸ਼ੁਰ ਦੀ ਬੁੱਧ ਫਟਾਫਟ ਹਾਸਲ ਕਰ ਸਕਦੇ ਹਨ। ਤੁਸੀਂ ਹੁਣ ਬਾਈਬਲ ਨੂੰ ਕੰਪਿਊਟਰ ਤੇ ਜਾਂ ਆਪਣੇ ਹੱਥ ਵਿਚ ਕਿਤਾਬ ਵਜੋਂ ਪੜ੍ਹ ਸਕਦੇ ਹੋ; ਤੁਸੀਂ ਇਸ ਦੀ ਰਿਕਾਰਡਿੰਗ ਵੀ ਸੁਣ ਸਕਦੇ ਹੋ। ਇਨ੍ਹਾਂ ਵਿੱਚੋਂ ਜੋ ਵੀ ਜ਼ਰੀਆ ਤੁਸੀਂ ਪਸੰਦ ਕਰੋ, ਇਸ ਨੂੰ ਵਰਤ ਕੇ ਪਰਮੇਸ਼ੁਰ ਦੇ ਬਚਨ ਲਈ ਪਿਆਰ ਪੈਦਾ ਕਰੋ ਅਤੇ ਇਸ ਨੂੰ ਪੜ੍ਹਨ ਵਿਚ ਮਗਨ ਰਹੋ।—ਜ਼ਬੂਰਾਂ ਦੀ ਪੋਥੀ 119:97, 167.

[ਸਫ਼ਾ 15 ਉੱਤੇ ਤਸਵੀਰਾਂ]

ਕੋਡੈਕਸ ਸਦਕਾ ਬਾਈਬਲ ਦਾ ਸੰਦੇਸ਼ ਲੋਕਾਂ ਤਕ ਪਹੁੰਚਣ ਲੱਗ ਪਿਆ