Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਜਿਸ ਸੱਪ ਨੇ ਹੱਵਾਹ ਨਾਲ ਗੱਲ ਕੀਤੀ ਸੀ, ਕੀ ਉਸ ਦੀਆਂ ਲੱਤਾਂ ਸਨ?

ਅਦਨ ਦੇ ਬਾਗ਼ ਵਿਚ ਜਿਸ ਸੱਪ ਨੇ ਹੱਵਾਹ ਨੂੰ ਧੋਖਾ ਦਿੱਤਾ ਸੀ, ਉਸ ਨੂੰ ਉਤਪਤ 3:14 ਵਿਚ ਯਹੋਵਾਹ ਪਰਮੇਸ਼ੁਰ ਨੇ ਕਿਹਾ: “ਏਸ ਲਈ ਕਿ ਤੂੰ ਇਹ ਕੀਤਾ ਤੂੰ ਸਾਰੇ ਡੰਗਰਾਂ ਨਾਲੋਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸਰਾਪੀ ਹੈਂ। ਤੂੰ ਆਪਣੇ ਢਿੱਡ ਭਾਰ ਤੁਰੇਂਗਾ ਅਤੇ ਆਪਣੇ ਜੀਵਣ ਦੇ ਸਾਰੇ ਦਿਨ ਤੂੰ ਮਿੱਟੀ ਖਾਇਆ ਕਰੇਂਗਾ।” ਬਾਈਬਲ ਨਹੀਂ ਕਹਿੰਦੀ ਕਿ ਹੱਵਾਹ ਨੂੰ ਭਰਮਾਉਣ ਲਈ ਵਰਤੇ ਸੱਪ ਦੀਆਂ ਪਹਿਲਾਂ ਲੱਤਾਂ ਹੁੰਦੀਆਂ ਸਨ ਤੇ ਬਾਅਦ ਵਿਚ ਉਸ ਨੇ ਇਹ ਲੱਤਾਂ ਗੁਆ ਲਈਆਂ। ਉਤਪਤ 3:14 ਦੇ ਸ਼ਬਦ ਪੜ੍ਹ ਕੇ ਕੁਝ ਸ਼ਾਇਦ ਸੋਚਣ ਕਿ ਸੱਪ ਦੀਆਂ ਲੱਤਾਂ ਸਨ। ਪਰ ਇਹ ਸਿੱਟਾ ਕੱਢਣਾ ਸਹੀ ਨਹੀਂ ਹੋਵੇਗਾ। ਕਿਉਂ ਨਹੀਂ?

ਇਸ ਲਈ ਕਿ ਮੁੱਖ ਤੌਰ ਤੇ ਯਹੋਵਾਹ ਨੇ ਆਪਣਾ ਨਿਆਂ ਆਤਮਿਕ ਦੂਤ ਸ਼ਤਾਨ ਨੂੰ ਸੁਣਾਇਆ ਸੀ ਜਿਸ ਨੇ ਸੱਪ ਦਾ ਗ਼ਲਤ ਇਸਤੇਮਾਲ ਕੀਤਾ ਸੀ। ਬਾਈਬਲ ਵਿਚ ਸ਼ਤਾਨ ਨੂੰ “ਝੂਠ ਦਾ ਪਤੰਦਰ” ਅਤੇ “ਪੁਰਾਣਾ ਸੱਪ” ਕਿਹਾ ਗਿਆ ਹੈ। ਉਸ ਦੇ ਇਨ੍ਹਾਂ ਨਾਵਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸ਼ਤਾਨ ਨੇ ਹੱਵਾਹ ਤੋਂ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕਰਾਉਣ ਲਈ ਸੱਪ ਨੂੰ ਇਕ ਜ਼ਰੀਏ ਦੇ ਤੌਰ ਤੇ ਇਸਤੇਮਾਲ ਕੀਤਾ।—ਯੂਹੰਨਾ 8:44; ਪਰਕਾਸ਼ ਦੀ ਪੋਥੀ 20:2.

ਸੱਪਾਂ ਦੀ ਸਿਰਜਣਾ ਯਹੋਵਾਹ ਨੇ ਕੀਤੀ ਸੀ ਅਤੇ ਸ਼ਤਾਨ ਦੁਆਰਾ ਹੱਵਾਹ ਨੂੰ ਭਰਮਾਉਣ ਤੋਂ ਪਹਿਲਾਂ ਆਦਮ ਨੇ ਹੀ ਇਨ੍ਹਾਂ ਜਾਨਵਰਾਂ ਦਾ ਨਾਂ ਸੱਪ ਰੱਖਿਆ ਸੀ। ਸੋ ਹੱਵਾਹ ਨਾਲ ਗੱਲ ਕਰਨ ਵਾਲੇ ਨਾਸਮਝ ਸੱਪ ਦਾ ਕੋਈ ਦੋਸ਼ ਨਹੀਂ ਸੀ। ਸੱਪ ਨੂੰ ਬਿਲਕੁਲ ਨਹੀਂ ਪਤਾ ਸੀ ਕਿ ਸ਼ਤਾਨ ਉਸ ਦਾ ਇਸਤੇਮਾਲ ਕਰ ਰਿਹਾ ਸੀ। ਸੱਪ ਨੂੰ ਉਸ ਨਿਆਂ ਦੀ ਕੋਈ ਸਮਝ ਨਹੀਂ ਸੀ ਜੋ ਯਹੋਵਾਹ ਨੇ ਸ਼ਤਾਨ ਅਤੇ ਆਦਮ ਤੇ ਹੱਵਾਹ ਨੂੰ ਸੁਣਾਇਆ ਸੀ।

ਤਾਂ ਫਿਰ ਪਰਮੇਸ਼ੁਰ ਨੇ ਸੱਪ ਨੂੰ ਸਰਾਪ ਕਿਉਂ ਦਿੱਤਾ ਕਿ ਉਹ ਢਿੱਡ ਦੇ ਭਾਰ ਚੱਲੇਗਾ? ਕੁਦਰਤੀ ਵਾਤਾਵਰਣ ਵਿਚ ਸੱਪ ਢਿੱਡ ਭਾਰ ਰੀਂਗਦਾ ਹੈ ਅਤੇ ਇਸ ਦੀ ਜੀਭ ਫੁਰਤੀ ਨਾਲ ਮਾਨੋ ਮਿੱਟੀ ਚੱਟਣ ਲਈ ਅੰਦਰ-ਬਾਹਰ ਆਉਂਦੀ ਹੈ। ਸੱਪ ਦੇ ਇਸ ਵਤੀਰੇ ਨੇ ਸ਼ਤਾਨ ਦੀ ਮਾੜੀ ਹਾਲਤ ਨੂੰ ਵਧੀਆ ਢੰਗ ਨਾਲ ਦਰਸਾਇਆ। ਸ਼ਤਾਨ ਪਹਿਲਾਂ ਪਰਮੇਸ਼ੁਰ ਦਾ ਦੂਤ ਹੋਣ ਕਰਕੇ ਉੱਚੇ ਰੁਤਬੇ ਦਾ ਆਨੰਦ ਮਾਣਦਾ ਸੀ। ਪਰ ਹੁਣ ਉਸ ਨੂੰ ਉਸ ਉੱਚੇ ਰੁਤਬੇ ਤੋਂ ਲਾਹ ਦਿੱਤਾ ਗਿਆ ਹੈ ਤੇ ਉਸ ਨੂੰ ਪਰਮੇਸ਼ੁਰ ਦੇ ਗਿਆਨ ਦੇ ਚਾਨਣ ਤੋਂ ਵਾਂਝਿਆ ਰੱਖਿਆ ਗਿਆ ਹੈ।

ਜਿਵੇਂ ਜ਼ਮੀਨ ਤੇ ਰੀਂਗਦਾ ਸੱਪ ਇਕ ਇਨਸਾਨ ਦੀ ਅੱਡੀ ਨੂੰ ਡੰਗ ਮਾਰ ਕੇ ਜ਼ਖ਼ਮੀ ਕਰ ਸਕਦਾ ਹੈ, ਉਸੇ ਤਰ੍ਹਾਂ ਅਰਸ਼ ਤੋਂ ਫ਼ਰਸ਼ ਤੇ ਸੁੱਟਿਆ ਗਿਆ ਸ਼ਤਾਨ ਪਰਮੇਸ਼ੁਰ ਦੀ ‘ਸੰਤਾਨ ਦੀ ਅੱਡੀ ਨੂੰ ਡੰਗ ਮਾਰੇਂਗਾ।’ (ਉਤਪਤ 3:15) ਮੁੱਖ ਸੰਤਾਨ ਯਿਸੂ ਮਸੀਹ ਸਾਬਤ ਹੋਇਆ ਜਿਸ ਨੇ ਥੋੜ੍ਹੀ ਦੇਰ ਵਾਸਤੇ ਸ਼ਤਾਨ ਦੇ ਕਾਰਿੰਦਿਆਂ ਦੇ ਹੱਥੋਂ ਜ਼ੁਲਮ ਸਹੇ। ਪਰ ਸਮਾਂ ਆਉਣ ਤੇ ਮਸੀਹ ਅਤੇ ਸਵਰਗੀ ਜੀਵਨ ਪਾਉਣ ਵਾਲੇ ਉਸ ਦੇ ਸਾਥੀ ਸੱਪ ਯਾਨੀ ਸ਼ਤਾਨ ਦੇ ਸਿਰ ਨੂੰ ਕੁਚਲ ਸੁੱਟਣਗੇ। (ਰੋਮੀਆਂ 16:20) ਇਸ ਤਰ੍ਹਾਂ ਪਰਮੇਸ਼ੁਰ ਵੱਲੋਂ ਸੱਪ ਨੂੰ ਦਿੱਤੇ ਸਰਾਪ ਨੇ ਨਾ ਦਿਸਣ ਵਾਲੇ ‘ਪੁਰਾਣੇ ਸੱਪ’ ਸ਼ਤਾਨ ਦੀ ਮਾੜੀ ਹਾਲਤ ਅਤੇ ਨਾਸ਼ ਨੂੰ ਦਰਸਾਇਆ।