Skip to content

Skip to table of contents

ਅਰਨਸਟ ਗਲੂਕ ਦਾ ਦਲੇਰੀ ਭਰਿਆ ਕੰਮ

ਅਰਨਸਟ ਗਲੂਕ ਦਾ ਦਲੇਰੀ ਭਰਿਆ ਕੰਮ

ਅਰਨਸਟ ਗਲੂਕ ਦਾ ਦਲੇਰੀ ਭਰਿਆ ਕੰਮ

ਅੱਜ ਤੋਂ 300 ਸਾਲ ਪਹਿਲਾਂ ਅਰਨਸਟ ਗਲੂਕ ਨੇ ਅਜਿਹੇ ਕੰਮ ਦਾ ਬੀੜਾ ਚੁੱਕਿਆ ਜਿਸ ਨੂੰ ਕਰਨ ਦਾ ਇਤਿਹਾਸ ਵਿਚ ਬਹੁਤ ਘੱਟ ਲੋਕਾਂ ਦਾ ਹਿਆ ਪਿਆ। ਉਸ ਨੇ ਉਸ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਕਰਨ ਦਾ ਫ਼ੈਸਲਾ ਕੀਤਾ ਜੋ ਉਹ ਜਾਣਦਾ ਨਹੀਂ ਸੀ।

ਗਲੂਕ ਦਾ ਜਨਮ ਲਗਭਗ 1654 ਵਿਚ ਜਰਮਨੀ ਦੇ ਹਾਲੇ ਸ਼ਹਿਰ ਦੇ ਲਾਗੇ ਛੋਟੇ ਜਿਹੇ ਵਟੀਨ ਕਸਬੇ ਵਿਚ ਹੋਇਆ ਸੀ। ਉਸ ਦਾ ਪਿਤਾ ਲੂਥਰਨ ਚਰਚ ਦਾ ਪਾਦਰੀ ਸੀ, ਇਸ ਲਈ ਘਰ ਵਿਚ ਧਾਰਮਿਕ ਮਾਹੌਲ ਹੋਣ ਕਰਕੇ ਬਚਪਨ ਤੋਂ ਹੀ ਗਲੂਕ ਨੂੰ ਪਰਮੇਸ਼ੁਰ ਦੀ ਲਗਨ ਲੱਗ ਗਈ। 21 ਸਾਲ ਦੀ ਉਮਰ ਵਿਚ ਉਸ ਨੇ ਜਰਮਨੀ ਵਿਚ ਥੀਓਲਾਜੀਕਲ ਕਾਲਜ ਦੀ ਪੜ੍ਹਾਈ ਖ਼ਤਮ ਕੀਤੀ ਤੇ ਉਸ ਜਗ੍ਹਾ ਚਲਾ ਗਿਆ ਜਿਸ ਨੂੰ ਅੱਜ ਲਾਤਵੀਆ ਕਿਹਾ ਜਾਂਦਾ ਹੈ। ਉਸ ਸਮੇਂ ਲਾਤਵੀਆ ਵਿਚ ਜ਼ਿਆਦਾਤਰ ਲੋਕ ਅਨਪੜ੍ਹ ਸਨ ਤੇ ਉਨ੍ਹਾਂ ਦੀ ਭਾਸ਼ਾ ਵਿਚ ਕਿਤਾਬਾਂ ਵਗੈਰਾ ਵੀ ਘੱਟ ਹੀ ਸਨ। ਗਲੂਕ ਨੇ ਲਿਖਿਆ: “ਜਵਾਨੀ ਵਿਚ ਜਦੋਂ ਮੈਂ ਇੱਥੇ ਆਇਆ, ਤਾਂ ਸਭ ਤੋਂ ਪਹਿਲਾਂ ਮੈਂ ਜਿਸ ਚੀਜ਼ ਦੀ ਘਾਟ ਦੇਖੀ, ਉਹ ਸੀ ਬਾਈਬਲ। ਲਾਤਵੀਆ ਦੇ ਚਰਚਾਂ ਵਿਚ ਬਾਈਬਲ ਨਹੀਂ ਸੀ। . . . ਇਸ ਕਰਕੇ ਮੈਂ ਪਰਮੇਸ਼ੁਰ ਨਾਲ ਵਾਅਦਾ ਕੀਤਾ ਕਿ ਮੈਂ ਨਾ ਸਿਰਫ਼ ਲੈਟਵੀਅਨ ਭਾਸ਼ਾ ਸਿੱਖਾਂਗਾ, ਸਗੋਂ ਇਸ ਵਿਚ ਮਹਾਰਤ ਵੀ ਹਾਸਲ ਕਰਾਂਗਾ।” ਉਸ ਨੇ ਦ੍ਰਿੜ੍ਹ ਇਰਾਦਾ ਕੀਤਾ ਕਿ ਉਹ ਲੈਟਵੀਅਨ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਬਾਈਬਲ ਦੇਵੇਗਾ।

ਅਨੁਵਾਦ ਦੀ ਤਿਆਰੀ

ਜਿਸ ਇਲਾਕੇ ਵਿਚ ਗਲੂਕ ਵੱਸਣ ਲੱਗਾ ਉਸ ਜ਼ਮਾਨੇ ਵਿਚ ਉਸ ਇਲਾਕੇ ਦਾ ਨਾਂ ਸੀ ਲਵੋਨੀਆ ਤੇ ਇਸ ਉੱਤੇ ਸਵੀਡਨ ਦਾ ਰਾਜ ਸੀ। ਲਾਤਵੀਆ ਵਿਚ ਯੋਹਾਨਸ ਫਿਸ਼ਰ ਨਾਂ ਦਾ ਵਿਅਕਤੀ ਸਵੀਡਨ ਦੇ ਰਾਜੇ ਦਾ ਨੁਮਾਇੰਦਾ ਸੀ। ਉਹ ਪੂਰੇ ਦੇਸ਼ ਵਿਚ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣਾ ਤੇ ਪੈਸਾ ਕਮਾਉਣਾ ਚਾਹੁੰਦਾ ਸੀ। ਗਲੂਕ ਨੇ ਲੈਟਵੀਅਨ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਕਰਨ ਸੰਬੰਧੀ ਫਿਸ਼ਰ ਨਾਲ ਗੱਲ ਕੀਤੀ। ਰਾਜਧਾਨੀ ਰੀਗਾ ਵਿਚ ਫਿਸ਼ਰ ਦੀ ਆਪਣੀ ਪ੍ਰਿੰਟਿੰਗ ਪ੍ਰੈੱਸ ਸੀ। ਲੈਟਵੀਅਨ ਭਾਸ਼ਾ ਵਿਚ ਬਾਈਬਲ ਛਾਪ ਕੇ ਉਹ ਸਿੱਖਿਆ ਦੇ ਖੇਤਰ ਵਿਚ ਤਰੱਕੀ ਲਿਆ ਸਕਦਾ ਸੀ ਤੇ ਨਾਲ ਹੀ ਨਾਲ ਚੰਗਾ ਪੈਸਾ ਕਮਾ ਸਕਦਾ ਸੀ। ਫਿਸ਼ਰ ਨੇ ਸਵੀਡਨ ਦੇ ਰਾਜਾ ਚਾਰਲਸ ਗਿਆਰਵੇਂ ਤੋਂ ਬਾਈਬਲ ਦਾ ਅਨੁਵਾਦ ਕਰਨ ਦੀ ਇਜਾਜ਼ਤ ਮੰਗੀ। ਰਾਜੇ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਅਤੇ ਇਸ ਕੰਮ ਲਈ ਪੈਸਾ ਵੀ ਦਿੱਤਾ। 31 ਅਗਸਤ 1681 ਦੇ ਸ਼ਾਹੀ ਫ਼ਰਮਾਨ ਰਾਹੀਂ ਅਨੁਵਾਦ ਦਾ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ।

ਇਸ ਸਾਰੇ ਸਮੇਂ ਦੌਰਾਨ ਗਲੂਕ ਵੀ ਤਿਆਰੀ ਕਰਨ ਵਿਚ ਲੱਗਾ ਰਿਹਾ। ਜਰਮਨ ਹੋਣ ਕਰਕੇ ਗਲੂਕ ਮਾਰਟਿਨ ਲੂਥਰ ਦੇ ਅਨੁਵਾਦ ਦੀ ਮਦਦ ਨਾਲ ਲੈਟਵੀਅਨ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਕਰ ਸਕਦਾ ਸੀ। ਪਰ ਗਲੂਕ ਉੱਤਮ ਅਨੁਵਾਦ ਤਿਆਰ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਪ੍ਰਾਚੀਨ ਇਬਰਾਨੀ ਅਤੇ ਯੂਨਾਨੀ ਲਿਖਤਾਂ ਤੋਂ ਅਨੁਵਾਦ ਕਰਨ ਦਾ ਫ਼ੈਸਲਾ ਕੀਤਾ। ਗਲੂਕ ਨੂੰ ਇਨ੍ਹਾਂ ਭਾਸ਼ਾਵਾਂ ਦਾ ਇੰਨਾ ਗਿਆਨ ਨਹੀਂ ਸੀ, ਇਸ ਕਰਕੇ ਉਹ ਇਨ੍ਹਾਂ ਭਾਸ਼ਾਵਾਂ ਦਾ ਅਧਿਐਨ ਕਰਨ ਲਈ ਜਰਮਨੀ ਵਿਚ ਹੈਮਬਰਗ ਚਲਾ ਗਿਆ। ਉੱਥੇ ਹੁੰਦਿਆਂ ਸ਼ਾਇਦ ਯਾਨਿਸ ਰੇਟਰਜ਼ ਨਾਂ ਦੇ ਲਵੋਨੀਅਨ ਪਾਦਰੀ ਨੇ ਉਸ ਦੀ ਲੈਟਵੀਅਨ ਭਾਸ਼ਾ ਤੇ ਪੁਰਾਣੀ ਯੂਨਾਨੀ ਭਾਸ਼ਾ ਸਿੱਖਣ ਵਿਚ ਮਦਦ ਕੀਤੀ।

ਸਾਲਾਂ ਬੱਧੀ ਮਿਹਨਤ, ਸਾਲਾਂ ਬੱਧੀ ਉਡੀਕ

ਭਾਸ਼ਾਵਾਂ ਦਾ ਅਧਿਐਨ ਕਰ ਕੇ ਗਲੂਕ 1680 ਵਿਚ ਲਾਤਵੀਆ ਮੁੜ ਆਇਆ ਤੇ ਪਾਦਰੀ ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਕੁਝ ਹੀ ਸਮੇਂ ਬਾਅਦ ਉਸ ਨੇ ਬਾਈਬਲ ਦਾ ਅਨੁਵਾਦ ਕਰਨਾ ਸ਼ੁਰੂ ਕਰ ਦਿੱਤਾ। 1683 ਵਿਚ ਉਸ ਨੂੰ ਅਲੂਕਸਨੇ ਨਾਂ ਦੇ ਵੱਡੇ ਸ਼ਹਿਰ ਦੇ ਚਰਚ ਦਾ ਪਾਦਰੀ ਬਣਾਇਆ ਗਿਆ। ਇਸ ਸ਼ਹਿਰ ਵਿਚ ਹੀ ਉਸ ਨੇ ਬਾਈਬਲ ਦਾ ਅਨੁਵਾਦ ਕੀਤਾ।

ਉਸ ਸਮੇਂ ਲੈਟਵੀਅਨ ਭਾਸ਼ਾ ਵਿਚ ਬਹੁਤ ਸਾਰੇ ਬਾਈਬਲੀ ਸ਼ਬਦਾਂ ਤੇ ਵਿਚਾਰਾਂ ਲਈ ਸ਼ਬਦ ਨਹੀਂ ਸਨ। ਇਸ ਲਈ ਗਲੂਕ ਨੇ ਅਨੁਵਾਦ ਕਰਦਿਆਂ ਕੁਝ ਜਰਮਨ ਸ਼ਬਦ ਇਸਤੇਮਾਲ ਕੀਤੇ। ਪਰ ਉਸ ਨੇ ਲੈਟਵੀਅਨ ਭਾਸ਼ਾ ਵਿਚ ਪਰਮੇਸ਼ੁਰ ਦੇ ਬਚਨ ਦਾ ਅਨੁਵਾਦ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ। ਵਿਦਵਾਨ ਮੰਨਦੇ ਹਨ ਕਿ ਉਸ ਦੁਆਰਾ ਕੀਤਾ ਗਿਆ ਅਨੁਵਾਦ ਉੱਤਮ ਦਰਜੇ ਦਾ ਹੈ। ਗਲੂਕ ਨੇ ਲੈਟਵੀਅਨ ਭਾਸ਼ਾ ਵਿਚ ਨਵੇਂ ਸ਼ਬਦ ਵੀ ਘੜੇ ਅਤੇ ਇਨ੍ਹਾਂ ਵਿੱਚੋਂ ਕਈ ਸ਼ਬਦ ਅਜੇ ਵੀ ਵਰਤੇ ਜਾਂਦੇ ਹਨ। ਇਨ੍ਹਾਂ ਵਿੱਚੋਂ ਕੁਝ ਹਨ, “ਉਦਾਹਰਣ,” “ਦਾਅਵਤ,” “ਦੈਂਤ,” “ਜਾਸੂਸੀ ਕਰਨੀ” ਤੇ “ਪੁਸ਼ਟੀ ਕਰਨੀ।”

ਯੋਹਾਨਸ ਫਿਸ਼ਰ ਸਵੀਡਨ ਦੇ ਰਾਜੇ ਨੂੰ ਅਨੁਵਾਦ ਦੇ ਕੰਮ ਦੀ ਜਾਣਕਾਰੀ ਦਿੰਦਾ ਰਿਹਾ। ਉਨ੍ਹਾਂ ਦੇ ਚਿੱਠੀ-ਪੱਤਰਾਂ ਤੋਂ ਪਤਾ ਲੱਗਦਾ ਹੈ ਕਿ 1683 ਵਿਚ ਗਲੂਕ ਨੇ ਮੱਤੀ ਤੋਂ ਪਰਕਾਸ਼ ਦੀ ਪੋਥੀ ਤਕ ਦਾ ਅਨੁਵਾਦ ਪੂਰਾ ਕਰ ਲਿਆ ਸੀ। 1689 ਵਿਚ ਉਸ ਨੇ ਪੂਰੀ ਬਾਈਬਲ ਖ਼ਤਮ ਕਰ ਦਿੱਤੀ। ਇੰਨਾ ਵੱਡਾ ਕੰਮ ਉਸ ਨੇ ਸਿਰਫ਼ ਅੱਠਾਂ ਸਾਲਾਂ ਵਿਚ ਪੂਰਾ ਕੀਤਾ। * ਪਰ ਇਸ ਨੂੰ ਛਾਪਣ ਵਿਚ ਬਹੁਤ ਦੇਰੀ ਲੱਗੀ। ਅਖ਼ੀਰ 1694 ਵਿਚ ਉਸ ਨੇ ਆਪਣਾ ਟੀਚਾ ਪ੍ਰਾਪਤ ਕਰ ਲਿਆ। ਉਸ ਸਾਲ ਸਰਕਾਰ ਨੇ ਲੈਟਵੀਅਨ ਬਾਈਬਲ ਵੰਡਣ ਦੀ ਇਜਾਜ਼ਤ ਦੇ ਦਿੱਤੀ।

ਕੁਝ ਇਤਿਹਾਸਕਾਰਾਂ ਨੂੰ ਸ਼ੱਕ ਹੈ ਕਿ ਇਕੱਲੇ ਗਲੂਕ ਨੇ ਹੀ ਪੂਰੀ ਬਾਈਬਲ ਦਾ ਅਨੁਵਾਦ ਨਹੀਂ ਕੀਤਾ ਸੀ। ਇਹ ਸੱਚ ਹੈ ਕਿ ਉਸ ਨੇ ਅਨੁਵਾਦ ਕਰਦਿਆਂ ਲੂਥਰ ਦੀ ਬਾਈਬਲ ਨੂੰ ਵੀ ਵਰਤਿਆ ਹੋਣਾ ਅਤੇ ਜਿਨ੍ਹਾਂ ਆਇਤਾਂ ਦਾ ਪਹਿਲਾਂ ਹੀ ਲੈਟਵੀਅਨ ਭਾਸ਼ਾ ਵਿਚ ਅਨੁਵਾਦ ਹੋ ਚੁੱਕਾ ਸੀ, ਉਨ੍ਹਾਂ ਨੂੰ ਆਪਣੇ ਅਨੁਵਾਦ ਵਿਚ ਸ਼ਾਮਲ ਕੀਤਾ। ਪਰ ਇਹ ਉਸ ਦੇ ਅਨੁਵਾਦ ਦਾ ਛੋਟਾ ਜਿਹਾ ਹਿੱਸਾ ਹੀ ਹੈ। ਕੀ ਹੋਰ ਅਨੁਵਾਦਕਾਂ ਨੇ ਵੀ ਉਸ ਨਾਲ ਕੰਮ ਕੀਤਾ ਸੀ? ਅਨੁਵਾਦ ਦੇ ਕੰਮ ਵਿਚ ਗਲੂਕ ਦਾ ਇਕ ਸਹਾਇਕ ਸੀ ਤੇ ਹੋਰ ਲੋਕਾਂ ਨੇ ਪਰੂਫ-ਰੀਡਿੰਗ ਕਰਨ ਅਤੇ ਅਨੁਵਾਦ ਦੀ ਸ਼ੁੱਧਤਾ ਚੈੱਕ ਕਰਨ ਵਿਚ ਮਦਦ ਕੀਤੀ। ਪਰ ਲੱਗਦਾ ਹੈ ਕਿ ਇਨ੍ਹਾਂ ਨੇ ਆਪ ਕੋਈ ਅਨੁਵਾਦ ਨਹੀਂ ਕੀਤਾ। ਇਸ ਲਈ ਸਿਰਫ਼ ਗਲੂਕ ਨੇ ਹੀ ਪੂਰੀ ਬਾਈਬਲ ਦਾ ਅਨੁਵਾਦ ਕੀਤਾ ਸੀ।

ਗਲੂਕ ਦੀ ਬਾਈਬਲ ਲਿਖਤੀ ਲੈਟਵੀਅਨ ਭਾਸ਼ਾ ਦੇ ਵਿਕਾਸ ਲਈ ਬਹੁਤ ਲਾਹੇਵੰਦ ਸਾਬਤ ਹੋਈ, ਪਰ ਇਸ ਅਨੁਵਾਦ ਦੇ ਹੋਰ ਜ਼ਿਆਦਾ ਮਹੱਤਵਪੂਰਣ ਨਤੀਜੇ ਨਿਕਲੇ। ਹੁਣ ਲੈਟਵੀਅਨ ਲੋਕ ਆਪਣੀ ਭਾਸ਼ਾ ਵਿਚ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਮਹੱਤਵਪੂਰਣ ਸਿੱਖਿਆਵਾਂ ਤੋਂ ਫ਼ਾਇਦਾ ਲੈ ਸਕਦੇ ਸਨ। ਅਰਨਸਟ ਗਲੂਕ ਨੇ ਉਨ੍ਹਾਂ ਲਈ ਜੋ ਕੀਤਾ, ਉਸ ਨੂੰ ਉਹ ਅੱਜ ਤਕ ਭੁੱਲੇ ਨਹੀਂ ਹਨ। 300 ਤੋਂ ਵੀ ਜ਼ਿਆਦਾ ਸਾਲਾਂ ਤੋਂ ਅਲੂਕਸਨੇ ਸ਼ਹਿਰ ਦੇ ਲੋਕ ਬਲੂਤ ਦੇ ਦੋ ਦਰਖ਼ਤਾਂ ਦੀ ਦੇਖ-ਭਾਲ ਕਰ ਰਹੇ ਹਨ। ਇਨ੍ਹਾਂ ਨੂੰ ਗਲੂਕ ਦੇ ਬਲੂਤ ਕਿਹਾ ਜਾਂਦਾ ਹੈ ਕਿਉਂਕਿ ਲੈਟਵੀਅਨ ਬਾਈਬਲ ਦੇ ਪੂਰਾ ਹੋਣ ਤੇ ਉਸ ਨੇ ਇਹ ਦਰਖ਼ਤ ਲਾਏ ਸਨ। ਅਲੂਕਸਨੇ ਵਿਚ ਇਕ ਛੋਟਾ ਜਿਹਾ ਅਜਾਇਬ-ਘਰ ਹੈ ਜਿਸ ਵਿਚ ਬਾਈਬਲ ਦੇ ਕਈ ਤਰਜਮੇ ਰੱਖੇ ਗਏ ਹਨ। ਇਨ੍ਹਾਂ ਵਿਚ ਗਲੂਕ ਦੇ ਅਨੁਵਾਦ ਦੀ ਪਹਿਲੀ ਛਪਾਈ ਦੀ ਕਾਪੀ ਵੀ ਹੈ। ਅਲੁਕਸਨੇ ਦੇ ਰਾਸ਼ਟਰੀ ਚਿੰਨ੍ਹ ਉੱਤੇ ਬਾਈਬਲ ਅਤੇ ਸੰਨ 1689 ਦਿਖਾਇਆ ਗਿਆ ਹੈ ਜਿਸ ਸਾਲ ਗਲੂਕ ਨੇ ਬਾਈਬਲ ਦਾ ਅਨੁਵਾਦ ਖ਼ਤਮ ਕੀਤਾ ਸੀ।

ਉਸ ਦੇ ਹੋਰ ਅਨੁਵਾਦ

ਲਾਤਵੀਆ ਵਾਪਸ ਆਉਣ ਤੋਂ ਜਲਦੀ ਬਾਅਦ ਗਲੂਕ ਨੇ ਰੂਸੀ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ ਸੀ। 1699 ਵਿਚ ਉਸ ਨੇ ਲਿਖਿਆ ਕਿ ਉਹ ਰੂਸੀ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਕਰਨ ਦੀ ਆਪਣੀ ਇੱਛਾ ਪੂਰੀ ਕਰ ਰਿਹਾ ਸੀ। 1702 ਵਿਚ ਆਪਣੀ ਇਕ ਚਿੱਠੀ ਵਿਚ ਉਸ ਨੇ ਲਿਖਿਆ ਕਿ ਉਸ ਨੇ ਲੈਟਵੀਅਨ ਬਾਈਬਲ ਨੂੰ ਸੋਧਣਾ ਸ਼ੁਰੂ ਕਰ ਦਿੱਤਾ ਸੀ। ਪਰ ਉਸ ਵੇਲੇ ਹਾਲਾਤ ਬਦਲ ਰਹੇ ਸਨ ਜਿਸ ਕਰਕੇ ਬਾਈਬਲ ਦਾ ਅਨੁਵਾਦ ਕਰਨਾ ਔਖਾ ਹੁੰਦਾ ਜਾ ਰਿਹਾ ਸੀ। ਕਈ ਸਾਲਾਂ ਤਕ ਸ਼ਾਂਤੀ ਰਹਿਣ ਤੋਂ ਬਾਅਦ ਲਾਤਵੀਆ ਇਕ ਵਾਰ ਫਿਰ ਜੰਗ ਦਾ ਮੈਦਾਨ ਬਣ ਗਿਆ। 1702 ਵਿਚ ਰੂਸੀ ਫ਼ੌਜਾਂ ਨੇ ਸਵੀਡਨ ਦੀਆਂ ਫ਼ੌਜਾਂ ਨੂੰ ਹਰਾ ਕੇ ਅਲੂਕਸਨੇ ਉੱਤੇ ਕਬਜ਼ਾ ਕਰ ਲਿਆ। ਗਲੂਕ ਤੇ ਉਸ ਦੇ ਪਰਿਵਾਰ ਨੂੰ ਜ਼ਬਰਦਸਤੀ ਰੂਸ ਲੈ ਜਾਇਆ ਗਿਆ। * ਉਨ੍ਹਾਂ ਗੜਬੜੀ ਭਰੇ ਦਿਨਾਂ ਵਿਚ ਗਲੂਕ ਦੀ ਸੋਧੀ ਹੋਈ ਲੈਟਵੀਅਨ ਬਾਈਬਲ ਦੀਆਂ ਹੱਥਲਿਖਤਾਂ ਤੇ ਰੂਸੀ ਭਾਸ਼ਾ ਵਿਚ ਅਨੁਵਾਦ ਕੀਤੀ ਬਾਈਬਲ ਦੀਆਂ ਹੱਥਲਿਖਤਾਂ ਗੁੰਮ ਹੋ ਗਈਆਂ। 1705 ਵਿਚ ਮਾਸਕੋ ਵਿਚ ਗਲੂਕ ਦੀ ਮੌਤ ਹੋ ਗਈ।

ਲੈਟਵੀਅਨ ਬਾਈਬਲ ਅਤੇ ਰੂਸੀ ਬਾਈਬਲ ਦੀਆਂ ਹੱਥਲਿਖਤਾਂ ਦਾ ਗੁੰਮ ਹੋਣਾ ਬਹੁਤ ਹੀ ਵੱਡਾ ਨੁਕਸਾਨ ਸੀ। ਪਰ ਗਲੂਕ ਦੀ ਮਿਹਨਤ ਸਦਕਾ ਹੀ ਅੱਜ ਲੋਕ ਲੈਟਵੀਅਨ ਬਾਈਬਲ ਪੜ੍ਹ ਸਕਦੇ ਹਨ।

ਅਰਨਸਟ ਗਲੂਕ ਵਾਂਗ ਹੋਰ ਬਹੁਤ ਸਾਰੇ ਵਿਅਕਤੀਆਂ ਨੇ ਸਥਾਨਕ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ ਕਰਨ ਦਾ ਔਖਾ ਕੰਮ ਕੀਤਾ। ਇਸ ਕਰਕੇ ਅੱਜ ਦੁਨੀਆਂ ਵਿਚ ਤਕਰੀਬਨ ਹਰ ਭਾਸ਼ਾ ਵਿਚ ਪਰਮੇਸ਼ੁਰ ਦਾ ਬਚਨ ਉਪਲਬਧ ਹੈ ਤੇ ਲੋਕ ਇਸ ਨੂੰ ਪੜ੍ਹ ਕੇ ਪਰਮੇਸ਼ੁਰ ਬਾਰੇ ਸੱਚਾਈ ਸਿੱਖ ਰਹੇ ਹਨ। ਜੀ ਹਾਂ, 2,000 ਤੋਂ ਵੀ ਵੱਧ ਭਾਸ਼ਾਵਾਂ ਵਿਚ ਬਾਈਬਲ ਉਪਲਬਧ ਕਰਾ ਕੇ ਯਹੋਵਾਹ ਆਪਣੇ ਬਾਰੇ ਲੋਕਾਂ ਨੂੰ ਗਿਆਨ ਦੇ ਰਿਹਾ ਹੈ।

[ਫੁਟਨੋਟ]

^ ਪੈਰਾ 10 ਇਸ ਦੇ ਮੁਕਾਬਲੇ, 1611 ਵਿਚ 47 ਵਿਦਵਾਨਾਂ ਨੂੰ ਅੰਗ੍ਰੇਜ਼ੀ ਦੇ ਓਥਰਾਈਜ਼ ਵਰਯਨ ਜਾਂ ਕਿੰਗ ਜੇਮਸ ਵਰਯਨ ਨੂੰ ਪੂਰਾ ਕਰਨ ਲਈ ਸੱਤ ਸਾਲ ਲੱਗੇ ਸਨ।

^ ਪੈਰਾ 14 ਗਲੂਕ ਦੀ ਮੌਤ ਤੋਂ ਬਾਅਦ ਉਸ ਦੀ ਗੋਦ ਲਈ ਧੀ ਦਾ ਵਿਆਹ ਰੂਸੀ ਸ਼ਾਸਕ ਪੀਟਰ ਮਹਾਨ ਨਾਲ ਹੋਇਆ। 1725 ਵਿਚ ਪੀਟਰ ਦੀ ਮੌਤ ਹੋਣ ਤੇ ਉਹ ਕੈਥਰੀਨ ਪਹਿਲੀ ਬਣੀ ਅਤੇ ਉਸ ਨੇ ਰੂਸ ਉੱਤੇ ਰਾਜ ਕੀਤਾ।

[ਸਫ਼ਾ 13 ਉੱਤੇ ਤਸਵੀਰ]

ਗਲੂਕ ਦੀ ਬਾਈਬਲ

[ਸਫ਼ਾ 14 ਉੱਤੇ ਤਸਵੀਰ]

ਜਿਸ ਸ਼ਹਿਰ ਵਿਚ ਗਲੂਕ ਨੇ ਬਾਈਬਲ ਦਾ ਅਨੁਵਾਦ ਕੀਤਾ ਸੀ, ਉਸ ਸ਼ਹਿਰ ਵਿਚ ਯਹੋਵਾਹ ਦੇ ਗਵਾਹ ਬਾਈਬਲ ਦੀ ਸਿੱਖਿਆ ਦੇ ਰਹੇ ਹਨ