Skip to content

Skip to table of contents

ਸਾਡੀ ਆਗਿਆਕਾਰਤਾ ਦੇਖ ਕੇ ਯਹੋਵਾਹ ਖ਼ੁਸ਼ ਹੁੰਦਾ ਹੈ

ਸਾਡੀ ਆਗਿਆਕਾਰਤਾ ਦੇਖ ਕੇ ਯਹੋਵਾਹ ਖ਼ੁਸ਼ ਹੁੰਦਾ ਹੈ

ਸਾਡੀ ਆਗਿਆਕਾਰਤਾ ਦੇਖ ਕੇ ਯਹੋਵਾਹ ਖ਼ੁਸ਼ ਹੁੰਦਾ ਹੈ

“ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ।”—ਕਹਾਉਤਾਂ 27:11.

1. ਸਾਡੇ ਜ਼ਮਾਨੇ ਵਿਚ ਕਿਹੋ ਜਿਹਾ ਪ੍ਰਭਾਵ ਛਾਇਆ ਹੋਇਆ ਹੈ?

ਸਾਡੇ ਜ਼ਮਾਨੇ ਵਿਚ ਲੋਕ ਆਪਣੀ ਮਰਜ਼ੀ ਕਰਨੀ ਚਾਹੁੰਦੇ ਹਨ ਤੇ ਕਿਸੇ ਹੋਰ ਦੀ ਨਹੀਂ ਸੁਣਨੀ ਚਾਹੁੰਦੇ। ਅਫ਼ਸੁਸ ਦੇ ਮਸੀਹੀਆਂ ਨੂੰ ਲਿਖਦੇ ਸਮੇਂ ਪੌਲੁਸ ਨੇ ਇਸ ਦਾ ਕਾਰਨ ਸਮਝਾਇਆ। ਉਸ ਨੇ ਕਿਹਾ: “ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਹਵਾਈ ਇਖ਼ਤਿਆਰ ਦੇ ਸਰਦਾਰ ਦੇ ਅਰਥਾਤ ਉਸ ਰੂਹ ਦੇ ਅਨੁਸਾਰ ਅੱਗੇ ਚੱਲਦੇ ਸਾਓ ਜਿਹੜੀ ਹੁਣ ਅਣਆਗਿਆਕਾਰੀ ਦੇ ਪੁੱਤ੍ਰਾਂ ਵਿੱਚ ਅਸਰ ਕਰਦੀ ਹੈ।” (ਅਫ਼ਸੀਆਂ 2:1, 2) ਜੀ ਹਾਂ, ਸ਼ਤਾਨ ਇਸ ਦੁਸ਼ਟ ਦੁਨੀਆਂ ਦਾ “ਸਰਦਾਰ” ਹੈ ਅਤੇ ਪੂਰੀ ਦੁਨੀਆਂ ਉੱਤੇ ਉਸ ਦਾ ਪ੍ਰਭਾਵ ਛਾਇਆ ਹੋਇਆ ਹੈ ਜਿਸ ਕਰਕੇ ਲੋਕ ਪਰਮੇਸ਼ੁਰ ਦੀ ਆਗਿਆ ਨਹੀਂ ਮੰਨਦੇ। ਪਹਿਲੀ ਸਦੀ ਵਿਚ ਵੀ ਸ਼ਤਾਨ ਲੋਕਾਂ ਉੱਤੇ ਪ੍ਰਭਾਵ ਪਾ ਰਿਹਾ ਸੀ, ਪਰ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਤੋਂ ਉਹ ਲੋਕਾਂ ਤੇ ਹੋਰ ਵੀ ਪ੍ਰਭਾਵ ਪਾ ਰਿਹਾ ਹੈ ਕਿਉਂਕਿ ਉਸ ਸਮੇਂ ਉਸ ਨੂੰ ਸਵਰਗ ਵਿੱਚੋਂ ਧਰਤੀ ਉੱਤੇ ਸੁੱਟ ਦਿੱਤਾ ਗਿਆ ਸੀ।—ਪਰਕਾਸ਼ ਦੀ ਪੋਥੀ 12:9.

2, 3. ਯਹੋਵਾਹ ਦੇ ਆਗਿਆਕਾਰ ਰਹਿਣ ਲਈ ਸਾਡੇ ਕੋਲ ਕਿਹੜੇ ਕਾਰਨ ਹਨ?

2 ਯਿਸੂ ਦੇ ਚੇਲੇ ਹੋਣ ਦੇ ਨਾਤੇ ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਡੀ ਆਗਿਆਕਾਰਤਾ ਦੇ ਲਾਇਕ ਹੈ ਕਿਉਂਕਿ ਉਹ ਸਾਡਾ ਸਿਰਜਣਹਾਰ, ਸਾਡਾ ਪਾਲਣਹਾਰ, ਸਾਡਾ ਮੁਕਤੀਦਾਤਾ ਅਤੇ ਸਾਰੇ ਜਹਾਨ ਦਾ ਮਾਲਕ ਹੈ। (ਜ਼ਬੂਰਾਂ ਦੀ ਪੋਥੀ 148:5, 6; ਰਸੂਲਾਂ ਦੇ ਕਰਤੱਬ 4:24; ਕੁਲੁੱਸੀਆਂ 1:13; ਪਰਕਾਸ਼ ਦੀ ਪੋਥੀ 4:11) ਮੂਸਾ ਦੇ ਸਮੇਂ ਦੇ ਇਸਰਾਏਲੀ ਜਾਣਦੇ ਸਨ ਕਿ ਯਹੋਵਾਹ ਨੇ ਹੀ ਉਨ੍ਹਾਂ ਨੂੰ ਜ਼ਿੰਦਗੀ ਦਿੱਤੀ ਸੀ ਅਤੇ ਉਨ੍ਹਾਂ ਨੂੰ ਮਿਸਰ ਦੀ ਗ਼ੁਲਾਮੀ ਵਿੱਚੋਂ ਛੁਡਾਇਆ ਸੀ। ਇਸ ਲਈ ਮੂਸਾ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਉਨ੍ਹਾਂ ਹੁਕਮਾਂ ਦੀ ਪਾਲਨਾ ਕਰੋ ਜਿਹੜੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੇ ਹਨ।” (ਬਿਵਸਥਾ ਸਾਰ 5:32) ਜੀ ਹਾਂ, ਯਹੋਵਾਹ ਉਨ੍ਹਾਂ ਦੀ ਆਗਿਆਕਾਰਤਾ ਦਾ ਹੱਕਦਾਰ ਸੀ। ਪਰ ਜਲਦੀ ਹੀ ਉਨ੍ਹਾਂ ਨੇ ਯਹੋਵਾਹ ਤੋਂ ਆਪਣਾ ਮੂੰਹ ਮੋੜ ਲਿਆ।

3 ਸਾਰੇ ਜਹਾਨ ਦੇ ਮਾਲਕ ਦੀ ਆਗਿਆ ਵਿਚ ਰਹਿਣਾ ਸਾਡੇ ਲਈ ਕਿੰਨਾ ਕੁ ਜ਼ਰੂਰੀ ਹੈ? ਇਕ ਵਾਰ ਪਰਮੇਸ਼ੁਰ ਨੇ ਆਪਣੇ ਨਬੀ ਸਮੂਏਲ ਰਾਹੀਂ ਸ਼ਾਊਲ ਬਾਦਸ਼ਾਹ ਨੂੰ ਕਿਹਾ: ‘ਮੰਨਣਾ ਭੇਟਾਂ ਚੜ੍ਹਾਉਣ ਨਾਲੋਂ ਚੰਗਾ ਹੈ।’ (1 ਸਮੂਏਲ 15:22, 23) ਇਹ ਗੱਲ ਸੱਚ ਕਿਉਂ ਹੈ?

ਕਹਿਣਾ ਮੰਨਣਾ ‘ਭੇਟਾਂ ਚੜ੍ਹਾਉਣ ਨਾਲੋਂ ਚੰਗਾ’ ਕਿਉਂ ਹੈ?

4. ਅਸੀਂ ਯਹੋਵਾਹ ਨੂੰ ਕੀ ਦੇ ਸਕਦੇ ਹਾਂ?

4 ਸਾਰੇ ਜਹਾਨ ਦਾ ਮਾਲਕ ਹੋਣ ਦੇ ਨਾਤੇ ਯਹੋਵਾਹ ਨੇ ਹੀ ਸਾਨੂੰ ਸਭ ਕੁਝ ਦਿੱਤਾ ਹੋਇਆ ਹੈ। ਤਾਂ ਫਿਰ ਕੀ ਇੱਦਾਂ ਦੀ ਕੋਈ ਚੀਜ਼ ਹੈ ਜੋ ਅਸੀਂ ਉਸ ਨੂੰ ਦੇ ਸਕਦੇ ਹਾਂ? ਜੀ ਹਾਂ, ਅਸੀਂ ਉਸ ਨੂੰ ਆਪਣੀ ਇਕ ਬਹੁਤ ਹੀ ਕੀਮਤੀ ਚੀਜ਼ ਦੇ ਸਕਦੇ ਹਾਂ। ਕਿਹੜੀ ਚੀਜ਼? ਇਸ ਦਾ ਜਵਾਬ ਸਾਨੂੰ ਇਨ੍ਹਾਂ ਸ਼ਬਦਾਂ ਤੋਂ ਮਿਲਦਾ ਹੈ: “ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।” (ਕਹਾਉਤਾਂ 27:11) ਯਹੋਵਾਹ ਦੇ ਆਗਿਆਕਾਰ ਰਹਿ ਕੇ ਅਸੀਂ ਉਸ ਨੂੰ ਖ਼ੁਸ਼ ਕਰ ਸਕਦੇ ਹਾਂ। ਭਾਵੇਂ ਸਾਡੇ ਸਾਰਿਆਂ ਦਾ ਇੱਕੋ ਜਿਹਾ ਪਿਛੋਕੜ ਜਾਂ ਇੱਕੋ ਜਿਹੇ ਹਾਲਾਤ ਨਹੀਂ ਹਨ, ਫਿਰ ਵੀ ਅਸੀਂ ਸ਼ਤਾਨ ਦੇ ਮੇਹਣੇ ਦਾ ਜਵਾਬ ਦੇ ਸਕਦੇ ਹਾਂ ਕਿਉਂਕਿ ਉਹ ਕਹਿੰਦਾ ਹੈ ਕਿ ਮੁਸੀਬਤਾਂ ਦਾ ਸਾਮ੍ਹਣਾ ਕਰਦੇ ਸਮੇਂ ਸਾਡੇ ਵਿੱਚੋਂ ਕੋਈ ਵੀ ਯਹੋਵਾਹ ਦਾ ਵਫ਼ਾਦਾਰ ਨਹੀਂ ਰਹੇਗਾ। ਪਰ ਸਾਡੇ ਲਈ ਯਹੋਵਾਹ ਦੀ ਆਗਿਆ ਮੰਨਣੀ ਖ਼ੁਸ਼ੀ ਦੀ ਗੱਲ ਹੈ।

5. ਜਦ ਅਸੀਂ ਯਹੋਵਾਹ ਦਾ ਕਿਹਾ ਨਹੀਂ ਮੰਨਦੇ, ਤਾਂ ਉਹ ਕਿਵੇਂ ਮਹਿਸੂਸ ਕਰਦਾ ਹੈ? ਉਦਾਹਰਣ ਦਿਓ।

5 ਯਹੋਵਾਹ ਪਰਮੇਸ਼ੁਰ ਨੂੰ ਸਾਡੇ ਫ਼ੈਸਲਿਆਂ ਵਿਚ ਡੂੰਘੀ ਦਿਲਚਸਪੀ ਹੈ। ਜਦ ਅਸੀਂ ਉਸ ਦੇ ਕਹਿਣੇ ਤੇ ਨਹੀਂ ਚੱਲਦੇ, ਤਾਂ ਇਸ ਦਾ ਉਸ ਤੇ ਪ੍ਰਭਾਵ ਪੈਂਦਾ ਹੈ। ਕਿਵੇਂ? ਉਹ ਦੁਖੀ ਜਾਂ ਉਦਾਸ ਹੁੰਦਾ ਹੈ ਜਦ ਅਸੀਂ ਗ਼ਲਤ ਕੰਮ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 78:40, 41) ਮੰਨ ਲਓ ਕਿ ਸ਼ੂਗਰ ਦਾ ਮਰੀਜ਼ ਆਪਣੇ ਡਾਕਟਰ ਦਾ ਕਿਹਾ ਨਹੀਂ ਮੰਨਦਾ ਅਤੇ ਅਜਿਹਾ ਉਰਾ-ਪਰਾ ਖਾਈ ਜਾਂਦਾ ਹੈ ਜੋ ਉਸ ਦੀ ਸਿਹਤ ਲਈ ਠੀਕ ਨਹੀਂ। ਇਹ ਜਾਣ ਕੇ ਉਹ ਡਾਕਟਰ ਕਿਵੇਂ ਮਹਿਸੂਸ ਕਰੇਗਾ ਜਿਸ ਨੂੰ ਆਪਣੇ ਮਰੀਜ਼ ਦਾ ਫ਼ਿਕਰ ਹੈ? ਇਸੇ ਤਰ੍ਹਾਂ ਯਹੋਵਾਹ ਦਾ ਦਿਲ ਕਿੰਨਾ ਦੁਖੀ ਹੁੰਦਾ ਹੋਣਾ ਜਦ ਅਸੀਂ ਉਸ ਦਾ ਕਿਹਾ ਨਹੀਂ ਮੰਨਦੇ। ਉਸ ਦਾ ਕਹਿਣਾ ਮੰਨਣ ਵਿਚ ਸਾਡੀ ਹੀ ਭਲਾਈ ਹੈ ਤੇ ਉਸ ਨੂੰ ਸਾਡੇ ਭਵਿੱਖ ਦਾ ਫ਼ਿਕਰ ਹੈ।

6. ਯਹੋਵਾਹ ਦਾ ਕਹਿਣਾ ਮੰਨਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

6 ਯਹੋਵਾਹ ਦਾ ਕਹਿਣਾ ਮੰਨਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ? ਸੁਲੇਮਾਨ ਬਾਦਸ਼ਾਹ ਵਾਂਗ ਸਾਨੂੰ ਵੀ ਪਰਮੇਸ਼ੁਰ ਤੋਂ “ਸੁਣਨ ਵਾਲਾ ਮਨ” ਮੰਗਣਾ ਚਾਹੀਦਾ ਹੈ। ਸੁਲੇਮਾਨ ਨੇ ਅਜਿਹੇ ਮਨ ਲਈ ਇਸ ਲਈ ਦੁਆ ਕੀਤੀ ਸੀ ਤਾਂਕਿ ਉਹ ‘ਅੱਛੇ ਅਤੇ ਬੁਰੇ ਨੂੰ ਸਮਝ’ ਸਕੇ ਅਤੇ ਇਸਰਾਏਲੀ ਲੋਕਾਂ ਦਾ ਚੰਗੀ ਤਰ੍ਹਾਂ ਨਿਆਂ ਕਰ ਸਕੇ। (1 ਰਾਜਿਆਂ 3:9) ਸਾਨੂੰ ਵੀ ‘ਸੁਣਨ ਵਾਲੇ ਮਨ’ ਦੀ ਲੋੜ ਹੈ ਤਾਂਕਿ ਅਸੀਂ ਪਰਮੇਸ਼ੁਰ ਦਾ ਕਹਿਣਾ ਨਾ ਮੰਨਣ ਵਾਲੀ ਇਸ ਦੁਨੀਆਂ ਵਿਚ ‘ਅੱਛੇ ਅਤੇ ਬੁਰੇ ਨੂੰ ਸਮਝ’ ਸਕੀਏ। ਪਰਮੇਸ਼ੁਰ ਨੇ ਸਾਨੂੰ ਬਾਈਬਲ ਅਤੇ ਰਸਾਲੇ-ਕਿਤਾਬਾਂ ਦੇਣ ਦੇ ਨਾਲ-ਨਾਲ ਮੀਟਿੰਗਾਂ ਅਤੇ ਕਲੀਸਿਯਾ ਵਿਚ ਬਜ਼ੁਰਗਾਂ ਦਾ ਇੰਤਜ਼ਾਮ ਕੀਤਾ ਹੈ ਤਾਂਕਿ ਅਸੀਂ ਆਪਣੇ ਅੰਦਰ “ਸੁਣਨ ਵਾਲਾ ਮਨ” ਪੈਦਾ ਕਰ ਸਕੀਏ। ਕੀ ਅਸੀਂ ਇਨ੍ਹਾਂ ਪ੍ਰਬੰਧਾਂ ਦਾ ਲਾਭ ਉਠਾ ਰਹੇ ਹਾਂ?

7. ਚੜ੍ਹਾਵੇ ਚੜ੍ਹਾਉਣ ਨਾਲੋਂ ਯਹੋਵਾਹ ਆਗਿਆਕਾਰ ਰਹਿਣ ਉੱਤੇ ਜ਼ਿਆਦਾ ਜ਼ੋਰ ਕਿਉਂ ਦਿੰਦਾ ਹੈ?

7 ਯਾਦ ਰਹੇ ਕਿ ਪਿਛਲੇ ਸਮਿਆਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹਾ ਸੀ ਕਿ ਆਗਿਆਕਾਰ ਰਹਿਣਾ ਚੜ੍ਹਾਵੇ ਚੜ੍ਹਾਉਣ ਨਾਲੋਂ ਜ਼ਰੂਰੀ ਹੈ। (ਕਹਾਉਤਾਂ 21:3, 27; ਹੋਸ਼ੇਆ 6:6; ਮੱਤੀ 12:7) ਪਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿਉਂਕਿ ਯਹੋਵਾਹ ਨੇ ਹੀ ਤਾਂ ਲੋਕਾਂ ਨੂੰ ਚੜ੍ਹਾਵੇ ਚੜ੍ਹਾਉਣ ਲਈ ਕਿਹਾ ਸੀ? ਤਾਂ ਫਿਰ ਚੜ੍ਹਾਵਾ ਚੜ੍ਹਾਉਣ ਵਿਚ ਕੀ ਖ਼ਰਾਬੀ ਹੈ? ਪਹਿਲਾਂ ਤਾਂ ਇਹ ਸੋਚਣ ਦੀ ਲੋੜ ਹੈ ਕਿ ਚੜ੍ਹਾਵਾ ਚੜ੍ਹਾਉਣ ਵਾਲਾ ਕਿਸ ਮਨੋਰਥ ਨਾਲ ਚੜ੍ਹਾਵਾ ਚੜ੍ਹਾ ਰਿਹਾ ਹੈ। ਕੀ ਉਹ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ ਜਾਂ ਸਿਰਫ਼ ਕੋਈ ਰਸਮ ਪੂਰੀ ਕਰ ਰਿਹਾ ਹੈ? ਜੇ ਕੋਈ ਸੱਚ-ਮੁੱਚ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ, ਤਾਂ ਉਹ ਧਿਆਨ ਨਾਲ ਪਰਮੇਸ਼ੁਰ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੇਗਾ। ਪਰਮੇਸ਼ੁਰ ਨੂੰ ਪਸ਼ੂਆਂ ਦੀਆਂ ਬਲੀਆਂ ਦੀ ਕੋਈ ਲੋੜ ਨਹੀਂ, ਪਰ ਸਾਡੀ  ਆਗਿਆਕਾਰਤਾ ਹੀ ਉਸ ਦੀਆਂ ਨਜ਼ਰਾਂ ਵਿਚ ਕੀਮਤੀ ਚੀਜ਼ ਹੈ।

ਚੇਤਾਵਨੀ ਦੇਣ ਵਾਲੀ ਇਕ ਮਿਸਾਲ

8. ਪਰਮੇਸ਼ੁਰ ਨੇ ਸ਼ਾਊਲ ਦੀ ਬਾਦਸ਼ਾਹਤ ਨੂੰ ਕਿਉਂ ਠੁਕਰਾ ਦਿੱਤਾ ਸੀ?

8 ਬਾਈਬਲ ਵਿਚ ਸ਼ਾਊਲ ਬਾਦਸ਼ਾਹ ਦੇ ਬਿਰਤਾਂਤ ਤੋਂ ਚੰਗੀ ਤਰ੍ਹਾਂ ਪਤਾ ਲੱਗਦਾ ਹੈ ਕਿ ਯਹੋਵਾਹ ਦਾ ਕਹਿਣਾ ਮੰਨਣਾ ਇੰਨਾ ਜ਼ਰੂਰੀ ਕਿਉਂ ਹੈ। ਜਦ ਸ਼ਾਊਲ ਬਾਦਸ਼ਾਹ ਬਣਿਆ ਸੀ, ਤਾਂ ਉਹ ਬਹੁਤ ਹੀ ਨਿਮਰ ਇਨਸਾਨ ਸੀ। ਹਾਂ, ਉਹ ਆਪਣੇ ਆਪ ਨੂੰ “ਆਪਣੀ ਨਜ਼ਰ ਵਿੱਚ ਤੁੱਛ” ਸਮਝਦਾ ਸੀ। (1 ਸਮੂਏਲ 10:21, 22; 15:17) ਬਾਅਦ ਵਿਚ ਉਹ ਘਮੰਡ ਕਰਨ ਲੱਗਾ ਅਤੇ ਆਪਣੇ ਗ਼ਲਤ ਫ਼ੈਸਲਿਆਂ ਨੂੰ ਸਹੀ ਠਹਿਰਾਉਣ ਲਈ ਝੂਠੀਆਂ ਦਲੀਲਾਂ ਦੇਣ ਲੱਗਾ। ਇਕ ਵਾਰ ਉਸ ਨੇ ਜੰਗ ਵਿਚ ਫਲਿਸਤੀਆਂ ਦਾ ਸਾਮ੍ਹਣਾ ਕਰਨਾ ਸੀ। ਸਮੂਏਲ ਨਬੀ ਨੇ ਸ਼ਾਊਲ ਨੂੰ ਉਸ ਦੀ ਉਡੀਕ ਕਰਨ ਨੂੰ ਕਿਹਾ ਸੀ ਤਾਂਕਿ ਜੰਗ ਵਿਚ ਜਾਣ ਤੋਂ ਪਹਿਲਾਂ ਸਮੂਏਲ ਯਹੋਵਾਹ ਅੱਗੇ ਬਲੀਆਂ ਚੜ੍ਹਾ ਸਕੇ ਅਤੇ ਸ਼ਾਊਲ ਨੂੰ ਹੋਰ ਜਾਣਕਾਰੀ ਦੇ ਸਕੇ। ਪਰ ਸਮੂਏਲ ਨੇ ਆਉਣ ਵਿਚ ਦੇਰ ਕਰ ਦਿੱਤੀ ਤੇ ਲੋਕ ਸ਼ਾਊਲ ਕੋਲੋਂ ਖਿੰਡਣ ਲੱਗੇ। ਇਹ ਸਭ ਦੇਖ ਕੇ ਸ਼ਾਊਲ ਨੇ ‘ਹੋਮ ਦੀ ਬਲੀ ਚੜ੍ਹਾ’ ਦਿੱਤੀ। ਸ਼ਾਊਲ ਦੇ ਇਸ ਕੰਮ ਤੋਂ ਯਹੋਵਾਹ ਬਹੁਤ ਨਾਰਾਜ਼ ਹੋਇਆ। ਅਖ਼ੀਰ ਵਿਚ ਜਦ ਸਮੂਏਲ ਆਇਆ, ਤਾਂ ਸ਼ਾਊਲ ਨੇ ਬਹਾਨਾ ਬਣਾਇਆ ਕਿ ਉਹ ਸਮੂਏਲ ਦਾ ਇੰਤਜ਼ਾਰ ਕਰ-ਕਰ ਕੇ ਥੱਕ ਗਿਆ ਸੀ ਅਤੇ ਯਹੋਵਾਹ ਦੀ ਮਿਹਰ ਪਾਉਣ ਲਈ ਉਸ ਨੇ “ਬੇ ਵਸ ਹੋ ਕੇ” ਬਲੀ ਚੜ੍ਹਾਈ ਸੀ। ਸ਼ਾਊਲ ਬਾਦਸ਼ਾਹ ਨੇ ਸਮੂਏਲ ਨਬੀ ਦੇ ਕਹਿਣੇ ਅਨੁਸਾਰ ਉਸ ਦਾ ਇੰਤਜ਼ਾਰ ਕਰਨ ਨਾਲੋਂ ਬਲੀ ਚੜ੍ਹਾਉਣੀ ਜ਼ਿਆਦਾ ਜ਼ਰੂਰੀ ਸਮਝੀ। ਸਮੂਏਲ ਨੇ ਉਸ ਨੂੰ ਕਿਹਾ: “ਤੈਂ ਮੂਰਖਤਾਈ ਕੀਤੀ ਹੈ ਕਿਉਂ ਜੋ ਤੈਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਦੀ ਰਾਖੀ ਨਹੀਂ ਕੀਤੀ ਜੋ ਉਸ ਨੇ ਤੈਨੂੰ ਦਿੱਤੀ ਸੀ।” ਯਹੋਵਾਹ ਦਾ ਕਹਿਣਾ ਨਾ ਮੰਨ ਕੇ ਸ਼ਾਊਲ ਨੂੰ ਆਪਣੀ ਬਾਦਸ਼ਾਹਤ ਤੋਂ ਹੱਥ ਧੋਣੇ ਪਏ।—1 ਸਮੂਏਲ 10:8; 13:5-13.

9. ਸਾਨੂੰ ਕਿਵੇਂ ਪਤਾ ਹੈ ਕਿ ਸ਼ਾਊਲ ਨੂੰ ਕਹਿਣਾ ਨਾ ਮੰਨਣ ਦੀ ਆਦਤ ਪੈ ਗਈ ਸੀ?

9 ਕੀ ਸ਼ਾਊਲ ਬਾਦਸ਼ਾਹ ਨੇ ਇਸ ਤਜਰਬੇ ਤੋਂ ਕੋਈ ਸਬਕ ਸਿੱਖਿਆ ਸੀ? ਨਹੀਂ! ਬਾਅਦ ਵਿਚ ਯਹੋਵਾਹ ਨੇ ਸ਼ਾਊਲ ਨੂੰ ਪੂਰੀ ਅਮਾਲੇਕੀ ਕੌਮ ਦਾ ਸੱਤਿਆਨਾਸ ਕਰਨ ਦਾ ਹੁਕਮ ਦਿੱਤਾ ਜਿਸ ਨੇ ਪਹਿਲਾਂ ਬਿਨਾਂ ਕਿਸੇ ਕਾਰਨ ਇਸਰਾਏਲੀਆਂ ਤੇ ਹਮਲਾ ਕੀਤਾ ਸੀ। ਸ਼ਾਊਲ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਪਸ਼ੂਆਂ ਨੂੰ ਵੀ ਨਾ ਬਖ਼ਸ਼ਿਆ ਜਾਵੇ। ਸ਼ਾਊਲ ਨੇ ਇੰਨੀ ਗੱਲ ਜ਼ਰੂਰ ਮੰਨੀ ਕਿ ਉਸ ਨੇ “ਅਮਾਲੇਕੀਆਂ ਨੂੰ ਹਵੀਲਾਹ ਤੋਂ ਲੈ ਕੇ ਸੂਰ ਦੇ ਲਾਂਘੇ ਤੋੜੀ” ਮਾਰ ਸੁੱਟਿਆ ਸੀ। ਜਦ ਸਮੂਏਲ ਸ਼ਾਊਲ ਕੋਲ ਗਿਆ, ਤਾਂ ਬਾਦਸ਼ਾਹ ਨੇ ਜਿੱਤ ਹਾਸਲ ਕਰਨ ਦੀ ਖ਼ੁਸ਼ੀ ਵਿਚ ਕਿਹਾ: “ਹੇ ਯਹੋਵਾਹ ਦੇ ਮੁਬਾਰਕ, ਮੈਂ ਯਹੋਵਾਹ ਦੀ ਆਗਿਆ ਅਨੁਸਾਰ ਕੰਮ ਕੀਤਾ।” ਪਰ ਯਹੋਵਾਹ ਦੇ ਨਬੀ ਦੇ ਕਹੇ ਤੋਂ ਉਲਟ ਸ਼ਾਊਲ ਅਤੇ ਉਸ ਦੇ ਆਦਮੀਆਂ ਨੇ ਅਮਾਲੇਕੀਆਂ ਦੇ ਰਾਜਾ ਅਗਾਗ ਨੂੰ ਅਤੇ  “ਚੰਗੀਆਂ ਭੇਡਾਂ ਅਤੇ ਬਲਦਾਂ ਅਤੇ ਮੋਟੇ ਮੋਟੇ ਵੱਛਿਆਂ ਅਤੇ ਮੇਢਿਆਂ ਦਿਆਂ ਬੱਚਿਆਂ ਨੂੰ ਅਤੇ ਸਭ ਕੁਝ ਜੋ ਚੰਗਾ ਸੀ ਬਚਾ ਰੱਖਿਆ।” ਫਿਰ ਸ਼ਾਊਲ ਬਾਦਸ਼ਾਹ ਨੇ ਆਪਣੇ ਗ਼ਲਤ ਕਦਮ ਨੂੰ ਸਹੀ ਠਹਿਰਾਉਣ ਲਈ ਕਿਹਾ: “ਲੋਕਾਂ ਨੇ ਚੰਗੀਆਂ ਚੰਗੀਆਂ ਭੇਡਾਂ ਅਤੇ ਬਲਦਾਂ ਨੂੰ ਜੀਉਂਦਿਆਂ ਰੱਖਿਆ ਭਈ ਉਨ੍ਹਾਂ ਨੂੰ ਯਹੋਵਾਹ ਤੇਰੇ  ਪਰਮੇਸ਼ੁਰ ਦੇ ਅੱਗੇ ਬਲੀ ਚੜ੍ਹਾਉਣ।”—1 ਸਮੂਏਲ 15:1-15.

10. ਸ਼ਾਊਲ ਨੇ ਕਿਹੜਾ ਸਬਕ ਨਹੀਂ ਸਿੱਖਿਆ ਸੀ?

10 ਫਿਰ ਸਮੂਏਲ ਨੇ ਸ਼ਾਊਲ ਨੂੰ ਕਿਹਾ: “ਭਲਾ, ਯਹੋਵਾਹ ਹੋਮ ਦੀਆਂ ਭੇਟਾਂ ਅਤੇ ਬਲੀਆਂ ਨਾਲ ਪਰਸੰਨ ਹੁੰਦਾ ਹੈ, ਯਾ ਇਸ ਗੱਲ ਉੱਤੇ ਜੋ ਉਹ ਦੀ ਅਵਾਜ਼ ਸੁਣੀ ਜਾਵੇ? ਵੇਖ, ਮੰਨਣਾ ਭੇਟਾਂ ਚੜ੍ਹਾਉਣ ਨਾਲੋਂ, ਅਤੇ ਸਰੋਤਾ ਬਣਨਾ ਛੱਤਰਿਆਂ ਦੀ ਚਰਬੀ ਨਾਲੋਂ ਚੰਗਾ ਹੈ।” (1 ਸਮੂਏਲ 15:22) ਜਦ ਯਹੋਵਾਹ ਨੇ ਕਹਿ ਦਿੱਤਾ ਸੀ ਕਿ ਉਹ ਪਸ਼ੂ ਨਸ਼ਟ ਕੀਤੇ ਜਾਣ ਦੇ ਲਾਇਕ ਸਨ, ਤਾਂ ਫਿਰ ਉਹ ਬਲੀ ਕੀਤੇ ਜਾਣ ਦੇ ਲਾਇਕ ਕਿਵੇਂ ਹੋ ਸਕਦੇ ਸਨ?

ਹਰ ਗੱਲ ਵਿਚ ਆਗਿਆਕਾਰ ਰਹੋ

11, 12. (ੳ) ਯਹੋਵਾਹ ਆਪਣੇ ਸੇਵਕਾਂ ਦੀ ਭਗਤੀ ਦੇਖ ਕੇ ਕਿਵੇਂ ਮਹਿਸੂਸ ਕਰਦਾ ਹੈ? (ਅ) ਕੋਈ ਵਿਅਕਤੀ ਆਪਣੇ ਆਪ ਨੂੰ ਧੋਖਾ ਕਿਵੇਂ ਦੇ ਸਕਦਾ ਹੈ?

11 ਯਹੋਵਾਹ ਆਪਣੇ ਸੇਵਕਾਂ ਨੂੰ ਦੇਖ ਕੇ ਉਦੋਂ ਕਿੰਨਾ ਖ਼ੁਸ਼ ਹੁੰਦਾ ਹੈ ਜਦ ਉਹ ਸਤਾਹਟਾਂ ਦੇ ਬਾਵਜੂਦ ਵਫ਼ਾਦਾਰ ਰਹਿੰਦੇ ਹਨ! ਯਹੋਵਾਹ ਦਾ ਜੀਅ ਉਦੋਂ ਵੀ ਖ਼ੁਸ਼ ਹੁੰਦਾ ਹੈ ਜਦ ਉਸ ਦੇ ਸੇਵਕ ਉਹ ਦੇ ਨਾਂ ਦੀ ਗਵਾਹੀ ਦੇਣ ਜਾਂਦੇ ਹਨ ਭਾਵੇਂ ਲੋਕ ਉਨ੍ਹਾਂ ਦੀ ਗੱਲ ਸੁਣਨੀ ਨਹੀਂ ਚਾਹੁੰਦੇ। ਉਹ ਦੇਖਦਾ ਹੈ ਕਿ ਉਸ ਦੇ ਸੇਵਕ ਰੋਜ਼ੀ-ਰੋਟੀ ਕਮਾਉਣ ਵਿਚ ਆਉਂਦੀਆਂ ਮੁਸ਼ਕਲਾਂ ਦੇ ਬਾਵਜੂਦ ਮੀਟਿੰਗਾਂ ਵਿਚ ਜਾਂਦੇ ਹਨ। ਯਹੋਵਾਹ ਸਾਡੀ ਬਹੁਤ ਕਦਰ ਕਰਦਾ ਹੈ ਜਦ ਅਸੀਂ ਪਿਆਰ ਦੀ ਖ਼ਾਤਰ ਇਨ੍ਹਾਂ ਸਾਰੇ ਕੰਮਾਂ ਰਾਹੀਂ ਉਸ ਦੀ ਭਗਤੀ ਕਰਦੇ ਹਾਂ। ਅਸੀਂ ਜੋ ਸਖ਼ਤ ਮਿਹਨਤ ਕਰਦੇ ਹਾਂ, ਉਸ ਵੱਲ ਸ਼ਾਇਦ ਇਨਸਾਨਾਂ ਦਾ ਧਿਆਨ ਨਾ ਜਾਵੇ, ਪਰ ਯਹੋਵਾਹ ਨਾ ਸਿਰਫ਼ ਇਸ ਨੂੰ ਦੇਖਦਾ ਹੈ, ਸਗੋਂ ਉਹ ਸਾਨੂੰ ਇਸ ਦਾ ਫਲ ਵੀ ਦੇਵੇਗਾ।—ਮੱਤੀ 6:4.

12 ਪਰਮੇਸ਼ੁਰ ਨੂੰ ਪੂਰੀ ਤਰ੍ਹਾਂ ਪ੍ਰਸੰਨ ਕਰਨ ਵਾਸਤੇ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਆਗਿਆਕਾਰ ਰਹੀਏ। ਸਾਨੂੰ ਕਦੇ ਇਹ ਸੋਚ ਕੇ ਆਪਣੇ ਆਪ ਨੂੰ ਧੋਖਾ ਨਹੀਂ ਦੇਣਾ ਚਾਹੀਦਾ ਕਿ ਜੇ ਅਸੀਂ ਪਰਮੇਸ਼ੁਰ ਦੇ ਕਹਿਣੇ ਮੁਤਾਬਕ ਭਗਤੀ ਦੇ ਕਾਫ਼ੀ ਸਾਰੇ ਕੰਮ ਕਰ ਰਹੇ ਹਾਂ, ਤਾਂ ਅਸੀਂ ਉਸ ਦੇ ਕੁਝ ਨਿਯਮਾਂ ਦੀ ਉਲੰਘਣਾ ਕਰ ਸਕਦੇ ਹਾਂ। ਮਿਸਾਲ ਲਈ, ਕੋਈ ਸ਼ਾਇਦ ਸੋਚੇ ਕਿ ‘ਮੈਂ ਮੀਟਿੰਗਾਂ ਵਿਚ ਜਾਂਦਾ ਹਾਂ, ਪ੍ਰਚਾਰ ਕਰਨ ਜਾਂਦਾ ਹਾਂ, ਫਿਰ ਕੀ ਹੋਇਆ ਜੇ ਮੈਂ ਕੋਈ ਅਨੈਤਿਕ ਕੰਮ ਕਰ ਦਿੱਤਾ ਜਾਂ ਕੋਈ ਹੋਰ ਵੱਡੀ ਗ਼ਲਤੀ ਕਰ ਬੈਠਾ ਹਾਂ।’ ਇਸ ਤਰ੍ਹਾਂ ਸੋਚਣ ਵਾਲਾ ਵੱਡੀ ਗ਼ਲਤੀ ਕਰ ਰਿਹਾ ਹੋਵੇਗਾ!—ਗਲਾਤੀਆਂ 6:7, 8.

13. ਸਾਡੇ ਆਪਣੇ ਘਰ ਵਿਚ ਵੀ ਸਾਡੀ ਈਮਾਨਦਾਰੀ ਕਿਵੇਂ ਪਰਖੀ ਜਾ ਸਕਦੀ ਹੈ?

13 ਇਸ ਲਈ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਹਰ ਰੋਜ਼ ਦੇ ਕੰਮ ਕਰਦੇ ਸਮੇਂ, ਇੱਥੋਂ ਤਕ ਕਿ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਯਹੋਵਾਹ ਦੇ ਕਹੇ ਮੁਤਾਬਕ ਚੱਲਦਾ ਹਾਂ?’ ਯਿਸੂ ਨੇ ਕਿਹਾ ਸੀ: “ਜੋ ਛੋਟੀਆਂ ਛੋਟੀਆਂ ਗੱਲਾਂ ਵਿਚ ਈਮਾਨਦਾਰ ਹੈ, ਉਹ ਵੱਡੀਆਂ ਵੱਡੀਆਂ ਗੱਲਾਂ ਵਿਚ ਵੀ ਈਮਾਨਦਾਰ ਹੈ, ਪਰ ਜੋ ਛੋਟੀਆਂ ਛੋਟੀਆਂ ਗੱਲਾਂ ਵਿਚ ਬੇਈਮਾਨ ਹੈ, ਉਹ ਵੱਡੀਆਂ ਵੱਡੀਆਂ ਗੱਲਾਂ ਵਿਚ ਵੀ ਬੇਈਮਾਨ ਹੈ।” (ਲੂਕਾ 16:10, ਪਵਿੱਤਰ ਬਾਈਬਲ ਨਵਾਂ ਅਨੁਵਾਦ) ਕੀ ਅਸੀਂ ਦੂਸਰਿਆਂ ਦੀਆਂ ਅੱਖਾਂ ਤੋਂ ਓਹਲੇ “ਆਪਣੇ ਘਰ ਵਿੱਚ” ਵੀ “ਪੂਰੇ ਮਨ ਨਾਲ” ਈਮਾਨਦਾਰ ਰਹਿੰਦੇ ਹਾਂ? (ਜ਼ਬੂਰਾਂ ਦੀ ਪੋਥੀ 101:2) ਜੀ ਹਾਂ, ਸਾਡੇ ਆਪਣੇ ਘਰ ਵਿਚ ਵੀ ਸਾਡੀ ਈਮਾਨਦਾਰੀ ਪਰਖੀ ਜਾ ਸਕਦੀ ਹੈ। ਅੱਜ-ਕੱਲ੍ਹ ਕਈ ਦੇਸ਼ਾਂ ਵਿਚ ਘਰਾਂ ਵਿਚ ਕੰਪਿਊਟਰ ਹੋਣੇ ਆਮ ਗੱਲ ਹੋ ਗਈ ਹੈ ਤੇ ਕੋਈ ਵੀ ਬਹੁਤੀ ਕੋਸ਼ਿਸ਼ ਕੀਤੇ ਬਿਨਾਂ ਅਸ਼ਲੀਲ ਤਸਵੀਰਾਂ ਦੇਖ ਸਕਦਾ ਹੈ। ਅਜੇ ਇੰਨੇ ਸਾਲ ਨਹੀਂ ਬੀਤੇ ਜਦ ਅਜਿਹੀਆਂ ਗੰਦੀਆਂ ਤਸਵੀਰਾਂ ਦੇਖਣ ਵਾਸਤੇ ਕਿਸੇ ਨੂੰ ਘਰੋਂ ਬਾਹਰ ਉਨ੍ਹਾਂ ਥਾਵਾਂ ਤੇ ਜਾਣਾ ਪੈਂਦਾ ਸੀ ਜਿੱਥੇ ਇਹ ਤਸਵੀਰਾਂ ਦਿਖਾਈਆਂ ਜਾਂਦੀਆਂ ਸਨ। ਕੀ ਅਸੀਂ ਪੋਰਨੋਗ੍ਰਾਫੀ ਦੀਆਂ ਤਸਵੀਰਾਂ ਦੇਖਣ ਤੋਂ ਮੂੰਹ ਮੋੜਾਂਗੇ? ਸਾਨੂੰ ਯਿਸੂ ਦੀ ਇਸ ਚੇਤਾਵਨੀ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ: “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।” (ਮੱਤੀ 5:28; ਅੱਯੂਬ 31:1, 9, 10; ਜ਼ਬੂਰਾਂ ਦੀ ਪੋਥੀ 119:37; ਕਹਾਉਤਾਂ 6:24, 25; ਅਫ਼ਸੀਆਂ 5:3-5) ਜਦ ਟੀ. ਵੀ. ਤੇ ਕੋਈ ਮਾਰ-ਧਾੜ ਵਾਲਾ ਪ੍ਰੋਗ੍ਰਾਮ ਆਉਂਦਾ ਹੈ, ਤਾਂ ਅਸੀਂ ਕੀ ਕਰਦੇ ਹਾਂ? ਕੀ ਅਸੀਂ ਆਪਣੇ ਪਰਮੇਸ਼ੁਰ ਨਾਲ ਸਹਿਮਤ ਹਾਂ ਜੋ “ਹਿੰਸਾ ਪਰਸਤਾਂ ਨੂੰ ਦਿਲੋਂ ਘਿਰਣਾ ਕਰਦਾ ਹੈ”? (ਭਜਨ 11:5, ਨਵਾਂ ਅਨੁਵਾਦ) ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ‘ਜਦ ਮੈਂ ਦੂਜਿਆਂ ਦੀਆਂ ਨਜ਼ਰਾਂ ਤੋਂ ਓਹਲੇ ਘਰ ਵਿਚ ਇਕੱਲਾ ਹੁੰਦਾ ਹਾਂ, ਤਾਂ ਕੀ ਮੈਂ ਬਹੁਤ ਸ਼ਰਾਬ ਪੀਣ ਦੇ ਫੰਦੇ ਵਿਚ ਤਾਂ ਨਹੀਂ ਫਸ ਜਾਂਦਾ?’ ਬਾਈਬਲ ਵਿਚ ਨਾ ਸਿਰਫ਼ ਸ਼ਰਾਬੀ ਹੋਣ ਦੀ ਨਿੰਦਿਆ ਕੀਤੀ ਗਈ ਹੈ, ਸਗੋਂ ਮਸੀਹੀਆਂ ਨੂੰ ਜ਼ਿਆਦਾ ਸ਼ਰਾਬ ਪੀਣ ਖ਼ਿਲਾਫ਼ ਵੀ ਚੇਤਾਵਨੀ ਦਿੱਤੀ ਗਈ ਹੈ।—ਤੀਤੁਸ 2:3; ਲੂਕਾ 21:34, 35; 1 ਤਿਮੋਥਿਉਸ 3:3.

14. ਪੈਸਿਆਂ ਦੇ ਮਾਮਲਿਆਂ ਵਿਚ ਅਸੀਂ ਯਹੋਵਾਹ ਦੇ ਆਗਿਆਕਾਰ ਕਿਵੇਂ ਰਹਿ ਸਕਦੇ ਹਾਂ?

14 ਪੈਸਿਆਂ ਦੇ ਮਾਮਲਿਆਂ ਬਾਰੇ ਵੀ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਮਿਸਾਲ ਲਈ, ਕੀ ਅਸੀਂ ਰਾਤੋ-ਰਾਤ ਅਮੀਰ ਬਣਨ ਦੀਆਂ ਸਕੀਮਾਂ ਵਿਚ ਹਿੱਸਾ ਲਵਾਂਗੇ ਜੇ ਉਨ੍ਹਾਂ ਵਿਚ ਧੋਖੇਬਾਜ਼ੀ ਸ਼ਾਮਲ ਹੋਵੇ? ਕੀ ਅਸੀਂ ਗ਼ੈਰ-ਕਾਨੂੰਨੀ ਤਰੀਕੇ ਅਪਣਾ ਕੇ ਟੈਕਸ ਦੇਣ ਤੋਂ ਬਚਣਾ ਚਾਹੁੰਦੇ ਹਾਂ? ਜਾਂ ਕੀ ਅਸੀਂ ਈਮਾਨਦਾਰੀ ਨਾਲ ਟੈਕਸ ਸੰਬੰਧੀ ਇਸ ਹੁਕਮ ਦੀ ਪਾਲਣਾ ਕਰਦੇ ਹਾਂ: “ਸਭਨਾਂ ਦਾ ਹੱਕ ਭਰ ਦਿਓ। ਜਿਹ ਨੂੰ ਹਾਲਾ ਚਾਹੀਦਾ ਹੈ ਹਾਲਾ ਦਿਓ”?—ਰੋਮੀਆਂ 13:7.

ਆਗਿਆ ਮੰਨਣਾ ਪਿਆਰ ਦਾ ਸਬੂਤ

15. ਤੁਸੀਂ ਯਹੋਵਾਹ ਦੇ ਕਹਿਣੇ ਵਿਚ ਕਿਉਂ ਰਹਿਣਾ ਚਾਹੁੰਦੇ ਹੋ?

15 ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਨਾਲ ਬਰਕਤਾਂ ਮਿਲਦੀਆਂ ਹਨ। ਮਿਸਾਲ ਲਈ, ਅਸੀਂ ਕੁਝ ਹੱਦ ਤਕ ਸਿਹਤਮੰਦ ਰਹਿ ਸਕਦੇ ਹਾਂ ਜੇ ਅਸੀਂ ਤਮਾਖੂਨੋਸ਼ੀ ਤੋਂ ਲਾਂਭੇ ਰਹਿੰਦੇ ਹਾਂ, ਨੇਕ ਚਾਲ-ਚਲਣ ਰੱਖਦੇ ਹਾਂ ਅਤੇ ਖ਼ੂਨ ਲੈਣ ਤੋਂ ਇਨਕਾਰ ਕਰਦੇ ਹਾਂ। ਇਸ ਤੋਂ ਇਲਾਵਾ, ਆਪਣੀ ਜ਼ਿੰਦਗੀ ਦੇ ਹੋਰਨਾਂ ਪਹਿਲੂਆਂ ਵਿਚ ਬਾਈਬਲ ਦੀ ਸਲਾਹ ਲਾਗੂ ਕਰ ਕੇ ਸਾਨੂੰ ਲਾਭ ਹੁੰਦਾ ਹੈ ਅਤੇ ਸਾਡੀ ਆਰਥਿਕ, ਸਮਾਜਕ ਜਾਂ ਘਰੇਲੂ ਹਾਲਤ ਸੁਧਰਦੀ ਹੈ। (ਯਸਾਯਾਹ 48:17) ਇਨ੍ਹਾਂ ਫ਼ਾਇਦਿਆਂ ਨੂੰ ਅਸੀਂ ਪਰਮੇਸ਼ੁਰ ਦੀਆਂ ਬਰਕਤਾਂ ਸਮਝ ਸਕਦੇ ਹਾਂ। ਪਰ ਸਾਡੀ ਆਗਿਆਕਾਰਤਾ ਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ। ਅਸੀਂ ਆਪਣੇ ਮਤਲਬ ਲਈ ਪਰਮੇਸ਼ੁਰ ਦੀ ਸੇਵਾ ਨਹੀਂ ਕਰਦੇ। (ਅੱਯੂਬ 1:9-11; 2:4, 5) ਪਰਮੇਸ਼ੁਰ ਨੇ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਹੈ। ਅਸੀਂ ਜਿਸ ਦੀ ਵੀ ਚਾਹੀਏ, ਉਸ ਦੀ ਆਗਿਆ ਦੀ ਪਾਲਣਾ ਕਰ ਸਕਦੇ ਹਾਂ। ਅਸੀਂ ਯਹੋਵਾਹ ਦੇ ਕਹਿਣੇ ਵਿਚ ਰਹਿਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ ਅਤੇ ਸਹੀ ਰਾਹ ਤੇ ਤੁਰਨਾ ਚਾਹੁੰਦੇ ਹਾਂ।—ਰੋਮੀਆਂ 6:16, 17; 1 ਯੂਹੰਨਾ 5:3.

16, 17. (ੳ) ਯਿਸੂ ਮਸੀਹ ਪਿਆਰ ਦੀ ਖ਼ਾਤਰ ਯਹੋਵਾਹ ਦਾ ਆਗਿਆਕਾਰ ਕਿਵੇਂ ਰਿਹਾ? (ਅ) ਅਸੀਂ ਯਿਸੂ ਦੀ ਨਕਲ ਕਿਵੇਂ ਕਰ ਸਕਦੇ ਹਾਂ?

16 ਯਿਸੂ ਮਸੀਹ ਨੇ ਸਾਡੇ ਲਈ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ ਕਿਉਂਕਿ ਪਿਆਰ ਦੀ ਖ਼ਾਤਰ ਉਹ ਯਹੋਵਾਹ ਦਾ ਆਗਿਆਕਾਰ ਰਿਹਾ। (ਯੂਹੰਨਾ 8:28, 29) ਧਰਤੀ ਉੱਤੇ ਹੁੰਦੇ ਹੋਏ, ਯਿਸੂ ਨੇ ਜਿਹੜੇ “ਦੁਖ ਭੋਗੇ ਉਨ੍ਹਾਂ ਤੋਂ ਆਗਿਆਕਾਰੀ ਸਿੱਖੀ।” (ਇਬਰਾਨੀਆਂ 5:8, 9) ਕਿਵੇਂ? ਯਿਸੂ ਨੇ “ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ।” (ਫ਼ਿਲਿੱਪੀਆਂ 2:7, 8) ਭਾਵੇਂ ਯਿਸੂ ਸਵਰਗ ਵਿਚ ਹੁੰਦਿਆਂ ਹੀ ਪਰਮੇਸ਼ੁਰ ਦੀ ਆਗਿਆ ਮੰਨਦਾ ਸੀ, ਫਿਰ ਵੀ ਧਰਤੀ ਉੱਤੇ ਆਉਣ ਤੇ ਉਸ ਦੀ ਆਗਿਆਕਾਰਤਾ ਪੂਰੀ ਤਰ੍ਹਾਂ ਪਰਖੀ ਗਈ। ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਯਿਸੂ ਆਪਣੇ ਮਸਹ ਕੀਤੇ ਹੋਏ ਭਰਾਵਾਂ ਅਤੇ ਬਾਕੀ ਵਫ਼ਾਦਾਰ ਮਨੁੱਖਜਾਤੀ ਲਈ ਪ੍ਰਧਾਨ ਜਾਜਕ ਦੇ ਤੌਰ ਤੇ ਸੇਵਾ ਕਰਨ ਦੇ ਕਾਬਲ ਹੈ।—ਇਬਰਾਨੀਆਂ 4:15; 1 ਯੂਹੰਨਾ 2:1, 2.

17 ਸਾਡੇ ਬਾਰੇ ਕੀ? ਕੀ ਅਸੀਂ ਯਿਸੂ ਵਾਂਗ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਨੂੰ ਪਹਿਲ ਦੇ ਰਹੇ ਹਾਂ? (1 ਪਤਰਸ 2:21) ਅਸੀਂ ਖ਼ੁਸ਼ ਹੋ ਸਕਦੇ ਹਾਂ ਜਦ ਅਸੀਂ ਪਿਆਰ ਦੀ ਖ਼ਾਤਰ ਯਹੋਵਾਹ ਦੇ ਕਹਿਣੇ ਮੁਤਾਬਕ ਚੱਲਦੇ ਹਾਂ, ਉਦੋਂ ਵੀ ਜਦ ਸਾਨੂੰ ਉਸ ਦਾ ਕਹਿਣਾ ਮੰਨਣਾ ਔਖਾ ਲੱਗਦਾ ਹੈ। (ਰੋਮੀਆਂ 7:18-20) ਇਸ ਦਾ ਮਤਲਬ ਹੈ ਕਿ ਭਾਵੇਂ ਕਲੀਸਿਯਾ ਦੇ ਬਜ਼ੁਰਗ ਨਾਮੁਕੰਮਲ ਹਨ, ਫਿਰ ਵੀ ਅਸੀਂ ਉਨ੍ਹਾਂ ਦੀ ਅਗਵਾਈ ਵਿਚ ਚੱਲਾਂਗੇ। (ਇਬਰਾਨੀਆਂ 13:17) ਜਦ ਅਸੀਂ ਬਾਕੀਆਂ ਦੀਆਂ ਨਜ਼ਰਾਂ ਤੋਂ ਓਹਲੇ ਪਰਮੇਸ਼ੁਰ ਦੇ ਕਹਿਣੇ ਵਿਚ ਰਹਿੰਦੇ ਹਾਂ, ਤਾਂ ਸਾਡੀ ਆਗਿਆਕਾਰਤਾ ਦੇਖ ਕੇ ਯਹੋਵਾਹ ਖ਼ੁਸ਼ ਹੁੰਦਾ ਹੈ।

18, 19. ਜੇ ਅਸੀਂ ਦਿਲੋਂ ਪਰਮੇਸ਼ੁਰ ਦੇ ਆਗਿਆਕਾਰ ਰਹਾਂਗੇ, ਤਾਂ ਇਸ ਦੇ ਕੀ ਨਤੀਜੇ ਹੋਣਗੇ?

18 ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਸਾਨੂੰ ਅੱਜ ਸ਼ਾਇਦ ਸਤਾਹਟਾਂ ਦਾ ਸਾਮ੍ਹਣਾ ਕਰਨਾ ਪਵੇ। (ਰਸੂਲਾਂ ਦੇ ਕਰਤੱਬ 5:29) ਯਹੋਵਾਹ ਦਾ ਹੁਕਮ ਹੈ ਕਿ ਅਸੀਂ ਅੰਤ ਤਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੀਏ ਅਤੇ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦਿੰਦੇ ਰਹੀਏ। (ਮੱਤੀ 24:13, 14; 28:19, 20) ਭਾਵੇਂ ਦੁਨੀਆਂ ਦਾ ਦਬਾਅ ਸਾਡੇ ਤੇ ਵਧਦਾ ਜਾਂਦਾ ਹੈ, ਫਿਰ ਵੀ ਸਾਡੇ ਲਈ ਆਪਣੇ ਭੈਣਾਂ-ਭਰਾਵਾਂ ਨਾਲ ਮੀਟਿੰਗਾਂ ਵਿਚ ਇਕੱਠੇ ਹੁੰਦੇ ਰਹਿਣਾ ਜ਼ਰੂਰੀ ਹੈ। ਸਾਡਾ ਪਿਤਾ ਯਹੋਵਾਹ ਸਾਡੇ ਨਾਲ ਪਿਆਰ ਕਰਦਾ ਹੈ ਤੇ ਉਹ ਜਾਣਦਾ ਹੈ ਕਿ ਇਨ੍ਹਾਂ ਗੱਲਾਂ ਵਿਚ ਸਾਡੇ ਲਈ ਆਗਿਆਕਾਰ ਰਹਿਣਾ ਸੌਖਾ ਨਹੀਂ ਹੈ। ਪਰ ਹਰ ਗੱਲ ਵਿਚ ਪੂਰੀ ਤਰ੍ਹਾਂ ਆਗਿਆਕਾਰ ਰਹਿਣ ਵਾਸਤੇ ਜ਼ਰੂਰੀ ਹੈ ਕਿ ਆਪਾਂ ਆਪਣੇ ਪਾਪੀ ਸਰੀਰ ਦੀ ਨਾ ਸੁਣੀਏ ਅਤੇ ਦਿਲੋਂ ਬੁਰਾਈ ਨਾਲ ਨਫ਼ਰਤ ਕਰਨੀ ਅਤੇ ਭਲਾਈ ਨੂੰ ਪਿਆਰ ਕਰਨਾ ਸਿੱਖੀਏ।—ਰੋਮੀਆਂ 12:9.

19 ਜਦ ਅਸੀਂ ਸ਼ੁਕਰਗੁਜ਼ਾਰੀ ਅਤੇ ਪਿਆਰ ਦੀ ਖ਼ਾਤਰ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ, ਤਾਂ “ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ” ਬਣਦਾ ਹੈ। (ਇਬਰਾਨੀਆਂ 11:6) ਚੜ੍ਹਾਵੇ ਚੜ੍ਹਾਉਣੇ ਅਤੇ ਬਲੀਦਾਨ ਕਰਨੇ ਠੀਕ ਹਨ, ਪਰ ਯਹੋਵਾਹ ਨੂੰ ਪੂਰੀ ਤਰ੍ਹਾਂ ਖ਼ੁਸ਼ ਕਰਨ ਵਾਸਤੇ ਜ਼ਰੂਰੀ ਹੈ ਕਿ ਅਸੀਂ ਉਸ ਨੂੰ ਪਿਆਰ ਕਰੀਏ ਅਤੇ ਉਸ ਦੀ ਆਗਿਆ ਵਿਚ ਰਹਿ ਕੇ ਜ਼ਿੰਦਗੀ ਗੁਜ਼ਾਰੀਏ।—ਕਹਾਉਤਾਂ 3:1, 2.

ਤੁਸੀਂ ਕੀ ਜਵਾਬ ਦਿਓਗੇ?

• ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸਾਡੇ ਕੋਲ ਯਹੋਵਾਹ ਨੂੰ ਦੇਣ ਲਈ ਕੁਝ ਹੈ?

• ਸ਼ਾਊਲ ਨੇ ਕਿਹੜੀਆਂ ਗ਼ਲਤੀਆਂ ਕੀਤੀਆਂ ਸਨ?

• ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਯਹੋਵਾਹ ਦੇ ਕਹਿਣੇ ਵਿਚ ਰਹਿਣਾ ਚੜ੍ਹਾਵੇ ਚੜ੍ਹਾਉਣ ਨਾਲੋਂ ਚੰਗਾ ਹੈ?

• ਤੁਸੀਂ ਯਹੋਵਾਹ ਦੇ ਕਹਿਣੇ ਵਿਚ ਕਿਉਂ ਰਹਿਣਾ ਚਾਹੁੰਦੇ ਹੋ?

[ਸਵਾਲ]

[ਸਫ਼ਾ 26 ਉੱਤੇ ਤਸਵੀਰ]

ਇਕ ਫ਼ਿਕਰਮੰਦ ਡਾਕਟਰ ਉਸ ਮਰੀਜ਼ ਬਾਰੇ ਕਿਵੇਂ ਮਹਿਸੂਸ ਕਰੇਗਾ ਜੋ ਉਸ ਦੀ ਸਲਾਹ ਨੂੰ ਨਹੀਂ ਮੰਨਦਾ?

[ਸਫ਼ਾ 28 ਉੱਤੇ ਤਸਵੀਰ]

ਯਹੋਵਾਹ ਪਰਮੇਸ਼ੁਰ ਸ਼ਾਊਲ ਬਾਦਸ਼ਾਹ ਨਾਲ ਨਾਰਾਜ਼ ਕਿਉਂ ਹੋਇਆ ਸੀ?

[ਸਫ਼ਾ 30 ਉੱਤੇ ਤਸਵੀਰਾਂ]

ਕੀ ਤੁਸੀਂ ਦੂਸਰਿਆਂ ਦੀਆਂ ਅੱਖਾਂ ਤੋਂ ਓਹਲੇ ਆਪਣੇ ਘਰ ਵਿਚ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹੋ?